ਉਨ੍ਹਾਂ ਨੇ ਯਹੋਵਾਹ ਦੀ ਇੱਛਾ ਪੂਰੀ ਕੀਤੀ
ਸ਼ੁੱਧ ਉਪਾਸਨਾ ਦੇ ਹਿੱਤ ਵਿਚ ਸਵੈ-ਇੱਛੁਕ ਭੇਟਾਂ
ਇਸਰਾਏਲੀ ਲੋਕ ਪਰਮੇਸ਼ੁਰ ਦੀ ਬਚਾਉਣ ਦੀ ਸ਼ਕਤੀ ਦੇ ਚਸ਼ਮਦੀਦ ਗਵਾਹ ਸਨ। ਉਨ੍ਹਾਂ ਨੇ ਉਸ ਨੂੰ ਲਾਲ ਸਮੁੰਦਰ ਦੇ ਪਾਣੀ ਨੂੰ ਚਮਤਕਾਰੀ ਢੰਗ ਨਾਲ ਦੋ ਹਿੱਸਿਆਂ ਵਿਚ ਵੰਡ ਕੇ ਸੁੱਕੀ ਧਰਤੀ ਬਣਾਉਂਦੇ ਹੋਏ ਦੇਖਿਆ ਸੀ, ਜਿਸ ਕਰਕੇ ਉਹ ਮਿਸਰੀ ਫ਼ੌਜਾਂ ਤੋਂ ਬਚ ਸਕੇ ਸਨ। ਦੂਜੇ ਕੰਢੇ ਤੇ ਪਹੁੰਚ ਕੇ ਉਨ੍ਹਾਂ ਨੇ ਪਿੱਛਾ ਕਰਨ ਵਾਲੇ ਆਪਣੇ ਦੁਸ਼ਮਣਾਂ ਨੂੰ ਪਾਣੀ ਵਿਚ ਡੁੱਬ ਕੇ ਮਰਦੇ ਹੋਏ ਦੇਖਿਆ। ਯਹੋਵਾਹ ਨੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਸਨ!—ਕੂਚ 14:21-31.
ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਪਰਮੇਸ਼ੁਰ ਨੇ ਜਿਹੜਾ ਚਮਤਕਾਰ ਉਨ੍ਹਾਂ ਲਈ ਕੀਤਾ, ਕੁਝ ਇਸਰਾਏਲੀਆਂ ਨੇ ਉਸ ਦੀ ਕਦਰ ਨਾ ਕੀਤੀ। ਜਦੋਂ ਮੂਸਾ ਸੀਨਈ ਪਹਾੜ ਤੇ ਸੀ, ਤਾਂ ਉਨ੍ਹਾਂ ਨੇ ਆਪਣੇ ਸੋਨੇ ਦੇ ਗਹਿਣੇ ਹਾਰੂਨ ਨੂੰ ਦੇ ਦਿੱਤੇ ਅਤੇ ਉਸ ਨੂੰ ਉਪਾਸਨਾ ਕਰਨ ਲਈ ਇਕ ਮੂਰਤ ਬਣਾਉਣ ਲਈ ਕਿਹਾ। ਵਾਪਸ ਆਉਣ ਤੇ ਮੂਸਾ ਨੇ ਇਨ੍ਹਾਂ ਬਾਗ਼ੀਆਂ ਨੂੰ ਖਾਂਦੇ-ਪੀਂਦੇ, ਨੱਚਦੇ ਅਤੇ ਸੋਨੇ ਦੇ ਵੱਛੇ ਨੂੰ ਮੱਥਾ ਟੇਕਦੇ ਡਿੱਠਾ! ਯਹੋਵਾਹ ਦੇ ਨਿਰਦੇਸ਼ਨ ਤੇ ਕੁਝ 3,000 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਸ਼ਾਇਦ ਉਹ ਲੋਕ ਸਨ ਜਿਨ੍ਹਾਂ ਨੇ ਖ਼ਾਸ ਤੌਰ ਤੇ ਲੋਕਾਂ ਨੂੰ ਬਗਾਵਤ ਕਰਨ ਲਈ ਉਕਸਾਇਆ ਸੀ। ਉਸ ਦਿਨ, ਪਰਮੇਸ਼ੁਰ ਦੇ ਲੋਕਾਂ ਨੇ ਯਹੋਵਾਹ ਨੂੰ ਅਣਵੰਡੀ ਭਗਤੀ ਦੇਣ ਦੀ ਲੋੜ ਬਾਰੇ ਇਕ ਅਹਿਮ ਸਬਕ ਸਿੱਖਿਆ।—ਕੂਚ 32:1-6, 19-29.
ਇਸ ਘਟਨਾ ਦੇ ਕੁਝ ਹੀ ਸਮੇਂ ਬਾਅਦ, ਮੂਸਾ ਨੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਡੇਹਰਾ, ਯਾਨੀ ਉਪਾਸਨਾ ਦਾ ਚੁੱਕਵਾਂ ਤੰਬੂ ਬਣਾਉਣ ਦੀ ਤਿਆਰੀ ਕਰਨੀ ਸ਼ੁਰੂ ਕੀਤੀ। ਤੰਬੂ ਦੀ ਉਸਾਰੀ ਲਈ ਕਾਫ਼ੀ ਸਾਰੀ ਕੀਮਤੀ ਸਾਮੱਗਰੀ ਅਤੇ ਕੁਸ਼ਲ ਕਾਰੀਗਰਾਂ ਦੀ ਲੋੜ ਸੀ। ਇਹ ਸਭ ਕੁਝ ਕਿੱਥੋਂ ਆਉਣਾ ਸੀ? ਅਤੇ ਬਾਈਬਲ ਦੇ ਇਸ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਸਾਮੱਗਰੀ ਅਤੇ ਹੁਨਰ ਦਾ ਯੋਗਦਾਨ
ਮੂਸਾ ਦੁਆਰਾ ਯਹੋਵਾਹ ਨੇ ਇਸਰਾਏਲੀਆਂ ਨੂੰ ਆਗਿਆ ਦਿੱਤੀ: “ਯਹੋਵਾਹ ਲਈ ਭੇਟ ਲਿਆਓ। ਜਿਹ ਦੇ ਮਨ ਦੀ ਭਾਉਣੀ ਹੋਵੇ ਉਹ ਯਹੋਵਾਹ ਲਈ ਭੇਟ ਲਿਆਵੇ।” ਕਿਸ ਤਰ੍ਹਾਂ ਦੀ ਭੇਟ? ਮੂਸਾ ਨੇ ਭੇਟਾਂ ਵਜੋਂ ਉਨ੍ਹਾਂ ਨੂੰ ਸੋਨਾ, ਚਾਂਦੀ, ਤਾਂਬਾ, ਸੂਤ, ਕੱਪੜੇ, ਖੱਲਾਂ, ਲੱਕੜ, ਅਤੇ ਕੀਮਤੀ ਪੱਥਰ ਲਿਆਉਣ ਲਈ ਕਿਹਾ।—ਕੂਚ 35:5-9.
ਇਸਰਾਏਲੀਆਂ ਕੋਲ ਦਿਲ ਖੋਲ੍ਹ ਕੇ ਭੇਟਾਂ ਦੇਣ ਲਈ ਲੋੜ ਨਾਲੋਂ ਵੱਧ ਸਾਧਨ ਸਨ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਮਿਸਰ ਦੇਸ਼ ਨੂੰ ਛੱਡਣ ਲੱਗਿਆਂ, ਇਹ ਲੋਕ ਆਪਣੇ ਨਾਲ ਸੋਨੇ ਚਾਂਦੀ ਦੇ ਗਹਿਣੇ ਅਤੇ ਬਹੁਤ ਸਾਰੇ ਕੱਪੜੇ-ਲੱਤੇ ਲਿਆਏ ਸਨ। ਅਸਲ ਵਿਚ, “ਉਨ੍ਹਾਂ ਨੇ ਮਿਸਰੀਆਂ ਨੂੰ ਲੁੱਟ ਲਿਆ।”a (ਕੂਚ 12:35, 36) ਇਸ ਘਟਨਾ ਤੋਂ ਪਹਿਲਾਂ, ਇਸਰਾਏਲੀਆਂ ਨੇ ਝੂਠੀ ਉਪਾਸਨਾ ਵਾਸਤੇ ਇਕ ਮੂਰਤ ਬਣਾਉਣ ਲਈ ਆਪਣੀ ਇੱਛਾ ਨਾਲ ਆਪਣੇ ਗਹਿਣੇ ਲਾਹ ਕੇ ਦਿੱਤੇ ਸਨ। ਕੀ ਹੁਣ ਸੱਚੀ ਉਪਾਸਨਾ ਦੇ ਹਿੱਤ ਵਿਚ ਉਹ ਉੱਨੀ ਹੀ ਉਤਸੁਕਤਾ ਦਿਖਾਉਣਗੇ?
ਧਿਆਨ ਦਿਓ ਕਿ ਮੂਸਾ ਨੇ ਇਹ ਨਹੀਂ ਕਿਹਾ ਕਿ ਹਰੇਕ ਨੇ ਕਿੰਨਾ-ਕਿੰਨਾ ਦੇਣਾ ਸੀ ਤੇ ਨਾ ਹੀ ਉਸ ਨੇ ਲੋਕਾਂ ਨੂੰ ਸ਼ਰਮਿੰਦਗੀ ਮਹਿਸੂਸ ਕਰਵਾ ਕੇ ਭੇਟਾਂ ਦੇਣ ਲਈ ਉਕਸਾਇਆ। ਇਸ ਦੀ ਬਜਾਇ, ਉਸ ਨੇ ਲੋਕਾਂ ਨੂੰ ਕਿਹਾ, “ਜਿਹ ਦੇ ਮਨ ਦੀ ਭਾਉਣੀ ਹੋਵੇ,” ਉਹ ਭੇਟਾਂ ਲਿਆਵੇ। ਸਪੱਸ਼ਟ ਤੌਰ ਤੇ ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਭੇਟਾਂ ਦੇਣ ਲਈ ਮਜਬੂਰ ਕਰਨ ਦੀ ਕੋਈ ਲੋੜ ਮਹਿਸੂਸ ਨਾ ਕੀਤੀ। ਉਸ ਨੂੰ ਪੂਰਾ ਭਰੋਸਾ ਸੀ ਕਿ ਹਰ ਕੋਈ ਜਿੰਨਾ ਦੇ ਸਕਦਾ ਹੈ, ਉੱਨਾ ਜ਼ਰੂਰ ਦੇਵੇਗਾ।—2 ਕੁਰਿੰਥੀਆਂ 8:10-12 ਦੀ ਤੁਲਨਾ ਕਰੋ।
ਪਰ, ਉਸਾਰੀ ਦੇ ਕੰਮ ਲਈ ਸਾਮੱਗਰੀ ਦਾਨ ਕਰਨ ਤੋਂ ਇਲਾਵਾ ਕੁਝ ਹੋਰ ਵੀ ਕਰਨ ਦੀ ਲੋੜ ਸੀ। ਯਹੋਵਾਹ ਨੇ ਇਸਰਾਏਲੀਆਂ ਨੂੰ ਇਹ ਵੀ ਕਿਹਾ ਸੀ: “ਤੁਹਾਡੇ ਵਿੱਚੋਂ ਹਰ ਇੱਕ ਚਤਰਾ [“ਸਮਝਦਾਰ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਆਵੇ ਅਰ ਸਭ ਕੁਝ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ ਬਣਾਵੇ।” (ਕੂਚ 35:10, 30-35; 36:1, 2) ਜੀ ਹਾਂ, ਉਸਾਰੀ ਦੇ ਇਸ ਕੰਮ ਲਈ ਕੁਸ਼ਲ ਕਾਰੀਗਰਾਂ ਦੀ ਲੋੜ ਸੀ। ਅਸਲ ਵਿਚ, ਤੰਬੂ ਦੀ ਉਸਾਰੀ ਲਈ ਲੱਕੜ, ਧਾਤੂ ਅਤੇ ਹੀਰੇ ਮੋਤੀ ਜੜਨ ਦੇ ਕੰਮਾਂ ਨੂੰ ਪੂਰਾ ਕਰਨ ਲਈ “ਸਾਰੀ ਕਾਰੀਗਰੀ” ਦੀ ਲੋੜ ਸੀ। ਬੇਸ਼ੱਕ, ਯਹੋਵਾਹ ਨੇ ਹੀ ਕਾਰੀਗਰਾਂ ਦੇ ਹੁਨਰ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਨ ਵਿਚ ਉਨ੍ਹਾਂ ਦੀ ਮਦਦ ਕਰਨੀ ਸੀ, ਇਸ ਲਈ ਉਸਾਰੀ ਕੰਮ ਦੀ ਕਾਮਯਾਬੀ ਦਾ ਸਿਹਰਾ ਠੀਕ ਯਹੋਵਾਹ ਦੇ ਹੀ ਸਿਰ ਜਾਣਾ ਸੀ।—ਕੂਚ 35:10, 30-35; 36:1, 2.
ਇਸਰਾਏਲੀਆਂ ਨੇ ਆਪਣੀ ਧਨ-ਸੰਪਤੀ ਦੇਣ ਅਤੇ ਆਪਣੇ ਹੁਨਰ ਨੂੰ ਵਰਤਣ ਦੇ ਸੱਦੇ ਨੂੰ ਬੜੀ ਖ਼ੁਸ਼ੀ ਨਾਲ ਕਬੂਲ ਕੀਤਾ। ਬਾਈਬਲ ਦਾ ਬਿਰਤਾਂਤ ਦੱਸਦਾ ਹੈ: “ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਆਏ ਅਤੇ ਜਿਨ੍ਹਾਂ ਦੇ ਆਤਮਾਂ ਨੇ ਉਸ ਦੀ ਭਾਉਣੀ ਕੀਤੀ ਓਹ ਯਹੋਵਾਹ ਲਈ ਭੇਟਾਂ ਮੰਡਲੀ ਦੇ ਤੰਬੂ ਦੇ ਬਣਾਉਣ ਲਈ ਅਤੇ ਉਸ ਦੀ ਸਾਰੀ ਉਪਾਸਨਾ ਲਈ ਅਤੇ ਪਵਿੱਤ੍ਰ ਬਸਤ੍ਰਾਂ ਲਈ ਲਿਆਏ। ਮਨੁੱਖ ਅਤੇ ਉਨ੍ਹਾਂ ਦੇ ਨਾਲ ਤੀਵੀਆਂ ਆਈਆਂ ਅਤੇ ਮਨ ਦੀ ਭਾਉਣੀ ਨਾਲ . . . ਭੇਟਾਂ ਦਿੱਤੀਆਂ।”—ਕੂਚ 35:21, 22.
ਸਾਡੇ ਲਈ ਸਬਕ
ਅੱਜ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਇਕ ਬਹੁਤ ਵੱਡਾ ਕੰਮ ਸਵੈ-ਇੱਛਾ ਨਾਲ ਦਿੱਤੇ ਗਏ ਦਾਨ ਨਾਲ ਪੂਰਾ ਕੀਤਾ ਜਾਂਦਾ ਹੈ। ਇਹ ਦਾਨ ਅਕਸਰ ਰੁਪਏ-ਪੈਸੇ ਦੇ ਰੂਪ ਵਿਚ ਦਿੱਤਾ ਜਾਂਦਾ ਹੈ। ਦੂਸਰੇ ਕਈ ਮੌਕਿਆਂ ਤੇ ਮਸੀਹੀ ਭੈਣ-ਭਰਾ ਰਾਜ ਗ੍ਰਹਿ, ਸੰਮੇਲਨ ਹਾਲ ਅਤੇ ਸ਼ਾਖ਼ਾ ਦਫ਼ਤਰ ਬਣਾਉਣ ਵਿਚ ਮਦਦ ਕਰਨ ਲਈ ਆਪਣੇ ਤਜਰਬੇ ਦੀ ਦੌਲਤ ਬਹੁਤਾਤ ਵਿਚ ਦਿੰਦੇ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਭੈਣ-ਭਰਾ ਸੰਸਾਰ ਭਰ ਦੇ ਸੌ ਤੋਂ ਵੀ ਜ਼ਿਆਦਾ ਬੈਥਲ ਘਰਾਂ ਵਿਚ ਕੰਮ ਕਰਦੇ ਹਨ, ਜਿਸ ਦੇ ਲਈ ਵੀ ਕਈ ਤਰ੍ਹਾਂ ਦੇ ਹੁਨਰ ਲੋੜੀਂਦੇ ਹਨ। ਅਜਿਹੀਆਂ ਭੇਟਾਂ ਦੇਣ ਵਾਲੇ ਸਾਰੇ ਇੱਛੁਕ ਵਿਅਕਤੀ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਹਰਗਿਜ਼ ਨਹੀਂ ਭੁੱਲੇਗਾ!—ਇਬਰਾਨੀਆਂ 6:10.
ਸਾਡੇ ਵਿੱਚੋਂ ਹਰੇਕ ਜਨ ਮਸੀਹੀ ਸੇਵਕਾਈ ਵਿਚ ਜਿੰਨਾ ਹਿੱਸਾ ਪਾਉਂਦਾ ਹੈ, ਉਸ ਬਾਰੇ ਵੀ ਇਹ ਗੱਲ ਉੱਨੀ ਹੀ ਸੱਚ ਹੈ। ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਜੋਸ਼ ਨਾਲ ਪ੍ਰਚਾਰ ਕਰਨ ਲਈ ਸਮੇਂ ਨੂੰ ਲਾਭਦਾਇਕ ਬਣਾਉਣ। (ਮੱਤੀ 24:14; ਅਫ਼ਸੀਆਂ 5:15-17) ਕੁਝ ਲੋਕ ਪੂਰਣ-ਕਾਲੀ ਪ੍ਰਚਾਰਕ ਜਾਂ ਪਾਇਨੀਅਰ ਬਣ ਕੇ ਇੰਜ ਕਰਦੇ ਹਨ। ਪਰ, ਦੂਸਰੇ ਕਈ ਭੈਣ-ਭਰਾ ਆਪਣੇ ਹਾਲਾਤਾਂ ਦੇ ਕਰਕੇ ਪਾਇਨੀਅਰਾਂ ਵਾਂਗ ਸੇਵਕਾਈ ਵਿਚ ਇੰਨਾ ਸਮਾਂ ਨਹੀਂ ਲਗਾ ਪਾਉਂਦੇ। ਪਰ, ਉਹ ਵੀ ਯਹੋਵਾਹ ਨੂੰ ਖ਼ੁਸ਼ ਕਰ ਰਹੇ ਹਨ। ਡੇਹਰਾ ਬਣਾਉਣ ਲਈ ਭੇਟਾਂ ਲਿਆਉਣ ਬਾਰੇ ਯਹੋਵਾਹ ਨੇ ਇਹ ਨਹੀਂ ਦੱਸਿਆ ਸੀ ਕਿ ਹਰੇਕ ਨੂੰ ਕਿੰਨਾ-ਕਿੰਨਾ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ, ਉਹ ਅੱਜ ਇਹ ਨਹੀਂ ਦੱਸਦਾ ਹੈ ਕਿ ਹਰੇਕ ਨੂੰ ਸੇਵਕਾਈ ਵਿਚ ਕਿੰਨਾ ਕੁ ਸਮਾਂ ਲਗਾਉਣਾ ਚਾਹੀਦਾ ਹੈ। ਸਗੋਂ ਉਹ ਸਿਰਫ਼ ਇਹ ਚਾਹੁੰਦਾ ਹੈ ਕਿ ਸਾਡੇ ਵਿੱਚੋਂ ਹਰੇਕ ਉਸ ਦੀ ਸੇਵਾ, ਸਾਰੇ ਦਿਲ, ਸਾਰੀ ਜਾਨ, ਸਾਰੀ ਬੁੱਧ ਅਤੇ ਸਾਰੀ ਸ਼ਕਤੀ ਨਾਲ ਕਰੇ। (ਮਰਕੁਸ 12:30) ਜੇਕਰ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ, ਤਾਂ ਅਸੀਂ ਯਕੀਨੀ ਹੋ ਸਕਦੇ ਹਾਂ ਕਿ ਸੱਚੀ ਉਪਾਸਨਾ ਦੇ ਹਿੱਤ ਵਿਚ ਸਵੈ-ਇੱਛਾ ਨਾਲ ਦਿੱਤੀਆਂ ਭੇਟਾਂ ਦਾ ਉਹ ਸਾਨੂੰ ਜ਼ਰੂਰ-ਬ-ਜ਼ਰੂਰ ਫਲ ਦੇਵੇਗਾ।—ਇਬਰਾਨੀਆਂ 11:6.
[ਫੁਟਨੋਟ]
a ਇਹ ਕੋਈ ਚੋਰੀ-ਚਕਾਰੀ ਨਹੀਂ ਸੀ। ਇਸਰਾਏਲੀਆਂ ਨੇ ਮਿਸਰੀਆਂ ਕੋਲੋਂ ਭੇਟਾਂ ਮੰਗੀਆਂ ਅਤੇ ਉਨ੍ਹਾਂ ਨੇ ਇਹ ਭੇਟਾਂ ਆਪਣੀ ਇੱਛਾ ਨਾਲ ਉਨ੍ਹਾਂ ਨੂੰ ਦਿੱਤੀਆਂ ਸਨ। ਇਸ ਤੋਂ ਇਲਾਵਾ, ਕਿਉਂਕਿ ਇਸਰਾਏਲੀਆਂ ਨੂੰ ਗ਼ੁਲਾਮ ਬਣਾਉਣ ਦਾ ਮਿਸਰੀਆਂ ਨੂੰ ਕੋਈ ਹੱਕ ਨਹੀਂ ਸੀ, ਇਸ ਲਈ ਉਹ ਪਰਮੇਸ਼ੁਰ ਦੇ ਲੋਕਾਂ ਦੀ ਕਈ ਸਾਲਾਂ ਦੀ ਸਖ਼ਤ ਮਿਹਨਤ ਦੀ ਮਜ਼ਦੂਰੀ ਦੇਣ ਦੇ ਦੇਣਦਾਰ ਸਨ।