ਖ਼ਤਰਿਆਂ ਭਰੀ ਜ਼ਿੰਦਗੀ
“ਇਕ ਦਿਨ ਵਿਚ ਤੁਸੀਂ ਜੋ ਵੀ ਕੰਮ ਕਰਦੇ ਹੋ, ਉਹ ਖ਼ਤਰਿਆਂ ਤੋਂ ਖਾਲੀ ਨਹੀਂ ਹੈ। ਇੱਥੋਂ ਤਕ ਕਿ ਸੌਣਾ ਵੀ ਤੁਹਾਡੀ ਜ਼ਿੰਦਗੀ ਦਾ ਆਖ਼ਰੀ ਕੰਮ ਹੋ ਸਕਦਾ ਹੈ।”—ਡਿਸਕਵਰ ਰਸਾਲਾ।
ਜ਼ਿੰਦਗੀ ਦੀ ਤੁਲਨਾ ਬਾਰੂਦੀ ਸੁਰੰਗਾਂ ਨਾਲ ਭਰੀ ਇਕ ਅਜਿਹੀ ਜਗ੍ਹਾ ਨਾਲ ਕੀਤੀ ਗਈ ਹੈ ਜਿੱਥੋਂ ਦੀ ਲੰਘਣ ਨਾਲ ਤੁਸੀਂ ਅਣਜਾਣੇ ਵਿਚ ਕਦੇ ਵੀ ਜ਼ਖ਼ਮੀ ਹੋ ਸਕਦੇ ਹੋ ਜਾਂ ਤੁਹਾਡੀ ਮੌਤ ਹੋ ਸਕਦੀ ਹੈ। ਵੱਖੋ-ਵੱਖ ਦੇਸ਼ਾਂ ਵਿਚ ਵੱਖੋ-ਵੱਖਰੇ ਖ਼ਤਰੇ ਹਨ। ਇਨ੍ਹਾਂ ਖ਼ਤਰਿਆਂ ਵਿਚ ਸੜਕ ਹਾਦਸੇ, ਘਰੇਲੂ ਯੁੱਧ, ਕਾਲ, ਏਡਜ਼, ਕੈਂਸਰ, ਦਿਲ ਦੀਆਂ ਬੀਮਾਰੀਆਂ ਤੇ ਹੋਰ ਕਈ ਗੱਲਾਂ ਸ਼ਾਮਲ ਹਨ। ਮਿਸਾਲ ਵਜੋਂ, ਯੂ.ਐੱਸ. ਨਿਊਜ਼ ਐਂਡ ਵਰਲਡ ਰਿਪੋਰਟ ਕਹਿੰਦੀ ਹੈ ਕਿ ਸਹਾਰਾ ਰੇਗਿਸਤਾਨ ਦੇ ਦੱਖਣ ਵਿਚ ਪੈਂਦੇ ਅਫ਼ਰੀਕੀ ਦੇਸ਼ਾਂ ਵਿਚ ਏਡਜ਼ ਦੀ ਬੀਮਾਰੀ ਅੱਵਲ ਨੰਬਰ ਦੀ ਕਾਤਲ ਹੈ ਜਿਸ ਨੇ ਹਾਲ ਹੀ ਦੇ ਇਕ ਸਾਲ ਵਿਚ “ਤਕਰੀਬਨ 22 ਲੱਖ ਜਾਨਾਂ ਲਈਆਂ। ਇਹ ਗਿਣਤੀ ਅਫ਼ਰੀਕਾ ਦੇ ਘਰੇਲੂ ਯੁੱਧਾਂ ਵਿਚ ਹੋਈਆਂ ਮੌਤਾਂ ਨਾਲੋਂ 10 ਗੁਣਾ ਜ਼ਿਆਦਾ ਹੈ।”
ਦੂਜੇ ਪਾਸੇ, ਦੁਨੀਆਂ ਉਮਰ ਲੰਮੀ ਕਰਨ ਲਈ ਅਤੇ ਬੀਮਾਰੀਆਂ ਤੇ ਅਪਾਹਜ ਹੋਣ ਦੇ ਖ਼ਤਰਿਆਂ ਨੂੰ ਘਟਾਉਣ ਲਈ ਅਰਬਾਂ ਹੀ ਰੁਪਏ ਖ਼ਰਚਦੀ ਹੈ। ਇਹ ਠੀਕ ਹੈ ਕਿ ਪੌਸ਼ਟਿਕ ਚੀਜ਼ਾਂ ਨੂੰ ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਕਸਰਤ ਕਰਨ ਬਾਰੇ ਦਿੱਤੀਆਂ ਜਾਂਦੀਆਂ ਕਈ ਸਲਾਹਾਂ ਕੁਝ ਹੱਦ ਤਕ ਤਾਂ ਫ਼ਾਇਦੇਮੰਦ ਹੋ ਸਕਦੀਆਂ ਹਨ। ਪਰ ਜ਼ਿੰਦਗੀ ਦੇ ਹਰ ਅਹਿਮ ਪਹਿਲੂ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਵਾਲਾ ਇਕ ਅਜਿਹਾ ਸੋਮਾ ਮੌਜੂਦ ਹੈ ਜੋ ਖ਼ਤਰਿਆਂ ਤੋਂ ਬਚਣ ਤੇ ਹੋਰ ਸੁਰੱਖਿਅਤ ਜ਼ਿੰਦਗੀ ਦਾ ਮਜ਼ਾ ਲੈਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਉਹ ਸੋਮਾ ਹੈ ਬਾਈਬਲ। ਇਸ ਵਿਚ ਸਾਡੀ ਸਿਹਤ ਅਤੇ ਖ਼ੁਸ਼ਹਾਲੀ ਉੱਤੇ ਅਸਰ ਕਰਨ ਵਾਲੀਆਂ ਬਹੁਤ ਸਾਰੀਆਂ ਗੱਲਾਂ ਨੂੰ ਸੁਲਝਾਉਣ ਬਾਰੇ ਸਲਾਹਾਂ ਦਿੱਤੀਆਂ ਗਈਆਂ ਹਨ। ਨਿਰਸੰਦੇਹ, ਬਾਈਬਲ ਹਰ ਸਮੱਸਿਆ ਬਾਰੇ ਖੁੱਲ੍ਹ ਕੇ ਨਹੀਂ ਦੱਸਦੀ। ਪਰ ਇਸ ਵਿਚ ਅਜਿਹੇ ਬਿਹਤਰੀਨ ਅਸੂਲ ਦਿੱਤੇ ਗਏ ਹਨ ਜੋ ਸਾਨੂੰ ਖਾਣ-ਪੀਣ ਦੀਆਂ ਆਦਤਾਂ, ਚੰਗੀ ਸਿਹਤ, ਚੰਗੇ ਰਵੱਈਏ, ਜਿਨਸੀ ਸੰਬੰਧ, ਸ਼ਰਾਬ ਦੀ ਵਰਤੋਂ, ਤਮਾਖੂ, ਮੌਜ-ਮਸਤੀ ਕਰਨ ਲਈ ਨਸ਼ੀਲੀਆਂ ਦਵਾਈਆਂ ਲੈਣ ਅਤੇ ਹੋਰ ਕਈ ਗੱਲਾਂ ਬਾਰੇ ਸਹੀ ਸੇਧ ਦਿੰਦੀ ਹੈ।
ਪੈਸੇ ਤੇ ਵੀ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਬਾਈਬਲ ਇਸ ਮਾਮਲੇ ਵਿਚ ਵੀ ਸਾਡੀ ਮਦਦ ਕਰਦੀ ਹੈ। ਇਹ ਨਾ ਸਿਰਫ਼ ਸਾਨੂੰ ਪੈਸੇ ਬਾਰੇ ਸਹੀ ਸਲਾਹ ਦਿੰਦੀ ਹੈ, ਸਗੋਂ ਇਹ ਵੀ ਦੱਸਦੀ ਹੈ ਕਿ ਪੈਸੇ ਦੀ ਚੰਗੀ ਵਰਤੋਂ ਕਿੱਦਾਂ ਕਰਨੀ ਹੈ। ਇਹ ਦੱਸਦੀ ਹੈ ਕਿ ਅਸੀਂ ਇਕ ਚੰਗੇ ਕਰਮਚਾਰੀ ਜਾਂ ਮਾਲਕ ਕਿੱਦਾਂ ਬਣ ਸਕਦੇ ਹਾਂ। ਸਿੱਧੀ ਪੱਧਰੀ ਗੱਲ ਤਾਂ ਇਹ ਹੈ ਕਿ ਬਾਈਬਲ ਨਾ ਸਿਰਫ਼ ਪੈਸੇ-ਧੇਲੇ ਦੀ ਸੁਰੱਖਿਆ ਤੇ ਸਰੀਰਕ ਭਲਾਈ ਉੱਤੇ ਹੀ ਠੋਸ ਸਲਾਹ ਦਿੰਦੀ ਹੈ, ਸਗੋਂ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਵੀ ਸਲਾਹ ਦਿੰਦੀ ਹੈ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਬਾਈਬਲ ਅੱਜ ਕਿੰਨੀ ਕੁ ਵਿਵਹਾਰਕ ਹੋ ਸਕਦੀ ਹੈ? ਤਾਂ ਫਿਰ ਕਿਰਪਾ ਕਰ ਕੇ ਅਗਲਾ ਲੇਖ ਪੜ੍ਹੋ।