ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 10/15 ਸਫ਼ੇ 12-17
  • ਦਿਲੋਂ ਮਾਫ਼ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਿਲੋਂ ਮਾਫ਼ ਕਰੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਨੂੰ ਮਾਫ਼ੀ ਦੀ ਜ਼ਰੂਰਤ ਹੈ ਅਤੇ ਇਹ ਸਾਨੂੰ ਮਿਲਦੀ ਹੈ
  • ਸਾਨੂੰ ਮਾਫ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
  • ਸੁਲ੍ਹਾ ਕਰੋ—ਮਾਫ਼ ਕਰੋ
  • “ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਯਹੋਵਾਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਦਿਲੋਂ ਮਾਫ਼ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 10/15 ਸਫ਼ੇ 12-17

ਦਿਲੋਂ ਮਾਫ਼ ਕਰੋ

“ਇਸੇ ਤਰਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ।”—ਮੱਤੀ 18:35.

1, 2. (ੳ) ਇਕ ਜਾਣੀ-ਪਛਾਣੀ ਪਾਪਣ ਨੇ ਯਿਸੂ ਲਈ ਕਿਸ ਤਰ੍ਹਾਂ ਕਦਰ ਦਿਖਾਈ ਸੀ? (ਅ) ਯਿਸੂ ਨੇ ਮਿਸਾਲ ਦੇ ਕੇ ਕਿਹੜੀ ਗੱਲ ਸਮਝਾਈ ਸੀ?

ਉਹ ਸ਼ਾਇਦ ਇਕ ਵੇਸਵਾ ਸੀ, ਅਤੇ ਇਕ ਧਰਮੀ ਵਿਅਕਤੀ ਦੇ ਘਰ ਵਿਚ ਅਜਿਹੀ ਔਰਤ ਨੂੰ ਦੇਖਣਾ ਹੈਰਾਨੀ ਦੀ ਗੱਲ ਸੀ। ਕੁਝ ਲੋਕ ਉਸ ਨੂੰ ਉੱਥੇ ਦੇਖ ਕੇ ਹੈਰਾਨ ਹੋਏ ਹੋਣੇ, ਪਰ ਜੋ ਉਸ ਨੇ ਕੀਤਾ ਉਹ ਦੇਖ ਕੇ ਉਹ ਹੋਰ ਵੀ ਹੈਰਾਨ ਹੋਏ ਹੋਣੇ। ਉਸ ਨੇ ਸਭ ਤੋਂ ਨੇਕ ਆਦਮੀ ਕੋਲ ਜਾ ਕੇ ਉਸ ਦਿਆਂ ਕੰਮਾਂ ਲਈ ਕਦਰ ਦਿਖਾਈ। ਉਸ ਨੇ ਆਪਣਿਆਂ ਹੰਝੂਆਂ ਨਾਲ ਉਸ ਦੇ ਪੈਰ ਧੋਤੇ ਅਤੇ ਆਪਣਿਆਂ ਵਾਲਾਂ ਨਾਲ ਉਨ੍ਹਾਂ ਨੂੰ ਪੂੰਝਿਆ।

2 ਉਹ ਆਦਮੀ ਯਿਸੂ ਸੀ ਅਤੇ ਉਸ ਨੇ ਇਸ ਔਰਤ ਨਾਲ, ਜੋ ਨਗਰ ਵਿਚ ਇਕ “ਪਾਪਣ” ਵਜੋਂ ਜਾਣੀ ਜਾਂਦੀ ਸੀ, ਨਫ਼ਰਤ ਨਹੀਂ ਕੀਤੀ। ਪਰ ਘਰ ਦੇ ਸਰਦਾਰ ਫ਼ਰੀਸੀ ਸ਼ਮਊਨ ਨੂੰ ਇਸ ਗੱਲ ਦਾ ਫ਼ਿਕਰ ਪੈ ਗਿਆ ਸੀ ਕਿ ਉਹ ਇਕ ਪਾਪਣ ਸੀ। ਯਿਸੂ ਨੇ ਦੋ ਆਦਮੀਆਂ ਬਾਰੇ ਗੱਲ ਦੱਸੀ ਜੋ ਕਿਸੇ ਉਧਾਰ ਦੇਣ ਵਾਲੇ ਦੇ ਕਰਜ਼ਾਈ ਸਨ। ਇਕ ਦਾ ਕਰਜ਼ਾ ਬਹੁਤ ਵੱਡਾ ਸੀ, ਕਿਸੇ ਕਾਮੇ ਦੀ ਤਕਰੀਬਨ ਦੋ ਸਾਲਾਂ ਦੀ ਤਨਖ਼ਾਹ। ਦੂਸਰੇ ਦਾ ਕਰਜ਼ਾ ਇਸ ਦਾ ਦਸਵਾਂ ਹਿੱਸਾ ਸੀ, ਯਾਨੀ ਤਿੰਨ ਕੁ ਮਹੀਨਿਆਂ ਦੀ ਤਨਖ਼ਾਹ ਤੋਂ ਘੱਟ। ਜਦੋਂ ਇਨ੍ਹਾਂ ਵਿੱਚੋਂ ਕੋਈ ਵੀ ਰਕਮ ਵਾਪਸ ਨਹੀਂ ਮੋੜ ਸਕਿਆ ਤਾਂ ਉਧਾਰ ਦੇਣ ਵਾਲੇ ਨੇ “ਦੋਹਾਂ ਨੂੰ ਬਖ਼ਸ਼ ਦਿੱਤਾ।” ਇਹ ਗੱਲ ਸਾਫ਼ ਹੈ ਕਿ ਜਿਸ ਨੂੰ ਜ਼ਿਆਦਾ ਬਖ਼ਸ਼ਿਆ ਗਿਆ ਸੀ, ਉਸ ਕੋਲ ਪ੍ਰੇਮ ਦਿਖਾਉਣ ਦਾ ਵੱਡਾ ਕਾਰਨ ਸੀ। ਇਸ ਮਿਸਾਲ ਦਾ ਸੰਬੰਧ ਉਸ ਔਰਤ ਦੇ ਦਿਆਲੂ ਕੰਮ ਨਾਲ ਜੋੜਨ ਤੋਂ ਬਾਅਦ, ਯਿਸੂ ਇਹ ਸਿਧਾਂਤ ਲਾਗੂ ਕਰਦਾ ਹੈ: “ਜਿਹ ਨੂੰ ਥੋੜਾ ਮਾਫ਼ ਕੀਤਾ ਗਿਆ ਸੋ ਥੋੜਾ ਪਿਆਰ ਕਰਦਾ ਹੈ।” ਫਿਰ ਉਸ ਨੇ ਉਸ ਔਰਤ ਨੂੰ ਕਿਹਾ: “ਤੇਰੇ ਪਾਪ ਮਾਫ਼ ਕੀਤੇ ਗਏ।”—ਲੂਕਾ 7:36-48.

3. ਸਾਨੂੰ ਆਪਣੇ ਆਪ ਬਾਰੇ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

3 ਆਪਣੇ ਆਪ ਤੋਂ ਪੁੱਛੋ, ‘ਜੇ ਮੈਂ ਉਸ ਔਰਤ ਦੀ ਜਗ੍ਹਾ ਹੁੰਦਾ ਜਾਂ ਅਜਿਹੀ ਕਿਸੇ ਸਥਿਤੀ ਵਿਚ ਹੁੰਦਾ ਅਤੇ ਮੈਨੂੰ ਦਇਆ ਦਿਖਾਈ ਜਾਂਦੀ, ਤਾਂ ਕੀ ਮੈਂ ਫਿਰ ਦੂਸਰਿਆਂ ਨਾਲ ਬੇਰਹਿਮੀ ਕਰਦਾ?’ ਤੁਸੀਂ ਸ਼ਾਇਦ ਜਵਾਬ ਦੇਵੋ, ‘ਬਿਲਕੁਲ ਨਹੀਂ!’ ਫਿਰ ਵੀ, ਕੀ ਤੁਸੀਂ ਸੱਚ-ਮੁੱਚ ਕਹਿ ਸਕਦੇ ਹੋ ਕਿ ਤੁਸੀਂ ਮਾਫ਼ ਕਰਨ ਲਈ ਤਿਆਰ ਹੋ? ਕੀ ਤੁਹਾਡਾ ਇਹ ਸੁਭਾਅ ਹੈ? ਕੀ ਤੁਸੀਂ ਅਕਸਰ ਝਟਪਟ ਮਾਫ਼ ਕਰਦੇ ਹੋ, ਅਤੇ ਇਸ ਦੇ ਸੰਬੰਧ ਵਿਚ ਦੂਸਰਿਆਂ ਦੀ ਤੁਹਾਡੇ ਬਾਰੇ ਕੀ ਰਾਇ ਹੈ? ਆਓ ਅਸੀਂ ਦੇਖੀਏ ਕਿ ਸਾਨੂੰ ਸਾਰਿਆਂ ਨੂੰ ਨਿੱਜੀ ਤੌਰ ਤੇ ਇਸ ਗੱਲ ਵੱਲ ਪੂਰਾ ਧਿਆਨ ਕਿਉਂ ਦੇਣਾ ਚਾਹੀਦਾ ਹੈ।

ਸਾਨੂੰ ਮਾਫ਼ੀ ਦੀ ਜ਼ਰੂਰਤ ਹੈ ਅਤੇ ਇਹ ਸਾਨੂੰ ਮਿਲਦੀ ਹੈ

4. ਸਾਨੂੰ ਆਪਣੇ ਆਪ ਬਾਰੇ ਕਿਹੜੀ ਅਸਲੀਅਤ ਕਬੂਲ ਕਰਨੀ ਚਾਹੀਦੀ ਹੈ?

4 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਸੀਂ ਅਪੂਰਣ ਹੋ। ਜੇ ਕੋਈ ਤੁਹਾਨੂੰ ਪੁੱਛੇ ਤਾਂ ਤੁਸੀਂ ਇਸ ਗੱਲ ਨੂੰ ਕਬੂਲ ਵੀ ਕਰ ਲਵੋਗੇ। ਸ਼ਾਇਦ ਤੁਸੀਂ 1 ਯੂਹੰਨਾ 1:8 ਵਿਚ ਪਾਏ ਗਏ ਸ਼ਬਦ ਚੇਤੇ ਕਰੋਗੇ ਕਿ “ਜੇ [ਅਸੀਂ] ਆਖੀਏ ਭਈ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਹੈ ਨਹੀਂ।” (ਰੋਮੀਆਂ 3:23; 5:12) ਕਈਆਂ ਨੇ ਸ਼ਾਇਦ ਬਹੁਤ ਹੀ ਘਟੀਆ ਕੰਮ ਕਰ ਕੇ ਪਾਪ ਕੀਤਾ ਹੋਵੇ। ਭਾਵੇਂ ਤੁਸੀਂ ਅਜਿਹੇ ਕੰਮ ਕਰਨ ਬਾਰੇ ਅਣਜਾਣ ਹੋ, ਤੁਸੀਂ ਜ਼ਰੂਰ ਕਿਸੇ-ਨ-ਕਿਸੇ ਸਮੇਂ ਤੇ ਜਾਂ ਤਰੀਕੇ ਵਿਚ ਪਰਮੇਸ਼ੁਰ ਦੇ ਮਿਆਰਾਂ ਦੀ ਉਲੰਘਣਾ ਕੀਤੀ ਹੈ—ਜਾਂ ਪਾਪ ਕੀਤਾ ਹੈ, ਹੈ ਨਾ?

5. ਸਾਨੂੰ ਪਰਮੇਸ਼ੁਰ ਦੇ ਧੰਨਵਾਦੀ ਕਿਉਂ ਹੋਣਾ ਚਾਹੀਦਾ ਹੈ?

5 ਇਸ ਤਰ੍ਹਾਂ, ਤੁਹਾਡੀ ਸਥਿਤੀ ਸ਼ਾਇਦ ਪੌਲੁਸ ਰਸੂਲ ਦੀ ਗੱਲ ਨਾਲ ਮਿਲਦੀ-ਜੁਲਦੀ ਹੋਵੇ ਕਿ “ਉਸ ਨੇ ਤੁਹਾਨੂੰ ਜਿਹੜੇ ਆਪਣੇ ਅਪਰਾਧਾਂ ਅਤੇ ਆਪਣੇ ਸਰੀਰ ਦੀ ਅਸੁੰਨਤ ਦੇ ਕਾਰਨ ਮੋਏ ਹੋਏ ਸਾਓ ਉਹ [ਯਿਸੂ] ਦੇ ਨਾਲ ਜਿਵਾਲਿਆ ਕਿਉਂ ਜੋ ਉਸ ਨੇ ਸਾਡੇ ਸਾਰੇ ਅਪਰਾਧ ਸਾਨੂੰ ਮਾਫ਼ ਕੀਤੇ।” (ਕੁਲੁੱਸੀਆਂ 2:13; ਅਫ਼ਸੀਆਂ 2:1-3) ਇਸ ਵੱਲ ਧਿਆਨ ਦਿਓ ਕਿ “ਸਾਡੇ ਸਾਰੇ ਅਪਰਾਧ ਸਾਨੂੰ ਮਾਫ਼ ਕੀਤੇ।” (ਟੇਢੇ ਟਾਈਪ ਸਾਡੇ।) ਇਸ ਵਿਚ ਬਹੁਤ ਕੁਝ ਸ਼ਾਮਲ ਹੈ। ਸਾਡੇ ਸਾਰਿਆਂ ਕੋਲ ਦਾਊਦ ਵਾਂਗ ਬੇਨਤੀ ਕਰਨ ਦੇ ਬਥੇਰੇ ਕਾਰਨ ਹਨ: “ਹੇ ਯਹੋਵਾਹ, ਆਪਣੇ ਨਾਮ ਦੇ ਨਮਿੱਤ ਮੇਰੀ ਬਦੀ ਨੂੰ ਖਿਮਾ ਕਰ ਕਿਉਂ ਜੋ ਉਹ ਵੱਡੀ ਹੈ।” (ਟੇਢੇ ਟਾਈਪ ਸਾਡੇ।)—ਜ਼ਬੂਰ 25:11.

6. ਯਹੋਵਾਹ ਅਤੇ ਮਾਫ਼ੀ ਦੇ ਸੰਬੰਧ ਵਿਚ ਅਸੀਂ ਕਿਸ ਗੱਲ ਬਾਰੇ ਨਿਸ਼ਚਿਤ ਹੋ ਸਕਦੇ ਹਾਂ?

6 ਅਸੀਂ ਸਾਰੇ ਜਣੇ ਕਿਸ ਤਰ੍ਹਾਂ ਮਾਫ਼ੀ ਪ੍ਰਾਪਤ ਕਰ ਸਕਦੇ ਹਾਂ? ਪਹਿਲੀ ਗੱਲ ਇਹ ਹੈ ਕਿ ਯਹੋਵਾਹ ਪਰਮੇਸ਼ੁਰ ਮਾਫ਼ ਕਰਨ ਲਈ ਤਿਆਰ ਹੈ। ਉਹ ਇਕ ਬਖ਼ਸ਼ਣਹਾਰ ਪਰਮੇਸ਼ੁਰ ਹੈ। (ਕੂਚ 34:6, 7; ਜ਼ਬੂਰ 86:5) ਇਸ ਲਈ ਪਰਮੇਸ਼ੁਰ ਦੀ ਇਹ ਮੰਗ ਕਿ ਅਸੀਂ ਪ੍ਰਾਰਥਨਾ ਵਿਚ ਉਸ ਤੋਂ ਮਾਫ਼ੀ ਮੰਗੀਏ ਬਿਲਕੁਲ ਜਾਇਜ਼ ਹੈ। (2 ਇਤਹਾਸ 6:21; ਜ਼ਬੂਰ 103:3, 10, 14) ਅਤੇ ਅਜਿਹੀ ਮਾਫ਼ੀ ਦੇਣ ਵਾਸਤੇ ਉਸ ਨੇ ਇਕ ਪ੍ਰਬੰਧ ਕੀਤਾ ਹੈ—ਯਿਸੂ ਦਾ ਰਿਹਾਈ-ਕੀਮਤ ਬਲੀਦਾਨ।—ਰੋਮੀਆਂ 3:24; 1 ਪਤਰਸ 1:18, 19; 1 ਯੂਹੰਨਾ 4:9, 14.

7. ਤੁਹਾਨੂੰ ਕਿਸ ਗੱਲ ਵਿਚ ਯਹੋਵਾਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?

7 ਪਰਮੇਸ਼ੁਰ ਮਾਫ਼ ਕਰਨ ਲਈ ਤਿਆਰ ਹੈ। ਉਸ ਵਾਂਗ ਸਾਨੂੰ ਵੀ ਦੂਸਰਿਆਂ ਨੂੰ ਮਾਫ਼ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਪੌਲੁਸ ਨੇ ਇਸ ਗੱਲ ਵੱਲ ਧਿਆਨ ਦਿੰਦੇ ਹੋਏ ਇਹ ਲਿਖਿਆ: “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” (ਅਫ਼ਸੀਆਂ 4:32) ਇਸ ਵਿਚ ਕੋਈ ਸ਼ੱਕ ਨਹੀਂ ਕਿ ਪੌਲੁਸ ਸਾਨੂੰ ਪਰਮੇਸ਼ੁਰ ਦੀ ਮਿਸਾਲ ਤੋਂ ਸਿੱਖਣ ਲਈ ਕਹਿੰਦਾ ਹੈ, ਕਿਉਂਕਿ ਅਗਲੀ ਆਇਤ ਵਿਚ ਉਹ ਲਿਖਦਾ ਹੈ: “ਸੋ ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” (ਅਫ਼ਸੀਆਂ 5:1) ਕੀ ਤੁਸੀਂ ਇਨ੍ਹਾਂ ਵਿਚਕਾਰ ਸੰਬੰਧ ਦੇਖਦੇ ਹੋ? ਪੌਲੁਸ ਚੰਗੀ ਤਰ੍ਹਾਂ ਸਮਝਾਉਂਦਾ ਹੈ ਕਿ ਜੇ ਯਹੋਵਾਹ ਪਰਮੇਸ਼ੁਰ ਨੇ ਤੁਹਾਨੂੰ ਮਾਫ਼ ਕੀਤਾ, ਤੁਹਾਨੂੰ ਵੀ ਉਸ ਦੀ ਰੀਸ ਕਰਨੀ ਚਾਹੀਦੀ ਹੈ ਅਤੇ ‘ਤਰਸਵਾਨ ਹੋਣਾ ਅਤੇ ਇੱਕ ਦੂਏ ਨੂੰ ਮਾਫ਼ ਕਰਨਾ’ ਚਾਹੀਦਾ ਹੈ। ਪਰ ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਇਸ ਤਰ੍ਹਾਂ ਕਰ ਰਿਹਾ ਹਾਂ? ਜੇਕਰ ਇਸ ਤਰ੍ਹਾਂ ਕਰਨਾ ਮੈਨੂੰ ਔਖਾ ਲੱਗਦਾ ਹੈ, ਤਾਂ ਕੀ ਮੈਂ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਯਾਨੀ ਕੀ ਮੈਂ ਪਰਮੇਸ਼ੁਰ ਦੀ ਰੀਸ ਕਰ ਕੇ ਦੂਸਰਿਆਂ ਨੂੰ ਮਾਫ਼ ਕਰਨ ਦਾ ਸੱਚ-ਮੁੱਚ ਜਤਨ ਕਰ ਰਿਹਾ ਹਾਂ?’

ਸਾਨੂੰ ਮਾਫ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

8. ਸਾਨੂੰ ਆਪਣੀ ਕਲੀਸਿਯਾ ਦੇ ਭੈਣ-ਭਰਾਵਾਂ ਬਾਰੇ ਕੀ ਪਛਾਣਨਾ ਚਾਹੀਦਾ ਹੈ?

8 ਇਹ ਬਹੁਤ ਹੀ ਵਧੀਆ ਹੁੰਦਾ ਜੇ ਮਸੀਹੀ ਕਲੀਸਿਯਾ ਵਿਚ ਮਾਫ਼ ਕਰਨ ਦੇ ਈਸ਼ਵਰੀ ਸਿਧਾਂਤ ਉੱਤੇ ਸਾਨੂੰ ਬਹੁਤ ਹੀ ਘੱਟ ਚੱਲਣਾ ਪੈਂਦਾ। ਲੇਕਿਨ, ਭਾਵੇਂ ਕਿ ਸਾਡੇ ਮਸੀਹੀ ਭੈਣ-ਭਰਾ ਯਿਸੂ ਦੇ ਨਮੂਨੇ ਉੱਤੇ ਚੱਲ ਕੇ ਪ੍ਰੇਮ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਗੱਲ ਇਹ ਹੈ ਕਿ ਹਰੇਕ ਕਲੀਸਿਯਾ, ਅਪੂਰਣ ਮਨੁੱਖਾਂ ਦੀ ਬਣੀ ਹੋਈ ਹੈ। (ਯੂਹੰਨਾ 13:35; 15:12, 13; ਗਲਾਤੀਆਂ 6:2) ਇਸ ਦੁਸ਼ਟ ਸੰਸਾਰ ਦੀ ਆਮ ਸੋਚਣੀ ਅਤੇ ਬੋਲ-ਚਾਲ ਨੂੰ ਰੱਦ ਕਰਨ ਵਿਚ ਉਨ੍ਹਾਂ ਨੇ ਕਈਆਂ ਸਾਲਾਂ ਤੋਂ ਕੋਸ਼ਿਸ਼ ਕੀਤੀ ਹੈ ਅਤੇ ਹੁਣ ਵੀ ਕੋਸ਼ਿਸ਼ ਕਰ ਰਹੇ ਹਨ। ਉਹ ਸੱਚ-ਮੁੱਚ ਨਵੀਂ ਇਨਸਾਨੀਅਤ ਪਹਿਨਣੀ ਚਾਹੁੰਦੇ ਹਨ। (ਕੁਲੁੱਸੀਆਂ 3:9, 10) ਲੇਕਿਨ, ਅਸੀਂ ਇਸ ਹਕੀਕਤ ਨੂੰ ਨਹੀਂ ਭੁੱਲ ਸਕਦੇ ਕਿ ਉਹ ਅਜੇ ਵੀ ਅਪੂਰਣ ਹਨ ਭਾਵੇਂ ਕਿ ਉਹ ਅੱਗੇ ਨਾਲੋਂ ਕਾਫ਼ੀ ਬਦਲ ਚੁੱਕੇ ਹਨ।

9, 10. ਜਦੋਂ ਭਰਾਵਾਂ ਵਿਚਕਾਰ ਅਣਬਣ ਹੁੰਦੀ ਹੈ ਤਾਂ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ?

9 ਬਾਈਬਲ ਵਿਚ ਪਰਮੇਸ਼ੁਰ ਸਾਨੂੰ ਜਾਣ-ਬੁੱਝ ਕੇ ਦੱਸਦਾ ਹੈ ਕਿ ਅਸੀਂ ਕਲੀਸਿਯਾ ਦੇ ਭੈਣ-ਭਰਾਵਾਂ ਵਿਚਕਾਰ ਅਪੂਰਣਤਾ ਪਾਵਾਂਗੇ। ਮਿਸਾਲ ਲਈ, ਕੁਲੁੱਸੀਆਂ 3:13 ਵਿਚ ਪੌਲੁਸ ਦਿਆਂ ਸ਼ਬਦਾਂ ਵੱਲ ਧਿਆਨ ਦਿਓ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।”

10 ਧਿਆਨ ਦਿਓ ਕਿ ਬਾਈਬਲ ਸਾਨੂੰ ਇੱਥੇ ਯਾਦ ਕਰਾਉਂਦੀ ਹੈ ਕਿ ਪਰਮੇਸ਼ੁਰ ਦੁਆਰਾ ਮਾਫ਼ ਕੀਤੇ ਜਾਣ ਅਤੇ ਦੂਸਰਿਆਂ ਨੂੰ ਮਾਫ਼ ਕਰਨ ਦੇ ਸਾਡੇ ਫ਼ਰਜ਼ ਵਿਚਕਾਰ ਸੰਬੰਧ ਹੈ। ਮਾਫ਼ ਕਰਨਾ ਇੰਨਾ ਔਖਾ ਕਿਉਂ ਹੈ? ਕਿਉਂਕਿ ਪੌਲੁਸ ਨੇ ਸਵੀਕਾਰ ਕੀਤਾ ਕਿ ਸ਼ਾਇਦ ਕੋਈ “ਕਿਸੇ ਉੱਤੇ ਗਿਲਾ ਰੱਖਦਾ ਹੋਵੇ।” ਉਸ ਨੇ ਪਛਾਣਿਆ ਕਿ ਅਜਿਹੀਆਂ ਗੱਲਾਂ ਜ਼ਰੂਰ ਹੋਣਗੀਆਂ। ਅਜਿਹੇ ਗਿਲੇ ਪਹਿਲੀ ਸਦੀ ਵਿਚ ਵੀ ਮਸੀਹੀ “ਸੰਤਾਂ” ਵਿਚਕਾਰ ਰੱਖੇ ਗਏ ਹੋਣਗੇ, ਭਾਵੇਂ ਇਨ੍ਹਾਂ ਸੰਤਾਂ ‘ਲਈ ਸੁਰਗਾਂ ਵਿੱਚ ਆਸ ਰੱਖੀ ਹੋਈ ਸੀ।’ (ਕੁਲੁੱਸੀਆਂ 1:2, 5) ਇਸ ਲਈ ਕੀ ਅਸੀਂ ਸਮਝ ਸਕਦੇ ਹਾਂ ਕਿ ਅੱਜ ਇਸ ਤਰ੍ਹਾਂ ਕਿਉਂ ਹੈ ਜਦ ਕਿ ਬਹੁਤਿਆਂ ਮਸੀਹੀਆਂ ਨੂੰ ਆਤਮਾ ਦੁਆਰਾ ਸਾਖੀ ਨਹੀਂ ਦਿੱਤੀ ਗਈ ਕਿ ਉਹ ‘ਪਰਮੇਸ਼ੁਰ ਦੇ ਚੁਣੇ ਹੋਏ, ਪਵਿੱਤਰ ਅਤੇ ਪਿਆਰੇ ਹਨ’? (ਕੁਲੁੱਸੀਆਂ 3:12) ਤਾਂ ਫਿਰ, ਜੇ ਸਾਡੀ ਕਲੀਸਿਯਾ ਵਿਚ ਸ਼ਿਕਾਇਤ ਕਰਨ ਦੇ ਕਾਰਨ ਹਨ ਤਾਂ ਸਾਨੂੰ ਇਹ ਸਿੱਟਾ ਨਹੀਂ ਕੱਢਣਾ ਚਾਹੀਦਾ ਕਿ ਸਾਡੀ ਕਲੀਸਿਯਾ ਵਿਚ ਕੋਈ ਖ਼ਰਾਬੀ ਹੈ। ਇਹ ਸ਼ਿਕਵੇ ਅਸਲੀ ਜਾਂ ਖ਼ਿਆਲੀ ਗ਼ਲਤੀਆਂ ਦੇ ਕਾਰਨ ਹੋ ਸਕਦੇ ਹਨ।

11. ਚੇਲੇ ਯਾਕੂਬ ਨੇ ਸਾਨੂੰ ਕਿਸ ਗੱਲ ਬਾਰੇ ਖ਼ਬਰਦਾਰ ਕੀਤਾ ਸੀ?

11 ਯਿਸੂ ਦੇ ਮਤਰੇਏ ਭਰਾ ਯਾਕੂਬ ਨੇ ਵੀ ਦਿਖਾਇਆ ਸੀ ਕਿ ਕਦੀ-ਕਦੀ ਅਸੀਂ ਅਜਿਹੀਆਂ ਸਥਿਤੀਆਂ ਦਾ ਸਾਮ੍ਹਣਾ ਜ਼ਰੂਰ ਕਰਾਂਗੇ ਜਿਨ੍ਹਾਂ ਵਿਚ ਸਾਨੂੰ ਆਪਣੇ ਭਰਾਵਾਂ ਨੂੰ ਮਾਫ਼ ਕਰਨਾ ਪਵੇਗਾ। “ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ? ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ। ਪਰ ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ ਅਤੇ ਧੜੇਬਾਜ਼ੀ ਕਰਦੇ ਹੋ ਤਾਂ ਸਚਿਆਈ ਦੇ ਵਿਰੁੱਧ ਨਾ ਘੁਮੰਡ ਕਰੋ, ਨਾ ਝੂਠ ਮਾਰੋ।” (ਯਾਕੂਬ 3:13, 14) ਸੱਚੇ ਮਸੀਹੀਆਂ ਦੇ ਦਿਲਾਂ ਵਿਚ “ਤਿੱਖੀ ਅਣਖ ਅਤੇ ਧੜੇਬਾਜ਼ੀ”? ਜੀ ਹਾਂ, ਯਾਕੂਬ ਦੇ ਸ਼ਬਦ ਸਾਫ਼-ਸਾਫ਼ ਦਿਖਾਉਂਦੇ ਹਨ ਕਿ ਅਜਿਹੇ ਔਗੁਣ ਪਹਿਲੀ ਸਦੀ ਦੀ ਕਲੀਸਿਯਾ ਵਿਚ ਜ਼ਾਹਰ ਹੋਏ ਸਨ ਅਤੇ ਅੱਜ ਵੀ ਹੋਣਗੇ।

12. ਪਹਿਲੀ ਸਦੀ ਵਿਚ ਫ਼ਿਲਿੱਪੀਆਂ ਦੀ ਕਲੀਸਿਯਾ ਵਿਚ ਕਿਹੜੀ ਸਮੱਸਿਆ ਪੈਦਾ ਹੋਈ ਸੀ?

12 ਇਕ ਅਸਲੀ ਮਿਸਾਲ ਵਿਚ ਦੋ ਮਸਹ ਕੀਤੀਆਂ ਹੋਈਆਂ ਮਸੀਹੀ ਭੈਣਾਂ ਸ਼ਾਮਲ ਸਨ ਜੋ ਪੌਲੁਸ ਦੇ ਨਾਲ-ਨਾਲ ਮਿਹਨਤ ਕਰਨ ਲਈ ਮਸ਼ਹੂਰ ਸਨ। ਤੁਸੀਂ ਸ਼ਾਇਦ ਯੂਓਦੀਆ ਅਤੇ ਸੁੰਤੁਖੇ ਬਾਰੇ ਪੜ੍ਹਿਆ ਹੋਵੇਗਾ। ਉਹ ਫ਼ਿਲਿੱਪੀਆਂ ਦੀ ਕਲੀਸਿਯਾ ਵਿਚ ਸਨ। ਭਾਵੇਂ ਪੂਰੀ ਗੱਲ ਨਹੀਂ ਦੱਸੀ ਗਈ ਫ਼ਿਲਿੱਪੀਆਂ 4:2, 3 ਦਿਖਾਉਂਦਾ ਹੈ ਕਿ ਉਨ੍ਹਾਂ ਵਿਚਕਾਰ ਅਣਬਣ ਸੀ। ਇਹ ਅਣਬਣ ਕਿਉਂ ਸ਼ੁਰੂ ਹੋਈ, ਸਾਨੂੰ ਨਹੀਂ ਪਤਾ; ਕੋਈ ਰੁੱਖੀ ਜਾਂ ਬੇਰਹਿਮ ਗੱਲ ਕਹਿਣ ਦੇ ਕਾਰਨ, ਜਾਂ ਦੂਜੀ ਦੇ ਕਿਸੇ ਰਿਸ਼ਤੇਦਾਰ ਬਾਰੇ ਬੁਰਾ-ਭਲਾ ਕਹਿਣ ਦੇ ਕਾਰਨ, ਜਾਂ ਈਰਖਾ ਦੀ ਕਿਸੇ ਗੱਲ ਦੇ ਕਾਰਨ? ਜੋ ਵੀ ਸੀ, ਗੱਲ ਇੰਨੀ ਵੱਧ ਗਈ ਸੀ ਕਿ ਦੂਰ ਰੋਮ ਵਿਚ ਬੈਠੇ ਪੌਲੁਸ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ। ਹੋ ਸਕਦਾ ਹੈ ਕਿ ਇਨ੍ਹਾਂ ਦੋ ਮਸੀਹੀ ਭੈਣਾਂ ਨੇ ਆਪਸ ਵਿਚ ਚੁੱਪ ਵੱਟੀ ਹੋਵੇ, ਜਿਸ ਕਾਰਨ ਉਹ ਸਭਾਵਾਂ ਤੇ ਇਕ ਦੂਜੀ ਤੋਂ ਦੂਰ-ਦੂਰ ਰਹਿੰਦੀਆਂ ਹੋਣ ਜਾਂ ਦੂਸਰਿਆਂ ਨਾਲ ਇਕ ਦੂਜੀ ਬਾਰੇ ਬੁਰਾ-ਭਲਾ ਕਹਿੰਦੀਆਂ ਹੋਣ।

13. ਯੂਓਦੀਆ ਅਤੇ ਸੁੰਤੁਖੇ ਨੇ ਸ਼ਾਇਦ ਸੁਲ੍ਹਾ ਕਿਸ ਤਰ੍ਹਾਂ ਕੀਤੀ ਸੀ ਅਤੇ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

13 ਕੀ ਇਸ ਵਿੱਚੋਂ ਕੋਈ ਗੱਲ ਜਾਣੀ-ਪਛਾਣੀ ਲੱਗਦੀ ਹੈ, ਜੋ ਸ਼ਾਇਦ ਤੁਹਾਡੇ ਨਾਲ ਜਾਂ ਤੁਹਾਡੀ ਕਲੀਸਿਯਾ ਵਿਚ ਕਿਸੇ ਨਾਲ ਹੋਈ ਹੋਵੇ? ਕੁਝ ਹੱਦ ਤਕ ਅਜਿਹੀ ਸਮੱਸਿਆ ਸ਼ਾਇਦ ਹੁਣ ਵੀ ਮੌਜੂਦ ਹੋਵੇ। ਉਸ ਬਾਰੇ ਅਸੀਂ ਕੀ ਕਰ ਸਕਦੇ ਹਾਂ? ਪਹਿਲੀ ਸਦੀ ਵਿਚ, ਪੌਲੁਸ ਨੇ ਉਨ੍ਹਾਂ ਦੋ ਸਮਰਪਿਤ ਭੈਣਾਂ ਨੂੰ ਕਿਹਾ ਕਿ ਉਹ “ਪ੍ਰਭੁ ਵਿੱਚ ਇੱਕ ਮਨ ਹੋਣ।” ਉਨ੍ਹਾਂ ਨੇ ਸ਼ਾਇਦ ਸੁਲ੍ਹਾ ਕਰਨ ਲਈ ਮਾਮਲੇ ਬਾਰੇ ਗੱਲ ਕਰ ਕੇ ਗ਼ਲਤਫ਼ਹਿਮੀਆਂ ਦੂਰ ਕੀਤੀਆਂ ਹੋਣ। ਅਤੇ ਫਿਰ ਯਹੋਵਾਹ ਦੇ ਮਾਫ਼ ਕਰਨ ਵਾਲੇ ਰਵੱਈਏ ਦੀ ਰੀਸ ਕਰ ਕੇ ਇਕ ਦੂਜੀ ਨੂੰ ਮਾਫ਼ ਕੀਤਾ ਹੋਵੇ। ਬਿਨਾਂ ਸ਼ੱਕ ਯੂਓਦੀਆ ਅਤੇ ਸੁੰਤੁਖੇ ਸਫ਼ਲ ਹੋਈਆਂ ਸਨ ਅਤੇ ਅਸੀਂ ਵੀ ਸਫ਼ਲ ਹੋ ਸਕਦੇ ਹਾਂ। ਅਜਿਹਾ ਮਾਫ਼ ਕਰਨ ਵਾਲਾ ਰਵੱਈਆ ਅੱਜ ਵੀ ਸਫ਼ਲਤਾ ਨਾਲ ਦਿਖਾਇਆ ਜਾ ਸਕਦਾ ਹੈ।

ਸੁਲ੍ਹਾ ਕਰੋ—ਮਾਫ਼ ਕਰੋ

14. ਕਿਸੇ ਨਿੱਜੀ ਗਿਲੇ ਨੂੰ ਛੱਡ ਦੇਣਾ ਕਿਉਂ ਮੁਮਕਿਨ ਅਤੇ ਸਭ ਤੋਂ ਚੰਗਾ ਹੈ?

14 ਜਦੋਂ ਸਾਡੇ ਅਤੇ ਕਿਸੇ ਹੋਰ ਮਸੀਹੀ ਦਰਮਿਆਨ ਕੋਈ ਸਮੱਸਿਆ ਖੜ੍ਹੀ ਹੁੰਦੀ ਹੈ ਤਾਂ ਮਾਫ਼ ਕਰਨ ਵਿਚ ਕੀ ਕੁਝ ਸ਼ਾਮਲ ਹੁੰਦਾ ਹੈ? ਸੱਚ ਤਾਂ ਇਹ ਹੈ ਕਿ ਕੋਈ ਸੌਖਾ ਤਰੀਕਾ ਨਹੀਂ ਹੈ, ਲੇਕਿਨ ਬਾਈਬਲ ਵਿਚ ਫ਼ਾਇਦੇਮੰਦ ਮਿਸਾਲਾਂ ਅਤੇ ਵਧੀਆ ਸਲਾਹ ਮਿਲਦੀ ਹੈ। ਇਕ ਮੁੱਖ ਸਲਾਹ ਇਹ ਹੈ ਕਿ ਮਾਮਲੇ ਨੂੰ ਭੁੱਲ ਜਾਓ, ਯਾਨੀ ਗੱਲ ਨੂੰ ਛੱਡ ਦਿਓ। ਪਰ ਇਸ ਸਲਾਹ ਨੂੰ ਸਵੀਕਾਰ ਕਰ ਕੇ ਲਾਗੂ ਕਰਨਾ ਸੌਖਾ ਨਹੀਂ ਹੈ। ਜਦੋਂ ਕੋਈ ਸਮੱਸਿਆ ਖੜ੍ਹੀ ਹੁੰਦੀ ਹੈ, ਜਿਸ ਤਰ੍ਹਾਂ ਯੂਓਦੀਆ ਅਤੇ ਸੁੰਤੁਖੇ ਵਿਚਕਾਰ ਹੋਈ ਸੀ, ਤਾਂ ਹਰੇਕ ਨੂੰ ਇਹੋ ਹੀ ਲੱਗਦਾ ਹੈ ਕਿ ਦੂਸਰੇ ਜਣੇ ਦੀ ਗ਼ਲਤੀ ਹੈ ਜਾਂ ਜ਼ਿਆਦਾ ਕਸੂਰ ਦੂਸਰੇ ਦਾ ਹੈ। ਉਸ ਤਰ੍ਹਾਂ ਦੀ ਸਥਿਤੀ ਵਿਚ, ਤੁਸੀਂ ਵੀ ਸ਼ਾਇਦ ਸੋਚੋ ਕਿ ਦੂਸਰੇ ਮਸੀਹੀ ਦਾ ਕਸੂਰ ਜ਼ਿਆਦਾ ਹੈ ਜਾਂ ਉਸ ਨੇ ਜ਼ਿਆਦਾ ਨੁਕਸਾਨ ਕੀਤਾ ਹੈ। ਤਾਂ ਵੀ, ਕੀ ਤੁਸੀਂ ਮਾਫ਼ ਕਰਨ ਦੁਆਰਾ ਗੱਲ ਨੂੰ ਖ਼ਤਮ ਕਰ ਸਕਦੇ ਹੋ? ਮੰਨ ਲਿਆ ਕਿ ਜੇਕਰ ਕਸੂਰ ਦੂਸਰੇ ਮਸੀਹੀ ਦਾ ਹੀ ਹੈ ਤਾਂ ਹੁਣ ਤੁਹਾਡੇ ਕੋਲ ਮਾਫ਼ ਕਰਨ ਅਤੇ ਗੱਲ ਨੂੰ ਖ਼ਤਮ ਕਰਨ ਦਾ ਖ਼ਾਸ ਮੌਕਾ ਹੈ।

15, 16. (ੳ) ਮੀਕਾਹ ਨੇ ਯਹੋਵਾਹ ਬਾਰੇ ਕੀ ਕਿਹਾ ਸੀ? (ਅ) ਪਰਮੇਸ਼ੁਰ ਦਾ ‘ਅਪਰਾਧ ਪਰੇ ਕਰਨ’ ਦਾ ਕੀ ਮਤਲਬ ਹੈ?

15 ਆਓ ਆਪਾਂ ਕਦੀ ਨਾ ਭੁੱਲੀਏ ਕਿ ਮਾਫ਼ ਕਰਨ ਵਿਚ ਪਰਮੇਸ਼ੁਰ ਨੇ ਸਾਡੇ ਲਈ ਇਕ ਨਮੂਨਾ ਛੱਡਿਆ ਹੈ। (ਅਫ਼ਸੀਆਂ 4:32-5:1) ਗ਼ਲਤੀ ਨੂੰ ਮਾਫ਼ ਕਰਨ ਵਿਚ ਉਸ ਦੇ ਨਮੂਨੇ ਬਾਰੇ ਨਬੀ ਮੀਕਾਹ ਨੇ ਲਿਖਿਆ: “ਤੇਰੇ ਵਰਗਾ ਕਿਹੜਾ ਪਰਮੇਸ਼ੁਰ ਹੈ? ਜੋ ਆਪਣੀ ਮਿਲਖ ਦੇ ਬਕੀਏ ਦੀ ਬਦੀ ਲਈ ਖਿਮਾ ਕਰਦਾ, ਅਪਰਾਧ ਤੋਂ ਹਊ ਪਰੇ ਕਰਦਾ ਹੈ, ਉਹ ਆਪਣਾ ਕ੍ਰੋਧ ਸਦਾ ਤੀਕ ਨਹੀਂ ਰੱਖਦਾ, ਕਿਉਂ ਜੋ ਉਹ ਦਯਾ ਨੂੰ ਪਸੰਦ ਕਰਦਾ ਹੈ।”—ਮੀਕਾਹ 7:18.

16 ਯਹੋਵਾਹ ਨੂੰ ‘ਅਪਰਾਧ ਪਰੇ ਕਰਨ’ ਵਾਲਾ ਸੱਦ ਕੇ ਬਾਈਬਲ ਇਹ ਨਹੀਂ ਕਹਿ ਰਹੀ ਕਿ ਉਹ ਗ਼ਲਤੀਆਂ ਚੇਤੇ ਨਹੀਂ ਰੱਖ ਸਕਦਾ, ਜਾਂ ਕਿ ਚੋਣਵੀਆਂ ਗੱਲਾਂ ਵਿਚ ਉਸ ਦੀ ਯਾਦਾਸ਼ਤ-ਲੋਪ ਹੋ ਜਾਂਦੀ ਹੈ। ਸਮਸੂਨ ਅਤੇ ਦਾਊਦ ਬਾਰੇ ਸੋਚੋ, ਇਨ੍ਹਾਂ ਦੋਹਾਂ ਨੇ ਗੰਭੀਰ ਪਾਪ ਕੀਤੇ ਸਨ। ਪਰਮੇਸ਼ੁਰ ਉਨ੍ਹਾਂ ਪਾਪਾਂ ਨੂੰ ਬਹੁਤ ਚਿਰ ਬਾਅਦ ਯਾਦ ਕਰ ਸਕਦਾ ਸੀ; ਅਸੀਂ ਵੀ ਉਨ੍ਹਾਂ ਦੇ ਕੁਝ ਪਾਪਾਂ ਬਾਰੇ ਜਾਣਦੇ ਹਾਂ ਕਿਉਂਕਿ ਯਹੋਵਾਹ ਨੇ ਬਾਈਬਲ ਵਿਚ ਇਹ ਦਰਜ ਕਰਵਾਏ ਸਨ। ਫਿਰ ਵੀ, ਸਾਡੇ ਮਾਫ਼ ਕਰਨ ਵਾਲੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਇਆ ਦਿਖਾ ਕੇ ਨਿਹਚਾ ਦੇ ਨਮੂਨੇ ਬਣਨ ਦਿੱਤਾ ਤਾਂਕਿ ਅਸੀਂ ਉਨ੍ਹਾਂ ਦੀ ਨਿਹਚਾ ਦੀ ਰੀਸ ਕਰ ਸਕੀਏ।—ਇਬਰਾਨੀਆਂ 11:32; 12:1.

17. (ੳ) ਦੂਸਰਿਆਂ ਦੀਆਂ ਗ਼ਲਤੀਆਂ, ਜਾਂ ਗੁਸਤਾਖ਼ੀਆਂ ਨੂੰ ਪਰੇ ਕਰਨ ਵਿਚ ਸਾਡੀ ਕੀ ਮਦਦ ਕਰ ਸਕਦਾ ਹੈ? (ਅ) ਜੇ ਅਸੀਂ ਇਸ ਤਰ੍ਹਾਂ ਕਰਨ ਦਾ ਜਤਨ ਕਰਦੇ ਹਾਂ ਤਾਂ ਅਸੀਂ ਯਹੋਵਾਹ ਦੀ ਕਿਸ ਤਰ੍ਹਾਂ ਰੀਸ ਕਰਦੇ ਹੋਵਾਂਗੇ? (ਫੁਟਨੋਟ ਦੇਖੋ।)

17 ਜੀ ਹਾਂ, ਯਹੋਵਾਹ ਅਪਰਾਧਾਂ ਨੂੰ ‘ਬਖਸ਼’ ਜਾਂ ਪਰੇ ਕਰa ਸਕਦਾ ਹੈ, ਜਿਸ ਲਈ ਦਾਊਦ ਨੇ ਉਸ ਦੇ ਸਾਮ੍ਹਣੇ ਬਾਰ-ਬਾਰ ਬੇਨਤੀ ਕੀਤੀ ਸੀ। (2 ਸਮੂਏਲ 12:13; 24:10) ਕੀ ਅਸੀਂ ਇਸ ਵਿਚ ਪਰਮੇਸ਼ੁਰ ਦੀ ਰੀਸ ਕਰ ਸਕਦੇ ਹਾਂ, ਯਾਨੀ ਆਪਣੇ ਅਪੂਰਣ ਸੰਗੀ ਸੇਵਕਾਂ ਦੇ ਰੁੱਖੇਪਣ ਅਤੇ ਗੁਸਤਾਖ਼ੀ ਨੂੰ ਦੂਰ ਜਾਂ ਪਰੇ ਕਰਨ ਲਈ ਤਿਆਰ ਹੋ ਸਕਦੇ ਹਾਂ? ਕਲਪਨਾ ਕਰੋ ਕਿ ਤੁਸੀਂ ਇਕ ਹਵਾਈ-ਜਹਾਜ਼ ਵਿਚ ਹੋ ਅਤੇ ਉਹ ਅੱਡੇ ਦੀ ਪਟੜੀ ਤੇ ਤੇਜ਼ੀ ਨਾਲ ਚੱਲ ਰਿਹਾ ਹੈ। ਬਾਹਰ ਤੁਸੀਂ ਕਿਸੇ ਔਰਤ ਨੂੰ ਬਦਤਮੀਜ਼ੀ ਨਾਲ ਬੱਚਿਆਂ ਵਾਂਗ ਜੀਭ ਕੱਢਦੀ ਹੋਈ ਦੇਖਦੇ ਹੋ। ਤੁਸੀਂ ਜਾਣਦੇ ਹੋ ਕਿ ਉਹ ਗੁੱਸੇ ਹੈ ਅਤੇ ਸ਼ਾਇਦ ਤੁਹਾਨੂੰ ਹੀ ਜੀਭ ਕੱਢ ਰਹੀ ਹੈ। ਜਾਂ ਹੋ ਸਕਦਾ ਹੈ ਕਿ ਉਹ ਤੁਹਾਡੇ ਬਾਰੇ ਬਿਲਕੁਲ ਹੀ ਨਹੀਂ ਸੋਚ ਰਹੀ। ਜੋ ਵੀ ਹੋਵੇ, ਜਿਉਂ-ਜਿਉਂ ਜਹਾਜ਼ ਉੱਪਰ ਚੜ੍ਹਦਾ ਜਾਂਦਾ ਹੈ, ਤੁਸੀਂ ਬਹੁਤ ਉਚਾਈ ਤੋਂ ਉਸ ਔਰਤ ਦੇ ਉੱਪਰੋਂ ਲੰਘਦੇ ਹੋ, ਅਤੇ ਉਹ ਹੁਣ ਛੋਟੀ ਜਿਹੀ ਕੀੜੀ ਵਰਗੀ ਲੱਗਦੀ ਹੈ। ਇਕ ਘੰਟੇ ਵਿਚ ਤੁਸੀਂ ਸੈਂਕੜੇ ਮੀਲ ਦੂਰ ਹੋ ਅਤੇ ਉਸ ਦੀ ਬਦਤਮੀਜ਼ੀ ਬਹੁਤ ਪਿੱਛੇ ਰਹਿ ਜਾਂਦੀ ਹੈ। ਇਸੇ ਤਰ੍ਹਾਂ, ਕਈ ਵਾਰ ਜੇ ਅਸੀਂ ਯਹੋਵਾਹ ਵਾਂਗ ਬੁੱਧੀ ਨਾਲ ਦੂਜਿਆਂ ਦੀਆਂ ਗ਼ਲਤੀਆਂ ਨੂੰ ਦੂਰ ਕਰੀਏ ਤਾਂ ਇਹ ਸਾਨੂੰ ਮਾਫ਼ੀ ਦੇਣ ਵਿਚ ਮਦਦ ਦੇਵੇਗਾ। (ਕਹਾਉਤਾਂ 19:11) ਹੁਣ ਤੋਂ ਦਸ ਸਾਲ ਬਾਅਦ ਜਾਂ ਹਜ਼ਾਰ ਵਰ੍ਹਿਆਂ ਦੇ ਸਮੇਂ ਵਿਚ ਦੋ ਸੌ ਸਾਲ ਬਾਅਦ ਕੀ ਇਹ ਗੱਲ ਮਾਮੂਲੀ ਨਹੀਂ ਲੱਗੇਗੀ? ਕਿਉਂ ਨਾ ਇਸ ਨੂੰ ਪਰੇ ਕਰ ਦੇਈਏ?

18. ਜੇਕਰ ਗ਼ਲਤੀ ਨੂੰ ਭੁਲਾਉਣਾ ਸਾਡੇ ਲਈ ਮੁਸ਼ਕਲ ਹੈ ਤਾਂ ਸਾਨੂੰ ਕਿਹੜੀ ਸਲਾਹ ਲਾਗੂ ਕਰਨੀ ਚਾਹੀਦੀ ਹੈ?

18 ਕਦੀ-ਕਦੀ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਹੈ ਕਿ ਸ਼ਾਇਦ ਪ੍ਰਾਰਥਨਾ ਕਰਨ ਤੋਂ ਬਾਅਦ ਵੀ ਤੁਹਾਡੇ ਲਈ ਮਾਫ਼ ਕਰਨਾ ਮੁਸ਼ਕਲ ਹੁੰਦਾ ਹੈ। ਉਦੋਂ ਤੁਸੀਂ ਕੀ ਕਰ ਸਕਦੇ ਹੋ? ਯਿਸੂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਸੁਲ੍ਹਾ ਕਰਨ ਵਾਸਤੇ ਦੂਸਰੇ ਵਿਅਕਤੀ ਕੋਲ ਜਾਓ ਅਤੇ ਗੱਲ ਨੂੰ ਆਪਸ ਵਿਚ ਸੁਲਝਾਉਣ ਦੀ ਕੋਸ਼ਿਸ਼ ਕਰੋ। “ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।”—ਮੱਤੀ 5:23, 24.

19. ਸਾਡਾ ਰਵੱਈਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਅਤੇ ਸਾਡੇ ਭੈਣ-ਭਰਾਵਾਂ ਨਾਲ ਸੁਲ੍ਹਾ ਕਰਨ ਲਈ ਸਾਨੂੰ ਕਿਸ ਤਰ੍ਹਾਂ ਦੇ ਰਵੱਈਏ ਤੋਂ ਦੂਰ ਰਹਿਣਾ ਚਾਹੀਦਾ ਹੈ?

19 ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਸੀ ਕਿਹਾ ਕਿ ਆਪਣੇ ਭਰਾ ਕੋਲ ਜਾਓ ਤਾਂਕਿ ਤੁਸੀਂ ਆਪਣੇ ਆਪ ਨੂੰ ਸਹੀ ਅਤੇ ਉਸ ਨੂੰ ਗ਼ਲਤ ਸਾਬਤ ਕਰ ਸਕੋ। ਹੋ ਸਕਦਾ ਹੈ ਕਿ ਉਹ ਦੀ ਗ਼ਲਤੀ ਸੀ। ਲੇਕਿਨ ਇਹ ਵੀ ਸੰਭਵ ਹੈ ਕਿ ਕਸੂਰ ਦੋਹਾਂ ਦਾ ਸੀ। ਜੋ ਵੀ ਹੋਵੇ, ਸਾਡਾ ਟੀਚਾ ਦੂਸਰੇ ਤੋਂ ਉਹ ਦਾ ਕਸੂਰ ਕਬੂਲ ਕਰਵਾਉਣਾ ਜਾਂ ਉਸ ਨੂੰ ਨੀਵਾਂ ਕਰਨਾ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਇਸ ਇਰਾਦੇ ਨਾਲ ਗੱਲਬਾਤ ਕਰੋਗੇ ਤਾਂ ਇਹ ਜ਼ਰੂਰ ਅਸਫ਼ਲ ਹੋਵੇਗੀ। ਨਾ ਹੀ ਸਾਡਾ ਟੀਚਾ ਗ਼ਲਤੀ ਦੀ ਇਕ-ਇਕ ਗੱਲ ਉੱਤੇ ਵਿਚਾਰ ਕਰਨਾ ਹੋਣਾ ਚਾਹੀਦਾ ਹੈ। ਜਦੋਂ ਪ੍ਰੇਮ ਅਤੇ ਠੰਢੇ ਦਿਲ ਨਾਲ ਕੀਤੀ ਗਈ ਗੱਲ ਜ਼ਾਹਰ ਕਰਦੀ ਹੈ ਕਿ ਗ਼ਲਤੀ ਸਿਰਫ਼ ਇਕ ਗ਼ਲਤਫ਼ਹਿਮੀ ਹੀ ਸੀ ਤਾਂ ਤੁਸੀਂ ਦੋਨੋਂ ਗੱਲ ਨੂੰ ਨਿਬੇੜ ਸਕਦੇ ਹੋ। ਪਰ ਜੇ ਗੱਲਬਾਤ ਕਰਨ ਦੇ ਨਤੀਜੇ ਵਜੋਂ ਪੂਰਾ ਸਮਝੌਤਾ ਨਹੀਂ ਹੁੰਦਾ, ਤਾਂ ਕੀ ਸਮਝੌਤਾ ਕਰਨਾ ਹਮੇਸ਼ਾ ਜ਼ਰੂਰੀ ਹੁੰਦਾ ਹੈ? ਕੀ ਘੱਟੋ-ਘੱਟ ਇਹ ਚੰਗਾ ਨਹੀਂ ਹੋਵੇਗਾ ਕਿ ਤੁਸੀਂ ਦੋਨੋਂ ਇਹ ਸਵੀਕਾਰ ਕਰ ਸਕੋ ਕਿ ਦੂਸਰਾ ਜਣਾ ਸੱਚੇ ਦਿਲੋਂ ਮਾਫ਼ ਕਰਨ ਵਾਲੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦਾ ਹੈ? ਜਦੋਂ ਤੁਸੀਂ ਇਸ ਹਕੀਕਤ ਨੂੰ ਸਵੀਕਾਰ ਕਰ ਲੈਂਦੇ ਹੋ, ਤਾਂ ਇਹ ਦਿਲੋਂ ਕਹਿਣਾ ਸ਼ਾਇਦ ਸੌਖਾ ਹੋ ਜਾਵੇ ਕਿ “ਮੈਨੂੰ ਅਫ਼ਸੋਸ ਹੈ ਕਿ ਸਾਡੀਆਂ ਅਪੂਰਣਤਾਵਾਂ ਕਾਰਨ ਸਾਨੂੰ ਇਸ ਸਮੱਸਿਆ ਦਾ ਸਾਮ੍ਹਣਾ ਕਰਨਾ ਪਿਆ ਹੈ। ਆਓ ਆਪਾਂ ਇਸ ਗੱਲ ਨੂੰ ਛੱਡ ਦਈਏ।”

20. ਰਸੂਲਾਂ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

20 ਯਾਦ ਰੱਖੋ ਕਿ ਰਸੂਲਾਂ ਵਿਚਕਾਰ ਵੀ ਉਦੋਂ ਸਮੱਸਿਆਵਾਂ ਖੜ੍ਹੀਆਂ ਹੋਈਆਂ ਸਨ, ਜਦੋਂ ਉਨ੍ਹਾਂ ਵਿੱਚੋਂ ਕੁਝ ਵੱਡੇ ਬਣਨਾ ਚਾਹੁੰਦੇ ਸਨ। (ਮਰਕੁਸ 10:35-39; ਲੂਕਾ 9:46; 22:24-26) ਇਸ ਨੇ ਉਨ੍ਹਾਂ ਵਿਚ ਬਹੁਤ ਤਣਾਅ ਪੈਦਾ ਕੀਤਾ, ਸ਼ਾਇਦ ਜਜ਼ਬਾਤੀ ਤੌਰ ਤੇ ਦੁੱਖ ਜਾਂ ਗਹਿਰੀ ਠੇਸ ਵੀ ਪਹੁੰਚਾਈ ਹੋਵੇ। ਲੇਕਿਨ ਉਹ ਅਜਿਹੀਆਂ ਗੱਲਾਂ ਨੂੰ ਪਰੇ ਕਰ ਸਕੇ ਸਨ ਅਤੇ ਇਕੱਠੇ ਮਿਲ ਕੇ ਕੰਮ ਕਰ ਸਕੇ ਸਨ। ਉਨ੍ਹਾਂ ਵਿੱਚੋਂ ਇਕ ਨੇ ਬਾਅਦ ਵਿਚ ਲਿਖਿਆ: “ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ, ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, ਉਹ ਆਪਣੀ ਜੀਭ ਨੂੰ ਬੁਰਿਆਈ ਤੋਂ, ਅਤੇ ਆਪਣੇ ਬੁੱਲ੍ਹਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ। ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਮਿਲਾਪ ਨੂੰ ਲੱਭੇ ਅਤੇ ਉਹ ਦਾ ਪਿੱਛਾ ਕਰੇ।”—1 ਪਤਰਸ 3:10, 11.

21. ਯਿਸੂ ਨੇ ਮਾਫ਼ ਕਰਨ ਬਾਰੇ ਕਿਹੜੀ ਵਧੀਆ ਸਲਾਹ ਦਿੱਤੀ ਸੀ?

21 ਅਸੀਂ ਮਾਫ਼ੀ ਦਾ ਇਕ ਪਹਿਲੂ ਪਹਿਲਾਂ ਵੀ ਦੇਖਿਆ ਸੀ: ਪਰਮੇਸ਼ੁਰ ਨੇ ਸਾਡੇ ਕਈ ਪਾਪ ਮਾਫ਼ ਕੀਤੇ ਹਨ, ਇਸ ਲਈ ਸਾਨੂੰ ਉਸ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਆਪਣੇ ਭੈਣ-ਭਰਾਵਾਂ ਨੂੰ ਮਾਫ਼ ਕਰਨਾ ਚਾਹੀਦਾ ਹੈ। (ਜ਼ਬੂਰ 103:12; ਯਸਾਯਾਹ 43:25) ਪਰ ਮਾਫ਼ੀ ਦਾ ਇਕ ਹੋਰ ਪਹਿਲੂ ਵੀ ਹੈ। ਪ੍ਰਾਰਥਨਾ ਕਰਨ ਦਾ ਨਮੂਨਾ ਪੇਸ਼ ਕਰਨ ਤੋਂ ਬਾਅਦ ਯਿਸੂ ਨੇ ਕਿਹਾ ਸੀ ਕਿ “ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ।” ਇਕ ਸਾਲ ਤੋਂ ਜ਼ਿਆਦਾ ਸਮੇਂ ਬਾਅਦ, ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਹੋਏ ਉਸ ਨੇ ਇਸ ਦੇ ਸਾਰ ਨੂੰ ਦੁਹਰਾਇਆ: “ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂ ਜੋ ਅਸੀਂ ਆਪ ਵੀ ਆਪਣੇ ਹਰੇਕ ਕਰਜਾਈ ਨੂੰ ਮਾਫ਼ ਕਰਦੇ ਹਾਂ।” (ਮੱਤੀ 6:12, 14; ਲੂਕਾ 11:4) ਫਿਰ ਆਪਣੀ ਮੌਤ ਤੋਂ ਕੁਝ ਹੀ ਦਿਨ ਪਹਿਲਾਂ, ਯਿਸੂ ਨੇ ਅੱਗੇ ਕਿਹਾ ਕਿ “ਜਦ ਕਦੇ ਤੁਸੀਂ ਖਲੋ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਨੂੰ ਮਾਫ਼ ਕਰੋ ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸੁਰਗ ਵਿੱਚ ਹੈ ਤੁਹਾਡਿਆਂ ਅਪਰਾਧਾਂ ਨੂੰ ਮਾਫ਼ ਕਰੇ।”—ਮਰਕੁਸ 11:25.

22, 23. ਮਾਫ਼ ਕਰਨ ਲਈ ਤਿਆਰ ਰਹਿਣਾ ਸਾਡੇ ਭਵਿੱਖ ਉੱਤੇ ਕਿਸ ਤਰ੍ਹਾਂ ਅਸਰ ਪਾ ਸਕਦਾ ਹੈ?

22 ਜੀ ਹਾਂ, ਪਰਮੇਸ਼ੁਰ ਤੋਂ ਮਾਫ਼ੀ ਮਿਲਣੀ ਕਾਫ਼ੀ ਹੱਦ ਤਕ ਇਸ ਉੱਤੇ ਨਿਰਭਰ ਹੈ ਕਿ ਅਸੀਂ ਦੂਸਰਿਆਂ ਨੂੰ ਮਾਫ਼ ਕਰਨ ਲਈ ਤਿਆਰ ਹਾਂ। ਜਦੋਂ ਮਸੀਹੀਆਂ ਵਿਚਕਾਰ ਕੋਈ ਨਿੱਜੀ ਅਣਬਣ ਹੁੰਦੀ ਹੈ, ਤਾਂ ਆਪਣੇ ਆਪ ਤੋਂ ਪੁੱਛੋ, ‘ਕੀ ਕਿਸੇ ਛੋਟੀ ਗ਼ਲਤੀ, ਮਾਮੂਲੀ ਠੇਸ, ਜਾਂ ਮਨੁੱਖੀ ਅਪੂਰਣਤਾ ਦੇ ਕਾਰਨ ਆਪਣੀ ਭੈਣ ਜਾਂ ਭਰਾ ਨੂੰ ਗ਼ਲਤ ਸਾਬਤ ਕਰਨ ਨਾਲੋਂ ਪਰਮੇਸ਼ੁਰ ਦੀ ਮਾਫ਼ੀ ਹਾਸਲ ਕਰਨੀ ਜ਼ਿਆਦਾ ਮਹੱਤਵਪੂਰਣ ਨਹੀਂ ਹੈ?’ ਤੁਸੀਂ ਇਸ ਸਵਾਲ ਦਾ ਜਵਾਬ ਜਾਣਦੇ ਹੋ।

23 ਲੇਕਿਨ ਉਦੋਂ ਕੀ ਜਦੋਂ ਮਾਮਲਾ ਛੋਟੀ ਜਿਹੀ ਗ਼ਲਤੀ ਤੋਂ ਜ਼ਿਆਦਾ ਗੰਭੀਰ ਹੋਵੇ? ਅਤੇ ਮੱਤੀ 18:15-18 ਵਿਚ ਦਰਜ ਕੀਤੀ ਗਈ ਯਿਸੂ ਦੀ ਸਲਾਹ ਕਦੋਂ ਲਾਗੂ ਹੁੰਦੀ ਹੈ? ਆਓ ਆਪਾਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਈਏ।

[ਫੁਟਨੋਟ]

a ਇਕ ਵਿਦਵਾਨ ਕਹਿੰਦਾ ਹੈ ਕਿ ਮੀਕਾਹ 7:18 ਤੇ ਵਰਤੇ ਗਏ ਇਬਰਾਨੀ ਸ਼ਬਦ “ਇਕ ਮੁਸਾਫ਼ਰ ਦੇ ਰਵੱਈਏ ਨੂੰ ਦਰਸਾਉਂਦੇ ਹਨ ਜੋ ਆਲੇ-ਦੁਆਲੇ ਕਿਸੇ ਚੀਜ਼ ਵੱਲ ਬੇਲੋੜ ਧਿਆਨ ਨਹੀਂ ਦਿੰਦਾ। ਇਹ ਸ਼ਬਦ ਇਹ ਨਹੀਂ ਦਿਖਾਉਂਦੇ ਕਿ ਪਰਮੇਸ਼ੁਰ ਪਾਪ ਨੂੰ ਨਜ਼ਰਅੰਦਾਜ਼ ਕਰਦਾ ਹੈ, ਜਾਂ ਕਿ ਉਸ ਦੀਆਂ ਨਜ਼ਰਾਂ ਵਿਚ ਇਹ ਇਕ ਮਾਮੂਲੀ ਚੀਜ਼ ਹੈ, ਪਰ ਇਹ ਕਿ ਉਹ ਉਸ ਨੂੰ ਸਜ਼ਾ ਦੇਣ ਦੇ ਖ਼ਿਆਲ ਨਾਲ ਚੇਤੇ ਨਹੀਂ ਰੱਖਦਾ; ਉਹ ਸਜ਼ਾ ਨਹੀਂ ਦਿੰਦਾ, ਪਰ ਪਾਪ ਨੂੰ ਪਰੇ ਕਰਦਾ ਹੈ ਯਾਨੀ ਮਾਫ਼ ਕਰਦਾ ਹੈ।”—ਨਿਆਈਆਂ 3:26; 1 ਸਮੂਏਲ 16:8.

ਕੀ ਤੁਹਾਨੂੰ ਯਾਦ ਹੈ?

◻ ਯਹੋਵਾਹ ਦੇ ਮਾਫ਼ ਕਰਨ ਦੇ ਨਮੂਨੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

◻ ਕਲੀਸਿਯਾ ਦੇ ਭੈਣਾਂ-ਭਰਾਵਾਂ ਬਾਰੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

◻ ਰੁੱਖੇਪਣ ਅਤੇ ਗੁਸਤਾਖ਼ੀ ਬਾਰੇ ਅਸੀਂ ਕਈ ਵਾਰ ਕੀ ਕਰ ਸਕਦੇ ਹਾਂ?

◻ ਜੇ ਲੋੜ ਪਵੇ, ਤਾਂ ਆਪਣੇ ਭੈਣ-ਭਰਾ ਨਾਲ ਸੁਲ੍ਹਾ ਕਰਨ ਵਾਸਤੇ ਅਸੀਂ ਕੀ ਕਰ ਸਕਦੇ ਹਾਂ?

[ਸਫ਼ੇ 15 ਉੱਤੇ ਤਸਵੀਰ]

ਜਦੋਂ ਕਿਸੇ ਮਸੀਹੀ ਭੈਣ-ਭਰਾ ਨਾਲ ਤੁਹਾਡੀ ਕੋਈ ਅਣਬਣ ਹੁੰਦੀ ਹੈ ਤਾਂ ਗੱਲ ਛੱਡਣ ਦੀ ਕੋਸ਼ਿਸ਼ ਕਰੋ; ਸਮੇਂ ਦੇ ਬੀਤਣ ਨਾਲ ਮਾਮਲਾ ਹੌਲੀ-ਹੌਲੀ ਮਾਮੂਲੀ ਬਣ ਜਾਵੇਗਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ