ਯਿਸੂ ਵਰਗਾ ਸੁਭਾਅ ਪੈਦਾ ਕਰੋ
1. ਯਿਸੂ ਦਾ ਸੁਭਾਅ ਕਿਹੋ ਜਿਹਾ ਸੀ?
1 ਭਾਵੇਂ ਅਸੀਂ ਪਰਮੇਸ਼ੁਰ ਦੇ ਪੁੱਤਰ ਨੂੰ ਕਦੇ ਨਹੀਂ ਦੇਖਿਆ, ਪਰ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਪੜ੍ਹ ਕੇ ਅਸੀਂ ਉਸ ਨੂੰ ਦਿਲੋਂ ਪਿਆਰ ਕਰਨ ਲੱਗ ਪਏ ਹਾਂ। (1 ਪਤ. 1:8) ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਸਵਰਗ ਵਿਚ ਆਪਣੀ ਉੱਚੀ ਪਦਵੀ ਤਿਆਗੀ ਅਤੇ ਧਰਤੀ ਤੇ ਆ ਗਿਆ। ਧਰਤੀ ਉੱਤੇ ਰਹਿੰਦੇ ਹੋਏ ਉਸ ਨੇ ਬਿਨਾਂ ਕਿਸੇ ਸੁਆਰਥ ਦੇ ਦੂਸਰਿਆਂ ਦੀ ਸੇਵਾ ਕੀਤੀ ਅਤੇ ਦੁਨੀਆਂ ਦੀ ਖ਼ਾਤਰ ਆਪਣੀ ਕੁਰਬਾਨੀ ਦਿੱਤੀ। (ਮੱਤੀ 20:28) ਪਰਮੇਸ਼ੁਰ ਦਾ ਬਚਨ ਸਾਨੂੰ ਉਤਸ਼ਾਹ ਦਿੰਦਾ ਹੈ: “ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ।” ਅਸੀਂ ਉਸ ਦੇ ਨਿਰਸੁਆਰਥ ਰਵੱਈਏ ਦੀ ਕਿਵੇਂ ਨਕਲ ਕਰ ਸਕਦੇ ਹਾਂ?—ਫ਼ਿਲਿ. 2:5-8.
2. ਅੱਜ ਬਹੁਤ ਸਾਰੇ ਮਸੀਹੀਆਂ ਨੂੰ ਕਿਹੜੀ ਸਮੱਸਿਆ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਉਹ ਇਸ ਸਮੱਸਿਆ ਨੂੰ ਕਿਵੇਂ ਸੁਲਝਾ ਸਕਦੇ ਹਨ?
2 ਜਦੋਂ ਤੁਸੀਂ ਥੱਕੇ ਹੁੰਦੇ ਹੋ: ਭਾਵੇਂ ਯਿਸੂ ਮੁਕੰਮਲ ਸੀ, ਫਿਰ ਵੀ ਉਹ ਥੱਕ ਜਾਂਦਾ ਸੀ। ਇਕ ਵਾਰ ਉਹ ‘ਪੈਂਡੇ ਤੋਂ ਥੱਕਿਆ’ ਹੋਇਆ ਸੀ, ਫਿਰ ਵੀ ਉਸ ਨੇ ਧੀਰਜ ਨਾਲ ਇਕ ਸਾਮਰੀ ਤੀਵੀਂ ਨੂੰ ਗਵਾਹੀ ਦਿੱਤੀ। (ਯੂਹੰ. 4:6) ਅੱਜ ਬਹੁਤ ਸਾਰੇ ਮਸੀਹੀਆਂ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ। ਉਹ ਪੂਰਾ ਹਫ਼ਤਾ ਕੰਮ ਕਰ-ਕਰ ਕੇ ਥੱਕ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਵਿਚ ਪ੍ਰਚਾਰ ਵਿਚ ਹਿੱਸਾ ਲੈਣ ਦੀ ਤਾਕਤ ਨਹੀਂ ਰਹਿੰਦੀ। ਪਰ ਜੇ ਅਸੀਂ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲਵਾਂਗੇ, ਤਾਂ ਅਸੀਂ ਇਸ ਕੰਮ ਤੋਂ ਅਧਿਆਤਮਿਕ ਤੌਰ ਤੇ ਤਰੋਤਾਜ਼ਾ ਹੋਵਾਂਗੇ।—ਯੂਹੰ. 4:32-34.
3. ਅਸੀਂ ਯਿਸੂ ਵਾਂਗ ਸਿਖਾਉਣ ਦੀ ਇੱਛਾ ਕਿਵੇਂ ਰੱਖ ਸਕਦੇ ਹਾਂ?
3 ਇਕ ਹੋਰ ਮੌਕੇ ਤੇ ਯਿਸੂ ਅਤੇ ਉਸ ਦੇ ਚੇਲੇ ਘੜੀ ਕੁ ਆਰਾਮ ਕਰਨ ਲਈ ਕਿਸੇ ਇਕਾਂਤ ਥਾਂ ਤੇ ਜਾ ਰਹੇ ਸਨ। ਪਰ ਇਕ ਵੱਡੀ ਭੀੜ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਉਨ੍ਹਾਂ ਨੂੰ ਮਿਲਣ ਲਈ ਭੱਜ ਕੇ ਪਹਿਲਾਂ ਹੀ ਉਸ ਥਾਂ ਤੇ ਪਹੁੰਚ ਗਈ। ਚਿੜਨ ਦੀ ਬਜਾਇ, ਯਿਸੂ ਨੇ “ਉਨ੍ਹਾਂ ਤੇ ਤਰਸ ਖਾਧਾ” ਅਤੇ “ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।” (ਮਰ. 6:30-34) ਬਾਈਬਲ ਅਧਿਐਨ ਸ਼ੁਰੂ ਕਰਨ ਲਈ ਵੀ ਇਹੋ ਜਿਹੇ ਰਵੱਈਏ ਦੀ ਲੋੜ ਹੈ। ਇਸ ਲਈ ਵਾਰ-ਵਾਰ ਜਤਨ ਕਰਨਾ ਅਤੇ ਲੋਕਾਂ ਲਈ ਸੱਚਾ ਪਿਆਰ ਹੋਣਾ ਜ਼ਰੂਰੀ ਹੈ। ਜੇ ਤੁਸੀਂ ਇਸ ਵੇਲੇ ਕੋਈ ਬਾਈਬਲ ਅਧਿਐਨ ਨਹੀਂ ਕਰਾ ਰਹੇ, ਤਾਂ ਜਤਨ ਕਰਨ ਵਿਚ ਹਾਰ ਨਾ ਮੰਨੋ।
4. ਮਸੀਹ ਵਰਗਾ ਸੁਭਾਅ ਪੈਦਾ ਕਰਨ ਵਿਚ ਸਹਿਯੋਗੀ ਪਾਇਨੀਅਰੀ ਕਿਵੇਂ ਸਾਡੀ ਮਦਦ ਕਰ ਸਕਦੀ ਹੈ?
4 ਅਧਿਆਤਮਿਕ ਕੰਮਾਂ ਨੂੰ ਪਹਿਲ ਦਿਓ: ਸਹਿਯੋਗੀ ਪਾਇਨੀਅਰੀ ਅਧਿਆਤਮਿਕ ਕੰਮਾਂ ਵੱਲ ਹੋਰ ਜ਼ਿਆਦਾ ਧਿਆਨ ਦੇਣ ਵਿਚ ਸਾਡੀ ਮਦਦ ਕਰ ਸਕਦੀ ਹੈ। ਇਕ ਨੌਜਵਾਨ ਭੈਣ ਨੇ ਲਿਖਿਆ: “ਮੇਰੀ ਇਕ ਸਹੇਲੀ ਦੇ ਮਾਤਾ ਜੀ ਨੇ ਸਾਨੂੰ ਦੋਵਾਂ ਨੂੰ ਉਸ ਨਾਲ ਮਿਲ ਕੇ ਇਕ ਮਹੀਨੇ ਲਈ ਸਹਿਯੋਗੀ ਪਾਇਨੀਅਰੀ ਕਰਨ ਦੀ ਹੱਲਾਸ਼ੇਰੀ ਦਿੱਤੀ। ਮੈਂ ਬਹੁਤ ਖ਼ੁਸ਼ ਹਾਂ ਕਿ ਅਸੀਂ ਉਸ ਨਾਲ ਮਿਲ ਕੇ ਪਾਇਨੀਅਰੀ ਕੀਤੀ। ਮੈਂ ਭੈਣ-ਭਰਾਵਾਂ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕੀ ਅਤੇ ਹੁਣ ਉਹ ਮੈਨੂੰ ਆਪਣੇ ਪਰਿਵਾਰ ਦੇ ਮੈਂਬਰ ਹੀ ਲੱਗਦੇ ਹਨ। ਮੈਨੂੰ ਦੂਸਰਿਆਂ ਨਾਲ ਯਹੋਵਾਹ ਬਾਰੇ ਹੋਰ ਜ਼ਿਆਦਾ ਗੱਲ ਕਰ ਕੇ ਅਤੇ ਉਨ੍ਹਾਂ ਨੂੰ ਰਾਜ ਦੇ ਬਾਰੇ ਸੱਚਾਈਆਂ ਸਿਖਾ ਕੇ ਵੀ ਖ਼ੁਸ਼ੀ ਮਿਲੀ। ਇਨ੍ਹਾਂ ਸਭ ਗੱਲਾਂ ਕਰਕੇ ਮੈਂ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਹੋਰ ਨੇੜੇ ਮਹਿਸੂਸ ਕਰਦੀ ਹਾਂ।”—ਜ਼ਬੂ. 34:8.
5. ਸਾਨੂੰ ਯਿਸੂ ਵਰਗਾ ਸੁਭਾਅ ਪੈਦਾ ਕਰਨ ਦੀ ਲਗਾਤਾਰ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
5 ਸਾਨੂੰ ਹਮੇਸ਼ਾ ਇਹ ਸੰਘਰਸ਼ ਕਰਨਾ ਪੈਂਦਾ ਹੈ ਕਿ ਅਸੀਂ ਆਪਣੇ ਨਾਮੁਕੰਮਲ ਸਰੀਰ ਦੀਆਂ ਇੱਛਾਵਾਂ ਪੂਰੀਆਂ ਕਰਨ ਦੀ ਬਜਾਇ ਪਰਮੇਸ਼ੁਰ ਨੂੰ ਖ਼ੁਸ਼ ਕਰੀਏ। (ਰੋਮੀ. 7:21-23) ਸਾਨੂੰ ਦੁਨੀਆਂ ਵਾਂਗ ਆਲਸੀ ਬਣਨ ਤੋਂ ਦੂਰ ਰਹਿਣਾ ਚਾਹੀਦਾ ਹੈ। (ਮੱਤੀ 16:22, 23) ਯਹੋਵਾਹ ਆਪਣੀ ਪਵਿੱਤਰ ਆਤਮਾ ਰਾਹੀਂ ਸਾਡੀ ਇਸ ਮਾਮਲੇ ਵਿਚ ਮਦਦ ਕਰ ਸਕਦਾ ਹੈ। (ਗਲਾ. 5:16, 17) ਪਰਮੇਸ਼ੁਰ ਦੇ ਨਵੇਂ ਧਰਮੀ ਸੰਸਾਰ ਦੀ ਉਡੀਕ ਕਰਦੇ ਹੋਏ, ਆਓ ਆਪਾਂ ਰਾਜ ਦੇ ਕੰਮਾਂ ਨੂੰ ਅਤੇ ਆਪਣੇ ਹਿਤਾਂ ਦੀ ਬਜਾਇ ਦੂਸਰਿਆਂ ਦੇ ਹਿਤਾਂ ਨੂੰ ਪਹਿਲ ਦੇ ਕੇ ਮਸੀਹ ਵਰਗਾ ਸੁਭਾਅ ਪੈਦਾ ਕਰੀਏ।—ਮੱਤੀ 6:33; ਰੋਮੀ. 15:1-3.