ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w01 12/1 ਸਫ਼ੇ 3-4
  • ਸੁਨਹਿਰਾ ਅਸੂਲ—ਇਕ ਵਿਸ਼ਵ-ਵਿਆਪੀ ਸਿੱਖਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੁਨਹਿਰਾ ਅਸੂਲ—ਇਕ ਵਿਸ਼ਵ-ਵਿਆਪੀ ਸਿੱਖਿਆ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸੁਨਹਿਰੇ ਅਸੂਲ ਨੂੰ ਨਜ਼ਰਅੰਦਾਜ਼ ਕੀਤਾ ਗਿਆ
  • ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਸੁਨਹਿਰਾ ਅਸੂਲ—ਇਹ ਫ਼ਾਇਦੇਮੰਦ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਪ੍ਰਚਾਰ ਵਿਚ ਇਕ ਉੱਤਮ ਅਸੂਲ ʼਤੇ ਚੱਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਸੋਨੇ ਦਾ ਵੱਛਾ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
w01 12/1 ਸਫ਼ੇ 3-4

ਸੁਨਹਿਰਾ ਅਸੂਲ—ਇਕ ਵਿਸ਼ਵ-ਵਿਆਪੀ ਸਿੱਖਿਆ

“ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”​—ਮੱਤੀ 7:12.

ਇਹ ਸ਼ਬਦ ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਯਿਸੂ ਮਸੀਹ ਨੇ ਆਪਣੇ ਪ੍ਰਸਿੱਧ ਪਹਾੜੀ ਉਪਦੇਸ਼ ਵਿਚ ਕਹੇ ਸਨ। ਸਦੀਆਂ ਤੋਂ ਇਨ੍ਹਾਂ ਸਾਦੇ ਜਿਹੇ ਸ਼ਬਦਾਂ ਬਾਰੇ ਕਾਫ਼ੀ ਕੁਝ ਕਿਹਾ ਤੇ ਲਿਖਿਆ ਜਾ ਚੁੱਕਾ ਹੈ। ਮਿਸਾਲ ਵਜੋਂ, ਇਸ ਨੂੰ “ਪੂਰੀ ਬਾਈਬਲ ਦਾ ਨਿਚੋੜ,” “ਆਪਣੇ ਗੁਆਂਢੀ ਪ੍ਰਤੀ ਮਸੀਹੀ ਫ਼ਰਜ਼ ਦਾ ਸਾਰ” ਅਤੇ “ਇਕ ਮੁੱਖ ਨੈਤਿਕ ਸਿਧਾਂਤ” ਵਜੋਂ ਵਡਿਆਇਆ ਗਿਆ ਹੈ। ਇਹ ਐਨਾ ਜ਼ਿਆਦਾ ਮਸ਼ਹੂਰ ਹੋ ਗਿਆ ਹੈ ਕਿ ਇਸ ਨੂੰ ਅਕਸਰ ਸੁਨਹਿਰਾ ਅਸੂਲ ਕਿਹਾ ਜਾਂਦਾ ਹੈ।

ਪਰ ਸਿਰਫ਼ ਈਸਾਈ ਦੇਸ਼ਾਂ ਦੇ ਲੋਕ ਹੀ ਇਸ ਸੁਨਹਿਰੇ ਅਸੂਲ ਦੇ ਵਿਚਾਰ ਨੂੰ ਨਹੀਂ ਮੰਨਦੇ, ਸਗੋਂ ਯਹੂਦੀ ਮਤ, ਬੁੱਧ ਮਤ ਅਤੇ ਯੂਨਾਨੀ ਫ਼ਲਸਫ਼ਾ ਵੀ ਇਸ ਨੈਤਿਕ ਸਿਧਾਂਤ ਦੀ ਕਈ ਤਰੀਕਿਆਂ ਨਾਲ ਵਿਆਖਿਆ ਕਰਦੇ ਹਨ। ਖ਼ਾਸ ਕਰਕੇ ਪੂਰਬੀ ਦੇਸ਼ਾਂ ਦੇ ਲੋਕਾਂ ਵਿਚ ਕਨਫਿਊਸ਼ਸ ਦੁਆਰਾ ਕੀਤੀ ਟਿੱਪਣੀ ਮਸ਼ਹੂਰ ਹੈ ਜੋ ਪੂਰਬ ਦਾ ਸਭ ਤੋਂ ਵੱਡਾ ਗਿਆਨੀ ਅਤੇ ਉਪਦੇਸ਼ਕ ਸਮਝਿਆ ਜਾਂਦਾ ਸੀ। ਕਨਫਿਊਸ਼ਸ ਦੇ ਫੋਰ ਬੁਕਸ ਖੰਡ ਵਿਚ ਤੀਜੀ ਕਿਤਾਬ ਐਨਾਲੈਕਟਸ ਵਿਚ ਸੁਨਹਿਰੇ ਅਸੂਲ ਦਾ ਵਿਚਾਰ ਸਾਨੂੰ ਤਿੰਨ ਵਾਰ ਦੇਖਣ ਨੂੰ ਮਿਲਦਾ ਹੈ। ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਕਨਫਿਊਸ਼ਸ ਨੇ ਦੋ ਵਾਰ ਕਿਹਾ: “ਜੋ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਕੀਤਾ ਜਾਵੇ, ਉਹੀ ਕੁਝ ਤੁਸੀਂ ਦੂਜਿਆਂ ਨਾਲ ਵੀ ਨਾ ਕਰੋ।” ਜਦੋਂ ਇਕ ਹੋਰ ਮੌਕੇ ਤੇ ਉਸ ਦੇ ਚੇਲੇ ਡਜ਼ਿਗੋਂਗ ਨੇ ਸ਼ੇਖ਼ੀ ਮਾਰੀ ਕਿ “ਜੋ ਮੈਂ ਨਹੀਂ ਚਾਹੁੰਦਾ ਕਿ ਦੂਜੇ ਮੇਰੇ ਨਾਲ ਕਰਨ, ਮੈਂ ਵੀ ਉਨ੍ਹਾਂ ਨਾਲ ਉਹੋ ਕੁਝ ਨਹੀਂ ਕਰਨਾ ਚਾਹੁੰਦਾ,” ਤਾਂ ਕਨਫਿਊਸ਼ਸ ਨੇ ਬੜੀ ਸੰਜੀਦਗੀ ਨਾਲ ਇਹ ਜਵਾਬ ਦਿੱਤਾ, “ਹਾਂ, ਪਰ ਅਜੇ ਤਕ ਤੂੰ ਇੱਦਾਂ ਕਰ ਨਹੀਂ ਪਾਇਆ।”

ਇਨ੍ਹਾਂ ਸ਼ਬਦਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਕਨਫਿਊਸ਼ਸ ਦੀ ਟਿੱਪਣੀ ਅਤੇ ਕਈ ਸਾਲਾਂ ਬਾਅਦ ਯਿਸੂ ਦੇ ਕਹੇ ਸ਼ਬਦਾਂ ਵਿਚ ਫ਼ਰਕ ਹੈ। ਫ਼ਰਕ ਇਹ ਹੈ ਕਿ ਯਿਸੂ ਦੁਆਰਾ ਦਿੱਤਾ ਸੁਨਹਿਰਾ ਅਸੂਲ ਦੂਜਿਆਂ ਨਾਲ ਭਲਾ ਕਰਨ ਦੀ ਮੰਗ ਕਰਦਾ ਹੈ। ਜੇਕਰ ਲੋਕ ਯਿਸੂ ਦੇ ਇਸ ਅਸੂਲ ਮੁਤਾਬਕ ਚੱਲਣ, ਦੂਜਿਆਂ ਦਾ ਖ਼ਿਆਲ ਰੱਖਣ ਤੇ ਉਨ੍ਹਾਂ ਦੀ ਮਦਦ ਕਰਨ ਲਈ ਕਦਮ ਚੁੱਕਣ ਅਤੇ ਹਰ ਰੋਜ਼ ਇਸ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ, ਤਾਂ ਕੀ ਤੁਹਾਡੇ ਖ਼ਿਆਲ ਵਿਚ ਅੱਜ ਦੀ ਦੁਨੀਆਂ ਬਿਹਤਰ ਨਹੀਂ ਹੁੰਦੀ? ਬੇਸ਼ੱਕ ਹੁੰਦੀ।

ਅਸੂਲ ਭਾਵੇਂ ਕਿਸੇ ਵੀ ਰੂਪ ਵਿਚ ਬਿਆਨਿਆ ਗਿਆ ਹੈ, ਪਰ ਮਹੱਤਵਪੂਰਣ ਗੱਲ ਤਾਂ ਇਹ ਹੈ ਕਿ ਵੱਖ-ਵੱਖ ਸਮਿਆਂ ਤੇ ਥਾਵਾਂ ਅਤੇ ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਨੇ ਸੁਨਹਿਰੇ ਅਸੂਲ ਦੇ ਵਿਚਾਰ ਵਿਚ ਵਿਸ਼ਵਾਸ ਕੀਤਾ ਹੈ। ਇਸ ਤੋਂ ਸਾਫ਼ ਦਿਖਾਈ ਦਿੰਦਾ ਹੈ ਕਿ ਯਿਸੂ ਨੇ ਪਹਾੜੀ ਉਪਦੇਸ਼ ਵਿਚ ਜੋ ਕੁਝ ਕਿਹਾ, ਉਹ ਇਕ ਵਿਸ਼ਵ-ਵਿਆਪੀ ਸਿੱਖਿਆ ਹੈ ਜੋ ਹਰ ਥਾਂ ਅਤੇ ਹਰ ਜ਼ਮਾਨੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦੀ ਹੈ।

ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਚਾਹੁੰਦਾ ਹਾਂ ਕਿ ਮੇਰਾ ਆਦਰ ਕੀਤਾ ਜਾਵੇ, ਮੇਰੇ ਨਾਲ ਪੱਖਪਾਤ ਨਾ ਕੀਤਾ ਜਾਵੇ ਤੇ ਦੂਸਰੇ ਮੇਰੇ ਨਾਲ ਈਮਾਨਦਾਰੀ ਨਾਲ ਪੇਸ਼ ਆਉਣ? ਕੀ ਮੈਂ ਨਸਲੀ ਭੇਦ-ਭਾਵ, ਅਪਰਾਧ ਤੇ ਯੁੱਧ ਰਹਿਤ ਦੁਨੀਆਂ ਵਿਚ ਰਹਿਣਾ ਚਾਹੁੰਦਾ ਹਾਂ? ਕੀ ਮੈਂ ਅਜਿਹੇ ਪਰਿਵਾਰ ਵਿਚ ਰਹਿਣਾ ਚਾਹੁੰਦਾ ਹਾਂ ਜਿਸ ਵਿਚ ਸਾਰੇ ਜਣੇ ਇਕ ਦੂਸਰੇ ਦੀਆਂ ਭਾਵਨਾਵਾਂ ਅਤੇ ਭਲਾਈ ਲਈ ਚਿੰਤਾ ਦਿਖਾਉਂਦੇ ਹਨ?’ ਦਰਅਸਲ, ਕੌਣ ਅਜਿਹੇ ਹਾਲਾਤਾਂ ਵਿਚ ਰਹਿਣਾ ਪਸੰਦ ਨਹੀਂ ਕਰੇਗਾ? ਪਰ ਹਕੀਕਤ ਤਾਂ ਇਹ ਹੈ ਕਿ ਬਹੁਤ ਹੀ ਘੱਟ ਲੋਕ ਇਨ੍ਹਾਂ ਹਾਲਾਤਾਂ ਦਾ ਆਨੰਦ ਮਾਣਦੇ ਹਨ। ਬਹੁਤ ਸਾਰੇ ਲੋਕ ਤਾਂ ਇਨ੍ਹਾਂ ਹਾਲਾਤਾਂ ਬਾਰੇ ਸੋਚ ਵੀ ਨਹੀਂ ਸਕਦੇ।

ਸੁਨਹਿਰੇ ਅਸੂਲ ਨੂੰ ਨਜ਼ਰਅੰਦਾਜ਼ ਕੀਤਾ ਗਿਆ

ਇਤਿਹਾਸ ਦੌਰਾਨ, ਮਨੁੱਖਜਾਤੀ ਦੇ ਖ਼ਿਲਾਫ਼ ਕਈ ਅਪਰਾਧ ਕੀਤੇ ਗਏ ਹਨ ਜਿਨ੍ਹਾਂ ਵਿਚ ਲੋਕਾਂ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਨ੍ਹਾਂ ਅਪਰਾਧਾਂ ਵਿਚ ਅਫ਼ਰੀਕਾ ਵਿਚ ਗ਼ੁਲਾਮਾਂ ਦਾ ਵਪਾਰ, ਨਾਜ਼ੀਆਂ ਦੇ ਨਜ਼ਰਬੰਦੀ ਕੈਂਪ, ਜਬਰੀ ਬਾਲ ਮਜ਼ਦੂਰੀ ਅਤੇ ਬਹੁਤ ਸਾਰੀਆਂ ਥਾਵਾਂ ਤੇ ਬੇਰਹਿਮੀ ਨਾਲ ਕੀਤੇ ਗਏ ਕੁਲ-ਨਾਸ਼ ਸ਼ਾਮਲ ਹਨ। ਇਸ ਤਰ੍ਹਾਂ ਦੀਆਂ ਹੋਰ ਕਈ ਘਟਨਾਵਾਂ ਬਾਰੇ ਦੱਸਿਆ ਜਾ ਸਕਦਾ ਹੈ।

ਅੱਜ ਸਾਡੀ ਤਕਨਾਲੋਜੀ ਦੀ ਦੁਨੀਆਂ ਬੜੀ ਖ਼ੁਦਗਰਜ਼ ਹੋ ਗਈ ਹੈ। ਜ਼ਿਆਦਾਤਰ ਲੋਕ ਸਿਰਫ਼ ਆਪਣੇ ਹੀ ਫ਼ਾਇਦੇ ਜਾਂ ਹੱਕ ਬਾਰੇ ਸੋਚਦੇ ਹਨ। (2 ਤਿਮੋਥਿਉਸ 3:1-5) ਬਹੁਤੇ ਲੋਕ ਸੁਆਰਥੀ, ਕਠੋਰ, ਨਿਰਮੋਹੀ ਅਤੇ ਖ਼ੁਦਗਰਜ਼ ਕਿਉਂ ਬਣ ਗਏ ਹਨ? ਕੀ ਇਹ ਇਸ ਲਈ ਨਹੀਂ ਕਿ ਜ਼ਿਆਦਾਤਰ ਲੋਕ ਸੁਨਹਿਰੇ ਅਸੂਲ ਨੂੰ ਜਾਣਦੇ ਹੋਏ ਵੀ ਇਸ ਨੂੰ ਅਵਿਵਹਾਰਕ ਅਤੇ ਪੁਰਾਣੇ ਜ਼ਮਾਨੇ ਦਾ ਨੈਤਿਕ ਰਿਵਾਜ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ? ਦੁੱਖ ਦੀ ਗੱਲ ਹੈ ਕਿ ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ ਵੀ ਇਵੇਂ ਹੀ ਕੀਤਾ ਹੈ। ਅਤੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਲੋਕ ਹੋਰ ਜ਼ਿਆਦਾ ਸੁਆਰਥੀ ਹੁੰਦੇ ਜਾਣਗੇ।

ਇਸ ਲਈ, ਸਾਨੂੰ ਇਨ੍ਹਾਂ ਮਹੱਤਵਪੂਰਣ ਸਵਾਲਾਂ ਤੇ ਗੌਰ ਕਰਨਾ ਚਾਹੀਦਾ ਹੈ: ਸੁਨਹਿਰੇ ਅਸੂਲ ਮੁਤਾਬਕ ਜੀਉਣ ਵਿਚ ਕੀ ਸ਼ਾਮਲ ਹੈ? ਕੀ ਅਜੇ ਵੀ ਕੋਈ ਇਸ ਅਸੂਲ ਉੱਤੇ ਚੱਲਦਾ ਹੈ? ਕੀ ਕਦੇ ਇੱਦਾਂ ਦਾ ਸਮਾਂ ਆਵੇਗਾ ਜਦੋਂ ਸਾਰੀ ਮਨੁੱਖਜਾਤੀ ਸੁਨਹਿਰੇ ਅਸੂਲ ਮੁਤਾਬਕ ਚੱਲੇਗੀ? ਇਨ੍ਹਾਂ ਸਵਾਲਾਂ ਦੇ ਭਰੋਸੇਮੰਦ ਜਵਾਬਾਂ ਲਈ ਕਿਰਪਾ ਕਰ ਕੇ ਅਗਲਾ ਲੇਖ ਪੜ੍ਹੋ।

[ਸਫ਼ੇ 3 ਉੱਤੇ ਤਸਵੀਰ]

ਕਨਫਿਊਸ਼ਸ ਅਤੇ ਹੋਰਨਾਂ ਨੇ ਸੁਨਹਿਰੇ ਅਸੂਲ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਸਿਖਾਇਆ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ