ਪਰਮੇਸ਼ੁਰ ਦੇ ਬਚਨ ਦੇ ਪ੍ਰੇਮੀਆਂ ਲਈ ਇਕ ਮਹਾਨ ਘਟਨਾ
ਪਰਮੇਸ਼ੁਰ ਦੇ ਬਚਨ ਦੇ ਸਾਰਿਆਂ ਪ੍ਰੇਮੀਆਂ ਲਈ 1998 ਵਿਚ ਇਕ ਮਹਾਨ ਘਟਨਾ ਵਾਪਰੀ ਜਦੋਂ ਬਾਈਬਲ ਦੀ “ਨਿਊ ਵਰਲਡ ਟ੍ਰਾਂਸਲੇਸ਼ਨ” ਦੀ 10 ਕਰੋੜਵੀਂ ਕਾਪੀ ਛਾਪੀ ਗਈ। ਇਸ ਸਦੀ ਵਿਚ ਇਹ ਸੰਸਾਰ ਭਰ ਵਿਚ ਸਭ ਤੋਂ ਜ਼ਿਆਦਾ ਵੰਡੀਆਂ ਗਈਆਂ ਬਾਈਬਲਾਂ ਵਿੱਚੋਂ ਇਕ ਹੈ!
ਇਹ ਖ਼ਾਸ ਤੌਰ ਤੇ ਹੈਰਾਨੀ ਦੀ ਗੱਲ ਹੈ ਕਿਉਂਕਿ ਰਿਲੀਸ ਕੀਤੇ ਜਾਣ ਤੋਂ ਬਾਅਦ ਇਸ ਤਰਜਮੇ ਦੀ ਕਾਫ਼ੀ ਨੁਕਤਾਚੀਨੀ ਕੀਤੀ ਗਈ ਸੀ। ਪਰ ਇਹ ਤਰਜਮਾ ਹੁਣ ਤਕ ਜਾਰੀ ਹੀ ਨਹੀਂ, ਪਰ ਬਹੁਤ ਸਫ਼ਲ ਵੀ ਰਿਹਾ ਹੈ। ਇਹ ਸੰਸਾਰ ਭਰ ਵਿਚ ਲੱਖਾਂ ਹੀ ਲੋਕਾਂ ਦੇ ਘਰਾਂ ਵਿਚ ਪਾਇਆ ਜਾਂਦਾ ਹੈ ਅਤੇ ਲੱਖਾਂ ਹੀ ਦਿਲਾਂ ਵਿਚ ਸਮਾਇਆ ਹੋਇਆ ਹੈ! ਇਸ ਲਾਜਵਾਬ ਤਰਜਮੇ ਦੀ ਕੀ ਕਹਾਣੀ ਹੈ? ਇਸ ਦੇ ਪਿੱਛੇ ਕਿਸ ਦਾ ਹੱਥ ਹੈ? ਅਤੇ ਤੁਸੀਂ ਇਸ ਨੂੰ ਇਸਤੇਮਾਲ ਕਰ ਕੇ ਕਿਵੇਂ ਲਾਭ ਹਾਸਲ ਕਰ ਸਕਦੇ ਹੋ?
ਨਵੇਂ ਤਰਜਮੇ ਦੀ ਕਿਉਂ ਜ਼ਰੂਰਤ?
ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ, ਅਰਥਾਤ ਯਹੋਵਾਹ ਦੇ ਗਵਾਹਾਂ ਦੀ ਕਾਨੂੰਨੀ ਏਜੰਸੀ ਨੇ ਸੌ ਤੋਂ ਜ਼ਿਆਦਾ ਸਾਲਾਂ ਲਈ ਬਾਈਬਲਾਂ ਵੰਡੀਆਂ ਹਨ। ਪਰ ਯਹੋਵਾਹ ਦੇ ਗਵਾਹਾਂ ਨੇ ਪਰਮੇਸ਼ੁਰ ਦੇ ਬਚਨ ਦਾ ਇਕ ਹੋਰ ਤਰਜਮਾ ਬਣਾਉਣਾ ਕਿਉਂ ਜ਼ਰੂਰੀ ਸਮਝਿਆ? ਸਾਕਾਈ ਕੂਬੋ ਅਤੇ ਵਾਲਟਰ ਸਪੈਕਟ ਦੁਆਰਾ ਅੰਗ੍ਰੇਜ਼ੀ ਵਿਚ ਇੰਨੇ ਸਾਰੇ ਤਰਜਮੇ? ਨਾਂ ਦੀ ਪੁਸਤਕ ਦੇ ਅਨੁਸਾਰ: “ਬਾਈਬਲ ਦੇ ਕਿਸੇ ਵੀ ਤਰਜਮੇ ਨੂੰ ਆਖ਼ਰੀ ਤਰਜਮਾ ਨਹੀਂ ਸਮਝਿਆ ਜਾ ਸਕਦਾ। ਬਾਈਬਲ-ਸੰਬੰਧੀ ਗਿਆਨ ਵਿਚ ਤਰੱਕੀ ਅਤੇ ਭਾਸ਼ਾ ਵਿਚ ਤਬਦੀਲੀਆਂ ਦੇ ਕਾਰਨ, ਤਰਜਮਿਆਂ ਨੂੰ ਨਾਲੋਂ-ਨਾਲ ਬਦਲਣ ਦੀ ਲੋੜ ਹੈ।”
ਇਸ ਸਦੀ ਵਿਚ ਇਬਰਾਨੀ, ਯੂਨਾਨੀ, ਅਤੇ ਅਰਾਮੀ ਭਾਸ਼ਾਵਾਂ ਸਮਝਣ ਵਿਚ ਕਾਫ਼ੀ ਤਰੱਕੀ ਹੋਈ ਹੈ, ਜਿਨ੍ਹਾਂ ਭਾਸ਼ਾਵਾਂ ਵਿਚ ਬਾਈਬਲ ਪਹਿਲਾ ਲਿਖੀ ਗਈ ਸੀ। ਇਸ ਤੋਂ ਇਲਾਵਾ, ਬਾਈਬਲ ਦੇ ਹੱਥ-ਲਿਖਤ ਦਸਤਾਵੇਜ਼ ਲੱਭੇ ਗਏ ਹਨ ਜੋ ਬਾਈਬਲ ਅਨੁਵਾਦਕਾਂ ਦੀਆਂ ਪਿੱਛਲੀਆਂ ਪੀੜ੍ਹੀਆਂ ਦੁਆਰਾ ਵਰਤੇ ਗਏ ਦਸਤਾਵੇਜ਼ਾਂ ਨਾਲੋਂ ਜ਼ਿਆਦਾ ਪੁਰਾਣੇ ਅਤੇ ਸਹੀ ਹਨ। ਇਸ ਕਰਕੇ ਅੱਜ ਅੱਗੇ ਨਾਲੋਂ ਕਿਤੇ ਜ਼ਿਆਦਾ ਪਰਮੇਸ਼ੁਰ ਦੇ ਬਚਨ ਦਾ ਸਹੀ ਤਰਜਮਾ ਕੀਤਾ ਜਾ ਸਕਦਾ ਹੈ! ਇਸ ਲਈ ਨਿਊ ਵਰਲਡ ਬਾਈਬਲ ਦੇ ਤਰਜਮੇ ਦੀ ਕਮੇਟੀ ਸਥਾਪਿਤ ਕੀਤੀ ਗਈ ਸੀ ਤਾਂਕਿ ਬਾਈਬਲ ਦਾ ਤਰਜਮਾ ਅੱਜ ਦੇ ਜ਼ਮਾਨੇ ਦੀਆਂ ਭਾਸ਼ਾਵਾਂ ਵਿਚ ਕੀਤਾ ਜਾ ਸਕੇ।
ਸੰਨ 1950 ਵਿਚ ਮਸੀਹੀ ਯੂਨਾਨੀ ਸ਼ਾਸਤਰ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਦਾ ਨਾਂ ਹੀ ਰਸਮੀ ਨਾਵਾਂ ਤੋਂ ਬਹੁਤ ਵੱਖਰਾ ਸੀ ਕਿਉਂਕਿ ਜ਼ਿਆਦਾਤਰ ਬਾਈਬਲਾਂ ਦੀ ਤਰ੍ਹਾਂ ਇਸ ਨੇ ਆਪਣਾ ਨਾਮ ‘ਪੁਰਾਣੇ’ ਅਤੇ ‘ਨਵੇਂ’ ਨੇਮ ਤੋਂ ਨਹੀਂ ਲਿਆ। ਅਗਲੇ ਦਹਾਕੇ ਵਿਚ ਇਬਰਾਨੀ ਸ਼ਾਸਤਰ ਹਿੱਸਿਆਂ ਵਿਚ ਪ੍ਰਕਾਸ਼ਿਤ ਕੀਤੇ ਗਏ ਸਨ। ਸੰਨ 1961 ਵਿਚ ਅੰਗ੍ਰੇਜ਼ੀ ਦੀ ਪੂਰੀ ਬਾਈਬਲ ਇਕ ਖੰਡ ਵਜੋਂ ਰਿਲੀਸ ਕੀਤੀ ਗਈ ਸੀ।
ਖ਼ੈਰ, ਇਸ ਖ਼ਾਸ ਬਾਈਬਲ ਦਾ ਤਰਜਮਾ ਕਿਸ ਨੇ ਕੀਤਾ ਸੀ? ਸਾਲ 1950 ਵਿਚ, 15 ਸਤੰਬਰ ਦੇ ਵਾਚਟਾਵਰ ਨੇ ਕਿਹਾ ਕਿ “ਤਰਜਮੇ ਦੀ ਕਮੇਟੀ ਦੇ ਵਿਅਕਤੀ ਗੁਮਨਾਮ ਰਹਿਣਾ ਚਾਹੁੰਦੇ ਹਨ, ਅਤੇ ਉਨ੍ਹਾਂ ਦੇ ਜੀਉਂਦਿਆਂ ਜਾਂ ਉਨ੍ਹਾਂ ਦੀ ਮੌਤ ਤੋਂ ਬਾਅਦ, ਉਹ ਬਿਲਕੁਲ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਨਾਂ ਪ੍ਰਕਾਸ਼ਿਤ ਕੀਤੇ ਜਾਣ। ਇਸ ਤਰਜਮੇ ਦਾ ਮਕਸਦ ਜੀਉਂਦੇ ਅਤੇ ਸੱਚੇ ਪਰਮੇਸ਼ੁਰ ਦਾ ਨਾਂ ਉੱਚਾ ਕਰਨਾ ਹੈ।” ਕੁਝ ਆਲੋਚਕਾਂ ਨੇ ਕਿਹਾ ਕਿ ਇਸ ਤਰਜਮੇ ਨੂੰ ਫ਼ੌਰਨ ਤਿਆਗ ਦੇਣਾ ਚਾਹੀਦਾ ਹੈ ਕਿਉਂਕਿ ਇਹ ਨਾਕਾਬਲ ਬੰਦਿਆਂ ਦਾ ਕੰਮ ਹੈ, ਪਰ ਸਾਰਿਆਂ ਨੇ ਇਸ ਤਰ੍ਹਾਂ ਨਹੀਂ ਸੋਚਿਆ। ਐਲਨ ਐੱਸ. ਡਥੀ ਲਿਖਦਾ ਹੈ ਕਿ “ਜੇਕਰ ਸਾਨੂੰ ਪਤਾ ਹੋਵੇ ਕਿ ਕਿਸੇ ਖ਼ਾਸ ਬਾਈਬਲ ਤਰਜਮੇ ਦੇ ਅਨੁਵਾਦਕ ਜਾਂ ਪ੍ਰਕਾਸ਼ਕ ਕੌਣ ਹਨ, ਕੀ ਇਹ ਗੱਲ ਇਹ ਫ਼ੈਸਲਾ ਕਰਨ ਵਿਚ ਸਾਡੀ ਮਦਦ ਕਰਦੀ ਹੈ ਕਿ ਤਰਜਮਾ ਵਧੀਆ ਜਾਂ ਨਿਕੰਮਾ ਹੈ? ਜ਼ਰੂਰੀ ਨਹੀਂ। ਹਰ ਤਰਜਮੇ ਨੂੰ ਉਸ ਦੇ ਆਪਣੇ ਹੀ ਗੁਣਾਂ ਤੋਂ ਪਰਖਣਾ ਚਾਹੀਦਾ ਹੈ।”a
ਵਿਸ਼ੇਸ਼ ਗੁਣ
ਲੱਖਾਂ ਹੀ ਪਾਠਕਾਂ ਨੇ ਇਹੀ ਕੀਤਾ ਹੈ ਅਤੇ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਸਿਰਫ਼ ਪੜ੍ਹਨਯੋਗ ਹੀ ਨਹੀਂ ਪਰ ਇਸ ਦਾ ਤਰਜਮਾ ਬਹੁਤ ਹੀ ਸਹੀ ਹੈ। ਇਸ ਦੇ ਅਨੁਵਾਦਕਾਂ ਨੇ ਸਭ ਤੋਂ ਵਧੀਆ ਮੂਲ-ਪਾਠ ਵਰਤ ਕੇ, ਜੋ ਉਨ੍ਹਾਂ ਨੂੰ ਉਪਲਬਧ ਸਨ, ਮੁਢਲੀਆਂ ਇਬਰਾਨੀ, ਅਰਾਮੀ ਅਤੇ ਯੂਨਾਨੀ ਭਾਸ਼ਾਵਾਂ ਤੋਂ ਤਰਜਮਾ ਕੀਤਾ ਸੀ।b ਉਨ੍ਹਾਂ ਨੇ ਬਹੁਤ ਮਿਹਨਤ ਨਾਲ ਉਸ ਪ੍ਰਾਚੀਨ ਮੂਲ-ਪਾਠ ਦਾ ਉੱਨਾ ਅੱਖਰ-ਬ-ਅੱਖਰ ਤਰਜਮਾ ਕੀਤਾ ਜਿੰਨਾ ਹੋ ਸਕੇ, ਪਰ ਅਜਿਹੀ ਭਾਸ਼ਾ ਵਰਤੀ ਜੋ ਸੌਖਿਆਂ ਹੀ ਸਮਝ ਪੈ ਸਕਦੀ ਸੀ। ਸਿੱਟੇ ਵਜੋਂ, ਕੁਝ ਵਿਦਵਾਨਾਂ ਨੇ ਇਸ ਈਮਾਨਦਾਰ ਅਤੇ ਸ਼ੁੱਧ ਤਰਜਮੇ ਦੀ ਸ਼ਲਾਘਾ ਕੀਤੀ। ਮਿਸਾਲ ਲਈ, ਜਨਵਰੀ 1963 ਦੀ ਐਂਡੋਵਰ ਨਿਊਟਨ ਕੁਆਟਰਲੀ ਨੇ ਕਿਹਾ ਕਿ “ਨਵੇਂ ਨੇਮ ਦੇ ਤਰਜਮੇ ਤੋਂ ਸਬੂਤ ਮਿਲਦਾ ਹੈ ਕਿ [ਯਹੋਵਾਹ ਦੇ ਗਵਾਹਾਂ ਵਿਚ] ਅਜਿਹੇ ਵਿਦਵਾਨ ਹਨ ਜੋ ਸੂਝ-ਬੂਝ ਨਾਲ ਬਾਈਬਲ ਦਾ ਤਰਜਮਾ ਕਰਨ ਦੀਆਂ ਅਨੇਕ ਸਮੱਸਿਆਵਾਂ ਨੂੰ ਸੁਲਝਾਉਣ ਦੇ ਯੋਗ ਹਨ।”
ਅਨੁਵਾਦਕਾਂ ਨੇ ਬਾਈਬਲ ਬਾਰੇ ਨਵੀਆਂ ਤੋਂ ਨਵੀਆਂ ਗੱਲਾਂ ਸਮਝਾਈਆਂ। ਬਾਈਬਲ ਦੇ ਕੁਝ ਪਾਠ ਜਿਨ੍ਹਾਂ ਦੀ ਥੋੜ੍ਹੀ ਜਿਹੀ ਸਮਝ ਸੀ ਹੁਣ ਜ਼ਿਆਦਾ ਸਪੱਸ਼ਟ ਹੋ ਗਏ ਹਨ। ਮਿਸਾਲ ਲਈ, ਮੱਤੀ 5:3 ਵਿਚ ਇਹ ਗੱਲ ਸਮਝਣੀ ਔਖੀ ਸੀ ਕਿ “ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ।” ਪਰੰਤੂ ਨਿਊ ਵਰਲਡ ਟ੍ਰਾਂਸਲੇਸ਼ਨ ਨੇ ਇਸ ਦਾ ਇਕ ਅਜਿਹੇ ਤਰੀਕੇ ਵਿਚ ਤਰਜਮਾ ਕੀਤਾ ਜੋ ਸਮਝਣ ਲਈ ਸੌਖਾ ਸੀ: “ਖ਼ੁਸ਼ ਉਹ ਹਨ ਜੋ ਆਪਣੀ ਰੂਹਾਨੀ ਲੋੜ ਪ੍ਰਤੀ ਸਚੇਤ ਹਨ।” ਇਹ ਤਰਜਮਾ ਖ਼ਾਸ ਸ਼ਬਦਾਂ ਦਾ ਅਨੁਵਾਦ ਇਕਸੁਰ ਤਰੀਕੇ ਵਿਚ ਕਰਦਾ ਹੈ। ਮਿਸਾਲ ਲਈ, ਯੂਨਾਨੀ ਸ਼ਬਦ ਪਸੀਹੇ ਨੂੰ “ਪ੍ਰਾਣ” ਅਨੁਵਾਦ ਕੀਤਾ ਗਿਆ ਸੀ। ਨਤੀਜੇ ਵਜੋਂ, ਪਾਠਕ ਜਲਦੀ ਦੇਖ ਸਕਦੇ ਹਨ ਕਿ ਆਮ ਧਰਮਾਂ ਦੀ ਸਿੱਖਿਆ ਦੇ ਉਲਟ, ਮੌਤ ਤੋਂ ਬਾਅਦ ਜਾਨ ਜਾਰੀ ਨਹੀਂ ਰਹਿੰਦੀ!—ਮੱਤੀ 2:20; ਮਰਕੁਸ 3:4; ਲੂਕਾ 6:9; 17:33.
ਪਰਮੇਸ਼ੁਰ ਦਾ ਨਾਂ ਮੁੜ ਸਥਾਪਿਤ ਕਰਨਾ
ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਦਾ ਇਕ ਹੋਰ ਪ੍ਰਮੁੱਖ ਗੁਣ ਇਹ ਹੈ ਕਿ ਪਰਮੇਸ਼ੁਰ ਦਾ ਨਾਂ, ਯਹੋਵਾਹ, ਇਸ ਵਿਚ ਮੁੜ ਸਥਾਪਿਤ ਕੀਤਾ ਗਿਆ ਹੈ। ਇਬਰਾਨੀ ਬਾਈਬਲ ਦੀਆਂ ਪੁਰਾਣੀਆਂ ਕਾਪੀਆਂ ਵਿਚ ਈਸ਼ਵਰੀ ਨਾਂ ਨੂੰ ਚਾਰ ਅੱਖਰਾਂ ਦੁਆਰਾ ਦਰਸਾਇਆ ਗਿਆ ਹੈ, ਜਿਨ੍ਹਾਂ ਨੂੰ ਯ ਹ ਵ ਹ ਜਾਂ ਜ ਹ ਵ ਹ ਲਿਖਿਆ ਜਾ ਸਕਦਾ ਹੈ। ਸਿਰਫ਼ ਪੁਰਾਣੇ ਨੇਮ ਕਹਾਉਣ ਵਾਲੇ ਹਿੱਸੇ ਵਿਚ ਹੀ ਇਹ ਵਿਸ਼ੇਸ਼ ਨਾਂ ਲਗਭਗ 7,000 ਵਾਰ ਇਸਤੇਮਾਲ ਕੀਤਾ ਜਾਂਦਾ ਹੈ। (ਕੂਚ 3:15; ਜ਼ਬੂਰ 83:18) ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਿਰਜਣਹਾਰ ਦਾ ਇਰਾਦਾ ਸੀ ਕਿ ਉਸ ਦੇ ਉਪਾਸਕਾਂ ਦੁਆਰਾ ਉਸ ਦਾ ਨਾਂ ਜਾਣਿਆ ਅਤੇ ਵਰਤਿਆ ਜਾਵੇ!
ਪਰੰਤੂ ਵਹਿਮਾਂ ਦੇ ਕਾਰਨ, ਯਹੂਦੀ ਲੋਕਾਂ ਨੇ ਈਸ਼ਵਰੀ ਨਾਂ ਨੂੰ ਵਰਤਣਾ ਬੰਦ ਕਰ ਦਿੱਤਾ। ਯਿਸੂ ਦੇ ਰਸੂਲਾਂ ਦੀ ਮੌਤ ਤੋਂ ਬਾਅਦ, ਯੂਨਾਨੀ ਸ਼ਾਸਤਰ ਦੇ ਨਕਲਕਾਰਾਂ ਨੇ ਪਰਮੇਸ਼ੁਰ ਦੇ ਨਿੱਜੀ ਨਾਂ ਦੀ ਥਾਂ ਤੇ ਯੂਨਾਨੀ ਸ਼ਬਦ ਕਿਰਿਓਸ (ਪ੍ਰਭੂ) ਜਾਂ ਥੀਓਸ (ਰੱਬ) ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਅਫ਼ਸੋਸ ਦੀ ਗੱਲ ਹੈ ਕਿ ਅੱਜ ਵੀ ਅਨੁਵਾਦਕਾਂ ਨੇ ਪਰਮੇਸ਼ੁਰ ਦਾ ਅਨਾਦਰ ਕੀਤਾ ਹੈ। ਉਨ੍ਹਾਂ ਨੇ ਪਰਮੇਸ਼ੁਰ ਦਾ ਨਾਂ ਕਾਫ਼ੀ ਬਾਈਬਲਾਂ ਵਿੱਚੋਂ ਕੱਟਿਆ ਹੈ ਅਤੇ ਇਸ ਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਮਿਸਾਲ ਲਈ, ਯੂਹੰਨਾ 17:6 ਵਿਚ ਯਿਸੂ ਨੇ ਕਿਹਾ: “ਮੈਂ ਤੇਰਾ ਨਾਮ ਪ੍ਰਗਟ ਕੀਤਾ ਹੈ।” ਪਰੰਤੂ ਟੂਡੇਜ਼ ਇੰਗਲਿਸ਼ ਵਰਯਨ ਇਸ ਤਰ੍ਹਾਂ ਪੜ੍ਹਦਾ ਹੈ: “ਮੈਂ ਤੈਨੂੰ ਪ੍ਰਗਟ ਕੀਤਾ ਹੈ।”
ਕੁਝ ਵਿਦਵਾਨ ਕਹਿੰਦੇ ਹਨ ਕਿ ਪਰਮੇਸ਼ੁਰ ਦਾ ਨਾਂ ਇਸ ਕਰਕੇ ਕੱਟਿਆ ਗਿਆ ਹੈ ਕਿਉਂਕਿ ਕਿਸੇ ਨੂੰ ਇਸ ਦਾ ਸਹੀ ਉਚਾਰਣ ਨਹੀਂ ਪਤਾ। ਪਰੰਤੂ, ਯਿਰਮਿਯਾਹ, ਯਸਾਯਾਹ ਅਤੇ ਯਿਸੂ ਵਰਗੇ ਜਾਣੇ-ਪਛਾਣੇ ਬਾਈਬਲੀ ਨਾਂ ਆਮ ਤੌਰ ਤੇ ਵਰਤੇ ਜਾਂਦੇ ਹਨ, ਭਾਵੇਂ ਕਿ ਇਹ ਮੁਢਲੀ ਇਬਰਾਨੀ ਭਾਸ਼ਾ ਵਿਚ ਹੋਰ ਢੰਗ ਨਾਲ ਉਚਾਰੇ ਜਾਂਦੇ ਸਨ। ਕਿਉਂਕਿ ਈਸ਼ਵਰੀ ਨਾਂ ਦਾ ਇਕ ਸਹੀ ਰੂਪ “ਯਹੋਵਾਹ” ਹੈ—ਇਕ ਜਾਣਿਆ-ਪਛਾਣਿਆ ਨਾਮ—ਇਸ ਨੂੰ ਨਾ ਵਰਤਣ ਦੇ ਕਾਰਨ ਖੋਖਲੇ ਹਨ।
ਨਿਊ ਵਰਲਡ ਬਾਈਬਲ ਦੇ ਤਰਜਮੇ ਦੀ ਕਮੇਟੀ ਨੇ ਦੋਵੇਂ ਇਬਰਾਨੀ ਅਤੇ ਯੂਨਾਨੀ ਸ਼ਾਸਤਰ ਵਿਚ ਯਹੋਵਾਹ ਦਾ ਨਾਂ ਇਸਤੇਮਾਲ ਕਰ ਕੇ ਇਕ ਦਲੇਰ ਕਦਮ ਚੁੱਕਿਆ। ਉਨ੍ਹਾਂ ਨੇ ਕੇਂਦਰੀ ਅਮਰੀਕਾ, ਦੱਖਣੀ ਸ਼ਾਂਤ ਮਹਾਂਸਾਗਰ ਦੇ ਇਲਾਕੇ ਅਤੇ ਪੂਰਬ ਦੇ ਲੋਕਾਂ ਲਈ ਮਿਸ਼ਨਰੀਆਂ ਦੁਆਰਾ ਕੀਤੇ ਗਏ ਪੁਰਾਣੇ ਤਰਜਮਿਆਂ ਤੋਂ ਮਿਸਾਲ ਲਈ। ਪਰੰਤੂ, ਪਰਮੇਸ਼ੁਰ ਦੇ ਨਾਂ ਦੀ ਅਜਿਹੀ ਵਰਤੋਂ ਸਿਰਫ਼ ਦਿਲਚਸਪੀ ਦੀ ਗੱਲ ਹੀ ਨਹੀਂ। ਪਰਮੇਸ਼ੁਰ ਨੂੰ ਇਕ ਵਿਅਕਤੀ ਵਜੋਂ ਜਾਣਨ ਲਈ ਉਸ ਦਾ ਨਾਂ ਜਾਣਨਾ ਬਹੁਤ ਹੀ ਜ਼ਰੂਰੀ ਹੈ। (ਕੂਚ 34:6, 7) ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਨੇ ਲੱਖਾਂ ਹੀ ਲੋਕਾਂ ਨੂੰ ਪਰਮੇਸ਼ੁਰ ਦਾ ਨਾਂ ਵਰਤਣ ਲਈ ਉਤਸ਼ਾਹਿਤ ਕੀਤਾ ਹੈ!
ਅੰਗ੍ਰੇਜ਼ੀ ਨਾ ਪੜ੍ਹਨ ਵਾਲਿਆਂ ਤਕ ਪਹੁੰਚਣਾ
ਸਾਲ 1963 ਤੋਂ ਲੈ ਕੇ 1989 ਤਕ ਬਾਈਬਲ ਦੀ ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਜਾਂ ਇਸ ਦੇ ਭਾਗ, ਦਸ ਹੋਰ ਭਾਸ਼ਾਵਾਂ ਵਿਚ ਉਪਲਬਧ ਹੋਈ। ਪਰੰਤੂ, ਤਰਜਮਾ ਕਰਨ ਦੇ ਕੰਮ ਵਿਚ ਬਹੁਤ ਹੀ ਮਿਹਨਤ ਦੀ ਲੋੜ ਸੀ, ਅਤੇ ਕਈ ਪ੍ਰਾਜੈਕਟ 20 ਜਾਂ ਜ਼ਿਆਦਾ ਸਾਲਾਂ ਲਈ ਜਾਰੀ ਰਹੇ। ਫਿਰ, 1989 ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਤੇ, ਤਰਜਮੇ ਦੀ ਸੇਵਾ ਦਾ ਵਿਭਾਗ ਸਥਾਪਿਤ ਕੀਤਾ ਗਿਆ। ਪ੍ਰਬੰਧਕ ਸਭਾ ਦੀ ਲਿਖਣ ਦੀ ਕਮੇਟੀ ਦੇ ਨਿਰਦੇਸ਼ਨ ਅਧੀਨ, ਇਸ ਵਿਭਾਗ ਨੇ ਹੋਰ ਤੇਜ਼ੀ ਨਾਲ ਬਾਈਬਲ ਦਾ ਤਰਜਮਾ ਕਰਨ ਦਾ ਟੀਚਾ ਅਪਣਾਇਆ। ਤਰਜਮਾ ਕਰਨ ਦਾ ਇਕ ਅਜਿਹਾ ਤਰੀਕਾ ਵਿਕਸਿਤ ਕੀਤਾ ਗਿਆ ਜਿਸ ਵਿਚ ਬਾਈਬਲੀ ਲਫ਼ਜ਼ਾਂ ਦੇ ਅਧਿਐਨ ਦੇ ਨਾਲ-ਨਾਲ ਕੰਪਿਊਟਰ ਤਕਨਾਲੋਜੀ ਇਸਤੇਮਾਲ ਕੀਤੀ ਗਈ ਸੀ। ਇਹ ਤਰੀਕਾ ਕਿਸ ਤਰ੍ਹਾਂ ਕੰਮ ਕਰਦਾ ਹੈ?
ਜਦੋਂ ਲਿਖਣ ਦੀ ਕਮੇਟੀ ਕਿਸੇ ਨਵੀਂ ਭਾਸ਼ਾ ਵਿਚ ਬਾਈਬਲ ਦਾ ਤਰਜਮਾ ਕਰਨ ਦੀ ਮਨਜ਼ੂਰੀ ਦਿੰਦੀ ਹੈ, ਤਾਂ ਉਹ ਸਮਰਪਿਤ ਕੀਤੇ ਗਏ ਮਸੀਹੀਆਂ ਦੇ ਇਕ ਸਮੂਹ ਨੂੰ ਤਰਜਮਾ ਕਰਨ ਲਈ ਜ਼ਿੰਮੇਵਾਰੀ ਸੌਂਪਦੀ ਹੈ। ਇਕੱਲੇ ਕੰਮ ਕਰਦੇ ਵਿਅਕਤੀ ਨਾਲੋਂ, ਇਕ ਸਮੂਹ ਜਾਂ ਟੀਮ ਜ਼ਿਆਦਾ ਸੰਤੁਲਿਤ ਤਰੀਕੇ ਦੇ ਵਿਚ ਤਰਜਮਾ ਕਰ ਸਕਦੀ ਹੈ। (ਕਹਾਉਤਾਂ 11:14 ਦੀ ਤੁਲਨਾ ਕਰੋ।) ਆਮ ਕਰਕੇ, ਟੀਮ ਦੇ ਹਰੇਕ ਮੈਂਬਰ ਕੋਲ ਸੋਸਾਇਟੀ ਦੀਆਂ ਕਿਤਾਬਾਂ ਦਾ ਤਰਜਮਾ ਕਰਨ ਦਾ ਤਜਰਬਾ ਹੁੰਦਾ ਹੈ। ਇਸ ਤੋਂ ਬਾਅਦ ਟੀਮ ਨੂੰ ਬਾਈਬਲ ਦਾ ਤਰਜਮਾ ਕਰਨ ਦੇ ਮਿਆਰਾਂ ਅਤੇ ਖ਼ਾਸ ਕੰਪਿਊਟਰ ਪ੍ਰੋਗ੍ਰਾਮਾਂ ਦੀ ਪੂਰੀ-ਪੂਰੀ ਸਿਖਲਾਈ ਦਿੱਤੀ ਜਾਂਦੀ ਹੈ। ਇਕ ਕੰਪਿਊਟਰ ਤਰਜਮੇ ਦਾ ਕੰਮ ਤਾਂ ਨਹੀਂ ਕਰਦਾ, ਪਰ ਟੀਮ ਇਸ ਦੇ ਰਾਹੀਂ ਮਹੱਤਵਪੂਰਣ ਜਾਣਕਾਰੀ ਹਾਸਲ ਕਰ ਸਕਦੀ ਹੈ ਅਤੇ ਬਣਾਏ ਹੋਏ ਫ਼ੈਸਲਿਆਂ ਦਾ ਰਿਕਾਰਡ ਰੱਖ ਸਕਦੀ ਹੈ।
ਬਾਈਬਲ ਦਾ ਤਰਜਮਾ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਪਹਿਲੇ ਹਿੱਸੇ ਵਿਚ ਅਨੁਵਾਦਕਾਂ ਨੂੰ ਉਹ ਸ਼ਬਦ ਅਤੇ ਵਾਕਾਂਸ਼ ਦਿੱਤੇ ਜਾਂਦੇ ਹਨ ਜੋ ਕਿ ਅੰਗ੍ਰੇਜ਼ੀ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਵਰਤੇ ਜਾਂਦੇ ਹਨ। ਅੰਗ੍ਰੇਜ਼ੀ ਵਿਚ ਸੰਬੰਧਿਤ ਸ਼ਬਦ, ਜਿਸ ਤਰ੍ਹਾਂ “ਪ੍ਰਾਸਚਿਤ,” “ਪ੍ਰਾਸਚਿਤ ਕਰਨਾ” ਜਾਂ “ਮਨਾਉਣਾ” ਇਕੱਠੇ ਕੀਤੇ ਜਾਂਦੇ ਹਨ, ਤਾਂ ਜੋ ਅਨੁਵਾਦਕ ਅਜਿਹਿਆਂ ਸ਼ਬਦਾਂ ਦੇ ਮਿਲਦੇ-ਜੁਲਦੇ ਅਰਥਾਂ ਦਾ ਖ਼ਿਆਲ ਰੱਖ ਸਕਣ। ਉਹ ਇਨ੍ਹਾਂ ਸ਼ਬਦਾਂ ਦਾ ਤਰਜਮਾ ਕਰ ਕੇ ਇਕ ਲਿਸਟ ਬਣਾ ਲੈਂਦੇ ਹਨ। ਲੇਕਿਨ, ਹੋ ਸਕਦਾ ਹੈ ਕਿ ਅਨੁਵਾਦਕ ਨੂੰ ਸ਼ਾਇਦ ਕਿਸੇ ਹਵਾਲੇ ਦਾ ਤਰਜਮਾ ਕਰਨਾ ਮੁਸ਼ਕਲ ਲੱਗੇ। ਕੰਪਿਊਟਰ ਰੀਸਰਚ ਸਿਸਟਮ, ਅਨੁਵਾਦਕ ਨੂੰ ਯੂਨਾਨੀ ਅਤੇ ਇਬਰਾਨੀ ਸ਼ਬਦਾਂ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਇਸ ਰਾਹੀਂ ਉਹ ਵਾਚਟਾਵਰ ਸੋਸਾਇਟੀ ਦੇ ਪ੍ਰਕਾਸ਼ਨਾਂ ਵਿਚ ਵੀ ਦੇਖ ਸਕਦਾ ਹੈ।
ਤਰਜਮਾ ਕਰਨ ਦੇ ਦੂਜੇ ਹਿੱਸੇ ਵਿਚ, ਸ਼ਬਦਾਂ ਦੀ ਲਿਸਟ ਕੰਪਿਊਟਰ ਦੁਆਰਾ ਖ਼ੁਦ-ਬ-ਖ਼ੁਦ ਬਾਈਬਲ ਵਿਚ ਪਾਈ ਜਾਂਦੀ ਹੈ। ਇਸ ਤਰ੍ਹਾਂ ਤਰਜਮਾ ਸਹੀ ਰਹਿੰਦਾ ਹੈ ਅਤੇ ਉਸ ਵਿਚ ਇਕਸਾਰਤਾ ਬਣੀ ਰਹਿੰਦੀ ਹੈ। ਜਦੋਂ ਅੰਗ੍ਰੇਜ਼ੀ ਦੀ ਥਾਂ ਇਹ ਸ਼ਬਦ ਖ਼ੁਦ-ਬ-ਖ਼ੁਦ ਪਾਏ ਜਾਂਦੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਬਾਈਬਲ ਪੜ੍ਹਨਯੋਗ ਹੈ। ਬਾਈਬਲ ਦੇ ਕੁਝ ਹਵਾਲਿਆਂ ਨੂੰ ਸੁਧਾਰਨ ਲਈ ਹਾਲੇ ਵੀ ਕਾਫ਼ੀ ਕੁਝ ਕਰਨਾ ਪੈਂਦਾ ਹੈ ਤਾਂਕਿ ਇਹ ਆਸਾਨੀ ਨਾਲ ਪੜ੍ਹੀ ਜਾ ਸਕੇ।
ਤਰਜਮਾ ਕਰਨ ਦਾ ਇਹ ਤਰੀਕਾ ਬਹੁਤ ਚੰਗਾ ਸਾਬਤ ਹੋਇਆ ਹੈ। ਇਕ ਟੀਮ ਨੂੰ ਪੂਰੇ ਇਬਰਾਨੀ ਸ਼ਾਸਤਰ ਦਾ ਤਰਜਮਾ ਕਰਨ ਲਈ ਸਿਰਫ਼ ਦੋ ਸਾਲ ਲੱਗੇ। ਇਸ ਦੀ ਤੁਲਨਾ ਇਕ ਹੋਰ ਟੀਮ ਨਾਲ ਕਰੋ, ਜਿਸ ਦੀ ਭਾਸ਼ਾ ਪਹਿਲੀ ਟੀਮ ਵਰਗੀ ਸੀ। ਉਸ ਨੂੰ ਕੰਪਿਊਟਰ ਦੀ ਮਦਦ ਤੋਂ ਬਿਨਾਂ ਤਰਜਮਾ ਕਰਨ ਲਈ ਸੋਲਾਂ ਸਾਲ ਲੱਗੇ। ਸਾਲ 1989 ਤੋਂ ਲੈ ਕੇ ਅੱਜ ਤਕ, ਮਸੀਹੀ ਯੂਨਾਨੀ ਸ਼ਾਸਤਰ 18 ਹੋਰ ਭਾਸ਼ਾਵਾਂ ਵਿਚ ਛਾਪੇ ਗਏ ਹੈ। ਪੂਰੀ ਦੀ ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਜਾਂ ਉਸ ਦੇ ਭਾਗ 34 ਭਾਸ਼ਾਵਾਂ ਵਿਚ ਮਿਲ ਸਕਦੇ ਹਨ। ਇਸ ਤਰ੍ਹਾਂ ਦਸਾਂ ਵਿੱਚੋਂ ਅੱਠ ਯਹੋਵਾਹ ਦੇ ਗਵਾਹਾਂ ਕੋਲ ਆਪਣੀ ਹੀ ਮਾਂ ਬੋਲੀ ਵਿਚ ਘੱਟੋ-ਘੱਟ ਨਿਊ ਵਰਲਡ ਟ੍ਰਾਂਸਲੇਸ਼ਨ ਦਾ ਮਸੀਹੀ ਯੂਨਾਨੀ ਸ਼ਾਸਤਰ ਹੈ।
ਯੂਨਾਇਟਿਡ ਬਾਈਬਲ ਸੋਸਾਇਟੀਜ਼ ਰਿਪੋਰਟ ਕਰਦੀ ਹੈ ਕਿ ਦੁਨੀਆਂ ਦੀਆਂ 6,500 ਭਾਸ਼ਾਵਾਂ ਵਿੱਚੋਂ, ਬਾਈਬਲ ਦੇ ਭਾਗ ਸਿਰਫ਼ 2,212 ਭਾਸ਼ਾਵਾਂ ਵਿਚ ਉਪਲਬਧ ਹਨ।c ਇਸ ਲਈ, ਕੁਝ 100 ਅਨੁਵਾਦਕ ਇਬਰਾਨੀ ਸ਼ਾਸਤਰ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਦਾ 11 ਭਾਸ਼ਾਵਾਂ ਵਿਚ, ਅਤੇ ਯੂਨਾਨੀ ਸ਼ਾਸਤਰ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਦਾ 8 ਭਾਸ਼ਾਵਾਂ ਵਿਚ ਤਰਜਮਾ ਕਰ ਰਹੇ ਹਨ। ਪਰਮੇਸ਼ੁਰ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਨਿਊ ਵਰਲਡ ਟ੍ਰਾਂਸਲੇਸ਼ਨ ਬਿਨਾਂ ਸ਼ੱਕ ਇਸ ਨੂੰ ਪੂਰਾ ਕਰਨ ਵਿਚ ਮੁੱਖ ਹਿੱਸਾ ਅਦਾ ਕਰਦੀ ਜਾਏਗੀ।
ਇਸ ਲਈ, ਅਸੀਂ ਬਹੁਤ ਖ਼ੁਸ਼ ਹਾਂ ਕਿ ਇਸ ਤਰਜਮੇ ਦੀਆਂ 10 ਕਰੋੜ ਤੋਂ ਜ਼ਿਆਦਾ ਕਾਪੀਆਂ ਛਾਪੀਆਂ ਗਈਆਂ ਹਨ, ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਕਰੋੜਾਂ ਹੋਰ ਕਾਪੀਆਂ ਭਵਿੱਖ ਵਿਚ ਛਾਪੀਆਂ ਜਾਣਗੀਆਂ। ਅਸੀਂ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਖ਼ੁਦ ਇਸ ਦੀ ਜਾਂਚ ਕਰੋ। ਤੁਸੀਂ ਇਸ ਦੀਆਂ ਕਈ ਖ਼ਾਸ ਵਿਸ਼ੇਸ਼ਤਾਵਾਂ ਦਾ ਜ਼ਰੂਰ ਆਨੰਦ ਮਾਣੋਗੇ: ਸਾਫ਼ ਛਾਪ, ਸਫ਼ਿਆਂ ਦੇ ਸਿਰਲੇਖ, ਜਾਣੀਆਂ-ਪਛਾਣੀਆਂ ਆਇਤਾਂ ਨੂੰ ਲੱਭਣ ਲਈ ਇੰਡੈਕਸ, ਨਕਸ਼ੇ ਅਤੇ ਪਿੱਛਲੇ ਭਾਗ ਵਿਚ ਦਿਲਚਸਪ ਅਧਿਕ ਜਾਣਕਾਰੀ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਇਸ ਭਰੋਸੇ ਨਾਲ ਇਹ ਬਾਈਬਲ ਪੜ੍ਹ ਸਕੋਗੇ ਕਿ ਇਹ ਪਰਮੇਸ਼ੁਰ ਦੀਆਂ ਗੱਲਾਂ ਨੂੰ ਸਹੀ-ਸਹੀ ਪੇਸ਼ ਕਰਦੀ ਹੈ।
[ਫੁਟਨੋਟ]
a ਦਿਲਚਸਪੀ ਦੀ ਗੱਲ ਹੈ ਕਿ 1971 ਦੀ ਨਿਊ ਅਮੈਰੀਕਨ ਸਟੈਂਡਡ ਬਾਈਬਲ ਦੇ ਰੈਫਰੈਂਸ ਐਡੀਸ਼ਨ ਦੀ ਜਿਲਦ ਉੱਤੇ ਵੀ ਇਸੇ ਤਰ੍ਹਾਂ ਲਿਖਿਆ ਗਿਆ ਸੀ ਕਿ “ਅਸੀਂ ਸਿਫਾਰਸ਼ ਲਈ ਕਿਸੇ ਵਿਦਵਾਨ ਦਾ ਨਾਂ ਨਹੀਂ ਦਿੱਤਾ ਹੈ ਕਿਉਂਕਿ ਸਾਡਾ ਇਹ ਵਿਸ਼ਵਾਸ ਹੈ ਕਿ ਪਰਮੇਸ਼ੁਰ ਦੇ ਸ਼ਬਦ ਨੂੰ ਆਪਣੀ ਹੀ ਸਿਫਾਰਸ਼ ਕਰਨੀ ਚਾਹੀਦੀ ਹੈ।”
b ਯੂਨਾਨੀ ਮੂਲ-ਪਾਠ ਵਜੋਂ, ਵੈਸਟਕੌਟ ਅਤੇ ਹੌਰਟ ਦੁਆਰਾ ਨਿਊ ਟੈਸਟਾਮੈਂਟ ਇਨ ਦ ਉਰਿਜਿਨਲ ਗ੍ਰੀਕ, ਵਰਤਿਆ ਗਿਆ ਸੀ। ਇਬਰਾਨੀ ਸ਼ਾਸਤਰ ਲਈ ਮੂਲ-ਪਾਠ ਵਜੋਂ ਆਰ. ਕਿਟਲ ਦੀ ਬਿਬਲੀਆ ਹਿਬਰੇਈਕਾ ਵਰਤੀ ਗਈ ਸੀ।
c ਅਨੇਕ ਲੋਕ ਦੋ ਭਾਸ਼ਾ ਬੋਲ ਲੈਂਦੇ ਹਨ। ਇਸ ਲਈ ਸਮਝਿਆ ਜਾਂਦਾ ਹੈ ਕਿ ਪੂਰੀ ਦੀ ਪੂਰੀ ਬਾਈਬਲ ਜਾਂ ਉਸ ਦੇ ਭਾਗ ਇੰਨੀਆਂ ਭਾਸ਼ਾਵਾਂ ਵਿਚ ਅਨੁਵਾਦਿਤ ਹਨ ਕਿ ਧਰਤੀ ਦੇ 90 ਫੀ ਸਦੀ ਤੋਂ ਜ਼ਿਆਦਾ ਲੋਕ ਇਸ ਨੂੰ ਪੜ੍ਹ ਸਕਦੇ ਹਨ।
[ਸਫ਼ੇ 29 ਉੱਤੇ ਸੁਰਖੀ]
“ਨਵੇਂ ਨੇਮ ਦੇ ਤਰਜਮੇ ਤੋਂ ਸਬੂਤ ਮਿਲਦਾ ਹੈ ਕਿ [ਯਹੋਵਾਹ ਦੇ ਗਵਾਹਾਂ ਵਿਚ] ਅਜਿਹੇ ਵਿਦਵਾਨ ਹਨ ਜੋ ਸੂਝ-ਬੂਝ ਨਾਲ ਬਾਈਬਲ ਦਾ ਤਰਜਮਾ ਕਰਨ ਦੀਆਂ ਅਨੇਕ ਸਮੱਸਿਆਵਾਂ ਨੂੰ ਸੁਲਝਾਉਣ ਦੇ ਯੋਗ ਹਨ।”—ਐਂਡੋਵਰ ਨਿਊਟਨ ਕੁਆਟਰਲੀ, ਜਨਵਰੀ 1963.
[ਸਫ਼ੇ 30 ਉੱਤੇ ਸੁਰਖੀ]
“ਬਾਈਬਲ-ਸੰਬੰਧੀ ਗਿਆਨ ਵਿਚ ਤਰੱਕੀ ਅਤੇ ਭਾਸ਼ਾ ਵਿਚ ਤਬਦੀਲੀਆਂ ਦੇ ਕਾਰਨ, ਤਰਜਮਿਆਂ ਨੂੰ ਨਾਲੋਂ-ਨਾਲ ਬਦਲਣ ਦੀ ਲੋੜ ਹੈ।”
[ਸਫ਼ੇ 31 ਉੱਤੇ ਡੱਬੀ/ਤਸਵੀਰ]
ਵਿਦਵਾਨ ਨਿਊ ਵਰਲਡ ਟ੍ਰਾਂਸਲੇਸ਼ਨ ਦੀ ਸ਼ਲਾਘਾ ਕਰਦੇ ਹਨ
ਅਮੈਰੀਕਨ ਟ੍ਰਾਂਸਲੇਸ਼ਨ ਵਿਚਲੇ ਯੂਨਾਨੀ “ਨਵੇਂ ਸ਼ਾਸਤਰ” ਦੇ ਅਨੁਵਾਦਕ ਏਡਗਰ ਜੇ. ਗੁਡਸਪੀਡ ਨੇ 8 ਦਸੰਬਰ, 1950 ਦੀ ਇਕ ਚਿੱਠੀ ਵਿਚ ਮਸੀਹੀ ਯੂਨਾਨੀ ਸ਼ਾਸਤਰ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਬਾਰੇ ਲਿਖਿਆ: “ਮੈਂ ਤੁਹਾਡੇ ਲੋਕਾਂ ਦੇ ਸਾਰੀ ਦੁਨੀਆਂ ਭਰ ਵਿਚ ਕਿਤੇ ਜਾ ਰਹੇ ਮਿਸ਼ਨਰੀ ਕੰਮ ਵਿਚ ਬਹੁਤ ਦਿਲਚਸਪੀ ਰੱਖਦਾ ਹਾਂ, ਨਾਲੇ ਮੈਂ ਤੁਹਾਡੇ ਸਾਫ਼ ਅਤੇ ਸਪੱਸ਼ਟ ਤਰਜਮੇ ਦੇ ਨਾਲ ਬਹੁਤ ਖ਼ੁਸ਼ ਹਾਂ। ਇਸ ਵਿਚ ਸਹੀ ਅਤੇ ਗੰਭੀਰ ਸਿੱਖਿਆ ਪਾਈ ਜਾਂਦੀ ਹੈ, ਜਿਸ ਦੀ ਮੈਂ ਸਾਖੀ ਭਰ ਸਕਦਾ ਹਾਂ।”
ਇਬਰਾਨੀ ਅਤੇ ਯੂਨਾਨੀ ਭਾਸ਼ਾ ਦੇ ਵਿਦਵਾਨ, ਐਲੇਗਜ਼ੈਂਡਰ ਟੋਮਸਨ ਨੇ ਲਿਖਿਆ: “ਇਸ ਤਰ੍ਹਾਂ ਲੱਗਦਾ ਹੈ ਕਿ ਇਹ ਤਰਜਮਾ ਮਾਹਰ ਅਤੇ ਹੁਸ਼ਿਆਰ ਵਿਦਵਾਨਾਂ ਦਾ ਕੰਮ ਹੈ, ਜਿਨ੍ਹਾਂ ਨੇ ਅੰਗ੍ਰੇਜ਼ੀ ਵਿਚ ਜਿੰਨਾ ਮੁਮਕਿਨ ਸੀ, ਯੂਨਾਨੀ ਭਾਸ਼ਾ ਦਾ ਪੂਰਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।”—ਦ ਡਿਫਰੈਂਸ਼ਿਏਟਰ, ਅਪ੍ਰੈਲ 1952, ਸਫ਼ੇ 52-7.
ਇਸਰਾਏਲ ਵਿਚ ਇਬਰਾਨੀ ਦੇ ਇਕ ਵਿਦਵਾਨ, ਪ੍ਰੋਫ਼ੈਸਰ ਬੇਨਜਾਮਿਨ ਕਡਾਰ, ਨੇ 1989 ਵਿਚ ਕਿਹਾ: “ਮੈਂ ਇਬਰਾਨੀ ਬਾਈਬਲ ਅਤੇ ਹੋਰ ਤਰਜਮਿਆਂ ਦੀ ਆਪਣੀ ਭਾਸ਼ਾ-ਸੰਬੰਧੀ ਖੋਜ ਵਿਚ ਕਈ ਵਾਰ ਅੰਗ੍ਰੇਜ਼ੀ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਨੂੰ ਇਸਤੇਮਾਲ ਕਰਦਾ ਹਾਂ। ਇੰਝ ਕਰਨ ਦੇ ਨਾਲ, ਮੈਨੂੰ ਹੋਰ ਯਕੀਨ ਆਉਂਦਾ ਕਿ ਇਹ ਤਰਜਮਾ ਬੜੀ ਈਮਾਨਦਾਰੀ ਨਾਲ ਕੀਤਾ ਗਿਆ ਹੈ ਅਤੇ ਜਿੰਨਾ ਸੰਭਵ ਹੈ ਇਸ ਵਿਚ [ਇਬਰਾਨੀ] ਪਾਠ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।”