“ਆਪਣਿਆਂ ਮਨਾਂ ਨੂੰ ਤਕੜਿਆਂ ਰੱਖ”
“ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ ਕਰ ਕੇ ਵਾਇਦੇ ਨੂੰ ਪਰਾਪਤ ਕਰੋ।”—ਇਬਰਾਨੀਆਂ 10:36.
1, 2. (ੳ) ਪਹਿਲੀ ਸਦੀ ਦੇ ਕਈ ਮਸੀਹੀਆਂ ਨਾਲ ਕੀ ਵਾਪਰਿਆ? (ਅ) ਨਿਹਚਾ ਦਾ ਕਮਜ਼ੋਰ ਹੋਣਾ ਇੰਨਾ ਸੌਖਾ ਕਿਉਂ ਹੈ?
ਬਾਈਬਲ ਦੇ ਸਾਰੇ ਲਿਖਾਰੀਆਂ ਵਿੱਚੋਂ ਕਿਸੇ ਨੇ ਵੀ ਨਿਹਚਾ ਦਾ ਜ਼ਿਕਰ ਪੌਲੁਸ ਰਸੂਲ ਤੋਂ ਜ਼ਿਆਦਾ ਵਾਰ ਨਹੀਂ ਕੀਤਾ। ਅਤੇ ਅਕਸਰ ਉਸ ਨੇ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ, ਜਿਨ੍ਹਾਂ ਦੀ ਨਿਹਚਾ ਕਮਜ਼ੋਰ ਜਾਂ ਖ਼ਤਮ ਹੋ ਚੁੱਕੀ ਸੀ। ਉਦਾਹਰਣ ਲਈ, ਹੁਮਿਨਾਯੁਸ ਅਤੇ ਸਿਕੰਦਰ ਨੇ ਆਪਣੀ “ਨਿਹਚਾ ਦੀ ਬੇੜੀ ਡੋਬ” ਲਈ ਸੀ। (1 ਤਿਮੋਥਿਉਸ 1:19, 20) ਦੇਮਾਸ ਨੇ “ਇਸ ਵਰਤਮਾਨ ਜੁੱਗ ਨਾਲ ਮੋਹ ਲਾ ਕੇ” ਪੌਲੁਸ ਨੂੰ ਛੱਡ ਦਿੱਤਾ। (2 ਤਿਮੋਥਿਉਸ 4:10) ਕਈ ਮਸੀਹੀ ਆਪਣੇ ਗ਼ੈਰ-ਮਸੀਹੀ ਅਤੇ ਗ਼ੈਰ-ਜ਼ਿੰਮੇਵਾਰ ਕੰਮਾਂ ਕਰਕੇ “ਨਿਹਚਾ ਤੋਂ ਬੇਮੁਖ” ਹੋ ਗਏ ਸਨ। ਦੂਸਰੇ ਮਸੀਹੀ ਝੂਠੇ ਗਿਆਨ ਦੇ ਧੋਖੇ ਵਿਚ ਆ ਕੇ “ਨਿਹਚਾ ਦੇ ਨਿਸ਼ਾਨੇ ਤੋਂ ਖੁੰਝ ਗਏ” ਸਨ।—1 ਤਿਮੋਥਿਉਸ 5:8; 6:20, 21.
2 ਮਸਹ ਕੀਤੇ ਹੋਏ ਇਹ ਮਸੀਹੀ ਇਨ੍ਹਾਂ ਤਰੀਕਿਆਂ ਨਾਲ ਨਿਹਚਾ ਤੋਂ ਕਿਉਂ ਬੇਮੁੱਖ ਹੋ ਗਏ ਸਨ? “ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਇਬਰਾਨੀਆਂ 11:1) ਸਾਨੂੰ ਉਨ੍ਹਾਂ ਚੀਜ਼ਾਂ ਉੱਤੇ ਨਿਹਚਾ ਕਰਨ ਦੀ ਲੋੜ ਪੈਂਦੀ ਹੈ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ। ਸਾਨੂੰ ਦਿਸਣ ਵਾਲੀਆਂ ਚੀਜ਼ਾਂ ਲਈ ਨਿਹਚਾ ਦੀ ਜ਼ਰੂਰਤ ਨਹੀਂ ਹੈ। ਅਦਿੱਖ ਅਧਿਆਤਮਿਕ ਖ਼ਜ਼ਾਨੇ ਨਾਲੋਂ, ਦਿਸਣ ਵਾਲੇ ਮਾਲ-ਧਨ ਲਈ ਮਿਹਨਤ ਕਰਨੀ ਜ਼ਿਆਦਾ ਸੌਖੀ ਹੈ। (ਮੱਤੀ 19:21, 22) ਬਹੁਤ ਸਾਰੀਆਂ ਦਿਸਣ ਵਾਲੀਆਂ ਚੀਜ਼ਾਂ—ਜਿਵੇਂ “ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ”—ਸਾਡੇ ਅਪੂਰਣ ਸਰੀਰ ਨੂੰ ਬਹੁਤ ਜ਼ਿਆਦਾ ਖਿੱਚਵੀਆਂ ਲੱਗਦੀਆਂ ਹਨ ਅਤੇ ਇਹ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦੀਆਂ ਹਨ।—1 ਯੂਹੰਨਾ 2:16.
3. ਮਸੀਹੀਆਂ ਨੂੰ ਕਿਸ ਤਰ੍ਹਾਂ ਦੀ ਨਿਹਚਾ ਪੈਦਾ ਕਰਨੀ ਚਾਹੀਦੀ ਹੈ?
3 ਫਿਰ ਵੀ ਪੌਲੁਸ ਕਹਿੰਦਾ ਹੈ ਕਿ “ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” ਮੂਸਾ ਦੀ ਨਿਹਚਾ ਇਸੇ ਤਰ੍ਹਾਂ ਦੀ ਸੀ। “ਕਿਉਂ ਜੋ ਫਲ ਵੱਲ ਉਹ ਦਾ ਧਿਆਨ ਸੀ” ਅਤੇ “ਉਹ ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।” (ਇਬਰਾਨੀਆਂ 11:6, 24, 26, 27) ਮਸੀਹੀਆਂ ਦੀ ਨਿਹਚਾ ਵੀ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਜਿਵੇਂ ਅਸੀਂ ਪਿਛਲੇ ਲੇਖ ਵਿਚ ਵੇਖਿਆ ਹੈ, ਨਿਹਚਾ ਦੇ ਮਾਮਲੇ ਵਿਚ ਅਬਰਾਹਾਮ ਇਕ ਬਹੁਤ ਵਧੀਆ ਮਿਸਾਲ ਸੀ।
ਨਿਹਚਾ ਦੇ ਮਾਮਲੇ ਵਿਚ ਅਬਰਾਹਾਮ ਦੀ ਉਦਾਹਰਣ
4. ਅਬਰਾਹਾਮ ਦੀ ਨਿਹਚਾ ਦਾ ਉਸ ਦੀ ਜ਼ਿੰਦਗੀ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਿਆ?
4 ਅਬਰਾਹਾਮ ਉਸ ਸਮੇਂ ਊਰ ਵਿਚ ਸੀ, ਜਦੋਂ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਕਿ ਉਸ ਦੇ ਇਕ ਅੰਸ ਪੈਦਾ ਹੋਵੇਗੀ, ਜਿਹੜੀ ਕਿ ਸਾਰੀਆਂ ਕੌਮਾਂ ਦੇ ਲੋਕਾਂ ਲਈ ਇਕ ਬਰਕਤ ਹੋਵੇਗੀ। (ਉਤਪਤ 12:1-3; ਰਸੂਲਾਂ ਦੇ ਕਰਤੱਬ 7:2, 3) ਉਸ ਵਾਅਦੇ ਦੇ ਆਧਾਰ ਤੇ ਅਬਰਾਹਾਮ ਨੇ ਯਹੋਵਾਹ ਪ੍ਰਤੀ ਆਗਿਆਕਾਰਤਾ ਵਿਖਾਈ। ਪਰਮੇਸ਼ੁਰ ਦੀ ਆਗਿਆ ਅਨੁਸਾਰ ਉਹ ਪਹਿਲਾਂ ਹਾਰਾਨ ਨੂੰ ਅਤੇ ਬਾਅਦ ਵਿਚ ਕਨਾਨ ਨੂੰ ਚਲਾ ਗਿਆ। ਉੱਥੇ ਯਹੋਵਾਹ ਨੇ ਅਬਰਾਹਾਮ ਦੀ ਅੰਸ ਨੂੰ ਉਹ ਦੇਸ਼ ਦੇਣ ਦਾ ਵਾਅਦਾ ਕੀਤਾ। (ਉਤਪਤ 12:7; ਨਹਮਯਾਹ 9:7, 8) ਫਿਰ ਵੀ ਯਹੋਵਾਹ ਦੁਆਰਾ ਕੀਤੇ ਗਏ ਕਾਫ਼ੀ ਸਾਰੇ ਵਾਅਦੇ ਅਬਰਾਹਾਮ ਦੀ ਮੌਤ ਤੋਂ ਬਾਅਦ ਹੀ ਪੂਰੇ ਹੋਣੇ ਸਨ। ਉਦਾਹਰਣ ਲਈ, ਅਬਰਾਹਾਮ ਨੇ ਕਬਰਸਥਾਨ ਦੇ ਤੌਰ ਤੇ ਮਕਫੇਲਾਹ ਦੀ ਗੁਫ਼ਾ ਖ਼ਰੀਦਣ ਤੋਂ ਇਲਾਵਾ ਕਨਾਨ ਦਾ ਕੋਈ ਵੀ ਹਿੱਸਾ ਪ੍ਰਾਪਤ ਨਹੀਂ ਕੀਤਾ। (ਉਤਪਤ 23:1-20) ਫਿਰ ਵੀ, ਉਸ ਨੂੰ ਯਹੋਵਾਹ ਦੇ ਵਾਅਦੇ ਵਿਚ ਪੂਰੀ ਨਿਹਚਾ ਸੀ। ਇਸ ਤੋਂ ਵੀ ਵੱਧ, ਉਸ ਨੇ ਭਵਿੱਖ ਦੇ ਉਸ ਨਗਰ ਵਿਚ ਨਿਹਚਾ ਰੱਖੀ, “ਜਿਹ ਦੀਆਂ ਨੀਹਾਂ ਹਨ ਅਤੇ ਜਿਹ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ੁਰ ਹੈ।” (ਇਬਰਾਨੀਆਂ 11:10) ਇਸ ਤਰ੍ਹਾਂ ਦੀ ਨਿਹਚਾ ਨੇ ਉਸ ਨੂੰ ਉਮਰ ਭਰ ਕਾਇਮ ਰੱਖਿਆ।
5, 6. ਯਹੋਵਾਹ ਦੇ ਵਾਅਦੇ ਦੇ ਸੰਬੰਧ ਵਿਚ ਅਬਰਾਹਾਮ ਦੀ ਨਿਹਚਾ ਕਿਸ ਤਰੀਕੇ ਨਾਲ ਪਰਖੀ ਗਈ?
5 ਇਹ ਗੱਲ ਖ਼ਾਸ ਤੌਰ ਤੇ ਉਸ ਵਾਅਦੇ ਦੇ ਸੰਬੰਧ ਵਿਚ ਸਪੱਸ਼ਟ ਦੇਖੀ ਜਾਂਦੀ ਹੈ ਕਿ ਅਬਰਾਹਾਮ ਦੀ ਅੰਸ ਇਕ ਵੱਡੀ ਕੌਮ ਬਣੇਗੀ। ਇਸ ਵਾਅਦੇ ਦੇ ਪੂਰਾ ਹੋਣ ਲਈ, ਅਬਰਾਹਾਮ ਨੂੰ ਇਕ ਪੁੱਤਰ ਦੀ ਜ਼ਰੂਰਤ ਸੀ, ਅਤੇ ਇਸ ਅਸੀਸ ਨੂੰ ਪ੍ਰਾਪਤ ਕਰਨ ਲਈ ਉਸ ਨੇ ਕਾਫ਼ੀ ਲੰਮੇ ਸਮੇਂ ਤਕ ਇੰਤਜ਼ਾਰ ਕੀਤਾ। ਅਸੀਂ ਇਹ ਨਹੀਂ ਜਾਣਦੇ ਕਿ ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ, ਤਾਂ ਉਸ ਸਮੇਂ ਉਸ ਦੀ ਕਿੰਨੀ ਉਮਰ ਸੀ, ਪਰ ਦੂਰ ਹਾਰਾਨ ਵਿਚ ਜਾਣ ਲੱਗਿਆਂ ਯਹੋਵਾਹ ਨੇ ਉਸ ਨੂੰ ਅਜੇ ਕੋਈ ਬੱਚਾ ਨਹੀਂ ਦਿੱਤਾ ਸੀ। (ਉਤਪਤ 11:30) ਉਹ ਹਾਰਾਨ ਵਿਚ ਕਾਫ਼ੀ ਸਮਾਂ ਰਿਹਾ ਹੋਵੇਗਾ, ਕਿਉਂਕਿ ਉਸ ਨੇ ‘ਧਨ ਇਕੱਠਾ ਕੀਤਾ ਅਰ ਜੀਵਾਂ ਨੂੰ ਪ੍ਰਾਪਤ ਕੀਤਾ ਸੀ’ ਅਤੇ ਜਦੋਂ ਉਹ ਕਨਾਨ ਵਿਚ ਗਿਆ ਤਾਂ ਉਹ ਉਸ ਵੇਲੇ 75 ਸਾਲਾਂ ਦਾ ਸੀ ਅਤੇ ਸਾਰਾਹ 65 ਸਾਲਾਂ ਦੀ ਸੀ। ਉਦੋਂ ਵੀ ਉਸ ਦਾ ਕੋਈ ਪੁੱਤਰ ਨਹੀਂ ਸੀ। (ਉਤਪਤ 12:4, 5) ਜਦੋਂ ਸਾਰਾਹ ਲਗਭਗ 75 ਸਾਲਾਂ ਦੀ ਹੋਈ, ਤਾਂ ਉਸ ਨੇ ਸੋਚਿਆ ਕਿ ਹੁਣ ਬਹੁਤ ਬੁੱਢੀ ਹੋਣ ਕਰਕੇ ਉਹ ਅਬਰਾਹਾਮ ਦੇ ਬੱਚੇ ਨੂੰ ਜਨਮ ਨਹੀਂ ਦੇ ਸਕੇਗੀ। ਇਸ ਲਈ ਉਸ ਸਮੇਂ ਦੇ ਰਿਵਾਜ ਮੁਤਾਬਕ, ਸਾਰਾਹ ਨੇ ਅਬਰਾਹਾਮ ਨੂੰ ਆਪਣੀ ਗੋੱਲੀ ਹਾਜਰਾ ਦਿੱਤੀ, ਅਤੇ ਉਸ ਨੇ ਅਬਰਾਹਾਮ ਲਈ ਇਕ ਪੁੱਤਰ ਜਣਿਆ। ਪਰ ਇਹ ਵਾਅਦਾ ਕੀਤਾ ਹੋਇਆ ਬੱਚਾ ਨਹੀਂ ਸੀ। ਬਾਅਦ ਵਿਚ, ਹਾਜਰਾ ਤੇ ਉਸ ਦੇ ਪੁੱਤਰ ਇਸਮਾਏਲ ਨੂੰ ਘਰੋਂ ਕੱਢ ਦਿੱਤਾ ਗਿਆ। ਫਿਰ ਵੀ ਅਬਰਾਹਾਮ ਵੱਲੋਂ ਉਨ੍ਹਾਂ ਲਈ ਮਿੰਨਤ ਕਰਨ ਤੇ, ਯਹੋਵਾਹ ਨੇ ਇਸਮਾਏਲ ਨੂੰ ਅਸੀਸ ਦੇਣ ਦਾ ਵਾਅਦਾ ਕੀਤਾ।—ਉਤਪਤ 16:1-4, 10; 17:15, 16, 18-20; 21:8-21.
6 ਪਰਮੇਸ਼ੁਰ ਦੇ ਵਾਅਦਾ ਕਰਨ ਤੋਂ ਕਾਫ਼ੀ ਲੰਮੇ ਸਮੇਂ ਬਾਅਦ, ਪਰਮੇਸ਼ੁਰ ਦੇ ਆਪਣੇ ਮੁਨਾਸਬ ਸਮੇਂ ਤੇ, 100 ਸਾਲਾ ਅਬਰਾਹਾਮ ਅਤੇ 90 ਸਾਲਾ ਸਾਰਾਹ ਦੇ ਇਕ ਪੁੱਤਰ, ਇਸਹਾਕ ਪੈਦਾ ਹੋਇਆ। ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੋਈ ਹੋਵੇਗੀ! ਇਸ ਬੁੱਢੇ ਜੋੜੇ ਲਈ, ਇਹ ਇਕ ਤਰ੍ਹਾਂ ਦਾ ਪੁਨਰ-ਉਥਾਨ ਹੀ ਸੀ, ਜਦੋਂ ਉਨ੍ਹਾਂ ਦੀਆਂ ‘ਮੁਰਦੇ ਵਰਗੀਆਂ’ ਦੇਹਾਂ ਨੇ ਨਵੀਂ ਜਾਨ ਨੂੰ ਜਨਮ ਦਿੱਤਾ। (ਰੋਮੀਆਂ 4:19-21) ਇੰਤਜ਼ਾਰ ਬਹੁਤ ਲੰਮਾ ਸੀ, ਪਰ ਆਖ਼ਰਕਾਰ ਜਦੋਂ ਵਾਅਦਾ ਪੂਰਾ ਹੋਇਆ ਤਾਂ ਇੰਤਜ਼ਾਰ ਲਾਭਕਾਰੀ ਸਿੱਧ ਹੋਇਆ।
7. ਨਿਹਚਾ ਦਾ ਧੀਰਜ ਨਾਲ ਕੀ ਸੰਬੰਧ ਹੈ?
7 ਅਬਰਾਹਾਮ ਦੀ ਉਦਾਹਰਣ ਸਾਨੂੰ ਯਾਦ ਦਿਵਾਉਂਦੀ ਹੈ ਕਿ ਨਿਹਚਾ ਸਿਰਫ਼ ਥੋੜ੍ਹੇ ਸਮੇਂ ਦੀ ਹੀ ਨਹੀਂ ਹੋਣੀ ਚਾਹੀਦੀ। ਪੌਲੁਸ ਨੇ ਨਿਹਚਾ ਦਾ ਸੰਬੰਧ ਧੀਰਜ ਨਾਲ ਜੋੜਿਆ, ਜਦੋਂ ਉਸ ਨੇ ਲਿਖਿਆ: “ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ ਕਰ ਕੇ ਵਾਇਦੇ ਨੂੰ ਪਰਾਪਤ ਕਰੋ। . . . ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।” (ਇਬਰਾਨੀਆਂ 10:36-39) ਵਾਅਦੇ ਦੇ ਪੂਰਾ ਹੋਣ ਲਈ ਕਈਆਂ ਨੇ ਬਹੁਤ ਲੰਮੇ ਸਮੇਂ ਤਕ ਇੰਤਜ਼ਾਰ ਕੀਤਾ ਹੈ। ਕਈਆਂ ਨੇ ਤਾਂ ਸਾਰੀ ਉਮਰ ਇੰਤਜ਼ਾਰ ਕੀਤਾ ਹੈ। ਉਨ੍ਹਾਂ ਦੀ ਮਜ਼ਬੂਤ ਨਿਹਚਾ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ ਹੈ। ਅਤੇ, ਉਹ ਅਬਰਾਹਾਮ ਦੇ ਵਾਂਗ, ਯਹੋਵਾਹ ਦੇ ਠਹਿਰਾਏ ਹੋਏ ਸਮੇਂ ਵਿਚ ਜ਼ਰੂਰ ਪ੍ਰਤਿਫਲ ਪ੍ਰਾਪਤ ਕਰਨਗੇ।—ਹਬੱਕੂਕ 2:3.
ਪਰਮੇਸ਼ੁਰ ਦੀ ਸੁਣਨਾ
8. ਅੱਜ ਅਸੀਂ ਪਰਮੇਸ਼ੁਰ ਦੀ ਕਿਵੇਂ ਸੁਣਦੇ ਹਾਂ, ਅਤੇ ਇਹ ਸਾਡੀ ਨਿਹਚਾ ਨੂੰ ਕਿਉਂ ਮਜ਼ਬੂਤ ਬਣਾਵੇਗਾ?
8 ਅਬਰਾਹਾਮ ਦੀ ਨਿਹਚਾ ਘੱਟੋ-ਘੱਟ ਚਾਰ ਕਾਰਨਾਂ ਕਰਕੇ ਮਜ਼ਬੂਤ ਹੋਈ, ਅਤੇ ਇਨ੍ਹਾਂ ਕਾਰਨਾਂ ਕਰਕੇ ਸਾਡੀ ਨਿਹਚਾ ਵੀ ਮਜ਼ਬੂਤ ਹੋ ਸਕਦੀ ਹੈ। ਪਹਿਲਾ ਕਾਰਨ ਇਹ ਕਿ ਜਦੋਂ ਯਹੋਵਾਹ ਬੋਲਿਆ ਤਾਂ ਅਬਰਾਹਾਮ ਨੇ ਉਸ ਦੀ ਸੁਣਨ ਦੁਆਰਾ ਆਪਣਾ ਵਿਸ਼ਵਾਸ ਵਿਖਾਇਆ “ਭਈ ਉਹ ਹੈ।” ਇਸ ਤਰ੍ਹਾਂ, ਉਹ ਯਿਰਮਿਯਾਹ ਦੇ ਜ਼ਮਾਨੇ ਦੇ ਯਹੂਦੀਆਂ ਤੋਂ ਬਿਲਕੁਲ ਅਲੱਗ ਸੀ, ਜੋ ਯਹੋਵਾਹ ਵਿਚ ਵਿਸ਼ਵਾਸ ਤਾਂ ਕਰਦੇ ਸਨ, ਪਰ ਉਸ ਦੇ ਵਚਨਾਂ ਵਿਚ ਨਿਹਚਾ ਨਹੀਂ ਰੱਖਦੇ ਸਨ। (ਯਿਰਮਿਯਾਹ 44:15-19) ਅੱਜ, ਯਹੋਵਾਹ ਆਪਣੇ ਪ੍ਰੇਰਿਤ ਬਚਨ ਬਾਈਬਲ ਦੁਆਰਾ ਸਾਡੇ ਨਾਲ ਗੱਲਾਂ ਕਰਦਾ ਹੈ। ਪਤਰਸ ਦੇ ਅਨੁਸਾਰ, ਇਹ ਬਚਨ ਇਕ ਦੀਵੇ ਵਾਂਗ ਹੈ, “ਜੋ ਅਨ੍ਹੇਰੇ ਥਾਂ ਵਿੱਚ,” ਅਰਥਾਤ “ਤੁਹਾਡਿਆਂ ਹਿਰਦਿਆਂ ਵਿੱਚ” ਚਮਕਦਾ ਹੈ। (2 ਪਤਰਸ 1:19) ਜਦੋਂ ਅਸੀਂ ਬਾਈਬਲ ਨੂੰ ਧਿਆਨ ਨਾਲ ਪੜ੍ਹਦੇ ਹਾਂ, ਤਾਂ ਅਸੀਂ ‘ਨਿਹਚਾ ਦੀਆਂ ਗੱਲਾਂ ਤੋਂ ਪਲ’ ਰਹੇ ਹੁੰਦੇ ਹਾਂ। (1 ਤਿਮੋਥਿਉਸ 4:6; ਰੋਮੀਆਂ 10:17) ਇਸ ਤੋਂ ਇਲਾਵਾ, ਇਨ੍ਹਾਂ ਅੰਤ ਦੇ ਦਿਨਾਂ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਅਧਿਆਤਮਿਕ ਭੋਜਨ “ਵੇਲੇ ਸਿਰ” ਦੇ ਰਿਹਾ ਹੈ ਅਤੇ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਅਤੇ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਮਦਦ ਪ੍ਰਦਾਨ ਕਰ ਰਿਹਾ ਹੈ। (ਮੱਤੀ 24:45-47) ਇਨ੍ਹਾਂ ਸਾਧਨਾਂ ਦੁਆਰਾ ਯਹੋਵਾਹ ਦੀ ਸੁਣਨਾ, ਨਿਹਚਾ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਹੀ ਲਾਜ਼ਮੀ ਹੈ।
9. ਜੇਕਰ ਅਸੀਂ ਸੱਚ-ਮੁੱਚ ਮਸੀਹੀ ਆਸ ਵਿਚ ਵਿਸ਼ਵਾਸ ਰੱਖਦੇ ਹਾਂ, ਤਾਂ ਇਸ ਦਾ ਕੀ ਨਤੀਜਾ ਨਿਕਲੇਗਾ?
9 ਅਬਰਾਹਾਮ ਦੀ ਨਿਹਚਾ ਦਾ ਉਸ ਦੀ ਆਸ ਨਾਲ ਬਹੁਤ ਗਹਿਰਾ ਸੰਬੰਧ ਸੀ। “ਆਸ ਨਾਲ ਉਸ ਨੇ ਪਰਤੀਤ ਕੀਤੀ ਭਈ, ਉਹ ਬਾਹਲੀਆਂ ਕੌਮਾਂ ਦਾ ਪਿਤਾ ਹੋਵੇ।” (ਰੋਮੀਆਂ 4:18) ਇਹ ਇਕ ਦੂਸਰਾ ਕਾਰਨ ਹੈ ਜਿਸ ਕਰਕੇ ਸਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ “ਆਪਣੇ ਤਾਲਿਬਾਂ ਦਾ ਫਲਦਾਤਾ ਹੈ।” ਪੌਲੁਸ ਰਸੂਲ ਨੇ ਕਿਹਾ: “ਅਸੀਂ ਮਿਹਨਤ ਅਤੇ ਜਤਨ ਕਰਦੇ ਹਾਂ ਇਸ ਲਈ ਜੋ ਅਸਾਂ ਜੀਉਂਦੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ।” (1 ਤਿਮੋਥਿਉਸ 4:10) ਜੇਕਰ ਅਸੀਂ ਮਸੀਹੀ ਆਸ ਵਿਚ ਪੂਰਾ ਵਿਸ਼ਵਾਸ ਰੱਖਦੇ ਹਾਂ, ਤਾਂ ਅਬਰਾਹਾਮ ਦੇ ਵਾਂਗ, ਸਾਡੀ ਪੂਰੀ ਜ਼ਿੰਦਗੀ ਦਾ ਤੌਰ-ਤਰੀਕਾ ਸਾਡੀ ਨਿਹਚਾ ਦਾ ਸਬੂਤ ਦੇਵੇਗਾ।
ਪਰਮੇਸ਼ੁਰ ਨਾਲ ਗੱਲਾਂ ਕਰਨੀਆਂ
10. ਕਿਸ ਤਰ੍ਹਾਂ ਦੀ ਪ੍ਰਾਰਥਨਾ ਸਾਡੀ ਨਿਹਚਾ ਨੂੰ ਮਜ਼ਬੂਤ ਕਰੇਗੀ?
10 ਅਤੇ ਤੀਜਾ ਕਾਰਨ ਇਹ ਸੀ ਕਿ ਅਬਰਾਹਾਮ ਨੇ ਪਰਮੇਸ਼ੁਰ ਨਾਲ ਗੱਲ-ਬਾਤ ਕੀਤੀ, ਜਿਸ ਕਰਕੇ ਉਸ ਦੀ ਨਿਹਚਾ ਮਜ਼ਬੂਤ ਹੋਈ। ਅੱਜ, ਅਸੀਂ ਵੀ ਯਿਸੂ ਮਸੀਹ ਦੁਆਰਾ ਪ੍ਰਾਰਥਨਾ ਕਰਨ ਦੀ ਦਾਤ ਨੂੰ ਇਸਤੇਮਾਲ ਕਰ ਕੇ ਯਹੋਵਾਹ ਨਾਲ ਗੱਲਾਂ ਕਰ ਸਕਦੇ ਹਾਂ। (ਯੂਹੰਨਾ 14:6; ਅਫ਼ਸੀਆਂ 6:18) ਲਗਾਤਾਰ ਪ੍ਰਾਰਥਨਾ ਕਰਨ ਦੀ ਜ਼ਰੂਰਤ ਨੂੰ ਇਕ ਦ੍ਰਿਸ਼ਟਾਂਤ ਦੁਆਰਾ ਦੱਸਣ ਤੋਂ ਬਾਅਦ ਯਿਸੂ ਨੇ ਸਵਾਲ ਪੁੱਛਿਆ: “ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?” (ਲੂਕਾ 18:8) ਨਿਹਚਾ ਨੂੰ ਵਧਾਉਣ ਵਾਲੀ ਪ੍ਰਾਰਥਨਾ, ਬਿਨਾਂ ਸੋਚੇ ਸਮਝੇ ਨਹੀਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਪ੍ਰਾਰਥਨਾ ਦਿਲ ਦੀ ਗਹਿਰਾਈ ਤੋਂ ਨਿਕਲਦੀ ਹੈ। ਉਦਾਹਰਣ ਲਈ, ਦਿਲੀ ਪ੍ਰਾਰਥਨਾ ਉਸ ਵੇਲੇ ਬਹੁਤ ਜ਼ਰੂਰੀ ਹੈ, ਜਦੋਂ ਅਸੀਂ ਬਹੁਤੇ ਦਬਾਅ ਹੇਠ ਹੁੰਦੇ ਹਾਂ ਜਾਂ ਫਿਰ ਉਸ ਵੇਲੇ, ਜਦੋਂ ਅਸੀਂ ਮਹੱਤਵਪੂਰਣ ਫ਼ੈਸਲੇ ਕਰਨੇ ਹੁੰਦੇ ਹਨ।—ਲੂਕਾ 6:12, 13; 22:41-44.
11. (ੳ) ਜਦੋਂ ਅਬਰਾਹਾਮ ਨੇ ਯਹੋਵਾਹ ਸਾਮ੍ਹਣੇ ਆਪਣਾ ਦਿਲ ਖੋਲ੍ਹਿਆ ਤਾਂ ਉਹ ਦੀ ਨਿਹਚਾ ਕਿਵੇਂ ਮਜ਼ਬੂਤ ਬਣੀ? (ਅ) ਅਸੀਂ ਅਬਰਾਹਾਮ ਦੇ ਅਨੁਭਵ ਤੋਂ ਕੀ ਸਿੱਖ ਸਕਦੇ ਹਾਂ?
11 ਜਦੋਂ ਅਬਰਾਹਾਮ ਬੁੱਢਾ ਹੋ ਰਿਹਾ ਸੀ ਅਤੇ ਅਜੇ ਵੀ ਯਹੋਵਾਹ ਨੇ ਉਸ ਨੂੰ ਵਾਅਦੇ ਦੀ ਅੰਸ ਨਹੀਂ ਦਿੱਤੀ ਸੀ, ਤਾਂ ਉਸ ਨੇ ਯਹੋਵਾਹ ਨੂੰ ਆਪਣੀ ਇਸ ਚਿੰਤਾ ਬਾਰੇ ਦੱਸਿਆ। ਯਹੋਵਾਹ ਨੇ ਉਸ ਨੂੰ ਮੁੜ ਭਰੋਸਾ ਦਿਵਾਇਆ। ਇਸ ਦਾ ਨਤੀਜਾ ਕੀ ਹੋਇਆ? ਅਬਰਾਹਾਮ “ਨੇ ਯਹੋਵਾਹ ਦੀ ਪਰਤੀਤ ਕੀਤੀ ਅਤੇ ਉਸ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ।” ਉਸ ਤੋਂ ਬਾਅਦ, ਯਹੋਵਾਹ ਨੇ ਆਪਣੇ ਭਰੋਸਾ-ਦਿਵਾਊ ਸ਼ਬਦਾਂ ਨੂੰ ਪੱਕਾ ਕਰਨ ਲਈ ਇਕ ਨਿਸ਼ਾਨ ਦਿੱਤਾ। (ਉਤਪਤ 15:1-18) ਜੇਕਰ ਅਸੀਂ ਪ੍ਰਾਰਥਨਾ ਦੁਆਰਾ ਆਪਣਾ ਦਿਲ ਯਹੋਵਾਹ ਸਾਮ੍ਹਣੇ ਖੋਲ੍ਹਦੇ ਹਾਂ, ਉਸ ਦੇ ਬਚਨ ਬਾਈਬਲ ਵਿਚ ਦਿੱਤੇ ਗਏ ਭਰੋਸਿਆਂ ਵਿਚ ਵਿਸ਼ਵਾਸ ਰੱਖਦੇ ਹਾਂ, ਅਤੇ ਪੂਰੀ ਨਿਹਚਾ ਨਾਲ ਉਸ ਦੀ ਆਗਿਆ ਮੰਨਦੇ ਹਾਂ, ਤਾਂ ਯਹੋਵਾਹ ਸਾਡੀ ਨਿਹਚਾ ਨੂੰ ਵੀ ਮਜ਼ਬੂਤ ਕਰੇਗਾ।—ਮੱਤੀ 21:22; ਯਹੂਦਾਹ 20, 21.
12, 13. (ੳ) ਯਹੋਵਾਹ ਦੇ ਨਿਰਦੇਸ਼ਨ ਅਨੁਸਾਰ ਚੱਲਣ ਤੇ ਅਬਰਾਹਾਮ ਨੂੰ ਕਿਹੜੀਆਂ ਅਸੀਸਾਂ ਮਿਲੀਆਂ? (ਅ) ਕਿਸ ਤਰ੍ਹਾਂ ਦੇ ਅਨੁਭਵ ਸਾਡੀ ਨਿਹਚਾ ਨੂੰ ਮਜ਼ਬੂਤ ਬਣਾਉਣਗੇ?
12 ਜਦੋਂ ਅਬਰਾਹਾਮ ਪਰਮੇਸ਼ੁਰ ਦੇ ਨਿਰਦੇਸ਼ਨ ਅਨੁਸਾਰ ਚੱਲਦਾ ਸੀ, ਤਾਂ ਯਹੋਵਾਹ ਉਸ ਦੀ ਪੂਰੀ ਮਦਦ ਕਰਦਾ ਸੀ। ਇਹ ਚੌਥਾ ਕਾਰਨ ਸੀ, ਜਿਸ ਕਰਕੇ ਅਬਰਾਹਾਮ ਦੀ ਨਿਹਚਾ ਮਜ਼ਬੂਤ ਹੋਈ। ਜਦੋਂ ਅਬਰਾਹਾਮ ਹਮਲਾ ਕਰਨ ਵਾਲੇ ਰਾਜਿਆਂ ਕੋਲੋਂ ਲੂਤ ਨੂੰ ਬਚਾਉਣ ਲਈ ਗਿਆ, ਤਾਂ ਯਹੋਵਾਹ ਨੇ ਉਸ ਦੇ ਵੈਰੀਆਂ ਉੱਤੇ ਉਸ ਨੂੰ ਜਿੱਤ ਦਿੱਤੀ। (ਉਤਪਤ 14:16, 20) ਜਦੋਂ ਅਬਰਾਹਾਮ ਪਰਦੇਸੀਆਂ ਵਾਂਗ ਉਸ ਦੇਸ਼ ਵਿਚ ਰਹਿ ਰਿਹਾ ਸੀ ਜਿਸ ਦਾ ਵਾਰਸ ਉਸ ਦੀ ਅੰਸ ਨੇ ਹੋਣਾ ਸੀ, ਤਾਂ ਯਹੋਵਾਹ ਨੇ ਉਸ ਨੂੰ ਮਾਲ-ਧਨ ਦੀਆਂ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ। (ਉਤਪਤ 14:21-23 ਦੀ ਤੁਲਨਾ ਕਰੋ।) ਇਸਹਾਕ ਵਾਸਤੇ ਚੰਗੀ ਪਤਨੀ ਲੱਭਣ ਵਿਚ ਵੀ ਯਹੋਵਾਹ ਨੇ ਅਬਰਾਹਾਮ ਦੇ ਮੁਖ਼ਤਿਆਰ ਦੀ ਮਦਦ ਕੀਤੀ। (ਉਤਪਤ 24:10-27) ਜੀ ਹਾਂ, ਯਹੋਵਾਹ ਨੇ “ਸਾਰੀਆਂ ਗੱਲਾਂ ਵਿੱਚ ਅਬਰਾਹਾਮ ਨੂੰ ਬਰਕਤ ਦਿੱਤੀ।” (ਉਤਪਤ 24:1) ਨਤੀਜੇ ਵਜੋਂ, ਉਸ ਦੀ ਨਿਹਚਾ ਇੰਨੀ ਮਜ਼ਬੂਤ ਸੀ ਅਤੇ ਉਸ ਦਾ ਰਿਸ਼ਤਾ ਯਹੋਵਾਹ ਪਰਮੇਸ਼ੁਰ ਨਾਲ ਇੰਨਾ ਗੂੜ੍ਹਾ ਬਣ ਗਿਆ ਕਿ ਯਹੋਵਾਹ ਨੇ ਉਸ ਨੂੰ ‘ਮੇਰਾ ਦੋਸਤ’ ਕਿਹਾ।—ਯਸਾਯਾਹ 41:8; ਯਾਕੂਬ 2:23.
13 ਕੀ ਅੱਜ ਸਾਡੀ ਨਿਹਚਾ ਵੀ ਇੰਨੀ ਮਜ਼ਬੂਤ ਹੋ ਸਕਦੀ ਹੈ? ਜੀ ਹਾਂ। ਜੇਕਰ ਅਸੀਂ, ਅਬਰਾਹਾਮ ਦੇ ਵਾਂਗ ਯਹੋਵਾਹ ਦੇ ਨਿਯਮਾਂ ਨੂੰ ਮੰਨਣ ਦੁਆਰਾ ਉਸ ਨੂੰ ਅਜ਼ਮਾ ਕੇ ਵੇਖੀਏ, ਤਾਂ ਉਹ ਸਾਨੂੰ ਵੀ ਅਸੀਸਾਂ ਦੇਵੇਗਾ, ਅਤੇ ਇਹ ਸਾਡੀ ਨਿਹਚਾ ਨੂੰ ਹੋਰ ਮਜ਼ਬੂਤ ਬਣਾਵੇਗਾ। ਉਦਾਹਰਣ ਲਈ, 1998 ਦੀ ਸੇਵਾ ਸਾਲ ਰਿਪੋਰਟ ਤੇ ਨਜ਼ਰ ਮਾਰਨ ਤੇ ਪਤਾ ਲੱਗਦਾ ਹੈ ਕਿ ਜਦੋਂ ਭੈਣ-ਭਰਾਵਾਂ ਨੇ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਨ ਦੀ ਆਗਿਆ ਨੂੰ ਮੰਨਿਆ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਇਕ ਅਨੋਖੇ ਤਰੀਕੇ ਨਾਲ ਅਸੀਸਾਂ ਦਿੱਤੀਆਂ ਹਨ।—ਮਰਕੁਸ 13:10.
ਸਾਡੇ ਦਿਨਾਂ ਵਿਚ ਨਿਹਚਾ ਦਾ ਰਿਕਾਰਡ
14. ਕਿੰਗਡਮ ਨਿਊਜ਼ ਨੰ. 35 ਨੂੰ ਵੰਡਣ ਦੀ ਮੁਹਿੰਮ ਤੇ ਯਹੋਵਾਹ ਨੇ ਕਿਵੇਂ ਅਸੀਸ ਦਿੱਤੀ?
14 ਅਕਤੂਬਰ 1997 ਵਿਚ, ਲੱਖਾਂ ਹੀ ਗਵਾਹਾਂ ਦੇ ਜੋਸ਼ ਅਤੇ ਉਤਸ਼ਾਹ ਦੇ ਕਾਰਨ ਕਿੰਗਡਮ ਨਿਊਜ਼ ਨੰ. 35 ਨੂੰ ਵੰਡਣ ਦੀ ਵਿਸ਼ਵ-ਵਿਆਪੀ ਮੁਹਿੰਮ ਨੂੰ ਸ਼ਾਨਦਾਰ ਸਫ਼ਲਤਾ ਮਿਲੀ। ਇਸ ਸੰਬੰਧੀ ਘਾਨਾ ਵਿਚ ਜੋ ਵਾਪਰਿਆ, ਉਹ ਇਸ ਦੀ ਇਕ ਮਿਸਾਲ ਹੈ। ਚਾਰ ਭਾਸ਼ਾਵਾਂ ਵਿਚ ਇਸ ਦੀਆਂ ਲਗਭਗ 25 ਲੱਖ ਕਾਪੀਆਂ ਵੰਡੀਆਂ ਗਈਆਂ ਅਤੇ ਸਿੱਟੇ ਵਜੋਂ ਲਗਭਗ 2,000 ਬਾਈਬਲ ਅਧਿਐਨਾਂ ਦੀ ਦਰਖ਼ਾਸਤ ਕੀਤੀ ਗਈ। ਸਾਈਪ੍ਰਸ ਵਿਚ ਦੋ ਗਵਾਹਾਂ ਨੇ ਕਿੰਗਡਮ ਨਿਊਜ਼ ਵੰਡਦਿਆਂ ਹੋਇਆਂ ਇਕ ਪਾਦਰੀ ਨੂੰ ਆਪਣੇ ਪਿੱਛੇ-ਪਿੱਛੇ ਆਉਂਦਿਆਂ ਵੇਖਿਆ। ਕੁਝ ਸਮੇਂ ਬਾਅਦ, ਉਨ੍ਹਾਂ ਨੇ ਉਸ ਨੂੰ ਕਿੰਗਡਮ ਨਿਊਜ਼ ਦੀ ਇਕ ਕਾਪੀ ਪੇਸ਼ ਕੀਤੀ। ਉਸ ਨੂੰ ਪਹਿਲਾਂ ਹੀ ਇਕ ਕਾਪੀ ਮਿਲ ਚੁੱਕੀ ਸੀ, ਅਤੇ ਉਸ ਨੇ ਕਿਹਾ: “ਮੈਂ ਇਸ ਦੇ ਸੰਦੇਸ਼ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਜਿਨ੍ਹਾਂ ਨੇ ਇਸ ਨੂੰ ਤਿਆਰ ਕੀਤਾ ਹੈ, ਮੈਂ ਉਨ੍ਹਾਂ ਨੂੰ ਵਧਾਈ ਦੇਣਾ ਚਾਹੁੰਦਾ ਸੀ।” ਡੈਨਮਾਰਕ ਵਿਚ, ਕਿੰਗਡਮ ਨਿਊਜ਼ ਦੀਆਂ 15 ਲੱਖ ਕਾਪੀਆਂ ਵੰਡੀਆਂ ਗਈਆਂ ਅਤੇ ਇਸ ਦੇ ਬਹੁਤ ਵਧੀਆ ਨਤੀਜੇ ਨਿਕਲੇ। ਉੱਥੇ ਦੇ ਲੋਕ-ਸੰਪਰਕ ਵਿਭਾਗ ਵਿਚ ਕੰਮ ਕਰਨ ਵਾਲੀ ਇਕ ਔਰਤ ਨੇ ਕਿਹਾ: “ਇਸ ਟ੍ਰੈਕਟ ਵਿਚ ਹਰ ਇਕ ਲਈ ਸੁਨੇਹਾ ਹੈ। ਇਹ ਸਮਝਣ ਵਿਚ ਸੌਖਾ ਹੈ, ਅਤੇ ਇਹ ਹੋਰ ਜ਼ਿਆਦਾ ਜਾਣਨ ਲਈ ਉਕਸਾਉਂਦਾ ਹੈ। ਇਸ ਟ੍ਰੈਕਟ ਦੁਆਰਾ ਤੁਸੀਂ ਮਾਨੋ ਤੀਰ ਸਹੀ ਨਿਸ਼ਾਨੇ ਤੇ ਮਾਰਿਆ ਹੈ!”
15. ਕਿਹੜੇ ਅਨੁਭਵ ਦਿਖਾਉਂਦੇ ਹਨ ਕਿ ਹਰ ਥਾਂ ਤੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਜਤਨਾਂ ਤੇ ਯਹੋਵਾਹ ਨੇ ਅਸੀਸ ਦਿੱਤੀ ਹੈ?
15 ਸਾਲ 1998 ਵਿਚ ਸਿਰਫ਼ ਘਰਾਂ ਵਿਚ ਹੀ ਨਹੀਂ, ਬਲਕਿ ਹਰ ਥਾਂ ਤੇ ਜਾ ਕੇ ਲੋਕਾਂ ਨੂੰ ਪ੍ਰਚਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਕੋਟ ਡਿਵੁਆਰ ਵਿਚ, ਇਕ ਮਿਸ਼ਨਰੀ ਜੋੜਾ ਬੰਦਰਗਾਹਾਂ ਤੇ 322 ਸਮੁੰਦਰੀ ਜਹਾਜ਼ਾਂ ਵਿਚ ਪ੍ਰਚਾਰ ਲਈ ਗਿਆ। ਉਨ੍ਹਾਂ ਨੇ ਮਲਾਹਾਂ ਨੂੰ 247 ਕਿਤਾਬਾਂ, 2,284 ਰਸਾਲੇ, 500 ਬਰੋਸ਼ਰ, ਅਤੇ ਕਈ ਸੌ ਟ੍ਰੈਕਟ ਦਿੱਤੇ। ਉਨ੍ਹਾਂ ਨੇ ਕਈ ਵਿਡਿਓ-ਕੈਸਟਾਂ ਵੀ ਪੇਸ਼ ਕੀਤੀਆਂ ਤਾਂਕਿ ਮਲਾਹ ਇਨ੍ਹਾਂ ਨੂੰ ਸਮੁੰਦਰੀ ਸਫ਼ਰ ਦੌਰਾਨ ਦੇਖ ਸਕਣ। ਕੈਨੇਡਾ ਵਿਚ ਇਕ ਗਵਾਹ ਇਕ ਗਰਾਜ ਵਿਚ ਗਿਆ। ਉੱਥੇ ਦਾ ਮਾਲਕ ਦਿਲਚਸਪੀ ਰੱਖਦਾ ਸੀ, ਅਤੇ ਬੇਸ਼ੱਕ ਭਰਾ ਉੱਥੇ ਸਾਢੇ ਚਾਰ ਘੰਟੇ ਰੁਕਿਆ, ਪਰ ਗਾਹਕਾਂ ਦੇ ਕਾਰਨ ਉਹ ਗਰਾਜ ਦੇ ਮਾਲਕ ਨੂੰ ਸਿਰਫ਼ ਇਕ ਕੁ ਘੰਟਾ ਹੀ ਗਵਾਹੀ ਦੇ ਸਕਿਆ। ਆਖ਼ਰਕਾਰ ਰਾਤ ਦੇ 10 ਵਜੇ ਬਾਈਬਲ ਅਧਿਐਨ ਦਾ ਪ੍ਰਬੰਧ ਕੀਤਾ ਗਿਆ। ਪਰ ਕਈ ਵਾਰ ਤਾਂ ਇਹ ਅੱਧੀ ਰਾਤ ਤਕ ਵੀ ਸ਼ੁਰੂ ਨਹੀਂ ਹੁੰਦਾ ਸੀ, ਅਤੇ ਸਵੇਰ ਦੇ ਦੋ ਵਜੇ ਤਕ ਚੱਲਦਾ ਸੀ। ਇਨ੍ਹਾਂ ਸਮਿਆਂ ਤੇ ਅਧਿਐਨ ਕਰਵਾਉਣਾ ਸ਼ਾਇਦ ਇਕ ਚੁਣੌਤੀ ਸੀ, ਪਰ ਇਸ ਦੇ ਵਧੀਆ ਸਿੱਟੇ ਨਿਕਲੇ। ਉਸ ਆਦਮੀ ਨੇ ਸਭਾਵਾਂ ਵਿਚ ਹਾਜ਼ਰ ਹੋਣ ਲਈ ਐਤਵਾਰ ਨੂੰ ਆਪਣਾ ਗਰਾਜ ਬੰਦ ਰੱਖਣ ਦਾ ਫ਼ੈਸਲਾ ਕੀਤਾ। ਛੇਤੀ ਹੀ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਹੁਤ ਵਧੀਆ ਤਰੱਕੀ ਕੀਤੀ।
16. ਕਿਹੜੇ ਅਨੁਭਵ ਦਿਖਾਉਂਦੇ ਹਨ ਕਿ ਮੰਗ ਬਰੋਸ਼ਰ ਅਤੇ ਗਿਆਨ ਪੁਸਤਕ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਕੰਮ ਵਿਚ ਬਹੁਤ ਅਸਰਦਾਰ ਔਜ਼ਾਰ ਹਨ?
16 ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬਰੋਸ਼ਰ ਅਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ? ਪੁਸਤਕ ਦੋਵੇਂ ਹੀ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਕੰਮ ਵਿਚ ਬਹੁਤ ਅਸਰਦਾਰ ਔਜ਼ਾਰ ਰਹੇ ਹਨ। ਇਟਲੀ ਵਿਚ ਬੱਸ ਦਾ ਇੰਤਜ਼ਾਰ ਕਰਦਿਆਂ ਹੋਇਆਂ, ਇਕ ਨਨ ਨੇ ਕਿੰਗਡਮ ਨਿਊਜ਼ ਦੀ ਇਕ ਕਾਪੀ ਸਵੀਕਾਰ ਕਰ ਲਈ। ਅਗਲੇ ਦਿਨ ਉਸ ਨੇ ਗਵਾਹ ਤੋਂ ਮੰਗ ਬਰੋਸ਼ਰ ਸਵੀਕਾਰ ਕੀਤਾ। ਇਸ ਤੋਂ ਬਾਅਦ ਉਹ ਹਰ ਦਿਨ, ਬੱਸ ਸਟਾਪ ਤੇ 10 ਤੋਂ 15 ਮਿੰਟ ਤਕ ਬਾਈਬਲ ਅਧਿਐਨ ਕਰਨ ਲੱਗ ਪਈ। ਡੇਢ ਮਹੀਨੇ ਤੋਂ ਬਾਅਦ, ਉਸ ਨੇ ਆਸ਼ਰਮ ਨੂੰ ਛੱਡਣ ਦਾ ਅਤੇ ਅਧਿਐਨ ਜਾਰੀ ਰੱਖਣ ਲਈ ਆਪਣੇ ਘਰ ਗੁਆਤੇਮਾਲਾ ਜਾਣ ਦਾ ਫ਼ੈਸਲਾ ਕਰ ਲਿਆ। ਮਲਾਵੀ ਵਿਚ, ਉਤਸ਼ਾਹ ਨਾਲ ਬਾਕਾਇਦਾ ਗਿਰਜੇ ਜਾਣ ਵਾਲੀ ਲੋਬੀਨਾ ਨਾਂ ਦੀ ਔਰਤ ਕਾਫ਼ੀ ਨਾਰਾਜ਼ ਹੋ ਗਈ, ਜਦੋਂ ਉਸ ਦੀਆਂ ਧੀਆਂ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਵੀ, ਉਸ ਦੀਆਂ ਧੀਆਂ ਮੌਕਾ ਮਿਲਣ ਤੇ ਆਪਣੀ ਮਾਂ ਨਾਲ ਬਾਈਬਲ ਸੱਚਾਈ ਸਾਂਝੀ ਕਰਦੀਆਂ ਰਹਿੰਦੀਆਂ ਸਨ। ਜੂਨ 1997 ਵਿਚ, ਲੋਬੀਨਾ ਨੇ ਗਿਆਨ ਪੁਸਤਕ ਦੇਖੀ ਅਤੇ ਇਸ ਦੇ ਸਿਰਲੇਖ, “ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ” ਪੜ੍ਹ ਕੇ ਉਸ ਦੀ ਦਿਲਚਸਪੀ ਜਾਗ ਉੱਠੀ। ਜੁਲਾਈ ਵਿਚ ਉਹ ਬਾਈਬਲ ਅਧਿਐਨ ਕਰਨ ਲਈ ਤਿਆਰ ਹੋ ਗਈ। ਅਗਸਤ ਵਿਚ ਉਹ ਮਹਾਂ-ਸੰਮੇਲਨ ਵਿਚ ਹਾਜ਼ਰ ਹੋਈ ਅਤੇ ਸਾਰੇ ਪ੍ਰੋਗ੍ਰਾਮ ਨੂੰ ਉਸ ਨੇ ਧਿਆਨ ਨਾਲ ਸੁਣਿਆ। ਉਸੇ ਮਹੀਨੇ ਦੇ ਅੰਤ ਵਿਚ, ਉਸ ਨੇ ਆਪਣਾ ਗਿਰਜਾ ਛੱਡ ਦਿੱਤਾ ਅਤੇ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣ ਗਈ। ਨਵੰਬਰ 1997 ਵਿਚ ਉਸ ਨੇ ਬਪਤਿਸਮਾ ਲੈ ਲਿਆ।
17, 18. ਸੋਸਾਇਟੀ ਦੀਆਂ ਵਿਡਿਓ-ਕੈਸਟਾਂ ਵਿਅਕਤੀਆਂ ਨੂੰ ਅਧਿਆਤਮਿਕ ਚੀਜ਼ਾਂ “ਵੇਖਣ” ਲਈ ਕਿਵੇਂ ਫ਼ਾਇਦੇਮੰਦ ਸਿੱਧ ਹੋਈਆਂ ਹਨ?
17 ਸੋਸਾਇਟੀ ਦੀਆਂ ਵਿਡਿਓ-ਕੈਸਟਾਂ ਨੇ ਅਧਿਆਤਮਿਕ ਚੀਜ਼ਾਂ “ਵੇਖਣ” ਲਈ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ। ਮਾੱਰਿਸ਼ੱਸ ਵਿਚ ਇਕ ਆਦਮੀ ਨੇ ਆਪਣੇ ਗਿਰਜੇ ਨੂੰ ਛੱਡ ਦਿੱਤਾ ਕਿਉਂਕਿ ਉਸ ਵਿਚ ਏਕਤਾ ਨਹੀਂ ਸੀ। ਇਕ ਮਿਸ਼ਨਰੀ ਨੇ ਵਿਡਿਓ-ਕੈਸਟ ਈਸ਼ਵਰੀ ਸਿੱਖਿਆ ਦੁਆਰਾ ਇਕਮੁੱਠ (ਅੰਗ੍ਰੇਜ਼ੀ) ਨੂੰ ਦਿਖਾ ਕੇ ਉਸ ਨੂੰ ਯਹੋਵਾਹ ਦੇ ਗਵਾਹਾਂ ਵਿਚ ਪਾਈ ਜਾਂਦੀ ਏਕਤਾ ਦਿਖਾਈ। ਇਸ ਤੋਂ ਪ੍ਰਭਾਵਿਤ ਹੋ ਕੇ ਉਸ ਆਦਮੀ ਨੇ ਕਿਹਾ: “ਤੁਸੀਂ ਯਹੋਵਾਹ ਦੇ ਗਵਾਹ ਤਾਂ ਪਹਿਲਾਂ ਹੀ ਪਰਾਦੀਸ ਵਿਚ ਰਹਿੰਦੇ ਹੋ!” ਉਹ ਬਾਈਬਲ ਅਧਿਐਨ ਕਰਨ ਲਈ ਸਹਿਮਤ ਹੋ ਗਿਆ। ਜਪਾਨ ਵਿਚ ਇਕ ਭੈਣ ਨੇ ਆਪਣੇ ਅਵਿਸ਼ਵਾਸੀ ਪਤੀ ਨੂੰ ਵਿਡਿਓ-ਕੈਸਟ, ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਵਿਖਾਈ, ਅਤੇ ਨਤੀਜੇ ਵਜੋਂ ਉਸ ਦਾ ਪਤੀ ਨਿਯਮਿਤ ਬਾਈਬਲ ਅਧਿਐਨ ਕਰਨ ਲੱਗ ਪਿਆ। ਈਸ਼ਵਰੀ ਸਿੱਖਿਆ ਦੁਆਰਾ ਇਕਮੁੱਠ ਨਾਮਕ ਵਿਡਿਓ-ਕੈਸਟ ਵੇਖਣ ਤੋਂ ਬਾਅਦ, ਉਸ ਨੇ ਯਹੋਵਾਹ ਦਾ ਗਵਾਹ ਬਣਨ ਦੀ ਇੱਛਾ ਪ੍ਰਗਟ ਕੀਤੀ। ਬਾਈਬਲ—ਭਵਿੱਖਬਾਣੀਆਂ ਅਤੇ ਤੱਥਾਂ ਦੀ ਇਕ ਕਿਤਾਬ (ਅੰਗ੍ਰੇਜ਼ੀ) ਨਾਮਕ ਤਿੰਨ ਵਿਡਿਓ-ਕੈਸਟਾਂ ਦੀ ਲੜੀ ਨੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਲਈ ਮਦਦ ਦਿੱਤੀ। ਅੰਤ ਵਿਚ, ਯਹੋਵਾਹ ਦੇ ਗਵਾਹ ਨਾਜ਼ੀ ਧਾਵੇ ਵਿਰੁੱਧ ਦ੍ਰਿੜ੍ਹ (ਅੰਗ੍ਰੇਜ਼ੀ) ਵਿਡਿਓ-ਕੈਸਟ ਨੇ ਉਸ ਨੂੰ ਇਹ ਦਿਖਾਇਆ ਕਿ ਯਹੋਵਾਹ ਆਪਣੇ ਲੋਕਾਂ ਨੂੰ ਸ਼ਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਰਨ ਲਈ ਤਾਕਤ ਦਿੰਦਾ ਹੈ। ਇਸ ਆਦਮੀ ਨੇ ਅਕਤੂਬਰ 1997 ਵਿਚ ਬਪਤਿਸਮਾ ਲੈ ਲਿਆ।
18 ਇਨ੍ਹਾਂ ਕੁਝ-ਕੁ ਅਨੁਭਵਾਂ ਤੋਂ ਇਲਾਵਾ, ਪਿਛਲੇ ਸੇਵਾ ਸਾਲ ਦੌਰਾਨ ਹੋਰ ਬਹੁਤ ਸਾਰੇ ਅਨੁਭਵਾਂ ਦਾ ਆਨੰਦ ਮਾਣਿਆ ਗਿਆ। ਇਹ ਅਨੁਭਵ ਦਿਖਾਉਂਦੇ ਹਨ ਕਿ ਯਹੋਵਾਹ ਦੇ ਗਵਾਹਾਂ ਦੀ ਨਿਹਚਾ ਬਹੁਤ ਸਰਗਰਮ ਹੈ ਅਤੇ ਯਹੋਵਾਹ ਉਨ੍ਹਾਂ ਦੇ ਕੰਮਾਂ ਉੱਤੇ ਅਸੀਸ ਦੇ ਕੇ ਉਨ੍ਹਾਂ ਦੀ ਨਿਹਚਾ ਨੂੰ ਹੋਰ ਵੀ ਮਜ਼ਬੂਤ ਕਰ ਰਿਹਾ ਹੈ।—ਯਾਕੂਬ 2:17.
ਸਾਡੇ ਦਿਨਾਂ ਵਿਚ ਨਿਹਚਾ ਵਧਾਓ
19. (ੳ) ਅਸੀਂ ਕਿਵੇਂ ਅਬਰਾਹਾਮ ਨਾਲੋਂ ਵਧੀਆ ਸਥਿਤੀ ਵਿਚ ਹਾਂ? (ਅ) ਪਿਛਲੇ ਸਾਲ ਯਿਸੂ ਦੀ ਬਲੀਦਾਨ-ਰੂਪੀ ਮੌਤ ਦੀ ਯਾਦ ਨੂੰ ਤਾਜ਼ਾ ਕਰਨ ਲਈ ਕਿੰਨੇ ਲੋਕ ਇਕੱਠੇ ਹੋਏ? (ੲ) ਪਿਛਲੇ ਸਾਲ ਕਿਹੜੇ ਦੇਸ਼ਾਂ ਵਿਚ ਸਮਾਰਕ ਹਾਜ਼ਰੀ ਵਿਲੱਖਣ ਰਹੀ? (ਸਫ਼ੇ 12 ਤੋਂ 15 ਉੱਤੇ ਦਿੱਤੇ ਗਏ ਚਾਰਟ ਨੂੰ ਵੇਖੋ।)
19 ਕਈ ਤਰੀਕਿਆਂ ਨਾਲ ਅਸੀਂ ਅੱਜ ਅਬਰਾਹਾਮ ਨਾਲੋਂ ਵਧੀਆ ਸਥਿਤੀ ਵਿਚ ਹਾਂ। ਅਸੀਂ ਜਾਣਦੇ ਹਾਂ ਕਿ ਯਹੋਵਾਹ ਨੇ ਅਬਰਾਹਾਮ ਨਾਲ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ। ਅਬਰਾਹਾਮ ਦੀ ਸੰਤਾਨ ਕਨਾਨ ਦੇਸ਼ ਦੀ ਵਾਰਸ, ਅਤੇ ਇਕ ਵੱਡੀ ਕੌਮ ਬਣੀ। (1 ਰਾਜਿਆਂ 4:20; ਇਬਰਾਨੀਆਂ 11:12) ਇਸ ਤੋਂ ਇਲਾਵਾ, ਅਬਰਾਹਾਮ ਦੇ ਹਾਰਾਨ ਛੱਡਣ ਤੋਂ ਲਗਭਗ 1,971 ਸਾਲਾਂ ਬਾਅਦ, ਉਸ ਦੇ ਵੰਸ਼ਜ ਯਿਸੂ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਬਪਤਿਸਮਾ ਦਿੱਤਾ। ਫਿਰ ਖ਼ੁਦ ਯਹੋਵਾਹ ਨੇ ਉਸ ਨੂੰ ਪਵਿੱਤਰ ਆਤਮਾ ਦੁਆਰਾ ਬਪਤਿਸਮਾ ਦੇ ਕੇ ਉਸ ਨੂੰ ਮਸੀਹਾ ਬਣਾਇਆ। ਇਸ ਤਰ੍ਹਾਂ ਉਹ ਪੂਰੇ ਅਧਿਆਤਮਿਕ ਅਰਥ ਵਿਚ, ਅਬਰਾਹਾਮ ਦੀ ਅੰਸ ਸਿੱਧ ਹੋਇਆ। (ਮੱਤੀ 3:16, 17; ਗਲਾਤੀਆਂ 3:16) ਨੀਸਾਨ 14, 33 ਸਾ.ਯੁ. ਦੇ ਦਿਨ ਤੇ, ਯਿਸੂ ਨੇ ਉਨ੍ਹਾਂ ਲੋਕਾਂ ਲਈ ਰਿਹਾਈ-ਕੀਮਤ ਵਜੋਂ ਆਪਣੀ ਜਾਨ ਦੇ ਦਿੱਤੀ, ਜਿਹੜੇ ਉਸ ਵਿਚ ਨਿਹਚਾ ਰੱਖਦੇ ਸਨ। (ਮੱਤੀ 20:28; ਯੂਹੰਨਾ 3:16) ਕਰੋੜਾਂ ਹੀ ਲੋਕ ਹੁਣ ਉਸ ਕਾਰਨ ਮੁਬਾਰਕ ਹੋ ਸਕਦੇ ਹਨ। ਪਿਛਲੇ ਸਾਲ, ਨੀਸਾਨ 14 ਨੂੰ 1,38,96,312 ਲੋਕ ਪ੍ਰੇਮ ਦੇ ਇਸ ਪ੍ਰਗਟਾਵੇ ਦੀ ਯਾਦ ਨੂੰ ਮੁੜ ਤਾਜ਼ਾ ਕਰਨ ਲਈ ਇਕੱਠੇ ਹੋਏ। ਵਾਅਦਿਆਂ ਨੂੰ ਪੂਰਾ ਕਰਨ ਵਾਲੇ ਮਹਾਨ ਪਰਮੇਸ਼ੁਰ ਯਹੋਵਾਹ ਦਾ ਕਿੰਨਾ ਵੱਡਾ ਦੋਸ਼-ਨਿਵਾਰਣ!
20, 21. ਪਹਿਲੀ ਸਦੀ ਵਿਚ ਸਾਰੀਆਂ ਕੌਮਾਂ ਦੇ ਲੋਕ, ਅਬਰਾਹਾਮ ਦੀ ਅੰਸ ਕਾਰਨ ਕਿਵੇਂ ਮੁਬਾਰਕ ਹੋਏ, ਅਤੇ ਉਹ ਅੱਜ ਕਿਵੇਂ ਮੁਬਾਰਕ ਹੋ ਰਹੇ ਹਨ?
20 ਪਹਿਲੀ ਸਦੀ ਵਿਚ, ਪਹਿਲਾਂ ਪੈਦਾਇਸ਼ੀ ਇਸਰਾਏਲ ਵਿੱਚੋਂ, ਅਤੇ ਫਿਰ ਦੂਸਰੀਆਂ ਸਾਰੀਆਂ ਕੌਮਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਅਬਰਾਹਾਮ ਦੀ ਇਸ ਅੰਸ ਵਿਚ ਨਿਹਚਾ ਕੀਤੀ ਅਤੇ ਪਰਮੇਸ਼ੁਰ ਦੇ ਨਵੇਂ ਅਤੇ ਅਧਿਆਤਮਿਕ ਇਸਰਾਏਲ ਦੇ ਮੈਂਬਰਾਂ ਦੇ ਤੌਰ ਤੇ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਪੁੱਤਰ ਬਣੇ। (ਗਲਾਤੀਆਂ 3:26-29; 6:16; ਰਸੂਲਾਂ ਦੇ ਕਰਤੱਬ 3:25, 26) ਉਨ੍ਹਾਂ ਨੂੰ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਵਿਚ ਯਿਸੂ ਦੇ ਸੰਗੀ ਰਾਜਿਆਂ ਵਜੋਂ, ਅਮਰ ਆਤਮਿਕ ਜੀਵਨ ਦਾ ਪੱਕਾ ਭਰੋਸਾ ਸੀ। ਸਿਰਫ਼ 1,44,000 ਹੀ ਇਸ ਤਰੀਕੇ ਨਾਲ ਸਨਮਾਨੇ ਜਾਣਗੇ, ਅਤੇ ਉਨ੍ਹਾਂ ਵਿੱਚੋਂ ਹੁਣ ਥੋੜ੍ਹੇ ਹੀ ਧਰਤੀ ਉੱਤੇ ਜੀਉਂਦੇ ਹਨ। (ਪਰਕਾਸ਼ ਦੀ ਪੋਥੀ 5:9, 10; 7:4) ਪਿਛਲੇ ਸਾਲ, 8,756 ਨੇ ਸਮਾਰਕ ਸਮਾਰੋਹ ਦੌਰਾਨ ਪ੍ਰਤੀਕ ਲੈ ਕੇ ਆਪਣੇ ਇਸ ਵਿਸ਼ਵਾਸ ਦਾ ਸਬੂਤ ਦਿੱਤਾ ਕਿ ਉਹ ਇਸ ਗਿਣਤੀ ਵਿਚ ਸ਼ਾਮਲ ਸਨ।
21 ਅੱਜ ਤਕਰੀਬਨ ਯਹੋਵਾਹ ਦੇ ਸਾਰੇ ਗਵਾਹ ਉਸ “ਵੱਡੀ ਭੀੜ” ਦਾ ਹਿੱਸਾ ਹਨ, ਜਿਸ ਬਾਰੇ ਪਰਕਾਸ਼ ਦੀ ਪੋਥੀ 7:9-17 ਵਿਚ ਭਵਿੱਖਬਾਣੀ ਕੀਤੀ ਗਈ ਹੈ। ਕਿਉਂਕਿ ਉਹ ਯਿਸੂ ਕਾਰਨ ਮੁਬਾਰਕ ਹਨ, ਇਸ ਲਈ ਉਨ੍ਹਾਂ ਕੋਲ ਧਰਤੀ ਉੱਤੇ ਪਰਾਦੀਸ ਵਿਚ ਸਦੀਪਕ ਜੀਵਨ ਦੀ ਆਸ ਹੈ। (ਪਰਕਾਸ਼ ਦੀ ਪੋਥੀ 21:3-5) ਸਾਲ 1998 ਵਿਚ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਵਾਲੇ 58,88,650 ਪ੍ਰਕਾਸ਼ਕ ਇਸ ਗੱਲ ਦਾ ਸਬੂਤ ਹਨ ਕਿ ਇਹ ਭੀੜ ਸੱਚ-ਮੁੱਚ “ਵੱਡੀ” ਹੈ। ਰੂਸ ਅਤੇ ਯੂਕਰੇਨ ਦੋਵੇਂ ਦੇਸ਼ਾਂ ਨੂੰ ਪਹਿਲੀ ਵਾਰ 1,00,000 ਤੋਂ ਜ਼ਿਆਦਾ ਪ੍ਰਕਾਸ਼ਕਾਂ ਦੀ ਰਿਪੋਰਟ ਕਰਦਿਆਂ ਵੇਖਣਾ ਖ਼ਾਸ ਕਰਕੇ ਬਹੁਤ ਖ਼ੁਸ਼ੀ ਦੀ ਗੱਲ ਸੀ। ਸੰਯੁਕਤ ਰਾਜ ਅਮਰੀਕਾ ਤੋਂ ਮਿਲੀ ਰਿਪੋਰਟ ਵੀ ਸ਼ਾਨਦਾਰ ਸੀ—ਅਗਸਤ ਵਿਚ 10,40,283 ਪ੍ਰਕਾਸ਼ਕ! ਇਹ ਤਿੰਨ ਦੇਸ਼ ਉਨ੍ਹਾਂ 19 ਦੇਸ਼ਾਂ ਵਿੱਚੋਂ ਸਨ, ਜਿਨ੍ਹਾਂ ਨੇ ਪਿਛਲੇ ਸਾਲ 1,00,000 ਤੋਂ ਜ਼ਿਆਦਾ ਪ੍ਰਕਾਸ਼ਕਾਂ ਦੀ ਰਿਪੋਰਟ ਕੀਤੀ।
ਆਸ ਹੁਣ ਜਲਦੀ ਪੂਰੀ ਹੋਣ ਵਾਲੀ ਹੈ
22, 23. (ੳ) ਸਾਨੂੰ ਆਪਣੇ ਮਨਾਂ ਨੂੰ ਅੱਜ ਕਿਉਂ ਤਕੜਿਆਂ ਰੱਖਣਾ ਚਾਹੀਦਾ ਹੈ? (ਅ) ਪੌਲੁਸ ਦੁਆਰਾ ਜ਼ਿਕਰ ਕੀਤੇ ਗਏ ਨਿਹਚਾ ਤੋਂ ਬੇਮੁਖ ਹੋਏ ਵਿਅਕਤੀਆਂ ਤੋਂ ਉਲਟ, ਅਸੀਂ ਅਬਰਾਹਾਮ ਵਰਗੇ ਕਿਵੇਂ ਬਣ ਸਕਦੇ ਹਾਂ?
22 ਸਮਾਰਕ ਵਿਚ ਹਾਜ਼ਰ ਲੋਕਾਂ ਨੂੰ ਯਾਦ ਦਿਲਾਇਆ ਗਿਆ ਸੀ ਕਿ ਯਹੋਵਾਹ ਦੇ ਕਿੰਨੇ ਵਾਅਦੇ ਪੂਰੇ ਹੋ ਚੁੱਕੇ ਹਨ। 1914 ਵਿਚ, ਯਿਸੂ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਰਾਜਾ ਬਣਾਇਆ ਗਿਆ ਅਤੇ ਉਸ ਸਮੇਂ ਤੋਂ ਰਾਜ-ਸੱਤਾ ਵਿਚ ਉਸ ਦੀ ਮੌਜੂਦਗੀ ਸ਼ੁਰੂ ਹੋਈ। (ਮੱਤੀ 24:3; ਪਰਕਾਸ਼ ਦੀ ਪੋਥੀ 11:15) ਜੀ ਹਾਂ, ਅਬਰਾਹਾਮ ਦੀ ਅੰਸ ਅੱਜ ਸਵਰਗ ਵਿਚ ਰਾਜ ਕਰਦੀ ਹੈ! ਯਾਕੂਬ ਨੇ ਆਪਣੇ ਸਮੇਂ ਦੇ ਮਸੀਹੀਆਂ ਨੂੰ ਕਿਹਾ: “ਤੁਸੀਂ ਵੀ ਧੀਰਜ ਕਰੋ। ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੁ ਦਾ ਆਉਣਾ ਨੇੜੇ ਹੀ ਹੈ।” (ਯਾਕੂਬ 5:8) ਉਸ ਦੀ ਮੌਜੂਦਗੀ ਹੁਣ ਹਕੀਕਤ ਬਣ ਚੁੱਕੀ ਹੈ! ਇਸ ਲਈ ਸਾਨੂੰ ਆਪਣੇ ਮਨਾਂ ਨੂੰ ਹੋਰ ਵੀ ਜ਼ਿਆਦਾ ਤਕੜਿਆਂ ਰੱਖਣਾ ਚਾਹੀਦਾ ਹੈ!
23 ਆਓ ਅਸੀਂ ਨਿਯਮਿਤ ਬਾਈਬਲ ਅਧਿਐਨ ਅਤੇ ਅਰਥ-ਭਰਪੂਰ ਪ੍ਰਾਰਥਨਾਵਾਂ ਦੁਆਰਾ ਪਰਮੇਸ਼ੁਰ ਦੇ ਵਾਅਦਿਆਂ ਵਿਚ ਆਪਣੇ ਭਰੋਸੇ ਨੂੰ ਮਜ਼ਬੂਤ ਕਰਦੇ ਰਹੀਏ। ਆਓ ਅਸੀਂ ਯਹੋਵਾਹ ਦੇ ਬਚਨ ਦੀ ਪਾਲਣਾ ਕਰਦੇ ਹੋਏ, ਯਹੋਵਾਹ ਦੀਆਂ ਅਸੀਸਾਂ ਦਾ ਆਨੰਦ ਮਾਣਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਅਬਰਾਹਾਮ ਵਰਗੇ ਹੋਵਾਂਗੇ ਨਾ ਕਿ ਪੌਲੁਸ ਦੁਆਰਾ ਜ਼ਿਕਰ ਕੀਤੇ ਗਏ ਉਨ੍ਹਾਂ ਲੋਕਾਂ ਵਰਗੇ, ਜਿਨ੍ਹਾਂ ਦੀ ਨਿਹਚਾ ਕਮਜ਼ੋਰ ਹੋ ਕੇ ਖ਼ਤਮ ਹੋ ਗਈ ਸੀ। ਕੋਈ ਵੀ ਤਾਕਤ ਸਾਨੂੰ ਸਾਡੀ ਅੱਤ ਪਵਿੱਤਰ ਨਿਹਚਾ ਤੋਂ ਅਲੱਗ ਨਹੀਂ ਕਰ ਸਕਦੀ। (ਯਹੂਦਾਹ 20) ਅਸੀਂ ਪ੍ਰਾਰਥਨਾ ਕਰਦੇ ਹਾਂ ਕਿ 1999 ਦੇ ਸੇਵਾ ਸਾਲ ਦੌਰਾਨ ਅਤੇ ਸਦੀਪਕਾਲ ਤਕ ਯਹੋਵਾਹ ਦੇ ਸੇਵਕਾਂ ਦੀ ਨਿਹਚਾ ਇਸੇ ਤਰ੍ਹਾਂ ਮਜ਼ਬੂਤ ਹੀ ਰਹੇ।
ਕੀ ਤੁਸੀਂ ਜਾਣਦੇ ਹੋ?
◻ ਅੱਜ ਅਸੀਂ ਕਿਵੇਂ ਪਰਮੇਸ਼ੁਰ ਦੀ ਸੁਣ ਸਕਦੇ ਹਾਂ?
◻ ਪਰਮੇਸ਼ੁਰ ਨੂੰ ਅਰਥ-ਭਰਪੂਰ ਪ੍ਰਾਰਥਨਾਵਾਂ ਕਰਨ ਦੁਆਰਾ ਸਾਨੂੰ ਕਿਹੜੇ ਲਾਭ ਮਿਲਦੇ ਹਨ?
◻ ਜੇਕਰ ਅਸੀਂ ਆਗਿਆਕਾਰਤਾ ਨਾਲ ਯਹੋਵਾਹ ਦੇ ਨਿਰਦੇਸ਼ਨ ਅਨੁਸਾਰ ਚੱਲਦੇ ਹਾਂ ਤਾਂ ਸਾਡੀ ਨਿਹਚਾ ਕਿਵੇਂ ਮਜ਼ਬੂਤ ਹੋਵੇਗੀ?
◻ ਸਾਲਾਨਾ ਰਿਪੋਰਟ (ਸਫ਼ੇ 12 ਤੋਂ 15) ਦੇ ਕਿਹੜੇ ਪਹਿਲੂ ਖ਼ਾਸ ਤੌਰ ਤੇ ਤੁਹਾਨੂੰ ਦਿਲਚਸਪ ਲੱਗੇ?
[ਸਫ਼ੇ 12-15 ਉੱਤੇ ਚਾਰਟ]
ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ 1998 ਸੇਵਾ ਸਾਲ ਰਿਪੋਰਟ
(ਰਸਾਲਾ ਦੇਖੋ)
[ਸਫ਼ੇ 16 ਉੱਤੇ ਤਸਵੀਰ]
ਜੇਕਰ ਅਸੀਂ ਯਹੋਵਾਹ ਦੇ ਬਚਨ ਨੂੰ ਮੰਨਦੇ ਹਾਂ, ਤਾਂ ਉਸ ਦੇ ਵਾਅਦਿਆਂ ਵਿਚ ਸਾਡਾ ਭਰੋਸਾ ਮਜ਼ਬੂਤ ਹੋਵੇਗਾ
[ਸਫ਼ੇ 18 ਉੱਤੇ ਤਸਵੀਰ]
ਜਦੋਂ ਅਸੀਂ ਸੇਵਕਾਈ ਵਿਚ ਹਿੱਸਾ ਲੈਂਦੇ ਹਾਂ, ਤਾਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ