ਇਕ ਅਤਿ ਮਹੱਤਵਪੂਰਣ ਸਹੰਸਰ ਕਾਲ ਲਈ ਤਿਆਰੀ ਕਰੋ!
ਮਸੀਹ ਦਾ ਹਜ਼ਾਰ ਸਾਲ ਦਾ ਰਾਜ ਮਨੁੱਖਜਾਤੀ ਲਈ ਅਣਗਿਣਤ ਬਰਕਤਾਂ ਲਿਆਵੇਗਾ। ਯਿਸੂ ਦੇ ਪ੍ਰੇਮਮਈ ਨਿਰਦੇਸ਼ਨ ਅਧੀਨ ਮਨੁੱਖਜਾਤੀ ਦੀ ਅਫ਼ਸੋਸਨਾਕ ਮੌਜੂਦਾ ਸਥਿਤੀ ਨੂੰ ਖ਼ਤਮ ਕਰ ਕੇ ਉਸ ਨੂੰ ਸ਼ਾਨਦਾਰ ਸੰਪੂਰਣਤਾ ਵਿਚ ਲਿਆਂਦਾ ਜਾਵੇਗਾ। ਜ਼ਰਾ ਸੋਚੋ ਅਜਿਹੀ ਸਥਿਤੀ ਦਾ ਤੁਹਾਡੇ ਲਈ ਕੀ ਅਰਥ ਹੋ ਸਕਦਾ ਹੈ। ਨਰੋਈ ਸਿਹਤ! ਕਲਪਨਾ ਕਰੋ ਕਿ ਹਰ ਸਵੇਰ ਨੂੰ ਉੱਠ ਕੇ ਤੁਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੰਦਰੁਸਤ ਮਹਿਸੂਸ ਕਰੋਗੇ। ਲੱਖਾਂ ਆਦਮੀ, ਤੀਵੀਆਂ ਅਤੇ ਬੱਚੇ ਉਸ ਖ਼ੁਸ਼ੀਆਂ ਭਰੇ ਸਮੇਂ ਵਿਚ ਰਹਿਣ ਦੀ ਤਾਂਘ ਰੱਖਦੇ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਸਮਾਂ ਆਵੇਗਾ ਅਤੇ ਉਹ ਇਸ ਦੇ ਆਉਣ ਲਈ ਪ੍ਰਾਰਥਨਾ ਕਰਦੇ ਹਨ। ਬਾਈਬਲ ਅਧਿਐਨ ਕਰਨ ਨਾਲ ਉਨ੍ਹਾਂ ਨੂੰ ਯਕੀਨ ਹੋ ਗਿਆ ਹੈ ਕਿ ਇਹ ਬਰਕਤਾਂ ਉਨ੍ਹਾਂ ਨੂੰ ਮਿਲ ਸਕਦੀਆਂ ਹਨ।
ਫਿਰ ਵੀ, ਆਪਣਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਕਰਨ ਤੋਂ ਪਹਿਲਾਂ, ਯਿਸੂ ਮਸੀਹ ਨੂੰ ਆਪਣੀ ਰਾਜ-ਸੱਤਾ ਦਾ ਵਿਰੋਧ ਕਰਨ ਵਾਲੇ ਸਾਰੇ ਲੋਕਾਂ ਨੂੰ ਇਸ ਧਰਤੀ ਉੱਤੋਂ ਨਾਸ਼ ਕਰਨਾ ਪਵੇਗਾ। ਉਹ ਬਾਈਬਲ ਵਿਚ ਜ਼ਿਕਰ ਕੀਤੇ ਗਏ ਆਰਮਾਗੇਡਨ ਦੇ ਯੁੱਧ ਵੇਲੇ ਇਨ੍ਹਾਂ ਨੂੰ ਨਾਸ਼ ਕਰੇਗਾ। (ਪਰਕਾਸ਼ ਦੀ ਪੋਥੀ 16:16) ਧਰਤੀ ਉੱਤੇ ਰਹਿਣ ਵਾਲੇ ਸੱਚੇ ਮਸੀਹੀ ਉਸ ਯੁੱਧ ਵਿਚ ਨਹੀਂ ਲੜਨਗੇ। ਇਹ ਪਰਮੇਸ਼ੁਰ ਦਾ ਯੁੱਧ ਹੈ। ਅਤੇ ਇਹ ਯੁੱਧ ਧਰਤੀ ਦੀ ਕਿਸੇ ਇਕ ਥਾਂ ਤੇ ਨਹੀਂ ਹੋਵੇਗਾ। ਬਲਕਿ ਬਾਈਬਲ ਕਹਿੰਦੀ ਹੈ ਕਿ ਧਰਤੀ ਦੇ ਕੋਣੇ-ਕੋਣੇ ਤਕ ਇਸ ਦਾ ਅਸਰ ਪਵੇਗਾ। ਮਸੀਹ ਦੀ ਰਾਜ-ਸੱਤਾ ਦੇ ਦੁਸ਼ਮਣਾਂ ਨੂੰ ਮਾਰ ਦਿੱਤਾ ਜਾਵੇਗਾ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚੇਗਾ!—ਯਿਰਮਿਯਾਹ 25:33.
ਫਿਰ ਯਿਸੂ ਆਪਣਾ ਧਿਆਨ ਸ਼ਤਾਨ ਅਰਥਾਤ ਇਬਲੀਸ ਅਤੇ ਉਸ ਦੇ ਪਿਸ਼ਾਚਾਂ ਵੱਲ ਮੋੜੇਗਾ। ਪਰਕਾਸ਼ ਦੀ ਪੋਥੀ ਦੇ ਲਿਖਾਰੀ ਵੱਲੋਂ ਦੇਖੇ ਗਏ ਇਸ ਦ੍ਰਿਸ਼ ਦੀ ਕਲਪਨਾ ਕਰੋ: “ਮੈਂ ਇੱਕ ਦੂਤ [ਯਿਸੂ ਮਸੀਹ] ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਅਕਾਸ਼ੋਂ ਉਤਰਦੇ ਵੇਖਿਆ। ਅਤੇ ਉਹ ਨੇ ਅਜਗਰ ਨੂੰ ਅਰਥਾਤ ਓਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ਤਾਨ ਹੈ ਫੜਿਆ ਅਤੇ ਹਜ਼ਾਰ ਵਰ੍ਹੇ ਤੀਕ ਉਹ ਨੂੰ ਜਕੜ ਰੱਖਿਆ।” (ਪਰਕਾਸ਼ ਦੀ ਪੋਥੀ 20:1, 2) ਬਾਅਦ ਵਿਚ, ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।—ਮੱਤੀ 25:41.
“ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ,” ਆਰਮਾਗੇਡਨ ਵਿੱਚੋਂ ਬਚ ਨਿਕਲੇਗੀ। (ਪਰਕਾਸ਼ ਦੀ ਪੋਥੀ 7:9) ਮਸੀਹ ਇਨ੍ਹਾਂ ਸਾਰੇ ਲੋਕਾਂ ਨੂੰ “ਅੰਮ੍ਰਿਤ ਜਲ ਦਿਆਂ ਸੋਤਿਆਂ” ਤੋਂ ਪੂਰਾ ਲਾਭ ਉਠਾਉਣ ਲਈ ਨਿਰਦੇਸ਼ਿਤ ਕਰੇਗਾ ਜਿਵੇਂ ਇਕ ਚਰਵਾਹਾ ਆਪਣੀਆਂ ਭੇਡਾਂ ਨੂੰ ਜੀਵਨ-ਬਚਾਉ ਪਾਣੀ ਕੋਲ ਲੈ ਕੇ ਜਾਂਦਾ ਹੈ। (ਪਰਕਾਸ਼ ਦੀ ਪੋਥੀ 7:17) ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਦੁਆਰਾ ਆਰਮਾਗੇਡਨ ਵਿੱਚੋਂ ਬਚ ਨਿਕਲੇ ਲੋਕਾਂ ਦੀ ਅਧਿਆਤਮਿਕ ਤਰੱਕੀ ਵਿਚ ਬਿਨਾਂ ਕੋਈ ਰੁਕਾਵਟ ਪਾਏ, ਹੌਲੀ-ਹੌਲੀ ਉਨ੍ਹਾਂ ਦੀਆਂ ਪਾਪਪੂਰਣ ਪ੍ਰਵਿਰਤੀਆਂ ਉੱਤੇ ਕਾਬੂ ਪਾਉਣ ਵਿਚ ਮਦਦ ਕੀਤੀ ਜਾਵੇਗੀ ਅਤੇ ਅਖ਼ੀਰ ਵਿਚ ਉਹ ਸੰਪੂਰਣ ਹੋ ਜਾਣਗੇ!
ਮਸੀਹ ਦੀ ਪ੍ਰੇਮਮਈ ਰਾਜ-ਸੱਤਾ ਦੇ ਅਧੀਨ ਹਾਲਾਤਾਂ ਨੂੰ ਹੌਲੀ-ਹੌਲੀ ਸੁਧਾਰਿਆ ਜਾਵੇਗਾ। ਯਹੋਵਾਹ ਪਰਮੇਸ਼ੁਰ ਆਪਣੇ ਪੁੱਤਰ ਯਿਸੂ ਮਸੀਹ ਦੁਆਰਾ ਸਾਰੇ ਦੁੱਖਾਂ-ਤਕਲੀਫ਼ਾਂ ਦੇ ਕਾਰਨਾਂ ਨੂੰ ਮਿਟਾ ਦੇਵੇਗਾ। “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” (ਪਰਕਾਸ਼ ਦੀ ਪੋਥੀ 21:4) ਯਸਾਯਾਹ ਨਬੀ ਇਹ ਕਹਿੰਦੇ ਹੋਏ ਮੁਕੰਮਲ ਤਸਵੀਰ ਪੇਸ਼ ਕਰਦਾ ਹੈ: “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।” (ਯਸਾਯਾਹ 35:5, 6) ਅਤੇ “ਕੀ ਵੱਡੇ ਕੀ ਛੋਟੇ,” ਸਾਰੇ ਮਰੇ ਹੋਏ ਲੋਕ ਫਿਰ ਕਦੀ ਵੀ ਨਾ ਮਰਨ ਦੀ ਉਮੀਦ ਨਾਲ ਦੁਬਾਰਾ ਜੀਵਨ ਪ੍ਰਾਪਤ ਕਰਨਗੇ।—ਪਰਕਾਸ਼ ਦੀ ਪੋਥੀ 20:12.
ਹੁਣ ਵੀ ਆਰਮਾਗੇਡਨ ਵਿੱਚੋਂ ਬਚਣ ਵਾਲੀ “ਵੱਡੀ ਭੀੜ” ਦੇ ਲੋਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਉਹ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਲਈ ਤਿਆਰੀ ਕਰ ਰਹੇ ਹਨ। ਭਾਵੇਂ ਉਹ ਨਹੀਂ ਜਾਣਦੇ ਹਨ ਕਿ ਮਸੀਹ ਦਾ ਰਾਜ ਕਦੋਂ ਸ਼ੁਰੂ ਹੋਵੇਗਾ, ਪਰ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਦੇ ਠਹਿਰਾਏ ਹੋਏ ਸਮੇਂ ਤੇ ਇਹ ਜ਼ਰੂਰ ਆਵੇਗਾ। ਉਨ੍ਹਾਂ ਲੋਕਾਂ ਵਿਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ, ਪਰ ਇਸ ਦੇ ਲਈ ਤੁਹਾਨੂੰ ਵੀ ਤਿਆਰੀ ਕਰਨੀ ਪੈਣੀ ਹੈ—ਆਪਣਾ ਸਭ ਕੁਝ ਵੇਚ-ਵੱਟ ਕੇ ਕਿਸੇ ਖ਼ਾਸ ਥਾਂ ਤੇ ਜਾ ਕੇ ਵੱਸਣ ਦੁਆਰਾ ਨਹੀਂ, ਸਗੋਂ ਬਾਈਬਲ ਅਧਿਐਨ ਕਰ ਕੇ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸਹੀ ਗਿਆਨ ਲੈਣ ਦੁਆਰਾ। ਯਹੋਵਾਹ ਦੇ ਗਵਾਹ ਬਿਨਾਂ ਕੋਈ ਪੈਸਾ ਲਏ ਜਾਂ ਬਿਨਾਂ ਕਿਸੇ ਬੰਦਸ਼ ਦੇ ਤੁਹਾਨੂੰ ਇਹ ਦਿਖਾ ਕੇ ਖ਼ੁਸ਼ ਹੋਣਗੇ ਕਿ ਬਾਈਬਲ ਅਧਿਐਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕਿਵੇਂ ਫ਼ਾਇਦਾ ਪਹੁੰਚਾ ਸਕਦਾ ਹੈ। ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਤੁਹਾਨੂੰ ਹੋਰ ਜਾਣਕਾਰੀ ਦੇ ਕੇ ਖ਼ੁਸ਼ੀ ਹੋਵੇਗੀ।
[ਸਫ਼ੇ 7 ਉੱਤੇ ਡੱਬੀ]
ਹਜ਼ਾਰ ਸਾਲ—ਸ਼ਾਬਦਿਕ ਜਾਂ ਲਾਖਣਿਕ?
ਕਿਉਂਕਿ ਜ਼ਿਆਦਾਤਰ ਪਰਕਾਸ਼ ਦੀ ਪੋਥੀ ਲਾਖਣਿਕ ਭਾਸ਼ਾ ਵਿਚ ਲਿਖੀ ਗਈ ਹੈ, ਇਸ ਲਈ ਇਕ ਸਵਾਲ ਉੱਠਦਾ ਹੈ। ਪਰਕਾਸ਼ ਦੀ ਪੋਥੀ ਵਿਚ ਵਰਣਨ ਕੀਤੇ ਗਏ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਬਾਰੇ ਕੀ? ਕੀ ਇਹ ਸ਼ਾਬਦਿਕ ਸਮਾਂ ਹੈ ਜਾਂ ਲਾਖਣਿਕ ਸਮਾਂ?
ਇਸ ਗੱਲ ਦਾ ਸਾਨੂੰ ਹਰੇਕ ਸੰਕੇਤ ਮਿਲਦਾ ਹੈ ਕਿ ਇਹ ਹਜ਼ਾਰ ਸਾਲ ਦਾ ਸਮਾਂ ਸ਼ਾਬਦਿਕ ਹੈ। ਇਸ ਗੱਲ ਤੇ ਵਿਚਾਰ ਕਰੋ: ਪੌਲੁਸ ਰਸੂਲ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਨੂੰ ਇਕ ਦਿਨ ਵਜੋਂ ਜ਼ਿਕਰ ਕਰਦਾ ਹੈ ਜਿਸ ਦੌਰਾਨ ਮਨੁੱਖਜਾਤੀ ਦਾ ਨਿਆਂ ਕੀਤਾ ਜਾਂਦਾ ਹੈ। (ਰਸੂਲਾਂ ਦੇ ਕਰਤੱਬ 17:31; ਪਰਕਾਸ਼ ਦੀ ਪੋਥੀ 20:4) ਪਤਰਸ ਰਸੂਲ ਨੇ ਲਿਖਿਆ ਕਿ ਯਹੋਵਾਹ ਦੇ ਅੱਗੇ ਇਕ ਦਿਨ (24 ਘੰਟੇ) ਹਜ਼ਾਰ ਸਾਲ ਦੇ ਬਰਾਬਰ ਹੈ। (2 ਪਤਰਸ 3:8) ਇਹ ਸੰਕੇਤ ਸਬੂਤ ਦਿੰਦਾ ਹੈ ਕਿ ਇਹ ਨਿਆਂ ਦਾ “ਦਿਨ” ਸ਼ਾਬਦਿਕ ਤੌਰ ਤੇ ਇਕ ਹਜ਼ਾਰ ਸਾਲ ਦਾ ਸਮਾਂ ਹੈ। ਇਸ ਤੋਂ ਇਲਾਵਾ, ਪਰਕਾਸ਼ ਦੀ ਪੋਥੀ 20:3, 5-7 ਵਿਚ ਅਸੀਂ ਚਾਰ ਵਾਰ ‘ਹਜ਼ਾਰ ਵਰ੍ਹੇ’ ਬਾਰੇ ਪੜ੍ਹਦੇ ਹਾਂ। ਇਹ ਨਿਸ਼ਚਿਤ ਲੰਬਾਈ ਦੇ ਸਮੇਂ ਨੂੰ ਸੰਕੇਤ ਕਰਦਾ ਜਾਪਦਾ ਹੈ।