ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w02 3/1 ਸਫ਼ੇ 20-25
  • ਆਤਮ-ਤਿਆਗ ਦੀ ਭਾਵਨਾ ਨਾਲ ਸੇਵਾ ਕਰਨੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਤਮ-ਤਿਆਗ ਦੀ ਭਾਵਨਾ ਨਾਲ ਸੇਵਾ ਕਰਨੀ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਘਰ ਵਿਚ ਆਤਮ-ਤਿਆਗ ਦੀ ਭਾਵਨਾ
  • ਫ਼ੈਸਲੇ ਦੀ ਘੜੀ
  • ਲੜਾਈ ਦੌਰਾਨ ਪਾਇਨੀਅਰੀ
  • ਮਿਸ਼ਨਰੀ ਸੇਵਾ
  • ਸਾਈਪ੍ਰਸ ਅਤੇ ਇਸਰਾਈਲ
  • ਬਦਲ ਰਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ
  • ਗੜਬੜੀ ਦਾ ਸਮਾਂ
  • ਕੰਮ ਵਿਚ ਹੋਰ ਤਬਦੀਲੀਆਂ
  • ਸਾਈਪ੍ਰਸ ਅਤੇ ਫਿਰ ਦੁਬਾਰਾ ਯੂਨਾਨ
  • ਆਪਣੀ ਪਿਆਰੀ ਭੈਣ ਨੂੰ ਸਹਾਰਾ ਦੇਣਾ
  • ਪੂਰਣ-ਕਾਲੀ ਸੇਵਕਾਈ ਰਾਹੀਂ ਯਹੋਵਾਹ ਦਾ ਧੰਨਵਾਦ ਕਰਨਾ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਕਈ ਦੇਸ਼ਾਂ ਵਿਚ ਪ੍ਰਚਾਰ ਕਰ ਕੇ ਮੈਂ ਖ਼ੁਸ਼ ਹਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਯਹੋਵਾਹ ਹੋਵੇ ਸੰਗ, ਫਿਰ ਡਰ ਕਿਸ ਦਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਬੀਮਾਰੀ ਦੇ ਬਾਵਜੂਦ ਮੈਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕੀਤੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
w02 3/1 ਸਫ਼ੇ 20-25

ਜੀਵਨੀ

ਆਤਮ-ਤਿਆਗ ਦੀ ਭਾਵਨਾ ਨਾਲ ਸੇਵਾ ਕਰਨੀ

ਡੌਨ ਰੈਨਡਲ ਦੀ ਜ਼ਬਾਨੀ

ਸਾਲ 1927 ਵਿਚ ਮੇਰੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀ ਜਦੋਂ ਅਜੇ ਮੈਂ ਮਸਾਂ ਪੰਜਾਂ ਸਾਲਾਂ ਦਾ ਸੀ। ਪਰ ਉਨ੍ਹਾਂ ਦੀ ਨਿਹਚਾ ਨੇ ਮੇਰੀ ਜ਼ਿੰਦਗੀ ਉੱਤੇ ਬਹੁਤ ਪ੍ਰਭਾਵ ਪਾਇਆ। ਕਿੱਦਾਂ?

ਮੇਰੇ ਮਾਤਾ ਜੀ ਚਰਚ ਆਫ ਇੰਗਲੈਂਡ ਦੇ ਪੱਕੇ ਮੈਂਬਰ ਸਨ ਜਦੋਂ ਉਨ੍ਹਾਂ ਨੇ ਪਿਤਾ ਜੀ ਨਾਲ ਵਿਆਹ ਕਰਾਇਆ। ਮੇਰੇ ਪਿਤਾ ਜੀ ਉਸ ਵੇਲੇ ਇਕ ਫ਼ੌਜੀ ਸਨ। ਇਹ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਦੀ ਗੱਲ ਹੈ। ਸਾਲ 1914 ਵਿਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ। ਮਾਤਾ ਜੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਸਨ ਕਿ ਉਨ੍ਹਾਂ ਦੇ ਪਾਦਰੀ ਨੇ ਚਰਚ ਨੂੰ ਫ਼ੌਜੀਆਂ ਨੂੰ ਭਰਤੀ ਕਰਨ ਦੀ ਥਾਂ ਬਣਾਇਆ ਸੀ। ਇਸ ਬਾਰੇ ਉਨ੍ਹਾਂ ਨੇ ਪਾਦਰੀ ਨਾਲ ਗੱਲ ਕੀਤੀ। ਪਰ ਪਾਦਰੀ ਨੇ ਉਨ੍ਹਾਂ ਨੂੰ ਇਹ ਜਵਾਬ ਦਿੱਤਾ ਕਿ “ਤੈਨੂੰ ਇਨ੍ਹਾਂ ਗੱਲਾਂ ਦੀ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ। ਤੂੰ ਆਪਣੇ ਘਰ ਆਰਾਮ ਨਾਲ ਬੈਠ!” ਪਰ ਮਾਤਾ ਜੀ ਨੂੰ ਉਸ ਦੇ ਜਵਾਬ ਤੋਂ ਤਸੱਲੀ ਨਹੀਂ ਹੋਈ।

ਸਾਲ 1917 ਵਿਚ ਜਦੋਂ ਲੜਾਈ ਸਿਖਰ ਤੇ ਸੀ, ਤਾਂ ਮਾਤਾ ਜੀ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦੇਖਣ ਗਏ। ਇਹ ਡਰਾਮਾ ਦੇਖ ਕੇ ਉਨ੍ਹਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਉਨ੍ਹਾਂ ਨੂੰ ਸੱਚਾਈ ਮਿਲ ਗਈ ਸੀ, ਇਸ ਲਈ ਉਨ੍ਹਾਂ ਨੇ ਤੁਰੰਤ ਚਰਚ ਜਾਣਾ ਛੱਡ ਦਿੱਤਾ ਤੇ ਬਾਈਬਲ ਸਟੂਡੈਂਟਸ, ਜੋ ਹੁਣ ਯਹੋਵਾਹ ਦੇ ਗਵਾਹ ਕਹਾਉਂਦੇ ਹਨ, ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕੀਤਾ। ਉਹ ਇੰਗਲੈਂਡ ਦੀ ਸਮਰਸੈੱਟ ਕਾਉਂਟੀ ਵਿਚ ਸਾਡੇ ਪਿੰਡ ਵੈੱਸਟ ਕੋਕਰ ਦੇ ਸਭ ਤੋਂ ਨੇੜੇ ਸ਼ਹਿਰ ਯੋਵਿਲ ਦੀ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣ ਲੱਗ ਪਏ।

ਮਾਤਾ ਜੀ ਨੇ ਆਪਣੇ ਨਵੇਂ ਧਾਰਮਿਕ ਵਿਸ਼ਵਾਸਾਂ ਬਾਰੇ ਆਪਣੀਆਂ ਤਿੰਨ ਭੈਣਾਂ ਨੂੰ ਵੀ ਦੱਸਣਾ ਸ਼ੁਰੂ ਕਰ ਦਿੱਤਾ। ਯੋਵਿਲ ਕਲੀਸਿਯਾ ਦੇ ਸਿਆਣੇ ਭੈਣਾਂ-ਭਰਾਵਾਂ ਨੇ ਮੈਨੂੰ ਦੱਸਿਆ ਕਿ ਮੇਰੇ ਮਾਤਾ ਜੀ ਤੇ ਉਸ ਦੀ ਭੈਣ ਮਿਲੀ ਦੂਰ-ਦੂਰ ਦੇ ਪਿੰਡਾਂ ਨੂੰ ਸਾਈਕਲਾਂ ਤੇ ਜਾਂਦੀਆਂ ਹੁੰਦੀਆਂ ਸੀ ਅਤੇ ਉੱਥੇ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਵੰਡੀਆਂ ਹੁੰਦੀਆਂ ਸਨ। ਪਰ ਮਾਤਾ ਜੀ ਆਪਣੀ ਜ਼ਿੰਦਗੀ ਦੇ ਆਖ਼ਰੀ 18 ਮਹੀਨਿਆਂ ਦੌਰਾਨ ਟੀ. ਬੀ. ਕਰਕੇ ਬਹੁਤ ਬੀਮਾਰ ਰਹੇ ਤੇ ਕਿਤੇ ਆ-ਜਾ ਨਹੀਂ ਸਕੇ। ਉਸ ਵੇਲੇ ਟੀ. ਬੀ. ਦਾ ਕੋਈ ਇਲਾਜ ਨਹੀਂ ਸੀ।

ਘਰ ਵਿਚ ਆਤਮ-ਤਿਆਗ ਦੀ ਭਾਵਨਾ

ਉਸ ਵੇਲੇ ਮੇਰੇ ਮਾਸੀ ਮਿਲੀ ਸਾਡੇ ਨਾਲ ਰਹਿ ਰਹੇ ਸਨ ਤੇ ਉਨ੍ਹਾਂ ਮੇਰੇ ਬੀਮਾਰ ਮਾਤਾ ਜੀ ਦੀ ਅਤੇ ਮੇਰੀ ਤੇ ਮੇਰੀ ਸੱਤਾਂ ਸਾਲਾਂ ਦੀ ਭੈਣ ਜੋਐਨ ਦੀ ਬਹੁਤ ਦੇਖ-ਭਾਲ ਕੀਤੀ। ਜਦੋਂ ਮਾਤਾ ਜੀ ਦਾ ਦੇਹਾਂਤ ਹੋ ਗਿਆ, ਤਾਂ ਮਾਸੀ ਜੀ ਨੇ ਤੁਰੰਤ ਸਾਡੀ ਦੇਖ-ਭਾਲ ਕਰਨ ਦਾ ਫ਼ੈਸਲਾ ਕੀਤਾ। ਪਿਤਾ ਜੀ ਨੂੰ ਬਹੁਤ ਖ਼ੁਸ਼ੀ ਹੋਈ ਕਿ ਉਨ੍ਹਾਂ ਨੂੰ ਇਹ ਸਭ ਕੁਝ ਨਹੀਂ ਕਰਨਾ ਪਵੇਗਾ, ਇਸ ਲਈ ਉਹ ਝੱਟ ਮੰਨ ਗਏ ਕਿ ਮਾਸੀ ਜੀ ਹੁਣ ਹਮੇਸ਼ਾ ਸਾਡੇ ਨਾਲ ਹੀ ਰਹਿਣਗੇ।

ਅਸੀਂ ਮਾਸੀ ਜੀ ਨਾਲ ਬਹੁਤ ਪਿਆਰ ਕਰਨ ਲੱਗ ਪਏ ਸਨ ਅਤੇ ਬਹੁਤ ਖ਼ੁਸ਼ ਸੀ ਕਿ ਉਹ ਸਾਡੇ ਨਾਲ ਰਹਿਣਗੇ। ਪਰ ਉਨ੍ਹਾਂ ਨੇ ਇਹ ਫ਼ੈਸਲਾ ਕਿਉਂ ਕੀਤਾ? ਬਹੁਤ ਸਾਲਾਂ ਬਾਅਦ ਮਾਸੀ ਜੀ ਨੇ ਸਾਨੂੰ ਦੱਸਿਆ ਕਿ ਮੇਰੇ ਮਾਤਾ ਜੀ ਨੇ ਜੋਐਨ ਤੇ ਮੈਨੂੰ ਬਾਈਬਲ ਸੱਚਾਈ ਸਿਖਾਉਣ ਦੀ ਜੋ ਨੀਂਹ ਰੱਖੀ ਸੀ, ਉਸ ਨੂੰ ਪੂਰਾ ਕਰਨਾ ਮਾਸੀ ਜੀ ਆਪਣਾ ਫ਼ਰਜ਼ ਸਮਝਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਸਾਡੇ ਪਿਤਾ ਜੀ ਇਹ ਕੰਮ ਕਦੀ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਧਰਮ ਵਿਚ ਕੋਈ ਦਿਲਚਸਪੀ ਨਹੀਂ ਸੀ।

ਬਾਅਦ ਵਿਚ, ਸਾਨੂੰ ਇਹ ਵੀ ਪਤਾ ਲੱਗਾ ਕਿ ਮਾਸੀ ਜੀ ਨੇ ਇਕ ਹੋਰ ਬਹੁਤ ਹੀ ਨਿੱਜੀ ਫ਼ੈਸਲਾ ਕੀਤਾ ਸੀ। ਸਾਡੀ ਪਰਵਰਿਸ਼ ਚੰਗੇ ਤਰੀਕੇ ਨਾਲ ਕਰਨ ਲਈ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਕਦੀ ਵਿਆਹ ਨਹੀਂ ਕਰਾਉਣਗੇ। ਕਿੰਨੀ ਵੱਡੀ ਕੁਰਬਾਨੀ! ਮੈਂ ਤੇ ਜੋਐਨ ਹਮੇਸ਼ਾ ਉਨ੍ਹਾਂ ਦੇ ਸ਼ੁਕਰਗੁਜ਼ਾਰ ਰਹਾਂਗੇ। ਮਾਸੀ ਜੀ ਦੀ ਵਧੀਆ ਮਿਸਾਲ ਅਤੇ ਉਨ੍ਹਾਂ ਦੀ ਸਿੱਖਿਆ ਸਾਨੂੰ ਅਜੇ ਵੀ ਯਾਦ ਹੈ।

ਫ਼ੈਸਲੇ ਦੀ ਘੜੀ

ਜੋਐਨ ਤੇ ਮੈਂ ਪਿੰਡ ਦੇ ਚਰਚ ਆਫ ਇੰਗਲੈਂਡ ਸਕੂਲ ਵਿਚ ਜਾਂਦੇ ਸੀ ਜਿੱਥੇ ਮਾਸੀ ਜੀ ਨੇ ਸਾਡੀ ਧਾਰਮਿਕ ਸਿੱਖਿਆ ਸੰਬੰਧੀ ਸਕੂਲ ਦੀ ਮੁੱਖ ਅਧਿਆਪਕਾ ਨਾਲ ਖੁੱਲ੍ਹ ਕੇ ਗੱਲ ਕੀਤੀ। ਜਦੋਂ ਦੂਸਰੇ ਬੱਚੇ ਚਰਚ ਜਾਂਦੇ ਸੀ, ਤਾਂ ਅਸੀਂ ਘਰ ਚਲੇ ਜਾਂਦੇ ਸੀ ਤੇ ਜਦੋਂ ਪਾਦਰੀ ਧਾਰਮਿਕ ਸਿੱਖਿਆ ਦੇਣ ਲਈ ਸਾਡੇ ਸਕੂਲ ਵਿਚ ਆਉਂਦਾ ਸੀ, ਤਾਂ ਸਾਨੂੰ ਅਲੱਗ ਬੈਠ ਕੇ ਬਾਈਬਲ ਦੀਆਂ ਆਇਤਾਂ ਮੂੰਹ ਜ਼ਬਾਨੀ ਯਾਦ ਕਰਨ ਲਈ ਦਿੱਤੀਆਂ ਜਾਂਦੀਆਂ ਸਨ। ਇਸ ਦਾ ਮੈਨੂੰ ਬਹੁਤ ਫ਼ਾਇਦਾ ਹੋਇਆ ਕਿਉਂਕਿ ਇਹ ਆਇਤਾਂ ਮੇਰੇ ਦਿਮਾਗ਼ ਵਿਚ ਚੰਗੀ ਤਰ੍ਹਾਂ ਬੈਠ ਗਈਆਂ ਸਨ।

ਚੌਦਾਂ ਸਾਲ ਦੀ ਉਮਰ ਤੇ ਮੈਂ ਸਕੂਲ ਛੱਡ ਦਿੱਤਾ ਅਤੇ ਇਕ ਪਨੀਰ ਬਣਾਉਣ ਵਾਲੀ ਫੈਕਟਰੀ ਵਿਚ ਚਾਰ ਸਾਲਾਂ ਦਾ ਕੋਰਸ ਸ਼ੁਰੂ ਕਰ ਦਿੱਤਾ। ਮੈਨੂੰ ਸੰਗੀਤ ਤੇ ਬਾਲਰੂਮ ਡਾਂਸ ਕਰਨ ਦਾ ਬਹੁਤ ਸ਼ੌਕ ਸੀ ਅਤੇ ਮੈਂ ਪਿਆਨੋ ਵਜਾਉਣਾ ਸਿੱਖਿਆ। ਬਾਈਬਲ ਦੀ ਸੱਚਾਈ ਭਾਵੇਂ ਮੇਰੇ ਦਿਲ ਵਿਚ ਬੈਠ ਗਈ ਸੀ ਪਰ ਇਸ ਤੋਂ ਮੈਨੂੰ ਅਜੇ ਤਕ ਕੁਝ ਕਰਨ ਦੀ ਪ੍ਰੇਰਣਾ ਨਹੀਂ ਮਿਲੀ ਸੀ। ਮਾਰਚ 1940 ਨੂੰ ਇਕ ਦਿਨ ਇਕ ਬਿਰਧ ਗਵਾਹ ਭੈਣ ਨੇ ਮੈਨੂੰ ਉਸ ਨਾਲ ਤਕਰੀਬਨ 110 ਕਿਲੋਮੀਟਰ ਦੂਰ ਸਵਿਨਡੰਨ ਵਿਚ ਹੋ ਰਹੇ ਇਕ ਸੰਮੇਲਨ ਵਿਚ ਜਾਣ ਲਈ ਕਿਹਾ। ਉਸ ਵੇਲੇ ਇੰਗਲੈਂਡ ਵਿਚ ਯਹੋਵਾਹ ਦੇ ਗਵਾਹਾਂ ਦੇ ਮੁਖੀ ਐਲਬਰਟ ਡੀ. ਸ਼੍ਰੋਡਰ ਨੇ ਪਬਲਿਕ ਭਾਸ਼ਣ ਦਿੱਤਾ। ਇਸ ਸੰਮੇਲਨ ਨੇ ਮੇਰੀ ਜ਼ਿੰਦਗੀ ਦਾ ਰੁੱਖ ਬਦਲ ਦਿੱਤਾ।

ਉਸ ਵੇਲੇ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀ। ਮੈਂ ਜ਼ਿੰਦਗੀ ਵਿਚ ਕੀ ਕਰ ਰਿਹਾ ਸੀ? ਮੈਂ ਯੋਵਿਲ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਹਾਜ਼ਰ ਹੋਣ ਦਾ ਫ਼ੈਸਲਾ ਕੀਤਾ। ਪਹਿਲੀ ਹੀ ਸਭਾ ਵਿਚ ਸੜਕ ਗਵਾਹੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਭਾਵੇਂ ਕਿ ਮੈਨੂੰ ਬਾਈਬਲ ਦਾ ਜ਼ਿਆਦਾ ਗਿਆਨ ਨਹੀਂ ਸੀ, ਫਿਰ ਵੀ ਮੈਂ ਇਸ ਕੰਮ ਵਿਚ ਹਿੱਸਾ ਲੈਣ ਦੀ ਪੇਸ਼ਕਸ਼ ਕੀਤੀ। ਮੈਨੂੰ ਇਹ ਕੰਮ ਕਰਦਾ ਦੇਖ ਕੇ ਮੇਰੇ ਦੋਸਤਾਂ ਨੂੰ ਬਹੁਤ ਹੈਰਾਨੀ ਹੋਈ ਅਤੇ ਉਨ੍ਹਾਂ ਨੇ ਰਾਹ ਜਾਂਦੇ ਮੇਰਾ ਮਜ਼ਾਕ ਉਡਾਇਆ!

ਜੂਨ 1940 ਵਿਚ ਮੈਂ ਬ੍ਰਿਸਟਲ ਸ਼ਹਿਰ ਵਿਚ ਬਪਤਿਸਮਾ ਲੈ ਲਿਆ। ਮਹੀਨੇ ਦੇ ਅੰਦਰ-ਅੰਦਰ ਮੈਂ ਨਿਯਮਿਤ ਪਾਇਨੀਅਰ, ਯਾਨੀ ਪੂਰੇ ਸਮੇਂ ਦਾ ਪ੍ਰਚਾਰਕ, ਬਣ ਗਿਆ। ਮੈਨੂੰ ਉਦੋਂ ਬਹੁਤ ਖ਼ੁਸ਼ੀ ਹੋਈ ਜਦੋਂ ਥੋੜ੍ਹੇ ਸਮੇਂ ਬਾਅਦ ਮੇਰੀ ਭੈਣ ਨੇ ਵੀ ਆਪਣਾ ਸਮਰਪਣ ਕਰ ਕੇ ਪਾਣੀ ਦਾ ਬਪਤਿਸਮਾ ਲੈ ਲਿਆ!

ਲੜਾਈ ਦੌਰਾਨ ਪਾਇਨੀਅਰੀ

ਲੜਾਈ ਸ਼ੁਰੂ ਹੋਣ ਤੋਂ ਇਕ ਸਾਲ ਬਾਅਦ ਮੈਨੂੰ ਫ਼ੌਜ ਵਿਚ ਭਰਤੀ ਹੋਣ ਲਈ ਸੱਦਿਆ ਗਿਆ। ਯੋਵਿਲ ਰਹਿੰਦਿਆਂ ਮੈਂ ਆਪਣਾ ਨਾਂ ਰਜਿਸਟਰ ਕਰਵਾਇਆ ਹੋਇਆ ਸੀ ਕਿ ਮੈਂ ਆਪਣੀ ਜ਼ਮੀਰ ਕਾਰਨ ਲੜਾਈ ਵਿਚ ਹਿੱਸਾ ਨਹੀਂ ਲਵਾਂਗਾ। ਇਸ ਲਈ ਮੈਨੂੰ ਬ੍ਰਿਸਟਲ ਵਿਚ ਮੈਜਿਸਟ੍ਰੇਟਾਂ ਦੇ ਸਾਮ੍ਹਣੇ ਪੇਸ਼ ਹੋਣਾ ਪਿਆ। ਮੈਂ ਭਰਾ ਜਾਨ ਵਿਨ ਨਾਲ ਮਿਲ ਕੇ ਸਿੰਡਰਫਰਡ, ਗਲੌਸਟਰਸ਼ਾਇਰ, ਅਤੇ ਬਾਅਦ ਵਿਚ ਹੈਵਰਫਰਡਵੈੱਸਟ ਅਤੇ ਕਮਾਰਦਨ, ਵੇਲਜ਼ ਵਿਚ ਪਾਇਨੀਅਰੀ ਕੀਤੀ ਸੀ।a ਬਾਅਦ ਵਿਚ ਕਮਾਰਦਨ ਦੀ ਅਦਾਲਤ ਨੇ ਮੈਨੂੰ ਸ੍ਵਾਨਸੀ ਜੇਲ੍ਹ ਵਿਚ ਤਿੰਨ ਮਹੀਨੇ ਲਈ ਕੈਦ ਦੀ ਸਜ਼ਾ ਸੁਣਾਈ ਤੇ ਨਾਲ ਹੀ ਮੈਨੂੰ 25 ਪੌਂਡਾਂ ਦਾ ਜੁਰਮਾਨਾ ਕੀਤਾ ਗਿਆ। ਉਨ੍ਹਾਂ ਦਿਨਾਂ ਵਿਚ ਇਹ ਬਹੁਤ ਵੱਡੀ ਰਕਮ ਸੀ। ਮੈਂ ਇਹ ਜੁਰਮਾਨਾ ਨਹੀਂ ਭਰ ਸਕਿਆ ਜਿਸ ਕਰਕੇ ਮੈਨੂੰ ਹੋਰ ਤਿੰਨ ਮਹੀਨਿਆਂ ਦੀ ਸਜ਼ਾ ਦਿੱਤੀ ਗਈ।

ਤੀਸਰੀ ਸੁਣਵਾਈ ਤੇ ਮੈਨੂੰ ਪੁੱਛਿਆ ਗਿਆ: “ਕੀ ਤੂੰ ਨਹੀਂ ਜਾਣਦਾ ਕਿ ਬਾਈਬਲ ਕਹਿੰਦੀ ਹੈ, ‘ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਦਿਓ’?” ਮੈਂ ਜਵਾਬ ਦਿੱਤਾ: “ਹਾਂ, ਮੈਂ ਜਾਣਦਾ ਹਾਂ, ਪਰ ਇਸ ਆਇਤ ਦੇ ਬਾਕੀ ਦੇ ਹਿੱਸੇ ਵਿਚ ਲਿਖਿਆ ਹੈ ਕਿ, ‘ਜਿਹੜੀਆਂ ਚੀਜ਼ਾਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।’ ਮੈਂ ਇਹੀ ਕਰ ਰਿਹਾ ਹਾਂ।” (ਮੱਤੀ 22:21) ਕੁਝ ਹਫ਼ਤਿਆਂ ਬਾਅਦ, ਮੈਨੂੰ ਇਕ ਚਿੱਠੀ ਮਿਲੀ ਕਿ ਮੈਂ ਹੁਣ ਫ਼ੌਜੀ ਸੇਵਾ ਤੋਂ ਮੁਕਤ ਸੀ।

ਸਾਲ 1945 ਦੇ ਸ਼ੁਰੂ ਵਿਚ ਮੈਨੂੰ ਲੰਡਨ ਵਿਚ ਬੈਥਲ ਪਰਿਵਾਰ ਦਾ ਮੈਂਬਰ ਬਣਨ ਲਈ ਸੱਦਾ ਦਿੱਤਾ ਗਿਆ। ਅਗਲੇ ਸਿਆਲ ਵਿਚ ਨੇਥਨ ਐੱਚ. ਨੌਰ, ਜਿਹੜੇ ਦੁਨੀਆਂ ਭਰ ਵਿਚ ਪ੍ਰਚਾਰ ਕੰਮ ਦੀ ਅਗਵਾਈ ਕਰ ਰਹੇ ਸਨ, ਅਤੇ ਮਿਲਟਨ ਜੀ. ਹੈੱਨਸ਼ਲ ਲੰਡਨ ਆਏ। ਇੰਗਲੈਂਡ ਤੋਂ ਅੱਠ ਨੌਜਵਾਨ ਭਰਾਵਾਂ ਨੂੰ ਮਿਸ਼ਨਰੀ ਸਿਖਲਾਈ ਵਾਸਤੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਅੱਠਵੀਂ ਕਲਾਸ ਲਈ ਚੁਣਿਆ ਗਿਆ ਤੇ ਉਨ੍ਹਾਂ ਅੱਠਾਂ ਵਿਚ ਮੈਂ ਵੀ ਸੀ।

ਮਿਸ਼ਨਰੀ ਸੇਵਾ

ਅਸੀਂ 23 ਮਈ 1946 ਨੂੰ ਕੌਰਨਵੌਲ ਕਾਉਂਟੀ ਵਿਚ ਫੋਈ ਨਾਂ ਦੀ ਛੋਟੀ ਜਿਹੀ ਬੰਦਰਗਾਹ ਤੋਂ ਇਕ ਲਿਬਰਟੀ ਜਹਾਜ਼ ਵਿਚ ਚੜ੍ਹ ਗਏ। ਇਹ ਜਹਾਜ਼ ਲੜਾਈ ਵੇਲੇ ਵਰਤੇ ਜਾਂਦੇ ਸਨ। ਉਸ ਬੰਦਰਗਾਹ ਦਾ ਅਫ਼ਸਰ ਕੈਪਟਨ ਕੌਲਿਨਜ਼ ਯਹੋਵਾਹ ਦਾ ਇਕ ਗਵਾਹ ਸੀ। ਜਦੋਂ ਸਾਡਾ ਜਹਾਜ਼ ਘਾਟ ਤੋਂ ਤੁਰਨਾ ਸ਼ੁਰੂ ਹੋਇਆ ਤਾਂ ਉਸ ਨੇ ਸਾਇਰਨ ਵਜਾਇਆ। ਜਿਉਂ-ਜਿਉਂ ਇੰਗਲੈਂਡ ਦਾ ਸਮੁੰਦਰੀ ਕੰਢਾ ਸਾਡੀਆਂ ਨਜ਼ਰਾਂ ਤੋਂ ਦੂਰ ਹੁੰਦਾ ਗਿਆ, ਅਸੀਂ ਦੋਵੇਂ ਖ਼ੁਸ਼ੀ ਅਤੇ ਉਦਾਸੀ ਮਹਿਸੂਸ ਕੀਤੀ। ਸਾਡਾ ਸਮੁੰਦਰੀ ਸਫ਼ਰ ਬਹੁਤ ਡਾਵਾਂ-ਡੋਲ ਰਿਹਾ, ਪਰ 13 ਦਿਨਾਂ ਬਾਅਦ ਅਸੀਂ ਅਮਰੀਕਾ ਸਹੀ ਸਲਾਮਤ ਪਹੁੰਚ ਗਏ।

ਕਲੀਵਲੈਂਡ, ਓਹੀਓ ਵਿਚ 4-11 ਅਗਸਤ 1946 ਨੂੰ ਹੋਏ ਅੱਠ ਦਿਨਾਂ ਦੇ ਅੰਤਰਰਾਸ਼ਟਰੀ ਸੰਮੇਲਨ ਗਲੈਡ ਨੇਸ਼ਨਜ਼ ਥੀਓਕ੍ਰੈਟਿਕ ਅਸੈਂਬਲੀ ਵਿਚ ਹਾਜ਼ਰ ਹੋਣਾ ਸਾਡੇ ਲਈ ਇਕ ਬਹੁਤ ਹੀ ਅਨੋਖਾ ਤਜਰਬਾ ਸੀ। ਅੱਸੀ ਹਜ਼ਾਰ ਲੋਕ ਉੱਥੇ ਆਏ ਹੋਏ ਸਨ ਜਿਨ੍ਹਾਂ ਵਿੱਚੋਂ 302 ਜਣੇ 32 ਦੇਸ਼ਾਂ ਤੋਂ ਸਨ। ਉਸ ਸੰਮੇਲਨ ਵਿਚ ਜਾਗਰੂਕ ਬਣੋ!b ਰਸਾਲਾ ਅਤੇ ਬਾਈਬਲ ਆਧਾਰਿਤ ਕਿਤਾਬ “ਪਰਮੇਸ਼ੁਰ ਸੱਚਾ ਠਹਿਰੇ” (ਅੰਗ੍ਰੇਜ਼ੀ) ਰਿਲੀਸ ਕੀਤੇ ਗਏ ਸਨ। ਇਹ ਮਿਲਣ ਤੇ ਲੋਕ ਬਹੁਤ ਹੀ ਖ਼ੁਸ਼ ਹੋਏ।

ਅਸੀਂ 1947 ਵਿਚ ਗਿਲੀਅਡ ਤੋਂ ਗ੍ਰੈਜੂਏਟ ਹੋਏ ਅਤੇ ਮੈਨੂੰ ਤੇ ਬਿਲ ਕੌਪਸਨ ਨੂੰ ਈਜਿਪਟ ਵਿਚ ਨਿਯੁਕਤ ਕੀਤਾ ਗਿਆ। ਪਰ ਸਾਡੇ ਜਾਣ ਤੋਂ ਪਹਿਲਾਂ ਮੈਨੂੰ ਬਰੁਕਲਿਨ ਬੈਥਲ ਵਿਚ ਰਿਚਰਡ ਐਬਰਾਹੈਮਸਨ ਨੇ ਆਫਿਸ ਦੇ ਕੰਮਾਂ-ਕਾਰਾਂ ਬਾਰੇ ਕੁਝ ਸਿਖਲਾਈ ਦਿੱਤੀ। ਅਸੀਂ ਐਲੇਕਜ਼ਾਨਡ੍ਰਿਆ ਵਿਚ ਜਹਾਜ਼ੋ ਉੱਤਰੇ ਅਤੇ ਜਲਦੀ ਹੀ ਮੈਂ ਮੱਧ-ਪੂਰਬੀ ਢੰਗ ਦੀ ਜ਼ਿੰਦਗੀ ਜੀਉਣੀ ਸਿੱਖ ਗਿਆ। ਪਰ ਅਰਬੀ ਭਾਸ਼ਾ ਸਿੱਖਣੀ ਬਹੁਤ ਮੁਸ਼ਕਲ ਸੀ ਅਤੇ ਮੈਨੂੰ ਚਾਰ ਭਾਸ਼ਾਵਾਂ ਵਿਚ ਗਵਾਹੀ ਕਾਰਡ ਬਣਾਉਣੇ ਪਏ।

ਬਿਲ ਕੌਪਸਨ ਉੱਥੇ ਸੱਤ ਸਾਲ ਰਿਹਾ ਪਰ ਇਕ ਸਾਲ ਤੋਂ ਬਾਅਦ ਮੈਨੂੰ ਈਜਿਪਟ ਵਿਚ ਰਹਿਣ ਲਈ ਵੀਜ਼ਾ ਨਹੀਂ ਮਿਲਿਆ ਜਿਸ ਕਰਕੇ ਮੈਨੂੰ ਉਹ ਦੇਸ਼ ਛੱਡਣਾ ਪਿਆ। ਮਿਸ਼ਨਰੀ ਸੇਵਾ ਵਿਚ ਮੇਰੀ ਜ਼ਿੰਦਗੀ ਦਾ ਇਹ ਸਾਲ ਸਭ ਤੋਂ ਵੱਧ ਫਲਦਾਇਕ ਸੀ। ਹਰ ਹਫ਼ਤੇ ਮੈਂ 20 ਤੋਂ ਜ਼ਿਆਦਾ ਬਾਈਬਲ ਸਟੱਡੀਆਂ ਕਰਾਉਂਦਾ ਹੁੰਦਾ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਲੋਕ ਅਜੇ ਵੀ ਪੂਰੇ ਜੋਸ਼ ਨਾਲ ਯਹੋਵਾਹ ਦੀ ਮਹਿਮਾ ਕਰ ਰਹੇ ਹਨ। ਈਜਿਪਟ ਤੋਂ ਮੈਨੂੰ ਸਾਈਪ੍ਰਸ ਘੱਲਿਆ ਗਿਆ।

ਸਾਈਪ੍ਰਸ ਅਤੇ ਇਸਰਾਈਲ

ਉੱਥੇ ਦੇ ਲੋਕਾਂ ਦੀ ਬੋਲੀ ਸਮਝਣ ਲਈ ਮੈਂ ਯੂਨਾਨੀ ਭਾਸ਼ਾ ਸਿੱਖਣ ਲੱਗ ਪਿਆ। ਕੁਝ ਸਮੇਂ ਬਾਅਦ ਐਨਥਨੀ ਸਾਈਡਰਸ ਨੂੰ ਯੂਨਾਨ ਭੇਜ ਦਿੱਤਾ ਗਿਆ, ਤਾਂ ਸਾਈਪ੍ਰਸ ਵਿਚ ਕੰਮ ਦੀ ਦੇਖ-ਰੇਖ ਕਰਨ ਲਈ ਮੈਨੂੰ ਨਿਯੁਕਤ ਕੀਤਾ ਗਿਆ। ਉਸ ਸਮੇਂ ਸਾਈਪ੍ਰਸ ਦਾ ਸ਼ਾਖ਼ਾ ਦਫ਼ਤਰ ਇਸਰਾਈਲ ਵਿਚ ਹੋ ਰਹੇ ਕੰਮ ਦੀ ਵੀ ਦੇਖ-ਰੇਖ ਕਰਦਾ ਸੀ। ਦੂਸਰੇ ਭਰਾਵਾਂ ਦੇ ਨਾਲ ਮੈਨੂੰ ਕਈ ਵਾਰ ਇਸਰਾਈਲ ਜਾ ਕੇ ਕੁਝ ਗਵਾਹਾਂ ਨਾਲ ਮਿਲਣ ਦਾ ਮੌਕਾ ਮਿਲਿਆ।

ਇਸਰਾਈਲ ਵਿਚ ਪਹਿਲੀ ਵਾਰ ਜਾਣ ਤੇ ਅਸੀਂ ਹੈਫ਼ਾ ਸ਼ਹਿਰ ਦੇ ਇਕ ਰੈਸਤੋਰਾਂ ਵਿਚ ਇਕ ਛੋਟੀ ਅਸੈਂਬਲੀ ਕੀਤੀ ਜਿਸ ਵਿਚ 50-60 ਲੋਕ ਹਾਜ਼ਰ ਹੋਏ। ਅਸੀਂ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਸਮੂਹਾਂ ਅਨੁਸਾਰ ਅੱਡ ਕੀਤਾ ਅਤੇ ਅਸੈਂਬਲੀ ਛੇ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਵਿਚ ਕੀਤੀ! ਇਕ ਹੋਰ ਮੌਕੇ ਤੇ ਮੈਂ ਯਹੋਵਾਹ ਦੇ ਗਵਾਹਾਂ ਦੁਆਰਾ ਬਣਾਈ ਗਈ ਫ਼ਿਲਮ ਯਰੂਸ਼ਲਮ ਵਿਚ ਦਿਖਾਈ ਅਤੇ ਮੈਂ ਇਕ ਪਬਲਿਕ ਭਾਸ਼ਣ ਦਿੱਤਾ ਜਿਸ ਬਾਰੇ ਅੰਗ੍ਰੇਜ਼ੀ ਅਖ਼ਬਾਰ ਨੇ ਚੰਗੀ ਰਿਪੋਰਟ ਦਿੱਤੀ।

ਉਸ ਵੇਲੇ ਸਾਈਪ੍ਰਸ ਵਿਚ ਤਕਰੀਬਨ 100 ਗਵਾਹ ਸਨ ਜਿਨ੍ਹਾਂ ਨੂੰ ਆਪਣੀ ਨਿਹਚਾ ਲਈ ਸਖ਼ਤ ਲੜਾਈ ਲੜਨੀ ਪਈ। ਗ੍ਰੀਕ ਆਰਥੋਡਾਕਸ ਚਰਚ ਦੇ ਪਾਦਰੀ ਅਤੇ ਦੂਸਰੇ ਲੋਕ ਅਸੈਂਬਲੀਆਂ ਵਿਚ ਆ ਕੇ ਰੌਲਾ ਪਾਉਂਦੇ ਸਨ। ਪੇਂਡੂ ਇਲਾਕਿਆਂ ਵਿਚ ਪ੍ਰਚਾਰ ਕਰਦੇ ਸਮੇਂ ਇੱਟਾਂ ਵੱਟੇ ਖਾਣੇ ਪੈਂਦੇ ਸਨ। ਇਹ ਮੇਰੇ ਲਈ ਇਕ ਨਵਾਂ ਤਜਰਬਾ ਸੀ। ਮੈਨੂੰ ਅਜਿਹੇ ਮੌਕਿਆਂ ਤੇ ਫਟਾਫਟ ਜਾਨ ਬਚਾ ਕੇ ਭੱਜਣਾ ਸਿੱਖਣਾ ਪਿਆ! ਅਜਿਹੇ ਸਖ਼ਤ ਵਿਰੋਧ ਦੌਰਾਨ ਉੱਥੇ ਹੋਰ ਮਿਸ਼ਨਰੀਆਂ ਦਾ ਆਉਣਾ ਬਹੁਤ ਹੌਸਲੇ ਦੀ ਗੱਲ ਸੀ। ਡੈਨਿਸ ਤੇ ਮੈਵਿਸ ਮੈਥਿਊਜ਼ ਅਤੇ ਜੋਐਨ ਹਲੀ ਤੇ ਬੈਰਲ ਹੇਵੁੱਡ ਮੇਰੇ ਨਾਲ ਫਾਮਾਗੁਸਟਾ ਵਿਚ ਆ ਰਲੇ, ਅਤੇ ਟੌਮ ਤੇ ਮੈਰੀ ਗੁਲਡਨ ਅਤੇ ਲੰਡਨ ਵਿਚ ਪੈਦਾ ਹੋਈ ਸਾਈਪ੍ਰਸੀ ਨੀਨਾ ਕਾਨਸਤਾਨਤੀ ਲੀਮਾਸੋਲ ਚਲੇ ਗਏ। ਇਸ ਦੌਰਾਨ ਬਿਲ ਕੌਪਸਨ ਨੂੰ ਵੀ ਸਾਈਪ੍ਰਸ ਘੱਲ ਦਿੱਤਾ ਗਿਆ ਤੇ ਬਾਅਦ ਵਿਚ ਬਰਟ ਅਤੇ ਬੈਰਲ ਵੇਸੀ ਉਸ ਨਾਲ ਸ਼ਾਮਲ ਹੋ ਗਏ।

ਬਦਲ ਰਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ

ਸਾਲ 1957 ਦੇ ਅਖ਼ੀਰ ਵਿਚ ਮੈਂ ਬੀਮਾਰ ਹੋ ਗਿਆ ਜਿਸ ਕਰਕੇ ਮੇਰੇ ਲਈ ਆਪਣੀ ਮਿਸ਼ਨਰੀ ਸੇਵਾ ਜਾਰੀ ਰੱਖਣੀ ਮੁਸ਼ਕਲ ਹੋ ਰਹੀ ਸੀ। ਠੀਕ ਹੋਣ ਲਈ ਮੈਂ ਉਦਾਸ ਮਨ ਨਾਲ ਇੰਗਲੈਂਡ ਜਾਣ ਦਾ ਫ਼ੈਸਲਾ ਕੀਤਾ। ਉੱਥੇ ਮੈਂ 1960 ਤਕ ਪਾਇਨੀਅਰੀ ਕੀਤੀ। ਮੇਰੀ ਭੈਣ ਤੇ ਉਸ ਦੇ ਪਤੀ ਨੇ ਮੈਨੂੰ ਆਪਣੇ ਘਰ ਰੱਖ ਲਿਆ, ਪਰ ਹੁਣ ਹਾਲਾਤ ਬਦਲ ਗਏ ਸਨ। ਜੋਐਨ ਲਈ ਹਾਲਾਤ ਬਹੁਤ ਮੁਸ਼ਕਲ ਸਨ। ਮੇਰੀ ਗ਼ੈਰ-ਹਾਜ਼ਰੀ ਦੌਰਾਨ ਉਸ ਨੇ 17 ਸਾਲਾਂ ਤਕ ਆਪਣੇ ਪਤੀ ਤੇ ਛੋਟੀ ਬੱਚੀ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਪਿਤਾ ਜੀ ਤੇ ਮਾਸੀ ਜੀ ਦੀ ਵੀ ਪਿਆਰ ਨਾਲ ਦੇਖ-ਭਾਲ ਕੀਤੀ। ਪਿਤਾ ਜੀ ਤੇ ਮਾਸੀ ਜੀ ਬਹੁਤ ਬੁੱਢੇ ਹੋ ਚੁੱਕੇ ਸਨ ਤੇ ਬੀਮਾਰ ਰਹਿੰਦੇ ਸਨ। ਉਸ ਵੇਲੇ ਮੇਰੇ ਲਈ ਜ਼ਰੂਰੀ ਸੀ ਕਿ ਮੈਂ ਮਾਸੀ ਜੀ ਦੀ ਆਤਮ-ਤਿਆਗ ਦੀ ਮਿਸਾਲ ਉੱਤੇ ਚੱਲਾਂ ਜੋ ਉਸ ਨੇ ਸਾਡੇ ਸਾਮ੍ਹਣੇ ਰੱਖੀ ਸੀ। ਇਸ ਲਈ ਮੈਂ ਮਾਸੀ ਜੀ ਤੇ ਪਿਤਾ ਜੀ ਦੇ ਦੇਹਾਂਤ ਤਕ ਆਪਣੀ ਭੈਣ ਦੇ ਨਾਲ ਰਿਹਾ।

ਇੰਗਲੈਂਡ ਵਿਚ ਰਹਿਣਾ ਬਹੁਤ ਆਸਾਨ ਸੀ, ਪਰ ਮੈਂ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਆਪਣੇ ਵਿਦੇਸ਼ੀ ਪ੍ਰਚਾਰ ਦੇ ਕੰਮ ਤੇ ਵਾਪਸ ਜਾਣ ਦਾ ਫ਼ੈਸਲਾ ਕੀਤਾ। ਆਖ਼ਰਕਾਰ, ਕੀ ਯਹੋਵਾਹ ਦੇ ਸੰਗਠਨ ਨੇ ਮੈਨੂੰ ਸਿਖਲਾਈ ਦੇਣ ਲਈ ਬਹੁਤ ਸਾਰੇ ਪੈਸੇ ਖ਼ਰਚ ਨਹੀਂ ਕੀਤੇ ਸਨ? ਇਸ ਲਈ 1972 ਵਿਚ ਮੈਂ ਦੁਬਾਰਾ ਪਾਇਨੀਅਰੀ ਕਰਨ ਲਈ ਸਾਈਪ੍ਰਸ ਚਲਾ ਗਿਆ।

ਨੇਥਨ ਐੱਚ. ਨੌਰ ਉੱਥੇ ਇਕ ਸੰਮੇਲਨ ਦਾ ਪ੍ਰਬੰਧ ਕਰਨ ਆਏ ਜੋ ਅਗਲੇ ਸਾਲ ਹੋਣ ਵਾਲਾ ਸੀ। ਜਦੋਂ ਉਸ ਨੂੰ ਪਤਾ ਚੱਲਿਆ ਕਿ ਮੈਂ ਵਾਪਸ ਆ ਗਿਆ ਸੀ, ਤਾਂ ਉਸ ਨੇ ਉਸ ਪੂਰੇ ਟਾਪੂ ਲਈ ਸਰਕਟ ਨਿਗਾਹਬਾਨ ਵਜੋਂ ਮੇਰੀ ਨਿਯੁਕਤੀ ਦੀ ਸਿਫਾਰਸ਼ ਕੀਤੀ। ਮੈਂ ਚਾਰ ਸਾਲਾਂ ਲਈ ਸਰਕਟ ਨਿਗਾਹਬਾਨ ਵਜੋਂ ਸੇਵਾ ਕੀਤੀ। ਇਹ ਬਹੁਤ ਔਖਾ ਕੰਮ ਸੀ ਕਿਉਂਕਿ ਖੇਤਰ ਵਿਚ ਜ਼ਿਆਦਾ ਕਰਕੇ ਯੂਨਾਨੀ ਭਾਸ਼ਾ ਬੋਲਣੀ ਪੈਂਦੀ ਸੀ।

ਗੜਬੜੀ ਦਾ ਸਮਾਂ

ਉੱਤਰੀ ਕਿਨਾਰੇ ਉੱਤੇ ਕਿਰੀਨਯਾ ਦੇ ਪੂਰਬ ਵਿਚ ਕਾਰਾਕੂਮੀ ਪਿੰਡ ਵਿਚ ਮੈਂ ਯੂਨਾਨੀ ਬੋਲਣ ਵਾਲੇ ਇਕ ਸਾਈਪ੍ਰਸੀ ਭਰਾ, ਪੌਲ ਅਨਡਰੈਯੂ ਨਾਲ ਉਸ ਦੇ ਘਰ ਰਿਹਾ। ਸਾਈਪ੍ਰਸ ਦਾ ਸ਼ਾਖਾ ਦਫ਼ਤਰ ਕਿਰੀਨਯਾ ਪਹਾੜਾਂ ਦੇ ਦੱਖਣ ਵਿਚ ਨਿਕੋਸ਼ੀਆ ਵਿਚ ਸੀ। ਜੁਲਾਈ 1974 ਦੇ ਸ਼ੁਰੂ ਵਿਚ ਮੈਂ ਨਿਕੋਸ਼ੀਆ ਵਿਚ ਸੀ ਜਦੋਂ ਰਾਸ਼ਟਰਪਤੀ ਮਕਾਰੀਓਸ ਨੂੰ ਗੱਦੀਓਂ ਲਾਹੁਣ ਲਈ ਬਗਾਵਤ ਹੋਈ ਤੇ ਮੈਂ ਆਪਣੀ ਅੱਖੀਂ ਉਸ ਦੇ ਮਹਿਲ ਨੂੰ ਸੁਆਹ ਹੁੰਦੇ ਦੇਖਿਆ। ਜਦੋਂ ਸਫ਼ਰ ਕਰਨਾ ਸੁਰੱਖਿਅਤ ਹੋ ਗਿਆ, ਤਾਂ ਮੈਂ ਫਟਾਫਟ ਕਿਰੀਨਯਾ ਵਾਪਸ ਚਲਾ ਗਿਆ ਜਿੱਥੇ ਅਸੀਂ ਇਕ ਸਰਕਟ ਸੰਮੇਲਨ ਦੀਆਂ ਤਿਆਰੀਆਂ ਕਰ ਰਹੇ ਸੀ। ਦੋ ਦਿਨਾਂ ਬਾਅਦ ਮੈਂ ਬੰਦਰਗਾਹ ਉੱਤੇ ਪਹਿਲੇ ਬੰਬ ਦਾ ਧਮਾਕਾ ਸੁਣਿਆ ਅਤੇ ਮੈਂ ਬਹੁਤ ਸਾਰੇ ਹੈਲੀਕਾਪਟਰ ਦੇਖੇ ਜਿਹੜੇ ਤੁਰਕੀ ਤੋਂ ਹਮਲਾਵਰ ਫ਼ੌਜਾਂ ਨੂੰ ਲਿਆ ਰਹੇ ਸਨ।

ਇਸ ਲਈ ਕਿ ਮੈਂ ਬ੍ਰਿਟਿਸ਼ ਨਾਗਰਿਕ ਸੀ ਤੁਰਕੀ ਦੇ ਫ਼ੌਜੀ ਮੈਨੂੰ ਨਿਕੋਸ਼ੀਆ ਦੇ ਬਾਹਰ ਲੈ ਗਏ ਜਿੱਥੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਮੇਰੇ ਤੋਂ ਪੁੱਛ-ਗਿੱਛ ਕੀਤੀ। ਉਨ੍ਹਾਂ ਨੇ ਸ਼ਾਖ਼ਾ ਦਫ਼ਤਰ ਨਾਲ ਸੰਪਰਕ ਕੀਤਾ। ਮੇਰੇ ਲਈ ਇਹ ਕਿੰਨਾ ਡਰਾਉਣਾ ਤਜਰਬਾ ਸੀ ਜਦੋਂ ਮੈਨੂੰ ਟੈਲੀਫ਼ੋਨ ਅਤੇ ਬਿਜਲੀ ਦੀਆਂ ਖਿਲਰੀਆਂ ਤਾਰਾਂ ਵਿੱਚੋਂ ਦੀ ਤੁਰ ਕੇ ਨਿਰਪੱਖ ਖੇਤਰ ਦੇ ਦੂਸਰੇ ਪਾਸੇ ਵਿਰਾਨ ਘਰਾਂ ਵੱਲ ਜਾਣਾ ਪਿਆ! ਇਹ ਖੇਤਰ ਕਿਸੇ ਦਾ ਵੀ ਨਹੀਂ ਕਹਾਉਂਦਾ ਸੀ। ਮੈਂ ਕਿੰਨਾ ਖ਼ੁਸ਼ ਸੀ ਕਿ ਯਹੋਵਾਹ ਪਰਮੇਸ਼ੁਰ ਨਾਲ ਮੇਰੇ ਸੰਪਰਕ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਸੀ! ਪ੍ਰਾਰਥਨਾ ਨੇ ਮੇਰੀ ਜ਼ਿੰਦਗੀ ਦੇ ਇਸ ਸਭ ਤੋਂ ਡਰਾਉਣੇ ਤਜਰਬੇ ਵਿਚ ਮੈਨੂੰ ਸੰਭਾਲਿਆ।

ਮੈਂ ਆਪਣਾ ਸਭ ਕੁਝ ਗੁਆ ਚੁੱਕਾ ਸੀ ਪਰ ਮੈਂ ਖ਼ੁਸ਼ ਸੀ ਕਿ ਮੈਂ ਸ਼ਾਖਾ ਦਫ਼ਤਰ ਵਿਚ ਸੁਰੱਖਿਅਤ ਸੀ। ਪਰ ਇਹ ਹਾਲਾਤ ਥੋੜ੍ਹਾ ਚਿਰ ਹੀ ਰਹੇ। ਕੁਝ ਹੀ ਦਿਨਾਂ ਵਿਚ ਹਮਲਾਵਰ ਫ਼ੌਜਾਂ ਨੇ ਸਾਈਪ੍ਰਸ ਦੇ ਇਕ ਤਿਹਾਈ ਉੱਤਰੀ ਇਲਾਕੇ ਉੱਤੇ ਕਬਜ਼ਾ ਕਰ ਲਿਆ। ਸਾਨੂੰ ਬੈਥਲ ਛੱਡਣਾ ਪਿਆ ਤੇ ਅਸੀਂ ਲੀਮੋਸਲ ਚਲੇ ਗਏ। ਮੈਨੂੰ ਉੱਥੇ ਇਕ ਕਮੇਟੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜੋ ਇਸ ਲੜਾਈ ਕਰਕੇ ਪ੍ਰਭਾਵਿਤ ਹੋਏ 300 ਭਰਾਵਾਂ ਦੀ ਮਦਦ ਕਰਨ ਲਈ ਬਣਾਈ ਗਈ ਸੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭੈਣ-ਭਰਾ ਆਪਣਾ ਘਰ-ਬਾਰ ਗੁਆ ਚੁੱਕੇ ਸਨ।

ਕੰਮ ਵਿਚ ਹੋਰ ਤਬਦੀਲੀਆਂ

ਜਨਵਰੀ 1981 ਵਿਚ ਪ੍ਰਬੰਧਕ ਸਭਾ ਨੇ ਮੈਨੂੰ ਐਥਿਨਜ਼ ਵਿਚ ਬੈਥਲ ਪਰਿਵਾਰ ਦਾ ਮੈਂਬਰ ਬਣਨ ਲਈ ਯੂਨਾਨ ਜਾਣ ਲਈ ਕਿਹਾ। ਪਰ ਸਾਲ ਦੇ ਅਖ਼ੀਰ ਵਿਚ ਮੈਂ ਸਾਈਪ੍ਰਸ ਵਾਪਸ ਆ ਗਿਆ ਤੇ ਮੈਨੂੰ ਉੱਥੇ ਸ਼ਾਖ਼ਾ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਆਨਦਰੀਆਸ ਕੌਨਡੋਯੋਰਗੀਸ ਅਤੇ ਉਸ ਦੀ ਪਤਨੀ ਮਾਰੋ ਦੇ ਆਉਣ ਨਾਲ ਮੈਨੂੰ ਬਹੁਤ ਹੌਸਲਾ ਤੇ ਮਦਦ ਮਿਲੀ, ਜਿਨ੍ਹਾਂ ਨੂੰ ਲੰਡਨ ਤੋਂ ਘੱਲਿਆ ਗਿਆ ਸੀ।—ਕੁਲੁੱਸੀਆਂ 4:11.

ਸਾਲ 1984 ਵਿਚ ਥੀਓਡੋਰ ਜੈਰਸ ਦੀ ਜ਼ੋਨ ਵਿਜ਼ਿਟ ਤੋਂ ਬਾਅਦ ਮੈਨੂੰ ਪ੍ਰਬੰਧਕ ਸਭਾ ਤੋਂ ਇਕ ਚਿੱਠੀ ਮਿਲੀ ਜਿਸ ਵਿਚ ਸਿਰਫ਼ ਇੰਨਾ ਲਿਖਿਆ ਸੀ: “ਉਸ ਦੇ ਦੌਰੇ ਦੇ ਖ਼ਤਮ ਹੋ ਜਾਣ ਤੋਂ ਬਾਅਦ, ਅਸੀਂ ਚਾਹੁੰਦੇ ਹਾਂ ਕਿ ਤੂੰ ਭਰਾ ਜੈਰਸ ਨਾਲ ਯੂਨਾਨ ਜਾਵੇਂ।” ਇਸ ਦਾ ਕੋਈ ਕਾਰਨ ਨਹੀਂ ਦੱਸਿਆ ਸੀ, ਪਰ ਜਦੋਂ ਅਸੀਂ ਯੂਨਾਨ ਪਹੁੰਚੇ, ਤਾਂ ਪ੍ਰਬੰਧਕ ਸਭਾ ਦੀ ਇਕ ਹੋਰ ਚਿੱਠੀ ਸ਼ਾਖ਼ਾ ਕਮੇਟੀ ਨੂੰ ਪੜ੍ਹ ਕੇ ਸੁਣਾਈ ਗਈ ਜਿਸ ਵਿਚ ਮੈਨੂੰ ਯੂਨਾਨ ਦੀ ਸ਼ਾਖ਼ਾ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ।

ਇਸ ਸਮੇਂ ਦੌਰਾਨ ਯੂਨਾਨ ਵਿਚ ਧਰਮ-ਤਿਆਗ ਆਪਣਾ ਸਿਰ ਚੁੱਕ ਰਿਹਾ ਸੀ। ਸਾਡੇ ਉੱਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਦੂਸਰਿਆਂ ਦਾ ਧਰਮ ਬਦਲਣ ਦਾ ਵੀ ਦੋਸ਼ ਲਾਇਆ ਗਿਆ। ਹਰ ਰੋਜ਼ ਯਹੋਵਾਹ ਦੇ ਲੋਕਾਂ ਨੂੰ ਗਿਰਫ਼ਤਾਰ ਕਰ ਕੇ ਕਚਹਿਰੀਆਂ ਵਿਚ ਲਿਜਾਇਆ ਜਾਂਦਾ ਸੀ। ਉਨ੍ਹਾਂ ਭੈਣ-ਭਰਾਵਾਂ ਨੂੰ ਜਾਣਨਾ ਕਿੰਨੇ ਮਾਣ ਦੀ ਗੱਲ ਹੈ ਜਿਨ੍ਹਾਂ ਨੇ ਅਜ਼ਮਾਇਸ਼ਾਂ ਦੌਰਾਨ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਿਆ! ਉਨ੍ਹਾਂ ਵਿੱਚੋਂ ਕੁਝ ਭੈਣ-ਭਰਾਵਾਂ ਦੇ ਮੁਕੱਦਮਿਆਂ ਦੀ ਸੁਣਵਾਈ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਵਿਚ ਹੋਈ ਸੀ ਜਿਸ ਵਿਚ ਭਰਾਵਾਂ ਦੀ ਜਿੱਤ ਹੋਈ ਅਤੇ ਇਨ੍ਹਾਂ ਦਾ ਯੂਨਾਨ ਵਿਚ ਪ੍ਰਚਾਰ ਦੇ ਕੰਮ ਉੱਤੇ ਚੰਗਾ ਅਸਰ ਪਿਆ।c

ਯੂਨਾਨ ਵਿਚ ਸੇਵਾ ਕਰਦੇ ਸਮੇਂ ਮੈਨੂੰ ਐਥਿਨਜ਼, ਥੱਸਲੁਨੀਕਾ ਅਤੇ ਰੋਡਸ ਤੇ ਕ੍ਰੀਟ ਟਾਪੂਆਂ ਵਿਚ ਹੋਏ ਯਾਦਗਾਰੀ ਸੰਮੇਲਨਾਂ ਵਿਚ ਹਾਜ਼ਰ ਹੋਣ ਦਾ ਮੌਕਾ ਮਿਲਿਆ। ਉਹ ਚਾਰ ਸਾਲ ਬਹੁਤ ਹੀ ਖ਼ੁਸ਼ੀਆਂ ਭਰੇ ਤੇ ਫਲਦਾਇਕ ਸਨ ਪਰ ਇਕ ਹੋਰ ਤਬਦੀਲੀ ਮੇਰੀ ਉਡੀਕ ਕਰ ਰਹੀ ਸੀ। ਮੈਨੂੰ 1988 ਵਿਚ ਸਾਈਪ੍ਰਸ ਵਾਪਸ ਜਾਣਾ ਪਿਆ।

ਸਾਈਪ੍ਰਸ ਅਤੇ ਫਿਰ ਦੁਬਾਰਾ ਯੂਨਾਨ

ਜਦੋਂ ਮੈਂ ਸਾਈਪ੍ਰਸ ਵਿਚ ਨਹੀਂ ਸੀ, ਤਾਂ ਉਸ ਵੇਲੇ ਨਿਕੋਸ਼ੀਆ ਤੋਂ ਕੁਝ ਕਿਲੋਮੀਟਰ ਦੂਰ ਨੀਸੂ ਵਿਚ ਨਵਾਂ ਸ਼ਾਖਾ ਦਫ਼ਤਰ ਬਣਾਇਆ ਗਿਆ ਸੀ ਅਤੇ ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਤੋਂ ਭਰਾ ਕੈਰੀ ਬਾਰਬਰ ਆਏ ਸਨ ਅਤੇ ਉਨ੍ਹਾਂ ਨੇ ਸਮਰਪਣ ਦਾ ਭਾਸ਼ਣ ਦਿੱਤਾ ਸੀ। ਸਾਈਪ੍ਰਸ ਵਿਚ ਹਾਲਾਤ ਕਾਫ਼ੀ ਠੀਕ ਹੋ ਗਏ ਲੱਗਦੇ ਸਨ ਤੇ ਮੈਂ ਵਾਪਸ ਆ ਕੇ ਬਹੁਤ ਖ਼ੁਸ਼ ਸੀ, ਪਰ ਹਾਲਾਤ ਜ਼ਿਆਦਾ ਦੇਰ ਤਕ ਠੀਕ ਨਹੀਂ ਰਹੇ।

ਪ੍ਰਬੰਧਕ ਸਭਾ ਨੇ ਯੂਨਾਨ ਵਿਚ ਐਥਿਨਜ਼ ਤੋਂ ਕੁਝ ਕਿਲੋਮੀਟਰ ਦੂਰ ਉੱਤਰ ਵਿਚ ਨਵਾਂ ਬੈਥਲ ਘਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਮੈਂ ਅੰਗ੍ਰੇਜ਼ੀ ਅਤੇ ਯੂਨਾਨੀ ਦੋਵੇਂ ਭਾਸ਼ਾਵਾਂ ਬੋਲ ਸਕਦਾ ਸੀ, ਇਸ ਲਈ ਮੈਨੂੰ 1990 ਵਿਚ ਉੱਥੇ ਉਸਾਰੀ ਦੌਰਾਨ ਬੈਥਲ ਅਤੇ ਅੰਤਰਰਾਸ਼ਟਰੀ ਸੇਵਕਾਂ ਵਿਚਕਾਰ ਇਕ ਅਨੁਵਾਦਕ ਵਜੋਂ ਕੰਮ ਕਰਨ ਲਈ ਕਿਹਾ ਗਿਆ। ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਗਰਮੀਆਂ ਵਿਚ ਸਵੇਰੇ ਛੇ ਵਜੇ ਕੰਮ ਤੇ ਜਾਇਆ ਕਰਦਾ ਸੀ ਅਤੇ ਸੈਂਕੜੇ ਯੂਨਾਨੀ ਭੈਣ-ਭਰਾਵਾਂ ਦਾ ਸੁਆਗਤ ਕਰਿਆ ਕਰਦਾ ਸੀ ਜਿਹੜੇ ਉਸਾਰੀ ਟੀਮ ਦੀ ਮਦਦ ਕਰਨ ਆਉਂਦੇ ਸਨ! ਉਨ੍ਹਾਂ ਦੀ ਖ਼ੁਸ਼ੀ ਤੇ ਜੋਸ਼ ਦੀਆਂ ਯਾਦਾਂ ਹਮੇਸ਼ਾ ਮੇਰੇ ਦਿਲ ਵਿਚ ਰਹਿਣਗੀਆਂ।

ਗ੍ਰੀਕ ਆਰਥੋਡਾਕਸ ਚਰਚ ਦੇ ਪਾਦਰੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕਈ ਵਾਰ ਜ਼ਬਰਦਸਤੀ ਅੰਦਰ ਆ ਕੇ ਸਾਡਾ ਕੰਮ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਯਹੋਵਾਹ ਨੇ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਤੇ ਸਾਡੀ ਰੱਖਿਆ ਕੀਤੀ। ਮੈਂ 13 ਅਪ੍ਰੈਲ 1991 ਵਿਚ ਨਵੇਂ ਬੈਥਲ ਘਰ ਦੇ ਸਮਰਪਣ ਵੇਲੇ ਤਕ ਉੱਥੇ ਕੰਮ ਕਰਦਾ ਰਿਹਾ।

ਆਪਣੀ ਪਿਆਰੀ ਭੈਣ ਨੂੰ ਸਹਾਰਾ ਦੇਣਾ

ਅਗਲੇ ਸਾਲ ਮੈਂ ਇੰਗਲੈਂਡ ਛੁੱਟੀਆਂ ਵਾਸਤੇ ਗਿਆ ਤੇ ਉੱਥੇ ਆਪਣੀ ਭੈਣ ਤੇ ਜੀਜੇ ਨਾਲ ਰਿਹਾ। ਅਫ਼ਸੋਸ ਦੀ ਗੱਲ ਹੈ ਕਿ ਜਦੋਂ ਮੈਂ ਉੱਥੇ ਸੀ ਤੇ ਮੇਰੇ ਜੀਜੇ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ। ਮੇਰੀ ਮਿਸ਼ਨਰੀ ਸੇਵਾ ਦੌਰਾਨ ਜੋਐਨ ਨੇ ਮੇਰੀ ਬਹੁਤ ਮਦਦ ਕੀਤੀ ਸੀ। ਹਰ ਹਫ਼ਤੇ ਉਹ ਚਿੱਠੀ ਲਿਖ ਕੇ ਮੈਨੂੰ ਉਤਸ਼ਾਹ ਦਿੰਦੀ ਸੀ। ਅਜਿਹੇ ਰਿਸ਼ਤੇ ਹਰ ਮਿਸ਼ਨਰੀ ਲਈ ਕਿੰਨੀ ਵੱਡੀ ਬਰਕਤ ਹਨ! ਹੁਣ ਉਹ ਵਿਧਵਾ ਹੋ ਚੁੱਕੀ ਸੀ ਤੇ ਉਸ ਦੀ ਸਿਹਤ ਵੀ ਖ਼ਰਾਬ ਰਹਿੰਦੀ ਸੀ। ਉਸ ਨੂੰ ਮਦਦ ਦੀ ਲੋੜ ਸੀ। ਮੈਨੂੰ ਕੀ ਕਰਨਾ ਚਾਹੀਦਾ ਸੀ?

ਜੋਐਨ ਦੀ ਕੁੜੀ ਥੈਲਮਾ ਤੇ ਉਸ ਦਾ ਪਤੀ ਪਹਿਲਾਂ ਹੀ ਆਪਣੀ ਕਲੀਸਿਯਾ ਦੀ ਇਕ ਹੋਰ ਵਫ਼ਾਦਾਰ ਵਿਧਵਾ ਭੈਣ ਦੀ ਦੇਖ-ਭਾਲ ਕਰ ਰਹੇ ਸਨ ਜੇ ਦੇ ਬਚਣ ਦੀ ਆਸ ਨਹੀਂ ਸੀ। ਉਹ ਰਿਸ਼ਤੇ ਵਿਚ ਸਾਡੇ ਮਾਮੇ ਜੀ ਦੀ ਲੜਕੀ ਸੀ। ਬਹੁਤ ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਜੋਐਨ ਦੀ ਦੇਖ-ਭਾਲ ਕਰਨ ਲਈ ਇੰਗਲੈਂਡ ਵਿਚ ਹੀ ਰਹਿਣ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਮੁਤਾਬਕ ਚੱਲਣਾ ਸੌਖਾ ਨਹੀਂ ਸੀ, ਪਰ ਮੈਨੂੰ ਯੋਵਿਲ ਦੀ ਇਕ ਕਲੀਸਿਯਾ ਪੈੱਨ ਮਿਲ ਵਿਚ ਬਜ਼ੁਰਗ ਦੇ ਤੌਰ ਤੇ ਸੇਵਾ ਕਰਨ ਦਾ ਸਨਮਾਨ ਮਿਲਿਆ ਹੈ।

ਵਿਦੇਸ਼ਾਂ ਵਿਚ ਜਿਨ੍ਹਾਂ ਭਰਾਵਾਂ ਨਾਲ ਮੈਂ ਸੇਵਾ ਕੀਤੀ ਸੀ ਉਹ ਅਕਸਰ ਮੈਨੂੰ ਫ਼ੋਨ ਕਰਦੇ ਹਨ ਜਾਂ ਚਿੱਠੀਆਂ ਲਿਖਦੇ ਹਨ ਜਿਸ ਕਰਕੇ ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ। ਮੈਨੂੰ ਪਤਾ ਹੈ ਕਿ ਜੇ ਮੈਂ ਕਹਾਂ ਕਿ ਮੈਂ ਯੂਨਾਨ ਜਾਂ ਸਾਈਪ੍ਰਸ ਵਾਪਸ ਜਾਣਾ ਚਾਹੁੰਦਾ ਹਾਂ, ਤਾਂ ਭਰਾ ਤੁਰੰਤ ਉੱਥੋਂ ਮੇਰੀਆਂ ਟਿਕਟਾਂ ਘੱਲ ਦੇਣਗੇ। ਪਰ ਹੁਣ ਮੈਂ 80 ਸਾਲ ਦਾ ਹਾਂ ਅਤੇ ਮੇਰੀ ਨਜ਼ਰ ਤੇ ਸਿਹਤ ਪਹਿਲਾਂ ਵਰਗੀ ਨਹੀਂ ਰਹੀ। ਮੈਨੂੰ ਬਹੁਤ ਨਿਰਾਸ਼ਾ ਹੁੰਦੀ ਹੈ ਕਿ ਮੈਂ ਪਹਿਲਾਂ ਵਾਂਗ ਕੰਮ ਨਹੀਂ ਕਰ ਸਕਦਾ, ਪਰ ਬੈਥਲ ਸੇਵਾ ਦੌਰਾਨ ਮੈਂ ਆਪਣੇ ਅੰਦਰ ਬਹੁਤ ਸਾਰੀਆਂ ਆਦਤਾਂ ਪੈਦਾ ਕੀਤੀਆਂ ਜੋ ਅੱਜ ਮੇਰੇ ਬਹੁਤ ਕੰਮ ਆ ਰਹੀਆਂ ਹਨ। ਉਦਾਹਰਣ ਲਈ ਮੈਂ ਹਮੇਸ਼ਾ ਸਵੇਰ ਦਾ ਭੋਜਨ ਖਾਣ ਤੋਂ ਪਹਿਲਾਂ ਰੋਜ਼ਾਨਾ ਪਾਠ ਪੜ੍ਹਦਾ ਹਾਂ। ਮੈਂ ਦੂਸਰਿਆਂ ਨਾਲ ਦੋਸਤੀ ਕਰਨੀ ਤੇ ਉਨ੍ਹਾਂ ਨੂੰ ਪਿਆਰ ਕਰਨਾ ਵੀ ਸਿੱਖਿਆ ਜੋ ਮਿਸ਼ਨਰੀ ਸੇਵਾ ਵਿਚ ਕਾਮਯਾਬ ਹੋਣ ਲਈ ਬਹੁਤ ਜ਼ਰੂਰੀ ਹੈ।

ਜਦੋਂ ਮੈਂ ਯਹੋਵਾਹ ਦੀ ਮਹਿਮਾ ਕਰਨ ਵਿਚ ਬਿਤਾਏ ਗਏ ਕੁਝ 60 ਸ਼ਾਨਦਾਰ ਸਾਲਾਂ ਉੱਤੇ ਨਜ਼ਰ ਮਾਰਦਾ ਹਾਂ, ਤਾਂ ਮੈਨੂੰ ਪਤਾ ਹੈ ਕਿ ਪੂਰੇ ਸਮੇਂ ਦੀ ਸੇਵਕਾਈ ਸਭ ਤੋਂ ਵੱਡੀ ਸੁਰੱਖਿਆ ਹੈ ਅਤੇ ਬਿਹਤਰੀਨ ਸਿੱਖਿਆ ਦਾ ਜ਼ਰੀਆ ਹੈ। ਮੈਂ ਆਪਣੇ ਪੂਰੇ ਦਿਲ ਨਾਲ ਯਹੋਵਾਹ ਨੂੰ ਕਹੇ ਗਏ ਦਾਊਦ ਦੇ ਸ਼ਬਦਾਂ ਨਾਲ ਸਹਿਮਤ ਹਾਂ: “ਤੂੰ ਤਾਂ ਮੇਰਾ ਉੱਚਾ ਗੜ੍ਹ ਅਤੇ ਮੇਰੀ ਬਿਪਤਾ ਦੇ ਦਿਨ ਮੇਰੀ ਪਨਾਹਗਾਹ ਰਿਹਾ ਹੈਂ।”—ਜ਼ਬੂਰ 59:16.

[ਫੁਟਨੋਟ]

a ਭਰਾ ਜਾਨ ਵਿਨ ਦੀ ਜੀਵਨੀ, “ਮੇਰਾ ਦਿਲ ਸ਼ੁਕਰਗੁਜ਼ਾਰੀ ਨਾਲ ਭਰਿਆ ਹੋਇਆ ਹੈ,” ਪਹਿਰਾਬੁਰਜ 1 ਸਤੰਬਰ 1997, (ਅੰਗ੍ਰੇਜ਼ੀ) ਸਫ਼ੇ 25-8 ਵਿਚ ਛਪੀ ਸੀ।

b ਪੁਰਾਣਾ ਨਾਂ ਕੌਂਸੋਲੇਸ਼ਨ ਸੀ।

c ਪਹਿਰਾਬੁਰਜ, 1 ਦਸੰਬਰ 1998 (ਅੰਗ੍ਰੇਜ਼ੀ) ਸਫ਼ੇ 20-1 ਅਤੇ 1 ਸਤੰਬਰ 1993 (ਅੰਗ੍ਰੇਜ਼ੀ) ਸਫ਼ੇ 27-31; ਜਾਗਰੂਕ ਬਣੋ!, 8 ਜਨਵਰੀ 1998 (ਅੰਗ੍ਰੇਜ਼ੀ) ਸਫ਼ੇ 21-2 ਅਤੇ 22 ਮਾਰਚ 1997 (ਅੰਗ੍ਰੇਜ਼ੀ) ਸਫ਼ੇ 14-15 ਦੇਖੋ।

[ਸਫ਼ੇ 24 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਯੂਨਾਨ

ਐਥਿਨਜ਼

ਸਾਈਪ੍ਰਸ

ਕਿਰੀਨਯਾ

ਨਿਕੋਸ਼ੀਆ

ਫਾਮਾਗੁਸਤਾ

ਲੀਮਾਸੋਲ

[ਸਫ਼ੇ 21 ਉੱਤੇ ਤਸਵੀਰ]

ਸੰਨ 1915 ਵਿਚ ਮਾਤਾ ਜੀ

[ਸਫ਼ੇ 22 ਉੱਤੇ ਤਸਵੀਰ]

ਸੰਨ 1946 ਵਿਚ ਮੈਂ (ਖੱਬੇ ਪਾਸੇ ਤੋਂ ਚੌਥਾ) ਗਿਲਿਅਡ ਦੀ ਅੱਠਵੀਂ ਕਲਾਸ ਦੇ ਦੂਸਰੇ ਭਰਾਵਾਂ ਨਾਲ ਬਰੁਕਲਿਨ ਬੈਥਲ ਦੀ ਛੱਤ ਉੱਤੇ

[ਸਫ਼ੇ 23 ਉੱਤੇ ਤਸਵੀਰ]

ਪਹਿਲੀ ਵਾਰ ਇੰਗਲੈਂਡ ਆਉਣ ਤੋਂ ਬਾਅਦ ਮਿਲੀ ਮਾਸੀ ਨਾਲ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ