ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 1/1 ਸਫ਼ੇ 6-11
  • ਕੀ ਤੁਹਾਡੇ ਕੋਲ ਅਬਰਾਹਾਮ ਵਰਗੀ ਨਿਹਚਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਹਾਡੇ ਕੋਲ ਅਬਰਾਹਾਮ ਵਰਗੀ ਨਿਹਚਾ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਦੇ ਨਿਰਦੇਸ਼ਨ ਅਨੁਸਾਰ ਚੱਲਣਾ
  • ਸਾਡੇ ਦਿਨਾਂ ਵਿਚ ਅਬਰਾਹਾਮ ਵਰਗੀ ਨਿਹਚਾ
  • ਪਰਤਾਵਿਆਂ ਦੇ ਬਾਵਜੂਦ ਵਫ਼ਾਦਾਰ
  • ਸਾਡੇ ਦਿਨਾਂ ਵਿਚ ਧੀਰਜ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਪਰਮੇਸ਼ੁਰ ਦਾ ਦੋਸਤ ਅਬਰਾਹਾਮ
    ਬਾਈਬਲ ਕਹਾਣੀਆਂ ਦੀ ਕਿਤਾਬ
  • ਅਬਰਾਹਾਮ ਅਤੇ ਸਾਰਾਹ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • “ਆਪਣਿਆਂ ਮਨਾਂ ਨੂੰ ਤਕੜਿਆਂ ਰੱਖ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 1/1 ਸਫ਼ੇ 6-11

ਕੀ ਤੁਹਾਡੇ ਕੋਲ ਅਬਰਾਹਾਮ ਵਰਗੀ ਨਿਹਚਾ ਹੈ?

“ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?”—ਲੂਕਾ 18:8.

1. ਅੱਜ-ਕੱਲ੍ਹ ਨਿਹਚਾ ਨੂੰ ਮਜ਼ਬੂਤ ਬਣਾਈ ਰੱਖਣਾ ਇੰਨਾ ਔਖਾ ਕਿਉਂ ਹੈ?

ਅੱਜ-ਕੱਲ੍ਹ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਈ ਰੱਖਣਾ ਸੌਖਾ ਨਹੀਂ ਹੈ। ਅਧਿਆਤਮਿਕ ਚੀਜ਼ਾਂ ਤੋਂ ਮਸੀਹੀਆਂ ਦਾ ਧਿਆਨ ਭੰਗ ਕਰਨ ਲਈ ਸੰਸਾਰ ਉਨ੍ਹਾਂ ਉੱਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ। (ਲੂਕਾ 21:34; 1 ਯੂਹੰਨਾ 2:15, 16) ਬਹੁਤ ਸਾਰੇ ਮਸੀਹੀਆਂ ਨੂੰ ਲੜਾਈਆਂ, ਤਬਾਹੀਆਂ, ਮਰੀਆਂ, ਜਾਂ ਕਾਲ ਦੇ ਦੌਰਾਨ ਨਿਹਚਾ ਨੂੰ ਕਾਇਮ ਰੱਖਣ ਲਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ। (ਲੂਕਾ 21:10, 11) ਕਈ ਦੇਸ਼ਾਂ ਵਿਚ ਲੋਕ ਧਰਮ ਵਿਚ ਰੁਚੀ ਨਹੀਂ ਰੱਖਦੇ ਹਨ, ਅਤੇ ਨਿਹਚਾ ਅਨੁਸਾਰ ਚੱਲਣ ਵਾਲਿਆਂ ਨੂੰ ਨਾਸਮਝ ਜਾਂ ਕੱਟੜ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਮਸੀਹੀਆਂ ਨੂੰ ਉਨ੍ਹਾਂ ਦੀ ਨਿਹਚਾ ਕਰਕੇ ਸਤਾਇਆ ਜਾਂਦਾ ਹੈ। (ਮੱਤੀ 24:9) ਯਿਸੂ ਨੇ ਲਗਭਗ 2,000 ਸਾਲ ਪਹਿਲਾਂ ਇਕ ਉਚਿਤ ਸਵਾਲ ਪੁੱਛਿਆ ਸੀ: “ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?”—ਲੂਕਾ 18:8.

2. (ੳ) ਮਸੀਹੀਆਂ ਲਈ ਮਜ਼ਬੂਤ ਨਿਹਚਾ ਕਿਉਂ ਬਹੁਤ ਹੀ ਜ਼ਰੂਰੀ ਹੈ? (ਅ) ਨਿਹਚਾ ਦੇ ਸੰਬੰਧ ਵਿਚ ਕਿਸ ਦੀ ਉਦਾਹਰਣ ਤੇ ਵਿਚਾਰ ਕਰਨਾ ਸਾਡੇ ਲਈ ਚੰਗਾ ਹੋਵੇਗਾ?

2 ਫਿਰ ਵੀ, ਹਕੀਕਤ ਇਹ ਹੈ ਕਿ ਜੇਕਰ ਅੱਜ ਅਸੀਂ ਜ਼ਿੰਦਗੀ ਵਿਚ ਸਫ਼ਲ ਹੋਣਾ ਚਾਹੁੰਦੇ ਹਾਂ ਅਤੇ ਭਵਿੱਖ ਵਿਚ ਵਾਅਦਾ ਕੀਤੇ ਗਏ ਸਦੀਪਕ ਜੀਵਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਮਜ਼ਬੂਤ ਨਿਹਚਾ ਦਾ ਹੋਣਾ ਬਹੁਤ ਜ਼ਰੂਰੀ ਹੈ। ਹਬੱਕੂਕ ਨੂੰ ਕਹੇ ਗਏ ਯਹੋਵਾਹ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਮੇਰਾ ਧਰਮੀ ਬੰਦਾ ਨਿਹਚਾ ਤੋਂ ਜੀਵੇਗਾ, ਅਤੇ ਜੇ ਉਹ ਪਿਛਾਹਾਂ ਹਟ ਜਾਵੇ, ਮੇਰਾ ਜੀ ਉਸ ਤੋਂ ਪਰਸੰਨ ਨਹੀਂ ਹੋਵੇਗਾ। . . . ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ।” (ਇਬਰਾਨੀਆਂ 10:38–11:6; ਹਬੱਕੂਕ 2:4) ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: “ਨਿਹਚਾ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ ਜਿਹ ਦੇ ਲਈ ਤੂੰ ਸੱਦਿਆ ਗਿਆ ਸੀ।” (1 ਤਿਮੋਥਿਉਸ 6:12) ਤਾਂ ਫਿਰ, ਮਜ਼ਬੂਤ ਨਿਹਚਾ ਪ੍ਰਾਪਤ ਕਰਨੀ ਕਿਵੇਂ ਸੰਭਵ ਹੋ ਸਕਦੀ ਹੈ? ਇਸ ਪ੍ਰਸ਼ਨ ਤੇ ਵਿਚਾਰ ਕਰਦੇ ਹੋਏ, ਸਾਡੇ ਲਈ ਉਸ ਆਦਮੀ ਵੱਲ ਧਿਆਨ ਦੇਣਾ ਚੰਗਾ ਹੋਵੇਗਾ ਜੋ ਅੱਜ ਤੋਂ ਤਕਰੀਬਨ 4,000 ਸਾਲ ਪਹਿਲਾਂ ਜੀਉਂਦਾ ਸੀ, ਪਰ ਜਿਸ ਦੀ ਨਿਹਚਾ ਦੀ ਤਿੰਨ ਮੁੱਖ ਧਰਮਾਂ—ਇਸਲਾਮ ਧਰਮ, ਯਹੂਦੀ ਧਰਮ, ਅਤੇ ਈਸਾਈ ਧਰਮ—ਵਿਚ ਅਜੇ ਤਕ ਵੀ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ। ਉਹ ਇਨਸਾਨ ਅਬਰਾਹਾਮ ਹੈ। ਉਸ ਦੀ ਨਿਹਚਾ ਇੰਨੀ ਵਿਲੱਖਣ ਕਿਉਂ ਸੀ? ਕੀ ਅੱਜ ਅਸੀਂ ਉਸ ਦੀ ਨਕਲ ਕਰ ਸਕਦੇ ਹਾਂ?

ਪਰਮੇਸ਼ੁਰ ਦੇ ਨਿਰਦੇਸ਼ਨ ਅਨੁਸਾਰ ਚੱਲਣਾ

3, 4. ਤਾਰਹ ਆਪਣੇ ਪਰਿਵਾਰ ਸਮੇਤ ਊਰ ਤੋਂ ਹਾਰਾਨ ਵਿਚ ਵੱਸਣ ਲਈ ਕਿਉਂ ਚਲਾ ਗਿਆ?

3 ਅਬਰਾਹਾਮ (ਜਿਸ ਨੂੰ ਪਹਿਲਾਂ ਅਬਰਾਮ ਕਿਹਾ ਜਾਂਦਾ ਸੀ) ਦਾ ਜ਼ਿਕਰ ਬਾਈਬਲ ਦੇ ਸ਼ੁਰੂ-ਸ਼ੁਰੂ ਵਿਚ ਕੀਤਾ ਗਿਆ ਹੈ। ਉਤਪਤ 11:26 ਵਿਚ, ਅਸੀਂ ਪੜ੍ਹਦੇ ਹਾਂ: “ਤਾਰਹ . . . ਤੋਂ ਅਬਰਾਮ ਅਰ ਨਾਹੋਰ ਅਰ ਹਾਰਾਨ ਜੰਮੇ।” ਤਾਰਹ ਅਤੇ ਉਸ ਦਾ ਪਰਿਵਾਰ ਦੱਖਣੀ ਮਸੋਪੋਤਾਮਿਯਾ ਵਿਚ ਕਲਦੀਆਂ ਦੇ ਇਕ ਖ਼ੁਸ਼ਹਾਲ ਸ਼ਹਿਰ ਊਰ ਵਿਚ ਰਹਿੰਦਾ ਸੀ। ਫਿਰ ਵੀ ਉਹ ਉੱਥੇ ਨਹੀਂ ਠਹਿਰੇ। “ਤਾਰਹ ਆਪਣੇ ਪੁੱਤ੍ਰ ਅਬਰਾਮ ਨੂੰ ਅਰ ਲੂਤ ਹਾਰਾਨ ਦੇ ਪੁੱਤ੍ਰ ਆਪਣੇ ਪੋਤੇ ਨੂੰ ਅਰ ਸਾਰਈ [ਸਾਰਾਹ] ਆਪਣੀ ਨੂੰਹ ਆਪਣੇ ਪੁੱਤ੍ਰ ਅਬਰਾਮ ਦੀ ਪਤਨੀ ਨੂੰ ਲੈਕੇ ਉਨ੍ਹਾਂ ਨਾਲ ਕਸਦੀਮ ਦੇ ਊਰ ਤੋਂ ਕਨਾਨ ਦੇ ਦੇਸ ਨੂੰ ਜਾਣ ਲਈ ਨਿੱਕਲਿਆ ਅਤੇ ਓਹ ਹਾਰਾਨ ਵਿੱਚ ਆਏ ਅਰ ਉੱਥੇ ਵੱਸ ਗਏ।” (ਉਤਪਤ 11:31) ਅਬਰਾਹਾਮ ਦਾ ਭਰਾ ਨਾਹੋਰ ਵੀ ਆਪਣੇ ਪਰਿਵਾਰ ਸਮੇਤ ਹਾਰਾਨ ਵਿਚ ਆ ਕੇ ਵਸ ਗਿਆ। (ਉਤਪਤ 24:10, 15; 28:1, 2; 29:4) ਪਰ ਤਾਰਹ ਉਸ ਖ਼ੁਸ਼ਹਾਲ ਸ਼ਹਿਰ ਊਰ ਨੂੰ ਛੱਡ ਕੇ ਦੂਰ ਦੇਸ਼ ਹਾਰਾਨ ਵਿਚ ਕਿਉਂ ਚਲਾ ਗਿਆ?

4 ਅਬਰਾਹਾਮ ਦੇ ਸਮੇਂ ਤੋਂ ਲਗਭਗ 2,000 ਸਾਲ ਬਾਅਦ, ਇਸਤੀਫ਼ਾਨ ਨਾਂ ਦੇ ਇਕ ਵਫ਼ਾਦਾਰ ਮਨੁੱਖ ਨੇ ਯਹੂਦੀ ਮਹਾਸਭਾ ਵਿਚ ਇਹ ਸਮਝਾਇਆ ਕਿ ਤਾਰਹ ਦੇ ਪਰਿਵਾਰ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ। ਉਸ ਨੇ ਕਿਹਾ: “ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਅੱਗੇ ਜਦ ਉਹ ਮਸੋਪੋਤਾਮਿਯਾ ਵਿੱਚ ਸੀ ਤੇਜ ਰੂਪ ਪਰਮੇਸ਼ੁਰ ਵਿਖਾਈ ਦਿੱਤਾ। ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ ਅਤੇ ਆਪਣੇ ਸਾਕਾਂ ਵਿੱਚੋਂ ਨਿੱਕਲ ਕੇ ਉਸ ਦੇਸ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਆ। ਤਦ ਉਹ ਕਲਦੀਆਂ ਦੇ ਦੇਸ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ।” (ਰਸੂਲਾਂ ਦੇ ਕਰਤੱਬ 7:2-4) ਤਾਰਹ ਨੇ ਆਪਣੇ ਪਰਿਵਾਰ ਨੂੰ ਹਾਰਾਨ ਵਿਚ ਵਸਾ ਕੇ, ਅਬਰਾਹਾਮ ਲਈ ਠਹਿਰਾਈ ਗਈ ਪਰਮੇਸ਼ੁਰ ਦੀ ਇੱਛਾ ਪ੍ਰਤੀ ਅਧੀਨਤਾ ਦਿਖਾਈ।

5. ਆਪਣੇ ਪਿਤਾ ਦੀ ਮੌਤ ਤੋਂ ਬਾਅਦ ਅਬਰਾਹਾਮ ਕਿੱਥੇ ਗਿਆ? ਅਤੇ ਕਿਉਂ?

5 ਤਾਰਹ ਦਾ ਪਰਿਵਾਰ ਆਪਣੇ ਨਵੇਂ ਸ਼ਹਿਰ ਵਿਚ ਟਿਕ ਗਿਆ। ਕਈ ਸਾਲਾਂ ਬਾਅਦ ਜਦੋਂ ਅਬਰਾਹਾਮ ਨੇ “ਮੇਰੇ ਆਪਣੇ ਦੇਸ” ਬਾਰੇ ਜ਼ਿਕਰ ਕੀਤਾ, ਤਾਂ ਉਹ ਊਰ ਬਾਰੇ ਨਹੀਂ, ਬਲਕਿ ਹਾਰਾਨ ਦੇ ਇਲਾਕੇ ਬਾਰੇ ਗੱਲ ਕਰ ਰਿਹਾ ਸੀ। (ਉਤਪਤ 24:4) ਫਿਰ ਵੀ, ਅਬਰਾਹਾਮ ਹਮੇਸ਼ਾ ਲਈ ਹਾਰਾਨ ਵਿਚ ਨਹੀਂ ਰਿਹਾ। ਇਸਤੀਫ਼ਾਨ ਦੇ ਅਨੁਸਾਰ, “[ਅਬਰਾਹਾਮ ਦੇ] ਪਿਉ ਦੇ ਮਰਨ ਪਿੱਛੋਂ ਪਰਮੇਸ਼ੁਰ ਨੇ ਉਹ ਨੂੰ ਉੱਥੋਂ ਲਿਆ ਕੇ ਐਸ ਦੇਸ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ।” (ਰਸੂਲਾਂ ਦੇ ਕਰਤੱਬ 7:4) ਯਹੋਵਾਹ ਦੇ ਨਿਰਦੇਸ਼ਨ ਅਨੁਸਾਰ ਚੱਲਦੇ ਹੋਏ, ਅਬਰਾਹਾਮ ਲੂਤ ਸਮੇਤ ਫਰਾਤ ਦਰਿਆ ਨੂੰ ਪਾਰ ਕਰ ਕੇ ਕਨਾਨ ਦੇਸ਼ ਵਿਚ ਪਹੁੰਚਿਆ।a

6. ਅਬਰਾਹਾਮ ਨਾਲ ਯਹੋਵਾਹ ਨੇ ਕਿਹੜਾ ਵਾਅਦਾ ਕੀਤਾ?

6 ਯਹੋਵਾਹ ਨੇ ਅਬਰਾਹਾਮ ਨੂੰ ਕਨਾਨ ਦੇਸ਼ ਵਿਚ ਜਾਣ ਲਈ ਕਿਉਂ ਕਿਹਾ? ਇਸ ਦਾ ਸੰਬੰਧ ਪਰਮੇਸ਼ੁਰ ਦੇ ਉਨ੍ਹਾਂ ਮਕਸਦਾਂ ਨਾਲ ਸੀ, ਜੋ ਉਸ ਨੇ ਵਫ਼ਾਦਾਰ ਅਬਰਾਹਾਮ ਲਈ ਰੱਖੇ ਸਨ। ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਸੀ: “ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ। ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ। ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਰ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।” (ਉਤਪਤ 12:1-3) ਅਬਰਾਹਾਮ ਨੇ ਇਕ ਵੱਡੀ ਕੌਮ ਦਾ ਪਿਤਾ ਬਣਨਾ ਸੀ, ਜਿਸ ਨੇ ਯਹੋਵਾਹ ਦੀ ਸੁਰੱਖਿਆ ਦਾ ਆਨੰਦ ਮਾਣਨਾ ਅਤੇ ਕਨਾਨ ਦੇਸ਼ ਉੱਤੇ ਕਬਜ਼ਾ ਕਰਨਾ ਸੀ। ਇਕ ਸ਼ਾਨਦਾਰ ਵਾਅਦਾ! ਪਰ ਉਸ ਦੇਸ਼ ਦਾ ਵਾਰਸ ਬਣਨ ਲਈ, ਅਬਰਾਹਾਮ ਨੂੰ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨੀਆਂ ਪਈਆਂ।

7. ਯਹੋਵਾਹ ਦੇ ਵਾਅਦੇ ਦਾ ਵਾਰਸ ਹੋਣ ਲਈ ਅਬਰਾਹਾਮ ਨੇ ਕਿਹੜੀਆਂ ਤਬਦੀਲੀਆਂ ਕਰਨ ਲਈ ਤਿਆਰ ਹੋਣਾ ਸੀ?

7 ਜਦੋਂ ਅਬਰਾਹਾਮ ਊਰ ਸ਼ਹਿਰ ਤੋਂ ਨਿਕਲਿਆ ਤਾਂ ਉਸ ਨੇ ਇਕ ਖ਼ੁਸ਼ਹਾਲ ਸ਼ਹਿਰ ਨੂੰ ਅਤੇ ਸ਼ਾਇਦ ਆਪਣੇ ਪਿਤਾ ਦੇ ਸਾਕ-ਸੰਬੰਧੀਆਂ ਨੂੰ ਵੀ ਛੱਡ ਦਿੱਤਾ। ਉਸ ਜ਼ਮਾਨੇ ਵਿਚ ਇਹ ਚੀਜ਼ਾਂ ਸੁਰੱਖਿਆ ਦੇ ਮਹੱਤਵਪੂਰਣ ਸ੍ਰੋਤ ਸਨ। ਜਦੋਂ ਉਸ ਨੇ ਹਾਰਾਨ ਛੱਡਿਆ ਤਾਂ ਉਹ ਆਪਣੇ ਪਿਤਾ ਦੇ ਘਰਾਣੇ ਅਤੇ ਆਪਣੇ ਭਰਾ ਨਾਹੋਰ ਦੇ ਪਰਿਵਾਰ ਤੋਂ ਵੱਖਰਾ ਹੋ ਕੇ ਇਕ ਅਣਜਾਣੇ ਦੇਸ਼ ਵਿਚ ਚਲਾ ਗਿਆ ਸੀ। ਕਨਾਨ ਵਿਚ ਉਸ ਨੇ ਕੰਧਾਂ ਵਾਲੇ ਕਿਸੇ ਸ਼ਹਿਰ ਦੇ ਅੰਦਰ ਸੁਰੱਖਿਆ ਨਹੀਂ ਭਾਲੀ। ਕਿਉਂ ਨਹੀਂ? ਦੇਸ਼ ਵਿਚ ਦਾਖ਼ਲ ਹੋਣ ਤੋਂ ਕੁਝ ਦੇਰ ਬਾਅਦ, ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: “ਏਸ ਦੇਸ ਦੀ ਲੰਬਾਈ ਚੌੜਾਈ ਵਿੱਚ ਫਿਰ ਕਿਉਂਜੋ ਮੈਂ ਇਹ ਤੈਨੂੰ ਦਿਆਂਗਾ।” (ਉਤਪਤ 13:17) 75 ਸਾਲਾਂ ਦੇ ਅਬਰਾਹਾਮ ਅਤੇ 65 ਸਾਲਾਂ ਦੀ ਸਾਰਾਹ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਕੀਤੀ। ‘ਨਿਹਚਾ ਨਾਲ ਉਹ ਵਾਇਦੇ ਵਾਲੀ ਧਰਤੀ ਵਿੱਚ ਜਾ ਵੱਸਿਆ ਜਿਵੇਂ ਪਰਾਈ ਧਰਤੀ ਵਿੱਚ ਉਹ ਨੇ ਤੰਬੂਆਂ ਵਿੱਚ ਵਾਸ ਕੀਤਾ।’—ਇਬਰਾਨੀਆਂ 11:9; ਉਤਪਤ 12:4.

ਸਾਡੇ ਦਿਨਾਂ ਵਿਚ ਅਬਰਾਹਾਮ ਵਰਗੀ ਨਿਹਚਾ

8. ਅਬਰਾਹਾਮ ਅਤੇ ਪ੍ਰਾਚੀਨ ਸਮੇਂ ਦੇ ਦੂਸਰੇ ਗਵਾਹਾਂ ਨੂੰ ਧਿਆਨ ਵਿਚ ਰੱਖਦੇ ਹੋਏ, ਸਾਨੂੰ ਆਪਣੇ ਵਿਚ ਕੀ ਪੈਦਾ ਕਰਨਾ ਚਾਹੀਦਾ ਹੈ?

8 ਇਬਰਾਨੀਆਂ ਦੇ ਗਿਆਰਵੇਂ ਅਧਿਆਇ ਵਿਚ ਜ਼ਿਕਰ ਕੀਤੇ ਗਏ ‘[ਮਸੀਹ-ਪੂਰਵ] ਗਵਾਹਾਂ ਦੇ ਵੱਡੇ ਬੱਦਲ’ ਵਿਚ ਅਬਰਾਹਾਮ ਅਤੇ ਉਸ ਦੇ ਪਰਿਵਾਰ ਦੇ ਨਾਂ ਵੀ ਸ਼ਾਮਲ ਹਨ। ਪਰਮੇਸ਼ੁਰ ਦੇ ਪ੍ਰਾਚੀਨ ਸਮੇਂ ਦੇ ਇਨ੍ਹਾਂ ਸੇਵਕਾਂ ਦੀ ਨਿਹਚਾ ਨੂੰ ਧਿਆਨ ਵਿਚ ਰੱਖਦੇ ਹੋਏ, ਪੌਲੁਸ ਮਸੀਹੀਆਂ ਨੂੰ “ਹਰੇਕ ਭਾਰ ਅਤੇ ਉਸ ਪਾਪ [ਨਿਹਚਾ ਦੀ ਘਾਟ] ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ” ਦੇਣ ਲਈ ਉਤਸ਼ਾਹਿਤ ਕਰਦਾ ਹੈ। (ਇਬਰਾਨੀਆਂ 12:1) ਜੀ ਹਾਂ, ਨਿਹਚਾ ਦੀ ਘਾਟ “ਸਹਿਜ ਨਾਲ ਸਾਨੂੰ ਫਸਾ” ਸਕਦੀ ਹੈ। ਪਰ ਸਾਡੇ ਅਤੇ ਪੌਲੁਸ ਦੇ ਦਿਨਾਂ ਵਿਚ, ਸੱਚੇ ਮਸੀਹੀ, ਅਬਰਾਹਾਮ ਅਤੇ ਪ੍ਰਾਚੀਨ ਸਮਿਆਂ ਦੇ ਦੂਸਰੇ ਗਵਾਹਾਂ ਵਾਂਗ ਮਜ਼ਬੂਤ ਨਿਹਚਾ ਪੈਦਾ ਕਰ ਸਕੇ ਹਨ। ਪੌਲੁਸ ਆਪਣੇ ਅਤੇ ਆਪਣੇ ਸੰਗੀ ਮਸੀਹੀਆਂ ਬਾਰੇ ਕਹਿੰਦਾ ਹੈ: “ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।”—ਇਬਰਾਨੀਆਂ 10:39.

9, 10. ਇਸ ਦਾ ਕੀ ਸਬੂਤ ਹੈ ਕਿ ਬਹੁਤ ਸਾਰਿਆਂ ਕੋਲ ਅੱਜ ਵੀ ਅਬਰਾਹਾਮ ਵਰਗੀ ਨਿਹਚਾ ਹੈ?

9 ਇਹ ਸੱਚ ਹੈ ਕਿ ਅੱਜ ਸੰਸਾਰ ਅਬਰਾਹਾਮ ਦੇ ਜ਼ਮਾਨੇ ਨਾਲੋਂ ਕਾਫ਼ੀ ਬਦਲ ਗਿਆ ਹੈ। ਫਿਰ ਵੀ, ਅਸੀਂ ਅੱਜ ਤਕ ਵੀ ‘ਅਬਰਾਹਾਮ ਦੇ ਪਰਮੇਸ਼ੁਰ’ ਦੀ ਹੀ ਸੇਵਾ ਕਰਦੇ ਹਾਂ, ਅਤੇ ਉਹ ਅਟੱਲ ਹੈ, ਯਾਨੀ ਕਿ ਉਹ ਬਦਲਦਾ ਨਹੀਂ। (ਰਸੂਲਾਂ ਦੇ ਕਰਤੱਬ 3:13; ਮਲਾਕੀ 3:6) ਯਹੋਵਾਹ ਅੱਜ ਵੀ ਸਾਡੀ ਉਪਾਸਨਾ ਦੇ ਯੋਗ ਹੈ, ਜਿਵੇਂ ਉਹ ਅਬਰਾਹਾਮ ਦੇ ਜ਼ਮਾਨੇ ਵਿਚ ਸੀ। (ਪਰਕਾਸ਼ ਦੀ ਪੋਥੀ 4:11) ਬਹੁਤ ਸਾਰੇ ਲੋਕ ਆਪਣੇ ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਸਮਰਪਿਤ ਕਰਦੇ ਹਨ, ਅਤੇ ਅਬਰਾਹਾਮ ਵਾਂਗ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਆਪਣੀ ਜ਼ਿੰਦਗੀ ਵਿਚ ਲੋੜੀਂਦੀਆਂ ਤਬਦੀਲੀਆਂ ਕਰਦੇ ਹਨ। ਪਿਛਲੇ ਸਾਲ, 3,16,092 ਲੋਕਾਂ ਨੇ ਸਾਰਿਆਂ ਦੇ ਸਾਮ੍ਹਣੇ, “ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ” ਪਾਣੀ ਦਾ ਬਪਤਿਸਮਾ ਲੈਣ ਦੁਆਰਾ ਆਪਣੇ ਸਮਰਪਣ ਦਾ ਸਬੂਤ ਦਿੱਤਾ।—ਮੱਤੀ 28:19.

10 ਇਨ੍ਹਾਂ ਨਵੇਂ ਮਸੀਹੀਆਂ ਵਿੱਚੋਂ ਜ਼ਿਆਦਾਤਰ ਨੂੰ ਆਪਣੇ ਸਮਰਪਣ ਨੂੰ ਪੂਰਾ ਕਰਨ ਲਈ ਦੂਰ ਵਿਦੇਸ਼ੀ ਮੁਲਕਾਂ ਵਿਚ ਜਾਣ ਦੀ ਲੋੜ ਨਹੀਂ ਪਈ ਹੈ। ਪਰ ਅਧਿਆਤਮਿਕ ਅਰਥ ਵਿਚ ਬਹੁਤ ਸਾਰਿਆਂ ਨੇ ਕਾਫ਼ੀ ਦੂਰੀ ਤੈ ਕੀਤੀ ਹੈ। ਉਦਾਹਰਣ ਲਈ, ਮਾੱਰਿਸ਼ੱਸ ਵਿਚ, ਐਲਸੀ ਨਾਂ ਦੀ ਔਰਤ ਇਕ ਜਾਦੂਗਰਨੀ ਸੀ। ਹਰ ਕੋਈ ਉਸ ਤੋਂ ਡਰਦਾ ਸੀ। ਐਲਸੀ ਦੀ ਧੀ ਨਾਲ ਇਕ ਵਿਸ਼ੇਸ਼ ਪਾਇਨੀਅਰ ਨੇ ਬਾਈਬਲ ਅਧਿਐਨ ਕਰਨ ਦਾ ਪ੍ਰਬੰਧ ਕੀਤਾ, ਅਤੇ ਇਸ ਅਧਿਐਨ ਨੇ ਐਲਸੀ ਲਈ ‘ਅਨ੍ਹੇਰੇ ਤੋਂ ਚਾਨਣ ਦੀ ਵੱਲ ਮੁੜਨ’ ਦਾ ਰਾਹ ਖੋਲ੍ਹਿਆ। (ਰਸੂਲਾਂ ਦੇ ਕਰਤੱਬ 26:18) ਆਪਣੀ ਧੀ ਦੀ ਦਿਲਚਸਪੀ ਨੂੰ ਦੇਖਦੇ ਹੋਏ, ਐਲਸੀ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਦਾ ਅਧਿਐਨ ਕਰਨ ਲਈ ਮੰਨ ਗਈ। ਕਿਉਂਕਿ ਉਸ ਨੂੰ ਲਗਾਤਾਰ ਉਤਸ਼ਾਹ ਦੇਣ ਦੀ ਲੋੜ ਸੀ, ਉਸ ਨਾਲ ਹਫ਼ਤੇ ਵਿਚ ਤਿੰਨ ਵਾਰ ਅਧਿਐਨ ਕੀਤਾ ਜਾਂਦਾ ਸੀ। ਉਸ ਦੇ ਜਾਦੂ-ਟੂਣੇ ਦੇ ਕੰਮਾਂ ਨੇ ਉਸ ਨੂੰ ਕੋਈ ਖ਼ੁਸ਼ੀ ਨਹੀਂ ਦਿੱਤੀ ਸੀ, ਅਤੇ ਉਸ ਦੀਆਂ ਬਹੁਤ ਸਾਰੀਆਂ ਨਿੱਜੀ ਸਮੱਸਿਆਵਾਂ ਸਨ। ਫਿਰ ਵੀ ਆਖ਼ਰਕਾਰ, ਉਹ ਪਿਸ਼ਾਚਵਾਦ ਤੋਂ ਲੈ ਕੇ ਸੱਚੀ ਉਪਾਸਨਾ ਤਕ ਦਾ ਲੰਬਾ ਰਸਤਾ ਤੈ ਕਰਨ ਵਿਚ ਕਾਮਯਾਬ ਹੋਈ। ਜਦੋਂ ਲੋਕ ਉਸ ਦੀ ਮਦਦ ਲੈਣ ਲਈ ਆਏ, ਤਾਂ ਉਹ ਲੋਕਾਂ ਨੂੰ ਦੱਸਦੀ ਸੀ ਕਿ ਸਿਰਫ਼ ਯਹੋਵਾਹ ਹੀ ਉਨ੍ਹਾਂ ਨੂੰ ਦੁਸ਼ਟ ਆਤਮਾਵਾਂ ਤੋਂ ਬਚਾ ਸਕਦਾ ਹੈ। ਹੁਣ ਐਲਸੀ ਇਕ ਬਪਤਿਸਮਾ-ਪ੍ਰਾਪਤ ਗਵਾਹ ਹੈ, ਅਤੇ ਉਸ ਦੇ ਪਰਿਵਾਰ ਵਿੱਚੋਂ ਅਤੇ ਉਸ ਦੀ ਜਾਣ-ਪਛਾਣ ਵਾਲਿਆਂ ਵਿੱਚੋਂ 14 ਵਿਅਕਤੀਆਂ ਨੇ ਸੱਚਾਈ ਨੂੰ ਸਵੀਕਾਰ ਕਰ ਲਿਆ ਹੈ।

11. ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕਰਨ ਵਾਲੇ ਵਿਅਕਤੀ ਕਿਹੜੀਆਂ ਤਬਦੀਲੀਆਂ ਕਰਨ ਲਈ ਤਿਆਰ ਹਨ?

11 ਜਿਨ੍ਹਾਂ ਭੈਣ-ਭਰਾਵਾਂ ਨੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਪਿਛਲੇ ਸਾਲ ਆਪਣੇ ਆਪ ਨੂੰ ਸਮਰਪਿਤ ਕੀਤਾ ਸੀ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਇਸ ਤਰ੍ਹਾਂ ਦੀਆਂ ਵੱਡੀਆਂ ਤਬਦੀਲੀਆਂ ਕਰਨ ਦੀ ਜ਼ਰੂਰਤ ਨਹੀਂ ਪਈ ਹੈ। ਪਰ ਪਹਿਲਾਂ ਉਹ ਸਾਰੇ ਹੀ ਅਧਿਆਤਮਿਕ ਤੌਰ ਤੇ ਮਰੇ ਹੋਏ ਸਨ, ਅਤੇ ਹੁਣ ਉਹ ਅਧਿਆਤਮਿਕ ਤੌਰ ਤੇ ਜੀਉਂਦੇ ਹੋ ਗਏ ਹਨ। (ਅਫ਼ਸੀਆਂ 2:1) ਚਾਹੇ ਸਰੀਰਕ ਤੌਰ ਤੇ ਉਹ ਅਜੇ ਵੀ ਜਗਤ ਵਿਚ ਹਨ, ਪਰ ਹੁਣ ਉਹ ਜਗਤ ਦਾ ਹਿੱਸਾ ਨਹੀਂ ਹਨ। (ਯੂਹੰਨਾ 17:15, 16) ਮਸਹ ਕੀਤੇ ਹੋਏ ਮਸੀਹੀਆਂ ਵਾਂਗ, ਜੋ ਕਿ “ਸੁਰਗ ਦੀ ਪਰਜਾ” ਹਨ, ਇਹ ਭੈਣ-ਭਰਾ ਵੀ ‘ਪਰਦੇਸੀਆਂ ਅਤੇ ਮੁਸਾਫ਼ਰਾਂ’ ਵਾਂਗ ਜ਼ਿੰਦਗੀ ਬਤੀਤ ਕਰਦੇ ਹਨ। (ਫ਼ਿਲਿੱਪੀਆਂ 3:20; 1 ਪਤਰਸ 2:11) ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਮੇਸ਼ੁਰ ਦੇ ਮਿਆਰਾਂ ਦੇ ਮੁਤਾਬਕ ਢਾਲਿਆ ਹੈ, ਕਿਉਂ ਜੋ ਉਹ ਪਰਮੇਸ਼ੁਰ ਨੂੰ ਅਤੇ ਗੁਆਂਢੀ ਨੂੰ ਪਿਆਰ ਕਰਦੇ ਹਨ। (ਮੱਤੀ 22:37-39) ਉਹ ਸੁਆਰਥੀ ਹੋ ਕੇ ਧਨ-ਦੌਲਤ ਦੇ ਪਿੱਛੇ ਨਹੀਂ ਲੱਗਦੇ ਤੇ ਨਾ ਹੀ ਦੁਨੀਆਂ ਵਿਚ ਕੁਝ ਕਰ ਦਿਖਾਉਣ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹਨ। ਇਸ ਦੀ ਬਜਾਇ, ਉਹ ਆਪਣੀਆਂ ਅੱਖਾਂ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ ਜਿਸ ਵਿੱਚ ਧਰਮ ਵੱਸਦਾ ਹੈ’ ਉੱਤੇ ਲਾਈ ਰੱਖਦੇ ਹਨ।—2 ਪਤਰਸ 3:13; 2 ਕੁਰਿੰਥੀਆਂ 4:18.

12. ਪਿਛਲੇ ਸਾਲ ਦੇ ਕਿਹੜੇ ਕੰਮ ਦੀ ਰਿਪੋਰਟ ਪ੍ਰਮਾਣ ਦਿੰਦੀ ਹੈ ਕਿ ਯਿਸੂ ਨੇ ਆਪਣੀ ਮੌਜੂਦਗੀ ਦੌਰਾਨ “ਧਰਤੀ ਉੱਤੇ ਨਿਹਚਾ” ਪਾਈ ਹੈ?

12 ਜਦੋਂ ਅਬਰਾਹਾਮ ਕਨਾਨ ਦੇਸ਼ ਵਿਚ ਗਿਆ, ਤਾਂ ਉਹ ਅਤੇ ਉਸ ਦਾ ਪਰਿਵਾਰ ਇਕੱਲਾ ਸੀ। ਉਨ੍ਹਾਂ ਨੂੰ ਸਿਰਫ਼ ਯਹੋਵਾਹ ਦੀ ਮਦਦ ਅਤੇ ਸੁਰੱਖਿਆ ਪ੍ਰਾਪਤ ਸੀ। ਪਰ ਇਹ 3,16,092 ਬਪਤਿਸਮਾ-ਪ੍ਰਾਪਤ ਨਵੇਂ ਭੈਣ-ਭਰਾ ਇਕੱਲੇ ਨਹੀਂ ਹਨ। ਇਹ ਸੱਚ ਹੈ ਕਿ ਯਹੋਵਾਹ ਉਨ੍ਹਾਂ ਨੂੰ ਆਪਣੀ ਪਵਿੱਤਰ ਆਤਮਾ ਦੁਆਰਾ ਮਦਦ ਅਤੇ ਸੁਰੱਖਿਆ ਦਿੰਦਾ ਹੈ, ਜਿਸ ਤਰ੍ਹਾਂ ਉਸ ਨੇ ਅਬਰਾਹਾਮ ਨੂੰ ਵੀ ਦਿੱਤੀ ਸੀ। (ਕਹਾਉਤਾਂ 18:10) ਪਰ ਇਸ ਤੋਂ ਇਲਾਵਾ, ਉਹ ਉਨ੍ਹਾਂ ਨੂੰ ਇਕ ਜੋਸ਼ ਭਰੀ ਅਤੇ ਕ੍ਰਿਆਸ਼ੀਲ ਅੰਤਰਰਾਸ਼ਟਰੀ “ਕੌਮ” ਦੁਆਰਾ ਵੀ ਮਦਦ ਦੇ ਰਿਹਾ ਹੈ, ਜੋ ਕਿ ਦੁਨੀਆਂ ਦੀਆਂ ਕੁਝ ਕੌਮਾਂ ਨਾਲੋਂ ਵੀ ਜ਼ਿਆਦਾ ਵੱਡੀ ਹੈ। (ਯਸਾਯਾਹ 66:8) ਪਿਛਲੇ ਸਾਲ, ਇਸ ਕੌਮ ਦੇ 58,88,650 ਵਸਨੀਕਾਂ ਨੇ ਆਪਣੇ ਗੁਆਂਢੀਆਂ ਨੂੰ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸ ਕੇ ਆਪਣੀ ਸਰਗਰਮ ਨਿਹਚਾ ਦਾ ਪ੍ਰਮਾਣ ਦਿੱਤਾ। (ਮਰਕੁਸ 13:10) ਉਨ੍ਹਾਂ ਨੇ ਰੁਚੀ ਰੱਖਣ ਵਾਲੇ ਵਿਅਕਤੀਆਂ ਦੀ ਭਾਲ ਵਿਚ 1,18,66,66,708 ਘੰਟੇ ਬਤੀਤ ਕੀਤੇ। ਨਤੀਜੇ ਵਜੋਂ, ਨਿਹਚਾ ਪੈਦਾ ਕਰਨ ਵਿਚ ਰੁਚੀ ਰੱਖਣ ਵਾਲੇ 43,02,852 ਵਿਅਕਤੀਆਂ ਨਾਲ ਬਾਈਬਲ ਅਧਿਐਨ ਸ਼ੁਰੂ ਕੀਤੇ ਗਏ। ਆਪਣੇ ਜੋਸ਼ ਨੂੰ ਵਿਖਾਉਂਦੇ ਹੋਏ, ਇਸ “ਕੌਮ” ਵਿੱਚੋਂ 6,98,781 ਵਸਨੀਕਾਂ ਨੇ ਪੂਰੇ ਸਮੇਂ ਲਈ ਜਾਂ ਇਕ ਜਾਂ ਇਕ ਤੋਂ ਜ਼ਿਆਦਾ ਮਹੀਨਿਆਂ ਲਈ, ਪਾਇਨੀਅਰ ਸੇਵਾ ਵਿਚ ਹਿੱਸਾ ਲਿਆ। (ਯਹੋਵਾਹ ਦੇ ਗਵਾਹਾਂ ਦੀਆਂ ਪਿਛਲੇ ਸਾਲ ਦੀਆਂ ਸਰਗਰਮੀਆਂ ਦਾ ਵੇਰਵਾ ਸਫ਼ੇ 12 ਤੋਂ 15 ਤੇ ਦਿੱਤਾ ਗਿਆ ਹੈ।) ਇਹ ਸ਼ਾਨਦਾਰ ਰਿਕਾਰਡ ਯਿਸੂ ਦੁਆਰਾ ਕੀਤੇ ਗਏ ਪ੍ਰਸ਼ਨ ਕਿ “ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?” ਦਾ ਪ੍ਰਤੱਖ ਤਰੀਕੇ ਨਾਲ ਹਾਂ ਵਿਚ ਜਵਾਬ ਦਿੰਦਾ ਹੈ।

ਪਰਤਾਵਿਆਂ ਦੇ ਬਾਵਜੂਦ ਵਫ਼ਾਦਾਰ

13, 14. ਅਬਰਾਹਾਮ ਅਤੇ ਉਸ ਦੇ ਪਰਿਵਾਰ ਦੁਆਰਾ ਕਨਾਨ ਵਿਚ ਸਾਮ੍ਹਣਾ ਕੀਤੀਆਂ ਗਈਆਂ ਕੁਝ ਮੁਸੀਬਤਾਂ ਦਾ ਵਰਣਨ ਕਰੋ।

13 ਕਨਾਨ ਦੇਸ਼ ਵਿਚ ਅਬਰਾਹਾਮ ਅਤੇ ਉਸ ਦੇ ਪਰਿਵਾਰ ਨੂੰ ਅਕਸਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਘੱਟੋ-ਘੱਟ ਇਕ ਮੌਕੇ ਤੇ, ਉੱਥੇ ਬਹੁਤ ਭਾਰਾ ਕਾਲ ਪੈਣ ਕਰਕੇ ਉਸ ਨੂੰ ਕਨਾਨ ਦੇਸ਼ ਛੱਡ ਕੇ ਮਿਸਰ ਨੂੰ ਭੱਜਣਾ ਪਿਆ। ਇਸ ਤੋਂ ਇਲਾਵਾ, ਮਿਸਰ ਦੇ ਰਾਜੇ ਅਤੇ ਗਰਾਰ (ਗਾਜ਼ਾ ਦੇ ਨੇੜੇ) ਦੇ ਰਾਜੇ ਨੇ ਅਬਰਾਹਾਮ ਦੀ ਪਤਨੀ ਸਾਰਾਹ ਨੂੰ ਆਪਣੀ ਪਤਨੀ ਬਣਾਉਣ ਦੀ ਕੋਸ਼ਿਸ਼ ਕੀਤੀ। (ਉਤਪਤ 12:10-20; 20:1-18) ਅਬਰਾਹਾਮ ਦੇ ਇੱਜੜ ਦੇ ਪਾਲ਼ੀਆਂ ਅਤੇ ਲੂਤ ਦੇ ਇੱਜੜ ਦੇ ਪਾਲ਼ੀਆਂ ਵਿਚਕਾਰ ਝਗੜੇ ਵੀ ਹੋਏ, ਜਿਸ ਕਰਕੇ ਦੋਹਾਂ ਘਰਾਣਿਆਂ ਨੂੰ ਵੱਖਰੇ ਹੋਣਾ ਪਿਆ। ਨਿਰਸੁਆਰਥੀ ਹੋ ਕੇ ਅਬਰਾਹਾਮ ਨੇ ਪਹਿਲਾਂ ਲੂਤ ਨੂੰ ਜ਼ਮੀਨ ਦੀ ਚੋਣ ਕਰਨ ਦਾ ਮੌਕਾ ਦਿੱਤਾ, ਅਤੇ ਲੂਤ ਨੇ ਯਰਦਨ ਦੇ ਮੈਦਾਨ ਵਿਚ ਰਹਿਣ ਦੀ ਚੋਣ ਕੀਤੀ, ਜੋ ਕਿ ਅਦਨ ਦੇ ਬਾਗ਼ ਵਾਂਗ ਉਪਜਾਊ ਅਤੇ ਸੋਹਣਾ ਦਿਖਾਈ ਦਿੰਦਾ ਸੀ।—ਉਤਪਤ 13:5-13.

14 ਉਸ ਤੋਂ ਬਾਅਦ ਲੂਤ, ਦੂਰ ਦੇਸ਼ ਏਲਾਮ ਦੇ ਰਾਜੇ ਤੇ ਉਸ ਦੇ ਹਿਮਾਇਤੀਆਂ ਅਤੇ ਪੰਜ ਸ਼ਹਿਰਾਂ ਦੇ ਰਾਜਿਆਂ ਵਿਚਕਾਰ, ਸਿੱਦੀਮ ਦੀ ਦੂਣ ਵਿਚ ਹੋਈ ਲੜਾਈ ਵਿਚ ਫੱਸ ਗਿਆ। ਵਿਦੇਸ਼ੀ ਰਾਜੇ ਸਥਾਨਕ ਰਾਜਿਆਂ ਉੱਤੇ ਜਿੱਤ ਪ੍ਰਾਪਤ ਕਰ ਕੇ ਕਾਫ਼ੀ ਸਾਰਾ ਮਾਲ-ਧਨ ਲੁੱਟ ਕੇ ਲੈ ਗਏ, ਜਿਸ ਵਿਚ ਲੂਤ ਅਤੇ ਉਸ ਦਾ ਮਾਲ-ਧਨ ਵੀ ਸ਼ਾਮਲ ਸੀ। ਜਦੋਂ ਅਬਰਾਹਾਮ ਨੂੰ ਇਸ ਘਟਨਾ ਦੀ ਖ਼ਬਰ ਮਿਲੀ ਤਾਂ ਉਸ ਨੇ ਵਿਦੇਸ਼ੀ ਰਾਜਿਆਂ ਦਾ ਨਿਡਰਤਾ ਨਾਲ ਪਿੱਛਾ ਕੀਤਾ ਅਤੇ ਲੂਤ ਤੇ ਉਸ ਦੇ ਘਰਾਣੇ ਨੂੰ, ਨਾਲੇ ਸਥਾਨਕ ਰਾਜਿਆਂ ਦੇ ਮਾਲ-ਧਨ ਨੂੰ ਵਾਪਸ ਲੈ ਆਇਆ। (ਉਤਪਤ 14:1-16) ਫਿਰ ਵੀ ਕਨਾਨ ਵਿਚ ਲੂਤ ਦਾ ਇਹ ਸਭ ਤੋਂ ਭੈੜਾ ਅਨੁਭਵ ਨਹੀਂ ਸੀ। ਕਿਸੇ ਕਾਰਨ ਕਰਕੇ ਉਹ ਸਦੂਮ ਸ਼ਹਿਰ ਵਿਚ ਜਾ ਵੱਸਿਆ, ਭਾਵੇਂ ਕਿ ਉਹ ਸ਼ਹਿਰ ਆਪਣੀ ਅਨੈਤਿਕਤਾ ਲਈ ਬਹੁਤ ਬਦਨਾਮ ਸੀ।b (2 ਪਤਰਸ 2:6-8) ਦੋ ਦੂਤਾਂ ਵੱਲੋਂ ਇਹ ਚੇਤਾਵਨੀ ਦੇਣ ਤੇ ਕਿ ਉਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਜਾਵੇਗਾ, ਲੂਤ ਆਪਣੀ ਪਤਨੀ ਅਤੇ ਧੀਆਂ ਸਮੇਤ ਉੱਥੋਂ ਭੱਜ ਗਿਆ। ਫਿਰ ਵੀ ਲੂਤ ਦੀ ਪਤਨੀ ਨੇ ਦੂਤਾਂ ਦੁਆਰਾ ਦਿੱਤੀ ਗਈ ਸਪੱਸ਼ਟ ਹਿਦਾਇਤ ਨੂੰ ਨਹੀਂ ਮੰਨਿਆ ਅਤੇ ਨਤੀਜੇ ਵਜੋਂ ਉਹ ਲੂਣ ਦਾ ਥੰਮ੍ਹ ਬਣ ਗਈ। ਲੂਤ ਨੂੰ ਆਪਣੀਆਂ ਧੀਆਂ ਨਾਲ ਮੰਦੇ ਹਾਲ ਸੋਆਰ ਦੀ ਇਕ ਖੁੰਦਰ ਵਿਚ ਰਹਿਣਾ ਪਿਆ। (ਉਤਪਤ 19:1-30) ਇਨ੍ਹਾਂ ਘਟਨਾਵਾਂ ਨੇ ਅਬਰਾਹਾਮ ਨੂੰ ਬਹੁਤ ਪਰੇਸ਼ਾਨ ਕੀਤਾ ਹੋਵੇਗਾ, ਖ਼ਾਸ ਤੌਰ ਤੇ ਇਸ ਲਈ ਕਿਉਂਕਿ ਲੂਤ ਕਨਾਨ ਦੇਸ਼ ਵਿਚ ਅਬਰਾਹਾਮ ਨਾਲ ਉਸ ਦੇ ਘਰਾਣੇ ਦਾ ਮੈਂਬਰ ਬਣ ਕੇ ਆਇਆ ਸੀ।

15. ਇਕ ਅਜਨਬੀ ਦੇਸ਼ ਵਿਚ ਤੰਬੂਆਂ ਵਿਚ ਰਹਿਣ ਕਾਰਨ ਪੇਸ਼ ਆਈਆਂ ਮੁਸ਼ਕਲਾਂ ਦੇ ਬਾਵਜੂਦ ਵੀ, ਅਬਰਾਹਾਮ ਦੇ ਮਨ ਵਿਚ ਕਿਸ ਤਰ੍ਹਾਂ ਦੇ ਖ਼ਿਆਲ ਨਹੀਂ ਆਏ ਸਨ?

15 ਕੀ ਅਬਰਾਹਾਮ ਨੇ ਕਦੇ ਸੋਚਿਆ ਕਿ ਉਸ ਨੂੰ ਅਤੇ ਲੂਤ ਨੂੰ ਊਰ ਦੀ ਸੁਰੱਖਿਆ ਵਿਚ ਆਪਣੇ ਪਿਤਾ ਦੇ ਸਾਕ-ਸੰਬੰਧੀਆਂ ਜਾਂ ਫਿਰ ਹਾਰਾਨ ਵਿਚ ਆਪਣੇ ਭਰਾ ਨਾਹੋਰ ਦੇ ਨਾਲ ਰਹਿਣਾ ਚਾਹੀਦਾ ਸੀ? ਕੀ ਉਸ ਨੇ ਕਦੇ ਚਾਹਿਆ ਕਿ ਉਹ ਤੰਬੂਆਂ ਵਿਚ ਰਹਿਣ ਦੀ ਬਜਾਇ, ਕੰਧਾਂ ਵਾਲੇ ਸ਼ਹਿਰ ਦੀ ਸੁਰੱਖਿਆ ਵਿਚ ਵੱਸ ਜਾਂਦਾ? ਕੀ ਉਸ ਨੇ ਅਜਨਬੀ ਦੇਸ਼ ਵਿਚ ਟੱਪਰੀਵਾਸਾਂ ਵਾਂਗ ਜੀਵਨ ਬਿਤਾਉਣ ਕਰਕੇ, ਕੀਤੀਆਂ ਗਈਆਂ ਕੁਰਬਾਨੀਆਂ ਦੀ ਬੁੱਧੀਮਤਾ ਉੱਤੇ ਸ਼ੱਕ ਕੀਤਾ? ਅਬਰਾਹਾਮ ਅਤੇ ਉਸ ਦੇ ਪਰਿਵਾਰ ਬਾਰੇ ਪੌਲੁਸ ਰਸੂਲ ਨੇ ਕਿਹਾ: “ਜੇ ਉਹ ਦੇਸ ਨੂੰ ਜਿਸ ਤੋਂ ਨਿੱਕਲ ਆਏ ਸਨ ਚੇਤੇ ਰੱਖਦੇ ਤਾਂ ਉਨ੍ਹਾਂ ਨੂੰ ਮੁੜ ਜਾਣ ਦਾ ਵੇਲਾ ਹੁੰਦਾ।” (ਇਬਰਾਨੀਆਂ 11:15) ਪਰ ਉਹ ਮੁੜੇ ਨਹੀਂ। ਮੁਸ਼ਕਲਾਂ ਦੇ ਬਾਵਜੂਦ, ਉਹ ਉੱਥੇ ਹੀ ਰਹੇ, ਜਿੱਥੇ ਯਹੋਵਾਹ ਚਾਹੁੰਦਾ ਸੀ।

ਸਾਡੇ ਦਿਨਾਂ ਵਿਚ ਧੀਰਜ

16, 17. (ੳ) ਅੱਜ ਬਹੁਤ ਸਾਰੇ ਮਸੀਹੀ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ? (ਅ) ਮਸੀਹੀ ਲੋਕ ਕਿਹੜਾ ਚੰਗਾ ਰਵੱਈਆ ਰੱਖਦੇ ਹਨ? ਅਤੇ ਕਿਉਂ?

16 ਇਸੇ ਤਰ੍ਹਾਂ ਦਾ ਧੀਰਜ ਅੱਜ ਵੀ ਮਸੀਹੀਆਂ ਵਿਚ ਪਾਇਆ ਜਾਂਦਾ ਹੈ। ਚਾਹੇ ਪਰਮੇਸ਼ੁਰ ਦੀ ਸੇਵਾ ਕਰਨ ਨਾਲ ਉਨ੍ਹਾਂ ਨੂੰ ਵੱਡਾ ਆਨੰਦ ਮਿਲਦਾ ਹੈ, ਫਿਰ ਵੀ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਸੱਚੇ ਮਸੀਹੀਆਂ ਲਈ ਜ਼ਿੰਦਗੀ ਸੌਖੀ ਨਹੀਂ ਹੈ। ਭਾਵੇਂ ਉਹ ਅਧਿਆਤਮਿਕ ਪਰਾਦੀਸ ਵਿਚ ਰਹਿੰਦੇ ਹਨ, ਫਿਰ ਵੀ ਉਹ ਆਪਣੇ ਗੁਆਂਢੀਆਂ ਵਾਂਗ ਤੰਗੀਆਂ ਦਾ ਸਾਮ੍ਹਣਾ ਕਰਦੇ ਹਨ। (ਯਸਾਯਾਹ 11:6-9) ਬਹੁਤ ਸਾਰੇ ਮਾਸੂਮ ਭੈਣ-ਭਰਾ ਕੌਮਾਂ ਦੀਆਂ ਆਪਸੀ ਲੜਾਈਆਂ ਦੇ ਸ਼ਿਕਾਰ ਬਣ ਗਏ ਹਨ, ਅਤੇ ਕਈ ਅੱਤ ਗ਼ਰੀਬੀ ਦੀ ਦਸ਼ਾ ਵਿਚ ਪਹੁੰਚ ਗਏ ਹਨ, ਚਾਹੇ ਉਨ੍ਹਾਂ ਦਾ ਇਸ ਵਿਚ ਕੋਈ ਕਸੂਰ ਨਹੀਂ ਸੀ। ਇਸ ਤੋਂ ਇਲਾਵਾ, ਉਹ ਇਕ ਘੱਟ ਗਿਣਤੀ ਵਾਲਾ ਵਰਗ ਹੋਣ ਕਰਕੇ ਅਤੇ ਲੋਕਾਂ ਵੱਲੋਂ ਨਾਪਸੰਦ ਕੀਤੇ ਜਾਣ ਕਰਕੇ ਦੂਸਰਿਆਂ ਦੁਆਰਾ ਸਤਾਏ ਜਾਂਦੇ ਹਨ। ਕਈ ਦੇਸ਼ਾਂ ਵਿਚ ਬਹੁਤ ਜ਼ਿਆਦਾ ਉਦਾਸੀਨਤਾ ਵਿਖਾਈ ਜਾਣ ਤੇ ਵੀ ਉਹ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਦੂਸਰੇ ਦੇਸ਼ਾਂ ਵਿਚ, ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਛੱਲਪੂਰਣ ਹਮਲਿਆਂ ਦਾ ਸਾਮ੍ਹਣਾ ਕੀਤਾ ਹੈ ਜੋ ‘ਬਿਧੀ ਦੀ ਓਟ ਵਿੱਚ ਸ਼ਰਾਰਤ ਘੜਦੇ’ ਅਤੇ “ਨਿਰਦੋਸ਼ੀ ਲਹੂ ਨੂੰ ਦੋਸ਼ੀ ਬਣਾਉਂਦੇ ਹਨ।” (ਜ਼ਬੂਰ 94:20, 21) ਉਨ੍ਹਾਂ ਦੇਸ਼ਾਂ ਵਿਚ ਵੀ ਜਿੱਥੇ ਮਸੀਹੀਆਂ ਉੱਤੇ ਕਿਸੇ ਤਰ੍ਹਾਂ ਦਾ ਹਮਲਾ ਨਹੀਂ ਕੀਤਾ ਜਾਂਦਾ, ਸਗੋਂ ਉਨ੍ਹਾਂ ਦੇ ਉੱਚ ਪੱਧਰੀ ਮਿਆਰਾਂ ਕਰਕੇ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ, ਉਹ ਆਪਣੇ ਸਹਿਪਾਠੀਆਂ ਅਤੇ ਸਹਿਕਰਮੀਆਂ ਤੋਂ ਵੱਖਰੇ ਜਿਹੇ ਰਹਿੰਦੇ ਹਨ—ਕੁਝ ਹੱਦ ਤਕ ਅਬਰਾਹਾਮ ਦੇ ਵਾਂਗ ਜੋ ਤੰਬੂਆਂ ਵਿਚ ਰਹਿੰਦਾ ਸੀ ਜਦ ਕਿ ਉਸ ਦੇ ਆਲੇ-ਦੁਆਲੇ ਦੇ ਜ਼ਿਆਦਾਤਰ ਲੋਕ ਸ਼ਹਿਰਾਂ ਵਿਚ ਰਹਿੰਦੇ ਸਨ। ਹਾਂ, ਜਗਤ ਵਿਚ ਰਹਿਣਾ ਅਤੇ ਫਿਰ ਵੀ “ਜਗਤ ਦੇ ਨਹੀਂ” ਹੋਣਾ ਕੋਈ ਸੌਖਾ ਕੰਮ ਨਹੀਂ ਹੈ।—ਯੂਹੰਨਾ 17:14.

17 ਤਾਂ ਫਿਰ, ਕੀ ਅਸੀਂ ਪਰਮੇਸ਼ੁਰ ਪ੍ਰਤੀ ਕੀਤੇ ਗਏ ਆਪਣੇ ਸਮਰਪਣ ਤੇ ਪਛਤਾਉਂਦੇ ਹਾਂ? ਕੀ ਅਸੀਂ ਸੋਚਦੇ ਹਾਂ ਕਿ ਕਾਸ਼ ਅਸੀਂ ਬਾਕੀ ਲੋਕਾਂ ਵਾਂਗ ਸੰਸਾਰ ਦੇ ਹੀ ਭਾਗ ਰਹੇ ਹੁੰਦੇ? ਕੀ ਅਸੀਂ ਯਹੋਵਾਹ ਦੀ ਸੇਵਾ ਵਿਚ ਕੀਤੀਆਂ ਗਈਆਂ ਕੁਰਬਾਨੀਆਂ ਤੇ ਸੋਗ ਕਰਦੇ ਹਾਂ? ਬਿਲਕੁਲ ਨਹੀਂ! ਤਾਂਘ ਨਾਲ ਪਿੱਛੇ ਦੇਖਣ ਦੀ ਬਜਾਇ, ਅਸੀਂ ਜਾਣਦੇ ਹਾਂ ਕਿ ਅਸੀਂ ਜੋ ਵੀ ਕੁਰਬਾਨੀਆਂ ਕੀਤੀਆਂ ਹਨ, ਜੇਕਰ ਉਸ ਦੀ ਤੁਲਨਾ ਉਨ੍ਹਾਂ ਬਰਕਤਾਂ ਨਾਲ ਕਰੀਏ ਜੋ ਸਾਨੂੰ ਅੱਜ ਮਿਲੀਆਂ ਹਨ ਅਤੇ ਜੋ ਆਉਣ ਵਾਲੇ ਸਮੇਂ ਵਿਚ ਮਿਲਣ ਵਾਲੀਆਂ ਹਨ, ਤਾਂ ਇਨ੍ਹਾਂ ਕੁਰਬਾਨੀਆਂ ਦਾ ਕੋਈ ਵੀ ਮੁੱਲ ਨਹੀਂ ਹੈ। (ਲੂਕਾ 9:62; ਫ਼ਿਲਿੱਪੀਆਂ 3:8) ਇਸ ਤੋਂ ਇਲਾਵਾ, ਕੀ ਸੰਸਾਰ ਦੇ ਲੋਕ ਖ਼ੁਸ਼ ਹਨ? ਸੱਚਾਈ ਇਹ ਹੈ ਕਿ ਬਹੁਤ ਸਾਰੇ ਲੋਕ ਉਨ੍ਹਾਂ ਸਵਾਲਾਂ ਦੇ ਜਵਾਬ ਲੱਭ ਰਹੇ ਹਨ, ਜਿਨ੍ਹਾਂ ਦਾ ਜਵਾਬ ਅਸੀਂ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਾਂ। ਉਹ ਬਾਈਬਲ ਵਿਚ ਪਾਏ ਜਾਣ ਵਾਲੇ ਉਸ ਨਿਰਦੇਸ਼ਨ ਉੱਤੇ ਨਾ ਚੱਲਣ ਕਰਕੇ ਦੁੱਖ ਭੋਗਦੇ ਹਨ, ਜਿਸ ਉੱਤੇ ਅਸੀਂ ਚੱਲਦੇ ਹਾਂ। (ਜ਼ਬੂਰ 119:105) ਅਤੇ ਬਹੁਤ ਸਾਰੇ ਲੋਕ ਉਸ ਮਸੀਹੀ ਭਾਈਚਾਰੇ ਅਤੇ ਖ਼ੁਸ਼ੀ ਭਰੇ ਸਾਥ ਲਈ ਤਰਸਦੇ ਹਨ, ਜਿਨ੍ਹਾਂ ਦਾ ਅਸੀਂ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਆਨੰਦ ਮਾਣਦੇ ਹਾਂ।—ਜ਼ਬੂਰ 133:1; ਕੁਲੁੱਸੀਆਂ 3:14.

18. ਜਦੋਂ ਮਸੀਹੀ ਅਬਰਾਹਾਮ ਵਾਂਗ ਹੌਸਲਾ ਦਿਖਾਉਂਦੇ ਹਨ, ਤਾਂ ਆਖ਼ਰਕਾਰ ਉਸ ਦਾ ਕੀ ਨਤੀਜਾ ਨਿਕਲਦਾ ਹੈ?

18 ਇਹ ਸੱਚ ਹੈ ਕਿ ਜਿਵੇਂ ਅਬਰਾਹਾਮ ਨੇ ਲੂਤ ਦੇ ਬੰਦੀਕਾਰਾਂ ਦਾ ਪਿੱਛਾ ਕਰਦੇ ਸਮੇਂ ਦਲੇਰੀ ਦਿਖਾਈ ਸੀ, ਉਸੇ ਤਰ੍ਹਾਂ ਸਾਨੂੰ ਵੀ ਕਦੇ-ਕਦਾਈਂ ਦਲੇਰ ਹੋਣਾ ਪਵੇਗਾ। ਪਰ ਜਦੋਂ ਅਸੀਂ ਦਲੇਰ ਹੁੰਦੇ ਹਾਂ, ਤਾਂ ਯਹੋਵਾਹ ਦੀ ਅਸੀਸ ਨਾਲ ਇਸ ਦਾ ਵਧੀਆ ਨਤੀਜਾ ਨਿਕਲਦਾ ਹੈ। ਉਦਾਹਰਣ ਲਈ, ਉੱਤਰੀ ਆਇਰਲੈਂਡ ਵਿਚ, ਫ਼ਿਰਕੂ ਹਿੰਸਾ ਦੇ ਕਾਰਨ ਆਪਸੀ ਨਫ਼ਰਤ ਬਹੁਤ ਜ਼ਿਆਦਾ ਵੱਧ ਗਈ ਹੈ ਅਤੇ ਇਨ੍ਹਾਂ ਹਾਲਾਤਾਂ ਵਿਚ ਨਿਰਪੱਖ ਰਹਿਣ ਲਈ ਬਹੁਤ ਜ਼ਿਆਦਾ ਹੌਸਲੇ ਦੀ ਲੋੜ ਪੈਂਦੀ ਹੈ। ਫਿਰ ਵੀ, ਵਫ਼ਾਦਾਰ ਮਸੀਹੀਆਂ ਨੇ ਯਹੋਵਾਹ ਦੁਆਰਾ ਯਹੋਸ਼ੁਆ ਨੂੰ ਕਹੇ ਗਏ ਸ਼ਬਦਾਂ ਦੇ ਅਨੁਸਾਰ ਕੰਮ ਕੀਤਾ ਹੈ: ‘ਤਕੜਾ ਹੋ ਅਤੇ ਹੌਸਲਾ ਰੱਖ। ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।’ (ਯਹੋਸ਼ੁਆ 1:9; ਜ਼ਬੂਰ 27:14) ਇੰਨੇ ਸਾਲਾਂ ਤੋਂ ਨਿਡਰਤਾ ਨਾਲ ਡਟੇ ਰਹਿਣ ਕਰਕੇ ਲੋਕ ਹੁਣ ਉਨ੍ਹਾਂ ਦੀ ਇੱਜ਼ਤ ਕਰਦੇ ਹਨ ਅਤੇ ਅੱਜ ਉਹ ਭੈਣ-ਭਰਾ ਆਜ਼ਾਦੀ ਨਾਲ ਉਸ ਦੇਸ਼ ਦੇ ਹਰ ਤਬਕੇ ਦੇ ਲੋਕਾਂ ਨੂੰ ਪ੍ਰਚਾਰ ਕਰ ਸਕਦੇ ਹਨ।

19. ਮਸੀਹੀ ਕਿਹੜੇ ਕੰਮ ਕਰਨ ਵਿਚ ਖ਼ੁਸ਼ ਹਨ, ਅਤੇ ਯਹੋਵਾਹ ਦੇ ਨਿਰਦੇਸ਼ਨ ਅਨੁਸਾਰ ਚੱਲਣ ਤੇ ਉਹ ਕਿਸ ਨਤੀਜੇ ਦੀ ਭਰੋਸੇ ਨਾਲ ਆਸ ਰੱਖਦੇ ਹਨ?

19 ਸਾਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਭਾਵੇਂ ਅਸੀਂ ਜਿਸ ਤਰ੍ਹਾਂ ਦੇ ਵੀ ਹਾਲਾਤਾਂ ਦਾ ਸਾਮ੍ਹਣਾ ਕਰੀਏ, ਜੇਕਰ ਅਸੀਂ ਯਹੋਵਾਹ ਦੇ ਨਿਰਦੇਸ਼ਨ ਅਨੁਸਾਰ ਚੱਲਦੇ ਹਾਂ, ਤਾਂ ਸਿੱਟੇ ਵਜੋਂ ਯਹੋਵਾਹ ਦੀ ਮਹਿਮਾ ਹੋਵੇਗੀ ਅਤੇ ਅਸੀਂ ਸਥਾਈ ਲਾਭ ਪ੍ਰਾਪਤ ਕਰਾਂਗੇ। ਚੁਣੌਤੀਆਂ ਅਤੇ ਕੁਰਬਾਨੀਆਂ ਦੇ ਬਾਵਜੂਦ ਵੀ, ਅਸੀਂ ਯਹੋਵਾਹ ਦੀ ਸੇਵਾ ਵਿਚ ਹਮੇਸ਼ਾ ਲੱਗੇ ਰਹਿਣਾ ਚਾਹੁੰਦੇ ਹਾਂ। ਉਸ ਦੀ ਸੇਵਾ ਕਰਨ ਵਿਚ ਅਸੀਂ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤ ਦਾ ਆਨੰਦ ਮਾਣਦੇ ਹਾਂ, ਅਤੇ ਉਸ ਸਦੀਪਕ ਭਵਿੱਖ ਦੀ ਪੂਰੇ ਭਰੋਸੇ ਨਾਲ ਉਡੀਕ ਕਰਦੇ ਹਾਂ ਜਿਸ ਦਾ ਵਾਅਦਾ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ ਹੈ।

[ਫੁਟਨੋਟ]

a ਸੰਭਵ ਤੌਰ ਤੇ, ਜਦੋਂ ਲੂਤ ਦਾ ਪਿਤਾ, ਅਬਰਾਹਾਮ ਦਾ ਭਰਾ ਮਰ ਗਿਆ ਤਾਂ ਅਬਰਾਹਾਮ ਨੇ ਆਪਣੇ ਭਤੀਜੇ ਨੂੰ ਅਪਣਾ ਲਿਆ ਸੀ।—ਉਤਪਤ 11:27, 28; 12:5.

b ਕਈ ਕਹਿੰਦੇ ਹਨ ਕਿ ਲੂਤ ਉਨ੍ਹਾਂ ਚਾਰ ਰਾਜਿਆਂ ਦੁਆਰਾ ਬੰਦੀ ਬਣਾਏ ਜਾਣ ਮਗਰੋਂ ਜ਼ਿਆਦਾ ਸੁਰੱਖਿਆ ਪ੍ਰਾਪਤ ਕਰਨ ਦੀ ਖ਼ਾਤਰ ਇਸ ਸ਼ਹਿਰ ਵਿਚ ਰਹਿਣ ਲੱਗ ਪਿਆ ਸੀ।

ਕੀ ਤੁਹਾਨੂੰ ਯਾਦ ਹੈ?

◻ ਮਜ਼ਬੂਤ ਨਿਹਚਾ ਕਿਉਂ ਜ਼ਰੂਰੀ ਹੈ?

◻ ਅਬਰਾਹਾਮ ਨੇ ਕਿਵੇਂ ਦਿਖਾਇਆ ਕਿ ਉਸ ਕੋਲ ਮਜ਼ਬੂਤ ਨਿਹਚਾ ਸੀ?

◻ ਸਮਰਪਣ ਦੇ ਨਾਲ-ਨਾਲ ਇਕ ਵਿਅਕਤੀ ਆਪਣੀ ਜ਼ਿੰਦਗੀ ਵਿਚ ਕਿਵੇਂ ਤਬਦੀਲੀਆਂ ਲਿਆਉਂਦਾ ਹੈ?

◻ ਮੁਸੀਬਤਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਵੀ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਕਿਉਂ ਖ਼ੁਸ਼ ਹਾਂ?

[ਸਫ਼ੇ 7 ਉੱਤੇ ਤਸਵੀਰ]

ਯਹੋਵਾਹ ਦੇ ਵਾਅਦੇ ਦਾ ਵਾਰਸ ਹੋਣ ਲਈ ਅਬਰਾਹਾਮ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨ ਲਈ ਤਿਆਰ ਸੀ

[ਸਫ਼ੇ 9 ਉੱਤੇ ਤਸਵੀਰਾਂ]

ਪ੍ਰਮਾਣ ਦਿਖਾਉਂਦਾ ਹੈ ਕਿ ਯਿਸੂ ਨੇ ਆਪਣੀ ਮੌਜੂਦਗੀ ਦੌਰਾਨ “ਧਰਤੀ ਉਤੇ ਨਿਹਚਾ” ਪਾਈ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ