ਬਾਈਬਲ ਸਾਡੇ ਜ਼ਮਾਨੇ ਵਿਚ ਜ਼ਰੂਰੀ ਸਵਾਲਾਂ ਦੇ ਜਵਾਬ ਦਿੰਦੀ ਹੈ
ਕੀਅੱਜ-ਕੱਲ ਦੇ ਜ਼ਮਾਨੇ ਵਿਚ ਬਾਈਬਲ ਕੋਈ ਮਹੱਤਤਾ ਰੱਖਦੀ ਹੈ? ਇਸ ਸਵਾਲ ਦਾ ਜਵਾਬ ਹਾਂ ਹੋਣ ਲਈ, ਇਸ ਯੁਗੋ-ਯੁਗ ਪੁਰਾਣੀ ਪੁਸਤਕ ਨੂੰ ਆਪਣੇ ਪਾਠੀਆਂ ਨੂੰ ਅੱਜ-ਕੱਲ੍ਹ ਦਿਆਂ ਵਿਸ਼ਿਆਂ ਦੇ ਸੰਬੰਧ ਵਿਚ ਅਗਵਾਈ ਜ਼ਰੂਰ ਦੇਣੀ ਚਾਹੀਦੀ ਹੈ। ਕੀ ਬਾਈਬਲ ਸਾਡੇ ਸੰਸਾਰ ਦੇ ਮਹੱਤਵਪੂਰਣ ਵਿਸ਼ਿਆਂ ਬਾਰੇ ਲਾਭਕਾਰੀ ਸਿੱਖਿਆ ਦਿੰਦੀ ਹੈ?
ਆਓ ਅਸੀਂ ਆਪਣੇ ਜ਼ਮਾਨੇ ਦੇ ਦੋ ਵਿਸ਼ਿਆਂ ਉੱਤੇ ਵਿਚਾਰ ਕਰੀਏ ਅਤੇ ਦੇਖੀਏ ਕਿ ਬਾਈਬਲ ਇਨ੍ਹਾਂ ਮਾਮਲਿਆਂ ਬਾਰੇ ਕੀ ਕਹਿੰਦੀ ਹੈ।
ਰੱਬ ਕਸ਼ਟ ਕਿਉਂ ਹੋਣ ਦਿੰਦਾ ਹੈ?
ਅੱਜ-ਕੱਲ੍ਹ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ, ਇਕ ਆਮ ਸਵਾਲ ਪੁੱਛਿਆ ਜਾਂਦਾ ਹੈ: ਰੱਬ ਨਿਰਦੋਸ਼ ਲੋਕਾਂ ਨੂੰ ਦੁੱਖ ਕਿਉਂ ਭੋਗਣ ਦਿੰਦਾ ਹੈ? ਇਹ ਸਵਾਲ ਜਾਇਜ਼ ਹੈ ਕਿਉਂਕਿ ਬਹੁਤ ਸਾਰੇ ਲੋਕ ਹਿੰਸਕ ਜੁਰਮ, ਹੇਰਾ-ਫੇਰੀ, ਕਤਲ, ਅਤੇ ਨਿੱਜੀ ਬਿਪਤਾ ਵਰਗੀਆਂ ਚੀਜ਼ਾਂ ਦੇ ਕਾਰਨ ਕਸ਼ਟ ਸਹਿ ਰਹੇ ਹਨ।
ਮਿਸਾਲ ਲਈ, ਜੂਨ 1998 ਵਿਚ ਉੱਤਰੀ ਜਰਮਨੀ ਵਿਚ ਇਕ ਐਕਸਪ੍ਰੈੱਸ ਗੱਡੀ ਇਕ ਪੁਲ ਵਿਚ ਜਾ ਲੱਗੀ ਅਤੇ ਇਸ ਹਾਦਸੇ ਦੇ ਕਾਰਨ ਸੌ ਤੋਂ ਜ਼ਿਆਦਾ ਮੁਸਾਫ਼ਰ ਮਾਰੇ ਗਏ। ਤਜਰਬੇਕਾਰ ਡਾਕਟਰ ਅਤੇ ਫਾਇਰਮੈਨ ਵੀ, ਜੋ ਹਾਦਸੇ ਦੇ ਸ਼ਿਕਾਰਾਂ ਦੀ ਦੇਖ-ਰੇਖ ਲਈ ਹਾਜ਼ਰ ਸਨ, ਲਾਸ਼ਾਂ ਦੇ ਢੇਰ ਦੇਖ ਕੇ ਬਹੁਤ ਘਾਬਰੇ। ਈਵੈਂਜੈਲੀਕਲ ਚਰਚ ਦੇ ਇਕ ਬਿਸ਼ਪ ਨੇ ਪੁੱਛਿਆ ਕਿ “ਹੇ ਰੱਬਾ, ਇਹ ਕਿਉਂ ਹੋਇਆ?” ਬਿਸ਼ਪ ਕੋਲ ਆਪ ਇਸ ਦਾ ਕੋਈ ਜਵਾਬ ਨਹੀਂ ਸੀ।
ਸਮਾਂ ਬੀਤਣ ਨਾਲ ਇਹ ਦੇਖਿਆ ਗਿਆ ਹੈ ਕਿ ਜਦੋਂ ਨਿਰਦੋਸ਼ ਲੋਕ ਬਿਨਾਂ ਕਿਸੇ ਮਤਲਬ ਠੋਕਰਾਂ ਖਾਂਦੇ ਹਨ, ਤਾਂ ਉਨ੍ਹਾਂ ਦੇ ਦਿਲ ਕਦੇ-ਕਦੇ ਕਠੋਰ ਬਣ ਜਾਂਦੇ ਹਨ। ਇਸ ਮਾਮਲੇ ਵਿਚ ਬਾਈਬਲ ਮਦਦ ਕਰ ਸਕਦੀ ਹੈ, ਕਿਉਂਕਿ ਇਹ ਸਮਝਾਉਂਦੀ ਹੈ ਕਿ ਨਿਰਦੋਸ਼ ਲੋਕਾਂ ਨੂੰ ਦੁਸ਼ਟਤਾ ਅਤੇ ਦੁੱਖ ਕਿਉਂ ਸਹਾਰਨੇ ਪੈਂਦੇ ਹਨ।
ਜਦੋਂ ਯਹੋਵਾਹ ਪਰਮੇਸ਼ੁਰ ਨੇ ਧਰਤੀ ਅਤੇ ਉਸ ਉੱਤੇ ਸਭ ਕੁਝ ਰਚਿਆ ਸੀ, ਉਸ ਦਾ ਇਹ ਇਰਾਦਾ ਨਹੀਂ ਸੀ ਕਿ ਮਨੁੱਖਜਾਤੀ ਦੁਸ਼ਟਤਾ ਅਤੇ ਦੁੱਖਾਂ ਤੋਂ ਪੀੜਿਤ ਹੋਵੇ। ਇਸ ਗੱਲ ਬਾਰੇ ਸਾਨੂੰ ਕਿਉਂ ਯਕੀਨ ਹੈ? ਕਿਉਂਕਿ ਆਪਣੀ ਸ੍ਰਿਸ਼ਟੀ ਪੂਰੀ ਕਰਨ ਤੇ, “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” (ਉਤਪਤ 1:31) ਆਪਣੇ ਆਪ ਨੂੰ ਇਹ ਸਵਾਲ ਪੁੱਛੋ ਕਿ ‘ਕੀ ਮੈਂ ਕਿਸੇ ਬੁਰੀ ਚੀਜ਼ ਨੂੰ ਦੇਖ ਕੇ, ਉਸ ਨੂੰ ‘ਬਹੁਤ ਹੀ ਚੰਗੀ’ ਕਹਾਂਗਾ?’ ਨਹੀਂ! ਇਸੇ ਤਰ੍ਹਾਂ ਜਦੋਂ ਪਰਮੇਸ਼ੁਰ ਨੇ ਹਰੇਕ ਚੀਜ਼ ਨੂੰ “ਬਹੁਤ ਹੀ ਚੰਗਾ” ਕਿਹਾ, ਤਾਂ ਉਦੋਂ ਇਸ ਧਰਤੀ ਉੱਤੇ ਦੁਸ਼ਟਤਾ ਦੀ ਕੋਈ ਨਾਮੋ-ਨਿਸ਼ਾਨੀ ਵੀ ਨਹੀਂ ਸੀ। ਤਾਂ ਫਿਰ ਦੁਸ਼ਟਤਾ ਕਦੋਂ ਅਤੇ ਕਿਵੇਂ ਸ਼ੁਰੂ ਹੋਈ?
ਸਾਡੇ ਮੁਢਲੇ ਮਾਤਾ-ਪਿਤਾ, ਆਦਮ ਅਤੇ ਹੱਵਾਹ, ਦੀ ਸ੍ਰਿਸ਼ਟੀ ਤੋਂ ਥੋੜ੍ਹੀ ਦੇਰ ਬਾਅਦ ਇਕ ਸ਼ਕਤੀਸ਼ਾਲੀ ਆਤਮਿਕ ਜੰਤੂ ਨੇ ਹੱਵਾਹ ਕੋਲ ਆਣ ਕੇ ਯਹੋਵਾਹ ਦੀ ਸਚਾਈ ਨੂੰ ਅਤੇ ਉਸ ਦੀ ਸਰਬਸੱਤਾ ਨੂੰ ਲਲਕਾਰਿਆ। (ਉਤਪਤ 3:1-5) ਇਸ ਜੰਤੂ, ਸ਼ਤਾਨ ਅਰਥਾਤ ਇਬਲੀਸ, ਨੇ ਬਾਅਦ ਵਿਚ ਦਾਅਵਾ ਕੀਤਾ ਕਿ ਬਿਪਤਾਵਾਂ ਦੇ ਸਮੇਂ ਮਨੁੱਖ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਰਹਿਣਗੇ। (ਅੱਯੂਬ 2:1-5) ਇਸ ਬਾਰੇ ਯਹੋਵਾਹ ਨੇ ਕੀ ਕੀਤਾ? ਉਸ ਨੇ ਉਦੋਂ ਤਕ ਸਮਾਂ ਬੀਤਣ ਦਿੱਤਾ ਜਦ ਤਕ ਆਪੇ ਹੀ ਇਹ ਜ਼ਾਹਰ ਹੋ ਜਾਵੇਗਾ ਕਿ ਮਨੁੱਖ ਰੱਬ ਤੋਂ ਬਿਨਾਂ ਆਪਣੇ ਕਦਮ ਨਹੀਂ ਕਾਇਮ ਕਰ ਸਕਦੇ। (ਯਿਰਮਿਯਾਹ 10:23) ਜਦੋਂ ਆਤਮਿਕ ਜਾਂ ਸਰੀਰਕ ਵਿਅਕਤੀ ਪਰਮੇਸ਼ੁਰ ਦੇ ਕਾਨੂੰਨ ਅਤੇ ਸਿਧਾਂਤ ਤੋੜਦੇ ਹਨ, ਤਾਂ ਇਸ ਪਾਪ ਕਰਕੇ ਨੁਕਸਾਨ ਹੁੰਦਾ ਹੈ। (ਉਪਦੇਸ਼ਕ ਦੀ ਪੋਥੀ 8:9; 1 ਯੂਹੰਨਾ 3:4) ਪਰ ਇਨ੍ਹਾਂ ਖ਼ਰਾਬ ਹਾਲਾਤਾਂ ਦੇ ਬਾਵਜੂਦ, ਯਹੋਵਾਹ ਜਾਣਦਾ ਸੀ ਕਿ ਕੁਝ ਇਨਸਾਨ ਉਸ ਪ੍ਰਤੀ ਵਫ਼ਾਦਾਰ ਰਹਿਣਗੇ।
ਅਦਨ ਵਿਚ ਉਸ ਬਗਾਵਤ ਦੇ ਸਮੇਂ ਤੋਂ ਲੈ ਕੇ ਹੁਣ ਤਕ ਕੁਝ 6,000 ਸਾਲ ਬੀਤ ਗਏ ਹਨ। ਕੀ ਇਹ ਸਮਾਂ ਬਹੁਤ ਲੰਬਾ ਹੈ? ਯਹੋਵਾਹ ਸ਼ਤਾਨ ਅਤੇ ਉਸ ਦੇ ਸਾਥੀਆਂ ਨੂੰ ਸਦੀਆਂ ਪਹਿਲਾਂ ਨਾਸ਼ ਕਰ ਸਕਦਾ ਸੀ। ਪਰ ਕੀ ਹੁਣ ਤਕ ਉਡੀਕ ਕਰਨਾ ਬਿਹਤਰ ਨਹੀਂ ਰਿਹਾ ਹੈ? ਹੁਣ ਯਹੋਵਾਹ ਦੀ ਸਰਬਸੱਤਾ ਦੀ ਸਚਾਈ ਅਤੇ ਮਨੁੱਖਾਂ ਦੀ ਵਫ਼ਾਦਾਰੀ ਉੱਤੋਂ ਹਰ ਸ਼ੱਕ ਮਿਟਾਇਆ ਗਿਆ ਹੈ। ਕੀ ਇਹ ਅੱਜ-ਕੱਲ੍ਹ ਦੀਆਂ ਅਦਾਲਤਾਂ ਬਾਰੇ ਸੱਚ ਨਹੀਂ ਹੈ ਕਿ ਕਈਆਂ ਕੇਸਾਂ ਵਿਚ ਕਿਸੇ ਨੂੰ ਸਹੀ ਜਾਂ ਗ਼ਲਤ ਸਾਬਤ ਕਰਨ ਲਈ ਸਾਲਾਂ ਦੇ ਸਾਲ ਲੱਗ ਸਕਦੇ ਹਨ?
ਯਹੋਵਾਹ ਅਤੇ ਮਨੁੱਖਜਾਤੀ ਦੇ ਸਾਮ੍ਹਣੇ ਵਿਸ਼ਵ-ਵਿਆਪੀ ਸਰਬਸੱਤਾ ਅਤੇ ਮਨੁੱਖਾਂ ਦੀ ਵਫ਼ਾਦਾਰੀ ਦੇ ਵਾਦ-ਵਿਸ਼ੇ ਖੜ੍ਹੇ ਸਨ। ਇਸ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ, ਰੱਬ ਕਿੰਨਾ ਬੁੱਧਵਾਨ ਹੈ ਕਿ ਉਸ ਨੇ ਸਮਾਂ ਬੀਤਣ ਦਿੱਤਾ! ਹੁਣ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਜਦੋਂ ਇਨਸਾਨ ਰੱਬ ਦੇ ਕਾਨੂੰਨਾਂ ਦੀ ਲਾਪਰਵਾਹੀ ਕਰ ਕੇ ਆਪ ਹੀ ਮੁਖ਼ਤਿਆਰੀ ਕਰਦੇ ਹਨ ਉਦੋਂ ਕੀ ਹੁੰਦਾ ਹੈ। ਨਤੀਜੇ ਵਜੋਂ ਹਰ ਜਗ੍ਹਾ ਬੁਰਾਈ ਹੀ ਬੁਰਾਈ ਦੇਖੀ ਜਾਂਦੀ ਹੈ। ਅਤੇ ਇਸ ਕਰਕੇ ਅੱਜ ਇੰਨੇ ਸਾਰੇ ਨਿਰਦੋਸ਼ ਲੋਕ ਕਸ਼ਟ ਭੋਗ ਰਹੇ ਹਨ।
ਪਰ, ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਦੇ ਬਚਨ ਅਨੁਸਾਰ ਦੁਸ਼ਟਤਾ ਸਦਾ ਹੀ ਜਾਰੀ ਨਹੀਂ ਰਹੇਗੀ। ਅਸਲ ਵਿਚ, ਯਹੋਵਾਹ ਦੁਸ਼ਟਤਾ ਨੂੰ ਅਤੇ ਦੁਸ਼ਟ ਲੋਕਾਂ ਨੂੰ ਜਲਦੀ ਹੀ ਖ਼ਤਮ ਕਰ ਦੇਵੇਗਾ। ਕਹਾਉਤਾਂ 2:22 ਕਹਿੰਦਾ ਹੈ ਕਿ “ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।” ਦੂਜੇ ਪਾਸੇ, ਰੱਬ ਦੇ ਪ੍ਰਤੀ ਵਫ਼ਾਦਾਰ ਲੋਕ ਜਲਦੀ ਹੀ ਆਉਣ ਵਾਲੇ ਐਸੇ ਸਮੇਂ ਦੀ ਆਸ ਰੱਖ ਸਕਦੇ ਹਨ ਜਦੋਂ “ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ।”—ਪਰਕਾਸ਼ ਦੀ ਪੋਥੀ 21:4.
ਬਾਈਬਲ ਤੋਂ ਅਸੀਂ ਸਾਫ਼-ਸਾਫ਼ ਸਮਝਦੇ ਹਾਂ ਕਿ ਨਿਰਦੋਸ਼ ਲੋਕ ਦੁੱਖ ਕਿਉਂ ਭੋਗਦੇ ਹਨ। ਬਾਈਬਲ ਇਸ ਬਾਰੇ ਵੀ ਭਰੋਸਾ ਦਿਲਾਉਂਦੀ ਹੈ ਕਿ ਦੁਸ਼ਟਤਾ ਅਤੇ ਕਸ਼ਟ ਜਲਦੀ ਹੀ ਖ਼ਤਮ ਹੋ ਜਾਣਗੇ। ਅੱਜ-ਕੱਲ੍ਹ ਦੀਆਂ ਕਠਿਨਾਈਆਂ ਕੱਟਦੇ ਸਮੇਂ, ਸਾਨੂੰ ਇਕ ਹੋਰ ਜ਼ਰੂਰੀ ਸਵਾਲ ਦਾ ਜਵਾਬ ਚਾਹੀਦਾ ਹੈ।
ਜੀਵਨ ਦਾ ਮਕਸਦ ਕੀ ਹੈ?
ਮਨੁੱਖਜਾਤੀ ਦੇ ਇਤਿਹਾਸ ਵਿਚ ਹੋਰ ਕਿਸੇ ਸਮੇਂ ਨਾਲੋਂ ਜ਼ਿਆਦਾ ਹੁਣ ਲੋਕ ਜੀਵਨ ਦਾ ਮਕਸਦ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਜੀਵਨ ਵਿਚ ਵੱਖਰੀਆਂ-ਵੱਖਰੀਆਂ ਹਾਲਤਾਂ ਦੇ ਕਾਰਨ, ਕਈ ਆਪਣੇ ਆਪ ਤੋਂ ਇਹ ਸਵਾਲ ਪੁੱਛਦੇ ਹਨ ਕਿ ‘ਮੈਂ ਜੀਉਂਦਾ ਕਿਉਂ ਹਾਂ? ਮੇਰੀ ਜ਼ਿੰਦਗੀ ਦਾ ਅਰਥ ਕੀ ਹੈ?’
ਕਿਸੇ ਵਿਅਕਤੀ ਦਾ ਜੀਵਨ ਨਿੱਜੀ ਦੁਰਘਟਨਾ ਕਾਰਨ ਤਬਾਹ ਹੋ ਸਕਦਾ ਹੈ। ਮਿਸਾਲ ਲਈ, 1998 ਦੇ ਸ਼ੁਰੂ ਵਿਚ, ਬਾਵੇਰੀਆ, ਜਰਮਨੀ ਵਿਚ ਇਕ 12-ਸਾਲਾ ਲੜਕੀ ਨੂੰ ਚੁਰਾ ਲਿਆ ਗਿਆ ਅਤੇ ਬਾਅਦ ਵਿਚ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਕ ਸਾਲ ਬਾਅਦ, ਉਸ ਦੀ ਮਾਂ ਕਹਿੰਦੀ ਹੈ ਕਿ ਉਹ ਹਾਲੇ ਵੀ ਜੀਵਨ ਦਾ ਮਕਸਦ ਲੱਭਦੀ-ਲੱਭਦੀ ਰੋਜ਼ ਆਪਣਾ ਸਮਾਂ ਗੁਜ਼ਾਰਦੀ ਹੈ, ਪਰ ਉਸ ਨੂੰ ਕੁਝ ਪਤਾ ਨਹੀਂ ਚੱਲਦਾ ਕਿ ਇਹ ਕੀ ਹੈ। ਕੁਝ ਨੌਂਜਵਾਨ ਵੀ ਜੀਵਨ ਦੇ ਮਕਸਦ ਬਾਰੇ ਸੋਚਦੇ ਹਨ। ਉਹ ਸੁਰੱਖਿਆ, ਸੰਤੁਸ਼ਟੀ ਅਤੇ ਸਮਾਜ ਵਿਚ ਆਪਣਾ ਥਾਂ ਭਾਲਦੇ ਹਨ, ਪਰ ਉਹ ਬਹੁਤ ਨਿਰਾਸ਼ ਹੋ ਜਾਂਦੇ ਹਨ ਜਦੋਂ ਉਹ ਵੱਡੇ ਪੈਮਾਨੇ ਤੇ ਪਖੰਡ ਅਤੇ ਹੇਰਾ-ਫੇਰੀ ਦੇਖਦੇ ਹਨ। ਦੂਜੇ ਵਿਅਕਤੀ ਕੰਮਾਂ-ਕਾਰਾਂ ਨਾਲ ਆਪਣੇ ਜੀਵਨ ਭਰ ਲੈਂਦੇ ਹਨ, ਪਰ ਫਿਰ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਸ਼ਾਨੋ-ਸ਼ੌਕਤ, ਦੌਲਤ ਜਾਂ ਦੂਜਿਆਂ ਦੁਆਰਾ ਵੱਡੇ ਸਮਝੇ ਜਾਣਾ ਹੀ ਸਾਡੀਆਂ ਅੰਦਰਲੀਆਂ ਆਰਜ਼ੂਆਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ।
ਜਿਸ ਕਿਸੇ ਕਾਰਨ ਕਰਕੇ ਵੀ ਕੋਈ ਜੀਵਨ ਦੇ ਮਕਸਦ ਬਾਰੇ ਸਵਾਲ ਪੁੱਛਦਾ ਹੈ, ਉਸ ਲਈ ਸਵਾਲ ਦਾ ਜਵਾਬ ਗੰਭੀਰ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਜਵਾਬ ਤੋਂ ਤਸੱਲੀ ਮਿਲਣੀ ਚਾਹੀਦੀ ਹੈ। ਇਕ ਵਾਰ ਫਿਰ ਬਾਈਬਲ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ। ਇਹ ਯਹੋਵਾਹ ਨੂੰ ਇਕ ਮਕਸਦ ਵਾਲੇ ਰੱਬ ਦੇ ਤੌਰ ਤੇ ਦਿਖਾਉਂਦੀ ਹੈ, ਅਰਥਾਤ, ਉਸ ਦੇ ਹਰ ਕੰਮ-ਕਾਰ ਪਿੱਛੇ ਕੋਈ-ਨ-ਕੋਈ ਮਤਲਬ ਹੁੰਦਾ ਹੈ। ਅਸੀਂ ਪੁੱਛ ਸਕਦੇ ਹਾਂ ਕਿ ਕੀ ਤੁਸੀਂ ਬਿਨਾਂ ਮਤਲਬ ਕੋਈ ਘਰ ਬਣਾਉਣਾ ਸ਼ੁਰੂ ਕਰੋਗੇ? ਸ਼ਾਇਦ ਨਹੀਂ, ਕਿਉਂਕਿ ਇਕ ਘਰ ਬਣਾਉਣ ਲਈ ਕਾਫ਼ੀ ਪੈਸਾ ਅਤੇ ਸਮਾਂ ਲੱਗਦਾ ਹੈ, ਸ਼ਾਇਦ ਮਹੀਨੇ ਜਾਂ ਸਾਲ ਹੀ ਲੱਗ ਸਕਦੇ ਹਨ। ਘਰ ਇਸ ਮਕਸਦ ਨਾਲ ਬਣਾਇਆ ਜਾਂਦਾ ਹੈ ਕਿ ਸ਼ਾਇਦ ਤੁਸੀਂ ਜਾਂ ਕੋਈ ਹੋਰ ਵਿਅਕਤੀ ਉਸ ਵਿਚ ਰਹੇਗਾ। ਯਹੋਵਾਹ ਇਹੀ ਤਰਕ ਵਰਤਦਾ ਹੈ। ਉਸ ਨੇ ਬਿਨਾਂ ਕਾਰਨ ਜਾਂ ਮਤਲਬ ਹੀ ਨਹੀਂ ਇਹ ਧਰਤੀ ਜਾਂ ਇਸ ਦੀ ਸ੍ਰਿਸ਼ਟੀ ਸਾਜਣ ਦੀ ਤਕਲੀਫ਼ ਕੀਤੀ। (ਇਬਰਾਨੀਆਂ 3:4 ਦੀ ਤੁਲਨਾ ਕਰੋ।) ਤਾਂ ਫਿਰ, ਇਸ ਧਰਤੀ ਲਈ ਉਸ ਦਾ ਮਕਸਦ ਕੀ ਹੈ?
ਯਸਾਯਾਹ ਦੀ ਭਵਿੱਖਬਾਣੀ ਯਹੋਵਾਹ ਬਾਰੇ ਕਹਿੰਦੀ ਹੈ ਕਿ “ਉਹ ਉਹੀ [ਸੱਚਾ] ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ।” ਅਸਲ ਵਿਚ, “ਉਹ ਨੇ [ਧਰਤੀ] ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ।” (ਯਸਾਯਾਹ 45:18) ਜੀ ਹਾਂ, ਜਦੋਂ ਤੋਂ ਧਰਤੀ ਸ੍ਰਿਸ਼ਟ ਕੀਤੀ ਗਈ ਹੈ, ਯਹੋਵਾਹ ਨੇ ਇਸ ਨੂੰ ਵੱਸਣ ਲਈ ਹੀ ਸਾਜਿਆ ਹੈ। ਜ਼ਬੂਰ 115:16 ਕਹਿੰਦਾ ਹੈ ਕਿ “ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ।” ਇਵੇਂ ਬਾਈਬਲ ਦਿਖਾਉਂਦੀ ਹੈ ਕਿ ਯਹੋਵਾਹ ਨੇ ਧਰਤੀ ਨੂੰ ਆਗਿਆਕਾਰ ਮਨੁੱਖਾਂ ਦੇ ਵੱਸਣ ਲਈ ਸ੍ਰਿਸ਼ਟ ਕੀਤਾ ਹੈ, ਜੋ ਇਸ ਦੀ ਦੇਖ-ਭਾਲ ਕਰਨਗੇ।—ਉਤਪਤ 1:27, 28.
ਕੀ ਆਦਮ ਅਤੇ ਹੱਵਾਹ ਦੀ ਬਗਾਵਤ ਨੇ ਯਹੋਵਾਹ ਦੇ ਮਕਸਦ ਨੂੰ ਬਦਲ ਦਿੱਤਾ ਸੀ? ਨਹੀਂ। ਸਾਨੂੰ ਇਸ ਗੱਲ ਦਾ ਕਿਉਂ ਯਕੀਨ ਹੈ? ਇਸ ਨੁਕਤੇ ਉੱਤੇ ਗੌਰ ਕਰੋ: ਬਾਈਬਲ ਅਦਨ ਦੇ ਬਾਗ਼ ਵਿਚ ਬਗਾਵਤ ਹੋਣ ਤੋਂ ਹਜ਼ਾਰਾਂ ਸਾਲ ਬਾਅਦ ਲਿਖੀ ਗਈ ਸੀ। ਜੇਕਰ ਪਰਮੇਸ਼ੁਰ ਨੇ ਆਪਣੇ ਮੁਢਲੇ ਮਕਸਦ ਨੂੰ ਭੁਲਾ ਦਿੱਤਾ ਹੁੰਦਾ, ਤਾਂ ਬਾਈਬਲ ਵਿਚ ਇਹ ਗੱਲ ਕਿਉਂ ਨਹੀਂ ਦੱਸੀ ਗਈ ਹੈ? ਜਵਾਬ ਸਾਫ਼-ਸਾਫ਼ ਇਹ ਹੈ ਕਿ ਧਰਤੀ ਅਤੇ ਮਨੁੱਖਜਾਤੀ ਲਈ ਉਸ ਦਾ ਮਕਸਦ ਬਦਲਿਆ ਨਹੀਂ ਹੈ।
ਇਸ ਤੋਂ ਇਲਾਵਾ, ਯਹੋਵਾਹ ਦਾ ਮਕਸਦ ਕਦੇ ਵੀ ਅਸਫ਼ਲ ਨਹੀਂ ਹੁੰਦਾ। ਯਸਾਯਾਹ ਰਾਹੀਂ, ਪਰਮੇਸ਼ੁਰ ਨੇ ਇਹ ਭਰੋਸਾ ਦਿਲਾਇਆ ਹੈ ਕਿ “ਜਿਵੇਂ . . . ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਨੂੰ ਮੁੜ ਨਹੀ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਐਉਂ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:10, 11.
ਪਰਮੇਸ਼ੁਰ ਸਾਡੇ ਤੋਂ ਕੀ ਆਸ ਰੱਖਦਾ ਹੈ?
ਫਿਰ, ਸਪੱਸ਼ਟ ਤੌਰ ਤੇ ਅਸੀਂ ਪਰਮੇਸ਼ੁਰ ਦੇ ਮਕਸਦ ਵਿਚ ਵਿਸ਼ਵਾਸ ਕਰ ਸਕਦੇ ਹਾਂ ਕਿ ਧਰਤੀ ਉੱਤੇ ਆਗਿਆਕਾਰ ਮਨੁੱਖ ਹੀ ਵੱਸਣਗੇ। ਜੇਕਰ ਅਸੀਂ ਧਰਤੀ ਉੱਤੇ ਸਦਾ ਲਈ ਰਹਿਣ ਵਾਲਿਆਂ ਵਿੱਚੋਂ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਰਾਜਾ ਸੁਲੇਮਾਨ ਦੀ ਸਲਾਹ ਅਨੁਸਾਰ ਚੱਲਣਾ ਚਾਹੀਦਾ ਹੈ: “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13; ਯੂਹੰਨਾ 17:3.
ਮਨੁੱਖਜਾਤੀ ਲਈ ਯਹੋਵਾਹ ਦੇ ਮਕਸਦ ਅਨੁਸਾਰ ਜੀਉਣ ਦਾ ਅਰਥ ਹੈ ਸੱਚੇ ਪਰਮੇਸ਼ੁਰ ਬਾਰੇ ਗਿਆਨ ਲੈਣਾ ਅਤੇ ਬਾਈਬਲ ਵਿਚ ਦੱਸੀਆਂ ਗਈਆਂ ਉਸ ਦੀਆਂ ਮੰਗਾਂ ਅਨੁਸਾਰ ਚੱਲਣਾ। ਹੁਣ ਇਸ ਤਰ੍ਹਾਂ ਕਰ ਕੇ, ਅਸੀਂ ਇਕ ਫਿਰਦੌਸ ਵਰਗੀ ਧਰਤੀ ਉੱਤੇ ਸਦੀਪਕ ਜੀਵਨ ਦੀ ਉਮੀਦ ਰੱਖ ਸਕਦੇ ਹਾਂ ਜਦੋਂ ਪਰਮੇਸ਼ੁਰ ਅਤੇ ਉਸ ਦੀ ਚਮਤਕਾਰੀ ਸ੍ਰਿਸ਼ਟੀ ਬਾਰੇ ਅਸੀਂ ਹਮੇਸ਼ਾ ਨਵੀਆਂ ਤੋਂ ਨਵੀਆਂ ਗੱਲਾਂ ਸਿੱਖੀ ਜਾਵਾਂਗੇ। (ਲੂਕਾ 23:43, ਨਿ ਵ) ਇਹ ਉਮੀਦ ਕਿੰਨੀ ਵਧੀਆ ਹੈ!
ਜ਼ਿੰਦਗੀ ਦਾ ਮਕਸਦ ਭਾਲਣ ਵਾਲੇ ਕਈਆਂ ਬੰਦਿਆਂ ਨੂੰ ਬਾਈਬਲ ਤੋਂ ਉਮੀਦ ਮਿਲੀ ਹੈ ਅਤੇ ਉਹ ਹੁਣ ਬਹੁਤ ਖ਼ੁਸ਼ ਹਨ। ਮਿਸਾਲ ਲਈ, ਆਲਫਰੈਡ ਨਾਂ ਦੇ ਇਕ ਨੌਜਵਾਨ ਨੂੰ ਜੀਉਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਸੀ। ਉਸ ਨੂੰ ਇਹ ਗੱਲ ਬਹੁਤ ਭੈੜੀ ਲੱਗਦੀ ਸੀ ਕਿ ਮਜ਼ਹਬ ਯੁੱਧਾਂ ਵਿਚ ਹੱਥ ਵਟਾਉਂਦੇ ਹਨ, ਅਤੇ ਉਹ ਰਾਜਨੀਤੀ ਵਿਚ ਚਾਲਬਾਜ਼ੀਆਂ ਅਤੇ ਹੇਰਾ-ਫੇਰੀਆਂ ਦੇਖ ਕੇ ਬਹੁਤ ਨਿਰਾਸ਼ ਸੀ। ਆਲਫਰੈਡ ਜੀਵਨ ਦੇ ਮਕਸਦ ਬਾਰੇ ਗਿਆਨ ਲੈਣ ਦੀ ਉਮੀਦ ਨਾਲ ਉੱਤਰੀ ਅਮਰੀਕਾ ਦੇ ਇੰਡੀਅਨਾਂ ਨੂੰ ਮਿਲਣ ਲਈ ਗਿਆ, ਪਰ ਉਹ ਆਪਣੇ ਸਵਾਲਾਂ ਦੇ ਜਵਾਬਾਂ ਬਿਨਾਂ ਵਾਪਸ ਯੂਰਪ ਮੁੜਿਆ। ਉਹ ਨਿਰਾਸ਼ਾ ਕਾਰਨ ਡ੍ਰੱਗਸ ਅਤੇ ਘਟੀਆ ਸਾਜ-ਸੰਗੀਤ ਵਿਚ ਰੁੱਝ ਗਿਆ। ਪਰ ਬਾਅਦ ਵਿਚ ਬਾਈਬਲ ਦੀ ਡੂੰਘੀ ਅਤੇ ਬਾਕਾਇਦਾ ਸਟੱਡੀ ਕਰਨ ਨਾਲ ਆਲਫਰੈਡ ਨੂੰ ਜ਼ਿੰਦਗੀ ਦਾ ਅਸਲੀ ਮਕਸਦ ਪਤਾ ਚੱਲਿਆ ਅਤੇ ਇਸ ਤੋਂ ਉਸ ਨੂੰ ਸੰਤੁਸ਼ਟੀ ਮਿਲੀ।
ਸਾਡੇ ਰਾਹ ਵਾਸਤੇ ਭਰੋਸੇਯੋਗ ਚਾਨਣ
ਤਾਂ ਫਿਰ, ਅਸੀਂ ਬਾਈਬਲ ਬਾਰੇ ਕੀ ਸਿੱਟਾ ਕੱਢ ਸਕਦੇ ਹਾਂ? ਕੀ ਅੱਜ-ਕੱਲ੍ਹ ਦੇ ਜ਼ਮਾਨੇ ਨਾਲ ਇਸ ਦਾ ਕੋਈ ਤੱਲਕ ਹੈ? ਸੱਚ-ਮੁੱਚ ਇਸ ਦਾ ਤੱਲਕ ਹੈ, ਕਿਉਂਕਿ ਇਹ ਵਰਤਮਾਨ ਵਿਸ਼ਿਆਂ ਦੇ ਸੰਬੰਧ ਵਿਚ ਸਾਨੂ ਸਲਾਹ-ਮਸ਼ਵਰੇ ਦਿੰਦੀ ਹੈ। ਬਾਈਬਲ ਸਮਝਾਉਂਦੀ ਹੈ ਕਿ ਰੱਬ ਲੋਕਾਂ ਨੂੰ ਦੁੱਖ ਨਹੀਂ ਦਿੰਦਾ। ਬਾਈਬਲ ਤੋਂ ਸਾਨੂੰ ਜ਼ਿੰਦਗੀ ਦਾ ਤਸੱਲੀਬਖ਼ਸ਼ ਮਕਸਦ ਮਿਲਦਾ ਹੈ। ਇਸ ਤੋਂ ਇਲਾਵਾ, ਬਾਈਬਲ ਹੁਣ ਦੇ ਜ਼ਮਾਨੇ ਲਈ ਦੂਜਿਆਂ ਦਿਲਚਸਪ ਮਾਮਲਿਆਂ ਬਾਰੇ ਵੀ ਜਾਣਕਾਰੀ ਦਿੰਦੀ ਹੈ। ਵਿਆਹ, ਬੱਚਿਆਂ ਦੀ ਪਰਵਰਿਸ਼, ਦੂਸਰਿਆਂ ਨਾਲ ਰਿਸ਼ਤੇ-ਨਾਤੇ, ਅਤੇ ਮੁਰਦਿਆਂ ਦੇ ਜੀ ਉੱਠਣ ਦੀ ਉਮੀਦ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਵੀ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਹੈ।
ਜੇਕਰ ਤੁਸੀਂ ਅਜੇ ਇਵੇਂ ਨਹੀਂ ਕੀਤਾ, ਤਾਂ ਮਿਹਰਬਾਨੀ ਨਾਲ ਬਾਈਬਲ ਦੇ ਵਿਸ਼ਿਆਂ ਉੱਤੇ ਚੰਗੀ ਤਰ੍ਹਾਂ ਗੌਰ ਕਰੋ। ਜਦੋਂ ਤੁਹਾਨੂੰ ਇਕ ਵਾਰ ਉਸ ਦੀਆਂ ਸਲਾਹਾਂ ਦੀ ਕੀਮਤ ਪਤਾ ਚੱਲ ਜਾਵੇਗੀ, ਤੁਸੀਂ ਸ਼ਾਇਦ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰੋਗੇ। ਉਸ ਨੇ ਯਹੋਵਾਹ ਬਾਰੇ ਇਕ ਗੀਤ ਵਿਚ ਕਿਹਾ ਕਿ “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।”—ਜ਼ਬੂਰ 119:105.
[ਸਫ਼ੇ 6 ਉੱਤੇ ਤਸਵੀਰ]
ਕੀ ਤੁਸੀਂ ਜਾਣਦੇ ਹੋ ਕਿ ਰੱਬ ਨਿਰਦੋਸ਼ ਲੋਕਾਂ ਨੂੰ ਕਸ਼ਟ ਕਿਉਂ ਭੋਗਣ ਦਿੰਦਾ ਹੈ?
[ਸਫ਼ੇ 7 ਉੱਤੇ ਤਸਵੀਰ]
ਤੁਹਾਡੀ ਜ਼ਿੰਦਗੀ ਮਕਸਦ ਭਰੀ ਹੋ ਸਕਦੀ ਹੈ