ਦੁਨੀਆਂ ਦੇ ਅੰਤ ਨੇ ਕਿਉਂ ਡਰ ਪੈਦਾ ਕੀਤਾ ਹੈ?
“ਕਈ ਦਹਾਕਿਆਂ ਤੋਂ ਮੂਲਵਾਦੀ ਈਸਾਈ ਇਹੀ ਭਵਿੱਖਬਾਣੀ ਕਰਦੇ ਆਏ ਹਨ ਕਿ ਪੂਰੇ ਸਮਾਜ ਵਿਚ ਜਲਦੀ ਹੀ [ਕਿਸੇ] ਕਿਸਮ ਦੀ ਖਲਬਲੀ ਮਚਣ ਵਾਲੀ ਹੈ,” ਡੇਮਯਨ ਟਾਮਸਨ, ਜੋ ਧਾਰਮਿਕ ਵਿਸ਼ਿਆਂ ਉੱਤੇ ਲਿਖਦਾ ਹੈ, ਨੇ ਟਾਈਮਜ਼ ਰਸਾਲੇ ਵਿਚ ਇਹ ਟਿੱਪਣੀ ਕੀਤੀ। “ਹੁਣ [ਮੂਲਵਾਦੀ] ਬਹੁਤ ਹੈਰਾਨ ਹਨ ਕਿਉਂਕਿ ਨਾ ਸਿਰਫ਼ ਇਨ੍ਹਾਂ ਘਟਨਾਵਾਂ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ, ਬਲਕਿ ਉਨ੍ਹਾਂ ਦਾ ਮਜ਼ਾਕ ਉਡਾਉਣ ਵਾਲੇ ਲੋਕ ਹੀ ਹੁਣ ਇਨ੍ਹਾਂ ਘਟਨਾਵਾਂ ਦੇ ਵਾਪਰਨ ਦਾ ਪ੍ਰਚਾਰ ਕਰ ਰਹੇ ਹਨ, ਜਿਵੇਂ ਕਿ ਕੰਪਿਊਟਰ ਪ੍ਰੋਗ੍ਰਾਮ ਬਣਾਉਣ ਵਾਲੇ, ਵਪਾਰ ਦੇ ਮਹਾਰਥੀ ਅਤੇ ਸਿਆਸਤਦਾਨ।” ਉਹ ਦਾਅਵੇ ਨਾਲ ਕਹਿੰਦਾ ਹੈ ਕਿ ਸਾਲ 2000 ਵਿਚ ਦੁਨੀਆਂ ਭਰ ਵਿਚ ਕੰਪਿਊਟਰ ਫੇਲ੍ਹ ਹੋ ਜਾਣ ਦੇ ਡਰ ਦੇ ਕਾਰਨ “ਧਾਰਮਿਕ ਗੱਲਾਂ ਵਿਚ ਵਿਸ਼ਵਾਸ ਨਾ ਕਰਨ ਵਾਲੇ ਲੋਕ ਵੀ ਸਾਲ 2000 ਤੋਂ ਡਰਨ ਲੱਗ ਪਏ ਹਨ” ਅਤੇ ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ “ਲੋਕਾਂ ਵਿਚ ਦਹਿਸ਼ਤ ਪੈਦਾ ਹੋ ਸਕਦੀ ਹੈ, ਸਰਕਾਰਾਂ ਨਿਕੰਮੀਆਂ ਹੋ ਸਕਦੀਆਂ ਹਨ, ਭੋਜਨ ਲਈ ਦੰਗੇ ਹੋ ਸਕਦੇ ਹਨ ਅਤੇ ਉੱਚੀਆਂ-ਉੱਚੀਆਂ ਇਮਾਰਤਾਂ ਨਾਲ ਹਵਾਈ ਜਹਾਜ਼ ਟਕਰਾ ਸਕਦੇ ਹਨ।”
ਛੋਟੇ-ਛੋਟੇ ਧਾਰਮਿਕ ਸਮੂਹਾਂ ਦੀਆਂ ਸਰਗਰਮੀਆਂ ਵੀ ਆਮ ਲੋਕਾਂ ਦੀ ਚਿੰਤਾ ਵਿਚ ਵਾਧਾ ਕਰਦੀਆਂ ਹਨ। ਇਨ੍ਹਾਂ ਸਮੂਹਾਂ ਨੂੰ ਆਮ ਤੌਰ ਤੇ ਅੰਗ੍ਰੇਜ਼ੀ ਵਿਚ “ਅਪਾਕਲਿਪਟਿਕ” ਜਾਂ ਕਿਆਮਤੀ ਪੰਥ ਕਿਹਾ ਜਾਂਦਾ ਹੈ। ਜਨਵਰੀ 1999 ਵਿਚ “ਜਰੂਸ਼ਲਮ ਅਤੇ ਅਪਾਕਲਿਪਸ ਦੀਆਂ ਚੇਤਾਵਨੀਆਂ” ਨਾਮਕ ਇਕ ਲੇਖ ਵਿਚ ਰੋਜ਼ਾਨਾ ਫਰਾਂਸੀਸੀ ਅਖ਼ਬਾਰ ਲ ਫਿਗਾਰੋ ਨੇ ਦੱਸਿਆ: “[ਇਸਰਾਏਲੀ] ਸੁਰੱਖਿਆ ਸੇਵਾਵਾਂ ਦੇ ਅਨੁਸਾਰ ਸੌ ਤੋਂ ਜ਼ਿਆਦਾ ‘ਸਹੰਸਰਵਾਦੀ’ ਲੋਕ ਜੈਤੂਨ ਦੇ ਪਹਾੜ ਉੱਤੇ ਜਾਂ ਉਸ ਦੇ ਨੇੜੇ ਪਰੂਸੀਆ ਦੀ ਜਾਂ ਅਪਾਕਲਿਪਸ ਦੀ ਉਡੀਕ ਕਰ ਰਹੇ ਹਨ।”
1998 ਬ੍ਰਿਟੈਨਿਕਾ ਬੁੱਕ ਆਫ਼ ਦ ਯੀਅਰ ਵਿਚ “ਡੂਮਜ਼ਡੇ ਕਲਟ” ਬਾਰੇ ਇਕ ਖ਼ਾਸ ਰਿਪੋਰਟ ਦਿੱਤੀ ਗਈ ਹੈ। ਇਹ ਕਈ ਆਤਮਘਾਤੀ ਪੰਥਾਂ ਦਾ ਜ਼ਿਕਰ ਕਰਦੀ ਹੈ ਜਿਵੇਂ ਕਿ ਹੈਵਨਜ਼ ਗੇਟ, ਪੀਪਲਜ਼ ਟੈਂਪਲ, ਆਰਡਰ ਆਫ਼ ਦ ਸੋਲਰ ਟੈਂਪਲ ਅਤੇ ਔਮ ਸ਼ਿਨਰੀਕਿਓ (ਸਰਬੋਚ ਸੱਚ)। ਔਮ ਸ਼ਿਨਰੀਕਿਓ ਪੰਥ ਨੇ 1995 ਵਿਚ ਟੋਕੀਓ ਦੇ ਜ਼ਮੀਨਦੋਜ਼ ਰੇਲਵੇ ਸਟੇਸ਼ਨ ਤੇ ਜ਼ਹਿਰੀਲੀ ਗੈਸ ਛੱਡੀ ਸੀ ਜਿਸ ਕਾਰਨ 12 ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕਾਂ ਦੀ ਸਿਹਤ ਉੱਤੇ ਬਹੁਤ ਬੁਰਾ ਅਸਰ ਪਿਆ ਸੀ। ਇਸ ਰਿਪੋਰਟ ਦਾ ਖੁਲਾਸਾ ਦਿੰਦੇ ਹੋਏ ਯੂਨੀਵਰਸਿਟੀ ਆਫ਼ ਸ਼ਿਕਾਗੋ ਵਿਚ ਧਰਮ ਦੇ ਪ੍ਰੋਫ਼ੈਸਰ, ਮਾਰਟਿਨ ਈ. ਮਾਰਟੀ ਨੇ ਲਿਖਿਆ: “ਸੰਨ 2000 ਦਾ ਆਉਣਾ ਬਹੁਤ ਹੀ ਪ੍ਰੇਰਣਾਦਾਇਕ ਹੈ ਅਤੇ ਇਹ ਜ਼ਰੂਰ ਹਰ ਤਰ੍ਹਾਂ ਦੀਆਂ ਭਵਿੱਖਬਾਣੀਆਂ ਤੇ ਅੰਦੋਲਨਾਂ ਨੂੰ ਪ੍ਰੇਰਿਤ ਕਰੇਗਾ। ਪਰ ਇਨ੍ਹਾਂ ਵਿੱਚੋਂ ਕੁਝ ਭਵਿੱਖਬਾਣੀਆਂ ਜਾਂ ਅੰਦੋਲਨ ਖ਼ਤਰਨਾਕ ਵੀ ਸਿੱਧ ਹੋ ਸਕਦੇ ਹਨ। ਇਹ ਅਜਿਹਾ ਸਮਾਂ ਹੋਵੇਗਾ ਜਿਸ ਪ੍ਰਤੀ ਸਾਨੂੰ ਉਦਾਸੀਨ ਨਹੀਂ ਹੋਣਾ ਚਾਹੀਦਾ।”
ਦੁਨੀਆਂ ਦੇ ਅੰਤ ਦੇ ਡਰ ਦਾ ਇਤਿਹਾਸ
ਅਪਾਕਲਿਪਸa ਜਾਂ ਪਰਕਾਸ਼ ਦੀ ਪੋਥੀ, ਬਾਈਬਲ ਦੀ ਆਖ਼ਰੀ ਕਿਤਾਬ ਦਾ ਨਾਂ ਹੈ ਜੋ ਪਹਿਲੀ ਸਦੀ ਸਾ.ਯੁ. ਦੇ ਅਖ਼ੀਰ ਵਿਚ ਲਿਖੀ ਗਈ ਸੀ। ਇਸ ਕਿਤਾਬ ਵਿਚ ਭਵਿੱਖਬਾਣੀਆਂ ਹੋਣ ਕਰਕੇ ਅਤੇ ਇਹ ਲਾਖਣਿਕ ਭਾਸ਼ਾ ਵਿਚ ਲਿਖੀ ਹੋਣ ਕਰਕੇ ਵਿਸ਼ੇਸ਼ਣ “ਅਪਾਕਲਿਪਟਿਕ” ਅਜਿਹੇ ਸਾਹਿੱਤ ਲਈ ਵਰਤਿਆ ਜਾਣ ਲੱਗਾ ਜੋ ਪਰਕਾਸ਼ ਦੀ ਪੋਥੀ ਲਿਖੇ ਜਾਣ ਤੋਂ ਬਹੁਤ ਸਮਾਂ ਪਹਿਲਾਂ ਲਿਖਿਆ ਗਿਆ ਸੀ। ਇਸ ਸਾਹਿੱਤ ਵਿਚ ਵਰਤੇ ਗਏ ਮਿਥਿਹਾਸਕ ਚਿੰਨ੍ਹ ਪ੍ਰਾਚੀਨ ਫ਼ਾਰਸ ਦੇ ਸਮੇਂ ਦੇ ਜਾਂ ਉਸ ਤੋਂ ਵੀ ਪਹਿਲਾਂ ਦੇ ਸਮੇਂ ਦੇ ਹਨ। ਦ ਜੂਇਸ਼ ਐਨਸਾਈਕਲੋਪੀਡੀਆ ਵਿਚ ਦੱਸਿਆ ਗਿਆ ਹੈ ਕਿ “[ਯਹੂਦੀ ਅਪਾਕਲਿਪਟਿਕ] ਸਾਹਿੱਤ ਵਿਚ ਜ਼ਿਆਦਾਤਰ ਬਾਬੁਲੀ ਮਿਥਿਹਾਸਕ ਚਿੰਨ੍ਹ ਪਾਏ ਜਾਂਦੇ ਹਨ।”
ਯਹੂਦੀ ਅਪਾਕਲਿਪਟਿਕ ਸਾਹਿੱਤ ਦੂਸਰੀ ਸਦੀ ਸਾ.ਯੁ.ਪੂ. ਦੇ ਸ਼ੁਰੂ ਤੋਂ ਲੈ ਕੇ ਦੂਸਰੀ ਸਦੀ ਸਾ.ਯੁ. ਦੇ ਅੰਤ ਤਕ ਬਹੁਤ ਪ੍ਰਚਲਿਤ ਹੋਇਆ। ਅਜਿਹਾ ਸਾਹਿੱਤ ਤਿਆਰ ਕਰਨ ਦਾ ਕਾਰਨ ਸਮਝਾਉਂਦੇ ਹੋਏ, ਬਾਈਬਲ ਦੇ ਇਕ ਵਿਦਵਾਨ ਨੇ ਲਿਖਿਆ: “ਯਹੂਦੀਆਂ ਨੇ ਸਾਰੇ ਸਮੇਂ ਨੂੰ ਦੋ ਯੁਗਾਂ ਵਿਚ ਵੰਡਿਆ ਹੋਇਆ ਸੀ। ਇਕ ਇਹ ਵਰਤਮਾਨ ਯੁਗ ਸੀ, ਜੋ ਪੂਰੀ ਤਰ੍ਹਾਂ ਬੁਰਾਈ ਨਾਲ ਭਰਿਆ ਹੋਇਆ ਸੀ . . . ਇਸ ਲਈ ਯਹੂਦੀ ਮੌਜੂਦਾ ਰੀਤੀ-ਵਿਵਸਥਾ ਦੇ ਅੰਤ ਦੀ ਉਡੀਕ ਕਰਦੇ ਸਨ। ਦੂਜਾ ਉਹ ਯੁਗ ਜਿਸ ਨੇ ਅਜੇ ਆਉਣਾ ਸੀ, ਜੋ ਪੂਰੀ ਤਰ੍ਹਾਂ ਚੰਗਿਆਈ ਨਾਲ ਭਰਿਆ ਹੋਣਾ ਸੀ, ਪਰਮੇਸ਼ੁਰ ਦਾ ਸੁਨਹਿਰੀ ਯੁਗ ਜਿਸ ਵਿਚ ਸ਼ਾਂਤੀ, ਖ਼ੁਸ਼ਹਾਲੀ ਅਤੇ ਧਾਰਮਿਕਤਾ ਵਾਸ ਕਰਦੀ . . . ਇਸ ਮੌਜੂਦਾ ਯੁਗ ਦੀ ਥਾਂ ਤੇ ਉਹ ਯੁਗ ਕਿਵੇਂ ਆਉਣਾ ਸੀ? ਯਹੂਦੀ ਵਿਸ਼ਵਾਸ ਕਰਦੇ ਸਨ ਕਿ ਇਨਸਾਨ ਕਦੀ ਵੀ ਇਹ ਤਬਦੀਲੀ ਨਹੀਂ ਲਿਆ ਸਕਦਾ ਅਤੇ ਇਸ ਲਈ ਉਹ ਪਰਮੇਸ਼ੁਰ ਉੱਤੇ ਆਸ ਰੱਖਦੇ ਸਨ ਕਿ ਉਹੀ ਦਖ਼ਲਅੰਦਾਜ਼ੀ ਕਰੇਗਾ। . . . ਪਰਮੇਸ਼ੁਰ ਦੇ ਆਉਣ ਵਾਲੇ ਦਿਨ ਨੂੰ ਪ੍ਰਭੂ ਦਾ ਦਿਨ ਕਿਹਾ ਜਾਂਦਾ ਸੀ ਅਤੇ ਇਹ ਦਹਿਸ਼ਤ ਅਤੇ ਵਿਨਾਸ਼ ਅਤੇ ਨਿਆਂ ਦਾ ਭਿਆਨਕ ਸਮਾਂ ਹੋਣਾ ਸੀ, ਜੋ ਨਵੇਂ ਯੁਗ ਨੂੰ ਜਨਮ ਦਿੰਦਾ। ਸਾਰੇ ਅਪਾਕਲਿਪਟਿਕ ਸਾਹਿੱਤ ਵਿਚ ਇਨ੍ਹਾਂ ਘਟਨਾਵਾਂ ਦਾ ਹੀ ਵਰਣਨ ਪਾਇਆ ਜਾਂਦਾ ਹੈ।”
ਕੀ ਦੁਨੀਆਂ ਦੇ ਅੰਤ ਤੋਂ ਡਰਨਾ ਜਾਇਜ਼ ਹੈ?
ਬਾਈਬਲ ਦੀ ਪਰਕਾਸ਼ ਦੀ ਪੋਥੀ ਵਿਚ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ” ਜਾਂ ਆਰਮਾਗੇਡਨ ਬਾਰੇ ਦੱਸਿਆ ਗਿਆ ਹੈ, ਜਿਸ ਵਿਚ ਸਾਰੇ ਦੁਸ਼ਟ ਲੋਕ ਨਾਸ਼ ਕੀਤੇ ਜਾਣਗੇ ਅਤੇ ਇਸ ਤੋਂ ਬਾਅਦ ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਸ਼ਤਾਨ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ ਅਤੇ ਮਸੀਹ ਮਨੁੱਖਜਾਤੀ ਦਾ ਨਿਆਂ ਕਰੇਗਾ। (ਪਰਕਾਸ਼ ਦੀ ਪੋਥੀ 16:14, 16; 20:1-4) ਮੱਧਕਾਲ ਵਿਚ ਕੁਝ ਲੋਕਾਂ ਨੇ ਇਨ੍ਹਾਂ ਭਵਿੱਖਬਾਣੀਆਂ ਨੂੰ ਗ਼ਲਤ ਤਰੀਕੇ ਨਾਲ ਸਮਝਿਆ, ਕਿਉਂਕਿ ਕੈਥੋਲਿਕ “ਸੰਤ” ਆਗਸਤੀਨ (354-430 ਸਾ.ਯੁ.) ਨੇ ਕਿਹਾ ਸੀ ਕਿ ਇਹ ਇਕ ਹਜ਼ਾਰ ਸਾਲ ਦਾ ਸਮਾਂ ਮਸੀਹ ਦੇ ਜਨਮ ਤੋਂ ਸ਼ੁਰੂ ਹੋਇਆ ਸੀ ਅਤੇ ਇਹ ਸਮਾਂ ਖ਼ਤਮ ਹੋਣ ਤੇ ਆਖ਼ਰੀ ਨਿਆਂ ਕੀਤਾ ਜਾਵੇਗਾ। ਆਗਸਤੀਨ ਨੇ ਆਪਣੇ ਇਸ ਕਥਨ ਦੇ ਭਵਿੱਖ ਵਿਚ ਪੈਣ ਵਾਲੇ ਪ੍ਰਭਾਵ ਬਾਰੇ ਬਿਲਕੁਲ ਨਹੀਂ ਸੋਚਿਆ ਸੀ। ਪਰ ਜਦੋਂ ਸਾਲ 1000 ਨੇੜੇ ਪਹੁੰਚਿਆ, ਤਾਂ ਲੋਕਾਂ ਵਿਚ ਡਰ ਪੈਦਾ ਹੋ ਗਿਆ। ਇਤਿਹਾਸਕਾਰ ਇਸ ਗੱਲ ਤੇ ਇਕ ਦੂਸਰੇ ਨਾਲ ਸਹਿਮਤ ਨਹੀਂ ਹਨ ਕਿ ਮੱਧਕਾਲ ਵਿਚ ਦੁਨੀਆਂ ਦੇ ਅੰਤ ਦਾ ਡਰ ਕਿੰਨਾ ਕੁ ਵਿਆਪਕ ਸੀ। ਇਹ ਡਰ ਭਾਵੇਂ ਜਿੰਨਾ ਮਰਜ਼ੀ ਵਿਆਪਕ ਸੀ, ਪਰ ਇਹ ਯਕੀਨਨ ਗ਼ਲਤ ਸਾਬਤ ਹੋਇਆ।
ਇਸੇ ਤਰ੍ਹਾਂ ਅੱਜ ਧਾਰਮਿਕ ਅਤੇ ਦੁਨਿਆਵੀ ਲੋਕ ਡਰਦੇ ਹਨ ਕਿ ਸਾਲ 2000 ਜਾਂ 2001 ਵਿਚ ਦੁਨੀਆਂ ਦਾ ਭਿਆਨਕ ਅੰਤ ਹੋਵੇਗਾ। ਪਰ ਕੀ ਇਸ ਵਿਚ ਕੋਈ ਸੱਚਾਈ ਹੈ? ਅਤੇ ਕੀ ਬਾਈਬਲ ਦੀ ਪਰਕਾਸ਼ ਦੀ ਪੋਥੀ ਵਿਚ ਪਾਏ ਜਾਂਦੇ ਸੰਦੇਸ਼ ਤੋਂ ਸਾਨੂੰ ਡਰਨਾ ਚਾਹੀਦਾ ਹੈ ਜਾਂ ਇਸ ਤੋਂ ਉਲਟ, ਕੀ ਇਸ ਸੰਦੇਸ਼ ਤੋਂ ਸਾਨੂੰ ਕੋਈ ਉਮੀਦ ਦੀ ਕਿਰਣ ਨਜ਼ਰ ਆਉਂਦੀ ਹੈ? ਕਿਰਪਾ ਕਰ ਕੇ ਇਸ ਬਾਰੇ ਅਗਲੇ ਲੇਖ ਵਿਚ ਪੜ੍ਹੋ।
[ਫੁਟਨੋਟ]
a ਪਰਕਾਸ਼ ਦੀ ਪੋਥੀ ਵਿਚ ਲਿਖੀਆਂ ਗੱਲਾਂ ਕਰਕੇ ਲੋਕ ਅਕਸਰ ਅੰਗ੍ਰੇਜ਼ੀ ਸ਼ਬਦ ਅਪਾਕਲਿਪਸ ਨੂੰ ਦੁਨੀਆਂ ਦੇ ਅੰਤ ਨੂੰ ਸੂਚਿਤ ਕਰਨ ਲਈ ਵਰਤਦੇ ਹਨ।
[ਸਫ਼ੇ 4 ਉੱਤੇ ਤਸਵੀਰ]
ਦੁਨੀਆਂ ਦੇ ਅੰਤ ਬਾਰੇ ਮੱਧਕਾਲ ਵਿਚ ਲੋਕਾਂ ਦਾ ਡਰ ਗ਼ਲਤ ਸਾਬਤ ਹੋਇਆ
[ਕ੍ਰੈਡਿਟ ਲਾਈਨ]
© Cliché Bibliothèque Nationale de France, Paris
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Maya/Sipa Press