ਦੁਨੀਆਂ ਦਾ ਅੰਤ—ਡਰੀਏ ਜਾਂ ਉਮੀਦ ਰੱਖੀਏ?
“ਅੱਜ ਅਪਾਕਲਿਪਸ ਸਿਰਫ਼ ਬਾਈਬਲ ਦੀ ਹੀ ਇਕ ਕਥਾ ਨਹੀਂ ਹੈ ਬਲਕਿ ਹੁਣ ਇਸ ਦੇ ਵਾਪਰਨ ਦੀ ਵੱਡੀ ਸੰਭਾਵਨਾ ਹੈ।”—ਹਾਵੀਏਰ ਪੇਰਜ਼ ਡੇ ਕਵੇਯਾਰ, ਸੰਯੁਕਤ ਰਾਸ਼ਟਰ ਦਾ ਸਾਬਕਾ ਸੈਕਟਰੀ-ਜਨਰਲ।
ਜ਼ਿਆਦਾਤਰ ਲੋਕਾਂ ਵਾਂਗ, ਦੁਨੀਆਂ ਦੀ ਇਸ ਮਸ਼ਹੂਰ ਹਸਤੀ ਨੇ ਵੀ ਅੰਗ੍ਰੇਜ਼ੀ ਸ਼ਬਦ “ਅਪਾਕਲਿਪਸ” ਨੂੰ ਦੁਨੀਆਂ ਦੇ ਅੰਤ ਨੂੰ ਸੂਚਿਤ ਕਰਨ ਲਈ ਵਰਤਿਆ। ਫ਼ਿਲਮਾਂ, ਕਿਤਾਬਾਂ ਦੇ ਸਿਰਲੇਖਾਂ, ਰਸਾਲਿਆਂ ਦੇ ਲੇਖਾਂ ਅਤੇ ਅਖ਼ਬਾਰਾਂ ਵਿਚ ਵੀ ਇਸ ਸ਼ਬਦ ਨੂੰ ਇਸੇ ਭਾਵ ਵਿਚ ਵਰਤਿਆ ਜਾਂਦਾ ਹੈ। ਇਹ ਸ਼ਬਦ ਸੁਣਦੇ ਹੀ ਲੋਕਾਂ ਦੇ ਮਨਾਂ ਵਿਚ ਦੁਨੀਆਂ ਦੇ ਵਿਨਾਸ਼ ਦੀ ਤਸਵੀਰ ਉਭਰ ਕੇ ਸਾਮ੍ਹਣੇ ਆ ਜਾਂਦੀ ਹੈ। ਪਰ ਸ਼ਬਦ “ਅਪਾਕਲਿਪਸ” ਦਾ ਸਹੀ ਅਰਥ ਕੀ ਹੈ? ਇਸ ਤੋਂ ਵੀ ਮਹੱਤਵਪੂਰਣ ਸਵਾਲ ਇਹ ਹੈ ਕਿ ਬਾਈਬਲ ਦੀ ਕਿਤਾਬ ਅਪਾਕਲਿਪਸ ਜਾਂ ਪਰਕਾਸ਼ ਦੀ ਪੋਥੀ ਕਿਹੜਾ ਸੰਦੇਸ਼ ਦਿੰਦੀ ਹੈ?
ਸ਼ਬਦ “ਅਪਾਕਲਿਪਸ” ਇਕ ਯੂਨਾਨੀ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ “ਪ੍ਰਗਟ ਕਰਨਾ” ਜਾਂ “ਪਰਦਾ ਚੁੱਕਣਾ।” ਬਾਈਬਲ ਦੀ ਪਰਕਾਸ਼ ਦੀ ਪੋਥੀ ਵਿਚ ਕਿਸ ਚੀਜ਼ ਤੋਂ ਪਰਦਾ ਚੁੱਕਿਆ ਗਿਆ ਸੀ ਜਾਂ ਇਸ ਵਿਚ ਕੀ ਪ੍ਰਗਟ ਕੀਤਾ ਗਿਆ ਸੀ? ਕੀ ਇਸ ਵਿਚ ਸਿਰਫ਼ ਤਬਾਹੀ ਦਾ ਹੀ ਸੰਦੇਸ਼ ਦਿੱਤਾ ਗਿਆ ਸੀ, ਅਜਿਹੇ ਵਿਨਾਸ਼ ਦੀ ਭਵਿੱਖਬਾਣੀ ਜਿਸ ਵਿਚ ਕੋਈ ਨਹੀਂ ਬਚੇਗਾ? ਜਦੋਂ ਇੰਸਟੀਟਯੂ ਡ ਫ਼ਰਾਂਸ ਦੇ ਮੈਂਬਰ, ਇਤਿਹਾਸਕਾਰ ਜ਼ੌਨ ਡੈੱਲੂਮੋ ਨੂੰ ਪੁੱਛਿਆ ਗਿਆ ਕਿ ਉਹ ਅਪਾਕਲਿਪਸ ਬਾਰੇ ਕੀ ਸੋਚਦਾ ਹੈ, ਤਾਂ ਉਸ ਨੇ ਕਿਹਾ: “ਇਹ ਕਿਤਾਬ ਦਿਲਾਸਾ ਅਤੇ ਉਮੀਦ ਦਿੰਦੀ ਹੈ। ਲੋਕਾਂ ਨੇ ਇਸ ਵਿਚ ਦਿੱਤੇ ਗਏ ਤਬਾਹੀ ਦੇ ਬਿਰਤਾਂਤਾਂ ਨੂੰ ਬਹੁਤ ਹੀ ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ।”
ਮੁਢਲਾ ਚਰਚ ਅਤੇ ਅਪਾਕਲਿਪਸ
ਮੁਢਲੇ “ਮਸੀਹੀਆਂ” ਦਾ ਅਪਾਕਲਿਪਸ ਬਾਰੇ ਅਤੇ ਇਸ ਵਿਚ ਧਰਤੀ ਉੱਤੇ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਉਮੀਦ ਬਾਰੇ ਕੀ ਵਿਚਾਰ ਸੀ? ਉਸੇ ਇਤਿਹਾਸਕਾਰ ਨੇ ਕਿਹਾ: “ਮੇਰੀ ਰਾਇ ਵਿਚ ਜ਼ਿਆਦਾਤਰ ਮਸੀਹੀ, ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਵਿਚ ਵਿਸ਼ਵਾਸ ਰੱਖਦੇ ਸਨ। . . . ਮੁਢਲੀਆਂ ਸਦੀਆਂ ਵਿਚ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਵਿਚ ਵਿਸ਼ਵਾਸ ਕਰਨ ਵਾਲੇ ਕੁਝ ਉੱਘੇ ਮਸੀਹੀ ਸਨ—ਏਸ਼ੀਆ ਮਾਈਨਰ ਵਿਚ ਹੀਏਰਪੁਲਿਸ ਦਾ ਬਿਸ਼ਪ ਪੇਪੀਅਸ, . . . ਸੇਂਟ ਜਸਟਿਨ ਜੋ ਫਲਸਤੀਨ ਵਿਚ ਪੈਦਾ ਹੋਇਆ ਸੀ ਅਤੇ ਸਾਲ 165 ਦੇ ਆਸ-ਪਾਸ ਰੋਮ ਵਿਚ ਸ਼ਹੀਦ ਹੋ ਗਿਆ ਸੀ, ਲੀਅਨਜ਼ ਦਾ ਬਿਸ਼ਪ ਸੇਂਟ ਆਇਰੀਨੀਅਸ ਜੋ 202 ਵਿਚ ਮਰਿਆ ਸੀ, ਟਰਟੂਲੀਅਨ ਜੋ 222 ਵਿਚ ਮਰਿਆ ਸੀ ਅਤੇ . . . ਮਹਾਨ ਲੇਖਕ ਲਾਕਟਾਂਟੀਅਸ।”
ਪੇਪੀਅਸ, ਜੋ 161 ਜਾਂ 165 ਸਾ.ਯੁ. ਵਿਚ ਪਰਗਮੁਮ ਵਿਚ ਸ਼ਹੀਦ ਹੋਇਆ ਸੀ, ਦੇ ਬਾਰੇ ਦ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਇਸ ਤਰ੍ਹਾਂ ਲੱਗਦਾ ਹੈ ਕਿ ਹੀਏਰਪੁਲਿਸ ਦਾ ਬਿਸ਼ਪ ਪੇਪੀਅਸ, ਜੋ ਸੰਤ ਯੂਹੰਨਾ ਦਾ ਚੇਲਾ ਸੀ, ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਸਿੱਖਿਆ ਦਾ ਸਮਰਥਨ ਕਰਦਾ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਸਿੱਖਿਆ ਰਸੂਲਾਂ ਦੇ ਸਮੇਂ ਦੇ ਮਸੀਹੀ ਚੇਲਿਆਂ ਤੋਂ ਪ੍ਰਾਪਤ ਕੀਤੀ ਸੀ ਅਤੇ ਆਇਰੀਨੀਅਸ ਕਹਿੰਦਾ ਹੈ ਕਿ ਦੂਸਰੇ ‘ਬਜ਼ੁਰਗਾਂ’ ਨੇ ਪ੍ਰਭੂ ਦੀ ਸਿੱਖਿਆ ਦੇ ਇਕ ਹਿੱਸੇ ਵਜੋਂ ਯੂਹੰਨਾ ਰਸੂਲ ਤੋਂ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਸਿੱਖਿਆ ਲਈ ਸੀ, ਜਿਸ ਨੂੰ ਉਨ੍ਹਾਂ ਨੇ ਦੇਖਿਆ ਅਤੇ ਸੁਣਿਆ ਸੀ। ਯੂਸੀਬੀਅਸ ਦੇ ਅਨੁਸਾਰ . . . ਪੇਪੀਅਸ ਨੇ ਆਪਣੀ ਕਿਤਾਬ ਵਿਚ ਇਹ ਦਾਅਵਾ ਕੀਤਾ ਕਿ ਮਰੇ ਹੋਇਆਂ ਦੇ ਪੁਨਰ-ਉਥਾਨ ਤੋਂ ਬਾਅਦ ਧਰਤੀ ਉੱਤੇ ਮਸੀਹ ਦੇ ਇਕ ਹਜ਼ਾਰ ਸਾਲ ਦਾ ਦ੍ਰਿਸ਼ਟ ਅਤੇ ਸ਼ਾਨਦਾਰ ਰਾਜ ਹੋਵੇਗਾ।”
ਇਸ ਤੋਂ ਸਾਨੂੰ ਮੁਢਲੇ ਵਿਸ਼ਵਾਸੀਆਂ ਉੱਤੇ ਅਪਾਕਲਿਪਸ ਜਾਂ ਪਰਕਾਸ਼ ਦੀ ਪੋਥੀ ਦੇ ਪ੍ਰਭਾਵ ਬਾਰੇ ਕੀ ਪਤਾ ਲੱਗਦਾ ਹੈ? ਕੀ ਇਸ ਨੇ ਉਨ੍ਹਾਂ ਵਿਚ ਡਰ ਪੈਦਾ ਕੀਤਾ ਜਾਂ ਉਨ੍ਹਾਂ ਨੂੰ ਕੋਈ ਉਮੀਦ ਦਿੱਤੀ? ਦਿਲਚਸਪੀ ਦੀ ਗੱਲ ਹੈ ਕਿ ਇਤਿਹਾਸਕਾਰ, ਮੁਢਲੇ ਮਸੀਹੀਆਂ ਨੂੰ ਕਿਲਿਐਸਟ (ਸਹੰਸਰਵਾਦੀ) ਬੁਲਾਉਂਦੇ ਹਨ ਜੋ ਯੂਨਾਨੀ ਸ਼ਬਦ ਹੀਲਯਾ ਏਟੀ ਤੋਂ ਆਇਆ ਹੈ। ਜੀ ਹਾਂ, ਉਨ੍ਹਾਂ ਵਿੱਚੋਂ ਬਹੁਤ ਸਾਰੇ ਮਸੀਹੀ, ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਵਿਚ ਵਿਸ਼ਵਾਸ ਕਰਦੇ ਸਨ। ਉਹ ਵਿਸ਼ਵਾਸ ਕਰਦੇ ਸਨ ਕਿ ਮਸੀਹ ਦਾ ਰਾਜ ਧਰਤੀ ਨੂੰ ਫਿਰਦੌਸ ਬਣਾਵੇਗਾ। ਬਾਈਬਲ ਵਿਚ ਸਿਰਫ਼ ਪਰਕਾਸ਼ ਦੀ ਪੋਥੀ ਵਿਚ ਹੀ ਖ਼ਾਸ ਤੌਰ ਤੇ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਉਮੀਦ ਦਾ ਜ਼ਿਕਰ ਕੀਤਾ ਗਿਆ ਹੈ। (20:1-7) ਇਸ ਲਈ ਪਰਕਾਸ਼ ਦੀ ਪੋਥੀ ਤੋਂ ਡਰਨ ਦੀ ਬਜਾਇ, ਵਿਸ਼ਵਾਸੀਆਂ ਨੇ ਇਸ ਤੋਂ ਇਕ ਸ਼ਾਨਦਾਰ ਉਮੀਦ ਪ੍ਰਾਪਤ ਕੀਤੀ। ਆਕਸਫ਼ੋਰਡ ਵਿਚ ਚਰਚ ਦੇ ਇਤਿਹਾਸ ਦੇ ਪ੍ਰੋਫ਼ੈਸਰ, ਸੀਸਲ ਕਾਡੂ ਆਪਣੀ ਕਿਤਾਬ, ਮੁਢਲਾ ਚਰਚ ਅਤੇ ਸੰਸਾਰ (ਅੰਗ੍ਰੇਜ਼ੀ) ਵਿਚ ਲਿਖਦਾ ਹੈ: “ਭਾਵੇਂ ਸਹੰਸਰਵਾਦੀ ਵਿਚਾਰ ਅਖ਼ੀਰ ਵਿਚ ਰੱਦ ਕਰ ਦਿੱਤੇ ਗਏ ਸਨ, ਪਰ ਇਹ ਕਾਫ਼ੀ ਲੰਮੇ ਸਮੇਂ ਤਕ ਚਰਚ ਵਿਚ ਵਿਆਪਕ ਤੌਰ ਤੇ ਸਵੀਕਾਰੇ ਗਏ ਸਨ ਅਤੇ ਕੁਝ ਪਤਵੰਤੇ ਲੇਖਕਾਂ ਦੁਆਰਾ ਸਿਖਾਏ ਜਾਂਦੇ ਸਨ।”
ਅਪਾਕਲਿਪਸ ਵਿਚ ਦਿੱਤੀ ਗਈ ਉਮੀਦ ਕਿਉਂ ਤਿਆਗ ਦਿੱਤੀ ਗਈ
ਜਦ ਕਿ ਇਹ ਇਕ ਪੱਕਾ ਇਤਿਹਾਸਕ ਤੱਥ ਹੈ ਕਿ ਜੇ ਸਾਰੇ ਨਹੀਂ, ਤਾਂ ਜ਼ਿਆਦਾਤਰ ਮੁਢਲੇ ਮਸੀਹੀ ਫਿਰਦੌਸ ਵਰਗੀ ਧਰਤੀ ਉੱਤੇ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਵਿਚ ਉਮੀਦ ਰੱਖਦੇ ਸਨ, ਤਾਂ ਫਿਰ ਅਜਿਹੇ “ਸਹੰਸਰਵਾਦੀ ਵਿਚਾਰ” ਕਿਉਂ “ਅਖ਼ੀਰ ਵਿਚ ਰੱਦ ਕਰ ਦਿੱਤੇ ਗਏ?” ਕੁਝ ਹੱਦ ਤਕ ਇਸ ਸਿੱਖਿਆ ਦੀ ਸਹੀ ਆਲੋਚਨਾ ਕੀਤੀ ਗਈ ਸੀ ਕਿਉਂਕਿ ਜਿਵੇਂ ਵਿਦਵਾਨ ਰਾਬਰਟ ਮਾਊਂਸ ਨੇ ਦੱਸਿਆ, “ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਸਹੰਸਰਵਾਦੀ ਲੋਕ ਹਵਾਈ ਕਿਲੇ ਬਣਾਉਣ ਲੱਗ ਪਏ ਅਤੇ ਉਹ ਇਕ ਹਜ਼ਾਰ ਸਾਲ ਦੇ ਸਮੇਂ ਬਾਰੇ ਕਹਿੰਦੇ ਸਨ ਕਿ ਇਸ ਵਿਚ ਅੰਤਾਂ ਦੀ ਐਸ਼ਪਰਸਤੀ ਹੋਵੇਗੀ।” ਪਰ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੀ ਸੱਚੀ ਉਮੀਦ ਨੂੰ ਤਿਆਗੇ ਬਿਨਾਂ ਵੀ ਇਨ੍ਹਾਂ ਗ਼ਲਤ ਵਿਚਾਰਾਂ ਨੂੰ ਠੀਕ ਕੀਤਾ ਜਾ ਸਕਦਾ ਸੀ।
ਵਿਰੋਧੀਆਂ ਨੇ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੀ ਸਿੱਖਿਆ ਨੂੰ ਦਬਾਉਣ ਲਈ ਕਾਫ਼ੀ ਅਸਾਧਾਰਣ ਜ਼ਰੀਏ ਇਸਤੇਮਾਲ ਕੀਤੇ। ਡੀਕਸੌਨੇਰ ਡ ਟੇਓਲੋਜ਼ੀ ਕਾਟੋਲੀਕ ਨਾਮਕ ਕਿਤਾਬ ਰੋਮੀ ਪਾਦਰੀ ਕੇਅਸ (ਦੂਸਰੀ ਸਦੀ ਦੇ ਅੰਤ, ਤੀਸਰੀ ਸਦੀ ਦੀ ਸ਼ੁਰੂਆਤ ਵਿਚ) ਬਾਰੇ ਕਹਿੰਦੀ ਹੈ ਕਿ “ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੀ ਸਿੱਖਿਆ ਨੂੰ ਖ਼ਤਮ ਕਰਨ ਲਈ ਉਸ ਨੇ ਅਪਾਕਲਿਪਸ [ਪਰਕਾਸ਼ ਦੀ ਪੋਥੀ] ਅਤੇ ਸੰਤ ਯੂਹੰਨਾ ਦੀ ਇੰਜੀਲ ਦੀ ਅਸਲੀਅਤ ਨੂੰ ਮੰਨਣ ਤੋਂ ਸਾਫ਼-ਸਾਫ਼ ਇਨਕਾਰ ਕੀਤਾ।” ਇਹ ਡੀਕਸੌਨੇਰ ਅੱਗੇ ਕਹਿੰਦੀ ਹੈ ਕਿ ਤੀਸਰੀ ਸਦੀ ਵਿਚ ਐਲੇਕਜ਼ਾਨਡ੍ਰਿਆ ਦੇ ਬਿਸ਼ਪ, ਡਾਈਨੀਸ਼ੀਅਸ ਨੇ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਸਿੱਖਿਆ ਦੀ ਆਲੋਚਨਾ ਵਿਚ ਇਕ ਕਿਤਾਬ ਲਿਖੀ ਅਤੇ ਉਸ ਨੇ “ਇਸ ਸਿੱਖਿਆ ਨੂੰ ਮੰਨਣ ਵਾਲੇ ਲੋਕਾਂ ਨੂੰ ਸੰਤ ਯੂਹੰਨਾ ਦੁਆਰਾ ਲਿਖੀ ਅਪਾਕਲਿਪਸ ਦੀ ਕਿਤਾਬ ਨੂੰ ਆਪਣੇ ਵਿਸ਼ਵਾਸ ਦਾ ਆਧਾਰ ਬਣਾਉਣ ਤੋਂ ਰੋਕਣ ਲਈ ਇਸ ਕਿਤਾਬ ਦੀ ਅਸਲੀਅਤ ਨੂੰ ਨਕਾਰਿਆ।” ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਧਰਤੀ ਉੱਤੇ ਮਿਲਣ ਵਾਲੀਆਂ ਬਰਕਤਾਂ ਦੀ ਉਮੀਦ ਦਾ ਅਜਿਹਾ ਸਖ਼ਤ ਵਿਰੋਧ ਇਹ ਦਿਖਾਉਂਦਾ ਹੈ ਕਿ ਉਸ ਵੇਲੇ ਇਕ ਅਦ੍ਰਿਸ਼ਟ ਸ਼ਕਤੀ ਧਰਮ-ਸ਼ਾਸਤਰੀਆਂ ਉੱਤੇ ਕੰਮ ਕਰ ਰਹੀ ਸੀ।
ਪ੍ਰੋਫ਼ੈਸਰ ਨੌਰਮਨ ਕੋਨ ਆਪਣੀ ਕਿਤਾਬ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੀ ਤਲਾਸ਼ (ਅੰਗ੍ਰੇਜ਼ੀ) ਵਿਚ ਲਿਖਦਾ ਹੈ: “ਤੀਸਰੀ ਸਦੀ ਵਿਚ ਪਹਿਲੀ ਵਾਰ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੀ ਸਿੱਖਿਆ ਦਾ ਖੰਡਨ ਕਰਨ ਦਾ ਜਤਨ ਕੀਤਾ ਗਿਆ, ਜਦੋਂ ਔਰਿਗਨ, ਜੋ ਸ਼ਾਇਦ ਪ੍ਰਾਚੀਨ ਚਰਚ ਦੇ ਸਾਰੇ ਵਿਦਵਾਨਾਂ ਵਿੱਚੋਂ ਸਭ ਤੋਂ ਜ਼ਿਆਦਾ ਅਸਰ-ਰਸੂਖ ਰੱਖਣ ਵਾਲਾ ਵਿਦਵਾਨ ਸੀ, ਨੇ ਰਾਜ ਨੂੰ ਅਜਿਹੀ ਘਟਨਾ ਦੇ ਰੂਪ ਵਿਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਜੋ ਕਿਸੇ ਖ਼ਾਸ ਜਗ੍ਹਾ ਜਾਂ ਸਮੇਂ ਤੇ ਨਹੀਂ ਵਾਪਰੇਗੀ, ਪਰ ਸਿਰਫ਼ ਵਿਸ਼ਵਾਸੀਆਂ ਦੇ ਦਿਲਾਂ ਵਿਚ ਵਾਪਰੇਗੀ।” ਬਾਈਬਲ ਦੀ ਬਜਾਇ ਯੂਨਾਨੀ ਫ਼ਲਸਫ਼ੇ ਦਾ ਸਹਾਰਾ ਲੈ ਕੇ ਔਰਿਗਨ ਨੇ ਮਸੀਹਾ ਦੇ ਰਾਜ ਅਧੀਨ ਧਰਤੀ ਉੱਤੇ ਮਿਲਣ ਵਾਲੀਆਂ ਬਰਕਤਾਂ ਦੀ ਸ਼ਾਨਦਾਰ ਉਮੀਦ ਨੂੰ ‘ਵਿਸ਼ਵਾਸੀਆਂ ਦੇ ਦਿਲਾਂ ਵਿਚ ਵਾਪਰਨ ਵਾਲੀ’ ਇਕ ਸਮਝ ਨਾ ਆਉਣ ਵਾਲੀ “ਘਟਨਾ” ਕਹਿ ਕੇ ਇਸ ਉਮੀਦ ਨੂੰ ਖੋਖਲਾ ਬਣਾ ਦਿੱਤਾ। ਕੈਥੋਲਿਕ ਲੇਖਕ ਲੇਓਨ ਗ੍ਰੀ ਨੇ ਲਿਖਿਆ: “ਯੂਨਾਨੀ ਫ਼ਲਸਫ਼ੇ ਦੇ ਵੱਡੇ ਪ੍ਰਭਾਵ ਨੇ . . . ਹੌਲੀ-ਹੌਲੀ ਸਹੰਸਰਵਾਦੀਆਂ ਦੇ ਵਿਚਾਰਾਂ ਨੂੰ ਖ਼ਤਮ ਕਰ ਦਿੱਤਾ।”
“ਚਰਚ ਕੋਲ ਹੁਣ ਕੋਈ ਉਮੀਦ ਦਾ ਸੰਦੇਸ਼ ਨਹੀਂ ਹੈ”
ਧਰਮ-ਪਿਤਾ ਆਗਸਤੀਨ ਨੇ ਹੀ ਜ਼ਿਆਦਾ ਕਰਕੇ ਯੂਨਾਨੀ ਫ਼ਲਸਫ਼ੇ ਨੂੰ ਉਸ ਸਮੇਂ ਦੀ ਅਖਾਉਤੀ ਮਸੀਹੀਅਤ ਵਿਚ ਰਲਾਇਆ ਸੀ। ਪਹਿਲਾਂ ਉਹ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਸਿੱਖਿਆ ਦਾ ਇਕ ਪੱਕਾ ਸਮਰਥਕ ਸੀ, ਪਰ ਬਾਅਦ ਵਿਚ ਉਸ ਨੇ ਧਰਤੀ ਉੱਤੇ ਮਸੀਹ ਦੇ ਭਾਵੀ ਹਜ਼ਾਰ ਸਾਲ ਦੇ ਰਾਜ ਦੇ ਕਿਸੇ ਵੀ ਵਿਚਾਰ ਨੂੰ ਰੱਦ ਕਰ ਦਿੱਤਾ। ਉਸ ਨੇ ਪਰਕਾਸ਼ ਦੀ ਪੋਥੀ ਦੇ ਅਧਿਆਇ 20 ਦੇ ਲਾਖਣਿਕ ਅਰਥ ਕੱਢੇ।
ਦ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਅਖ਼ੀਰ ਵਿਚ ਆਗਸਤੀਨ ਨੇ ਇਸੇ ਧਾਰਣਾ ਨੂੰ ਫੜੀ ਰੱਖਿਆ ਕਿ ਮਸੀਹ ਦਾ ਇਕ ਹਜ਼ਾਰ ਸਾਲ ਦਾ ਰਾਜ ਕੋਈ ਅਸਲੀ ਰਾਜ ਨਹੀਂ ਹੈ। . . . ਉਹ ਸਾਨੂੰ ਦੱਸਦਾ ਹੈ ਕਿ ਇਸ ਅਧਿਆਇ ਵਿਚ ਦੱਸਿਆ ਗਿਆ ਪਹਿਲਾ ਪੁਨਰ-ਉਥਾਨ, ਬਪਤਿਸਮੇ ਦੁਆਰਾ ਅਧਿਆਤਮਿਕ ਤੌਰ ਤੇ ਦੁਬਾਰਾ ਜਨਮ ਲੈਣ ਨੂੰ ਸੂਚਿਤ ਕਰਦਾ ਹੈ; ਇਤਿਹਾਸ ਦੇ ਛੇ ਹਜ਼ਾਰ ਸਾਲਾਂ ਤੋਂ ਬਾਅਦ ਇਕ ਹਜ਼ਾਰ ਸਾਲ ਤਕ ਚੱਲਣ ਵਾਲੀ ਸਬਤ ਪੂਰੀ ਅਨੰਤ ਜ਼ਿੰਦਗੀ ਨੂੰ ਸੰਕੇਤ ਕਰਦੀ ਹੈ।” ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ: “ਮਸੀਹ ਦੇ ਲਾਖਣਿਕ ਇਕ ਹਜ਼ਾਰ ਸਾਲ ਦੇ ਰਾਜ ਬਾਰੇ ਆਗਸਤੀਨ ਦੀ ਸਿੱਖਿਆ ਨੂੰ ਚਰਚ ਵਿਚ ਸਵੀਕਾਰ ਕਰ ਲਿਆ ਗਿਆ . . . ਲੂਥਰਨ, ਕੈਲਵਿਨਿਸਟ ਅਤੇ ਐਂਗਲੀਕਨ ਧਰਮਾਂ ਵਾਲੇ ਪ੍ਰੋਟੈਸਟੈਂਟ ਸੁਧਾਰਕਾਂ ਨੇ . . . ਆਗਸਤੀਨ ਦੇ ਵਿਚਾਰਾਂ ਨੂੰ ਮਜ਼ਬੂਤੀ ਨਾਲ ਫੜੀ ਰੱਖਿਆ।” ਇਸ ਤਰ੍ਹਾਂ ਈਸਾਈ-ਜਗਤ ਦੇ ਚਰਚਾਂ ਦੇ ਮੈਂਬਰ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਉਮੀਦ ਤੋਂ ਵਾਂਝੇ ਹੋ ਗਏ।
ਸਵਿਟਜ਼ਰਲੈਂਡ ਦੇ ਧਰਮ-ਸ਼ਾਸਤਰੀ ਫਰੇਡੇਰੀਕ ਡ ਰੂਜ਼ਮੌਨ ਦੇ ਅਨੁਸਾਰ “ਇਕ ਹਜ਼ਾਰ ਸਾਲ ਦੇ ਰਾਜ ਵਿਚ ਆਪਣੀ ਪਹਿਲੀ ਨਿਹਚਾ ਨੂੰ ਤਿਆਗ ਕੇ [ਆਗਸਤੀਨ] ਨੇ ਚਰਚ ਨੂੰ ਬੇਹਿਸਾਬ ਨੁਕਸਾਨ ਪਹੁੰਚਾਇਆ। ਆਪਣੇ ਨਾਂ ਦੀ ਤਾਕਤ ਨੂੰ ਇਸਤੇਮਾਲ ਕਰਦੇ ਹੋਏ ਉਸ ਨੇ ਇਕ ਅਜਿਹੀ ਗ਼ਲਤੀ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਨੇ [ਚਰਚ ਨੂੰ] ਜ਼ਮੀਨੀ ਬਰਕਤਾਂ ਦੀ ਉਮੀਦ ਤੋਂ ਵਾਂਝਾ ਕਰ ਦਿੱਤਾ।” ਜਰਮਨ ਧਰਮ-ਸ਼ਾਸਤਰੀ ਅਡੌਲਫ਼ ਹਾਰਨਾਕ ਇਸ ਗੱਲ ਨਾਲ ਸਹਿਮਤ ਸੀ ਕਿ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਵਿਚ ਨਿਹਚਾ ਨੂੰ ਤਿਆਗਣ ਨਾਲ ਸਾਧਾਰਣ ਲੋਕ “ਉਸ ਧਰਮ ਤੋਂ ਵਾਂਝੇ ਹੋ ਗਏ ਜਿਸ ਨੂੰ ਉਹ ਸਮਝਦੇ ਸਨ” ਅਤੇ “ਪੁਰਾਣੇ ਧਰਮ ਅਤੇ ਪੁਰਾਣੀਆਂ ਉਮੀਦਾਂ” ਦੀ ਜਗ੍ਹਾ “ਉਸ ਧਰਮ” ਨੇ ਲੈ ਲਈ “ਜਿਸ ਨੂੰ ਉਹ ਸਮਝ ਨਹੀਂ ਸਕੇ।” ਅੱਜ ਬਹੁਤ ਸਾਰੇ ਦੇਸ਼ਾਂ ਵਿਚ ਖਾਲੀ ਚਰਚ ਇਸ ਗੱਲ ਦਾ ਠੋਸ ਸਬੂਤ ਹਨ ਕਿ ਲੋਕਾਂ ਨੂੰ ਅਜਿਹੇ ਧਰਮ ਅਤੇ ਉਮੀਦ ਦੀ ਜ਼ਰੂਰਤ ਹੈ ਜਿਸ ਨੂੰ ਉਹ ਸਮਝ ਸਕਣ।
ਬਾਈਬਲ ਦੇ ਵਿਦਵਾਨ ਜਾਰਜ ਬੀਜ਼ਲੀ-ਮਰੀ ਨੇ ਆਪਣੀ ਕਿਤਾਬ ਪਰਕਾਸ਼ ਦੀ ਪੋਥੀ ਦੇ ਮੁੱਖ ਅੰਸ਼ (ਅੰਗ੍ਰੇਜ਼ੀ) ਵਿਚ ਲਿਖਿਆ: “ਇਕ ਪਾਸੇ ਆਗਸਤੀਨ ਦਾ ਬਹੁਤ ਜ਼ਿਆਦਾ ਪ੍ਰਭਾਵ ਹੋਣ ਕਰਕੇ ਅਤੇ ਦੂਜੇ ਪਾਸੇ ਮੁੱਖ ਗਿਰਜੇ ਤੋਂ ਵੱਖ ਹੋਏ ਪੰਥਾਂ ਦੁਆਰਾ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਸਿੱਖਿਆ ਨੂੰ ਸਵੀਕਾਰ ਕਰਨ ਕਰਕੇ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਨੇ ਇਸ ਸਿੱਖਿਆ ਨੂੰ ਤਿਆਗ ਦਿੱਤਾ। ਜਦੋਂ ਪੁੱਛਿਆ ਗਿਆ ਕਿ ਇਸ ਦੁਨੀਆਂ ਵਿਚ ਇਨਸਾਨ ਲਈ ਹੋਰ ਕੋਈ ਉਮੀਦ ਹੈ, ਤਾਂ ਚਰਚ ਦਾ ਜਵਾਬ ਸੀ: ਕੋਈ ਉਮੀਦ ਨਹੀਂ ਹੈ। ਮਸੀਹ ਦੇ ਆਉਣ ਤੇ ਦੁਨੀਆਂ ਤਬਾਹ ਕਰ ਦਿੱਤੀ ਜਾਵੇਗੀ ਅਤੇ ਉਸ ਦੀ ਜਗ੍ਹਾ ਅਨੰਤ ਸਵਰਗ ਅਤੇ ਨਰਕ ਹੋਵੇਗਾ ਜਿਸ ਵਿਚ ਇਤਿਹਾਸ ਨੂੰ ਯਾਦ ਨਹੀਂ ਕੀਤਾ ਜਾਵੇਗਾ। . . . ਚਰਚ ਕੋਲ ਹੁਣ ਕੋਈ ਉਮੀਦ ਦਾ ਸੰਦੇਸ਼ ਨਹੀਂ ਹੈ।”
ਪਰਕਾਸ਼ ਦੀ ਪੋਥੀ ਵਿਚਲੀ ਸ਼ਾਨਦਾਰ ਉਮੀਦ ਅਜੇ ਵੀ ਉੱਜਲ ਹੈ!
ਜਿੱਥੋਂ ਤਕ ਯਹੋਵਾਹ ਦੇ ਗਵਾਹਾਂ ਦਾ ਸੰਬੰਧ ਹੈ, ਉਨ੍ਹਾਂ ਨੂੰ ਯਕੀਨ ਹੈ ਕਿ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੇ ਸੰਬੰਧ ਵਿਚ ਕੀਤੇ ਗਏ ਸ਼ਾਨਦਾਰ ਵਾਅਦੇ ਜ਼ਰੂਰ ਪੂਰੇ ਹੋਣਗੇ। ਫਰਾਂਸੀਸੀ ਟੈਲੀਵਿਯਨ ਪ੍ਰੋਗ੍ਰਾਮ ਵਿਚ “ਸਾਲ 2000—ਅਪਾਕਲਿਪਸ ਦਾ ਡਰ,” ਵਿਸ਼ੇ ਉੱਤੇ ਇੰਟਰਵਿਊ ਦਿੰਦੇ ਸਮੇਂ ਫਰਾਂਸੀਸੀ ਇਤਿਹਾਸਕਾਰ ਜ਼ੌਨ ਡੈੱਲੂਮੋ ਨੇ ਕਿਹਾ: “ਯਹੋਵਾਹ ਦੇ ਗਵਾਹ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਸਿੱਖਿਆ ਵਿਚ ਪੂਰਾ-ਪੂਰਾ ਵਿਸ਼ਵਾਸ ਕਰਦੇ ਹਨ, ਕਿਉਂਕਿ ਉਹ ਕਹਿੰਦੇ ਹਨ ਕਿ ਜਲਦੀ ਹੀ . . . ਅਸੀਂ—ਵਿਨਾਸ਼ ਤੋਂ ਬਾਅਦ—ਖ਼ੁਸ਼ੀਆਂ ਭਰੇ 1,000 ਸਾਲ ਦੇ ਸਮੇਂ ਵਿਚ ਜਾਵਾਂਗੇ।”
ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਇਹੀ ਦੇਖਿਆ ਸੀ ਅਤੇ ਉਸ ਨੇ ਆਪਣੀ ਕਿਤਾਬ ਅਪਾਕਲਿਪਸ ਜਾਂ ਪਰਕਾਸ਼ ਦੀ ਪੋਥੀ ਵਿਚ ਇਸ ਦਾ ਵਰਣਨ ਕੀਤਾ ਸੀ। ਉਸ ਨੇ ਲਿਖਿਆ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ . . . ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:1, 3, 4.
ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਵਿਚ ਲੱਗੇ ਹੋਏ ਹਨ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਉਮੀਦ ਨੂੰ ਸਵੀਕਾਰ ਕਰ ਸਕਣ। ਇਸ ਬਾਰੇ ਸਿੱਖਣ ਵਿਚ ਤੁਹਾਡੀ ਮਦਦ ਕਰ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ।
[ਸਫ਼ੇ 6 ਉੱਤੇ ਤਸਵੀਰ]
ਪੇਪੀਅਸ ਨੇ ਦਾਅਵਾ ਕੀਤਾ ਕਿ ਉਸ ਨੇ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਸਿੱਖਿਆ ਰਸੂਲਾਂ ਦੇ ਸਮੇਂ ਦੇ ਮਸੀਹੀ ਚੇਲਿਆਂ ਤੋਂ ਪ੍ਰਾਪਤ ਕੀਤੀ ਸੀ
[ਸਫ਼ੇ 7 ਉੱਤੇ ਤਸਵੀਰ]
ਟਰਟੂਲੀਅਨ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਵਿਚ ਵਿਸ਼ਵਾਸ ਕਰਦਾ ਸੀ
[ਕ੍ਰੈਡਿਟ ਲਾਈਨ]
© Cliché Bibliothèque Nationale de France, Paris
[ਸਫ਼ੇ 7 ਉੱਤੇ ਤਸਵੀਰ]
“ਇਕ ਹਜ਼ਾਰ ਸਾਲ ਦੇ ਰਾਜ ਵਿਚ ਆਪਣੀ ਪਹਿਲੀ ਨਿਹਚਾ ਨੂੰ ਤਿਆਗ ਕੇ [ਆਗਸਤੀਨ] ਨੇ ਚਰਚ ਨੂੰ ਬੇਹਿਸਾਬ ਨੁਕਸਾਨ ਪਹੁੰਚਾਇਆ”
[ਸਫ਼ੇ 8 ਉੱਤੇ ਤਸਵੀਰ]
ਅਪਾਕਲਿਪਸ ਵਿਚ ਵਾਅਦਾ ਕੀਤੀ ਹੋਈ ਫਿਰਦੌਸ ਵਰਗੀ ਧਰਤੀ ਦੀ ਸਾਨੂੰ ਉਤਸੁਕਤਾ ਨਾਲ ਉਡੀਕ ਕਰਨੀ ਚਾਹੀਦੀ ਹੈ