ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w02 2/15 ਸਫ਼ੇ 18-22
  • ‘ਸਰੀਰ ਵਿਚਲੇ ਕੰਡੇ’ ਨੂੰ ਸਹਿਣਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਸਰੀਰ ਵਿਚਲੇ ਕੰਡੇ’ ਨੂੰ ਸਹਿਣਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅਸੀਂ ਕੰਡੇ ਨੂੰ ਕਿਵੇਂ ਸਹਿ ਸਕਦੇ ਹਾਂ
  • ਯਹੋਵਾਹ ਦੇ ਪ੍ਰਬੰਧ ਬਹੁਤ ਹੀ ਜ਼ਰੂਰੀ ਹਨ
  • ਵਫ਼ਾਦਾਰ ਸੇਵਕਾਂ ਨੇ ਮੁਸ਼ਕਲਾਂ ਸਹਾਰੀਆਂ ਹਨ
  • ਧੀਰਜ ਰੱਖਣ ਨਾਲ ਬੜੀ ਖ਼ੁਸ਼ੀ ਮਿਲਦੀ ਹੈ
  • ਉਨ੍ਹਾਂ ਨੇ ਸਰੀਰ ਵਿਚ ਚੁਭਦੇ ਕੰਡੇ ਝੱਲੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਪੌਲੁਸ ਦੇ “ਸਰੀਰ ਵਿਚ ਇਕ ਕੰਡਾ ਚੋਭਿਆ ਗਿਆ”
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਕੀ ਤੁਹਾਡੇ “ਸਰੀਰ ਵਿੱਚ ਇੱਕ ਕੰਡਾ” ਹੈ?
    ਸਾਡੀ ਰਾਜ ਸੇਵਕਾਈ—1998
  • ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਤਾਕਤਵਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
w02 2/15 ਸਫ਼ੇ 18-22

‘ਸਰੀਰ ਵਿਚਲੇ ਕੰਡੇ’ ਨੂੰ ਸਹਿਣਾ

“ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ।”—2 ਕੁਰਿੰਥੀਆਂ 12:9.

1, 2. (ੳ) ਅਸੀਂ ਹੈਰਾਨ ਕਿਉਂ ਨਹੀਂ ਹੁੰਦੇ ਜਦ ਸਾਨੂੰ ਪਰੀਖਿਆਵਾਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? (ਅ) ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਸਮੇਂ ਅਸੀਂ ਹੌਸਲਾ ਕਿਉਂ ਰੱਖ ਸਕਦੇ ਹਾਂ?

“ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਇਸ ਤਰ੍ਹਾਂ ਕਿਉਂ ਹੁੰਦਾ ਹੈ? ਕਿਉਂਕਿ ਸ਼ਤਾਨ ਦਾਅਵਾ ਕਰਦਾ ਹੈ ਕਿ ਲੋਕ ਖ਼ੁਦਗਰਜ਼ ਹਨ ਅਤੇ ਆਪਣੇ ਹੀ ਫ਼ਾਇਦੇ ਲਈ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਅਤੇ ਕਿਸੇ ਵੀ ਕੀਮਤ ਤੇ ਉਹ ਆਪਣਾ ਦਾਅਵਾ ਸਹੀ ਸਾਬਤ ਕਰਨਾ ਚਾਹੁੰਦਾ ਹੈ। ਇਕ ਵਾਰ ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਇਹ ਚੇਤਾਵਨੀ ਦਿੱਤੀ ਸੀ: “ਸ਼ਤਾਨ ਨੇ ਤੁਹਾਨੂੰ ਮੰਗਿਆ ਹੈ ਭਈ ਕਣਕ ਦੀ ਤਰਾਂ ਤੁਹਾਨੂੰ ਫਟਕੇ।” (ਲੂਕਾ 22:31) ਯਿਸੂ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਰਮੇਸ਼ੁਰ ਸ਼ਤਾਨ ਨੂੰ ਸਾਡੇ ਉੱਤੇ ਦੁਖਦਾਈ ਮੁਸ਼ਕਲਾਂ ਦੁਆਰਾ ਪਰੀਖਿਆਵਾਂ ਲਿਆਉਣ ਦੀ ਇਜਾਜ਼ਤ ਦਿੰਦਾ ਹੈ। ਲੇਕਿਨ, ਇਸ ਦਾ ਇਹ ਮਤਲਬ ਨਹੀਂ ਕਿ ਜ਼ਿੰਦਗੀ ਵਿਚ ਹਰ ਮੁਸ਼ਕਲ ਜਿਸ ਦਾ ਅਸੀਂ ਸਾਮ੍ਹਣਾ ਕਰਦੇ ਹਾਂ ਉਹ ਸਿੱਧੀ ਸ਼ਤਾਨ ਵੱਲੋਂ, ਜਾਂ ਉਹ ਦੇ ਦੂਤਾਂ ਵੱਲੋਂ ਆਉਂਦੀ ਹੈ। (ਉਪਦੇਸ਼ਕ ਦੀ ਪੋਥੀ 9:11) ਪਰ ਫਿਰ ਵੀ ਸਾਡੀ ਖਰਿਆਈ ਤੋੜਨ ਲਈ ਸ਼ਤਾਨ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ।

2 ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਅਜ਼ਮਾਇਸ਼ਾਂ ਕਾਰਨ ਹੈਰਾਨ ਨਹੀਂ ਹੋਣਾ ਚਾਹੀਦਾ। ਜੋ ਵੀ ਸਾਡੇ ਉੱਤੇ ਬੀਤਦਾ ਹੈ ਉਹ ਕੋਈ ਨਵੀਂ ਗੱਲ ਨਹੀਂ ਹੈ, ਸਾਨੂੰ ਪਤਾ ਹੈ ਕਿ ਸਾਡੇ ਨਾਲ ਇਸ ਤਰ੍ਹਾਂ ਹੋਣਾ ਹੈ। (1 ਪਤਰਸ 4:12) ਅਸਲ ਵਿਚ ਸਾਡੇ “ਗੁਰਭਾਈ ਜਿਹੜੇ ਜਗਤ ਵਿੱਚ ਹਨ ਓਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ।” (1 ਪਤਰਸ 5:9) ਅੱਜ ਸ਼ਤਾਨ ਪਰਮੇਸ਼ੁਰ ਦੇ ਹਰੇਕ ਸੇਵਕ ਉੱਤੇ ਸਖ਼ਤ ਦਬਾਅ ਪਾ ਰਿਹਾ ਹੈ। ਸਾਨੂੰ ਕੰਡਿਆਂ ਵਰਗੀਆਂ ਮੁਸ਼ਕਲਾਂ ਸਹਾਰਦੇ ਦੇਖ ਕੇ ਸ਼ਤਾਨ ਬਹੁਤ ਖ਼ੁਸ਼ ਹੁੰਦਾ ਹੈ। ਆਪਣਾ ਮਕਸਦ ਪੂਰਾ ਕਰਨ ਲਈ ਸ਼ਤਾਨ ਆਪਣੀ ਦੁਨੀਆਂ ਨੂੰ ਅਜਿਹੇ ਤਰੀਕੇ ਵਿਚ ਇਸਤੇਮਾਲ ਕਰਦਾ ਹੈ ਤਾਂਕਿ ਸਾਡੇ ‘ਸਰੀਰ ਵਿਚਲਾ ਕੰਡਾ’ ਸਾਨੂੰ ਹੋਰ ਵੀ ਦੁੱਖ ਦੇਵੇ। (2 ਕੁਰਿੰਥੀਆਂ 12:7) ਫਿਰ ਵੀ ਇਹ ਜ਼ਰੂਰੀ ਨਹੀਂ ਕਿ ਸ਼ਤਾਨ ਦੇ ਹਮਲਿਆਂ ਦੁਆਰਾ ਸਾਡੀ ਖਰਿਆਈ ਟੁੱਟ ਜਾਵੇ। ਠੀਕ ਜਿਵੇਂ ਯਹੋਵਾਹ ਸਾਡੇ ਲਈ ਪਰੀਖਿਆਵਾਂ ਤੋਂ ‘ਬਚ ਜਾਣ ਦਾ ਉਪਾਓ ਕੱਢੇਗਾ,’ ਉਸੇ ਤਰ੍ਹਾਂ ਉਹ ਕੰਡਿਆਂ ਵਰਗੀਆਂ ਮੁਸ਼ਕਲਾਂ ਸਹਾਰਨ ਵਿਚ ਸਾਡੀ ਮਦਦ ਵੀ ਕਰੇਗਾ।—1 ਕੁਰਿੰਥੀਆਂ 10:13.

ਅਸੀਂ ਕੰਡੇ ਨੂੰ ਕਿਵੇਂ ਸਹਿ ਸਕਦੇ ਹਾਂ

3. ਜਦ ਪੌਲੁਸ ਨੇ ਸਰੀਰ ਵਿਚਲਾ ਕੰਡਾ ਕੱਢਣ ਲਈ ਯਹੋਵਾਹ ਅੱਗੇ ਬੇਨਤੀ ਕੀਤੀ ਸੀ ਤਾਂ ਉਸ ਦਾ ਜਵਾਬ ਕੀ ਸੀ?

3 ਪੌਲੁਸ ਰਸੂਲ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਸੀ ਕਿ ਉਹ ਉਸ ਦੇ ਸਰੀਰ ਵਿੱਚੋਂ ਕੰਡਾ ਕੱਢ ਦੇਵੇ। “ਇਹ ਦੇ ਲਈ ਮੈਂ ਪ੍ਰਭੁ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਭਈ ਇਹ ਮੈਥੋਂ ਦੂਰ ਹੋ ਜਾਵੇ।” ਪੌਲੁਸ ਦੀ ਤੀਬਰ ਬੇਨਤੀ ਦਾ ਯਹੋਵਾਹ ਨੇ ਕੀ ਜਵਾਬ ਦਿੱਤਾ ਸੀ? “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” (2 ਕੁਰਿੰਥੀਆਂ 12:8, 9) ਆਓ ਆਪਾਂ ਇਸ ਜਵਾਬ ਵੱਲ ਧਿਆਨ ਦੇਈਏ ਅਤੇ ਦੇਖੀਏ ਕਿ ਇਸ ਤੋਂ ਸਾਨੂੰ ਕੰਡਿਆਂ ਵਰਗੀਆਂ ਦੁੱਖ-ਭਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਿਸ ਤਰ੍ਹਾਂ ਮਿਲ ਸਕਦੀ ਹੈ।

4. ਪੌਲੁਸ ਨੇ ਕਿਨ੍ਹਾਂ ਗੱਲਾਂ ਵਿਚ ਯਹੋਵਾਹ ਦੀ ਕਿਰਪਾ ਤੋਂ ਲਾਭ ਪ੍ਰਾਪਤ ਕੀਤਾ ਸੀ?

4 ਧਿਆਨ ਦਿਓ ਕਿ ਪਰਮੇਸ਼ੁਰ ਨੇ ਪੌਲੁਸ ਨੂੰ ਉਤਸ਼ਾਹਿਤ ਕੀਤਾ ਕਿ ਉਹ ਉਸ ਕਿਰਪਾ ਦੀ ਕਦਰ ਕਰੇ ਜੋ ਮਸੀਹ ਦੁਆਰਾ ਉਸ ਉੱਤੇ ਕੀਤੀ ਗਈ ਸੀ। ਸੱਚ-ਮੁੱਚ ਹੀ ਪੌਲੁਸ ਨੂੰ ਬਹੁਤ ਬਰਕਤਾਂ ਮਿਲੀਆਂ ਸਨ। ਯਹੋਵਾਹ ਨੇ ਪਿਆਰ ਦਿਖਾ ਕੇ ਉਸ ਨੂੰ ਮਸੀਹੀ ਚੇਲਾ ਬਣਨ ਦਾ ਸਨਮਾਨ ਦਿੱਤਾ ਸੀ, ਭਾਵੇਂ ਕਿ ਉਹ ਪਹਿਲਾਂ ਯਿਸੂ ਦੇ ਚੇਲਿਆਂ ਦਾ ਸਖ਼ਤ ਵਿਰੋਧ ਕਰਦਾ ਸੀ। (ਰਸੂਲਾਂ ਦੇ ਕਰਤੱਬ 7:58; 8:3; 9:1-4) ਇਸ ਤੋਂ ਬਾਅਦ ਯਹੋਵਾਹ ਨੇ ਪੌਲੁਸ ਨੂੰ ਕਈ ਵਧੀਆ ਕੰਮ ਅਤੇ ਸਨਮਾਨ ਦਿੱਤੇ ਸਨ। ਇਸ ਤੋਂ ਅਸੀਂ ਵੀ ਸਬਕ ਸਿੱਖ ਸਕਦੇ ਹਾਂ। ਭਾਵੇਂ ਕਿ ਅਸੀਂ ਬਹੁਤ ਹੀ ਔਖੇ ਸਮੇਂ ਵਿਚ ਹੋਈਏ, ਫਿਰ ਵੀ ਅਸੀਂ ਅਨੇਕ ਬਰਕਤਾਂ ਲਈ ਧੰਨਵਾਦ ਕਰ ਸਕਦੇ ਹਾਂ। ਅਜ਼ਮਾਇਸ਼ਾਂ ਕਾਰਨ ਸਾਨੂੰ ਕਦੇ ਵੀ ਯਹੋਵਾਹ ਦੀ ਵਿਸ਼ਾਲ ਭਲਿਆਈ ਭੁੱਲਣੀ ਨਹੀਂ ਚਾਹੀਦੀ।—ਜ਼ਬੂਰ 31:19.

5, 6. (ੳ) ਯਹੋਵਾਹ ਨੇ ਪੌਲੁਸ ਨੂੰ ਕਿਵੇਂ ਸਿਖਲਾਇਆ ਸੀ ਕਿ ਪਰਮੇਸ਼ੁਰੀ ਤਾਕਤ “ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ”? (ਅ) ਪੌਲੁਸ ਦੀ ਮਿਸਾਲ ਨੇ ਸ਼ਤਾਨ ਨੂੰ ਝੂਠਾ ਸਾਬਤ ਕਿਵੇਂ ਕੀਤਾ ਸੀ?

5 ਯਹੋਵਾਹ ਦੀ ਕਿਰਪਾ ਇਕ ਹੋਰ ਗੱਲ ਵਿਚ ਵੀ ਸਾਡੇ ਲਈ ਬਥੇਰੀ ਹੈ। ਅਜ਼ਮਾਇਸ਼ਾਂ ਸਹਾਰਨ ਵਿਚ ਪਰਮੇਸ਼ੁਰ ਦੀ ਸ਼ਕਤੀ ਸਾਡੇ ਲਈ ਬਥੇਰੀ ਜਾਂ ਕਾਫ਼ੀ ਹੈ। (ਅਫ਼ਸੀਆਂ 3:20) ਯਹੋਵਾਹ ਨੇ ਪੌਲੁਸ ਨੂੰ ਸਿਖਾਇਆ ਸੀ ਕਿ ਉਸ ਦੀ ਤਾਕਤ “ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” ਪਰ ਕਿਵੇਂ? ਪਰਮੇਸ਼ੁਰ ਨੇ ਪਿਆਰ ਨਾਲ ਪੌਲੁਸ ਨੂੰ ਮੁਸ਼ਕਲਾਂ ਸਹਾਰਨ ਲਈ ਆਪਣੇ ਵੱਲੋਂ ਉੱਨੀ ਤਾਕਤ ਦਿੱਤੀ ਜਿੰਨੀ ਉਸ ਨੂੰ ਜ਼ਰੂਰਤ ਸੀ। ਨਤੀਜੇ ਵਜੋਂ ਸਾਰੇ ਮਸੀਹੀ ਜਾਣਦੇ ਸਨ ਕਿ ਪਰਮੇਸ਼ੁਰ ਦੀ ਸ਼ਕਤੀ ਕਾਮਯਾਬੀ ਨਾਲ ਉਸ ਕਮਜ਼ੋਰ ਅਤੇ ਪਾਪੀ ਇਨਸਾਨ ਉੱਤੇ ਕੰਮ ਕਰਦੀ ਸੀ ਕਿਉਂਕਿ ਪੌਲੁਸ ਧੀਰਜਵਾਨ ਅਤੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਵਾਲਾ ਸਾਬਤ ਹੋਇਆ। ਸ਼ਤਾਨ ਉੱਤੇ ਇਸ ਦਾ ਅਸਰ ਕੀ ਹੋਇਆ ਸੀ ਜੋ ਦਾਅਵਾ ਕਰ ਰਿਹਾ ਸੀ ਕਿ ਇਨਸਾਨ ਪਰਮੇਸ਼ੁਰ ਦੀ ਸੇਵਾ ਸਿਰਫ਼ ਉਦੋਂ ਹੀ ਕਰਦੇ ਹਨ ਜਦੋਂ ਜ਼ਿੰਦਗੀ ਵਿਚ ਕੋਈ ਪਰੇਸ਼ਾਨੀ ਜਾਂ ਮੁਸ਼ਕਲ ਨਾ ਹੋਵੇ? ਪੌਲੁਸ ਦੀ ਖਰਿਆਈ ਕਾਰਨ ਸ਼ਤਾਨ ਨੂੰ ਤੁਹਮਤ ਲਾਉਣ ਦਾ ਕਰਾਰਾ ਜਵਾਬ ਮਿਲਿਆ!

6 ਪੌਲੁਸ ਪਹਿਲਾਂ ਪਰਮੇਸ਼ੁਰ ਖ਼ਿਲਾਫ਼ ਲੜ ਕੇ ਸ਼ਤਾਨ ਲਈ ਕੰਮ ਕਰਨ ਵਾਲਾ, ਮਸੀਹੀਆਂ ਨੂੰ ਸਤਾਉਣ ਵਾਲਾ, ਅਤੇ ਇਕ ਕੱਟੜ ਫ਼ਾਰਸੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦਾ ਜਨਮ ਇਕ ਉੱਚੇ ਖ਼ਾਨਦਾਨ ਵਿਚ ਹੋਣ ਕਾਰਨ ਉਹ ਐਸ਼ੋ-ਆਰਾਮ ਵਾਲੀ ਜ਼ਿੰਦਗੀ ਗੁਜ਼ਾਰਦਾ ਹੁੰਦਾ ਸੀ। ਪਰ ਹੁਣ ਪੌਲੁਸ ਯਹੋਵਾਹ ਅਤੇ ਮਸੀਹ ਦੀ ਸੇਵਾ ਕਰ ਰਿਹਾ ਸੀ ਅਤੇ ਉਹ ਆਪਣੇ ਬਾਰੇ ਕਹਿੰਦਾ ਹੈ ਕਿ “ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ।” (1 ਕੁਰਿੰਥੀਆਂ 15:9) ਇਕ ਰਸੂਲ ਵਜੋਂ ਉਹ ਨਿਮਰਤਾ ਨਾਲ ਪਹਿਲੀ ਸਦੀ ਦੀ ਮਸੀਹੀ ਪ੍ਰਬੰਧਕ ਸਭਾ ਦੇ ਨਿਰਦੇਸ਼ਨ ਅਧੀਨ ਕੰਮ ਕਰ ਰਿਹਾ ਸੀ। ਅਤੇ ਸਰੀਰ ਵਿਚਲੇ ਕੰਡੇ ਦੇ ਬਾਵਜੂਦ ਵੀ ਵਫ਼ਾਦਾਰੀ ਨਾਲ ਸੇਵਾ ਕਰ ਰਿਹਾ ਸੀ। ਇਹ ਦੇਖ ਕੇ ਸ਼ਤਾਨ ਨੂੰ ਬਹੁਤ ਹੀ ਗੁੱਸਾ ਹੋਇਆ ਹੋਣਾ ਕਿ ਜ਼ਿੰਦਗੀ ਦੀਆਂ ਅਜ਼ਮਾਇਸ਼ਾਂ ਕਾਰਨ ਪੌਲੁਸ ਦਾ ਜੋਸ਼ ਮੱਠਾ ਨਹੀਂ ਪਿਆ। ਪੌਲੁਸ ਨੇ ਹਮੇਸ਼ਾ ਆਪਣੇ ਮੰਨ ਵਿਚ ਇਹ ਆਸ ਰੱਖੀ ਕਿ ਉਹ ਮਸੀਹ ਨਾਲ ਸਵਰਗ ਵਿਚ ਰਾਜ ਕਰੇਗਾ। (2 ਤਿਮੋਥਿਉਸ 2:12; 4:18) ਕੋਈ ਵੀ ਕੰਡਾ ਉਸ ਦੇ ਜੋਸ਼ ਨੂੰ ਘਟਾ ਨਹੀਂ ਸਕਦਾ ਸੀ, ਚਾਹੇ ਉਹ ਜਿੰਨਾ ਮਰਜ਼ੀ ਦੁਖਦਾਈ ਸੀ। ਆਓ ਆਪਾਂ ਵੀ ਇਸੇ ਤਰ੍ਹਾਂ ਦਾ ਜੋਸ਼ ਦਿਖਾਈਏ! ਸਾਨੂੰ ਸਾਡੀਆਂ ਪਰੀਖਿਆਵਾਂ ਦੌਰਾਨ ਸਹਾਰਾ ਦੇਣ ਦੁਆਰਾ ਯਹੋਵਾਹ ਸਾਨੂੰ ਸ਼ਤਾਨ ਨੂੰ ਝੂਠਾ ਸਾਬਤ ਕਰਨ ਦਾ ਮੌਕਾ ਦੇ ਕੇ ਮਾਣ ਬਖ਼ਸ਼ਦਾ ਹੈ।—ਕਹਾਉਤਾਂ 27:11.

ਯਹੋਵਾਹ ਦੇ ਪ੍ਰਬੰਧ ਬਹੁਤ ਹੀ ਜ਼ਰੂਰੀ ਹਨ

7, 8. (ੳ) ਯਹੋਵਾਹ ਅੱਜ ਕਿਸ ਜ਼ਰੀਏ ਆਪਣੇ ਸੇਵਕਾਂ ਨੂੰ ਤਾਕਤ ਦਿੰਦਾ ਹੈ? (ਅ) ਹਰ ਰੋਜ਼ ਬਾਈਬਲ ਪੜ੍ਹਨੀ ਅਤੇ ਉਸ ਦਾ ਅਧਿਐਨ ਕਰਨਾ ਸਰੀਰ ਵਿਚਲੇ ਕਿਸੇ ਕੰਡੇ ਦਾ ਸਾਮ੍ਹਣਾ ਕਰਨ ਵਿਚ ਇੰਨਾ ਜ਼ਰੂਰੀ ਕਿਉਂ ਹੈ?

7 ਯਹੋਵਾਹ ਅੱਜ ਵਫ਼ਾਦਾਰ ਮਸੀਹੀਆਂ ਨੂੰ ਆਪਣੀ ਪਵਿੱਤਰ ਆਤਮਾ, ਆਪਣੇ ਬਚਨ, ਅਤੇ ਮਸੀਹੀ ਭੈਣ-ਭਰਾਵਾਂ ਰਾਹੀਂ ਤਾਕਤ ਬਖ਼ਸ਼ਦਾ ਹੈ। ਪੌਲੁਸ ਰਸੂਲ ਵਾਂਗ ਅਸੀਂ ਵੀ ਪ੍ਰਾਰਥਨਾ ਵਿਚ ਆਪਣਾ ਭਾਰ ਯਹੋਵਾਹ ਉੱਤੇ ਸੁੱਟ ਸਕਦੇ ਹਾਂ। (ਜ਼ਬੂਰ 55:22) ਹਾਲਾਂਕਿ ਯਹੋਵਾਹ ਸਾਡੀਆਂ ਪਰੀਖਿਆਵਾਂ ਹਟਾਉਂਦਾ ਨਹੀਂ, ਪਰ ਉਹ ਸਾਨੂੰ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਬੁੱਧ ਜ਼ਰੂਰ ਦੇ ਸਕਦਾ ਹੈ, ਭਾਵੇਂ ਕੇ ਇਨ੍ਹਾਂ ਵਿੱਚੋਂ ਨਿਕਲਣਾ ਸਾਨੂੰ ਮੁਸ਼ਕਲ ਲੱਗਦਾ ਹੋਵੇ। ਇਸ ਦੇ ਨਾਲ-ਨਾਲ ਧੀਰਜ ਰੱਖਣ ਲਈ ਯਹੋਵਾਹ ਸਾਨੂੰ ਆਪਣੀ “ਸਮਰੱਥਾ ਦਾ ਅੱਤ ਵੱਡਾ ਮਹਾਤਮ” ਜਾਂ ਮਹਾਂ-ਸ਼ਕਤੀ ਵੀ ਦੇ ਸਕਦਾ ਹੈ।—2 ਕੁਰਿੰਥੀਆਂ 4:7.

8 ਸਾਨੂੰ ਇਹ ਮਦਦ ਕਿਸ ਤਰ੍ਹਾਂ ਮਿਲ ਸਕਦੀ ਹੈ? ਸਾਨੂੰ ਪਰਮੇਸ਼ੁਰ ਦੇ ਬਚਨ ਦਾ ਲਗਨ ਨਾਲ ਅਧਿਐਨ ਕਰਨ ਦੀ ਲੋੜ ਹੈ ਕਿਉਂਕਿ ਉਸ ਤੋਂ ਸਾਨੂੰ ਯਹੋਵਾਹ ਕੋਲੋਂ ਤਸੱਲੀ ਮਿਲੇਗੀ। (ਜ਼ਬੂਰ 94:19) ਬਾਈਬਲ ਵਿਚ ਅਸੀਂ ਪਰਮੇਸ਼ੁਰ ਦੇ ਸੇਵਕਾਂ ਦੇ ਦਰਦ-ਭਰੇ ਸ਼ਬਦ ਪੜ੍ਹ ਸਕਦੇ ਹਾਂ ਜਿਉਂ ਹੀ ਉਨ੍ਹਾਂ ਨੇ ਪਰਮੇਸ਼ੁਰੀ ਤਾਕਤ ਲਈ ਬੇਨਤੀ ਕੀਤੀ ਸੀ। ਯਹੋਵਾਹ ਨੇ ਅਕਸਰ ਦਿਲਾਸਾ-ਭਰੇ ਸ਼ਬਦਾਂ ਨਾਲ ਜਵਾਬ ਦਿੱਤਾ ਸੀ ਜਿਨ੍ਹਾਂ ਸ਼ਬਦਾਂ ਉੱਤੇ ਸਾਨੂੰ ਮਨਨ ਕਰਨ ਦੀ ਲੋੜ ਹੈ। ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੁਆਰਾ ਅਸੀਂ ਮਜ਼ਬੂਤ ਹੋਵਾਂਗੇ ਕਿਉਂਕਿ “ਮਹਾ-ਸ਼ਕਤੀ ਦਾ ਸੋਮਾ ਕੇਵਲ ਪਰਮੇਸ਼ਰ ਹੀ ਹੈ, ਅਸੀਂ ਨਹੀਂ ਹਾਂ।” (2 ਕੁਰਿੰਥੁਸ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਠੀਕ ਜਿਵੇਂ ਸਾਨੂੰ ਚੰਗੀ ਸਿਹਤ ਲਈ ਅਤੇ ਤਾਕਤ ਲਈ ਹਰ ਦਿਨ ਰੋਟੀ ਖਾਣੀ ਪੈਂਦੀ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦੇ ਬਚਨ ਤੋਂ ਨਿਯਮਿਤ ਤੌਰ ਤੇ ਤਾਕਤ ਲੈਣ ਦੀ ਸਾਨੂੰ ਲੋੜ ਹੈ। ਕੀ ਅਸੀਂ ਇਸ ਤਰ੍ਹਾਂ ਕਰਦੇ ਹਾਂ? ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਸਾਨੂੰ ਅਹਿਸਾਸ ਹੋਵੇਗਾ ਕਿ ਕੰਡਿਆਂ ਵਰਗੀਆਂ ਮੁਸ਼ਕਲਾਂ ਸਹਾਰਨ ਵਿਚ ਪਰਮੇਸ਼ੁਰ ਵੱਲੋਂ “ਮਹਾ-ਸ਼ਕਤੀ” ਸਾਡੀ ਮਦਦ ਕਰਦੀ ਹੈ।

9. ਬਜ਼ੁਰਗ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਨ ਜੋ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ?

9 ਪਰਮੇਸ਼ੁਰ ਦਾ ਭੈ ਰੱਖਣ ਵਾਲਾ ਹਰ ਮਸੀਹੀ ਬਜ਼ੁਰਗ “ਪੌਣ ਤੋਂ ਲੁੱਕਣ ਦੇ ਥਾਂ ਜਿਹਾ” ਅਤੇ “ਵਾਛੜ ਤੋਂ ਓਟ” ਜਿਹਾ ਹੋ ਸਕਦਾ ਹੈ, ਮਤਲਬ ਕਿ ਮੁਸ਼ਕਲਾਂ ਅਤੇ ਦੁੱਖ ਤੋਂ ਸਾਡੀ ਰਖਵਾਲੀ ਕਰ ਸਕਦਾ ਹੈ। ਜਿਹੜੇ ਬਜ਼ੁਰਗ ਇਸ ਤਰ੍ਹਾਂ ਮਦਦ ਕਰਨੀ ਚਾਹੁੰਦੇ ਹਨ ਉਹ ਨਿਮਰਤਾ ਨਾਲ ਅਤੇ ਦਿਲੋਂ ਯਹੋਵਾਹ ਅੱਗੇ ਬੇਨਤੀ ਕਰਦੇ ਹਨ ਕਿ ਉਹ ਉਨ੍ਹਾਂ ਨੂੰ “ਚੇਲਿਆਂ ਦੀ ਜ਼ਬਾਨ” ਦੇਵੇ ਤਾਂਕਿ ਉਹ ਦੁਖੀ ਲੋਕਾਂ ਨੂੰ ਸਹਾਰਾ ਦੇਣ ਲਈ ਸਹੀ ਸ਼ਬਦ ਵਰਤ ਸਕਣ। ਬਜ਼ੁਰਗਾਂ ਦੇ ਸ਼ਬਦ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਸਮੇਂ ਹਲਕੇ ਮੀਂਹ ਵਰਗੇ ਹੋ ਸਕਦੇ ਹਨ ਜੋ ਸਾਨੂੰ ਮੰਨ ਦੀ ਸ਼ਾਂਤੀ ਅਤੇ ਦਿਲਾਸਾ ਦਿੰਦੇ ਹਨ। “ਕਮਦਿਲਿਆਂ ਨੂੰ ਦਿਲਾਸਾ” ਦੇਣ ਦੁਆਰਾ ਬਜ਼ੁਰਗ ਸੱਚ-ਮੁੱਚ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਸਹਾਰਾ ਦਿੰਦੇ ਹਨ, ਜੋ ਸਰੀਰ ਵਿਚਲੇ ਕੰਡੇ ਕਾਰਨ ਸ਼ਾਇਦ ਥੱਕ ਰਹੇ ਜਾਂ ਨਿਰਾਸ਼ ਹੋ ਰਹੇ ਹਨ।—ਯਸਾਯਾਹ 32:2; 50:4; 1 ਥੱਸਲੁਨੀਕੀਆਂ 5:14.

10, 11. ਪਰਮੇਸ਼ੁਰ ਦੇ ਸੇਵਕ ਉਨ੍ਹਾਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਨ ਜੋ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਨ?

10 ਯਹੋਵਾਹ ਦੇ ਸਾਰੇ ਸੇਵਕ ਇਕ ਅਜਿਹੇ ਮਸੀਹੀ ਪਰਿਵਾਰ ਦਾ ਹਿੱਸਾ ਹਨ ਜਿਸ ਵਿਚ ਏਕਤਾ ਹੈ। ਜੀ ਹਾਂ, ਅਸੀਂ ਸਾਰੇ “ਇੱਕ ਇੱਕ ਕਰਕੇ ਇੱਕ ਦੂਏ ਦੇ ਅੰਗ ਹਾਂ,” ਅਤੇ ਸਾਨੂੰ ‘ਇੱਕ ਦੂਏ ਨਾਲ ਪ੍ਰੇਮ ਕਰਨਾ ਚਾਹੀਦਾ ਹੈ।’ (ਰੋਮੀਆਂ 12:5; 1 ਯੂਹੰਨਾ 4:11) ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਪਤਰਸ ਦੀ ਪਹਿਲੀ ਪੱਤਰੀ 3:8 ਦੇ ਅਨੁਸਾਰ ‘ਆਪੋ ਵਿੱਚੀਂ ਦਰਦੀ ਬਣ ਕੇ, ਭਰੱਪਣ ਦਾ ਪ੍ਰੇਮ ਰੱਖ ਕੇ, ਅਤੇ ਤਰਸਵਾਨ ਹੋ ਕੇ’ ਅਸੀਂ ਆਪਣੇ ਮਸੀਹੀ ਭੈਣ-ਭਰਾਵਾਂ ਨੂੰ ਸਹਾਰਾ ਦੇ ਸਕਦੇ ਹਾਂ। ਜੋ ਭੈਣ-ਭਰਾ ਕਿਸੇ ਕੰਡੇ ਕਾਰਨ ਬਹੁਤ ਹੀ ਦੁੱਖ ਸਹਾਰਦੇ ਹਨ, ਚਾਹੇ ਉਹ ਜਵਾਨ ਹੋਣ ਜਾਂ ਸਿਆਣੇ, ਉਨ੍ਹਾਂ ਦਾ ਸਾਨੂੰ ਸਾਰਿਆਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਪਰ ਕਿਵੇਂ?

11 ਸਾਨੂੰ ਉਨ੍ਹਾਂ ਦਾ ਦੁੱਖ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਅਸੀਂ ਕਠੋਰ ਅਤੇ ਬੇਦਰਦੀ ਹੋ ਕੇ ਉਨ੍ਹਾਂ ਦੀ ਪਰਵਾਹ ਨਾ ਕਰੀਏ ਤਾਂ ਅਸੀਂ ਉਨ੍ਹਾਂ ਦਾ ਦੁੱਖ ਹੋਰ ਵੀ ਵਧਾ ਸਕਦੇ ਹਾਂ। ਉਨ੍ਹਾਂ ਦੀਆਂ ਮੁਸ਼ਕਲਾਂ ਜਾਣਦੇ ਹੋਏ ਸਾਨੂੰ ਧਿਆਨ ਨਾਲ ਸੋਚ-ਸਮਝ ਕੇ ਬੋਲਣਾ-ਚੱਲਣਾ ਚਾਹੀਦਾ ਹੈ। ਜੇਕਰ ਅਸੀਂ ਚੰਗਾ ਰਵੱਈਆ ਰੱਖੀਏ ਅਤੇ ਉਨ੍ਹਾਂ ਦਾ ਹੌਸਲਾ ਵਧਾਈਏ ਤਾਂ ਅਸੀਂ ਉਨ੍ਹਾਂ ਦਾ ਦਰਦ ਕੁਝ ਹੱਦ ਤਕ ਘਟਾ ਸਕਦੇ ਹਾਂ। ਹੋ ਸਕਦਾ ਹੈ ਕਿ ਇਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਤਸੱਲੀ ਦੇ ਸਕੀਏ।—ਕੁਲੁੱਸੀਆਂ 4:11.

ਵਫ਼ਾਦਾਰ ਸੇਵਕਾਂ ਨੇ ਮੁਸ਼ਕਲਾਂ ਸਹਾਰੀਆਂ ਹਨ

12-14. (ੳ) ਇਕ ਮਸੀਹੀ ਭੈਣ ਨੇ ਕੈਂਸਰ ਦਾ ਸਾਮ੍ਹਣਾ ਕਰਨ ਵਿਚ ਕੀ ਕੀਤਾ ਸੀ? (ਅ) ਇਸ ਭੈਣ ਦੇ ਮਸੀਹੀ ਭੈਣਾਂ-ਭਰਾਵਾਂ ਨੇ ਉਸ ਨੂੰ ਸਹਾਰਾ ਅਤੇ ਹੌਸਲਾ ਕਿਵੇਂ ਦਿੱਤਾ ਸੀ?

12 ਜਿਉਂ-ਜਿਉਂ ਅਸੀਂ ਅੰਤ ਦਿਆਂ ਦਿਨਾਂ ਦੇ ਅਖ਼ੀਰ ਤਕ ਪਹੁੰਚਦੇ ਹਾਂ, ਦਿਨ-ਬ-ਦਿਨ “ਪੀੜਾਂ” ਵਧਦੀਆਂ ਜਾਂਦੀਆਂ ਹਨ। (ਮੱਤੀ 24:8) ਇਸ ਲਈ ਸੰਭਵ ਹੈ ਕਿ ਧਰਤੀ ਉੱਤੇ ਸਾਰਿਆਂ ਨੂੰ ਪਰਤਾਵਿਆਂ ਦਾ ਸਾਮ੍ਹਣਾ ਕਰਨਾ ਪਵੇਗਾ, ਖ਼ਾਸ ਕਰਕੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਜੋ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਮਿਸਾਲ ਲਈ, ਇਕ ਮਸੀਹੀ ਭੈਣ ਵੱਲ ਧਿਆਨ ਦਿਓ ਜੋ ਪਾਇਨੀਅਰ ਸੇਵਾ ਕਰ ਰਹੀ ਸੀ। ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਉਸ ਨੂੰ ਕੈਂਸਰ ਸੀ ਅਤੇ ਓਪਰੇਸ਼ਨ ਰਾਹੀਂ ਉਸ ਦੇ ਲਾਰ ਅਤੇ ਲਿੰਫ ਗਲੈਂਡ ਕੱਢਣੇ ਪਏ ਸਨ। ਜਦੋਂ ਉਸ ਨੂੰ ਅਤੇ ਉਸ ਦੇ ਪਤੀ ਨੂੰ ਇਸ ਬੀਮਾਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਫ਼ੌਰਨ ਹੀ ਯਹੋਵਾਹ ਅੱਗੇ ਲੰਬੀ ਬੇਨਤੀ ਕੀਤੀ। ਬਾਅਦ ਵਿਚ ਉਸ ਨੇ ਕਿਹਾ ਕਿ ਉਨ੍ਹਾਂ ਉੱਤੇ ਇਕ ਅਨੋਖੀ ਸ਼ਾਂਤੀ ਛਾਂ ਗਈ। ਹਾਲੇ ਵੀ ਉਸ ਨੂੰ ਦੁੱਖ ਸਹਾਰਨਾ ਪੈਂਦਾ ਹੈ, ਕੁਝ ਦਿਨ ਚੰਗੇ ਨਿਕਲਦੇ ਹਨ ਕੁਝ ਬੁਰੇ, ਖ਼ਾਸ ਕਰਕੇ ਜਦੋਂ ਉਸ ਨੂੰ ਦਵਾਈਆਂ ਦਾ ਬੁਰਾ ਅਸਰ ਸਹਾਰਨਾ ਪੈਂਦਾ ਹੈ।

13 ਆਪਣੀ ਸਥਿਤੀ ਦਾ ਸਾਮ੍ਹਣਾ ਕਰਨ ਵਿਚ ਇਸ ਭੈਣ ਨੇ ਕੈਂਸਰ ਬਾਰੇ ਜਿੰਨੀ ਵੀ ਜਾਣਕਾਰੀ ਹਾਸਲ ਕਰ ਸਕਦੀ ਸੀ, ਉਸ ਨੇ ਕੀਤੀ। ਉਸ ਨੇ ਡਾਕਟਰਾਂ ਦੀ ਸਲਾਹ ਮੰਗੀ। ਪਹਿਰਾਬੁਰਜ, ਜਾਗਰੂਕ ਬਣੋ!, ਅਤੇ ਹੋਰਨਾਂ ਮਸੀਹੀ ਪੁਸਤਕਾਂ ਵਿੱਚੋਂ ਉਸ ਨੇ ਦੂਸਰਿਆਂ ਦੇ ਜੀਵਨਾਂ ਬਾਰੇ ਪੜ੍ਹਿਆ ਅਤੇ ਦੇਖਿਆ ਕਿ ਉਨ੍ਹਾਂ ਨੇ ਇਸ ਬੀਮਾਰੀ ਦਾ ਸਾਮ੍ਹਣਾ ਕਿਵੇਂ ਕੀਤਾ ਸੀ। ਉਸ ਨੇ ਬਾਈਬਲ ਵਿੱਚੋਂ ਢੁਕਵੇਂ ਹਿੱਸੇ ਵੀ ਪੜ੍ਹੇ ਜੋ ਦਿਖਾਉਂਦੇ ਹਨ ਕਿ ਯਹੋਵਾਹ ਆਪਣਿਆਂ ਲੋਕਾਂ ਨੂੰ ਮੁਸ਼ਕਲਾਂ ਸਹਾਰਨ ਲਈ ਤਾਕਤ ਦੇ ਸਕਦਾ ਹੈ, ਅਤੇ ਉਸ ਨੇ ਹੋਰ ਵੀ ਲਾਭਦਾਇਕ ਜਾਣਕਾਰੀ ਹਾਸਲ ਕੀਤੀ।

14 ਨਿਰਾਸ਼ਾ ਦਾ ਸਾਮ੍ਹਣਾ ਕਰਨ ਬਾਰੇ ਇਕ ਲੇਖ ਵਿਚ ਇਹ ਵਧੀਆ ਸ਼ਬਦ ਸਨ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ।” (ਕਹਾਉਤਾਂ 18:1) ਇਸ ਲੇਖ ਨੇ ਇਹ ਸਲਾਹ ਦਿੱਤੀ ਕਿ “ਆਪਣੇ ਆਪ ਨੂੰ ਵੱਖਰਾ ਨਾ ਕਰੋ।”a ਸਾਡੀ ਭੈਣ ਦੱਸਦੀ ਹੈ: “ਮੈਨੂੰ ਕਈਆਂ ਨੇ ਦੱਸਿਆ ਕਿ ਉਹ ਮੇਰੇ ਲਈ ਪ੍ਰਾਰਥਨਾ ਕਰ ਰਹੇ ਸਨ; ਹੋਰਨਾਂ ਨੇ ਮੈਨੂੰ ਟੈਲੀਫ਼ੋਨ ਕੀਤਾ। ਦੋ ਬਜ਼ੁਰਗ ਨਿਯਮਿਤ ਤੌਰ ਤੇ ਮੇਰੀ ਖ਼ਬਰ ਲੈਣ ਆਉਂਦੇ ਸਨ। ਮੈਨੂੰ ਬਹੁਤ ਸਾਰੇ ਕਾਰਡ ਅਤੇ ਫੁੱਲ ਭੇਜੇ ਗਏ। ਕਈਆਂ ਨੇ ਖਾਣਾ ਵੀ ਤਿਆਰ ਕਰ ਕੇ ਲਿਆਂਦਾ। ਅਤੇ ਕਈ ਇਲਾਜ ਲਈ ਮੈਨੂੰ ਡਾਕਟਰ ਕੋਲ ਲਿਜਾਣ ਲਈ ਵੀ ਖ਼ੁਸ਼ ਸਨ।”

15-17. (ੳ) ਇਕ ਮਸੀਹੀ ਭੈਣ ਨੇ ਹਾਦਸਿਆਂ ਤੋਂ ਪੈਦਾ ਹੋਈਆਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕੀਤਾ ਸੀ? (ਅ) ਕਲੀਸਿਯਾ ਵਿਚ ਭੈਣਾਂ-ਭਰਾਵਾਂ ਨੇ ਉਸ ਦੀ ਕਿਵੇਂ ਮਦਦ ਕੀਤੀ ਸੀ?

15 ਨਿਊ ਮੈਕਸੀਕੋ, ਅਮਰੀਕਾ ਤੋਂ ਕਈਆਂ ਸਾਲਾਂ ਲਈ ਯਹੋਵਾਹ ਦੀ ਸੇਵਾ ਕਰਨ ਵਾਲੀ ਇਕ ਭੈਣ ਨਾਲ ਮੋਟਰਕਾਰ ਵਿਚ ਦੋ ਹਾਦਸੇ ਹੋਏ। ਉਹ ਪਹਿਲਾਂ ਹੀ 25 ਸਾਲਾਂ ਤੋਂ ਗਠੀਏ ਦਾ ਰੋਗ ਸਹਾਰਦੀ ਆਈ ਸੀ, ਤਾਂ ਹੁਣ ਉਸ ਦੀ ਧੌਣ ਅਤੇ ਮੋਢਿਆਂ ਤੇ ਸੱਟ ਲੱਗਣ ਕਾਰਨ ਉਸ ਦਾ ਦੁੱਖ ਹੋਰ ਵੀ ਵੱਧ ਗਿਆ। ਉਹ ਦੱਸਦੀ ਹੈ: “ਮੇਰੇ ਲਈ ਸਿਰ ਉਤਾਂਹਾਂ ਚੁੱਕਣਾ ਬਹੁਤ ਹੀ ਔਖਾ ਸੀ ਅਤੇ ਮੈਂ ਦੋ ਕਿਲੋ ਤੋਂ ਜ਼ਿਆਦਾ ਭਾਰੀ ਚੀਜ਼ ਚੁੱਕ ਵੀ ਨਹੀਂ ਸਕਦੀ ਸੀ। ਪਰ ਤੀਬਰਤਾ ਨਾਲ ਯਹੋਵਾਹ ਨੂੰ ਕੀਤੀਆਂ ਗਈਆਂ ਪ੍ਰਾਰਥਨਾਵਾਂ ਨੇ ਮੈਨੂੰ ਬਹੁਤ ਸ਼ਕਤੀ ਦਿੱਤੀ ਹੈ। ਅਤੇ ਪਹਿਰਾਬੁਰਜ ਦੇ ਜਿਨ੍ਹਾਂ ਲੇਖਾਂ ਦਾ ਅਸੀਂ ਅਧਿਐਨ ਕੀਤਾ ਹੈ ਉਨ੍ਹਾਂ ਤੋਂ ਵੀ ਮੈਨੂੰ ਮਦਦ ਮਿਲੀ ਹੈ। ਇਕ ਲੇਖ ਨੇ ਮੀਕਾਹ 6:8 ਉੱਤੇ ਟਿੱਪਣੀ ਕਰਦੇ ਹੋਏ ਇਹ ਕਿਹਾ ਕਿ ਅਧੀਨ ਹੋ ਕੇ ਪਰਮੇਸ਼ੁਰ ਨਾਲ ਚੱਲਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਚੰਗੀ ਤਰ੍ਹਾਂ ਜਾਣੀਏ। ਇਸ ਗੱਲ ਤੋਂ ਮੈਂ ਸਮਝ ਸਕੀ ਕਿ ਮੇਰੀ ਹਾਲਤ ਦੇ ਬਾਵਜੂਦ ਵੀ ਮੈਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਭਾਵੇਂ ਕਿ ਮੈਂ ਉੱਨਾ ਸਮਾਂ ਪ੍ਰਚਾਰ ਵਿਚ ਨਹੀਂ ਲਗਾ ਸਕਦੀ ਜਿੰਨਾ ਮੈਂ ਚਾਹੁੰਦੀ ਸੀ। ਸੱਚੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਸਭ ਤੋਂ ਜ਼ਰੂਰੀ ਗੱਲ ਹੈ।”

16 ਉਹ ਇਹ ਵੀ ਦੱਸਦੀ ਹੈ: “ਸਭਾਵਾਂ ਤੇ ਹਾਜ਼ਰ ਹੋਣ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦੇ ਮੇਰੇ ਜਤਨਾਂ ਕਾਰਨ ਬਜ਼ੁਰਗ ਹਮੇਸ਼ਾ ਮੈਨੂੰ ਸ਼ਾਬਾਸ਼ੀ ਦਿੰਦੇ ਸਨ। ਛੋਟੇ ਬੱਚੇ ਕਲਾਵਾ ਭਰ ਕੇ ਮੈਨੂੰ ਮਿਲਦੇ ਸਨ। ਪਾਇਨੀਅਰਾਂ ਨੇ ਧੀਰਜ ਨਾਲ ਮੇਰੀ ਮਦਦ ਕੀਤੀ ਅਤੇ ਜਿਹੜੇ ਦਿਨ ਮੈਂ ਜ਼ਿਆਦਾ ਬੀਮਾਰ ਹੋਣ ਕਾਰਨ ਬਾਹਰ ਨਹੀਂ ਜਾ ਸਕਦੀ ਸੀ ਉਨ੍ਹਾਂ ਦਿਨਾਂ ਤੇ ਉਹ ਆਪਣਾ ਪ੍ਰੋਗ੍ਰਾਮ ਮੇਰੇ ਲਈ ਅਕਸਰ ਬਦਲਦੇ ਹੁੰਦੇ ਸਨ। ਜਦੋਂ ਮੌਸਮ ਖ਼ਰਾਬ ਹੁੰਦਾ ਸੀ, ਤਾਂ ਉਹ ਮੈਨੂੰ ਲੋਕਾਂ ਨੂੰ ਦੁਬਾਰਾ ਮਿਲਣ ਅਤੇ ਆਪਣੀਆਂ ਬਾਈਬਲ ਸਟੱਡੀਆਂ ਤੇ ਲਿਜਾਂਦੇ ਸਨ। ਅਤੇ ਇਸ ਲਈ ਕਿ ਪ੍ਰਚਾਰ ਵਿਚ ਮੈਂ ਕਿਤਾਬਾਂ ਦਾ ਬੈਗ ਨਹੀਂ ਚੁੱਕ ਸਕਦੀ ਸੀ, ਦੂਸਰੇ ਭੈਣ-ਭਰਾ ਮੇਰੀਆਂ ਕਿਤਾਬਾਂ ਅਤੇ ਮੈਗਜ਼ੀਨ ਆਪਣੇ ਬੈਗਾਂ ਵਿਚ ਰੱਖ ਲੈਂਦੇ ਸਨ।”

17 ਧਿਆਨ ਦਿਓ ਕਿ ਕਲੀਸਿਯਾ ਦੇ ਬਜ਼ੁਰਗਾਂ ਨੇ ਅਤੇ ਹੋਰਨਾਂ ਭੈਣਾਂ-ਭਰਾਵਾਂ ਨੇ ਇਨ੍ਹਾਂ ਦੋ ਭੈਣਾਂ ਦੀਆਂ ਕੰਡਿਆਂ ਵਰਗੀਆਂ ਬੀਮਾਰੀਆਂ ਸਹਾਰਨ ਵਿਚ ਮਦਦ ਕਿਵੇਂ ਕੀਤੀ ਸੀ। ਖ਼ਾਸ ਰੂਹਾਨੀ, ਸਰੀਰਕ, ਅਤੇ ਭਾਵਾਤਮਕ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਉਨ੍ਹਾਂ ਨੇ ਪਿਆਰ ਨਾਲ ਭੈਣਾਂ ਦੀ ਜਿਸ ਤਰ੍ਹਾਂ ਵੀ ਕਰ ਸਕਦੇ ਸਨ ਮਦਦ ਕੀਤੀ। ਕੀ ਇਸ ਤੋਂ ਹੋਰਨਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਤੁਹਾਡਾ ਹੌਸਲਾ ਨਹੀਂ ਵਧਦਾ, ਜੋ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ? ਜਵਾਨ ਲੋਕ ਵੀ ਆਪਣੀ ਕਲੀਸਿਯਾ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਜੋ ਸਰੀਰ ਵਿਚਲੇ ਕੰਡੇ ਸਹਾਰਦੇ ਹਨ।—ਕਹਾਉਤਾਂ 20:29.

18. ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੇ ਜੋ ਜੀਵਨ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਹਨ ਉਨ੍ਹਾਂ ਤੋਂ ਅਸੀਂ ਕਿਹੋ ਜਿਹਾ ਦਿਲਾਸਾ ਪਾ ਸਕਦੇ ਹਾਂ?

18 ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੇ ਉਨ੍ਹਾਂ ਗਵਾਹਾਂ ਦੀਆਂ ਕਈ ਜੀਵਨ ਕਹਾਣੀਆਂ ਅਤੇ ਅਨੁਭਵ ਪ੍ਰਕਾਸ਼ਿਤ ਕੀਤੇ ਹਨ ਜਿਨ੍ਹਾਂ ਨੇ ਜ਼ਿੰਦਗੀ ਵਿਚ ਮੁਸ਼ਕਲਾਂ ਸਹਾਰੀਆਂ, ਅਤੇ ਹਾਲੇ ਵੀ ਸਹਾਰਦੇ ਹਨ। ਜਿਵੇਂ ਤੁਸੀਂ ਨਿਯਮਿਤ ਤੌਰ ਤੇ ਇਨ੍ਹਾਂ ਲੇਖਾਂ ਨੂੰ ਪੜ੍ਹੋਗੇ, ਤੁਸੀਂ ਦੇਖ ਸਕੋਗੇ ਕਿ ਸੰਸਾਰ ਭਰ ਵਿਚ ਤੁਹਾਡੇ ਕਈਆਂ ਮਸੀਹੀ ਭੈਣਾਂ-ਭਰਾਵਾਂ ਨੇ ਰੁਪਏ-ਪੈਸੇ ਦੀ ਤੰਗੀ, ਬਿਪਤਾਵਾਂ ਵਿਚ ਕਿਸੇ ਪਿਆਰੇ ਦੀ ਮੌਤ, ਅਤੇ ਲੜਾਈ ਦੇ ਸਮੇਂ ਖ਼ਤਰਨਾਕ ਹਾਲਾਤਾਂ ਦਾ ਸਾਮ੍ਹਣਾ ਕੀਤਾ ਹੈ। ਦੂਸਰੇ ਬੀਮਾਰੀਆਂ ਸਹਿਣਦੇ ਹਨ ਜਿਨ੍ਹਾਂ ਕਾਰਨ ਉਹ ਕੁਝ ਵੀ ਕਰਨ ਦੇ ਯੋਗ ਨਹੀਂ ਰਹਿੰਦੇ। ਕਈ ਤਾਂ ਜ਼ਿੰਦਗੀ ਦੇ ਮਾਮੂਲੀ ਕੰਮ ਵੀ ਨਹੀਂ ਕਰ ਸਕਦੇ ਜੋ ਕੰਮ ਤੰਦਰੁਸਤ ਲੋਕ ਸੋਚੇ ਬਿਨਾਂ ਕਰ ਸਕਦੇ ਹਨ। ਉਨ੍ਹਾਂ ਦੀਆਂ ਬੀਮਾਰੀਆਂ ਉਨ੍ਹਾਂ ਨੂੰ ਬਹੁਤ ਹੀ ਪਰਤਾਉਂਦੀਆਂ ਹਨ, ਖ਼ਾਸ ਕਰਕੇ ਜਦੋਂ ਉਹ ਮਸੀਹੀ ਕੰਮਾਂ ਵਿਚ ਜ਼ਿਆਦਾ ਹਿੱਸਾ ਨਹੀਂ ਲੈ ਸਕਦੇ। ਉਹ ਕਿੰਨੇ ਧੰਨਵਾਦੀ ਹੁੰਦੇ ਹਨ ਜਦੋਂ ਮਸੀਹੀ ਭੈਣ-ਭਰਾ, ਜਵਾਨ ਅਤੇ ਸਿਆਣੇ ਵੀ, ਉਨ੍ਹਾਂ ਨੂੰ ਸਹਾਰਾ ਦਿੰਦੇ ਅਤੇ ਉਨ੍ਹਾਂ ਦੀ ਮਦਦ ਕਰਦੇ ਹਨ!

ਧੀਰਜ ਰੱਖਣ ਨਾਲ ਬੜੀ ਖ਼ੁਸ਼ੀ ਮਿਲਦੀ ਹੈ

19. ਕੰਡਿਆਂ ਵਰਗੀਆਂ ਮੁਸ਼ਕਲਾਂ ਅਤੇ ਕਮਜ਼ੋਰੀਆਂ ਦੇ ਬਾਵਜੂਦ ਪੌਲੁਸ ਖ਼ੁਸ਼ ਕਿਉਂ ਰਹਿ ਸਕਿਆ ਸੀ?

19 ਪੌਲੁਸ ਨੂੰ ਇਹ ਦੇਖ ਕੇ ਬੜੀ ਖ਼ੁਸ਼ੀ ਹੋਈ ਕਿ ਪਰਮੇਸ਼ੁਰ ਨੇ ਕਿਵੇਂ ਉਸ ਨੂੰ ਤਾਕਤ ਬਖ਼ਸ਼ੀ ਸੀ। ਉਸ ਨੇ ਕਿਹਾ: “ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਯਾ ਕਰੇ। ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਈਆਂ ਉੱਤੇ, ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ, ਪਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।” (2 ਕੁਰਿੰਥੀਆਂ 12:9, 10) ਪੌਲੁਸ ਆਪਣੇ ਖ਼ੁਦ ਦੇ ਤਜਰਬੇ ਕਾਰਨ ਭਰੋਸੇ ਨਾਲ ਇਹ ਕਹਿ ਸਕਿਆ: “ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਈ ਜਿਸ ਹਾਲ ਵਿੱਚ ਹੋਵਾਂ ਓਸੇ ਵਿੱਚ ਸੰਤੋਖ ਰੱਖਾਂ। ਮੈਂ ਘਟਣਾ ਜਾਣਦਾ ਹਾਂ, ਨਾਲੇ ਵਧਣਾ ਭੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ। ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:11-13.

20, 21. (ੳ) “ਅਣਡਿੱਠ ਵਸਤਾਂ” ਉੱਤੇ ਮਨਨ ਕਰਨ ਦੁਆਰਾ ਅਸੀਂ ਖ਼ੁਸ਼ੀ ਕਿਉਂ ਪਾ ਸਕਦੇ ਹਾਂ? (ਅ) ਕੁਝ “ਅਣਡਿੱਠ ਵਸਤਾਂ” ਕਿਹੜੀਆਂ ਹਨ ਜਿਨ੍ਹਾਂ ਨੂੰ ਅਸੀਂ ਫਿਰਦੌਸ ਧਰਤੀ ਵਿਚ ਦੇਖਣ ਦੀ ਉਮੀਦ ਰੱਖਦੇ ਹਾਂ?

20 ਇਸ ਲਈ ਜੇਕਰ ਅਸੀਂ ਸਰੀਰ ਵਿਚਲੇ ਕਿਸੇ ਵੀ ਕਿਸਮ ਦਾ ਕੰਡਾ ਧੀਰਜ ਨਾਲ ਝੱਲਾਂਗੇ, ਤਾਂ ਅਸੀਂ ਸਾਰਿਆਂ ਨੂੰ ਇਹ ਦਿਖਾ ਕੇ ਬਹੁਤ ਖ਼ੁਸ਼ ਹੋਵਾਂਗੇ ਕਿ ਯਹੋਵਾਹ ਦੀ ਤਾਕਤ ਸਾਡੀਆਂ ਕਮਜ਼ੋਰੀਆਂ ਵਿਚ ਪੂਰੀ ਹੁੰਦੀ ਹੈ। ਪੌਲੁਸ ਨੇ ਲਿਖਿਆ: “ਅਸੀਂ ਹੌਸਲਾ ਨਹੀਂ ਹਾਰਦੇ . . . ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿੰਨ ਭਰ ਦਾ ਹੀ ਹੈ ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ . . . ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ ਕਿਉਂ ਜੋ . . . ਅਣਡਿੱਠ ਵਸਤਾਂ ਨਿੱਤ ਹਨ।”—2 ਕੁਰਿੰਥੀਆਂ 4:16-18.

21 ਯਹੋਵਾਹ ਦੇ ਜ਼ਿਆਦਾਤਰ ਲੋਕ ਇਕ ਫਿਰਦੌਸ ਧਰਤੀ ਉੱਤੇ ਉਨ੍ਹਾਂ ਬਰਕਤਾਂ ਦੀ ਉਮੀਦ ਰੱਖਦੇ ਹਨ ਜਿਨ੍ਹਾਂ ਦਾ ਉਸ ਨੇ ਵਾਅਦਾ ਕੀਤਾ ਹੈ। ਇਹ ਬਰਕਤਾਂ ਸ਼ਾਇਦ ਅੱਜ ਸਾਨੂੰ “ਅਣਡਿੱਠ” ਲੱਗਣ। ਪਰ ਉਹ ਸਮਾਂ ਜਲਦੀ ਆਉਣ ਵਾਲਾ ਹੈ ਜਦੋਂ ਅਸੀਂ ਆਪਣੀ ਅੱਖੀਂ ਇਨ੍ਹਾਂ ਬਰਕਤਾਂ ਨੂੰ ਦੇਖਾਂਗੇ, ਜੀ ਹਾਂ, ਇਨ੍ਹਾਂ ਦਾ ਆਨੰਦ ਸਦਾ ਲਈ ਮਾਣਾਂਗੇ। ਇਨ੍ਹਾਂ ਵਿੱਚੋਂ ਇਕ ਬਰਕਤ ਹੋਵੇਗੀ ਕੰਡਿਆਂ ਵਰਗੀਆਂ ਮੁਸ਼ਕਲਾਂ ਤੋਂ ਹਮੇਸ਼ਾ ਲਈ ਛੁਟਕਾਰਾ! ਪਰਮੇਸ਼ੁਰ ਦਾ ਪੁੱਤਰ ‘ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇਗਾ’ ਅਤੇ ਉਹ ‘ਉਸ ਨੂੰ ਜਿਹ ਦੇ ਵੱਸ ਵਿੱਚ ਮੌਤ ਹੈ ਅਰਥਾਤ ਸ਼ਤਾਨ ਨੂੰ ਨਾਸ ਕਰੇਗਾ।’—1 ਯੂਹੰਨਾ 3:8; ਇਬਰਾਨੀਆਂ 2:14.

22. ਸਾਨੂੰ ਕਿਹੜਾ ਭਰੋਸਾ ਰੱਖਣਾ ਅਤੇ ਪੱਕਾ ਇਰਾਦਾ ਬਣਾਉਣਾ ਚਾਹੀਦਾ ਹੈ?

22 ਇਸ ਲਈ ਜੋ ਵੀ ਸਰੀਰ ਵਿਚਲਾ ਕੰਡਾ ਸਾਨੂੰ ਅੱਜ ਦੁੱਖ ਦੇ ਰਿਹਾ ਹੈ, ਆਓ ਆਪਾਂ ਉਸ ਨੂੰ ਸਹਿਣ ਕਰਦੇ ਰਹੀਏ। ਪੌਲੁਸ ਵਾਂਗ, ਯਹੋਵਾਹ ਵੱਲੋਂ ਸਾਨੂੰ ਵੀ ਤਾਕਤ ਮਿਲੇਗੀ, ਜੋ ਆਪਣੀ ਸ਼ਕਤੀ ਖੁੱਲ੍ਹੇ ਦਿਲ ਨਾਲ ਦਿੰਦਾ ਹੈ। ਜਦੋਂ ਅਸੀਂ ਫਿਰਦੌਸ ਧਰਤੀ ਵਿਚ ਜੀਉਂਦੇ ਹੋਵਾਂਗੇ, ਤਾਂ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਹਰ ਦਿਨ ਵਡਿਆਈ ਕਰਾਂਗੇ ਕਿਉਂਕਿ ਉਸ ਨੇ ਸਾਡੇ ਲਈ ਬਹੁਤ ਹੀ ਵਧੀਆ ਕੰਮ ਕੀਤੇ ਹਨ।—ਜ਼ਬੂਰ 103:2.

[ਫੁਟਨੋਟ]

a ਜਾਗਰੂਕ ਬਣੋ! ਦੇ 8 ਮਈ 2000 (ਅੰਗ੍ਰੇਜ਼ੀ) ਦੇ ਅੰਕ ਵਿਚ “ਬਾਈਬਲ ਦਾ ਦ੍ਰਿਸ਼ਟੀਕੋਣ: ਨਿਰਾਸ਼ਾ ਦਾ ਸਾਮ੍ਹਣਾ ਕਿਵੇਂ ਕੀਤਾ ਜਾ ਸਕਦਾ ਹੈ,” ਦੇਖੋ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਸ਼ਤਾਨ ਸੱਚੇ ਮਸੀਹੀਆਂ ਦੀ ਖਰਿਆਈ ਕਿਉਂ ਅਤੇ ਕਿਵੇਂ ਤੋੜਨ ਦੀ ਕੋਸ਼ਿਸ਼ ਕਰਦਾ ਹੈ?

• ਯਹੋਵਾਹ ਦੀ ਸ਼ਕਤੀ “ਨਿਰਬਲਤਾਈ ਵਿੱਚ ਪੂਰੀ” ਕਿਵੇਂ ਹੁੰਦੀ ਹੈ?

• ਬਜ਼ੁਰਗ ਅਤੇ ਦੂਸਰੇ ਭੈਣ-ਭਰਾ ਮੁਸ਼ਕਲਾਂ ਕਾਰਨ ਦੁਖੀ ਵਿਅਕਤੀਆਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਨ?

[ਸਫ਼ੇ 18 ਉੱਤੇ ਤਸਵੀਰ]

ਪੌਲੁਸ ਨੇ ਪਰਮੇਸ਼ੁਰ ਅੱਗੇ ਤਿੰਨ ਵਾਰ ਬੇਨਤੀ ਕੀਤੀ ਭਈ ਉਹ ਉਸ ਦੇ ਸਰੀਰ ਵਿਚਲਾ ਕੰਡਾ ਕੱਢ ਦੇਵੇ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ