ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w01 11/1 ਸਫ਼ਾ 31
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਹਾਡੇ ਕੋਲ ਅਬਰਾਹਾਮ ਵਰਗੀ ਨਿਹਚਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਪਰਮੇਸ਼ੁਰ ਦਾ ਦੋਸਤ ਅਬਰਾਹਾਮ
    ਬਾਈਬਲ ਕਹਾਣੀਆਂ ਦੀ ਕਿਤਾਬ
  • ਅਬਰਾਹਾਮ ਅਤੇ ਸਾਰਾਹ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਹੋਵਾਹ ਨੇ ਉਸ ਨੂੰ ਆਪਣਾ “ਦੋਸਤ” ਕਿਹਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
w01 11/1 ਸਫ਼ਾ 31

ਪਾਠਕਾਂ ਵੱਲੋਂ ਸਵਾਲ

ਕੀ ਯਹੋਵਾਹ ਨੇ ਅਬਰਾਹਾਮ ਨਾਲ ਊਰ ਸ਼ਹਿਰ ਵਿਚ ਨੇਮ ਬੰਨ੍ਹਿਆ ਸੀ ਜਾਂ ਹਾਰਾਨ ਸ਼ਹਿਰ ਵਿਚ?

ਅਬਰਾਹਾਮ ਨਾਲ ਯਹੋਵਾਹ ਦੇ ਨੇਮ ਦਾ ਪਹਿਲਾ ਬਿਰਤਾਂਤ ਉਤਪਤ 12:1-3 ਵਿਚ ਮਿਲਦਾ ਹੈ ਜੋ ਕਹਿੰਦਾ ਹੈ: “ਯਹੋਵਾਹ ਨੇ ਅਬਰਾਮ ਨੂੰ ਆਖਿਆ ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ। ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ . . . ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।”a ਇਹ ਸੰਭਵ ਹੈ ਕਿ ਯਹੋਵਾਹ ਨੇ ਅਬਰਾਹਾਮ ਨਾਲ ਇਹ ਨੇਮ ਉਦੋਂ ਬੰਨ੍ਹਿਆ ਸੀ ਜਦੋਂ ਉਹ ਅਜੇ ਊਰ ਵਿਚ ਸੀ ਤੇ ਸ਼ਾਇਦ ਉਸ ਨੇ ਇਹ ਨੇਮ ਦੁਬਾਰਾ ਅਬਰਾਹਾਮ ਨਾਲ ਹਾਰਾਨ ਵਿਚ ਦੁਹਰਾਇਆ ਸੀ।

ਪਹਿਲੀ ਸਦੀ ਵਿਚ ਇਸਤੀਫ਼ਾਨ ਨੇ ਯਹੋਵਾਹ ਦੇ ਉਸ ਹੁਕਮ ਦਾ ਹਵਾਲਾ ਦਿੱਤਾ ਜਿਸ ਵਿਚ ਅਬਰਾਹਾਮ ਨੂੰ ਕਨਾਨ ਦੇਸ਼ ਵਿਚ ਜਾਣ ਵਾਸਤੇ ਕਿਹਾ ਗਿਆ ਸੀ। ਉਸ ਨੇ ਯਹੂਦੀ ਮਹਾਸਭਾ ਦੇ ਮੈਂਬਰਾਂ ਨੂੰ ਕਿਹਾ: “ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਅੱਗੇ ਜਦ ਉਹ ਮਸੋਪੋਤਾਮਿਯਾ ਵਿੱਚ ਸੀ ਤੇਜ ਰੂਪ ਪਰਮੇਸ਼ੁਰ ਵਿਖਾਈ ਦਿੱਤਾ। ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ ਅਤੇ ਆਪਣੇ ਸਾਕਾਂ ਵਿੱਚੋਂ ਨਿੱਕਲ ਕੇ ਉਸ ਦੇਸ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਆ।” (ਟੇਢੇ ਟਾਈਪ ਸਾਡੇ।) (ਰਸੂਲਾਂ ਦੇ ਕਰਤੱਬ 7:2, 3) ਅਬਰਾਹਾਮ ਦਾ ਜੱਦੀ ਸ਼ਹਿਰ ਊਰ ਸੀ ਤੇ ਇਸਤੀਫ਼ਾਨ ਮੁਤਾਬਕ ਉੱਥੇ ਹੀ ਅਬਰਾਹਾਮ ਨੂੰ ਪਹਿਲੀ ਵਾਰ ਕਨਾਨ ਦੇਸ਼ ਜਾਣ ਦਾ ਹੁਕਮ ਮਿਲਿਆ ਸੀ। (ਉਤਪਤ 15:7; ਨਹਮਯਾਹ 9:7) ਇਸਤੀਫ਼ਾਨ ਨੇ ਅਬਰਾਹਾਮ ਨਾਲ ਪਰਮੇਸ਼ੁਰ ਦੇ ਨੇਮ ਦਾ ਜ਼ਿਕਰ ਤਾਂ ਨਹੀਂ ਕੀਤਾ, ਪਰ ਉਤਪਤ 12:1-3 ਵਿਚ ਉਸ ਨੇਮ ਨੂੰ ਕਨਾਨ ਜਾਣ ਦੇ ਹੁਕਮ ਨਾਲ ਜੋੜਿਆ ਗਿਆ ਹੈ। ਇਸ ਲਈ ਇਹ ਵਿਸ਼ਵਾਸ ਕਰਨਾ ਮੁਨਾਸਬ ਹੈ ਕਿ ਯਹੋਵਾਹ ਨੇ ਅਬਰਾਹਾਮ ਨਾਲ ਊਰ ਵਿਚ ਨੇਮ ਬੰਨ੍ਹਿਆ ਸੀ।

ਪਰ ਉਤਪਤ ਦੇ ਬਿਰਤਾਂਤ ਨੂੰ ਧਿਆਨ ਨਾਲ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਹਾਰਾਨ ਵਿਚ ਅਬਰਾਹਾਮ ਨਾਲ ਆਪਣਾ ਨੇਮ ਦੁਬਾਰਾ ਦੁਹਰਾਇਆ ਸੀ ਜਿਵੇਂ ਉਸ ਨੇ ਬਾਅਦ ਵਿਚ ਵੀ ਕਈ ਮੌਕਿਆਂ ਉੱਤੇ ਇਸ ਨੇਮ ਨੂੰ ਦੁਹਰਾਇਆ ਸੀ ਤੇ ਇਸ ਦੇ ਪਹਿਲੂਆਂ ਨੂੰ ਹੋਰ ਚੰਗੀ ਤਰ੍ਹਾਂ ਸਮਝਾਇਆ ਸੀ। (ਉਤਪਤ 15:5; 17:1-5; 18:18; 22:16-18) ਉਤਪਤ 11:31, 32 ਦੇ ਮੁਤਾਬਕ ਅਬਰਾਹਾਮ ਦਾ ਪਿਤਾ ਤਾਰਹ ਊਰ ਸ਼ਹਿਰ ਨੂੰ ਛੱਡ ਕੇ ਅਬਰਾਹਾਮ, ਸਾਰਾਹ ਅਤੇ ਲੂਤ ਦੇ ਨਾਲ ਕਨਾਨ ਚਲਾ ਗਿਆ ਸੀ। ਉਹ ਹਾਰਾਨ ਵਿਚ ਆਏ ਤੇ ਤਾਰਹ ਦੀ ਮੌਤ ਤਕ ਉੱਥੇ ਹੀ ਰਹੇ। ਹਾਰਾਨ ਵਿਚ ਕਾਫ਼ੀ ਸਮਾਂ ਰਹਿਣ ਨਾਲ ਅਬਰਾਹਾਮ ਨੇ ਕਾਫ਼ੀ ਧਨ-ਦੌਲਤ ਇਕੱਠੀ ਕਰ ਲਈ ਸੀ। (ਉਤਪਤ 12:5) ਇਸ ਦੌਰਾਨ ਅਬਰਾਹਾਮ ਦਾ ਭਰਾ ਨਾਹੋਰ ਵੀ ਉੱਥੇ ਆ ਕੇ ਰਹਿਣ ਲੱਗ ਪਿਆ ਸੀ।

ਤਾਰਹ ਦੀ ਮੌਤ ਦਾ ਜ਼ਿਕਰ ਕਰਨ ਤੋਂ ਬਾਅਦ, ਬਾਈਬਲ ਯਹੋਵਾਹ ਦੇ ਅਬਰਾਹਾਮ ਨੂੰ ਕਹੇ ਸ਼ਬਦਾਂ ਬਾਰੇ ਦੱਸਦੀ ਹੈ: “ਅਬਰਾਮ ਜਿਵੇਂ ਯਹੋਵਾਹ ਉਹ ਨੂੰ ਬੋਲਿਆ ਸੀ ਚੱਲਿਆ।” (ਉਤਪਤ 12:4) ਇਸ ਲਈ, ਉਤਪਤ 11:31–12:4 ਤੋਂ ਪੱਕਾ ਸਬੂਤ ਮਿਲਦਾ ਹੈ ਕਿ ਯਹੋਵਾਹ ਨੇ ਉਤਪਤ 12:1-3 ਵਿਚ ਦਰਜ ਸ਼ਬਦ ਤਾਰਹ ਦੀ ਮੌਤ ਤੋਂ ਬਾਅਦ ਕਹੇ ਸਨ। ਜੇ ਇਸ ਤਰ੍ਹਾਂ ਹੈ, ਤਾਂ ਅਬਰਾਹਾਮ ਨੇ ਇਸ ਹੁਕਮ ਦੀ ਪਾਲਣਾ ਕਰਦੇ ਹੋਏ ਅਤੇ ਕਈ ਸਾਲ ਪਹਿਲਾਂ ਊਰ ਵਿਚ ਮਿਲੇ ਪਰਮੇਸ਼ੁਰ ਦੇ ਪਹਿਲੇ ਹੁਕਮ ਨੂੰ ਧਿਆਨ ਵਿਚ ਰੱਖਦੇ ਹੋਏ ਹਾਰਾਨ ਨੂੰ ਛੱਡਿਆ ਸੀ ਅਤੇ ਉਸ ਦੇਸ਼ ਨੂੰ ਚਲਾ ਗਿਆ ਸੀ ਜਿਸ ਬਾਰੇ ਯਹੋਵਾਹ ਨੇ ਉਸ ਨੂੰ ਦੱਸਿਆ ਸੀ।

ਉਤਪਤ 12:1 ਦੇ ਮੁਤਾਬਕ ਯਹੋਵਾਹ ਨੇ ਅਬਰਾਹਾਮ ਨੂੰ ਹੁਕਮ ਦਿੱਤਾ: “ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ . . . ਨਿੱਕਲ ਤੁਰ।” ਇਕ ਸਮੇਂ ਤੇ ਅਬਰਾਹਾਮ ਦਾ “ਦੇਸ” ਊਰ ਸੀ ਤੇ ਉਸ ਦੇ ਪਿਤਾ ਦਾ “ਘਰ” ਉਸੇ ਦੇਸ਼ ਵਿਚ ਸੀ। ਪਰ ਅਬਰਾਹਾਮ ਦਾ ਪਿਤਾ ਆਪਣੇ ਘਰਾਣੇ ਨੂੰ ਹਾਰਾਨ ਲੈ ਗਿਆ ਸੀ ਤੇ ਅਬਰਾਹਾਮ ਨੇ ਉਸ ਥਾਂ ਨੂੰ ਆਪਣਾ ਦੇਸ਼ ਕਿਹਾ। ਕਨਾਨ ਵਿਚ ਕਈ ਸਾਲ ਰਹਿਣ ਤੋਂ ਬਾਅਦ, ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਲਈ ਪਤਨੀ ਲੱਭਣ ਲਈ ਆਪਣੇ ਨੌਕਰ ਨੂੰ ‘ਆਪਣੇ ਦੇਸ ਅਰ ਕੁਨਬੇ’ ਦੇ ਕੋਲ ਭੇਜਿਆ, ਤਾਂ ਉਹ ਨੌਕਰ “ਨਾਹੋਰ ਦੇ ਨਗਰ’ (ਹਾਰਾਨ ਜਾਂ ਕਿਸੇ ਨੇੜਲੇ ਸ਼ਹਿਰ) ਗਿਆ। (ਉਤਪਤ 24:4, 10) ਉੱਥੇ ਨੌਕਰ ਅਬਰਾਹਾਮ ਦੇ ਰਿਸ਼ਤੇਦਾਰਾਂ ਯਾਨੀ ਨਾਹੋਰ ਦੇ ਵੱਡੇ ਖ਼ਾਨਦਾਨ ਵਿੱਚੋਂ ਰਿਬਕਾਹ ਨੂੰ ਮਿਲਿਆ।​—ਉਤਪਤ 22:20-24; 24:15, 24, 29; 27:42, 43.

ਯਹੂਦੀ ਮਹਾਸਭਾ ਸਾਮ੍ਹਣੇ ਆਪਣੇ ਭਾਸ਼ਣ ਵਿਚ ਇਸਤੀਫ਼ਾਨ ਨੇ ਅਬਰਾਹਾਮ ਬਾਰੇ ਕਿਹਾ: “ਉਹ ਦੇ ਪਿਉ ਦੇ ਮਰਨ ਪਿੱਛੋਂ ਪਰਮੇਸ਼ੁਰ ਨੇ ਉਹ ਨੂੰ ਉੱਥੋਂ ਲਿਆ ਕੇ ਐਸ ਦੇਸ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ।” (ਰਸੂਲਾਂ ਦੇ ਕਰਤੱਬ 7:4) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਹਾਰਾਨ ਵਿਚ ਅਬਰਾਹਾਮ ਨਾਲ ਗੱਲ ਕੀਤੀ ਸੀ। ਇਸ ਲਈ ਇਹ ਵਿਸ਼ਵਾਸ ਕਰਨਾ ਮੁਨਾਸਬ ਹੈ ਕਿ ਯਹੋਵਾਹ ਨੇ ਉਸ ਮੌਕੇ ਤੇ ਅਬਰਾਹਾਮ ਨਾਲ ਆਪਣੇ ਨੇਮ ਨੂੰ ਦੁਹਰਾਇਆ ਸੀ ਜਿਵੇਂ ਉਤਪਤ 12:1-3 ਵਿਚ ਦਰਜ ਹੈ, ਕਿਉਂਕਿ ਅਬਰਾਹਾਮ ਦੇ ਕਨਾਨ ਜਾਣ ਨਾਲ ਉਹ ਨੇਮ ਲਾਗੂ ਹੋਣਾ ਸ਼ੁਰੂ ਹੋਇਆ ਸੀ। ਇਸ ਤਰ੍ਹਾਂ, ਸਾਰੇ ਸਬੂਤਾਂ ਤੇ ਗੌਰ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਯਹੋਵਾਹ ਨੇ ਪਹਿਲਾਂ ਅਬਰਾਹਾਮ ਨਾਲ ਊਰ ਵਿਚ ਨੇਮ ਬੰਨ੍ਹਿਆ ਸੀ ਤੇ ਫੇਰ ਹਾਰਾਨ ਵਿਚ ਉਸ ਨੇਮ ਨੂੰ ਦੁਹਰਾਇਆ ਸੀ।

[ਫੁਟਨੋਟ]

a ਜਦੋਂ ਅਬਰਾਮ 99 ਵਰ੍ਹਿਆਂ ਦਾ ਸੀ, ਤਾਂ ਯਹੋਵਾਹ ਨੇ ਕਨਾਨ ਦੇਸ਼ ਵਿਚ ਉਸ ਦਾ ਨਾਂ ਬਦਲ ਕੇ ਅਬਰਾਹਾਮ ਰੱਖਿਆ।​—ਉਤਪਤ 17:1, 5.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ