ਕੀ ਸਦੀਪਕ ਜੀਵਨ ਸੱਚ-ਮੁੱਚ ਸੰਭਵ ਹੈ?
“ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਉਣ ਮਿਲੇ?”—ਮੱਤੀ 19:16.
1. ਇਨਸਾਨ ਦੇ ਜੀਵਨ ਕਾਲ ਬਾਰੇ ਕੀ ਕਿਹਾ ਜਾ ਸਕਦਾ ਹੈ?
ਅੱ ਜ ਤੋਂ ਤਕਰੀਬਨ 2,500 ਸਾਲ ਪਹਿਲਾਂ, ਬਾਈਬਲ ਵਿਚ ਅਹਸ਼ਵੇਰੋਸ਼ ਵਜੋਂ ਜਾਣਿਆ ਜਾਂਦਾ ਫਾਰਸੀ ਪਾਤਸ਼ਾਹ ਜ਼ਰਕਸੀਜ਼ ਪਹਿਲਾ, ਇਕ ਯੁੱਧ ਤੋਂ ਪਹਿਲਾਂ ਆਪਣੀਆਂ ਫ਼ੌਜਾਂ ਦਾ ਨਿਰੀਖਣ ਕਰ ਰਿਹਾ ਸੀ। (ਅਸਤਰ 1:1, 2) ਯੂਨਾਨੀ ਇਤਿਹਾਸਕਾਰ ਹੈਰੋਡੋਟਸ ਦੇ ਅਨੁਸਾਰ, ਪਾਤਸ਼ਾਹ ਨੇ ਆਪਣੇ ਆਦਮੀਆਂ ਨੂੰ ਦੇਖ ਕੇ ਹੰਝੂ ਵਹਾਏ। ਕਿਉਂ? ਜ਼ਰਕਸੀਜ਼ ਨੇ ਕਿਹਾ, “ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਂ ਇਨਸਾਨ ਦੇ ਛੋਟੇ ਜਿਹੇ ਜੀਵਨ ਉੱਤੇ ਗੌਰ ਕਰਦਾ ਹਾਂ। ਹੁਣ ਤੋਂ ਸੌ ਸਾਲ ਬਾਅਦ ਇਨ੍ਹਾਂ ਸਾਰਿਆਂ ਆਦਮੀਆਂ ਵਿੱਚੋਂ ਇਕ ਵੀ ਜੀਉਂਦਾ ਨਹੀਂ ਹੋਵੇਗਾ।” ਬਿਨਾਂ ਸ਼ੱਕ ਤੁਸੀਂ ਵੀ ਦੇਖਿਆ ਹੋਵੇਗਾ ਕਿ ਜ਼ਿੰਦਗੀ ਬਹੁਤ ਛੋਟੀ ਹੈ ਅਤੇ ਕੋਈ ਵੀ ਇਨਸਾਨ ਬੁੱਢਾ ਅਤੇ ਬੀਮਾਰ ਹੋ ਕੇ ਮਰਨਾ ਨਹੀਂ ਚਾਹੁੰਦਾ। ਕਾਸ਼ ਅਸੀਂ ਜਵਾਨ, ਤੰਦਰੁਸਤ, ਅਤੇ ਖ਼ੁਸ਼ ਰਹਿ ਕੇ ਜੀਵਨ ਦਾ ਆਨੰਦ ਮਾਣ ਸਕੀਏ!—ਅੱਯੂਬ 14:1, 2.
2. ਕਈ ਲੋਕ ਕਿਹੜੀ ਉਮੀਦ ਰੱਖਦੇ ਹਨ, ਅਤੇ ਕਿਉਂ?
2 ਦਿਲਚਸਪੀ ਦੀ ਗੱਲ ਹੈ ਕਿ 28 ਸਤੰਬਰ, 1997 ਦੇ ਨਿਊਯਾਰਕ ਟਾਈਮਜ਼ ਮੈਗਜ਼ੀਨ ਨੇ “ਉਹ ਜੀਉਣਾ ਚਾਹੁੰਦੇ ਹਨ,” ਲੇਖ ਪ੍ਰਕਾਸ਼ਿਤ ਕੀਤਾ। ਉਸ ਲੇਖ ਨੇ ਇਕ ਖੋਜਕਾਰ ਦਾ ਹਵਾਲਾ ਦਿੱਤਾ: “ਮੈਂ ਸੱਚ-ਮੁੱਚ ਮੰਨਦਾ ਹਾਂ ਕਿ ਅਸੀਂ ਸਦਾ ਲਈ ਜੀਉਣ ਵਾਲੀ ਸਭ ਤੋਂ ਪਹਿਲੀ ਪੀੜ੍ਹੀ ਹੋ ਸਕਦੇ ਹਾਂ”! ਤੁਸੀਂ ਵੀ ਸ਼ਾਇਦ ਵਿਸ਼ਵਾਸ ਕਰਦੇ ਹੋ ਕਿ ਸਦੀਪਕ ਜੀਵਨ ਸੰਭਵ ਹੈ। ਤੁਸੀਂ ਸ਼ਾਇਦ ਇਸ ਲਈ ਮੰਨਦੇ ਹੋ ਕਿਉਂਕਿ ਬਾਈਬਲ ਵਾਅਦਾ ਕਰਦੀ ਹੈ ਕਿ ਅਸੀਂ ਇਸ ਧਰਤੀ ਉੱਤੇ ਸਦਾ ਲਈ ਜੀ ਸਕਦੇ ਹਾਂ। (ਜ਼ਬੂਰ 37:29; ਪਰਕਾਸ਼ ਦੀ ਪੋਥੀ 21:3, 4) ਪਰ, ਕੁਝ ਲੋਕ ਵਿਸ਼ਵਾਸ ਕਰਦੇ ਹਨ ਕਿ ਬਾਈਬਲ ਵਿਚ ਪਾਏ ਗਏ ਕਾਰਨਾਂ ਤੋਂ ਇਲਾਵਾ, ਦੂਜਿਆਂ ਕਾਰਨਾਂ ਕਰਕੇ ਵੀ ਸਦੀਪਕ ਜੀਵਨ ਸੰਭਵ ਹੈ। ਇਨ੍ਹਾਂ ਵਿੱਚੋਂ ਇਕ-ਦੋ ਕਾਰਨਾਂ ਉੱਤੇ ਵਿਚਾਰ ਕਰਨ ਨਾਲ ਸਾਨੂੰ ਇਸ ਗੱਲ ਦੀ ਕਦਰ ਕਰਨ ਵਿਚ ਮਦਦ ਮਿਲੇਗੀ ਕਿ ਸਦੀਪਕ ਜੀਵਨ ਸੱਚ-ਮੁੱਚ ਸੰਭਵ ਹੈ।
ਸਦਾ ਲਈ ਜੀਉਣ ਲਈ ਬਣਾਏ ਗਏ
3, 4. (ੳ) ਕੁਝ ਲੋਕ ਕਿਉਂ ਮੰਨਦੇ ਹਨ ਕਿ ਸਾਡੇ ਵਿਚ ਸਦਾ ਲਈ ਜੀਉਣ ਦੀ ਯੋਗਤਾ ਹੈ? (ਅ) ਦਾਊਦ ਨੇ ਆਪਣੀ ਬਣਾਵਟ ਬਾਰੇ ਕੀ ਕਿਹਾ ਸੀ?
3 ਕਈ ਲੋਕ ਇਸ ਕਰਕੇ ਵਿਸ਼ਵਾਸ ਕਰਦੇ ਹਨ ਕਿ ਮਨੁੱਖਾਂ ਵਿਚ ਸਦਾ ਲਈ ਜੀਉਣ ਦੀ ਯੋਗਤਾ ਹੈ ਕਿਉਂਕਿ ਅਸੀਂ ਬਹੁਤ ਸੋਹਣੇ ਢੰਗ ਨਾਲ ਬਣਾਏ ਗਏ ਹਾਂ। ਉਦਾਹਰਣ ਲਈ, ਆਪਣੀ ਮਾਂ ਦੀ ਕੁੱਖ ਵਿਚ ਸਾਡਾ ਉਤਪੰਨ ਹੋਣਾ ਸੱਚ-ਮੁੱਚ ਚਮਤਕਾਰੀ ਹੈ। ਬਿਰਧਰੋਗ ਦੇ ਇਕ ਉੱਘੇ ਵਿਦਵਾਨ ਨੇ ਲਿਖਿਆ: “ਕੁਦਰਤ ਨੇ ਸਾਨੂੰ ਗਰਭ ਵਿਚ ਪੈਣ ਦੇ ਸਮੇਂ ਤੋਂ ਲੈ ਕੇ ਜਨਮ ਤਕ ਅਤੇ ਫਿਰ ਲਿੰਗੀ ਪ੍ਰੌੜ੍ਹਤਾ ਅਤੇ ਬਾਲਗੀ ਤਕ ਪਹੁੰਚਾਉਣ ਦਾ ਚਮਤਕਾਰ ਤਾਂ ਕੀਤਾ, ਪਰ ਇਸ ਚਮਤਕਾਰ ਨੂੰ ਚਾਲੂ ਰੱਖਣ ਦਾ ਸਾਧਾਰਣ ਕੰਮ ਕਰਨਾ ਨਹੀਂ ਚੁਣਿਆ ਜੋ ਇਸ ਨੂੰ ਹਮੇਸ਼ਾ ਲਈ ਕਾਇਮ ਰੱਖਦਾ।” ਜੀ ਹਾਂ, ਅਸੀਂ ਚਮਤਕਾਰੀ ਢੰਗ ਨਾਲ ਬਣਾਏ ਗਏ ਹਾਂ, ਫਿਰ ਸਵਾਲ ਇਹ ਉੱਠਦਾ ਹੈ ਕਿ ਅਸੀਂ ਕਿਉਂ ਮਰਦੇ ਹਾਂ?
4 ਬਾਈਬਲ ਦੇ ਇਕ ਲਿਖਾਰੀ, ਦਾਊਦ ਨੇ ਹਜ਼ਾਰਾਂ ਸਾਲ ਪਹਿਲਾਂ ਇਨ੍ਹਾਂ ਹੀ ਚਮਤਕਾਰਾਂ ਉੱਤੇ ਗੌਰ ਕੀਤਾ, ਲੇਕਿਨ ਉਹ ਅੱਜ ਦਿਆਂ ਵਿਗਿਆਨੀਆਂ ਵਾਂਗ ਕੁੱਖ ਦੇ ਅੰਦਰ ਨਹੀਂ ਸੀ ਦੇਖ ਸਕਦਾ। ਦਾਊਦ ਨੇ ਆਪਣੀ ਬਣਾਵਟ ਬਾਰੇ ਸੋਚਦੇ ਹੋਏ ਲਿਖਿਆ ਕਿ ਉਹ ਆਪਣੀ ‘ਮਾਂ ਦੀ ਕੁੱਖ ਵਿੱਚ ਢੱਕਿਆ’ ਗਿਆ ਸੀ। ਉਸ ਨੇ ਕਿਹਾ ਕਿ ਉਸ ਸਮੇਂ ਉਹ ਦੇ “ਅੰਦਰਲੇ ਅੰਗ ਰਚੇ” ਗਏ ਸਨ। ਉਹ ਅੱਗੇ ਕਹਿੰਦਾ ਹੈ ਕਿ “ਜਦ ਮੈਂ ਗੁਪਤ ਵਿੱਚ ਬਣਾਇਆ” ਗਿਆ ਸੀ ਤਦ ਮੇਰੀਆਂ “ਹੱਡੀਆਂ” ਵੀ ਬਣਾਈਆਂ ਗਈਆਂ ਸਨ। ਫਿਰ ਦਾਊਦ ਨੇ “ਮੇਰੇ ਬੇਡੌਲ ਮਲਬੇ,” ਜਾਂ ਭਰੂਣ ਬਾਰੇ ਗੱਲ ਕੀਤੀ ਅਤੇ ਆਪਣੀ ਮਾਂ ਦੀ ਕੁੱਖ ਅੰਦਰ ਉਸ ਭਰੂਣ ਬਾਰੇ ਕਿਹਾ: “ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ।”—ਜ਼ਬੂਰ 139:13-16.
5. ਕੁੱਖ ਵਿਚ ਸਾਡੀ ਬਣਾਵਟ ਦੇ ਸੰਬੰਧ ਵਿਚ ਕਿਹੜੇ ਚਮਤਕਾਰ ਹੁੰਦੇ ਹਨ?
5 ਸਪੱਸ਼ਟ ਤੌਰ ਤੇ, ਉਸ ਦੀ ਮਾਂ ਦੀ ਕੁੱਖ ਦੇ ਅੰਦਰ ਦਾਊਦ ਦੀ ਬਣਾਵਟ ਲਈ ਇਕ ਅਸਲੀ ਹੱਥ-ਲਿਖਤ ਰੂਪ-ਰੇਖਾ ਨਹੀਂ ਸੀ। ਪਰ ਜਦੋਂ ਦਾਊਦ ਨੇ ਆਪਣੇ ‘ਅੰਦਰਲੇ ਅੰਗਾਂ,’ ਆਪਣੀਆਂ “ਹੱਡੀਆਂ,” ਅਤੇ ਸਰੀਰ ਦੇ ਹੋਰ ਅੰਗਾਂ ਬਾਰੇ ਮਨਨ ਕੀਤਾ, ਤਾਂ ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਇਨ੍ਹਾਂ ਸਾਰਿਆਂ ਦੀ ਬਣਾਵਟ ਨਕਸ਼ੇ ਅਨੁਸਾਰ ਸੀ, ਜਿਵੇਂ ਕਿ ਇਹ ਸਾਰਾ ਕੁਝ ‘ਲਿਖਿਆ ਗਿਆ’ ਸੀ। ਇਹ ਇਸ ਤਰ੍ਹਾਂ ਸੀ ਮਾਨੋ ਮਾਂ ਦੇ ਗਰਭ ਵਿਚ ਉਸ ਪਹਿਲੇ ਸੈੱਲ ਵਿਚ ਕਿਤਾਬਾਂ ਨਾਲ ਭਰਿਆ ਇਕ ਬਹੁਤ ਵੱਡਾ ਕਮਰਾ ਸੀ। ਇਨ੍ਹਾਂ ਕਿਤਾਬਾਂ ਵਿਚ ਬੱਚੇ ਦੀ ਬਣਾਵਟ ਬਾਰੇ ਵੇਰਵੇ ਸਹਿਤ ਹਿਦਾਇਤਾਂ ਸਨ ਅਤੇ ਇਹ ਜਟਿਲ ਹਿਦਾਇਤਾਂ ਹਰ ਨਵੇਂ ਸੈੱਲ ਨੂੰ ਵੀ ਦਿੱਤੀਆਂ ਗਈਆਂ ਸਨ। ਇਸ ਤਰ੍ਹਾਂ, ਸਾਇੰਸ ਵਰਲਡ ਰਸਾਲੇ ਨੇ ਤਸਵੀਰੀ ਭਾਸ਼ਾ ਵਰਤ ਕੇ ਕਿਹਾ ਕਿ ‘ਭਰੂਣ ਵਿਚ ਵਿਕਸਿਤ ਹੋ ਰਹੇ ਹਰ ਸੈੱਲ ਵਿਚ ਰੂਪ-ਰੇਖਾ ਦੀ ਪੂਰੀ ਅਲਮਾਰੀ ਹੈ।’
6. ਕੀ ਸਬੂਤ ਹੈ ਕਿ ਦਾਊਦ ਦੇ ਲਿਖਣ ਵਾਂਗ ਅਸੀਂ “ਭਿਆਣਕ ਰੀਤੀ ਤੇ ਅਚਰਜ ਹਾਂ”?
6 ਕੀ ਤੁਸੀਂ ਆਪਣਿਆਂ ਸਰੀਰਾਂ ਦੇ ਚਮਤਕਾਰੀ ਕੰਮਾਂ ਬਾਰੇ ਕਦੀ ਸੋਚਿਆ ਹੈ? ਜੀਵ-ਵਿਗਿਆਨੀ ਜੈਰਡ ਡਾਇਮੰਡ ਨੇ ਨੋਟ ਕੀਤਾ: “ਅਸੀਂ ਆਪਣੀਆਂ ਆਂਦਰਾਂ ਦੀ ਅੰਦਰਲੀ ਤਹਿ ਦੇ ਕੋਸ਼ਾਣੂਆਂ ਨੂੰ ਦੋ-ਤਿੰਨ ਦਿਨਾਂ ਵਿਚ ਇਕ ਵਾਰ, ਪਿਸ਼ਾਬ ਥੈਲੀ ਦੀ ਅੰਦਰਲੀ ਤਹਿ ਦੇ ਕੋਸ਼ਾਣੂਆਂ ਨੂੰ ਦੋ ਮਹੀਨਿਆਂ ਵਿਚ ਇਕ ਵਾਰ, ਅਤੇ ਖ਼ੂਨ ਦੇ ਲਾਲ ਕੋਸ਼ਾਣੂਆਂ ਨੂੰ ਚਾਰ ਮਹੀਨਿਆਂ ਵਿਚ ਇਕ ਵਾਰ ਬਦਲਦੇ ਹਾਂ।” ਉਸ ਨੇ ਸਿੱਟਾ ਕੱਢਿਆ: “ਕੁਦਰਤ ਸਾਨੂੰ ਹਰ ਦਿਨ ਅੱਡ-ਅੱਡ ਕਰ ਕੇ ਦੁਬਾਰਾ ਜੋੜਦੀ ਹੈ।” ਇਸ ਦਾ ਅਸਲ ਵਿਚ ਕੀ ਅਰਥ ਹੈ? ਇਸ ਦਾ ਅਰਥ ਇਹ ਹੈ ਕਿ ਸਾਡੀ ਉਮਰ ਭਾਵੇਂ ਜਿੰਨੀ ਵੀ ਹੋਵੇ—ਚਾਹੇ 8, 80, ਜਾਂ 800 ਸਾਲ ਵੀ—ਸਾਡਾ ਸਰੀਰ ਬਹੁਤ ਹੀ ਜਵਾਨ ਰਹਿੰਦਾ ਹੈ। ਇਕ ਵਿਗਿਆਨੀ ਨੇ ਇਕ ਵਾਰ ਅੰਦਾਜ਼ਾ ਲਗਾਇਆ: “ਸਾਡੇ ਸਰੀਰ ਦੇ ਲਗਭਗ 98 ਫੀ ਸਦੀ ਅਣੂ ਇਕ ਸਾਲ ਵਿਚ ਦੂਜਿਆਂ ਅਣੂਆਂ ਨਾਲ ਬਦਲੇ ਜਾਣਗੇ, ਜੋ ਕਿ ਅਸੀਂ ਹਵਾ ਅਤੇ ਖਾਣ-ਪੀਣ ਦੁਆਰਾ ਆਪਣੇ ਸਰੀਰ ਵਿਚ ਲੈਂਦੇ ਹਾਂ।” ਪਰਮੇਸ਼ੁਰ ਦੀ ਮਹਿਮਾ ਕਰਦੇ ਸਮੇਂ ਕਹੇ ਗਏ ਦਾਊਦ ਦੇ ਸ਼ਬਦ ਬਿਲਕੁਲ ਸਹੀ ਹਨ ਕਿ ਅਸੀਂ “ਭਿਆਣਕ ਰੀਤੀ ਤੇ ਅਚਰਜ ਹਾਂ।”—ਜ਼ਬੂਰ 139:14.
7. ਸਾਡੇ ਸਰੀਰ ਦੇ ਡੀਜ਼ਾਈਨ ਉੱਤੇ ਗੌਰ ਕਰਦੇ ਹੋਏ, ਕੁਝ ਲੋਕਾਂ ਨੇ ਕੀ ਸਿੱਟਾ ਕੱਢਿਆ ਹੈ?
7 ਸਾਡੇ ਸਰੀਰ ਦੇ ਡੀਜ਼ਾਈਨ ਉੱਤੇ ਗੌਰ ਕਰਦੇ ਹੋਏ, ਬਿਰਧਰੋਗ ਦੇ ਇਕ ਉੱਘੇ ਵਿਦਵਾਨ ਨੇ ਕਿਹਾ: “ਇਹ ਸਪੱਸ਼ਟ ਨਹੀਂ ਕਿ ਅਸੀਂ ਬੁੱਢੇ ਕਿਉਂ ਹੁੰਦੇ ਹਾਂ।” ਤਾਂ ਸੱਚ-ਮੁੱਚ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਸਦਾ ਲਈ ਜੀਉਂਦੇ ਰਹਿਣਾ ਚਾਹੀਦਾ ਹੈ। ਅਤੇ ਇਸੇ ਕਰਕੇ ਮਨੁੱਖ ਆਪਣੀ ਤਕਨਾਲੋਜੀ ਰਾਹੀਂ ਇਸ ਮੰਜ਼ਲ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਾਕਟਰ ਐਲਵਿਨ ਸਿਲਵਰਸਟੀਨ ਨੇ ਥੋੜ੍ਹੇ ਚਿਰ ਪਹਿਲਾਂ ਆਪਣੀ ਕਿਤਾਬ ਮੌਤ ਉੱਤੇ ਜਿੱਤ (ਅੰਗ੍ਰੇਜ਼ੀ) ਵਿਚ ਭਰੋਸੇ ਨਾਲ ਲਿਖਿਆ: “ਅਸੀਂ ਜੀਵਨ ਦਾ ਸਾਰ ਜਾਣ ਜਾਵਾਂਗੇ। ਅਸੀਂ ਸਮਝ ਜਾਵਾਂਗੇ . . . ਕਿ ਇਕ ਵਿਅਕਤੀ ਕਿਵੇਂ ਬੁੱਢਾ ਹੁੰਦਾ ਹੈ।” ਇਸ ਦਾ ਨਤੀਜਾ ਕੀ ਹੋਵੇਗਾ? ਉਸ ਨੇ ਅਨੁਮਾਨ ਲਾਇਆ: “ਕੋਈ ਵੀ ‘ਬੁੱਢਾ’ ਨਹੀਂ ਹੋਵੇਗਾ, ਕਿਉਂਕਿ ਜਿਹੜੀ ਜਾਣਕਾਰੀ ਮੌਤ ਉੱਤੇ ਜਿੱਤ ਪਾਉਣ ਦੇਵੇਗੀ ਉਹ ਅਨੰਤ ਜਵਾਨੀ ਵੀ ਲਿਆਵੇਗੀ।” ਇਨਸਾਨ ਦੀ ਬਣਾਵਟ ਬਾਰੇ ਆਧੁਨਿਕ ਵਿਗਿਆਨ ਉੱਤੇ ਵਿਚਾਰ ਕਰਦੇ ਹੋਏ, ਕੀ ਸਦੀਪਕ ਜੀਵਨ ਦਾ ਖ਼ਿਆਲ ਕਾਲਪਨਿਕ ਲੱਗਦਾ ਹੈ? ਸਦੀਪਕ ਜੀਵਨ ਦੀ ਸੰਭਾਵਨਾ ਵਿਚ ਵਿਸ਼ਵਾਸ ਕਰਨ ਲਈ ਇਕ ਹੋਰ ਠੋਸ ਕਾਰਨ ਵੀ ਹੈ।
ਸਦਾ ਲਈ ਜੀਉਣ ਦੀ ਇੱਛਾ
8, 9. ਇਤਿਹਾਸ ਦੌਰਾਨ ਲੋਕਾਂ ਦੀ ਕਿਹੜੀ ਕੁਦਰਤੀ ਇੱਛਾ ਰਹੀ ਹੈ?
8 ਕੀ ਤੁਸੀਂ ਇਸ ਬਾਰੇ ਕਦੀ ਸੋਚਿਆ ਹੈ ਕਿ ਸਦਾ ਲਈ ਜੀਉਣਾ ਇਕ ਕੁਦਰਤੀ ਮਾਨਵੀ ਇੱਛਾ ਹੈ? ਇਕ ਜਰਮਨ ਰਸਾਲੇ ਵਿਚ ਇਕ ਡਾਕਟਰ ਨੇ ਲਿਖਿਆ: “ਸਦੀਪਕ ਜੀਵਨ ਦਾ ਸੁਪਨਾ ਸ਼ਾਇਦ ਮਨੁੱਖਜਾਤੀ ਜਿੰਨਾ ਪੁਰਾਣਾ ਹੈ।” ਕੁਝ ਪ੍ਰਾਚੀਨ ਯੂਰਪੀ ਲੋਕਾਂ ਦਿਆਂ ਵਿਸ਼ਵਾਸਾਂ ਦਾ ਵਰਣਨ ਕਰਦੇ ਹੋਏ, ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ: “ਚੰਗੇ ਲੋਕ ਸੁਨਹਿਰੀ ਛੱਤ ਵਾਲੇ ਚਮਕੀਲੇ ਮਹਿਲ ਵਿਚ ਸਦਾ ਲਈ ਰਹਿਣਗੇ।” ਅਤੇ ਦੇਖੋ ਤਾਂ ਸਹੀਂ ਕਿ ਲੋਕ ਸਦਾ ਲਈ ਜੀਉਣ ਦੀ ਇੱਛਾ ਪੂਰੀ ਕਰਨ ਲਈ ਕਿਸ ਹੱਦ ਤਕ ਗਏ ਹਨ!
9 ਦ ਐਨਸਾਈਕਲੋਪੀਡੀਆ ਅਮੈਰੀਕਾਨਾ ਟਿੱਪਣੀ ਕਰਦਾ ਹੈ ਕਿ ਚੀਨ ਵਿਚ ਕੁਝ 2,000 ਸਾਲ ਪਹਿਲਾਂ, “ਤਾਓਵਾਦੀ ਪੰਡਿਤ ਦੀ ਅਗਵਾਈ ਅਧੀਨ, ਸ਼ਹਿਨਸ਼ਾਹ ਅਤੇ [ਆਮ] ਲੋਕ ਆਪਣੇ ਕੰਮ-ਕਾਰ ਛੱਡ ਕੇ, ਜੀਵਨ ਦੇ ਅੰਮ੍ਰਿਤ-ਜਲ ਦੀ ਭਾਲ ਕਰਨ ਲਈ ਨਿਕਲਦੇ ਸਨ” ਜੋ ਕਿ ਉਨ੍ਹਾਂ ਦੇ ਅਨੁਸਾਰ ਜਵਾਨੀ ਦਾ ਸੋਮਾ ਸੀ। ਜੀ ਹਾਂ, ਇਤਿਹਾਸ ਦੌਰਾਨ, ਲੋਕਾਂ ਨੇ ਵਿਸ਼ਵਾਸ ਕੀਤਾ ਹੈ ਕਿ ਵੱਖਰੇ-ਵੱਖਰੇ ਮਿਸ਼ਰਣ ਜਾਂ ਦਵਾਈਆਂ ਖਾਣ ਦੁਆਰਾ, ਜਾਂ ਕੋਈ ਖ਼ਾਸ ਪਾਣੀ ਪੀਣ ਦੁਆਰਾ, ਉਹ ਜਵਾਨ ਰਹਿ ਸਕਦੇ ਸਨ।
10. ਜ਼ਿੰਦਗੀ ਵਧਾਉਣ ਲਈ ਕਿਹੜੀ ਆਧੁਨਿਕ ਕੋਸ਼ਿਸ਼ ਕੀਤੀ ਗਈ ਹੈ?
10 ਸਦਾ ਵਾਸਤੇ ਜੀਉਣ ਲਈ ਮਨੁੱਖ ਦੀ ਇੱਛਾ ਪੂਰੀ ਕਰਨ ਲਈ ਆਧੁਨਿਕ ਜਤਨ ਵੀ ਮਾਅਰਕੇ ਦੇ ਹਨ। ਇਸ ਦਾ ਮੁੱਖ ਉਦਾਹਰਣ ਹੈ ਕਿਸੇ ਮਰੇ ਹੋਏ ਰੋਗੀ ਵਿਅਕਤੀ ਨੂੰ ਬਰਫ਼ ਵਿਚ ਰੱਖਣਾ। ਇਹ ਇਸ ਉਮੀਦ ਨਾਲ ਕੀਤਾ ਗਿਆ ਹੈ ਕਿ ਕਿਸੇ ਭਾਵੀ ਸਮੇਂ ਵਿਚ ਜਦੋਂ ਰੋਗ ਦਾ ਕੋਈ ਇਲਾਜ ਮਿਲ ਜਾਵੇਗਾ, ਤਾਂ ਉਸ ਨੂੰ ਮੁੜ ਜੀਉਂਦਾ ਕੀਤਾ ਜਾ ਸਕੇਗਾ। ਕ੍ਰਾਯੋਨਿਕਸ ਨਾਮਕ ਇਸ ਅਭਿਆਸ ਦੇ ਇਕ ਸਮਰਥਕ ਨੇ ਲਿਖਿਆ: “ਜੇ ਸਾਡੀ ਆਸ਼ਾ ਪੂਰੀ ਹੋਈ ਅਤੇ—ਬੁਢਾਪੇ ਦੀਆਂ ਕਮਜ਼ੋਰੀਆਂ ਸਮੇਤ—ਸਾਰਿਆਂ ਰੋਗਾਂ ਦਾ ਇਲਾਜ ਜਾਂ ਮੁਰੰਮਤ ਕਰਨ ਦੀ ਜਾਣਕਾਰੀ ਮਿਲ ਗਈ, ਤਾਂ ਜਿਹੜੇ ਵੀ ਹੁਣ ‘ਮਰਦੇ’ ਹਨ, ਉਹ ਭਵਿੱਖ ਵਿਚ ਅਣਗਿਣਤ ਸਾਲਾਂ ਤਕ ਜੀਉਣਗੇ।”
11. ਲੋਕ ਸਦਾ ਲਈ ਜੀਉਣ ਦੀ ਇੱਛਾ ਕਿਉਂ ਰੱਖਦੇ ਹਨ?
11 ਤੁਸੀਂ ਸ਼ਾਇਦ ਪੁੱਛੋ, ਸਦੀਪਕ ਜੀਵਨ ਦੀ ਇੱਛਾ ਸਾਡੀ ਸੋਚਣੀ ਵਿਚ ਕਿਉਂ ਸਮਾਈ ਹੋਈ ਹੈ? ਕੀ ਇਹ ਇਸ ਕਰਕੇ ਹੈ ਕਿ ‘ਪਰਮੇਸ਼ੁਰ ਨੇ ਸਦੀਪਕਾਲ ਨੂੰ ਮਨੁੱਖ ਦੇ ਮਨ ਵਿੱਚ ਟਿਕਾ ਦਿੱਤਾ ਹੈ’? (ਉਪਦੇਸ਼ਕ ਦੀ ਪੋਥੀ 3:11) ਇਸ ਗੱਲ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ! ਜ਼ਰਾ ਸੋਚੋ: ਜੇਕਰ ਸਾਡੇ ਸ੍ਰਿਸ਼ਟੀਕਰਤੇ ਦਾ ਮਕਸਦ ਸਾਡੇ ਲਈ ਸਦਾ ਤਕ ਜੀਉਣਾ ਨਹੀਂ ਸੀ ਤਾਂ ਫਿਰ ਸਾਡੇ ਵਿਚ ਸਦੀਪਕਾਲ, ਯਾਨੀ ਕਿ ਸਦਾ ਲਈ ਜੀਉਣ ਦੀ ਕੁਦਰਤੀ ਇੱਛਾ ਕਿਉਂ ਹੈ? ਅਤੇ ਕੀ ਸਾਨੂੰ ਸਦੀਪਕ ਜੀਵਨ ਦੀ ਇੱਛਾ ਨਾਲ ਬਣਾ ਕੇ ਅਤੇ ਫਿਰ ਇਸ ਇੱਛਾ ਨੂੰ ਕਦੇ ਨਾ ਪੂਰਾ ਕਰਨਾ ਉਸ ਦਾ ਪ੍ਰੇਮ ਦਿਖਾਉਂਦਾ?—ਜ਼ਬੂਰ 145:16.
ਸਾਨੂੰ ਕਿਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ?
12. ਕੁਝ ਲੋਕ ਕੀ ਭਰੋਸਾ ਕਰਦੇ ਹਨ, ਪਰ ਤੁਹਾਡੇ ਖ਼ਿਆਲ ਵਿਚ ਕੀ ਇਸ ਦਾ ਠੋਸ ਆਧਾਰ ਹੈ?
12 ਸਦੀਪਕ ਜੀਵਨ ਪ੍ਰਾਪਤ ਕਰਨ ਲਈ ਸਾਡਾ ਭਰੋਸਾ ਕਿੱਥੇ, ਜਾਂ ਕਿਸ ਉੱਤੇ ਹੋਣਾ ਚਾਹੀਦਾ ਹੈ? ਕੀ ਇਹ 20ਵੀਂ ਜਾਂ 21ਵੀਂ ਸਦੀ ਦੀ ਮਾਨਵੀ ਤਕਨਾਲੋਜੀ ਉੱਤੇ ਹੋਣਾ ਚਾਹੀਦਾ ਹੈ? ਦ ਨਿਊਯਾਰਕ ਟਾਈਮਜ਼ ਮੈਗਜ਼ੀਨ ਦੇ “ਉਹ ਜੀਉਣਾ ਚਾਹੁੰਦੇ ਹਨ,” ਲੇਖ ਨੇ ‘ਤਕਨਾਲੋਜੀ ਦੇਵਤੇ’ ਬਾਰੇ ਅਤੇ “ਤਕਨਾਲੋਜੀ ਦੀਆਂ ਭਾਵੀ ਯੋਗਤਾਵਾਂ ਪ੍ਰਤੀ ਜੋਸ਼” ਬਾਰੇ ਗੱਲ ਕੀਤੀ। ਇਕ ਖੋਜਕਾਰ ਬਾਰੇ ਇਹ ਵੀ ਕਿਹਾ ਗਿਆ ਸੀ ਕਿ ਉਸ ਨੂੰ “ਵਿਸ਼ਵਾਸ ਹੈ . . . ਕਿ ਸਾਡੇ ਬਚਾਅ ਲਈ ਬੁਢਾਪੇ ਨੂੰ ਰੋਕਣ, ਸ਼ਾਇਦ ਇਸ ਨੂੰ ਪਿੱਛੇ ਮੋੜਨ ਲਈ ਵੀ ਜੀਨ-ਸੰਬੰਧੀ ਤਬਦੀਲੀ ਦੇ ਤਰੀਕੇ ਵੇਲੇ ਸਿਰ ਮਿਲ ਜਾਣਗੇ।” ਅਸਲ ਵਿਚ, ਬੁਢਾਪੇ ਅਤੇ ਮੌਤ ਨੂੰ ਰੋਕਣ ਲਈ ਮਨੁੱਖਾਂ ਦੇ ਜਤਨ ਬਿਲਕੁਲ ਵਿਅਰਥ ਸਾਬਤ ਹੋਏ ਹਨ।
13. ਸਾਡੇ ਦਿਮਾਗ਼ ਦੀ ਰਚਨਾ ਕਿਸ ਤਰ੍ਹਾਂ ਸੰਕੇਤ ਕਰਦੀ ਹੈ ਕਿ ਅਸੀਂ ਸਦਾ ਲਈ ਜੀਉਣ ਵਾਸਤੇ ਬਣਾਏ ਗਏ ਸਨ?
13 ਕੀ ਇਸ ਦਾ ਇਹ ਮਤਲਬ ਹੈ ਕਿ ਸਦੀਪਕ ਜੀਵਨ ਹਾਸਲ ਕਰਨ ਦਾ ਕੋਈ ਭਰੋਸੇਯੋਗ ਰਾਹ ਨਹੀਂ ਹੈ? ਬਿਲਕੁਲ ਨਹੀਂ! ਇਕ ਰਾਹ ਹੈ ਅਤੇ ਸਾਡੇ ਦਿਮਾਗ਼ ਦੀ ਸਿੱਖਣ ਦੀ ਅਦਭੁਤ ਅਤੇ ਅਸੀਮਿਤ ਯੋਗਤਾ ਨੂੰ ਸਾਨੂੰ ਇਸ ਗੱਲ ਦਾ ਯਕੀਨ ਦਿਲਾਉਣਾ ਚਾਹੀਦਾ ਹੈ। ਜੀਵ-ਵਿਗਿਆਨੀ ਜੇਮਜ਼ ਵਾਟਸਨ ਨੇ ਦਿਮਾਗ਼ ਨੂੰ “ਸਾਡੇ ਵਿਸ਼ਵ-ਮੰਡਲ ਵਿੱਚੋਂ ਸਭ ਤੋਂ ਗੁੰਝਲਦਾਰ ਵਸਤੂ” ਕਿਹਾ। ਅਤੇ ਤੰਤੂ-ਵਿਗਿਆਨੀ ਰਿਚਰਡ ਰੈਸਟਕ ਨੇ ਕਿਹਾ: “ਪੂਰੇ ਗਿਆਤ ਵਿਸ਼ਵ-ਮੰਡਲ ਵਿਚ ਅਜਿਹੀ ਕੋਈ ਵੀ ਚੀਜ਼ ਨਹੀਂ ਜੋ ਇਸ ਨਾਲ ਮਿਲਦੀ-ਜੁਲਦੀ ਹੈ।” ਸਾਡਾ ਅਜਿਹਾ ਦਿਮਾਗ਼ ਕਿਉਂ ਹੈ ਜਿਸ ਵਿਚ ਤਕਰੀਬਨ ਅਸੀਮਿਤ ਜਾਣਕਾਰੀ ਇਕੱਠੀ ਕਰਨ ਅਤੇ ਸਮਝਣ ਦੀ ਯੋਗਤਾ ਹੈ ਅਤੇ ਸਾਡਾ ਅਜਿਹਾ ਸਰੀਰ ਕਿਉਂ ਹੈ ਜੋ ਸਦੀਪਕ ਜੀਵਨ ਵਾਸਤੇ ਡੀਜ਼ਾਈਨ ਕੀਤਾ ਗਿਆ ਹੈ, ਜੇਕਰ ਅਸੀਂ ਸਦੀਪਕ ਜੀਵਨ ਦਾ ਆਨੰਦ ਮਾਣਨ ਦੇ ਇਰਾਦੇ ਨਾਲ ਨਹੀਂ ਬਣਾਏ ਗਏ ਸਨ?
14. (ੳ) ਇਨਸਾਨ ਦੇ ਜੀਵਨ ਬਾਰੇ ਬਾਈਬਲ ਦੇ ਲਿਖਾਰੀ ਕਿਸ ਸਿੱਟੇ ਵੱਲ ਸੰਕੇਤ ਕਰਦੇ ਹਨ? (ਅ) ਸਾਨੂੰ ਮਨੁੱਖ ਦੀ ਬਜਾਇ ਪਰਮੇਸ਼ੁਰ ਉੱਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ?
14 ਤਾਂ ਫਿਰ, ਉਹ ਕਿਹੜਾ ਇੱਕੋ ਇਕ ਜਾਇਜ਼ ਅਤੇ ਹਕੀਕੀ ਸਿੱਟਾ ਹੈ ਜਿਸ ਤੇ ਅਸੀਂ ਪਹੁੰਚ ਸਕਦੇ ਹਾਂ? ਕੀ ਇਹ ਨਹੀਂ ਕਿ ਅਸੀਂ ਸਦਾ ਲਈ ਜੀਉਣ ਵਾਸਤੇ ਸਰਬ-ਸ਼ਕਤੀਸ਼ਾਲੀ ਅਤੇ ਬੁੱਧੀਮਾਨ ਸ੍ਰਿਸ਼ਟੀਕਰਤਾ ਦੁਆਰਾ ਡੀਜ਼ਾਈਨ ਅਤੇ ਸ੍ਰਿਸ਼ਟ ਕੀਤੇ ਗਏ ਹਾਂ? (ਅੱਯੂਬ 10:8; ਜ਼ਬੂਰ 36:9; 100:3; ਮਲਾਕੀ 2:10; ਰਸੂਲਾਂ ਦੇ ਕਰਤੱਬ 17:24, 25) ਇਸ ਲਈ, ਕੀ ਸਾਨੂੰ ਜ਼ਬੂਰਾਂ ਦੇ ਲਿਖਾਰੀ ਦੇ ਪ੍ਰੇਰਿਤ ਹੁਕਮ ਵੱਲ ਧਿਆਨ ਨਹੀਂ ਦੇਣਾ ਚਾਹੀਦਾ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ”? ਸਾਨੂੰ ਮਨੁੱਖਾਂ ਉੱਤੇ ਭਰੋਸਾ ਕਿਉਂ ਨਹੀਂ ਰੱਖਣਾ ਚਾਹੀਦਾ? ਕਿਉਂਕਿ ਜਿਵੇਂ ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ, “ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!” ਸੱਚ-ਮੁੱਚ, ਸਦਾ ਲਈ ਜੀਉਣ ਦੀ ਸੰਭਾਵਨਾ ਦੇ ਬਾਵਜੂਦ, ਮਨੁੱਖ ਮੌਤ ਦੇ ਸਾਮ੍ਹਣੇ ਬੇਬਸ ਹਨ। ਜ਼ਬੂਰਾਂ ਦੇ ਲਿਖਾਰੀ ਦਾ ਸਿੱਟਾ ਇਹ ਹੈ: “ਧੰਨ ਉਹ ਹੈ . . . ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ!”—ਜ਼ਬੂਰ 146:3-5.
ਕੀ ਇਹ ਸੱਚ-ਮੁੱਚ ਪਰਮੇਸ਼ੁਰ ਦਾ ਮਕਸਦ ਹੈ?
15. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਮਕਸਦ ਇਹ ਹੈ ਕਿ ਅਸੀਂ ਸਦਾ ਲਈ ਜੀਉਂਦੇ ਰਹੀਏ?
15 ਲੇਕਿਨ ਤੁਸੀਂ ਸ਼ਾਇਦ ਪੁੱਛੋ, ਕੀ ਸੱਚ-ਮੁੱਚ ਯਹੋਵਾਹ ਦਾ ਇਹ ਮਕਸਦ ਹੈ ਕਿ ਅਸੀਂ ਸਦੀਪਕ ਜੀਵਨ ਦਾ ਆਨੰਦ ਮਾਣੀਏ? ਹਾਂ, ਬਿਲਕੁਲ! ਪਰਮੇਸ਼ੁਰ ਦਾ ਬਚਨ ਕਈ ਵਾਰ ਇਸ ਦਾ ਵਾਅਦਾ ਕਰਦਾ ਹੈ। ਬਾਈਬਲ ਭਰੋਸਾ ਦਿਲਾਉਂਦੀ ਹੈ ਕਿ “ਪਰਮੇਸ਼ੁਰ ਦੀ ਬਖ਼ਸ਼ੀਸ਼ . . . ਸਦੀਪਕ ਜੀਵਨ ਹੈ।” ਪਰਮੇਸ਼ੁਰ ਦੇ ਸੇਵਕ ਯੂਹੰਨਾ ਨੇ ਲਿਖਿਆ: “ਇਹ ਉਹ ਵਾਇਦਾ ਹੈ ਜਿਹੜਾ [ਪਰਮੇਸ਼ੁਰ] ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ।” ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਕ ਨੌਜਵਾਨ ਨੇ ਯਿਸੂ ਨੂੰ ਪੁੱਛਿਆ: “ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਉਣ ਮਿਲੇ?” (ਰੋਮੀਆਂ 6:23; 1 ਯੂਹੰਨਾ 2:25; ਮੱਤੀ 19:16) ਅਸਲ ਵਿਚ, ਪੌਲੁਸ ਰਸੂਲ ਨੇ “ਉਸ ਸਦੀਪਕ ਜੀਵਨ ਦੀ ਆਸ” ਬਾਰੇ ਲਿਖਿਆ, “ਜਿਹ ਦਾ ਪਰਮੇਸ਼ੁਰ ਨੇ ਜੋ ਝੂਠ ਬੋਲ ਨਹੀਂ ਸੱਕਦਾ ਸਨਾਤਨ ਸਮਿਆਂ ਤੋਂ ਵਾਇਦਾ ਕੀਤਾ ਸੀ।”—ਤੀਤੁਸ 1:2.
16. ਪਰਮੇਸ਼ੁਰ ਨੇ ਸ਼ਾਇਦ ਕਿਸ ਭਾਵ ਵਿਚ “ਸਨਾਤਨ ਸਮਿਆਂ ਤੋਂ” ਸਦੀਪਕ ਜੀਵਨ ਜਾ ਵਾਅਦਾ ਕੀਤਾ ਹੋਵੇ?
16 ਇਸ ਦਾ ਕੀ ਮਤਲਬ ਹੈ ਕਿ ਪਰਮੇਸ਼ੁਰ ਨੇ “ਸਨਾਤਨ ਸਮਿਆਂ ਤੋਂ” ਸਦੀਪਕ ਜੀਵਨ ਦਾ ਵਾਅਦਾ ਕੀਤਾ ਸੀ? ਕੁਝ ਲੋਕ ਸੋਚਦੇ ਹਨ ਕਿ ਪੌਲੁਸ ਰਸੂਲ ਦਾ ਇਹ ਮਤਲਬ ਸੀ ਕਿ ਪਹਿਲੇ ਜੋੜੇ, ਆਦਮ ਅਤੇ ਹੱਵਾਹ, ਨੂੰ ਬਣਾਉਣ ਤੋਂ ਪਹਿਲਾਂ ਪਰਮੇਸ਼ੁਰ ਦਾ ਮਕਸਦ ਇਹ ਸੀ ਕਿ ਮਨੁੱਖ ਸਦਾ ਲਈ ਜੀਉਣ। ਪਰ, ਜੇ ਪੌਲੁਸ ਇਨਸਾਨਾਂ ਦੀ ਸ੍ਰਿਸ਼ਟੀ ਤੋਂ ਬਾਅਦ ਦੀ ਗੱਲ ਕਰ ਰਿਹਾ ਸੀ ਅਤੇ ਜਦੋਂ ਯਹੋਵਾਹ ਨੇ ਆਪਣੇ ਮਕਸਦ ਬਾਰੇ ਦੱਸਿਆ ਸੀ, ਤਾਂ ਵੀ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਇੱਛਾ ਵਿਚ ਇਨਸਾਨਾਂ ਲਈ ਸਦੀਪਕ ਜੀਵਨ ਸ਼ਾਮਲ ਹੈ।
17. ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕਿਉਂ ਕੱਢਿਆ ਗਿਆ, ਅਤੇ ਬਾਗ਼ ਦੇ ਦੁਆਰ ਤੇ ਦੂਤਾਂ ਨੂੰ ਕਿਉਂ ਰੱਖਿਆ ਗਿਆ?
17 ਬਾਈਬਲ ਕਹਿੰਦੀ ਹੈ ਕਿ ਅਦਨ ਦੇ ਬਾਗ਼ ਵਿਚ ‘ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਤੋਂ ਜੀਵਣ ਦਾ ਬਿਰਛ ਉਗਾਇਆ।’ ਆਦਮ ਨੂੰ ਬਾਗ਼ ਵਿੱਚੋਂ ਕੱਢਣ ਦਾ ਕਾਰਨ ਇਹ ਸੀ ਕਿ ਉਹ ‘ਆਪਣਾ ਹੱਥ ਵਧਾਕੇ ਜੀਵਣ ਦੇ ਬਿਰਛ ਤੋਂ ਲੈਕੇ ਨਾ ਖਾਵੇ ਅਤੇ ਸਦਾ ਜੀਉਂਦਾ ਰਹੇ’! ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਕੇ ਯਹੋਵਾਹ ਨੇ “ਦੂਤਾਂ ਨੂੰ ਅਤੇ ਚੌਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂਜੋ ਓਹ ਜੀਵਣ ਦੇ ਬਿਰਛ ਦੇ ਰਾਹ ਦੀ ਰਾਖੀ ਕਰਨ।”—ਉਤਪਤ 2:9; 3:22-24.
18. (ੳ) ਜੇਕਰ ਆਦਮ ਅਤੇ ਹੱਵਾਹ ਜੀਵਨ ਦੇ ਬਿਰਛ ਤੋਂ ਖਾ ਲੈਂਦੇ ਤਾਂ ਉਨ੍ਹਾਂ ਲਈ ਇਸ ਦਾ ਨਤੀਜਾ ਕੀ ਹੋਣਾ ਸੀ? (ਅ) ਉਸ ਬਿਰਛ ਤੋਂ ਖਾਣਾ ਕਿਸ ਚੀਜ਼ ਨੂੰ ਦਰਸਾਉਂਦਾ ਸੀ?
18 ਜੇਕਰ ਆਦਮ ਅਤੇ ਹੱਵਾਹ ਨੂੰ ਜੀਵਨ ਦੇ ਬਿਰਛ ਤੋਂ ਖਾਣ ਦੀ ਇਜਾਜ਼ਤ ਦਿੱਤੀ ਜਾਂਦੀ, ਤਾਂ ਉਨ੍ਹਾਂ ਲਈ ਇਸ ਦਾ ਨਤੀਜਾ ਕੀ ਹੋਣਾ ਸੀ? ਹਾਂ, ਫਿਰਦੌਸ ਵਿਚ ਸਦਾ ਲਈ ਜੀਉਣ ਦਾ ਵਿਸ਼ੇਸ਼-ਸਨਮਾਨ! ਬਾਈਬਲ ਦੇ ਇਕ ਵਿਦਵਾਨ ਨੇ ਅਨੁਮਾਨ ਲਾਇਆ: “ਜੀਵਨ ਦੇ ਬਿਰਛ ਵਿਚ ਜ਼ਰੂਰ ਕੋਈ-ਨ-ਕੋਈ ਗੁਣ ਸੀ ਜਿਸ ਦੁਆਰਾ ਮਾਨਵ ਸਰੀਰ ਬੁਢਾਪੇ ਦੀਆਂ ਕਮਜ਼ੋਰੀਆਂ ਤੋਂ, ਜਾਂ ਉਸ ਵਿਗਾੜ ਤੋਂ ਬਚਿਆ ਰਹਿੰਦਾ ਜਿਸ ਦਾ ਅੰਤ ਮੌਤ ਹੈ।” ਉਸ ਨੇ ਇਹ ਵੀ ਦਾਅਵਾ ਕੀਤਾ ਕਿ ‘ਅਦਨ ਦੇ ਫਿਰਦੌਸ ਦੀਆਂ ਜੜੀ-ਬੂਟੀਆਂ ਵਿਚ ਅਜਿਹਾ ਗੁਣ ਸੀ ਜੋ ਬੁਢਾਪੇ ਦੇ ਪ੍ਰਭਾਵਾਂ ਨੂੰ ਰੋਕ ਸਕਦਾ ਸੀ।’ ਲੇਕਿਨ, ਬਾਈਬਲ ਨਹੀਂ ਕਹਿੰਦੀ ਕਿ ਜੀਵਨ ਦੇ ਬਿਰਛ ਵਿਚ ਅਜਿਹੀ ਕੋਈ ਵੀ ਜੀਵਨਦਾਇਕ ਵਿਸ਼ੇਸ਼ਤਾ ਸੀ। ਸਗੋਂ, ਉਹ ਬਿਰਛ ਉਸ ਵਿਅਕਤੀ ਲਈ, ਜਿਸ ਨੂੰ ਉਸ ਬਿਰਛ ਤੋਂ ਖਾਣ ਦੀ ਇਜਾਜ਼ਤ ਮਿਲਦੀ, ਪਰਮੇਸ਼ੁਰ ਵੱਲੋਂ ਦਿੱਤੀ ਗਈ ਸਦੀਪਕ ਜੀਵਨ ਦੀ ਗਾਰੰਟੀ ਨੂੰ ਦਰਸਾਉਂਦਾ ਸੀ।—ਪਰਕਾਸ਼ ਦੀ ਪੋਥੀ 2:7.
ਪਰਮੇਸ਼ੁਰ ਦਾ ਮਕਸਦ ਨਹੀਂ ਬਦਲਿਆ
19. ਆਦਮ ਕਿਉਂ ਮਰਿਆ, ਅਤੇ ਉਸ ਦੀ ਔਲਾਦ ਵਜੋਂ ਅਸੀਂ ਕਿਉਂ ਮਰਦੇ ਹਾਂ?
19 ਜਦੋਂ ਆਦਮ ਨੇ ਪਾਪ ਕੀਤਾ ਉਸ ਨੇ ਆਪਣੇ ਲਈ ਅਤੇ ਆਪਣੀ ਅਣਜੰਮੀ ਔਲਾਦ ਲਈ ਸਦੀਪਕ ਜੀਵਨ ਦਾ ਹੱਕ ਗੁਆ ਦਿੱਤਾ। (ਉਤਪਤ 2:17) ਉਹ ਆਪਣੀ ਅਵੱਗਿਆ ਦੇ ਕਾਰਨ ਪਾਪੀ ਬਣ ਕੇ ਨੁਕਸਦਾਰ ਅਤੇ ਅਪੂਰਣ ਬਣ ਗਿਆ। ਅਸਲ ਵਿਚ ਉਸ ਸਮੇਂ ਤੋਂ, ਆਦਮ ਦਾ ਸਰੀਰ ਮਰਨਹਾਰ ਬਣ ਗਿਆ। ਜਿਵੇਂ ਬਾਈਬਲ ਕਹਿੰਦੀ ਹੈ, “ਪਾਪ ਦੀ ਮਜੂਰੀ ਤਾਂ ਮੌਤ ਹੈ।” (ਰੋਮੀਆਂ 6:23) ਇਸ ਤੋਂ ਇਲਾਵਾ, ਆਦਮ ਦੀ ਅਪੂਰਣ ਔਲਾਦ ਵੀ ਸਦੀਪਕ ਜੀਵਨ ਪ੍ਰਾਪਤ ਕਰਨ ਦੀ ਬਜਾਇ, ਮਰਨਹਾਰ ਬਣ ਗਈ। ਬਾਈਬਲ ਸਮਝਾਉਂਦੀ ਹੈ: “ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”—ਰੋਮੀਆਂ 5:12.
20. ਕੀ ਸੰਕੇਤ ਕਰਦਾ ਹੈ ਕਿ ਇਨਸਾਨ ਧਰਤੀ ਉੱਤੇ ਸਦਾ ਲਈ ਜੀਉਣ ਲਈ ਬਣਾਏ ਗਏ ਸਨ?
20 ਪਰ ਜੇ ਆਦਮ ਪਾਪ ਨਾ ਕਰਦਾ ਤਾਂ ਕੀ ਹੋਣਾ ਸੀ? ਜੇ ਉਹ ਪਰਮੇਸ਼ੁਰ ਦੀ ਅਵੱਗਿਆ ਨਾ ਕਰਦਾ ਅਤੇ ਉਸ ਨੂੰ ਜੀਵਨ ਦੇ ਬਿਰਛ ਤੋਂ ਖਾਣ ਦੀ ਇਜਾਜ਼ਤ ਦਿੱਤੀ ਜਾਂਦੀ ਤਾਂ ਕੀ ਹੋਣਾ ਸੀ? ਫਿਰ ਉਸ ਨੇ ਪਰਮੇਸ਼ੁਰ ਤੋਂ ਸਦੀਪਕ ਜੀਵਨ ਦੀ ਬਰਕਤ ਦਾ ਆਨੰਦ ਕਿੱਥੇ ਮਾਣਨਾ ਸੀ? ਸਵਰਗ ਵਿਚ? ਨਹੀਂ! ਪਰਮੇਸ਼ੁਰ ਨੇ ਆਦਮ ਨੂੰ ਸਵਰਗ ਵਿਚ ਲੈ ਜਾਣ ਬਾਰੇ ਕੁਝ ਵੀ ਨਹੀਂ ਸੀ ਕਿਹਾ। ਉਸ ਨੂੰ ਇੱਥੇ ਧਰਤੀ ਉੱਤੇ ਕੰਮ ਦਿੱਤਾ ਗਿਆ ਸੀ। ਬਾਈਬਲ ਸਮਝਾਉਂਦੀ ਹੈ ਕਿ ‘ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ ਖਾਣ ਵਿੱਚ ਚੰਗਾ ਸੀ ਉਗਾਇਆ,’ ਅਤੇ ਇਹ ਵੀ ਕਹਿੰਦੀ ਹੈ ਕਿ “ਯਹੋਵਾਹ ਪਰਮੇਸ਼ੁਰ ਨੇ ਉਸ ਆਦਮੀ ਨੂੰ ਲੈਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ।” (ਉਤਪਤ 2:9, 15) ਆਦਮ ਲਈ ਇਕ ਸਾਥਣ ਵਜੋਂ ਹੱਵਾਹ ਨੂੰ ਬਣਾਉਣ ਤੋਂ ਬਾਅਦ, ਉਨ੍ਹਾਂ ਦੋਹਾਂ ਨੂੰ ਇੱਥੇ ਧਰਤੀ ਉੱਤੇ ਹੋਰ ਕੰਮ ਦਿੱਤੇ ਗਏ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।”—ਉਤਪਤ 1:28.
21. ਪਹਿਲੇ ਮਨੁੱਖਾਂ ਨੇ ਕਿਨ੍ਹਾਂ ਸ਼ਾਨਦਾਰ ਸੰਭਾਵਨਾਵਾਂ ਦਾ ਆਨੰਦ ਮਾਣਿਆ ਸੀ?
21 ਜ਼ਰਾ ਸੋਚੋ ਕਿ ਪਰਮੇਸ਼ੁਰ ਦੀਆਂ ਇਨ੍ਹਾਂ ਹਿਦਾਇਤਾਂ ਨੇ ਆਦਮ ਅਤੇ ਹੱਵਾਹ ਨੂੰ ਕਿੰਨੀਆਂ ਸ਼ਾਨਦਾਰ ਜ਼ਮੀਨੀ ਸੰਭਾਵਨਾਵਾਂ ਪੇਸ਼ ਕੀਤੀਆਂ! ਉਨ੍ਹਾਂ ਨੇ ਜ਼ਮੀਨੀ ਫਿਰਦੌਸ ਵਿਚ ਸੰਪੂਰਣ ਸਿਹਤ ਵਾਲੇ ਧੀਆਂ-ਪੁੱਤਰਾਂ ਦਾ ਪਾਲਣ-ਪੋਸਣ ਕਰਨਾ ਸੀ। ਜਿਉਂ-ਜਿਉਂ ਉਨ੍ਹਾਂ ਦੇ ਪਿਆਰੇ ਬੱਚੇ ਵੱਡੇ ਹੁੰਦੇ ਜਾਂਦੇ, ਉਹ ਵੀ ਉਨ੍ਹਾਂ ਦੇ ਨਾਲ ਉਸ ਫਿਰਦੌਸ ਨੂੰ ਕਾਇਮ ਰੱਖਣ ਲਈ ਬਾਗ਼ਬਾਨੀ ਦੇ ਆਨੰਦਮਈ ਕੰਮ ਵਿਚ ਹਿੱਸਾ ਲੈਂਦੇ। ਸਾਰੇ ਜਾਨਵਰ ਉਨ੍ਹਾਂ ਦੇ ਵੱਸ ਵਿਚ ਹੋਣ ਕਰਕੇ, ਉਨ੍ਹਾਂ ਦੇ ਜੀਵਨ ਬਹੁਤ ਹੀ ਸੰਤੁਸ਼ਟ ਹੁੰਦੇ। ਅਦਨ ਦੇ ਬਾਗ਼ ਦੀਆਂ ਸੀਮਾਵਾਂ ਨੂੰ ਵਧਾਉਣ ਦੀ ਖ਼ੁਸ਼ੀ ਬਾਰੇ ਸੋਚੋ, ਤਾਂਕਿ ਆਖ਼ਰ ਵਿਚ ਸਾਰੀ ਧਰਤੀ ਇਕ ਫਿਰਦੌਸ ਬਣ ਜਾਂਦੀ! ਕੀ ਤੁਸੀਂ ਸੰਪੂਰਣ ਬੱਚਿਆਂ ਨਾਲ ਅਜਿਹੇ ਸੁੰਦਰ ਜ਼ਮੀਨੀ ਘਰ ਵਿਚ ਜੀਉਣਾ ਪਸੰਦ ਕਰੋਗੇ, ਜਿਸ ਵਿਚ ਤੁਹਾਨੂੰ ਬੁੱਢੇ ਹੋਣ ਅਤੇ ਮਰਨ ਦੀ ਕੋਈ ਚਿੰਤਾ ਨਹੀਂ ਹੋਵੇਗੀ? ਆਪਣੇ ਦਿਲ ਦੀ ਕੁਦਰਤੀ ਤਮੰਨਾ ਨੂੰ ਇਸ ਸਵਾਲ ਦਾ ਜਵਾਬ ਦੇਣ ਦਿਓ।
22. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਨੇ ਧਰਤੀ ਲਈ ਆਪਣੇ ਮਕਸਦ ਨੂੰ ਨਹੀਂ ਬਦਲਿਆ?
22 ਤਾਂ ਫਿਰ, ਜਦੋਂ ਆਦਮ ਅਤੇ ਹੱਵਾਹ ਨੇ ਅਵੱਗਿਆ ਕੀਤੀ ਅਤੇ ਉਹ ਅਦਨ ਦੇ ਬਾਗ਼ ਵਿੱਚੋਂ ਕੱਢੇ ਗਏ ਸਨ, ਕੀ ਪਰਮੇਸ਼ੁਰ ਨੇ ਮਨੁੱਖਾਂ ਦੇ ਸਦਾ ਲਈ ਧਰਤੀ ਉੱਤੇ ਫਿਰਦੌਸ ਵਿਚ ਜੀਉਣ ਦੇ ਆਪਣੇ ਮਕਸਦ ਨੂੰ ਬਦਲ ਦਿੱਤਾ? ਬਿਲਕੁਲ ਨਹੀਂ! ਇਸ ਤਰ੍ਹਾਂ ਕਰਨਾ ਪਰਮੇਸ਼ੁਰ ਵੱਲੋਂ ਹਾਰ ਮੰਨਣ ਦੇ ਬਰਾਬਰ ਹੁੰਦਾ ਕਿ ਉਹ ਆਪਣੇ ਮੁਢਲੇ ਮਕਸਦ ਨੂੰ ਪੂਰਾ ਕਰਨ ਦੇ ਯੋਗ ਨਹੀਂ ਸੀ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਆਪਣਿਆਂ ਵਾਅਦਿਆਂ ਨੂੰ ਜ਼ਰੂਰ ਪੂਰਾ ਕਰੇਗਾ, ਜਿਵੇਂ ਉਹ ਖ਼ੁਦ ਐਲਾਨ ਕਰਦਾ ਹੈ: “ਮੇਰਾ ਬਚਨ . . . ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:11.
23. (ੳ) ਕਿਹੜੀ ਗੱਲ ਹੋਰ ਪੱਕਾ ਕਰਦੀ ਹੈ ਕਿ ਪਰਮੇਸ਼ੁਰ ਦਾ ਮਕਸਦ ਇਹੀ ਹੈ ਕਿ ਧਰਮੀ ਲੋਕ ਧਰਤੀ ਉੱਤੇ ਸਦਾ ਲਈ ਜੀਉਣ? (ਅ) ਅਗਲੇ ਲੇਖ ਵਿਚ ਕਿਸ ਗੱਲ ਬਾਰੇ ਚਰਚਾ ਕੀਤੀ ਜਾਵੇਗੀ?
23 ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਧਰਤੀ ਲਈ ਪਰਮੇਸ਼ੁਰ ਦਾ ਮਕਸਦ ਬਦਲਿਆ ਨਹੀਂ ਹੈ। ਪਰਮੇਸ਼ੁਰ ਵਾਅਦਾ ਕਰਦਾ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਮਸੀਹ ਨੇ ਵੀ ਕਿਹਾ ਸੀ ਕਿ ਹਲੀਮ ਧਰਤੀ ਦੇ ਵਾਰਸ ਹੋਣਗੇ। (ਜ਼ਬੂਰ 37:29; ਮੱਤੀ 5:5) ਪਰ ਫਿਰ, ਅਸੀਂ ਸਦੀਪਕ ਜੀਵਨ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ, ਅਤੇ ਅਜਿਹੇ ਜੀਵਨ ਦਾ ਆਨੰਦ ਮਾਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਅਗਲੇ ਲੇਖ ਵਿਚ ਇਸ ਬਾਰੇ ਚਰਚਾ ਕੀਤੀ ਜਾਵੇਗੀ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਕਈ ਲੋਕ ਕਿਉਂ ਮੰਨਦੇ ਹਨ ਕਿ ਸਦੀਪਕ ਜੀਵਨ ਸੰਭਵ ਹੈ?
◻ ਸਾਨੂੰ ਕਿਉਂ ਯਕੀਨ ਹੋਣਾ ਚਾਹੀਦਾ ਹੈ ਕਿ ਅਸੀਂ ਸਦਾ ਲਈ ਜੀਉਣ ਲਈ ਬਣਾਏ ਗਏ ਹਾਂ?
◻ ਮਨੁੱਖਜਾਤੀ ਲਈ ਅਤੇ ਧਰਤੀ ਲਈ ਪਰਮੇਸ਼ੁਰ ਦਾ ਮੁਢਲਾ ਮਕਸਦ ਕੀ ਸੀ?
◻ ਅਸੀਂ ਕਿਉਂ ਯਕੀਨੀ ਹੋ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਮੁਢਲੇ ਮਕਸਦ ਨੂੰ ਪੂਰਾ ਕਰੇਗਾ?