ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w00 9/1 ਸਫ਼ੇ 6-11
  • ਮਸੀਹ ਵਰਗਾ ਰਵੱਈਆ ਦਿਖਾਓ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹ ਵਰਗਾ ਰਵੱਈਆ ਦਿਖਾਓ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਹੀ ਰਵੱਈਏ ਦਾ ਨਮੂਨਾ
  • ਗ਼ਲਤ ਰਵੱਈਏ ਨੂੰ ਠੀਕ ਕਰਨਾ
  • ਦੂਸਰਿਆਂ ਤੋਂ ਸਿੱਖੋ
  • ਮਸੀਹ ਦੇ ਸਹੀ ਰਵੱਈਏ ਦੀ ਨਕਲ ਕਰਨੀ
  • ਉਡੀਕ ਕਰਨ ਦਾ ਰਵੱਈਆ ਰੱਖਣਾ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਮਸੀਹ ਦਾ ਪਿਆਰ ਸਾਨੂੰ ਦੂਸਰਿਆਂ ਨੂੰ ਪਿਆਰ ਕਰਨ ਲਈ ਪ੍ਰੇਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਯਿਸੂ ਵਰਗਾ ਸੁਭਾਅ ਪੈਦਾ ਕਰੋ
    ਸਾਡੀ ਰਾਜ ਸੇਵਕਾਈ—2004
  • ਯਿਸੂ ਮਸੀਹ ਵਰਗਾ ਰਵੱਈਆ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
w00 9/1 ਸਫ਼ੇ 6-11

ਮਸੀਹ ਵਰਗਾ ਰਵੱਈਆ ਦਿਖਾਓ!

“ਪਰਮੇਸ਼ਰ ਜੋ ਧੀਰਜ ਅਤੇ ਉਤਸ਼ਾਹ ਦਾ ਸੋਮਾ ਹੈ, ਤੁਹਾਨੂੰ ਇਸ ਤਰ੍ਹਾਂ ਪਰੇਰੇ ਕਿ ਤੁਸੀਂ ਮਸੀਹ ਯਿਸੂ ਦੀ ਤਰ੍ਹਾਂ ਇਕ ਮਨ ਹੋਵੋ।”—ਰੋਮੀਆਂ 15:5, ਪਵਿੱਤਰ ਬਾਈਬਲ ਨਵਾਂ ਅਨੁਵਾਦ।

1. ਇਨਸਾਨ ਦੇ ਰਵੱਈਏ ਦਾ ਉਸ ਦੀ ਜ਼ਿੰਦਗੀ ਉੱਤੇ ਕੀ ਅਸਰ ਪੈਂਦਾ ਹੈ?

ਇਨਸਾਨ ਦੇ ਰਵੱਈਏ ਦਾ ਉਸ ਦੀ ਜ਼ਿੰਦਗੀ ਉੱਤੇ ਬਹੁਤ ਅਸਰ ਪੈਂਦਾ ਹੈ। ਸਾਡੇ ਆਲੇ-ਦੁਆਲੇ ਦੇ ਲੋਕਾਂ ਦਾ ਰਵੱਈਆ ਅਲੱਗ-ਅਲੱਗ ਹੈ। ਕਈ ਲੋਕ ਲਾਪਰਵਾਹ ਹੁੰਦੇ ਹਨ ਤੇ ਕਈ ਮਿਹਨਤੀ, ਕਈਆਂ ਦਾ ਰਵੱਈਆ ਸਹੀ ਹੁੰਦਾ ਹੈ ਤੇ ਕਈਆਂ ਦਾ ਗ਼ਲਤ, ਕਈ ਲੜਾਕੂ ਹੁੰਦੇ ਹਨ ਤੇ ਕਈ ਸਹਿਯੋਗੀ ਅਤੇ ਕਈ ਲੋਕ ਹਮੇਸ਼ਾ ਸ਼ਿਕਾਇਤ ਕਰਦੇ ਹਨ ਤੇ ਕਈ ਦੂਜਿਆਂ ਦੇ ਸ਼ੁਕਰਗੁਜ਼ਾਰ ਹੁੰਦੇ ਹਨ। ਉਨ੍ਹਾਂ ਦੇ ਰਵੱਈਏ ਦਾ ਇਸ ਗੱਲ ਤੇ ਅਸਰ ਪੈਂਦਾ ਹੈ ਕਿ ਉਹ ਵੱਖ-ਵੱਖ ਹਾਲਾਤਾਂ ਦਾ ਸਾਮ੍ਹਣਾ ਕਿਸ ਤਰ੍ਹਾਂ ਕਰਦੇ ਹਨ। ਦੂਜਿਆਂ ਨਾਲ ਉਨ੍ਹਾਂ ਦੇ ਸੰਬੰਧਾਂ ਉੱਤੇ ਵੀ ਉਨ੍ਹਾਂ ਦੇ ਰਵੱਈਏ ਦਾ ਬਹੁਤ ਅਸਰ ਪੈਂਦਾ ਹੈ। ਸਹੀ ਰਵੱਈਆ ਰੱਖਣ ਵਾਲਾ ਇਨਸਾਨ ਮੁਸ਼ਕਲਾਂ ਦਾ ਸਾਮ੍ਹਣਾ ਹੱਸਦੇ-ਹੱਸਦੇ ਕਰ ਸਕਦਾ ਹੈ। ਜਿਸ ਇਨਸਾਨ ਦਾ ਰਵੱਈਆ ਠੀਕ ਨਹੀਂ ਹੈ, ਉਸ ਨੂੰ ਕੁਝ ਵੀ ਸਹੀ ਦਿਖਾਈ ਨਹੀਂ ਦਿੰਦਾ, ਇੱਥੋਂ ਤਕ ਕਿ ਜੇ ਉਸ ਦੀ ਜ਼ਿੰਦਗੀ ਵਿਚ ਕੋਈ ਸਮੱਸਿਆ ਨਾ ਵੀ ਹੋਵੇ।

2. ਇਨਸਾਨ ਸਹੀ ਜਾਂ ਗ਼ਲਤ ਰਵੱਈਆ ਰੱਖਣਾ ਕਿਵੇਂ ਸਿੱਖਦਾ ਹੈ?

2 ਸਹੀ ਜਾਂ ਗ਼ਲਤ ਰਵੱਈਆ ਆਪਣੇ ਆਪ ਪੈਦਾ ਨਹੀਂ ਹੁੰਦਾ, ਸਗੋਂ ਇਸ ਨੂੰ ਸਿੱਖਣਾ ਪੈਂਦਾ ਹੈ। ਨਵੇਂ ਜੰਮੇ ਬੱਚੇ ਬਾਰੇ ਕੋਲੀਅਰਜ਼ ਐਨਸਾਈਕਲੋਪੀਡੀਆ ਦੱਸਦਾ ਹੈ: “ਬੱਚਾ ਅੱਗੇ ਚੱਲ ਕੇ ਜੋ ਵੀ ਰਵੱਈਆ ਦਿਖਾਵੇਗਾ, ਇਹ ਉਸ ਨੂੰ ਸਿੱਖਣਾ ਪੈਂਦਾ ਹੈ, ਕੁਝ ਹੱਦ ਤਕ ਜਿਵੇਂ ਉਸ ਨੂੰ ਇਕ ਭਾਸ਼ਾ ਜਾਂ ਕੋਈ ਹੁਨਰ ਸਿੱਖਣਾ ਪੈਂਦਾ ਹੈ।” ਅਸੀਂ ਸਹੀ ਜਾਂ ਗ਼ਲਤ ਰਵੱਈਆ ਰੱਖਣਾ ਕਿਵੇਂ ਸਿੱਖਦੇ ਹਾਂ? ਬਹੁਤ ਸਾਰੀਆਂ ਚੀਜ਼ਾਂ ਦਾ ਸਾਡੇ ਰਵੱਈਏ ਤੇ ਅਸਰ ਪੈਂਦਾ ਹੈ, ਪਰ ਖ਼ਾਸ ਕਰਕੇ ਮਾਹੌਲ ਅਤੇ ਸੰਗਤੀ ਦਾ ਬਹੁਤ ਹੀ ਅਸਰ ਪੈਂਦਾ ਹੈ। ਪਹਿਲਾਂ ਜ਼ਿਕਰ ਕੀਤਾ ਗਿਆ ਐਨਸਾਈਕਲੋਪੀਡੀਆ ਕਹਿੰਦਾ ਹੈ: ‘ਅਸੀਂ ਜਿਨ੍ਹਾਂ ਲੋਕਾਂ ਨਾਲ ਉੱਠਦੇ-ਬੈਠਦੇ ਹਾਂ, ਉਨ੍ਹਾਂ ਦੇ ਰਵੱਈਏ ਦਾ ਸਾਡੇ ਰਵੱਈਏ ਉੱਤੇ ਬੜਾ ਅਸਰ ਪੈਂਦਾ ਹੈ।’ ਹਜ਼ਾਰਾਂ ਸਾਲ ਪਹਿਲਾਂ ਬਾਈਬਲ ਨੇ ਵੀ ਕਿਹਾ ਸੀ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20; 1 ਕੁਰਿੰਥੀਆਂ 15:33.

ਸਹੀ ਰਵੱਈਏ ਦਾ ਨਮੂਨਾ

3. ਕਿਸ ਇਨਸਾਨ ਨੇ ਰਵੱਈਏ ਦੇ ਸੰਬੰਧ ਵਿਚ ਬੇਹਤਰੀਨ ਨਮੂਨਾ ਕਾਇਮ ਕੀਤਾ ਸੀ ਤੇ ਅਸੀਂ ਉਸ ਵਰਗੇ ਕਿਵੇਂ ਬਣ ਸਕਦੇ ਹਾਂ?

3 ਜਿਵੇਂ ਯਿਸੂ ਨੇ ਦੂਜੇ ਕਈ ਮਾਮਲਿਆਂ ਵਿਚ ਬੇਹਤਰੀਨ ਨਮੂਨਾ ਰੱਖਿਆ ਸੀ, ਉਸੇ ਤਰ੍ਹਾਂ ਉਸ ਨੇ ਸਹੀ ਰਵੱਈਆ ਰੱਖਣ ਦੇ ਮਾਮਲੇ ਵਿਚ ਵੀ ਇਹੀ ਕੀਤਾ। ਉਸ ਨੇ ਕਿਹਾ ਸੀ: “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।” (ਯੂਹੰਨਾ 13:15) ਯਿਸੂ ਵਰਗੇ ਬਣਨ ਲਈ ਸਾਨੂੰ ਪਹਿਲਾਂ ਉਸ ਬਾਰੇ ਸਿੱਖਣਾ ਪਵੇਗਾ।a ਅਸੀਂ ਯਿਸੂ ਦੀ ਜ਼ਿੰਦਗੀ ਦਾ ਅਧਿਐਨ ਉਸੇ ਇਰਾਦੇ ਨਾਲ ਕਰਦੇ ਹਾਂ ਜਿਸ ਬਾਰੇ ਪਤਰਸ ਰਸੂਲ ਨੇ ਕਿਹਾ ਸੀ: “ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤਰਸ 2:21) ਸਾਡਾ ਮਕਸਦ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਯਿਸੂ ਵਰਗੇ ਬਣੀਏ। ਇਸ ਦਾ ਮਤਲਬ ਹੈ ਕਿ ਅਸੀਂ ਉਸ ਵਰਗਾ ਰਵੱਈਆ ਆਪਣੇ ਵਿਚ ਪੈਦਾ ਕਰੀਏ।

4, 5. ਰੋਮੀਆਂ 15:1-3 ਵਿਚ ਯਿਸੂ ਦੇ ਕਿਹੜੇ ਗੁਣ ਦਾ ਜ਼ਿਕਰ ਕੀਤਾ ਗਿਆ ਹੈ ਤੇ ਮਸੀਹੀ ਉਸ ਦੀ ਨਕਲ ਕਿਵੇਂ ਕਰ ਸਕਦੇ ਹਨ?

4 ਮਸੀਹ ਵਰਗਾ ਰਵੱਈਆ ਰੱਖਣ ਵਿਚ ਕੀ-ਕੀ ਸ਼ਾਮਲ ਹੈ? ਰੋਮੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਦੇ 15ਵੇਂ ਅਧਿਆਇ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ। ਇਸ ਅਧਿਆਇ ਦੀਆਂ ਪਹਿਲੀਆਂ ਕੁਝ ਆਇਤਾਂ ਵਿਚ, ਪੌਲੁਸ ਯਿਸੂ ਦੇ ਇਕ ਬਹੁਤ ਹੀ ਵਧੀਆ ਗੁਣ ਦਾ ਜ਼ਿਕਰ ਕਰਦਾ ਹੈ: “ਸਾਨੂੰ ਜੋ ਤਕੜੇ ਹਾਂ ਚਾਹੀਦਾ ਹੈ ਭਈ ਬਲਹੀਣਾਂ ਦੀਆਂ ਨਿਰਬਲਤਾਈਆਂ ਨੂੰ ਸਹਾਰੀਏ ਅਤੇ ਆਪ ਨੂੰ ਨਾ ਰਿਝਾਈਏ। ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਲਈ ਰਿਝਾਏ ਭਈ ਉਹ ਦੀ ਤਰੱਕੀ ਹੋਵੇ। ਕਿਉਂ ਜੋ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਰਿਝਾਇਆ ਪਰ ਜਿਵੇਂ ਲਿਖਿਆ ਹੋਇਆ ਹੈ ਕਿ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਆ ਪਈਆਂ।”—ਰੋਮੀਆਂ 15:1-3.

5 ਮਸੀਹ ਵਰਗਾ ਰਵੱਈਆ ਰੱਖਣ ਲਈ ਮਸੀਹੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨਾ ਕਰਨ, ਸਗੋਂ ਨਿਮਰਤਾ ਨਾਲ ਦੂਸਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਪਹਿਲ ਕਰਨ। ਅਸਲ ਵਿਚ ਦੂਸਰਿਆਂ ਦੀ ਸੇਵਾ ਕਰਨ ਵਿਚ ਅਜਿਹੀ ਨਿਮਰਤਾ ਦਿਖਾਉਣੀ ਉਨ੍ਹਾਂ ਲੋਕਾਂ ਦਾ ਗੁਣ ਹੈ ਜਿਹੜੇ ਅਧਿਆਤਮਿਕ ਤੌਰ ਤੇ ‘ਤਕੜੇ ਹਨ।’ ਯਿਸੂ ਦੁਨੀਆਂ ਵਿਚ ਸਾਰੇ ਇਨਸਾਨਾਂ ਨਾਲੋਂ ਅਧਿਆਤਮਿਕ ਤੌਰ ਤੇ ਕਿਤੇ ਜ਼ਿਆਦਾ ਮਜ਼ਬੂਤ ਸੀ। ਉਸ ਨੇ ਆਪਣੇ ਬਾਰੇ ਕਿਹਾ: “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਮੱਤੀ 20:28) ਮਸੀਹੀ ਹੋਣ ਦੇ ਨਾਤੇ ਅਸੀਂ ਵੀ ਦੂਸਰਿਆਂ ਦੀ ਸੇਵਾ ਕਰਨੀ ਚਾਹੁੰਦੇ ਹਾਂ, ਉਨ੍ਹਾਂ ਦੀ ਵੀ ਜਿਹੜੇ ‘ਬਲਹੀਣ’ ਹਨ।

6. ਯਿਸੂ ਦੀ ਤਰ੍ਹਾਂ ਅਸੀਂ ਵੀ ਕਿਵੇਂ ਬਦਨਾਮੀ ਅਤੇ ਸਤਾਹਟ ਦਾ ਸਾਮ੍ਹਣਾ ਕਰ ਸਕਦੇ ਹਾਂ?

6 ਯਿਸੂ ਵਿਚ ਇਕ ਹੋਰ ਵਧੀਆ ਗੁਣ ਇਹ ਸੀ ਕਿ ਉਸ ਦਾ ਸੋਚਣ ਅਤੇ ਕੰਮ ਕਰਨ ਦਾ ਢੰਗ ਹਮੇਸ਼ਾ ਸਹੀ ਸੀ। ਉਸ ਨੇ ਕਦੀ ਵੀ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਸਹੀ ਰਵੱਈਏ ਉੱਤੇ ਦੂਜਿਆਂ ਦੇ ਗ਼ਲਤ ਰਵੱਈਏ ਦਾ ਅਸਰ ਨਹੀਂ ਪੈਣ ਦਿੱਤਾ। ਸਾਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦੀ ਵਫ਼ਾਦਾਰੀ ਨਾਲ ਸੇਵਾ ਕਰਨ ਕਰਕੇ ਜਦੋਂ ਯਿਸੂ ਨੂੰ ਬਦਨਾਮ ਕੀਤਾ ਗਿਆ ਤੇ ਸਤਾਇਆ ਗਿਆ, ਤਾਂ ਉਸ ਨੇ ਬਿਨਾਂ ਕੋਈ ਸ਼ਿਕਾਇਤ ਕੀਤਿਆਂ ਧੀਰਜ ਨਾਲ ਸਭ ਕੁਝ ਸਹਿਣ ਕੀਤਾ। ਉਹ ਜਾਣਦਾ ਸੀ ਕਿ ਅਵਿਸ਼ਵਾਸੀ ਤੇ ਮੂਰਖ ਦੁਨੀਆਂ ਉਨ੍ਹਾਂ ਲੋਕਾਂ ਦਾ ਵਿਰੋਧ ਕਰੇਗੀ ਜਿਹੜੇ ਆਪਣੇ ਗੁਆਂਢੀ ਦੀ “ਭਲਿਆਈ” ਕਰਨੀ ਚਾਹੁੰਦੇ ਹਨ।

7. ਯਿਸੂ ਨੇ ਧੀਰਜ ਕਿਵੇਂ ਦਿਖਾਇਆ ਅਤੇ ਸਾਨੂੰ ਵੀ ਕਿਉਂ ਧੀਰਜ ਦਿਖਾਉਣਾ ਚਾਹੀਦਾ ਹੈ?

7 ਯਿਸੂ ਨੇ ਦੂਜੇ ਮਾਮਲਿਆਂ ਵਿਚ ਵੀ ਸਹੀ ਰਵੱਈਆ ਦਿਖਾਇਆ। ਉਹ ਕਦੀ ਵੀ ਯਹੋਵਾਹ ਦੇ ਮਕਸਦਾਂ ਪ੍ਰਤੀ ਬੇਸਬਰਾ ਨਹੀਂ ਹੋਇਆ, ਸਗੋਂ ਉਸ ਨੇ ਉਨ੍ਹਾਂ ਦੇ ਪੂਰਾ ਹੋਣ ਦੀ ਧੀਰਜ ਨਾਲ ਉਡੀਕ ਕੀਤੀ। (ਜ਼ਬੂਰ 110:1; ਮੱਤੀ 24:36; ਰਸੂਲਾਂ ਦੇ ਕਰਤੱਬ 2:32-36; ਇਬਰਾਨੀਆਂ 10:12, 13) ਇਸ ਤੋਂ ਇਲਾਵਾ, ਯਿਸੂ ਆਪਣੇ ਪੈਰੋਕਾਰਾਂ ਨਾਲ ਬੇਸਬਰੀ ਨਾਲ ਪੇਸ਼ ਨਹੀਂ ਆਇਆ। ਉਸ ਨੇ ਉਨ੍ਹਾਂ ਨੂੰ ਕਿਹਾ: “ਮੈਥੋਂ ਸਿੱਖੋ।” ਕਿਉਂ? ਕਿਉਂਕਿ ਉਹ “ਕੋਮਲ” ਸੀ, ਇਸ ਲਈ ਉਸ ਦੀ ਸਿੱਖਿਆ ਤੋਂ ਲੋਕ ਅਧਿਆਤਮਿਕ ਤੌਰ ਤੇ ਮਜ਼ਬੂਤ ਹੁੰਦੇ ਸਨ ਅਤੇ ਉਨ੍ਹਾਂ ਦਾ ਭਾਰ ਹੌਲਾ ਹੁੰਦਾ ਸੀ। ਉਹ “ਮਨ ਦਾ ਗ਼ਰੀਬ” ਵੀ ਸੀ, ਇਸ ਲਈ ਉਸ ਨੇ ਕਦੀ ਘਮੰਡ ਨਹੀਂ ਕੀਤਾ ਜਾਂ ਕੋਈ ਗੁਸਤਾਖ਼ੀ ਨਹੀਂ ਕੀਤੀ। (ਮੱਤੀ 11:29) ਪੌਲੁਸ ਨੇ ਸਾਨੂੰ ਯਿਸੂ ਦੇ ਇਸ ਰਵੱਈਏ ਦੀ ਨਕਲ ਕਰਨ ਲਈ ਉਤਸ਼ਾਹਿਤ ਕੀਤਾ। ਉਸ ਨੇ ਕਿਹਾ: “ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ। ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ।”—ਫ਼ਿਲਿੱਪੀਆਂ 2:5-7.

8, 9. (ੳ) ਸਾਨੂੰ ਆਪਣੇ ਵਿਚ ਨਿਰਸੁਆਰਥੀ ਰਵੱਈਆ ਪੈਦਾ ਕਰਨ ਲਈ ਮਿਹਨਤ ਕਿਉਂ ਕਰਨੀ ਪੈਂਦੀ ਹੈ? (ਅ) ਸਾਨੂੰ ਇਸ ਗੱਲ ਤੋਂ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ ਕਿ ਅਸੀਂ ਯਿਸੂ ਦੇ ਨਮੂਨੇ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ ਅਤੇ ਪੌਲੁਸ ਨੇ ਇਸ ਸੰਬੰਧ ਵਿਚ ਕਿਵੇਂ ਇਕ ਚੰਗੀ ਮਿਸਾਲ ਕਾਇਮ ਕੀਤੀ?

8 ਇਹ ਕਹਿਣਾ ਆਸਾਨ ਹੈ ਕਿ ਅਸੀਂ ਦੂਸਰਿਆਂ ਦੀ ਸੇਵਾ ਕਰਨੀ ਚਾਹੁੰਦੇ ਹਾਂ ਅਤੇ ਪਹਿਲਾਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੁੰਦੇ ਹਾਂ। ਪਰ ਜੇ ਅਸੀਂ ਆਪਣੇ ਆਪ ਦੀ ਈਮਾਨਦਾਰੀ ਨਾਲ ਜਾਂਚ ਕਰੀਏ, ਤਾਂ ਸਾਨੂੰ ਸ਼ਾਇਦ ਪਤਾ ਲੱਗੇਗਾ ਕਿ ਅਜਿਹਾ ਕਰਨ ਲਈ ਸਾਡਾ ਦਿਲ ਪੂਰੀ ਤਰ੍ਹਾਂ ਨਹੀਂ ਮੰਨਦਾ। ਕਿਉਂ ਨਹੀਂ? ਕਿਉਂਕਿ ਸਾਨੂੰ ਆਦਮ ਅਤੇ ਹੱਵਾਹ ਤੋਂ ਵਿਰਸੇ ਵਿਚ ਬਹੁਤ ਸਾਰੇ ਔਗੁਣ ਮਿਲੇ ਹਨ ਜਿਵੇਂ ਕਿ ਸੁਆਰਥੀ ਇੱਛਾ। ਅਤੇ ਅਸੀਂ ਉਸ ਦੁਨੀਆਂ ਵਿਚ ਰਹਿੰਦੇ ਹਾਂ ਜਿਸ ਵਿਚ ਸੁਆਰਥ ਨੂੰ ਪਹਿਲ ਦਿੱਤੀ ਜਾਂਦੀ ਹੈ। (ਅਫ਼ਸੀਆਂ 4:17, 18) ਆਪਣੇ ਵਿਚ ਨਿਰਸੁਆਰਥੀ ਰਵੱਈਆ ਪੈਦਾ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੇ ਪੈਦਾਇਸ਼ੀ ਅਪੂਰਣ ਸੁਭਾਅ ਦੇ ਉਲਟ ਕੰਮ ਕਰਨ ਦੀ ਆਦਤ ਪਾਈਏ। ਇਸ ਦੇ ਲਈ ਸਾਨੂੰ ਮਿਹਨਤ ਕਰਨ ਦਾ ਪੱਕਾ ਇਰਾਦਾ ਕਰਨਾ ਪਵੇਗਾ।

9 ਸਾਡੀ ਨਾਮੁਕੰਮਲਤਾ ਯਿਸੂ ਦੇ ਮੁਕੰਮਲ ਨਮੂਨੇ ਤੋਂ ਬਿਲਕੁਲ ਉਲਟ ਹੈ। ਇਸ ਕਾਰਨ ਅਸੀਂ ਨਿਰਾਸ਼ ਹੋ ਸਕਦੇ ਹਾਂ। ਅਸੀਂ ਸ਼ਾਇਦ ਇਹ ਸ਼ੱਕ ਕਰੀਏ ਕਿ ਅਸੀਂ ਯਿਸੂ ਵਰਗਾ ਰਵੱਈਆ ਰੱਖ ਹੀ ਨਹੀਂ ਸਕਦੇ। ਪਰ ਪੌਲੁਸ ਦੇ ਉਤਸ਼ਾਹ ਦੇਣ ਵਾਲੇ ਸ਼ਬਦਾਂ ਵੱਲ ਧਿਆਨ ਦਿਓ: “ਮੈਂ ਜਾਣਦਾ ਤਾਂ ਹਾਂ ਭਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਭਲਾ ਕਰਨਾ ਹੈ ਨਹੀਂ। ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ। ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ।” (ਰੋਮੀਆਂ 7:18, 19, 22, 23) ਇਹ ਸੱਚ ਹੈ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਪੌਲੁਸ ਦੀ ਨਾਮੁਕੰਮਲਤਾ ਵਾਰ-ਵਾਰ ਰੁਕਾਵਟ ਬਣੀ। ਪਰ ਉਸ ਦਾ ਰਵੱਈਆ ਯਾਨੀ ਯਹੋਵਾਹ ਅਤੇ ਉਸ ਦੀ ਬਿਵਸਥਾ ਬਾਰੇ ਉਸ ਦਾ ਸੋਚਣ ਅਤੇ ਸਮਝਣ ਦਾ ਢੰਗ ਇਕ ਮਿਸਾਲ ਸੀ। ਅਸੀਂ ਵੀ ਇਸ ਤਰ੍ਹਾਂ ਦੀ ਮਿਸਾਲ ਕਾਇਮ ਕਰ ਸਕਦੇ ਹਾਂ।

ਗ਼ਲਤ ਰਵੱਈਏ ਨੂੰ ਠੀਕ ਕਰਨਾ

10. ਪੌਲੁਸ ਨੇ ਫ਼ਿਲਿੱਪੀਆਂ ਨੂੰ ਕਿਸ ਤਰ੍ਹਾਂ ਦਾ ਰਵੱਈਆ ਰੱਖਣ ਲਈ ਪ੍ਰੇਰਿਆ ਸੀ?

10 ਕੀ ਕੁਝ ਲੋਕਾਂ ਨੂੰ ਆਪਣੇ ਗ਼ਲਤ ਰਵੱਈਏ ਨੂੰ ਠੀਕ ਕਰਨ ਦੀ ਲੋੜ ਹੈ? ਜੀ ਹਾਂ। ਪਹਿਲੀ ਸਦੀ ਵਿਚ ਕੁਝ ਮਸੀਹੀਆਂ ਨੂੰ ਇਸ ਤਰ੍ਹਾਂ ਕਰਨਾ ਪਿਆ ਸੀ। ਫ਼ਿਲਿੱਪੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਨੇ ਸਹੀ ਰਵੱਈਆ ਰੱਖਣ ਬਾਰੇ ਕਿਹਾ ਸੀ। ਉਸ ਨੇ ਲਿਖਿਆ: “ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ [ਯਾਨੀ ਪੁਨਰ-ਉਥਾਨ ਰਾਹੀਂ ਸਵਰਗੀ ਜੀਵਨ] ਅਥਵਾ ਮੈਂ ਅਜੇ ਸਿੱਧ ਹੋ ਗਿਆ ਪਰ ਮੈਂ ਪਿੱਛੇ ਲੱਗਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ ਜਿਹ ਦੇ ਲਈ ਮਸੀਹ ਯਿਸੂ ਨੇ ਮੈਨੂੰ ਭੀ ਹੱਥ ਪਾਇਆ ਸੀ। ਹੇ ਭਰਾਵੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵਧ ਕੇ ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ। ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖਿਆਲ [“ਇਹੋ ਰਵੱਈਆ ਰੱਖੀਏ,” ਨਿ ਵ] ਰੱਖੀਏ।”—ਫ਼ਿਲਿੱਪੀਆਂ 3:12-15.

11, 12. ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਸਾਡੇ ਸਾਮ੍ਹਣੇ ਸਹੀ ਰਵੱਈਆ ਪ੍ਰਗਟ ਕੀਤਾ ਹੈ?

11 ਪੌਲੁਸ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਜਿਹੜਾ ਵੀ ਮਸੀਹੀ ਤਰੱਕੀ ਕਰਨ ਦੀ ਲੋੜ ਮਹਿਸੂਸ ਨਹੀਂ ਕਰਦਾ, ਉਸ ਦਾ ਰਵੱਈਆ ਗ਼ਲਤ ਹੈ। ਉਹ ਮਸੀਹ ਦਾ ਰਵੱਈਆ ਅਪਣਾਉਣ ਵਿਚ ਫੇਲ੍ਹ ਹੋ ਗਿਆ ਹੈ। (ਇਬਰਾਨੀਆਂ 4:11; 2 ਪਤਰਸ 1:10; 3:14) ਕੀ ਉਹ ਆਪਣੇ ਆਪ ਨੂੰ ਬਦਲ ਹੀ ਨਹੀਂ ਸਕਦਾ? ਜੇ ਉਹ ਆਪਣੇ ਰਵੱਈਏ ਨੂੰ ਬਦਲਣਾ ਚਾਹੁੰਦਾ ਹੈ, ਤਾਂ ਪਰਮੇਸ਼ੁਰ ਉਸ ਦੀ ਮਦਦ ਕਰ ਸਕਦਾ ਹੈ। ਪੌਲੁਸ ਨੇ ਅੱਗੇ ਕਿਹਾ: “ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰਾਂ ਦਾ ਖਿਆਲ ਹੋਵੇ ਤਾਂ ਪਰਮੇਸ਼ੁਰ ਤੁਹਾਡੇ ਉੱਤੇ ਉਹ [ਰਵੱਈਆ] ਭੀ ਪਰਗਟ ਕਰ ਦੇਵੇਗਾ।”—ਫ਼ਿਲਿੱਪੀਆਂ 3:15.

12 ਪਰ ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਸਾਮ੍ਹਣੇ ਸਹੀ ਰਵੱਈਆ ਪ੍ਰਗਟ ਕਰੇ, ਤਾਂ ਸਾਨੂੰ ਪਹਿਲਾਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਜਿਨ੍ਹਾਂ ਵਿਅਕਤੀਆਂ ਨੂੰ “ਹੋਰ ਤਰ੍ਹਾਂ ਦਾ ਖਿਆਲ” ਹੈ, ਉਹ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਦੀ ਮਦਦ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਾਰਥਨਾਪੂਰਵਕ ਅਧਿਐਨ ਕਰ ਕੇ ਆਪਣੇ ਵਿਚ ਸਹੀ ਰਵੱਈਆ ਪੈਦਾ ਕਰ ਸਕਦੇ ਹਨ। (ਮੱਤੀ 24:45) “ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ” ਕਰਨ ਲਈ ਪਵਿੱਤਰ ਆਤਮਾ ਦੁਆਰਾ ਨਿਯੁਕਤ ਕੀਤੇ ਗਏ ਮਸੀਹੀ ਬਜ਼ੁਰਗ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। (ਰਸੂਲਾਂ ਦੇ ਕਰਤੱਬ 20:28) ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਸਾਡੀ ਨਾਮੁਕੰਮਲਤਾ ਦਾ ਖ਼ਿਆਲ ਰੱਖਦਾ ਹੈ ਤੇ ਪਿਆਰ ਨਾਲ ਸਾਡੀ ਮਦਦ ਕਰਦਾ ਹੈ! ਆਓ ਆਪਾਂ ਉਸ ਦੀ ਮਦਦ ਨੂੰ ਸਵੀਕਾਰ ਕਰੀਏ।

ਦੂਸਰਿਆਂ ਤੋਂ ਸਿੱਖੋ

13. ਬਾਈਬਲ ਵਿਚ ਅੱਯੂਬ ਦੇ ਜੀਵਨ ਉੱਤੇ ਵਿਚਾਰ ਕਰਨ ਨਾਲ ਅਸੀਂ ਸਹੀ ਰਵੱਈਏ ਬਾਰੇ ਕੀ ਸਿੱਖਦੇ ਹਾਂ?

13 ਰੋਮੀਆਂ ਦੇ 15ਵੇਂ ਅਧਿਆਇ ਵਿਚ ਪੌਲੁਸ ਦਿਖਾਉਂਦਾ ਹੈ ਕਿ ਪੁਰਾਣੀਆਂ ਉਦਾਹਰਣਾਂ ਉੱਤੇ ਮਨਨ ਕਰਨ ਨਾਲ ਅਸੀਂ ਆਪਣੇ ਰਵੱਈਏ ਨੂੰ ਬਦਲ ਸਕਦੇ ਹਾਂ। ਉਹ ਲਿਖਦਾ ਹੈ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਪੁਰਾਣੇ ਸਮੇਂ ਵਿਚ ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕਾਂ ਨੂੰ ਆਪਣੇ ਰਵੱਈਏ ਨੂੰ ਬਦਲਣ ਦੀ ਲੋੜ ਪਈ ਸੀ। ਉਦਾਹਰਣ ਲਈ, ਅੱਯੂਬ ਦਾ ਰਵੱਈਆ ਬਹੁਤ ਵਧੀਆ ਸੀ। ਉਸ ਨੇ ਕਦੀ ਯਹੋਵਾਹ ਨੂੰ ਬੁਰਾ-ਭਲਾ ਨਹੀਂ ਕਿਹਾ ਸੀ ਅਤੇ ਨਾ ਹੀ ਉਸ ਨੇ ਆਪਣੇ ਦੁੱਖਾਂ ਕਰਕੇ ਪਰਮੇਸ਼ੁਰ ਵਿਚ ਭਰੋਸਾ ਰੱਖਣਾ ਛੱਡਿਆ ਸੀ। (ਅੱਯੂਬ 1:8, 21, 22) ਪਰ ਉਸ ਨੇ ਆਪਣੇ ਆਪ ਨੂੰ ਕਈ ਵਾਰ ਸੱਚਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ। ਯਹੋਵਾਹ ਨੇ ਅਲੀਹੂ ਨੂੰ ਕਿਹਾ ਕਿ ਉਹ ਜਾ ਕੇ ਅੱਯੂਬ ਦੀ ਆਪਣੇ ਰਵੱਈਏ ਨੂੰ ਸੁਧਾਰਨ ਵਿਚ ਮਦਦ ਕਰੇ। ਬੇਇੱਜ਼ਤੀ ਮਹਿਸੂਸ ਕਰਨ ਦੀ ਬਜਾਇ ਅੱਯੂਬ ਨੇ ਨਿਮਰਤਾ ਨਾਲ ਆਪਣੇ ਰਵੱਈਏ ਨੂੰ ਬਦਲਿਆ।—ਅੱਯੂਬ 42:1-6.

14. ਜਦੋਂ ਸਾਨੂੰ ਆਪਣੇ ਰਵੱਈਏ ਨੂੰ ਬਦਲਣ ਲਈ ਸਲਾਹ ਦਿੱਤੀ ਜਾਂਦੀ ਹੈ, ਤਾਂ ਅਸੀਂ ਕਿਵੇਂ ਅੱਯੂਬ ਵਰਗੇ ਬਣ ਸਕਦੇ ਹਾਂ?

14 ਜੇ ਅਸੀਂ ਅੱਯੂਬ ਦੀ ਜਗ੍ਹਾ ਹੁੰਦੇ, ਤਾਂ ਕੀ ਅਸੀਂ ਉਸ ਵਰਗਾ ਹੀ ਰਵੱਈਆ ਦਿਖਾਉਂਦੇ ਜਦੋਂ ਸਾਨੂੰ ਕੋਈ ਸੰਗੀ ਮਸੀਹੀ ਦੱਸਦਾ ਕਿ ਸਾਡਾ ਰਵੱਈਆ ਗ਼ਲਤ ਹੈ? ਅੱਯੂਬ ਵਾਂਗ ਆਓ ਆਪਾਂ ਕਦੀ ‘ਪਰਮੇਸ਼ੁਰ ਉੱਤੇ ਬੇ ਅਕਲੀ ਦਾ ਦੋਸ਼ ਨਾ ਲਾਈਏ।’ (ਅੱਯੂਬ 1:22) ਜੇ ਅਸੀਂ ਬਿਨਾਂ ਕਿਸੇ ਕਾਰਨ ਦੁੱਖ ਸਹਿੰਦੇ ਹਾਂ, ਤਾਂ ਸਾਨੂੰ ਇਸ ਕਰਕੇ ਕਦੀ ਯਹੋਵਾਹ ਨੂੰ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਜਾਂ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ। ਆਪਣੇ ਆਪ ਨੂੰ ਸੱਚਾ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰੋ ਅਤੇ ਹਮੇਸ਼ਾ ਯਾਦ ਰੱਖੋ ਕਿ ਸਾਨੂੰ ਯਹੋਵਾਹ ਦੀ ਸੇਵਾ ਵਿਚ ਚਾਹੇ ਜਿੰਨੇ ਮਰਜ਼ੀ ਵਿਸ਼ੇਸ਼ ਸਨਮਾਨ ਕਿਉਂ ਨਾ ਮਿਲੇ ਹੋਣ, ਅਸੀਂ ਫਿਰ ਵੀ “ਨਿਕੰਮੇ ਬੰਦੇ” ਹਾਂ।—ਲੂਕਾ 17:10.

15. (ੳ) ਯਿਸੂ ਦੇ ਕੁਝ ਪੈਰੋਕਾਰਾਂ ਨੇ ਕਿਸ ਤਰ੍ਹਾਂ ਦਾ ਗ਼ਲਤ ਰਵੱਈਆ ਦਿਖਾਇਆ ਸੀ? (ਅ) ਪਤਰਸ ਨੇ ਕਿਵੇਂ ਵਧੀਆ ਰਵੱਈਆ ਦਿਖਾਇਆ ਸੀ?

15 ਪਹਿਲੀ ਸਦੀ ਦੌਰਾਨ ਕੁਝ ਲੋਕਾਂ ਨੇ ਯਿਸੂ ਦੀਆਂ ਗੱਲਾਂ ਸੁਣੀਆਂ ਸਨ, ਪਰ ਫਿਰ ਵੀ ਉਨ੍ਹਾਂ ਨੇ ਗ਼ਲਤ ਰਵੱਈਆ ਦਿਖਾਇਆ। ਇਕ ਵਾਰ ਯਿਸੂ ਨੇ ਅਜਿਹੀ ਗੱਲ ਕਹੀ ਜੋ ਸਮਝਣੀ ਔਖੀ ਸੀ। ਇਸ ਕਰਕੇ, “ਉਹ ਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ ਜੋ ਇਹ ਔਖੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ?” ਜਿਨ੍ਹਾਂ ਨੇ ਇਹ ਕਿਹਾ ਸੀ, ਉਨ੍ਹਾਂ ਦਾ ਰਵੱਈਆ ਬਿਲਕੁਲ ਗ਼ਲਤ ਸੀ। ਅਤੇ ਆਪਣੇ ਇਸ ਗ਼ਲਤ ਰਵੱਈਏ ਕਰਕੇ ਉਨ੍ਹਾਂ ਨੇ ਯਿਸੂ ਦੀ ਗੱਲ ਸੁਣਨੀ ਹੀ ਬੰਦ ਕਰ ਦਿੱਤੀ। ਬਾਈਬਲ ਦੱਸਦੀ ਹੈ: “ਇਸ ਗੱਲ ਤੋਂ ਉਹ ਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਹਾਂ ਨੂੰ ਫਿਰ ਗਏ ਅਤੇ ਮੁੜ ਉਹ ਦੇ ਨਾਲ ਨਾ ਚੱਲੇ।” ਕੀ ਸਾਰਿਆਂ ਦਾ ਰਵੱਈਆ ਗ਼ਲਤ ਸੀ? ਨਹੀਂ। ਬਾਈਬਲ ਅੱਗੇ ਦੱਸਦੀ ਹੈ: “ਉਪਰੰਤ ਯਿਸੂ ਨੇ ਉਨ੍ਹਾਂ ਬਾਰਾਂ ਨੂੰ ਆਖਿਆ, ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ? ਸ਼ਮਊਨ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ?” ਫਿਰ ਪਤਰਸ ਨੇ ਆਪ ਹੀ ਆਪਣੇ ਸਵਾਲ ਦਾ ਜਵਾਬ ਦਿੱਤਾ: “ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।” (ਯੂਹੰਨਾ 6:60, 66-68) ਪਤਰਸ ਨੇ ਕਿੰਨਾ ਵਧੀਆ ਰਵੱਈਆ ਦਿਖਾਇਆ! ਜਦੋਂ ਸਾਡੇ ਲਈ ਆਇਤਾਂ ਦੀ ਸਮਝ ਵਿਚ ਕੀਤੇ ਸੁਧਾਰ ਨੂੰ ਪਹਿਲਾਂ-ਪਹਿਲ ਸਮਝਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਕੀ ਇਹ ਚੰਗੀ ਗੱਲ ਨਹੀਂ ਕਿ ਅਸੀਂ ਪਤਰਸ ਵਰਗਾ ਰਵੱਈਆ ਦਿਖਾਈਏ? ਕੁਝ ਗੱਲਾਂ ਸਮਝਣ ਵਿਚ ਔਖੀਆਂ ਹੋਣ ਕਰਕੇ ਯਹੋਵਾਹ ਦੀ ਸੇਵਾ ਕਰਨੀ ਛੱਡਣੀ ਜਾਂ “ਖਰੀਆਂ ਗੱਲਾਂ ਦੇ ਨਮੂਨੇ” ਅਨੁਸਾਰ ਬੋਲਣਾ ਛੱਡ ਦੇਣਾ ਕਿੰਨੀ ਬੇਵਕੂਫ਼ੀ ਦੀ ਗੱਲ ਹੈ!—2 ਤਿਮੋਥਿਉਸ 1:13.

16. ਯਿਸੂ ਦੇ ਦਿਨਾਂ ਦੇ ਯਹੂਦੀ ਧਾਰਮਿਕ ਆਗੂਆਂ ਨੇ ਕਿਸ ਤਰ੍ਹਾਂ ਦਾ ਘਟੀਆ ਰਵੱਈਆ ਦਿਖਾਇਆ ਸੀ?

16 ਪਹਿਲੀ ਸਦੀ ਦੇ ਯਹੂਦੀ ਧਾਰਮਿਕ ਆਗੂ ਯਿਸੂ ਵਰਗਾ ਰਵੱਈਆ ਦਿਖਾਉਣ ਵਿਚ ਨਾਕਾਮਯਾਬ ਰਹੇ। ਉਨ੍ਹਾਂ ਨੇ ਯਿਸੂ ਦੀ ਗੱਲ ਨਾ ਸੁਣਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਉਨ੍ਹਾਂ ਨੇ ਖ਼ਾਸ ਕਰਕੇ ਉਦੋਂ ਗ਼ਲਤ ਰਵੱਈਆ ਦਿਖਾਇਆ ਜਦੋਂ ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ ਸੀ। ਸਹੀ ਰਵੱਈਆ ਰੱਖਣ ਵਾਲੇ ਕਿਸੇ ਵੀ ਇਨਸਾਨ ਲਈ ਉਹ ਚਮਤਕਾਰ ਇਸ ਗੱਲ ਦਾ ਪੱਕਾ ਸਬੂਤ ਹੁੰਦਾ ਕਿ ਪਰਮੇਸ਼ੁਰ ਨੇ ਹੀ ਯਿਸੂ ਨੂੰ ਘੱਲਿਆ ਸੀ। ਪਰ ਅਸੀਂ ਪੜ੍ਹਦੇ ਹਾਂ: “ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾ ਸਭਾ ਇਕੱਠੀ ਕਰ ਕੇ ਕਿਹਾ, ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ? ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਅਰ ਨਾਲੇ ਸਾਡੀ ਕੌਮ ਭੀ ਲੈ ਲੈਣਗੇ।” ਉਨ੍ਹਾਂ ਨੇ ਕੀ ਹੱਲ ਕੱਢਿਆ? “ਉਨ੍ਹਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਭਈ ਉਸ ਨੂੰ ਜਾਨੋਂ ਮਾਰਨ।” ਯਿਸੂ ਨੂੰ ਮਰਵਾਉਣ ਤੋਂ ਇਲਾਵਾ ਉਨ੍ਹਾਂ ਨੇ ਉਸ ਦੇ ਚਮਤਕਾਰ ਦੇ ਜੀਉਂਦੇ ਜਾਗਦੇ ਸਬੂਤ ਨੂੰ ਵੀ ਖ਼ਤਮ ਕਰਨ ਦਾ ਫ਼ੈਸਲਾ ਕੀਤਾ। “ਪਰਧਾਨ ਜਾਜਕਾਂ ਨੇ ਮਤਾ ਪਕਾਇਆ ਜੋ ਲਾਜ਼ਰ ਨੂੰ ਵੀ ਜਾਨੋਂ ਮਾਰ ਦੇਈਏ।” (ਯੂਹੰਨਾ 11:47, 48, 53; 12:9-11) ਇਹ ਕਿੰਨੀ ਮਾੜੀ ਗੱਲ ਹੈ ਜੇ ਅਸੀਂ ਆਪਣੇ ਵਿਚ ਅਜਿਹਾ ਰਵੱਈਆ ਪੈਦਾ ਕਰਦੇ ਹਾਂ ਅਤੇ ਉਨ੍ਹਾਂ ਗੱਲਾਂ ਕਰਕੇ ਚਿੜ੍ਹਦੇ ਹਾਂ ਜਾਂ ਪਰੇਸ਼ਾਨ ਹੁੰਦੇ ਹਾਂ ਜਿਨ੍ਹਾਂ ਕਰਕੇ ਅਸਲ ਵਿਚ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ! ਜੀ ਹਾਂ, ਇਹ ਖ਼ਤਰਨਾਕ ਗੱਲ ਹੈ!

ਮਸੀਹ ਦੇ ਸਹੀ ਰਵੱਈਏ ਦੀ ਨਕਲ ਕਰਨੀ

17. (ੳ) ਕਿਨ੍ਹਾਂ ਹਾਲਾਤਾਂ ਵਿਚ ਦਾਨੀਏਲ ਨੇ ਨਿਡਰ ਰਵੱਈਆ ਦਿਖਾਇਆ ਸੀ? (ਅ) ਯਿਸੂ ਨੇ ਕਿਵੇਂ ਦਲੇਰੀ ਦਿਖਾਈ ਸੀ?

17 ਯਹੋਵਾਹ ਦੇ ਸੇਵਕ ਸਹੀ ਰਵੱਈਆ ਦਿਖਾਉਂਦੇ ਹਨ। ਜਦੋਂ ਦਾਨੀਏਲ ਦੇ ਦੁਸ਼ਮਣਾਂ ਨੇ ਇਕ ਕਾਨੂੰਨ ਪਾਸ ਕਰਵਾ ਦਿੱਤਾ ਸੀ ਕਿ ਕੋਈ ਵੀ ਵਿਅਕਤੀ 30 ਦਿਨਾਂ ਤਕ ਰਾਜੇ ਤੋਂ ਬਿਨਾਂ ਕਿਸੇ ਵੀ ਦੇਵਤੇ ਜਾਂ ਇਨਸਾਨ ਦੀ ਪੂਜਾ ਨਾ ਕਰੇ, ਤਾਂ ਦਾਨੀਏਲ ਜਾਣਦਾ ਸੀ ਕਿ ਇਹ ਯਹੋਵਾਹ ਨਾਲ ਉਸ ਦੇ ਰਿਸ਼ਤੇ ਉੱਤੇ ਹਮਲਾ ਸੀ। ਕੀ ਉਹ ਡਰ ਕੇ 30 ਦਿਨਾਂ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਛੱਡ ਦੇਵੇਗਾ? ਨਹੀਂ, ਉਹ ਨਿਡਰਤਾ ਨਾਲ ਆਪਣੀ ਆਦਤ ਅਨੁਸਾਰ ਦਿਨ ਵਿਚ ਤਿੰਨ ਵਾਰ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ। (ਦਾਨੀਏਲ 6:6-17) ਇਸੇ ਤਰ੍ਹਾਂ ਯਿਸੂ ਵੀ ਆਪਣੇ ਦੁਸ਼ਮਣਾਂ ਤੋਂ ਨਹੀਂ ਡਰਿਆ। ਇਕ ਸਬਤ ਦੇ ਦਿਨ ਤੇ ਯਿਸੂ ਇਕ ਆਦਮੀ ਨੂੰ ਮਿਲਿਆ ਜਿਸ ਦਾ ਹੱਥ ਸੁੱਕਿਆ ਹੋਇਆ ਸੀ। ਯਿਸੂ ਜਾਣਦਾ ਸੀ ਕਿ ਉੱਥੇ ਹਾਜ਼ਰ ਬਹੁਤ ਸਾਰੇ ਯਹੂਦੀ ਖ਼ੁਸ਼ ਨਹੀਂ ਹੋਣਗੇ ਜੇ ਉਹ ਕਿਸੇ ਨੂੰ ਸਬਤ ਦੇ ਦਿਨ ਚੰਗਾ ਕਰੇਗਾ। ਉਸ ਨੇ ਇਸ ਮਾਮਲੇ ਵਿਚ ਉਨ੍ਹਾਂ ਦੀ ਰਾਇ ਪੁੱਛੀ। ਜਦੋਂ ਉਨ੍ਹਾਂ ਨੇ ਆਪਣੀ ਰਾਇ ਨਹੀਂ ਦਿੱਤੀ, ਤਾਂ ਯਿਸੂ ਨੇ ਉਸ ਆਦਮੀ ਨੂੰ ਚੰਗਾ ਕਰ ਦਿੱਤਾ। (ਮਰਕੁਸ 3:1-6) ਯਿਸੂ ਨੇ ਜਦੋਂ ਵੀ ਕੋਈ ਕੰਮ ਕਰਨਾ ਠੀਕ ਸਮਝਿਆ, ਉਸ ਨੂੰ ਕਰਨ ਲਈ ਉਹ ਕਦੀ ਵੀ ਪਿੱਛੇ ਨਹੀਂ ਹਟਿਆ।

18. ਕੁਝ ਲੋਕ ਸਾਡਾ ਵਿਰੋਧ ਕਿਉਂ ਕਰਦੇ ਹਨ, ਪਰ ਸਾਨੂੰ ਗ਼ਲਤ ਰਵੱਈਏ ਦਾ ਕਿਸ ਤਰ੍ਹਾਂ ਸਾਮ੍ਹਣਾ ਕਰਨਾ ਚਾਹੀਦਾ ਹੈ?

18 ਅੱਜ ਯਹੋਵਾਹ ਦੇ ਗਵਾਹ ਇਹ ਜਾਣਦੇ ਹਨ ਕਿ ਵਿਰੋਧੀਆਂ ਦੇ ਗ਼ਲਤ ਰਵੱਈਏ ਕਰਕੇ ਉਨ੍ਹਾਂ ਨੂੰ ਕਦੀ ਵੀ ਡਰਨਾ ਨਹੀਂ ਚਾਹੀਦਾ। ਨਹੀਂ ਤਾਂ, ਉਹ ਯਿਸੂ ਵਰਗਾ ਰਵੱਈਆ ਨਹੀਂ ਦਿਖਾਉਂਦੇ ਹੋਣਗੇ। ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਕਰਦੇ ਹਨ ਕਿਉਂਕਿ ਕਈ ਲੋਕ ਸੱਚਾਈ ਨਹੀਂ ਜਾਣਦੇ ਹਨ ਤੇ ਕਈ ਲੋਕ ਗਵਾਹਾਂ ਨਾਲ ਜਾਂ ਉਨ੍ਹਾਂ ਦੇ ਸੰਦੇਸ਼ ਨਾਲ ਨਫ਼ਰਤ ਕਰਦੇ ਹਨ। ਪਰ ਆਓ ਆਪਾਂ ਕਦੀ ਉਨ੍ਹਾਂ ਦੇ ਇਸ ਵਿਰੋਧੀ ਰਵੱਈਏ ਦਾ ਆਪਣੇ ਸਹੀ ਰਵੱਈਏ ਉੱਤੇ ਅਸਰ ਨਾ ਪੈਣ ਦੇਈਏ। ਅਤੇ ਕਦੀ ਕਿਸੇ ਨੂੰ ਆਪਣੀ ਉਪਾਸਨਾ ਦੇ ਰਾਹ ਵਿਚ ਰੁਕਾਵਟ ਨਾ ਬਣਨ ਦੇਈਏ।

19. ਅਸੀਂ ਯਿਸੂ ਮਸੀਹ ਵਰਗਾ ਰਵੱਈਆ ਕਿਵੇਂ ਦਿਖਾ ਸਕਦੇ ਹਾਂ?

19 ਯਿਸੂ ਨੇ ਆਪਣੇ ਪੈਰੋਕਾਰਾਂ ਅਤੇ ਯਹੋਵਾਹ ਦੇ ਪ੍ਰਬੰਧਾਂ ਪ੍ਰਤੀ ਹਮੇਸ਼ਾ ਸਹੀ ਰਵੱਈਆ ਦਿਖਾਇਆ, ਭਾਵੇਂ ਇਸ ਤਰ੍ਹਾਂ ਕਰਨਾ ਕਿੰਨਾ ਵੀ ਮੁਸ਼ਕਲ ਕਿਉਂ ਨਹੀਂ ਸੀ। (ਮੱਤੀ 23:2, 3) ਸਾਨੂੰ ਉਸ ਦੀ ਉਦਾਹਰਣ ਤੇ ਚੱਲਣਾ ਚਾਹੀਦਾ ਹੈ। ਇਹ ਸੱਚ ਹੈ ਕਿ ਸਾਡੇ ਭਰਾ ਨਾਮੁਕੰਮਲ ਹਨ, ਪਰ ਅਸੀਂ ਵੀ ਨਾਮੁਕੰਮਲ ਹਾਂ। ਪਰ ਆਪਣੇ ਵਿਸ਼ਵ-ਵਿਆਪੀ ਭਾਈਚਾਰੇ ਤੋਂ ਇਲਾਵਾ ਸਾਨੂੰ ਚੰਗੇ ਸਾਥੀ ਅਤੇ ਵਫ਼ਾਦਾਰ ਦੋਸਤ ਹੋਰ ਕਿੱਥੇ ਮਿਲ ਸਕਦੇ ਹਨ? ਅਤੇ ਯਹੋਵਾਹ ਨੇ ਸਾਨੂੰ ਆਪਣੇ ਬਚਨ ਦੀ ਅਜੇ ਪੂਰੀ ਸਮਝ ਨਹੀਂ ਦਿੱਤੀ ਹੈ। ਪਰ ਦੇਖਿਆ ਜਾਏ, ਤਾਂ ਹੋਰ ਕਿਹੜੇ ਧਾਰਮਿਕ ਸਮੂਹ ਨੂੰ ਇੰਨੀ ਸਮਝ ਹੈ? ਇਸ ਲਈ ਆਓ ਆਪਾਂ ਹਮੇਸ਼ਾ ਸਹੀ ਰਵੱਈਆ ਰੱਖੀਏ, ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਯਿਸੂ ਮਸੀਹ ਦਾ ਸੀ। ਇਸ ਤੋਂ ਇਲਾਵਾ, ਸਹੀ ਰਵੱਈਆ ਰੱਖਣ ਵਿਚ ਇਹ ਵੀ ਜਾਣਨਾ ਸ਼ਾਮਲ ਹੈ ਕਿ ਅਸੀਂ ਯਹੋਵਾਹ ਦੀ ਕਿਵੇਂ ਉਡੀਕ ਕਰ ਸਕਦੇ ਹਾਂ। ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

[ਫੁਟਨੋਟ]

a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਕਿਤਾਬ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਵਿਚ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਦੱਸਿਆ ਗਿਆ ਹੈ।

ਕੀ ਤੁਸੀਂ ਸਮਝਾ ਸਕਦੇ ਹੋ?

• ਸਾਡੇ ਰਵੱਈਏ ਦਾ ਸਾਡੀ ਜ਼ਿੰਦਗੀ ਉੱਤੇ ਕੀ ਅਸਰ ਪੈਂਦਾ ਹੈ?

• ਯਿਸੂ ਮਸੀਹ ਦੇ ਰਵੱਈਏ ਬਾਰੇ ਦੱਸੋ।

• ਅਸੀਂ ਅੱਯੂਬ ਦੇ ਰਵੱਈਏ ਤੋਂ ਕੀ ਸਿੱਖ ਸਕਦੇ ਹਾਂ?

• ਵਿਰੋਧ ਦਾ ਸਾਮ੍ਹਣਾ ਕਰਨ ਵੇਲੇ ਸਾਨੂੰ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਣਾ ਚਾਹੀਦਾ ਹੈ?

[ਸਫ਼ੇ 7 ਉੱਤੇ ਤਸਵੀਰਾਂ]

ਸਹੀ ਰਵੱਈਆ ਰੱਖਣ ਵਾਲਾ ਮਸੀਹੀ ਦੂਜਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ

[ਸਫ਼ੇ 9 ਉੱਤੇ ਤਸਵੀਰ]

ਪਰਮੇਸ਼ੁਰ ਦੇ ਬਚਨ ਦਾ ਪ੍ਰਾਰਥਨਾਪੂਰਵਕ ਅਧਿਐਨ ਕਰਨ ਨਾਲ ਅਸੀਂ ਮਸੀਹ ਵਰਗਾ ਰਵੱਈਆ ਦਿਖਾ ਪਾਵਾਂਗੇ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ