ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w22 ਦਸੰਬਰ ਸਫ਼ੇ 2-7
  • ਅਸੀਂ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਹਾਂ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਸੀਂ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਹਾਂ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ
  • ਸਾਨੂੰ ਹਮੇਸ਼ਾ ਤਕ ਜੀਉਂਦੇ ਰਹਿਣ ਲਈ ਬਣਾਇਆ ਗਿਆ ਸੀ
  • ਯਹੋਵਾਹ ਦਾ ਮਕਸਦ ਬਦਲਿਆ ਨਹੀਂ ਹੈ
  • ਸੁਨਹਿਰਾ ਭਵਿੱਖ
  • ਕੀ ਸਦੀਪਕ ਜੀਵਨ ਸੱਚ-ਮੁੱਚ ਸੰਭਵ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਦਾ ਲਈ ਜੀਉਂਦੇ ਰਹਿਣਾ ਇਕ ਸੁਪਨਾ ਹੀ ਨਹੀਂ
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਕੀ ਤੁਸੀਂ ਹਮੇਸ਼ਾ ਲਈ ਜੀਣਾ ਚਾਹੁੰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਰੱਬ ਨੇ ਹੁਣ ਤਕ ਕੀ ਕੀਤਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
w22 ਦਸੰਬਰ ਸਫ਼ੇ 2-7

ਅਧਿਐਨ ਲੇਖ 49

ਅਸੀਂ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਹਾਂ!

“ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਹਮੇਸ਼ਾ ਦੀ ਜ਼ਿੰਦਗੀ।”​—ਰੋਮੀ. 6:23.

ਗੀਤ 147 ਸਦਾ ਦੀ ਜ਼ਿੰਦਗੀ, ਰੱਬ ਦਾ ਵਾਅਦਾ

ਖ਼ਾਸ ਗੱਲਾਂa

1. ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦੇ ʼਤੇ ਸੋਚ-ਵਿਚਾਰ ਕਰਨ ਨਾਲ ਸਾਡੇ ʼਤੇ ਕੀ ਅਸਰ ਪੈਂਦਾ ਹੈ?

ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਜੋ ਲੋਕ ਉਸ ਦਾ ਕਹਿਣਾ ਮੰਨਣਗੇ, ਉਨ੍ਹਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਮਿਲੇਗੀ। (ਰੋਮੀ. 6:23) ਜਦੋਂ ਅਸੀਂ ਯਹੋਵਾਹ ਦੇ ਇਸ ਵਾਅਦੇ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਡੇ ਦਿਲ ਵਿਚ ਉਸ ਲਈ ਪਿਆਰ ਹੋਰ ਵੀ ਗੂੜ੍ਹਾ ਹੁੰਦਾ ਹੈ। ਜ਼ਰਾ ਸੋਚੋ ਕਿ ਸਾਡਾ ਸਵਰਗੀ ਪਿਤਾ ਸਾਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਕਦੇ ਵੀ ਉਸ ਤੋਂ ਦੂਰ ਨਾ ਜਾਈਏ।

2. ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦੇ ਕਰਕੇ ਅਸੀਂ ਕੀ ਕਰ ਪਾਉਂਦੇ ਹਾਂ?

2 ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦੇ ਨੂੰ ਯਾਦ ਰੱਖ ਕੇ ਅਸੀਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਜਾਂ ਜ਼ੁਲਮਾਂ ਨੂੰ ਸਹਿ ਸਕਦੇ ਹਾਂ। ਅਸੀਂ ਯਹੋਵਾਹ ਦੀ ਭਗਤੀ ਕਰਨੀ ਉਦੋਂ ਵੀ ਨਹੀਂ ਛੱਡਦੇ ਜਦੋਂ ਸਾਡੇ ਦੁਸ਼ਮਣ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹਨ। ਕਿਉਂ? ਇਸ ਦਾ ਇਕ ਕਾਰਨ ਇਹ ਹੈ ਕਿ ਅਸੀਂ ਜਾਣਦੇ ਹਾਂ ਕਿ ਜੇ ਯਹੋਵਾਹ ਦੇ ਵਫ਼ਾਦਾਰ ਰਹਿਣ ਕਰਕੇ ਅਸੀਂ ਮਰ ਵੀ ਗਏ, ਤਾਂ ਪਰਮੇਸ਼ੁਰ ਸਾਨੂੰ ਜ਼ਰੂਰ ਜੀਉਂਦਾ ਕਰੇਗਾ ਅਤੇ ਅਸੀਂ ਫਿਰ ਕਦੇ ਨਹੀਂ ਮਰਾਂਗੇ। (ਯੂਹੰ. 5:28, 29; 1 ਕੁਰਿੰ. 15:55-58; ਇਬ. 2:15) ਅਸੀਂ ਇਸ ਗੱਲ ਦਾ ਪੱਕਾ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਅਸੀਂ ਹਮੇਸ਼ਾ ਲਈ ਜੀਉਂਦੇ ਰਹਾਂਗੇ? ਆਓ ਆਪਾਂ ਕੁਝ ਕਾਰਨਾਂ ʼਤੇ ਗੌਰ ਕਰੀਏ।

ਯਹੋਵਾਹ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ

3. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਹਮੇਸ਼ਾ ਲਈ ਜੀਉਂਦਾ ਰੱਖ ਸਕਦਾ ਹੈ? (ਜ਼ਬੂਰ 102:12, 24, 27)

3 ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਜ਼ਿੰਦਗੀ ਦਾ ਸੋਮਾ ਹੈ ਅਤੇ ਉਹ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ। ਇਸ ਕਰਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਹਮੇਸ਼ਾ ਲਈ ਜੀਉਂਦਾ ਰੱਖ ਸਕਦਾ ਹੈ। (ਜ਼ਬੂ. 36:9) ਆਓ ਬਾਈਬਲ ਦੀਆਂ ਕੁਝ ਆਇਤਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਯਹੋਵਾਹ ਯੁਗਾਂ-ਯੁਗਾਂ ਦਾ ਪਰਮੇਸ਼ੁਰ ਹੈ। ਜ਼ਬੂਰ 90:2 ਵਿਚ ਲਿਖਿਆ ਹੈ ਕਿ ਯਹੋਵਾਹ ‘ਹਮੇਸ਼ਾ ਤੋਂ ਪਰਮੇਸ਼ੁਰ ਹੈ ਅਤੇ ਹਮੇਸ਼ਾ ਰਹੇਗਾ।’ ਨਾਲੇ ਜ਼ਬੂਰ 102 ਵਿਚ ਵੀ ਇਹੀ ਗੱਲ ਲਿਖੀ ਗਈ ਹੈ। (ਜ਼ਬੂਰ 102:12, 24, 27 ਪੜ੍ਹੋ।) ਹੱਬਕੂਕ ਨਬੀ ਨੇ ਵੀ ਸਾਡੇ ਸਵਰਗੀ ਪਿਤਾ ਬਾਰੇ ਲਿਖਿਆ: “ਹੇ ਯਹੋਵਾਹ, ਕੀ ਤੂੰ ਹਮੇਸ਼ਾ ਤੋਂ ਨਹੀਂ ਹੈਂ? ਹੇ ਮੇਰੇ ਪਵਿੱਤਰ ਪਰਮੇਸ਼ੁਰ, ਤੂੰ ਕਦੇ ਨਹੀਂ ਮਰਦਾ।”​—ਹੱਬ. 1:12.

4. ਜੇ ਸਾਡੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਯਹੋਵਾਹ ਯੁਗਾਂ-ਯੁਗਾਂ ਤੋਂ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਇਹ ਗੱਲ ਸੱਚ ਨਹੀਂ ਹੈ? ਸਮਝਾਓ।

4 ਕੀ ਤੁਹਾਨੂੰ ਇਹ ਗੱਲ ਸਮਝਣੀ ਔਖੀ ਲੱਗਦੀ ਹੈ ਕਿ ਯਹੋਵਾਹ “ਯੁਗਾਂ-ਯੁਗਾਂ” ਤੋਂ ਹੈ? (ਯਸਾ. 40:28) ਬਹੁਤ ਸਾਰੇ ਲੋਕਾਂ ਨੂੰ ਇਹ ਸੱਚਾਈ ਸਮਝਣੀ ਔਖੀ ਲੱਗਦੀ ਹੈ। ਅਲੀਹੂ ਨੇ ਪਰਮੇਸ਼ੁਰ ਬਾਰੇ ਕਿਹਾ: “ਉਸ ਦੇ ਵਰ੍ਹਿਆਂ ਦੀ ਗਿਣਤੀ ਸਮਝ ਤੋਂ ਪਰੇ ਹੈ।” (ਅੱਯੂ. 36:26) ਪਰ ਜੇ ਕੋਈ ਗੱਲ ਸਾਨੂੰ ਸਮਝ ਨਹੀਂ ਆਉਂਦੀ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਗੱਲ ਸੱਚ ਨਹੀਂ ਹੈ। ਉਦਾਹਰਣ ਲਈ, ਸ਼ਾਇਦ ਸਾਨੂੰ ਪੂਰੀ ਤਰ੍ਹਾਂ ਸਮਝ ਨਾ ਆਵੇ ਕਿ ਪਾਣੀ ਤੋਂ ਬਿਜਲੀ ਕਿੱਦਾਂ ਬਣਦੀ ਹੈ ਅਤੇ ਬਿਜਲੀ ਨਾਲ ਸਾਰਾ ਕੁਝ ਕਿਵੇਂ ਚੱਲਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਬਿਜਲੀ ਹੈ ਹੀ ਨਹੀਂ। ਪਰਮੇਸ਼ੁਰ ਦੀ ਹੋਂਦ ਬਾਰੇ ਵੀ ਇਹ ਗੱਲ ਸੱਚ ਹੈ। ਚਾਹੇ ਇਨਸਾਨ ਇਹ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਕਿ ਪਰਮੇਸ਼ੁਰ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਯੁਗਾਂ-ਯੁਗਾਂ ਤੋਂ ਨਹੀਂ ਹੈ। ਪਰਮੇਸ਼ੁਰ ਬਾਰੇ ਸੱਚਾਈ ਇਸ ਗੱਲ ʼਤੇ ਨਿਰਭਰ ਨਹੀਂ ਕਰਦੀ ਕਿ ਅਸੀਂ ਉਸ ਬਾਰੇ ਕਿੰਨਾ ਕੁ ਸਮਝ ਸਕਦੇ ਹਾਂ। (ਰੋਮੀ. 11:33-36) ਉਹ ਪੂਰੀ ਕਾਇਨਾਤ ਨੂੰ ਬਣਾਉਣ ਤੋਂ ਪਹਿਲਾਂ ਹੋਂਦ ਵਿਚ ਹੈ, ਇੱਥੋਂ ਤਕ ਕਿ ਚੰਦ, ਸੂਰਜ ਅਤੇ ਤਾਰੇ ਬਣਾਉਣ ਤੋਂ ਪਹਿਲਾਂ ਵੀ। ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ “ਧਰਤੀ ਦਾ ਸਿਰਜਣਹਾਰ ਹੈ” ਅਤੇ “ਉਸ ਨੇ ਆਪਣੀ ਤਾਕਤ ਨਾਲ ਇਸ ਨੂੰ ਬਣਾਇਆ ਹੈ।” ਜੀ ਹਾਂ, ਉਹ ‘ਆਕਾਸ਼ ਨੂੰ ਤਾਣਨ’ ਤੋਂ ਪਹਿਲਾਂ ਤੋਂ ਹੀ ਹੋਂਦ ਵਿਚ ਹੈ। (ਯਿਰ. 51:15; ਰਸੂ. 17:24) ਇਸ ਗੱਲ ʼਤੇ ਯਕੀਨ ਕਰਨ ਦਾ ਹੋਰ ਕਿਹੜਾ ਕਾਰਨ ਹੈ ਕਿ ਅਸੀਂ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਹਾਂ?

ਸਾਨੂੰ ਹਮੇਸ਼ਾ ਤਕ ਜੀਉਂਦੇ ਰਹਿਣ ਲਈ ਬਣਾਇਆ ਗਿਆ ਸੀ

5. ਪਹਿਲੇ ਇਨਸਾਨੀ ਜੋੜੇ ਕੋਲ ਕਿਹੜੀ ਉਮੀਦ ਸੀ?

5 ਯਹੋਵਾਹ ਨੇ ਪੇੜ-ਪੌਦਿਆਂ ਅਤੇ ਜਾਨਵਰਾਂ ਨੂੰ ਥੋੜ੍ਹੇ ਸਮੇਂ ਲਈ ਜੀਉਂਦਾ ਰਹਿਣ ਲਈ ਬਣਾਇਆ ਸੀ। ਇਸ ਤੋਂ ਉਲਟ, ਪਰਮੇਸ਼ੁਰ ਨੇ ਇਨਸਾਨਾਂ ਨੂੰ ਹਮੇਸ਼ਾ ਤਕ ਜੀਉਂਦੇ ਰਹਿਣ ਦੀ ਸ਼ਾਨਦਾਰ ਉਮੀਦ ਦਿੱਤੀ ਸੀ। ਪਰ ਯਹੋਵਾਹ ਨੇ ਆਦਮ ਨੂੰ ਚੇਤਾਵਨੀ ਦਿੱਤੀ ਸੀ: “ਤੂੰ ਚੰਗੇ-ਬੁਰੇ ਦੇ ਗਿਆਨ ਦੇ ਦਰਖ਼ਤ ਦਾ ਫਲ ਹਰਗਿਜ਼ ਨਾ ਖਾਈਂ ਕਿਉਂਕਿ ਜਿਸ ਦਿਨ ਤੂੰ ਉਸ ਦਾ ਫਲ ਖਾਵੇਂਗਾ, ਤੂੰ ਜ਼ਰੂਰ ਮਰ ਜਾਵੇਂਗਾ।” (ਉਤ. 2:17) ਜੇ ਆਦਮ ਅਤੇ ਹੱਵਾਹ ਯਹੋਵਾਹ ਦੇ ਆਗਿਆਕਾਰ ਰਹਿੰਦੇ, ਤਾਂ ਉਨ੍ਹਾਂ ਨੇ ਕਦੇ ਨਹੀਂ ਮਰਨਾ ਸੀ। ਇਸ ਲਈ ਇਹ ਕਹਿਣਾ ਸਹੀ ਹੋਵੇਗਾ ਕਿ ਜੇ ਉਹ ਵਫ਼ਾਦਾਰ ਰਹੇ ਹੁੰਦੇ, ਤਾਂ ਯਹੋਵਾਹ ਪਰਮੇਸ਼ੁਰ ਨੇ ਇਕ ਸਮੇਂ ʼਤੇ ਉਨ੍ਹਾਂ ਨੂੰ “ਜੀਵਨ ਦੇ ਦਰਖ਼ਤ” ਦਾ ਫਲ ਖਾਣ ਦੀ ਇਜਾਜ਼ਤ ਦੇ ਦੇਣੀ ਸੀ। ਇਹ ਇਸ ਗੱਲ ਦੀ ਗਾਰੰਟੀ ਹੋਣੀ ਸੀ ਕਿ ਉਨ੍ਹਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਜ਼ਰੂਰ ਮਿਲੇਗੀ।b​—ਉਤ. 3:22.

“ਹਮੇਸ਼ਾ ਲਈ”

ਬਾਈਬਲ ਵਿਚ ਕਈ ਵਾਰ ਇਬਰਾਨੀ ਸ਼ਬਦ ‘ਓਲਾਮ’ ਵਰਤਿਆ ਗਿਆ ਹੈ ਜਿਸ ਦਾ ਪੰਜਾਬੀ ਵਿਚ ਅਨੁਵਾਦ “ਹਮੇਸ਼ਾ ਲਈ” ਕੀਤਾ ਗਿਆ ਹੈ। ਬਾਈਬਲ ਵਿਚ ਇਹ ਸ਼ਬਦ ਉਸ ਚੀਜ਼ ਲਈ ਵਰਤਿਆ ਜਾਂਦਾ ਹੈ ਜੋ ਲੰਬੇ ਸਮੇਂ ਤੋਂ ਹੋਂਦ ਵਿਚ ਸੀ ਅਤੇ ਭਵਿੱਖ ਵਿਚ ਲੰਬੇ ਸਮੇਂ ਤਕ ਹੋਂਦ ਵਿਚ ਰਹੇਗੀ। ਉਸ ਦੀ ਸ਼ੁਰੂਆਤ ਜਾਂ ਅੰਤ ਬਾਰੇ ਕੁਝ ਨਹੀਂ ਦੱਸਿਆ ਗਿਆ ਹੁੰਦਾ। (ਯਹੋ. 24:2; ਜ਼ਬੂ. 24:7, 9) ਇਹ ਕਿਸੇ ਅਜਿਹੀ ਚੀਜ਼ ਲਈ ਵੀ ਵਰਤਿਆ ਜਾ ਸਕਦਾ ਹੈ ਜਿਸ ਦਾ ਕਦੇ ਵੀ ਅੰਤ ਨਹੀਂ ਹੁੰਦਾ। ਇਸ ਲਈ ਇਹ ਸ਼ਬਦ ਯਹੋਵਾਹ ਲਈ ਵੀ ਵਰਤਿਆ ਜਾਂਦਾ ਹੈ ਕਿਉਂਕਿ ਉਹ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ। (ਜ਼ਬੂ. 102:12, 24, 27) ਨਵੀਂ ਦੁਨੀਆਂ ਅਨੁਵਾਦ ਵਿਚ ਇਸ ਇਬਰਾਨੀ ਸ਼ਬਦ ਦਾ ਤਰਜਮਾ “ਸਦਾ,” “ਹਮੇਸ਼ਾ,” “ਕਦੀ ਨਾ ਮਿਟਣ ਵਾਲਾ” ਅਤੇ “ਯੁਗਾਂ-ਯੁਗਾਂ ਤੋਂ” ਕੀਤਾ ਗਿਆ ਹੈ। ਕਿਸੇ ਆਇਤ ਵਿਚ ਓਲਾਮ ਲਈ ਇਨ੍ਹਾਂ ਵਿੱਚੋਂ ਕਿਹੜਾ ਸ਼ਬਦ ਆਏਗਾ, ਇਹ ਤੈਅ ਕਰਨ ਲਈ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਉੱਥੇ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ।

6-7. (ੳ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ਨੂੰ ਹਮੇਸ਼ਾ ਤਕ ਜੀਉਂਦੇ ਰਹਿਣ ਲਈ ਬਣਾਇਆ ਗਿਆ ਸੀ? (ਅ) ਤੁਸੀਂ ਨਵੀਂ ਦੁਨੀਆਂ ਵਿਚ ਕੀ ਕੁਝ ਕਰਨਾ ਚਾਹੁੰਦੇ ਹੋ? (ਤਸਵੀਰਾਂ ਦੇਖੋ।)

6 ਇਹ ਗੱਲ ਸੱਚ ਹੈ ਕਿ ਸਾਡਾ ਦਿਮਾਗ਼ ਪੂਰੀ ਜ਼ਿੰਦਗੀ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਦਾ ਹੈ। ਕੁਝ ਵਿਗਿਆਨੀਆਂ ਨੂੰ ਸਬੂਤ ਮਿਲੇ ਹਨ ਕਿ ਸਾਡੇ ਦਿਮਾਗ਼ ਵਿਚ ਇਸ ਤੋਂ ਵੀ ਕਿਤੇ ਜ਼ਿਆਦਾ ਜਾਣਕਾਰੀ ਇਕੱਠੀ ਕਰਨ ਦੀ ਯੋਗਤਾ ਹੈ। 2010 ਦੇ ਇਕ ਵਿਗਿਆਨਕ ਰਸਾਲੇ (ਸਾਇੰਟੀਫ਼ਿਕ ਅਮੈਰੀਕਨ ਮਾਈਂਡ) ਵਿਚ ਦੱਸਿਆ ਗਿਆ ਹੈ ਕਿ ਵਿਗਿਆਨੀਆਂ ਦੇ ਅੰਦਾਜ਼ੇ ਮੁਤਾਬਕ ਸਾਡਾ ਦਿਮਾਗ਼ ਤਕਰੀਬਨ 25 ਲੱਖ ਜੀ. ਬੀ. ਡਾਟਾ ਜਿੰਨੀ ਜਾਣਕਾਰੀ ਇਕੱਠੀ ਕਰ ਸਕਦਾ ਹੈ। ਜੇ ਇਸ ਜਾਣਕਾਰੀ ਨੂੰ ਲਗਾਤਾਰ ਟੀ. ਵੀ. ʼਤੇ ਚਲਾਇਆ ਜਾਵੇ, ਤਾਂ ਇਸ ਨੂੰ ਦੇਖਣ ਲਈ 30 ਲੱਖ ਘੰਟੇ (ਯਾਨੀ 300 ਤੋਂ ਵੀ ਜ਼ਿਆਦਾ ਸਾਲ) ਲੱਗਣਗੇ। ਸਾਡਾ ਦਿਮਾਗ਼ ਇਸ ਨਾਲੋਂ ਕਿਤੇ ਜ਼ਿਆਦਾ ਜਾਣਕਾਰੀ ਇਕੱਠੀ ਕਰ ਸਕਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਸਾਡੇ ਦਿਮਾਗ਼ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਇਹ ਕਾਫ਼ੀ ਲੰਬੇ ਸਮੇਂ ਦੀ ਜਾਣਕਾਰੀ ਇਕੱਠੀ ਕਰ ਕੇ ਰੱਖ ਸਕਦਾ ਹੈ, ਨਾ ਕਿ ਸਿਰਫ਼ 70 ਜਾਂ 80 ਸਾਲਾਂ ਦੀ ਜਾਣਕਾਰੀ ਨੂੰ।​—ਜ਼ਬੂ. 90:10.

7 ਯਹੋਵਾਹ ਨੇ ਸਾਡੇ ਅੰਦਰ ਹਮੇਸ਼ਾ ਤਕ ਜੀਉਂਦੇ ਰਹਿਣ ਦੀ ਜ਼ਬਰਦਸਤ ਇੱਛਾ ਪਾਈ ਹੈ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਦੇ ‘ਮਨਾਂ ਵਿਚ ਹਮੇਸ਼ਾ ਤਕ ਜੀਉਂਦੇ ਰਹਿਣ ਦਾ ਵਿਚਾਰ ਪਾਇਆ ਹੈ।’ (ਉਪ. 3:11) ਇਸ ਕਰਕੇ ਅਸੀਂ ਮੌਤ ਨੂੰ ਆਪਣਾ ਦੁਸ਼ਮਣ ਸਮਝਦੇ ਹਾਂ। (1 ਕੁਰਿੰ. 15:26) ਜ਼ਰਾ ਸੋਚੋ, ਬਹੁਤ ਜ਼ਿਆਦਾ ਬੀਮਾਰ ਪੈਣ ਤੇ ਕੀ ਅਸੀਂ ਹੱਥ ʼਤੇ ਹੱਥ ਧਰ ਕੇ ਬੈਠੇ ਰਹਿੰਦੇ ਹਾਂ ਅਤੇ ਮੌਤ ਦਾ ਇੰਤਜ਼ਾਰ ਕਰਦੇ ਹਾਂ? ਬਿਲਕੁਲ ਨਹੀਂ, ਅਸੀਂ ਡਾਕਟਰ ਕੋਲ ਜਾਂਦੇ ਹਾਂ ਅਤੇ ਆਪਣਾ ਇਲਾਜ ਕਰਾਉਣ ਲਈ ਦਵਾਈ ਲੈਂਦੇ ਹਾਂ। ਦਰਅਸਲ ਅਸੀਂ ਮੌਤ ਤੋਂ ਬਚਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਇਲਾਵਾ, ਜਦੋਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੁੰਦੀ ਹੈ, ਤਾਂ ਅਸੀਂ ਲੰਬੇ ਸਮੇਂ ਤਕ ਉਸ ਦਾ ਸੋਗ ਮਨਾਉਂਦੇ ਰਹਿੰਦੇ ਹਾਂ, ਫਿਰ ਚਾਹੇ ਉਹ ਜਵਾਨ ਹੋਵੇ ਜਾਂ ਸਿਆਣੀ ਉਮਰ ਦਾ। (ਯੂਹੰ. 11:32, 33) ਇਸ ਤੋਂ ਅਸੀਂ ਸੋਚ ਸਕਦੇ ਹਾਂ ਕਿ ਜੇ ਸਾਡੇ ਪਿਆਰੇ ਸ੍ਰਿਸ਼ਟੀਕਰਤਾ ਨੇ ਸਾਨੂੰ ਹਮੇਸ਼ਾ ਜੀਉਂਦੇ ਰਹਿਣ ਦੇ ਮਕਸਦ ਨਾਲ ਨਾ ਬਣਾਇਆ ਹੁੰਦਾ, ਤਾਂ ਉਸ ਨੇ ਸਾਡੇ ਅੰਦਰ ਇਹ ਇੱਛਾ ਕਿਉਂ ਪਾਉਣੀ ਸੀ ਅਤੇ ਸਾਨੂੰ ਹਮੇਸ਼ਾ ਤਕ ਜੀਉਂਦੇ ਰਹਿਣ ਦੀ ਕਾਬਲੀਅਤ ਨਾਲ ਕਿਉਂ ਬਣਾਉਣਾ ਸੀ। ਇਹ ਤਾਂ ਸਿਰਫ਼ ਕੁਝ ਸਬੂਤ ਹਨ, ਪਰ ਅੱਗੇ ਅਸੀਂ ਹੋਰ ਵੀ ਠੋਸ ਸਬੂਤਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਕਰਕੇ ਸਾਡਾ ਭਰੋਸਾ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ʼਤੇ ਹੋਰ ਵੀ ਪੱਕਾ ਹੁੰਦਾ ਹੈ। ਆਓ ਹੁਣ ਆਪਾਂ ਗੌਰ ਕਰੀਏ ਕਿ ਯਹੋਵਾਹ ਨੇ ਬੀਤੇ ਸਮੇਂ ਵਿਚ ਜੋ ਕੁਝ ਕੀਤਾ ਅਤੇ ਅੱਜ ਜੋ ਕੁਝ ਕਰ ਰਿਹਾ ਹੈ, ਉਸ ਤੋਂ ਇਸ ਗੱਲ ਦਾ ਸਬੂਤ ਕਿਵੇਂ ਮਿਲਦਾ ਹੈ ਕਿ ਉਸ ਦਾ ਮਕਸਦ ਬਦਲਿਆ ਨਹੀਂ ਹੈ।

ਤਸਵੀਰਾਂ: ਇਕ ਸਿਆਣੀ ਉਮਰ ਦਾ ਭਰਾ ਕੁਰਸੀ ʼਤੇ ਬੈਠਾ ਹੋਇਆ ਹੈ। ਉਸ ਦੇ ਸਾਮ੍ਹਣੇ ਮੇਜ਼ ʼਤੇ ਬਹੁਤ ਸਾਰੀਆਂ ਦਵਾਈਆਂ ਪਈਆਂ ਹੋਈਆਂ ਹਨ। ਉਹ ਬਾਈਬਲ ਪੜ੍ਹਦਿਆਂ ਇਹ ਸੋਚ ਰਿਹਾ ਹੈ ਕਿ ਉਹ ਨਵੀਂ ਦੁਨੀਆਂ ਕੀ ਕੁਝ ਕਰ ਸਕੇਗਾ। 1. ਉਹ ਕਿਸ਼ਤੀ ਚਲਾ ਰਿਹਾ ਹੈ। 2. ਉਹ ਇਕ ਪੇਂਟਿੰਗ ਬਣਾ ਰਿਹਾ ਹੈ। 3. ਉਹ ਸੈਰ ਕਰ ਰਿਹਾ ਹੈ ਅਤੇ ਉਸ ਦੇ ਨੇੜੇ ਇਕ ਝਰਨਾ ਹੈ।

ਇਹ ਸੋਚ ਕੇ ਕਿੰਨਾ ਵਧੀਆ ਲੱਗਦਾ ਹੈ ਕਿ ਅਸੀਂ ਹਮੇਸ਼ਾ ਲਈ ਜੀਵਾਂਗੇ ਅਤੇ ਕਿੰਨਾ ਕੁਝ ਕਰ ਸਕਾਂਗੇ (ਪੈਰਾ 7 ਦੇਖੋ)c

ਯਹੋਵਾਹ ਦਾ ਮਕਸਦ ਬਦਲਿਆ ਨਹੀਂ ਹੈ

8. ਯਸਾਯਾਹ 55:11 ਤੋਂ ਸਾਨੂੰ ਯਹੋਵਾਹ ਦੇ ਮਕਸਦ ਬਾਰੇ ਕੀ ਪਤਾ ਲੱਗਦਾ ਹੈ?

8 ਚਾਹੇ ਆਦਮ ਅਤੇ ਹੱਵਾਹ ਨੇ ਪਾਪ ਕੀਤਾ ਅਤੇ ਆਪਣੇ ਬੱਚਿਆਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ, ਫਿਰ ਵੀ ਇਨਸਾਨਾਂ ਲਈ ਯਹੋਵਾਹ ਦਾ ਮਕਸਦ ਬਦਲਿਆ ਨਹੀਂ। (ਯਸਾਯਾਹ 55:11 ਪੜ੍ਹੋ।) ਯਹੋਵਾਹ ਅੱਜ ਵੀ ਇਹੀ ਚਾਹੁੰਦਾ ਹੈ ਕਿ ਵਫ਼ਾਦਾਰ ਲੋਕ ਹਮੇਸ਼ਾ ਲਈ ਜੀਉਂਦੇ ਰਹਿਣ। ਉਸ ਨੇ ਬੀਤੇ ਸਮੇਂ ਵਿਚ ਜੋ ਕੁਝ ਕਿਹਾ ਅਤੇ ਕੀਤਾ, ਉਸ ਤੋਂ ਸਬੂਤ ਮਿਲਦਾ ਹੈ ਕਿ ਉਹ ਆਪਣਾ ਇਹ ਮਕਸਦ ਜ਼ਰੂਰ ਪੂਰਾ ਕਰੇਗਾ।

9. ਪਰਮੇਸ਼ੁਰ ਨੇ ਕੀ ਵਾਅਦਾ ਕੀਤਾ ਹੈ? (ਦਾਨੀਏਲ 12:2, 13)

9 ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦੇਵੇਗਾ। (ਰਸੂ. 24:15; ਤੀਤੁ. 1:1, 2) ਵਫ਼ਾਦਾਰ ਸੇਵਕ ਅੱਯੂਬ ਨੂੰ ਇਸ ਗੱਲ ਦਾ ਪੱਕਾ ਭਰੋਸਾ ਸੀ ਕਿ ਯਹੋਵਾਹ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਤਰਸਦਾ ਹੈ। (ਅੱਯੂ. 14:14, 15) ਦਾਨੀਏਲ ਨਬੀ ਵੀ ਇਸ ਗੱਲ ਤੋਂ ਵਾਕਫ਼ ਸੀ ਕਿ ਇਨਸਾਨਾਂ ਕੋਲ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਹੈ ਅਤੇ ਨਵੀਂ ਦੁਨੀਆਂ ਵਿਚ ਉਨ੍ਹਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਹੋਵੇਗਾ। (ਜ਼ਬੂ. 37:29; ਦਾਨੀਏਲ 12:2, 13 ਪੜ੍ਹੋ।) ਯਿਸੂ ਦੇ ਜ਼ਮਾਨੇ ਦੇ ਯਹੂਦੀ ਵੀ ਜਾਣਦੇ ਸਨ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਦੇਵੇਗਾ। (ਲੂਕਾ 10:25; 18:18) ਯਿਸੂ ਨੇ ਵਾਰ-ਵਾਰ ਇਸ ਵਾਅਦੇ ਬਾਰੇ ਦੱਸਿਆ ਸੀ। ਨਾਲੇ ਜਦੋਂ ਯਿਸੂ ਦੀ ਮੌਤ ਹੋ ਗਈ, ਤਾਂ ਉਸ ਦੇ ਪਿਤਾ ਨੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਸੀ।​—ਮੱਤੀ 19:29; 22:31, 32; ਲੂਕਾ 18:30; ਯੂਹੰ. 11:25.

ਏਲੀਯਾਹ ਨਬੀ ਨੇ ਸਾਰਫਥ ਦੀ ਇਕ ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕੀਤਾ। ਉਹ ਆਪਣੇ ਮੁੰਡੇ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੀ ਹੋਈ।

ਏਲੀਯਾਹ ਨੇ ਇਕ ਮੁੰਡੇ ਨੂੰ ਜੀਉਂਦਾ ਕੀਤਾ ਸੀ, ਇਸ ਤੋਂ ਤੁਹਾਨੂੰ ਕਿਹੜੀ ਗੱਲ ਦਾ ਯਕੀਨ ਹੁੰਦਾ ਹੈ? (ਪੈਰਾ 10 ਦੇਖੋ)

10. ਪੁਰਾਣੇ ਜ਼ਮਾਨੇ ਵਿਚ ਮਰ ਚੁੱਕੇ ਲੋਕਾਂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਤੋਂ ਕਿਹੜੀ ਗੱਲ ਦਾ ਸਬੂਤ ਮਿਲਦਾ ਹੈ? (ਤਸਵੀਰ ਦੇਖੋ।)

10 ਯਹੋਵਾਹ ਜੀਵਨ ਦਾਤਾ ਹੈ ਅਤੇ ਉਸ ਕੋਲ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ। ਉਸ ਨੇ ਏਲੀਯਾਹ ਨਬੀ ਨੂੰ ਤਾਕਤ ਦਿੱਤੀ ਸੀ ਜਿਸ ਕਰਕੇ ਉਹ ਸਾਰਫਥ ਦੀ ਇਕ ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕਰ ਸਕਿਆ। (1 ਰਾਜ. 17:21-23) ਇਸ ਤੋਂ ਇਲਾਵਾ, ਅਲੀਸ਼ਾ ਨਬੀ ਨੇ ਪਰਮੇਸ਼ੁਰ ਦੀ ਮਦਦ ਨਾਲ ਸ਼ੂਨੰਮੀ ਔਰਤ ਦੇ ਮੁੰਡੇ ਨੂੰ ਜੀਉਂਦਾ ਕੀਤਾ ਸੀ। (2 ਰਾਜ. 4:18-20, 34-37) ਬਾਈਬਲ ਵਿਚ ਕੁਝ ਹੋਰ ਵੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਇਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਯਹੋਵਾਹ ਕੋਲ ਮਰੇ ਹੋਇਆ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ। ਉਸ ਨੇ ਇਹ ਤਾਕਤ ਆਪਣੇ ਪੁੱਤਰ ਯਿਸੂ ਨੂੰ ਵੀ ਦਿੱਤੀ ਸੀ। ਇਸ ਲਈ ਧਰਤੀ ʼਤੇ ਹੁੰਦਿਆਂ ਯਿਸੂ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰ ਸਕਿਆ। (ਯੂਹੰ. 11:23-25, 43, 44) ਹੁਣ ਯਿਸੂ ਸਵਰਗ ਵਿਚ ਹੈ ਅਤੇ ਉਸ ਨੂੰ ‘ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਦਿੱਤਾ ਗਿਆ ਹੈ।’ ਇਸ ਕਰਕੇ ਯਿਸੂ ਆਪਣਾ ਇਹ ਵਾਅਦਾ ਪੂਰਾ ਕਰਨ ਦੇ ਕਾਬਲ ਹੈ ਕਿ “ਕਬਰਾਂ ਵਿਚ ਪਏ ਸਾਰੇ ਲੋਕ” ਜੀਉਂਦੇ ਕੀਤੇ ਜਾਣਗੇ ਅਤੇ ਜੀਉਂਦੇ ਕੀਤੇ ਲੋਕਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਹੋਵੇਗਾ।​—ਮੱਤੀ 28:18; ਯੂਹੰ. 5:25-29.

11. ਰਿਹਾਈ ਦੀ ਕੀਮਤ ਕਰਕੇ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣਾ ਮੁਮਕਿਨ ਕਿਵੇਂ ਹੋਇਆ?

11 ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਇੰਨੀ ਦਰਦਨਾਕ ਮੌਤ ਕਿਉਂ ਮਰਨ ਦਿੱਤਾ? ਯਿਸੂ ਨੇ ਇਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ: “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰ. 3:16) ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਰਿਹਾਈ ਦੀ ਕੀਮਤ ਵਜੋਂ ਕੁਰਬਾਨ ਕਰ ਕੇ ਸਾਡੇ ਸਾਰੇ ਪਾਪਾਂ ਨੂੰ ਢੱਕ ਲਿਆ। ਇਸ ਤਰ੍ਹਾਂ ਪਰਮੇਸ਼ੁਰ ਨੇ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣਾ ਮੁਮਕਿਨ ਕੀਤਾ। (ਮੱਤੀ 20:28) ਪੌਲੁਸ ਰਸੂਲ ਨੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਪਰਮੇਸ਼ੁਰ ਦੇ ਮਕਸਦ ਦੀ ਇਸ ਅਹਿਮ ਗੱਲ ਬਾਰੇ ਲਿਖਿਆ: “ਜਿਵੇਂ ਇਕ ਆਦਮੀ ਦੇ ਜ਼ਰੀਏ ਮੌਤ ਆਈ ਸੀ, ਉਸੇ ਤਰ੍ਹਾਂ ਇਕ ਆਦਮੀ ਦੇ ਜ਼ਰੀਏ ਹੀ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ। ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ, ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ।”​—1 ਕੁਰਿੰ. 15:21, 22.

12. ਯਹੋਵਾਹ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ?

12 ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਪਰਮੇਸ਼ੁਰ ਦੇ ਰਾਜ ਦੇ ਆਉਣ ਬਾਰੇ ਅਤੇ ਧਰਤੀ ʼਤੇ ਪਰਮੇਸ਼ੁਰ ਦੀ ਇੱਛਾ ਦੇ ਪੂਰਾ ਹੋਣ ਬਾਰੇ ਪ੍ਰਾਰਥਨਾ ਕਰਨ। (ਮੱਤੀ 6:9, 10) ਪਰਮੇਸ਼ੁਰ ਦਾ ਮਕਸਦ ਹੈ ਕਿ ਇਨਸਾਨ ਧਰਤੀ ʼਤੇ ਹਮੇਸ਼ਾ ਲਈ ਜੀਉਂਦੇ ਰਹਿਣ। ਯਹੋਵਾਹ ਨੇ ਆਪਣੇ ਇਸ ਮਕਸਦ ਨੂੰ ਪੂਰਾ ਕਰਨ ਲਈ ਆਪਣੇ ਪੁੱਤਰ ਨੂੰ ਆਪਣੇ ਰਾਜ ਦਾ ਰਾਜਾ ਬਣਾਇਆ ਹੈ। ਨਾਲੇ ਪਰਮੇਸ਼ੁਰ 1,44,000 ਲੋਕਾਂ ਨੂੰ ਧਰਤੀ ਤੋਂ ਇਕੱਠਾ ਕਰ ਰਿਹਾ ਹੈ ਤਾਂਕਿ ਉਹ ਯਿਸੂ ਨਾਲ ਮਿਲ ਕੇ ਉਸ ਦੀ ਮਰਜ਼ੀ ਪੂਰੀ ਕਰਨ।​—ਪ੍ਰਕਾ. 5:9, 10.

13. ਯਹੋਵਾਹ ਅੱਜ ਕੀ ਕਰ ਰਿਹਾ ਹੈ ਅਤੇ ਅਸੀਂ ਇਸ ਵਿਚ ਕਿਵੇਂ ਸ਼ਾਮਲ ਹਾਂ?

13 ਯਹੋਵਾਹ ਅੱਜ “ਵੱਡੀ ਭੀੜ” ਦੇ ਲੋਕਾਂ ਨੂੰ ਇਕੱਠਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਰਾਜ ਅਧੀਨ ਰਹਿਣਾ ਸਿਖਾ ਰਿਹਾ ਹੈ। (ਪ੍ਰਕਾ. 7:9, 10; ਯਾਕੂ. 2:8) ਦੇਖਿਆ ਜਾਵੇ ਤਾਂ ਦੁਨੀਆਂ ਦੇ ਲੋਕਾਂ ਵਿਚ ਫੁੱਟ ਪਈ ਹੋਈ ਹੈ। ਉਹ ਇਕ-ਦੂਜੇ ਨਾਲ ਨਫ਼ਰਤ ਕਰਦੇ ਹਨ ਅਤੇ ਹਰ ਪਾਸੇ ਯੁੱਧ ਹੋ ਰਹੇ ਹਨ। ਪਰ “ਵੱਡੀ ਭੀੜ” ਦੇ ਲੋਕ ਸਾਰਿਆਂ ਨਾਲ ਪਿਆਰ ਕਰਦੇ ਹਨ। ਉਹ ਕੌਮ ਜਾਂ ਜਾਤ ਕਰਕੇ ਕਿਸੇ ਨਾਲ ਫ਼ਰਕ ਨਹੀਂ ਕਰਦੇ, ਸਗੋਂ ਉਹ ਆਪਣੇ ਕੰਮਾਂ ਰਾਹੀਂ ਦਿਖਾਉਂਦੇ ਹਨ ਕਿ ਉਨ੍ਹਾਂ ਨੇ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਇਆ ਹੈ। (ਮੀਕਾ. 4:3) ਅੱਜ ਦੁਨੀਆਂ ਦੇ ਲੋਕ ਯੁੱਧਾਂ ਵਿਚ ਹਿੱਸਾ ਲੈ ਕਿ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਪਰ “ਵੱਡੀ ਭੀੜ” ਦੇ ਲੋਕ ਦੂਜਿਆਂ ਨੂੰ ਸੱਚੇ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸਿਖਾ ਰਹੇ ਹਨ ਤਾਂਕਿ ਲੋਕ “ਅਸਲੀ ਜ਼ਿੰਦਗੀ” ਪਾ ਸਕਣ ਅਤੇ ਧਰਤੀ ਉੱਤੇ ਹਮੇਸ਼ਾ ਲਈ ਜੀ ਸਕਣ। (1 ਤਿਮੋ. 6:19) “ਵੱਡੀ ਭੀੜ” ਦੇ ਲੋਕ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਂਦੇ ਹਨ। ਇਸ ਕਰਕੇ ਸ਼ਾਇਦ ਉਨ੍ਹਾਂ ਦੇ ਘਰਦੇ ਉਨ੍ਹਾਂ ਦਾ ਵਿਰੋਧ ਕਰਨ ਜਾਂ ਉਨ੍ਹਾਂ ਨੂੰ ਪੈਸਿਆਂ ਦੀ ਤੰਗੀ ਝੱਲਣੀ ਪਵੇ। ਪਰ ਯਹੋਵਾਹ ਹਮੇਸ਼ਾ ਧਿਆਨ ਰੱਖਦਾ ਹੈ ਕਿ ਉਨ੍ਹਾਂ ਨੂੰ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਰਹਿਣ। (ਮੱਤੀ 6:25, 30-33; ਲੂਕਾ 18:29, 30) ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਨੂੰ ਭਰੋਸਾ ਹੁੰਦਾ ਹੈ ਕਿ ਪਰਮੇਸ਼ੁਰ ਦਾ ਰਾਜ ਇਕ ਅਸਲੀ ਸਰਕਾਰ ਹੈ ਅਤੇ ਇਸ ਰਾਹੀਂ ਯਹੋਵਾਹ ਭਵਿੱਖ ਵਿਚ ਵੀ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ।

ਸੁਨਹਿਰਾ ਭਵਿੱਖ

14-15. ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰਨ ਦਾ ਯਹੋਵਾਹ ਦਾ ਵਾਅਦਾ ਕਿਵੇਂ ਪੂਰਾ ਹੋਵੇਗਾ?

14 ਯਿਸੂ ਹੁਣ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ ਅਤੇ ਉਹ ਯਹੋਵਾਹ ਦੁਆਰਾ ਕੀਤੇ ਸਾਰੇ ਵਾਅਦੇ ਪੂਰੇ ਕਰੇਗਾ। (2 ਕੁਰਿੰ. 1:20) 1914 ਤੋਂ ਯਿਸੂ ਆਪਣੇ ਦੁਸ਼ਮਣਾਂ ʼਤੇ ਜਿੱਤ ਹਾਸਲ ਕਰਦਾ ਆ ਰਿਹਾ ਹੈ। (ਜ਼ਬੂ. 110:1, 2) ਪਰ ਬਹੁਤ ਜਲਦੀ ਉਹ ਅਤੇ 1,44,000 ਜਣੇ ਸਾਰੇ ਦੁਸ਼ਟਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਆਪਣੀ ਜਿੱਤ ਪੂਰੀ ਕਰਨਗੇ।​—ਪ੍ਰਕਾ. 6:2.

15 ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰੇਗਾ ਅਤੇ ਆਗਿਆਕਾਰ ਇਨਸਾਨਾਂ ਦੀ ਮੁਕੰਮਲ ਬਣਨ ਵਿਚ ਮਦਦ ਕਰੇਗਾ। ਆਖ਼ਰੀ ਪਰੀਖਿਆ ਤੋਂ ਬਾਅਦ ਯਹੋਵਾਹ ਜਿਨ੍ਹਾਂ ਲੋਕਾਂ ਨੂੰ ਧਰਮੀ ਠਹਿਰਾਵੇਗਾ ਉਹ “ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।” (ਜ਼ਬੂ. 37:10, 11, 29) ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ “ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।”​—1 ਕੁਰਿੰ. 15:26.

16. ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਸਭ ਤੋਂ ਵੱਡਾ ਕਾਰਨ ਕਿਹੜਾ ਹੈ?

16 ਇਸ ਲੇਖ ਵਿਚ ਅਸੀਂ ਬਾਈਬਲ ਵਿੱਚੋਂ ਤਿੰਨ ਗੱਲਾਂ ਬਾਰੇ ਜਾਣਿਆ ਜਿਨ੍ਹਾਂ ਤੋਂ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਹਮੇਸ਼ਾ ਤਕ ਜੀਉਂਦੇ ਰਹਿ ਸਕਦੇ ਹਾਂ। ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਡੀ ਇਹ ਉਮੀਦ ਪੂਰੀ ਹੋਵੇਗੀ। ਆਪਣੀ ਇਸ ਉਮੀਦ ਬਾਰੇ ਸੋਚਣ ਕਰਕੇ ਅਸੀਂ ਮੁਸ਼ਕਲਾਂ ਦੌਰਾਨ ਵੀ ਵਫ਼ਾਦਾਰ ਰਹਿ ਪਾਉਂਦੇ ਹਾਂ। ਪਰ ਅਸੀਂ ਯਹੋਵਾਹ ਨੂੰ ਸਿਰਫ਼ ਇਸ ਲਈ ਖ਼ੁਸ਼ ਨਹੀਂ ਕਰਦੇ ਕਿਉਂਕਿ ਅਸੀਂ ਹਮੇਸ਼ਾ ਲਈ ਜੀਉਣਾ ਚਾਹੁੰਦੇ ਹਾਂ। ਯਹੋਵਾਹ ਅਤੇ ਯਿਸੂ ਦੇ ਵਫ਼ਾਦਾਰ ਰਹਿਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ। (2 ਕੁਰਿੰ. 5:14, 15) ਨਾਲੇ ਇਸੇ ਕਰਕੇ ਅਸੀਂ ਉਨ੍ਹਾਂ ਵਾਂਗ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਲੋਕਾਂ ਨੂੰ ਆਪਣੀ ਇਸ ਉਮੀਦ ਬਾਰੇ ਦੱਸਦੇ ਹਾਂ। (ਰੋਮੀ. 10:13-15) ਜਦੋਂ ਅਸੀਂ ਸਿਰਫ਼ ਆਪਣੇ ਬਾਰੇ ਨਹੀਂ ਸੋਚਾਂਗੇ ਅਤੇ ਦੂਸਰਿਆਂ ਨੂੰ ਯਹੋਵਾਹ ਦੇ ਮਕਸਦਾਂ ਬਾਰੇ ਦੱਸਾਂਗੇ, ਤਾਂ ਯਹੋਵਾਹ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਚਾਹੇਗਾ ਕਿ ਅਸੀਂ ਹਮੇਸ਼ਾ-ਹਮੇਸ਼ਾ ਲਈ ਉਸ ਦੇ ਦੋਸਤ ਬਣੇ ਰਹੀਏ।​—ਇਬ. 13:16.

17. ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਮੱਤੀ 7:13, 14)

17 ਕੀ ਅਸੀਂ ਉਨ੍ਹਾਂ ਲੋਕਾਂ ਵਿਚ ਹੋਵਾਂਗੇ ਜਿਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ? ਯਹੋਵਾਹ ਨੇ ਸਾਰੇ ਲੋਕਾਂ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੋਲ੍ਹਿਆ ਹੈ। ਹੁਣ ਇਹ ਸਾਡੇ ʼਤੇ ਹੈ ਕਿ ਅਸੀਂ ਇਸ ਰਾਹ ʼਤੇ ਚੱਲਾਂਗੇ ਜਾਂ ਨਹੀਂ। (ਮੱਤੀ 7:13, 14 ਪੜ੍ਹੋ।) ਨਵੀਂ ਦੁਨੀਆਂ ਵਿਚ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਇਸ ਸਵਾਲ ਦਾ ਜਵਾਬ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

ਤੁਸੀਂ ਕੀ ਜਵਾਬ ਦਿਓਗੇ?

  • ਕਿਹੜੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ਨੂੰ ਹਮੇਸ਼ਾ ਤਕ ਜੀਉਣ ਲਈ ਬਣਾਇਆ ਗਿਆ ਸੀ?

  • ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਨੇ ਇਨਸਾਨਾਂ ਲਈ ਆਪਣਾ ਮਕਸਦ ਬਦਲਿਆ ਨਹੀਂ ਹੈ?

  • ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦਾ ਸਭ ਤੋਂ ਅਹਿਮ ਕਾਰਨ ਕੀ ਹੋਣਾ ਚਾਹੀਦਾ ਹੈ?

ਗੀਤ 141 ਜੀਵਨ ਇਕ ਕਰਿਸ਼ਮਾ

a ਕੀ ਤੁਸੀਂ ਹਮੇਸ਼ਾ ਲਈ ਜੀਉਂਦੇ ਰਹਿਣਾ ਚਾਹੁੰਦੇ ਹੋ? ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਇਕ ਦਿਨ ਆਵੇਗਾ ਜਦੋਂ ਅਸੀਂ ਮਰਾਂਗੇ ਨਹੀਂ, ਸਗੋਂ ਹਮੇਸ਼ਾ ਲਈ ਜੀਉਂਦੇ ਰਹਾਂਗੇ। ਇਸ ਲੇਖ ਵਿਚ ਅਸੀਂ ਕੁਝ ਕਾਰਨਾਂ ʼਤੇ ਗੌਰ ਕਰਾਂਗੇ ਕਿ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣਾ ਇਹ ਵਾਅਦਾ ਜ਼ਰੂਰ ਪੂਰਾ ਕਰੇਗਾ।

b “ਹਮੇਸ਼ਾ ਲਈ” ਨਾਂ ਦੀ ਡੱਬੀ ਦੇਖੋ।

c ਤਸਵੀਰ ਬਾਰੇ ਜਾਣਕਾਰੀ: ਇਕ ਸਿਆਣੀ ਉਮਰ ਦਾ ਭਰਾ ਕਲਪਨਾ ਕਰਦਾ ਹੋਇਆ ਕਿ ਹਮੇਸ਼ਾ ਦੀ ਜ਼ਿੰਦਗੀ ਮਿਲਣ ਤੇ ਉਹ ਕੀ-ਕੀ ਕਰੇਗਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ