ਇਕ ਐਨਕ ਸਾਜ਼ ਬੀ ਬੀਜਦਾ ਹੈ
ਯੂਕਰੇਨ ਦਾ ਲਵੀਫ਼ ਸ਼ਹਿਰ ਇਸਰਾਈਲ ਤੋਂ ਕੋਈ 2,000 ਕਿਲੋਮੀਟਰ ਦੂਰ ਹੈ। ਲਵੀਫ਼ ਤੋਂ ਇਸਰਾਈਲ ਪਹੁੰਚਣ ਲਈ ਕਈ ਦੇਸ਼ ਪਾਰ ਕਰਨੇ ਪੈਂਦੇ ਹਨ। ਤਾਂ ਫਿਰ ਐਨੀ ਦੂਰ ਹੋਣ ਦੇ ਬਾਵਜੂਦ, ਲਵੀਫ਼ ਦੇ ਇਕ ਐਨਕ ਸਾਜ਼ ਦੇ ਜਤਨਾਂ ਦਾ ਇਸਰਾਈਲ ਦੇ ਹਾਈਫ਼ਾ ਸ਼ਹਿਰ ਵਿਚ ਬਣੀ ਯਹੋਵਾਹ ਦੇ ਗਵਾਹਾਂ ਦੀ ਰੂਸੀ-ਭਾਸ਼ਾਈ ਕਲੀਸਿਯਾ ਨਾਲ ਕੀ ਸੰਬੰਧ ਹੈ? ਇਹ ਕਿੱਸਾ ਉਪਦੇਸ਼ਕ ਦੀ ਪੋਥੀ 11:6 ਦੇ ਸ਼ਬਦਾਂ ਦੀ ਸੱਚਾਈ ਨੂੰ ਸੱਚ ਸਾਬਤ ਕਰਦਾ ਹੈ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।”
ਇਹ ਕਿੱਸਾ 1990 ਵਿਚ ਸ਼ੁਰੂ ਹੋਇਆ ਜਦੋਂ ਐਲਾ ਨਾਂ ਦੀ ਇਕ ਜਵਾਨ ਯਹੂਦੀ ਔਰਤ ਲਵੀਫ਼ ਸ਼ਹਿਰ ਵਿਚ ਰਹਿੰਦੀ ਸੀ। ਉਸ ਸਮੇਂ ਐਲਾ ਤੇ ਉਸ ਦਾ ਪਰਿਵਾਰ ਇਸਰਾਈਲ ਵਿਚ ਜਾ ਕੇ ਵਸਣ ਦੀਆਂ ਤਿਆਰੀਆਂ ਕਰ ਰਿਹਾ ਸੀ। ਇਸਰਾਈਲ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ, ਐਲਾ ਨੇ ਐਨਕ ਸਾਜ਼ ਕੋਲ ਜਾਣਾ ਸੀ ਜੋ ਕਿ ਇਕ ਯਹੋਵਾਹ ਦਾ ਗਵਾਹ ਸੀ। ਉਸ ਵੇਲੇ ਯੂਕਰੇਨ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਤੇ ਪਾਬੰਦੀ ਲੱਗੀ ਹੋਈ ਸੀ। ਪਰ ਫਿਰ ਵੀ ਐਨਕ ਸਾਜ਼ ਨੇ ਐਲਾ ਨੂੰ ਆਪਣੇ ਬਾਈਬਲ ਆਧਾਰਿਤ ਵਿਸ਼ਵਾਸਾਂ ਬਾਰੇ ਦੱਸਣ ਵਿਚ ਪਹਿਲ ਕੀਤੀ। ਜਦੋਂ ਉਸ ਨੇ ਐਲਾ ਨੂੰ ਦੱਸਿਆ ਕਿ ਪਰਮੇਸ਼ੁਰ ਦਾ ਇਕ ਨਿੱਜੀ ਨਾਂ ਹੈ, ਤਾਂ ਉਹ ਹੈਰਾਨ ਹੋ ਗਈ। ਇਹ ਗੱਲ ਸੁਣ ਕੇ ਐਲਾ ਦੀ ਦਿਲਚਸਪੀ ਜਾਗੀ ਤੇ ਉਨ੍ਹਾਂ ਦੋਹਾਂ ਵਿਚ ਇਕ ਚੰਗੀ ਬਾਈਬਲ ਆਧਾਰਿਤ ਗੱਲਬਾਤ ਸ਼ੁਰੂ ਹੋ ਗਈ।
ਐਲਾ ਨੂੰ ਇਹ ਗੱਲਬਾਤ ਐਨੀ ਚੰਗੀ ਲੱਗੀ ਕਿ ਉਹ ਅਗਲੇ ਹਫ਼ਤੇ ਅਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਨ ਲਈ ਆਈ। ਉਸ ਦੀ ਦਿਲਚਸਪੀ ਤਾਂ ਵੱਧਦੀ ਹੀ ਜਾ ਰਹੀ ਸੀ, ਪਰ ਨਾਲ ਹੀ ਉਸ ਨੂੰ ਇਕ ਮੁਸ਼ਕਲ ਵੀ ਸੀ। ਇਸਰਾਈਲ ਜਾਣ ਵਾਸਤੇ ਉਸ ਦੇ ਪਰਿਵਾਰ ਦਾ ਸਮਾਂ ਤੇਜ਼ੀ ਨਾਲ ਨੇੜੇ ਆ ਰਿਹਾ ਸੀ। ਐਲਾ ਨੇ ਅਜੇ ਬਹੁਤ ਕੁਝ ਸਿੱਖਣਾ ਸੀ! ਜਾਣ ਤੋਂ ਪਹਿਲਾਂ ਬਾਕੀ ਬਚੇ ਦਿਨਾਂ ਦਾ ਪੂਰਾ-ਪੂਰਾ ਫ਼ਾਇਦਾ ਉਠਾਉਣ ਲਈ, ਐਲਾ ਨੇ ਹਰ ਰੋਜ਼ ਬਾਈਬਲ ਸਟੱਡੀ ਕਰਨ ਲਈ ਕਿਹਾ। ਹਾਲਾਂਕਿ ਇਸਰਾਈਲ ਵਿਚ ਪਹੁੰਚ ਕੇ ਐਲਾ ਦੁਬਾਰਾ ਤੋਂ ਸਟੱਡੀ ਸ਼ੁਰੂ ਨਾ ਕਰ ਸਕੀ, ਪਰ ਸੱਚਾਈ ਦਾ ਬੀ ਉਸ ਦੇ ਦਿਲ ਵਿਚ ਜੜ੍ਹ ਫੜ ਚੁੱਕਾ ਸੀ। ਉਸ ਸਾਲ ਦੇ ਅਖ਼ੀਰ ਵਿਚ ਉਹ ਇਕ ਵਾਰ ਫਿਰ ਦਿਲ ਲਾ ਕੇ ਬਾਈਬਲ ਸਟੱਡੀ ਕਰਨ ਲੱਗ ਪਈ।
ਫ਼ਾਰਸ ਦੀ ਖਾੜੀ ਵਿਚ ਯੁੱਧ ਛਿੜ ਪਿਆ ਤੇ ਇਰਾਕ ਨੇ ਇਸਰਾਈਲ ਉੱਤੇ ਮਿਸਾਈਲਾਂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਚਰਚਾ ਦਾ ਆਮ ਵਿਸ਼ਾ ਬਣ ਗਈ ਸੀ। ਇਕ ਦਿਨ ਸੁਪਰ-ਬਜ਼ਾਰ ਵਿਚ ਐਲਾ ਨੇ ਇਸਰਾਈਲ ਵਿਚ ਆਏ ਇਕ ਨਵੇਂ ਪਰਿਵਾਰ ਨੂੰ ਰੂਸੀ ਭਾਸ਼ਾ ਬੋਲਦੇ ਸੁਣਿਆ। ਹਾਲਾਂਕਿ ਐਲਾ ਖ਼ੁਦ ਅਜੇ ਬਾਈਬਲ ਸਟੱਡੀ ਕਰ ਰਹੀ ਸੀ, ਪਰ ਫਿਰ ਵੀ ਉਹ ਉਸ ਪਰਿਵਾਰ ਕੋਲ ਗਈ ਤੇ ਉਨ੍ਹਾਂ ਨਾਲ ਬਾਈਬਲ ਦੇ ਸ਼ਾਂਤੀਪੂਰਣ ਸੰਸਾਰ ਦੇ ਵਾਅਦੇ ਬਾਰੇ ਗੱਲਬਾਤ ਕੀਤੀ। ਨਤੀਜੇ ਵਜੋਂ, ਨਾਨੀ ਗਾਲੀਨਾ, ਮਾਂ ਨੌਤਾਸ਼ਾ, ਪੁੱਤਰ ਸੌਸ਼ਾ (ਔਰੀਅਲ) ਅਤੇ ਧੀ ਈਲੌਨਾ, ਸਾਰੇ ਹੀ ਐਲਾ ਨਾਲ ਮਿਲ ਕੇ ਬਾਈਬਲ ਸਟੱਡੀ ਕਰਨ ਲੱਗ ਪਏ।
ਉਸ ਪਰਿਵਾਰ ਵਿੱਚੋਂ ਸੌਸ਼ਾ ਪਹਿਲਾ ਮੈਂਬਰ ਸੀ ਜਿਸ ਨੇ ਕਈ ਅਜ਼ਮਾਇਸ਼ਾਂ ਸਹਿਣ ਦੇ ਬਾਵਜੂਦ ਬਪਤਿਸਮਾ ਲਿਆ। ਸੌਸ਼ਾ ਦੇ ਸਕੂਲ ਵਿਚ ਫ਼ੌਜ ਵਿਚ ਭਰਤੀ ਹੋਣ ਦੀ ਤਿਆਰੀ ਲਈ ਸਿੱਖਿਆ ਦਿੱਤੀ ਜਾਂਦੀ ਸੀ। ਹਾਲਾਂਕਿ ਸੌਸ਼ਾ ਸਭ ਤੋਂ ਲਾਇਕ ਵਿਦਿਆਰਥੀ ਸੀ, ਪਰ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ। ਕਿਉਂ? ਕਿਉਂਕਿ ਉਸ ਨੇ ਆਪਣੇ ਮਸੀਹੀ ਜ਼ਮੀਰ ਦੇ ਕਾਰਨ ਇਹ ਸਿੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। (ਯਸਾਯਾਹ 2:2-4) ਸੌਸ਼ਾ ਦੇ ਕੇਸ ਦੀ ਕਾਰਵਾਈ ਯਰੂਸ਼ਲਮ ਦੀ ਇਸਰਾਈਲੀ ਹਾਈ ਕੋਰਟ ਵਿਚ ਹੋਈ ਜਿਸ ਨੇ ਸ਼ਲਾਘਾਯੋਗ ਢੰਗ ਨਾਲ ਸੌਸ਼ਾ ਦਾ ਪੱਖ ਲਿਆ ਤੇ ਉਸ ਨੂੰ ਮੁੜ ਸਕੂਲ ਵਿਚ ਦਾਖ਼ਲ ਕਰਨ ਦਾ ਹੁਕਮ ਦਿੱਤਾ ਤਾਂਕਿ ਉਹ ਸਕੂਲ ਵਿਚ ਆਪਣੇ ਫਾਈਨਲ ਇਮਤਿਹਾਨ ਦੇ ਸਕੇ। ਇਹ ਕੇਸ ਉੱਥੋਂ ਦੀਆਂ ਅਖ਼ਬਾਰਾਂ ਵਿਚ ਛਪਿਆ ਅਤੇ ਟੈਲੀਵਿਯਨ ਤੇ ਵੀ ਇਸ ਬਾਰੇ ਦੱਸਿਆ ਗਿਆ। ਸਿੱਟੇ ਵਜੋਂ, ਬਹੁਤ ਸਾਰੇ ਇਸਰਾਈਲੀਆਂ ਨੂੰ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਪਤਾ ਲੱਗਾ।a
ਆਪਣੀ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਸੌਸ਼ਾ ਯਹੋਵਾਹ ਦੇ ਗਵਾਹਾਂ ਦੀ ਪੂਰਣ-ਕਾਲੀ ਸੇਵਕਾਈ ਵਿਚ ਸ਼ਾਮਲ ਹੋ ਗਿਆ। ਅੱਜ ਉਹ ਕਲੀਸਿਯਾ ਵਿਚ ਇਕ ਵਿਸ਼ੇਸ਼ ਪਾਇਨੀਅਰ ਤੇ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਉਸ ਦੀ ਭੈਣ ਵੀ ਉਸ ਨਾਲ ਪੂਰੇ ਸਮੇਂ ਦੀ ਸੇਵਕਾਈ ਕਰ ਰਹੀ ਹੈ। ਉਨ੍ਹਾਂ ਦੀ ਮਾਂ ਅਤੇ ਨਾਨੀ ਦੋਵੇਂ ਬਪਤਿਸਮਾ-ਪ੍ਰਾਪਤ ਗਵਾਹ ਹਨ। ਇੰਜ, ਉਸ ਐਨਕ ਸਾਜ਼ ਦੁਆਰਾ ਬੀਜਿਆ ਬੀ ਅਜੇ ਵੀ ਫਲ ਦੇ ਰਿਹਾ ਹੈ!
ਇਸ ਦੌਰਾਨ, ਐਲਾ ਲਗਾਤਾਰ ਅਧਿਆਤਮਿਕ ਤਰੱਕੀ ਕਰਦੀ ਗਈ ਤੇ ਜਲਦੀ ਹੀ ਘਰ-ਘਰ ਪ੍ਰਚਾਰ ਕਰਨ ਲੱਗ ਪਈ। ਐਲਾ ਨੂੰ ਪਹਿਲੇ ਹੀ ਘਰ ਵਿਚ ਫ਼ੈਨਾ ਨਾਂ ਦੀ ਤੀਵੀਂ ਮਿਲੀ ਜੋ ਹੁਣੇ-ਹੁਣੇ ਯੂਕਰੇਨ ਤੋਂ ਆਈ ਸੀ। ਫ਼ੈਨਾ ਬੜੀ ਉਦਾਸ ਰਹਿੰਦੀ ਸੀ। ਐਲਾ ਨੂੰ ਬਾਅਦ ਵਿਚ ਪਤਾ ਲੱਗਾ ਕਿ ਫ਼ੈਨਾ ਦਾ ਦਰਵਾਜ਼ਾ ਖੜਕਾਉਣ ਤੋਂ ਪਹਿਲਾਂ ਇਹ ਉਦਾਸ ਤੀਵੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਹਟੀ ਸੀ: “ਮੈਂ ਨਹੀਂ ਜਾਣਦੀ ਕਿ ਤੂੰ ਕੌਣ ਹੈਂ, ਪਰ ਜੇ ਤੂੰ ਮੇਰੀ ਸੁਣਦਾ ਹੈਂ, ਤਾਂ ਮੇਰੀ ਮਦਦ ਕਰ।” ਐਲਾ ਤੇ ਫ਼ੈਨਾ ਵਿਚਕਾਰ ਵਧੀਆ ਗੱਲਬਾਤ ਹੋਈ। ਫ਼ੈਨਾ ਨੇ ਕਈ ਸਵਾਲ ਪੁੱਛੇ ਤੇ ਐਲਾ ਦੁਆਰਾ ਦਿੱਤੇ ਸਵਾਲਾਂ ਤੇ ਧਿਆਨ ਨਾਲ ਸੋਚ-ਵਿਚਾਰ ਕੀਤਾ। ਅਖ਼ੀਰ ਉਸ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਦੇ ਗਵਾਹ ਬਾਈਬਲ ਤੋਂ ਸੱਚਾਈ ਸਿਖਾਉਂਦੇ ਹਨ। ਉਸ ਨੇ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਦੇ ਪ੍ਰੋਗ੍ਰਾਮ ਵਿਚ ਕੁਝ ਫੇਰ-ਬਦਲ ਕੀਤੇ ਤਾਂਕਿ ਉਹ ਕਲੀਸਿਯਾ ਨਾਲ ਅਤੇ ਪ੍ਰਚਾਰ ਕਰਨ ਵਿਚ ਹੋਰ ਜ਼ਿਆਦਾ ਸਮਾਂ ਬਿਤਾ ਸਕੇ। ਮਈ 1994 ਵਿਚ ਫ਼ੈਨਾ ਨੇ ਬਪਤਿਸਮਾ ਲੈ ਲਿਆ। ਹੁਣ ਉਹ ਪਾਇਨੀਅਰੀ ਕਰਦੀ ਹੈ ਤੇ ਆਪਣਾ ਗੁਜ਼ਾਰਾ ਤੋਰਨ ਲਈ ਕੰਪਿਊਟਰ ਦਾ ਪਾਰਟ-ਟਾਈਮ ਕੰਮ ਕਰਦੀ ਹੈ।
ਨਵੰਬਰ 1994 ਵਿਚ ਪ੍ਰਚਾਰ ਕਰਦੇ ਸਮੇਂ ਐਲਾ ਨੂੰ ਅਚਾਨਕ ਬੜੀ ਕਮਜ਼ੋਰੀ ਮਹਿਸੂਸ ਹੋਈ। ਉਹ ਹਸਪਤਾਲ ਗਈ ਜਿੱਥੇ ਉਸ ਦੇ ਲਏ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਉਸ ਦੀਆਂ ਅੰਤੜੀਆਂ ਦਾ ਅਲਸਰ ਫੱਟਣ ਕਰਕੇ ਖ਼ੂਨ ਵਹਿ ਰਿਹਾ ਸੀ। ਸ਼ਾਮ ਤਕ ਐਲਾ ਦਾ ਹੀਮੋਗਲੋਬਿਨ 7.2 ਤਕ ਘੱਟ ਗਿਆ। ਐਲਾ ਦੀ ਕਲੀਸਿਯਾ ਦਾ ਇਕ ਬਜ਼ੁਰਗ ਉੱਥੋਂ ਦੀ ਹਸਪਤਾਲ ਸੰਪਰਕ ਸਮਿਤੀ (HLC) ਦਾ ਚੇਅਰਮੈਨ ਸੀ। ਉਸ ਨੇ ਡਾਕਟਰਾਂ ਨੂੰ ਅਜਿਹੇ ਕਈ ਡਾਕਟਰੀ ਇਲਾਜਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਵਿਚ ਖ਼ੂਨ ਇਸਤੇਮਾਲ ਕਰਨ ਦੀ ਲੋੜ ਨਹੀਂ ਪੈਂਦੀ।b ਬਿਨਾਂ ਖ਼ੂਨ ਚੜ੍ਹਾਏ ਹੀ ਐਲਾ ਦਾ ਕਾਮਯਾਬ ਓਪਰੇਸ਼ਨ ਕੀਤਾ ਗਿਆ ਤੇ ਹੁਣ ਉਹ ਬਿਲਕੁਲ ਠੀਕ ਹੈ।—ਰਸੂਲਾਂ ਦੇ ਕਰਤੱਬ 15:28, 29.
ਜਰਮਨੀ ਦੇ ਜੰਮਪਲ ਯਹੂਦੀ, ਕਾਰਲ ਤੇ ਵੀ ਬੜਾ ਡੂੰਘਾ ਪ੍ਰਭਾਵ ਪਿਆ ਜੋ ਐਲਾ ਦਾ ਗਾਈਨਾਕਾਲਜਿਸਟ (ਇਸਤਰੀ ਰੋਗਾਂ ਦਾ ਮਾਹਰ) ਸੀ। ਫਿਰ ਉਸ ਨੂੰ ਯਾਦ ਆਇਆ ਕਿ ਉਸ ਦੇ ਮਾਂ-ਬਾਪ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਯਹੂਦੀਆਂ ਉੱਤੇ ਹੋਏ ਅਤਿਆਚਾਰ ਵਿੱਚੋਂ ਬਚ ਨਿਕਲੇ ਸਨ, ਨਜ਼ਰਬੰਦੀ ਕੈਂਪਾਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਜਾਣਦੇ ਸਨ। ਕਾਰਲ ਨੇ ਬਹੁਤ ਸਾਰੇ ਸਵਾਲ ਪੁੱਛੇ। ਹਾਲਾਂਕਿ ਕਾਰਲ ਆਪਣੇ ਡਾਕਟਰੀ ਕੰਮ ਵਿਚ ਬਹੁਤ ਰੁੱਝਾ ਹੋਇਆ ਸੀ, ਪਰ ਉਸ ਨੇ ਬਾਕਾਇਦਾ ਬਾਈਬਲ ਸਟੱਡੀ ਕਰਨ ਲਈ ਸਮਾਂ ਕੱਢਿਆ। ਇਕ ਸਾਲ ਬਾਅਦ, ਉਹ ਹਰ ਹਫ਼ਤੇ ਮਸੀਹੀ ਸਭਾਵਾਂ ਵਿਚ ਜਾਣ ਲੱਗ ਪਿਆ।
ਉਸ ਐਨਕ ਸਾਜ਼ ਦੁਆਰਾ ਬੀਜੇ ਬੀ ਦਾ ਕੀ ਨਤੀਜਾ ਨਿਕਲਿਆ? ਅਸੀਂ ਇਹ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਸੌਸ਼ਾ ਤੇ ਉਸ ਦੇ ਪਰਿਵਾਰ ਨਾਲ ਕੀ ਹੋਇਆ। ਐਲਾ ਹੁਣ ਵਿਸ਼ੇਸ਼ ਪਾਇਨੀਅਰੀ ਕਰ ਰਹੀ ਹੈ। ਉਸ ਦੀ ਧੀ ਇਨਾ ਨੇ ਵੀ ਆਪਣੀ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਪਾਇਨੀਅਰੀ ਸ਼ੁਰੂ ਕਰ ਦਿੱਤੀ ਹੈ। ਫ਼ੈਨਾ ਵੀ ਵਿਸ਼ੇਸ਼ ਪਾਇਨੀਅਰ ਵਜੋਂ ਸੇਵਾ ਕਰਦੀ ਹੈ। ਐਲਾ ਦਾ ਗਾਈਨਾਕਾਲਜਿਸਟ ਹੁਣ ਬਪਤਿਸਮਾ-ਪ੍ਰਾਪਤ ਗਵਾਹ ਤੇ ਸਹਾਇਕ ਸੇਵਕ ਹੈ ਜੋ ਹੁਣ ਆਪਣੇ ਮਰੀਜ਼ਾਂ ਅਤੇ ਦੂਜੇ ਲੋਕਾਂ ਨਾਲ ਬਾਈਬਲ ਸੱਚਾਈ ਸਾਂਝੀ ਕਰ ਰਿਹਾ ਹੈ।
ਇਸਰਾਈਲ ਵਿਚ ਜਾ ਕੇ ਵਸਿਆ ਇਹ ਛੋਟਾ ਜਿਹਾ ਰੂਸੀ-ਭਾਸ਼ਾਈ ਗਰੁੱਪ, ਜੋ ਹਾਈਫ਼ਾ ਦੀ ਇਬਰਾਨੀ ਕਲੀਸਿਯਾ ਦੇ ਹਿੱਸੇ ਵਜੋਂ ਸ਼ੁਰੂ ਹੋਇਆ ਸੀ, ਹੁਣ ਇਕ ਜੋਸ਼ੀਲੀ ਰੂਸੀ ਕਲੀਸਿਯਾ ਬਣ ਚੁੱਕਾ ਹੈ ਜਿਸ ਵਿਚ ਤਕਰੀਬਨ 120 ਰਾਜ ਪ੍ਰਕਾਸ਼ਕ ਹਨ। ਕੁਝ ਹੱਦ ਤਕ, ਇਹ ਵਾਧਾ ਉਸ ਐਨਕ ਸਾਜ਼ ਦੇ ਸਦਕਾ ਹੀ ਹੋਇਆ ਹੈ ਜਿਸ ਨੇ ਲਵੀਫ਼ ਵਿਚ ਬੀ ਬੀਜਣ ਦੇ ਮੌਕੇ ਦਾ ਫ਼ਾਇਦਾ ਉਠਾਇਆ ਸੀ!
[ਫੁਟਨੋਟ]
a ਜ਼ਿਆਦਾ ਜਾਣਕਾਰੀ ਲਈ 8 ਨਵੰਬਰ 1994 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਅੰਕ ਦੇ ਸਫ਼ੇ 12-15 ਦੇਖੋ।
b ਦੁਨੀਆਂ ਭਰ ਵਿਚ ਹਸਪਤਾਲ ਸੰਪਰਕ ਸਮਿਤੀਆਂ ਯਹੋਵਾਹ ਦੇ ਗਵਾਹਾਂ ਦੀ ਨੁਮਾਇੰਦਗੀ ਕਰਦੀਆਂ ਹਨ ਅਤੇ ਹਸਪਤਾਲ ਦੇ ਸਟਾਫ਼ ਤੇ ਮਰੀਜ਼ ਵਿਚਕਾਰ ਗੱਲਬਾਤ ਕਰਾਉਣ ਵਿਚ ਮਦਦ ਕਰਦੀਆਂ ਹਨ। ਉਹ ਨਵੀਂ ਮੈਡੀਕਲ ਰਿਸਰਚ ਉੱਤੇ ਆਧਾਰਿਤ ਨਵੇਂ ਡਾਕਟਰੀ ਇਲਾਜ ਬਾਰੇ ਵੀ ਜਾਣਕਾਰੀ ਦਿੰਦੀਆਂ -ਹਨ।
[ਸਫ਼ੇ 29 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਯੂਕਰੇਨ
ਇਸਰਾਈਲ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.
[ਸਫ਼ੇ 30 ਉੱਤੇ ਤਸਵੀਰਾਂ]
ਐਲਾ ਤੇ ਉਸ ਦੀ ਧੀ, ਇਨਾ
[ਸਫ਼ੇ 31 ਉੱਤੇ ਤਸਵੀਰ]
ਹਾਈਫ਼ਾ ਵਿਚ ਰੂਸੀ ਭਾਸ਼ਾ ਬੋਲਣ ਵਾਲੇ ਗਵਾਹਾਂ ਦਾ ਖ਼ੁਸ਼ ਗਰੁੱਪ। ਖੱਬੇ ਤੋਂ ਸੱਜੇ: ਸੌਸ਼ਾ, ਇਲੌਨਾ, ਨੌਤਾਸ਼ਾ, ਗਾਲੀਨਾ, ਫ਼ੈਨਾ, ਐਲਾ, ਇਨਾ ਤੇ ਕਾਰਲ