ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
ਬਾਈਬਲ ਕਹਿੰਦੀ ਹੈ
ਯਿਸੂ ਨੇ ਪਹਾੜੀ ਉਪਦੇਸ਼ ਵਿਚ ਕਿਹਾ ਸੀ: “ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।” (ਮੱਤੀ 7:12; ਲੂਕਾ 6:31) ਕੁਝ ਲੋਕ ਯਿਸੂ ਦੀ ਕਹੀ ਇਸ ਗੱਲ ਨੂੰ ਸੁਨਹਿਰਾ ਅਸੂਲ ਜਾਂ ਉੱਤਮ ਅਸੂਲ ਵੀ ਕਹਿੰਦੇ ਹਨ।
ਮੱਤੀ 7:12 ਵਿਚ ਦਿੱਤੇ ਅਸੂਲ ਦਾ ਕੀ ਮਤਲਬ ਹੈ?
ਇਸ ਦਾ ਮਤਲਬ ਹੈ ਕਿ ਅਸੀਂ ਦੂਜਿਆਂ ਨਾਲ ਉਸੇ ਤਰ੍ਹਾਂ ਪੇਸ਼ ਆਈਏ, ਜਿਵੇਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਪੇਸ਼ ਆਉਣ। ਮਿਸਾਲ ਲਈ, ਜਦੋਂ ਦੂਜੇ ਸਾਡਾ ਆਦਰ ਕਰਦੇ ਹਨ, ਸਾਡੇ ਨਾਲ ਪਿਆਰ ਤੇ ਨਿਮਰਤਾ ਨਾਲ ਪੇਸ਼ ਆਉਂਦੇ ਹਨ, ਤਾਂ ਸਾਨੂੰ ਚੰਗਾ ਲੱਗਦਾ ਹੈ। ਇਸ ਲਈ ਸਾਨੂੰ ਵੀ “ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼” ਆਉਣਾ ਚਾਹੀਦਾ ਹੈ।—ਲੂਕਾ 6:31.
ਇਹ ਅਸੂਲ ਮੰਨਣਾ ਫ਼ਾਇਦੇਮੰਦ ਕਿਉਂ ਹੈ?
ਇਸ ਅਸੂਲ ਦਾ ਫ਼ਾਇਦਾ ਜ਼ਿੰਦਗੀ ਦੇ ਤਕਰੀਬਨ ਹਰ ਪਹਿਲੂ ਵਿਚ ਹੁੰਦਾ ਹੈ। ਮਿਸਾਲ ਲਈ,
ਵਿਆਹੁਤਾ ਰਿਸ਼ਤਾ ਮਜ਼ਬੂਤ ਹੁੰਦਾ ਹੈ।—ਅਫ਼ਸੀਆਂ 5:28, 33.
ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ਵਿਚ ਮਾਪਿਆਂ ਦੀ ਮਦਦ ਹੁੰਦੀ ਹੈ।—ਅਫ਼ਸੀਆਂ 6:4.
ਦੋਸਤਾਂ, ਗੁਆਂਢੀਆਂ ਅਤੇ ਕੰਮ ਦੀ ਥਾਂ ʼਤੇ ਲੋਕਾਂ ਨਾਲ ਚੰਗਾ ਰਿਸ਼ਤਾ ਬਣਿਆ ਰਹਿੰਦਾ ਹੈ।—ਕਹਾਉਤਾਂ 3:27, 28; ਕੁਲੁੱਸੀਆਂ 3:13.
ਬਾਈਬਲ ਦੇ ਪੁਰਾਣੇ ਨੇਮ ਦਾ ਜ਼ਿਆਦਾਤਰ ਹਿੱਸਾ ਇਸੇ ਅਸੂਲ ʼਤੇ ਆਧਾਰਿਤ ਹੈ। ਯਿਸੂ ਨੇ ਇਸ ਅਸੂਲ ਬਾਰੇ ਕਿਹਾ ਕਿ “ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀ ਸਿੱਖਿਆ ਦਾ ਇਹੋ ਨਿਚੋੜ ਹੈ।” (ਮੱਤੀ 7:12) ਸੋ ਇਹ ਅਸੂਲ ਪੁਰਾਣੇ ਨੇਮ ਵਿਚ ਦਰਜ ਇਸ ਮੁੱਖ ਸਿੱਖਿਆ ਦਾ ਨਿਚੋੜ ਹੈ: ‘ਆਪਣੇ ਗੁਆਂਢੀ ਨਾਲ ਪਿਆਰ ਕਰ।’—ਰੋਮੀਆਂ 13:8-10.
ਕੀ ਇਸ ਦਾ ਮਤਲਬ ਇਹ ਹੈ ਕਿ ਜੇ ਦੂਜੇ ਸਾਡੇ ਨਾਲ ਚੰਗੀ ਤਰ੍ਹਾਂ ਪੇਸ਼ ਆਉਣਗੇ, ਤਾਂ ਹੀ ਅਸੀਂ ਉਨ੍ਹਾਂ ਨਾਲ ਚੰਗਾ ਸਲੂਕ ਕਰਾਂਗੇ?
ਨਹੀਂ। ਇਹ ਅਸੂਲ ਮੁੱਖ ਤੌਰ ਤੇ “ਦੇਣ” ʼਤੇ ਜ਼ੋਰ ਦਿੰਦਾ ਹੈ। ਇਸ ਅਸੂਲ ਬਾਰੇ ਗੱਲ ਕਰਦਿਆਂ ਯਿਸੂ ਨੇ ਸਿਰਫ਼ ਆਮ ਲੋਕਾਂ ਨਾਲ ਨਹੀਂ, ਸਗੋਂ ਆਪਣੇ ਦੁਸ਼ਮਣਾਂ ਨਾਲ ਪੇਸ਼ ਆਉਣ ਬਾਰੇ ਵੀ ਗੱਲ ਕੀਤੀ। (ਲੂਕਾ 6:27-31, 35) ਤਾਂ ਫਿਰ ਇਹ ਅਸੂਲ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ? ਸਾਰਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਦੀ।
ਅਸੀਂ ਇਸ ਅਸੂਲ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?
1. ਧਿਆਨ ਦਿਓ ਕਿ ਕਿਸ ਨੂੰ ਮਦਦ ਦੀ ਲੋੜ ਹੈ। ਆਪਣੇ ਆਲੇ-ਦੁਆਲੇ ਦੇ ਲੋਕਾਂ ʼਤੇ ਧਿਆਨ ਦਿਓ। ਮਿਸਾਲ ਲਈ, ਜੇ ਕਿਸੇ ਨੂੰ ਭਾਰੀ ਬੈਗ ਲਿਜਾਣ ਵਿਚ ਮੁਸ਼ਕਲ ਆ ਰਹੀ ਹੈ ਜਾਂ ਫਿਰ ਤੁਹਾਡਾ ਗੁਆਂਢੀ ਹਸਪਤਾਲ ਵਿਚ ਦਾਖ਼ਲ ਹੈ ਜਾਂ ਤੁਹਾਡੇ ਨਾਲ ਕੰਮ ਕਰਨ ਵਾਲਾ ਵਿਅਕਤੀ ਕਿਸੇ ਗੱਲੋਂ ਨਿਰਾਸ਼ ਹੈ, ਤਾਂ ਕਿਉਂ ਨਾ ਉਨ੍ਹਾਂ ਦੀ ਮਦਦ ਕਰਨ ਜਾਂ ਹੌਸਲਾ ਵਧਾਉਣ ਲਈ ਅੱਗੇ ਆਓ। ਜਦੋਂ ਤੁਸੀਂ “ਦੂਸਰਿਆਂ ਦੇ ਭਲੇ ਬਾਰੇ ਸੋਚੋਗੇ,” ਤਾਂ ਤੁਹਾਨੂੰ ਉਨ੍ਹਾਂ ਦੀ ਮਦਦ ਕਰਨ ਦੇ ਕਈ ਮੌਕੇ ਮਿਲਣਗੇ।—ਫ਼ਿਲਿੱਪੀਆਂ 2:4.
2. ਦੂਜਿਆਂ ਦੀ ਪੀੜ ਸਮਝੋ। ਖ਼ੁਦ ਨੂੰ ਦੂਜਿਆਂ ਦੀ ਜਗ੍ਹਾ ਰੱਖੋ ਅਤੇ ਸੋਚੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ। (ਰੋਮੀਆਂ 12:15) ਜਦੋਂ ਤੁਸੀਂ ਦੂਜਿਆਂ ਦੇ ਜਜ਼ਬਾਤ ਸਮਝਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਖ਼ੁਦ-ਬ-ਖ਼ੁਦ ਉਨ੍ਹਾਂ ਦੀ ਮਦਦ ਕਰਨ ਲਈ ਉਭਾਰੇ ਜਾਓਗੇ।
3. ਹਾਲਾਤਾਂ ਮੁਤਾਬਕ ਖ਼ੁਦ ਨੂੰ ਢਾਲੋ। ਯਾਦ ਰੱਖੋ ਕਿ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ। ਸ਼ਾਇਦ ਤੁਸੀਂ ਕਿਸੇ ਲਈ ਜੋ ਕਰਨਾ ਚਾਹੁੰਦੇ ਹੋ, ਉਹ ਵਿਅਕਤੀ ਉਸ ਦੀ ਬਜਾਇ ਕੁਝ ਹੋਰ ਚਾਹੁੰਦਾ ਹੋਵੇ। ਇਸ ਲਈ ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਦੂਜੇ ਚਾਹੁੰਦੇ ਹਨ।—1 ਕੁਰਿੰਥੀਆਂ 10:24.