ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w00 1/1 ਸਫ਼ੇ 30-31
  • ਸਾਨੂੰ ਯਹੋਵਾਹ ਦੇ ਸੰਗਠਨ ਦੀ ਲੋੜ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਨੂੰ ਯਹੋਵਾਹ ਦੇ ਸੰਗਠਨ ਦੀ ਲੋੜ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਹਿਲੀ ਸਦੀ ਦੇ ਮਸੀਹੀਆਂ ਨੂੰ ਸੰਗਠਿਤ ਹੋਣ ਦੇ ਕਾਫ਼ੀ ਫ਼ਾਇਦੇ ਮਿਲੇ
  • ਅੱਜ ਸਾਨੂੰ ਵੀ ਇਕ ਸੰਗਠਨ ਦੀ ਲੋੜ ਹੈ
  • ਪਰਮੇਸ਼ੁਰ ਦਾ ਦ੍ਰਿਸ਼ਟ ਸੰਗਠਨ
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਯਹੋਵਾਹ ਆਪਣੇ ਸੰਗਠਨ ਦੀ ਅਗਵਾਈ ਕਰ ਰਿਹਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਕਲੀਸਿਯਾ ਉੱਤੇ ਯਹੋਵਾਹ ਬਰਕਤ ਪਾਉਂਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਪਰਮੇਸ਼ੁਰ ਦੇ ਸੰਗਠਨ ਵਿਚ ਰਹਿ ਕੇ ਸੁਰੱਖਿਅਤ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
w00 1/1 ਸਫ਼ੇ 30-31

ਸਾਨੂੰ ਯਹੋਵਾਹ ਦੇ ਸੰਗਠਨ ਦੀ ਲੋੜ ਹੈ

ਕੀ ਤੁਸੀਂ ਕਦੇ ਕਿਸੇ ਨੂੰ ਇਹ ਕਹਿੰਦੇ ਸੁਣਿਆ ਹੈ ਕਿ “ਮੈਂ ਪਰਮੇਸ਼ੁਰ ਵਿਚ ਤਾਂ ਵਿਸ਼ਵਾਸ ਕਰਦਾ ਹਾਂ ਪਰ ਮੈਂ ਕਿਸੇ ਧਾਰਮਿਕ ਸੰਗਠਨ ਵਿਚ ਵਿਸ਼ਵਾਸ ਨਹੀਂ ਰੱਖਦਾ”? ਇਸ ਤਰ੍ਹਾਂ ਦੇ ਮਿਲਦੇ-ਜੁਲਦੇ ਵਿਚਾਰ ਅਕਸਰ ਉਨ੍ਹਾਂ ਵਿਅਕਤੀਆਂ ਦੇ ਹੁੰਦੇ ਹਨ ਜਿਹੜੇ ਕਿਸੇ ਸਮੇਂ ਬੜੀ ਉਤਸੁਕਤਾ ਨਾਲ ਚਰਚ ਜਾਂਦੇ ਸਨ, ਪਰ ਉਨ੍ਹਾਂ ਦਾ ਧਰਮ ਜਦੋਂ ਉਨ੍ਹਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਨਾ ਕਰ ਸਕਿਆ, ਤਾਂ ਉਨ੍ਹਾਂ ਦਾ ਆਪਣੇ ਧਰਮ ਤੋਂ ਭਰੋਸਾ ਉੱਠ ਗਿਆ। ਪਰ ਅਕਸਰ ਧਾਰਮਿਕ ਸੰਸਥਾਵਾਂ ਤੋਂ ਨਿਰਾਸ਼ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਅਜੇ ਵੀ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੁੰਦੇ ਹਨ। ਪਰ ਉਨ੍ਹਾਂ ਦੀ ਇਹ ਸੋਚਣੀ ਹੈ ਕਿ ਕਿਸੇ ਚਰਚ ਜਾਂ ਕਿਸੇ ਹੋਰ ਧਾਰਮਿਕ ਸੰਗਠਨ ਨਾਲ ਜੁੜਨ ਦੀ ਬਜਾਇ, ਆਪਣੇ ਹੀ ਤਰੀਕੇ ਨਾਲ ਉਸ ਦੀ ਭਗਤੀ ਕਰਨੀ ਬਿਹਤਰ ਹੈ।

ਪਰ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ? ਕੀ ਪਰਮੇਸ਼ੁਰ ਚਾਹੁੰਦਾ ਹੈ ਕਿ ਮਸੀਹੀ ਕਿਸੇ ਸੰਸਥਾ ਨਾਲ ਜੁੜੇ ਹੋਣ?

ਪਹਿਲੀ ਸਦੀ ਦੇ ਮਸੀਹੀਆਂ ਨੂੰ ਸੰਗਠਿਤ ਹੋਣ ਦੇ ਕਾਫ਼ੀ ਫ਼ਾਇਦੇ ਮਿਲੇ

ਪੰਤੇਕੁਸਤ 33 ਸਾ.ਯੁ. ਵਿਚ, ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਇੱਧਰ-ਉੱਧਰ ਖਿੰਡੇ ਕੁਝ ਲੋਕਾਂ ਤੇ ਨਹੀਂ, ਸਗੋਂ ਉਨ੍ਹਾਂ ਆਦਮੀਆਂ ਅਤੇ ਔਰਤਾਂ ਦੇ ਇਕ ਸਮੂਹ ਤੇ ਪਾਈ ਜਿਹੜੇ “ਇੱਕ ਥਾਂ” ਤੇ ਯਾਨੀ ਯਰੂਸ਼ਲਮ ਸ਼ਹਿਰ ਦੇ ਇਕ ਚੁਬਾਰੇ ਵਿਚ ਇਕੱਠੇ ਹੋਏ ਸਨ। (ਰਸੂਲਾਂ ਦੇ ਕਰਤੱਬ 2:1) ਉਸੇ ਸਮੇਂ ਮਸੀਹੀ ਕਲੀਸਿਯਾ ਸਥਾਪਿਤ ਹੋਈ ਜਿਹੜੀ ਬਾਅਦ ਵਿਚ ਇਕ ਅੰਤਰਰਾਸ਼ਟਰੀ ਸੰਸਥਾ ਬਣੀ। ਇਹ ਪਹਿਲੀ ਸਦੀ ਦੇ ਮਸੀਹੀਆਂ ਲਈ ਵਾਕਈ ਇਕ ਬਹੁਤ ਵੱਡੀ ਬਰਕਤ ਸਾਬਤ ਹੋਈ। ਕਿਉਂ? ਕਿਉਂਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਇਕ ਅਹਿਮ ਕੰਮ ਦਿੱਤਾ ਗਿਆ ਸੀ ਜੋ ਕਿ ਅਖ਼ੀਰ “ਸਾਰੀ ਦੁਨੀਆ” ਵਿਚ ਕੀਤਾ ਜਾਣਾ ਸੀ। (ਮੱਤੀ 24:14) ਕਲੀਸਿਯਾ ਵਿਚ ਨਵਧਰਮੀ ਆਪਣੇ ਤਜਰਬੇਕਾਰ ਸੰਗੀ ਮਸੀਹੀਆਂ ਤੋਂ ਪ੍ਰਚਾਰ ਕਰਨ ਦੀ ਸਿਖਲਾਈ ਲੈ ਸਕਦੇ ਸਨ।

ਜਲਦੀ ਹੀ ਰਾਜ ਦਾ ਇਹ ਸੰਦੇਸ਼ ਯਰੂਸ਼ਲਮ ਦੀਆਂ ਹੱਦਾਂ ਤੋਂ ਵੀ ਬਾਹਰ ਸੁਣਾਇਆ ਜਾਣ ਲੱਗਾ। 62 ਤੋਂ 64 ਸਾ.ਯੁ. ਦੇ ਦੌਰਾਨ, ਪਤਰਸ ਰਸੂਲ ਨੇ ਆਪਣੀ ਪਹਿਲੀ ਚਿੱਠੀ ਉਨ੍ਹਾਂ ਮਸੀਹੀਆਂ ਨੂੰ ਲਿਖੀ “ਜੋ ਪੰਤੁਸ, ਗਲਾਤਿਯਾ, ਕੱਪਦੋਕਿਯਾ, ਅਸਿਯਾ ਅਤੇ ਬਿਥੁਨਿਯਾ ਵਿਚ ਖਿੰਡੇ ਹੋਏ” ਸਨ। ਇਹ ਸਾਰੇ ਇਲਾਕੇ ਆਧੁਨਿਕ ਦਿਨ ਦੇ ਤੁਰਕੀ ਦੇਸ਼ ਵਿਚ ਹਨ। (1 ਪਤਰਸ 1:1) ਫਲਸਤੀਨ, ਲੇਬਨਾਨ, ਸੀਰੀਆ, ਸਾਈਪ੍ਰਸ, ਯੂਨਾਨ, ਕ੍ਰੇਟ ਅਤੇ ਇਟਲੀ ਵਿਚ ਵੀ ਕਈ ਨਿਹਚਾਵਾਨ ਲੋਕ ਸਨ। ਜਿਵੇਂ ਪੌਲੁਸ ਨੇ ਕੁਲੁੱਸੀਆਂ ਨੂੰ 60-61 ਸਾ.ਯੁ. ਵਿਚ ਲਿਖਿਆ ਕਿ ਖ਼ੁਸ਼ ਖ਼ਬਰੀ ਦਾ “ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ” ਜਾ ਚੁੱਕਾ ਸੀ।—ਕੁਲੁੱਸੀਆਂ 1:23.

ਸੰਗਠਨ ਨਾਲ ਜੁੜਨ ਦਾ ਦੂਸਰਾ ਫ਼ਾਇਦਾ ਇਹ ਹੋਇਆ ਕਿ ਮਸੀਹੀ ਇਕ ਦੂਸਰੇ ਦੀ ਹੌਸਲਾ-ਅਫ਼ਜ਼ਾਈ ਕਰ ਸਕਦੇ ਸਨ। ਕਲੀਸਿਯਾ ਵਿਚ ਮਸੀਹੀ ਉਤਸ਼ਾਹਜਨਕ ਭਾਸ਼ਣ ਸੁਣ ਸਕਦੇ, ਇਕੱਠੇ ਪਵਿੱਤਰ ਲਿਖਤਾਂ ਦਾ ਅਧਿਐਨ ਕਰ ਸਕਦੇ, ਨਿਹਚਾ-ਵਧਾਉ ਅਨੁਭਵ ਸੁਣ ਸਕਦੇ ਅਤੇ ਸੰਗੀ ਮਸੀਹੀਆਂ ਨਾਲ ਮਿਲ ਕੇ ਪ੍ਰਾਰਥਨਾ ਕਰ ਸਕਦੇ ਸਨ। (1 ਕੁਰਿੰਥੀਆਂ, ਅਧਿਆਇ 14) ਅਤੇ ਸਿਆਣੇ ਮਨੁੱਖ ‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰ’ ਸਕਦੇ ਸਨ।—1 ਪਤਰਸ 5:2.

ਕਲੀਸਿਯਾ ਦੇ ਮੈਂਬਰ ਹੋਣ ਦੇ ਨਾਤੇ, ਮਸੀਹੀਆਂ ਦੀ ਇਕ ਦੂਜੇ ਨਾਲ ਚੰਗੀ ਜਾਣ-ਪਛਾਣ ਵੀ ਹੋਈ ਤੇ ਨਤੀਜੇ ਵਜੋਂ ਉਨ੍ਹਾਂ ਦਾ ਆਪਸ ਵਿਚ ਪਿਆਰ ਵਧਿਆ। ਕਲੀਸਿਯਾ ਦੇ ਮੈਂਬਰਾਂ ਦੀ ਸੰਗਤ ਨੂੰ ਇਕ ਬੋਝ ਸਮਝਣ ਦੀ ਬਜਾਇ, ਪਹਿਲੀ ਸਦੀ ਦੇ ਮਸੀਹੀਆਂ ਨੇ ਕਲੀਸਿਯਾ ਵਿਚ ਉਤਸ਼ਾਹ ਅਤੇ ਹੌਸਲਾ ਪ੍ਰਾਪਤ ਕੀਤਾ।—ਰਸੂਲਾਂ ਦੇ ਕਰਤੱਬ 2:42; 14:27; 1 ਕੁਰਿੰਥੀਆਂ 14:26; ਕੁਲੁੱਸੀਆਂ 4:15, 16.

ਏਕਤਾ ਵਧਾਉਣ ਲਈ ਵੀ ਇਕ ਸੰਯੁਕਤ ਵਿਸ਼ਵ-ਵਿਆਪੀ ਕਲੀਸਿਯਾ ਜਾਂ ਸੰਗਠਨ ਦੀ ਲੋੜ ਸੀ। ਮਸੀਹੀਆਂ ਨੇ “ਇੱਕੋ ਗੱਲ” ਬੋਲਣੀ ਸਿੱਖੀ। (1 ਕੁਰਿੰਥੀਆਂ 1:10) ਇਹ ਏਕਤਾ ਬਹੁਤ ਜ਼ਰੂਰੀ ਵੀ ਸੀ, ਕਿਉਂਕਿ ਕਲੀਸਿਯਾ ਦੇ ਮੈਂਬਰ ਵੱਖੋ-ਵੱਖਰੇ ਵਿਦਿਅਕ ਅਤੇ ਸਮਾਜਕ ਪਿਛੋਕੜਾਂ ਤੋਂ ਆਏ ਸਨ। ਉਹ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਸਨ ਅਤੇ ਸਪੱਸ਼ਟ ਤੌਰ ਤੇ ਉਨ੍ਹਾਂ ਦੀ ਸਖ਼ਸ਼ੀਅਤ ਵੀ ਵੱਖੋ-ਵੱਖਰੀ ਸੀ। (ਰਸੂਲਾਂ ਦੇ ਕਰਤੱਬ 2:1-11) ਕਈ ਵਾਰ ਉਨ੍ਹਾਂ ਵਿਚ ਮਤਭੇਦ ਵੀ ਹੋ ਜਾਂਦੇ ਸਨ। ਪਰ, ਮਸੀਹੀਆਂ ਦੇ ਇਸ ਤਰ੍ਹਾਂ ਦੇ ਮਸਲਿਆਂ ਨੂੰ ਕਲੀਸਿਯਾ ਦੇ ਅੰਦਰ ਹੀ ਹੱਲ ਕਰਨ ਵਿਚ ਮਦਦ ਕੀਤੀ ਜਾਂਦੀ ਸੀ।—ਰਸੂਲਾਂ ਦੇ ਕਰਤੱਬ 15:1, 2; ਫ਼ਿਲਿੱਪੀਆਂ 4:2, 3.

ਜਿਹੜੇ ਗੰਭੀਰ ਮਸਲੇ ਸਥਾਨਕ ਬਜ਼ੁਰਗਾਂ ਕੋਲੋਂ ਹੱਲ ਨਹੀਂ ਹੁੰਦੇ ਸਨ, ਉਹ ਪੌਲੁਸ ਵਰਗੇ ਸਫ਼ਰੀ ਨਿਗਾਹਬਾਨਾਂ ਦੇ ਹਵਾਲੇ ਕਰ ਦਿੱਤੇ ਜਾਂਦੇ ਸਨ। ਮਹੱਤਵਪੂਰਣ ਸਿਧਾਂਤਕ ਮਾਮਲੇ ਯਰੂਸ਼ਲਮ ਦੀ ਕੇਂਦਰੀ ਪ੍ਰਬੰਧਕ ਸਭਾ ਦੇ ਹਵਾਲੇ ਕਰ ਦਿੱਤੇ ਜਾਂਦੇ ਸਨ। ਸ਼ੁਰੂ-ਸ਼ੁਰੂ ਵਿਚ ਪ੍ਰਬੰਧਕ ਸਭਾ ਵਿਚ ਸਿਰਫ਼ ਯਿਸੂ ਦੇ ਰਸੂਲ ਹੀ ਸਨ, ਪਰ ਬਾਅਦ ਵਿਚ ਯਰੂਸ਼ਲਮ ਦੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਵੀ ਇਸ ਵਿਚ ਸ਼ਾਮਲ ਕਰ ਲਿਆ ਗਿਆ। ਹਰੇਕ ਕਲੀਸਿਯਾ, ਪ੍ਰਬੰਧਕ ਸਭਾ ਤੇ ਇਸ ਦੇ ਨੁਮਾਇੰਦਿਆਂ ਵੱਲੋਂ ਪ੍ਰਚਾਰ ਕੰਮ ਦਾ ਪ੍ਰਬੰਧ ਕਰਨ, ਸੇਵਾ ਦੇ ਅਹੁਦਿਆਂ ਤੇ ਭਰਾਵਾਂ ਨੂੰ ਥਾਪਣ ਅਤੇ ਸਿਧਾਂਤਕ ਮਾਮਲਿਆਂ ਉੱਤੇ ਫ਼ੈਸਲੇ ਕਰਨ ਦੇ ਪਰਮੇਸ਼ੁਰ-ਦਿੱਤ ਅਧਿਕਾਰ ਨੂੰ ਮੰਨਦੀ ਸੀ। ਜਦੋਂ ਕੋਈ ਮਸਲਾ ਪ੍ਰਬੰਧਕ ਸਭਾ ਵੱਲੋਂ ਨਿਪਟਾਇਆ ਜਾਂਦਾ ਸੀ, ਤਾਂ ਕਲੀਸਿਯਾਵਾਂ ਇਸ ਨਿਰਣੇ ਨੂੰ ਮੰਨਦੀਆਂ ਸਨ ਅਤੇ “ਬਹੁਤ ਅਨੰਦ” ਕਰਦੀਆਂ ਸਨ।—ਰਸੂਲਾਂ ਦੇ ਕਰਤੱਬ 15:1, 2, 28, 30, 31.

ਜੀ ਹਾਂ, ਯਹੋਵਾਹ ਨੇ ਪਹਿਲੀ ਸਦੀ ਵਿਚ ਇਕ ਸੰਗਠਨ ਨੂੰ ਵਰਤਿਆ। ਪਰ ਅੱਜ ਬਾਰੇ ਕੀ?

ਅੱਜ ਸਾਨੂੰ ਵੀ ਇਕ ਸੰਗਠਨ ਦੀ ਲੋੜ ਹੈ

ਪਹਿਲੀ ਸਦੀ ਦੇ ਮਸੀਹੀਆਂ ਵਾਂਗ, ਅੱਜ ਵੀ ਯਹੋਵਾਹ ਦੇ ਗਵਾਹ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਕੰਮ ਨੂੰ ਬੜੀ ਸੰਜੀਦਗੀ ਨਾਲ ਲੈਂਦੇ ਹਨ। ਇਸ ਕੰਮ ਨੂੰ ਪੂਰਾ ਕਰਨ ਲਈ ਉਹ ਬਾਈਬਲਾਂ ਅਤੇ ਬਾਈਬਲ ਆਧਾਰਿਤ ਕਿਤਾਬਾਂ ਵੀ ਵੰਡਦੇ ਹਨ। ਇਸ ਦੇ ਲਈ ਵੀ ਚੰਗੇ ਪ੍ਰਬੰਧ ਦੀ ਲੋੜ ਹੈ।

ਮਸੀਹੀ ਕਿਤਾਬਾਂ ਦਾ ਧਿਆਨਪੂਰਵਕ ਤਰਜਮਾ ਕਰਨ, ਸ਼ੁੱਧਤਾ ਦੀ ਜਾਂਚ ਕਰਨ, ਇਨ੍ਹਾਂ ਨੂੰ ਛਾਪਣ ਤੇ ਉਸ ਤੋਂ ਬਾਅਦ ਕਲੀਸਿਯਾਵਾਂ ਵਿਚ ਭੇਜਣ ਦੀ ਲੋੜ ਹੈ। ਇਸ ਤੋਂ ਇਲਾਵਾ, ਪੜ੍ਹਨ ਦੇ ਚਾਹਵਾਨ ਲੋਕਾਂ ਤਕ ਇਨ੍ਹਾਂ ਕਿਤਾਬਾਂ ਨੂੰ ਪਹੁੰਚਾਉਣ ਲਈ ਮਸੀਹੀਆਂ ਵੱਲੋਂ ਸਵੈ-ਇੱਛੁਕ ਸੇਵਾ ਦੀ ਵੀ ਲੋੜ ਹੈ। ਰਾਜ ਦਾ ਸੰਦੇਸ਼ ਕਰੋੜਾਂ ਲੋਕਾਂ ਤਕ ਇਸੇ ਤਰੀਕੇ ਨਾਲ ਪਹੁੰਚਿਆ ਹੈ। ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਆਪਣੇ ਪ੍ਰਚਾਰ ਕੰਮ ਨੂੰ ਇਕ ਸੁਚੱਜੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਕਿਸੇ ਥਾਂ ਤੇ ਵਾਰ-ਵਾਰ ਪ੍ਰਚਾਰ ਨਾ ਕੀਤਾ ਜਾਵੇ ਜਾਂ ਕਿਸੇ ਥਾਂ ਨੂੰ ਪ੍ਰਚਾਰ ਖੁਣੋਂ ਛੱਡਿਆ ਨਾ ਜਾਵੇ। ਇਸ ਦੇ ਲਈ ਵੀ ਚੰਗੇ ਪ੍ਰਬੰਧ ਦੀ ਲੋੜ ਹੈ।

ਕਿਉਂਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ,” ਇਸ ਲਈ ਬਾਈਬਲ ਅਤੇ ਬਾਈਬਲ ਆਧਾਰਿਤ ਕਿਤਾਬਾਂ ਦਾ ਅਨੁਵਾਦ ਕਰਨ ਦੀ ਲੋੜ ਹੈ। (ਰਸੂਲਾਂ ਦੇ ਕਰਤੱਬ 10:34) ਇਸ ਸਮੇਂ, ਇਹ ਰਸਾਲਾ 132 ਭਾਸ਼ਾਵਾਂ ਵਿਚ ਛਪਦਾ ਹੈ ਅਤੇ ਇਸ ਦਾ ਸੰਗੀ ਰਸਾਲਾ ਜਾਗਰੂਕ ਬਣੋ! 83 ਭਾਸ਼ਾਵਾਂ ਵਿਚ ਛਪਦਾ ਹੈ। ਇਸ ਲਈ ਸੰਸਾਰ ਭਰ ਵਿਚ ਅਨੁਵਾਦਕਾਂ ਦੀਆਂ ਸੁਵਿਵਸਥਿਤ ਟੀਮਾਂ ਦੀ ਲੋੜ ਹੈ।

ਕਲੀਸਿਯਾ ਦੇ ਮੈਂਬਰ, ਮਸੀਹੀ ਸਭਾਵਾਂ ਅਤੇ ਸੰਮੇਲਨਾਂ ਵਿਚ ਹਾਜ਼ਰ ਹੋ ਕੇ ਬਹੁਤ ਉਤਸ਼ਾਹ ਪ੍ਰਾਪਤ ਕਰਦੇ ਹਨ। ਉੱਥੇ ਉਹ ਉਤਸ਼ਾਹ ਭਰਪੂਰ ਭਾਸ਼ਣ ਸੁਣਦੇ, ਇਕੱਠੇ ਬਾਈਬਲ ਦਾ ਅਧਿਐਨ ਕਰਦੇ, ਉਤਸ਼ਾਹਜਨਕ ਅਨੁਭਵ ਸੁਣਦੇ ਅਤੇ ਸੰਗੀ ਮਸੀਹੀਆਂ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਹਨ। ਅਤੇ ਪਹਿਲੀ ਸਦੀ ਦੇ ਮਸੀਹੀ ਭਰਾਵਾਂ ਵਾਂਗ, ਉਹ ਪ੍ਰੇਮਮਈ ਸਫ਼ਰੀ ਨਿਗਾਹਬਾਨਾਂ ਦੇ ਨਿਹਚਾ-ਵਧਾਉ ਦੌਰਿਆਂ ਦਾ ਆਨੰਦ ਮਾਣਦੇ ਹਨ। ਇੰਜ, ਅੱਜ ਮਸੀਹੀਆਂ ਦਾ “ਇੱਕੋ ਇੱਜੜ ਅਤੇ ਇੱਕੋ ਅਯਾਲੀ” ਹੈ।—ਯੂਹੰਨਾ 10:16.

ਨਿਰਸੰਦੇਹ, ਯਹੋਵਾਹ ਦੇ ਗਵਾਹ ਮੁਕੰਮਲ ਨਹੀਂ ਹਨ ਤੇ ਨਾ ਹੀ ਪਹਿਲੀ ਸਦੀ ਦੇ ਮਸੀਹੀ ਮੁਕੰਮਲ ਸਨ। ਫਿਰ ਵੀ ਉਹ ਸਾਰੇ ਜਣੇ ਏਕਤਾ ਵਿਚ ਕੰਮ ਕਰਦੇ ਹਨ। ਇਸੇ ਕਾਰਨ ਰਾਜ-ਪ੍ਰਚਾਰ ਦਾ ਕੰਮ ਸਾਰੀ ਧਰਤੀ ਉੱਤੇ ਕੀਤਾ ਜਾ ਰਿਹਾ ਹੈ।—ਰਸੂਲਾਂ ਦੇ ਕਰਤੱਬ 15:36-40; ਅਫ਼ਸੀਆਂ 4:13.

[ਸਫ਼ੇ 31 ਉੱਤੇ ਤਸਵੀਰ]

ਅੱਜ ਦੇ ਮਸੀਹੀਆਂ ਦਾ “ਇੱਕੋ ਇੱਜੜ ਅਤੇ ਇੱਕੋ ਅਯਾਲੀ” ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ