ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w02 4/15 ਸਫ਼ੇ 4-8
  • ਹੁਣ ਅਤੇ ਸਦਾ ਲਈ ਸੁਖੀ ਰਹਿਣਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹੁਣ ਅਤੇ ਸਦਾ ਲਈ ਸੁਖੀ ਰਹਿਣਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਵੱਡਾ ਸ਼ਹਿਰ ਜਾਂ ਵੱਡੇ ਸੁਪਨੇ?
  • ਰੁਪਏ-ਪੈਸੇ—ਅਸਲੀ ਮੁਸ਼ਕਲ ਕੀ ਹੈ?
  • ਪਦਵੀ—ਤੁਸੀਂ ਕਿੱਥੇ ਤਕ ਪਹੁੰਚਣਾ ਚਾਹੁੰਦੇ ਹੋ?
  • ਹੁਣ ਅਤੇ ਸਦਾ ਲਈ ਸੁਖੀ
  • ਤੁਹਾਡੀ ਜ਼ਿੰਦਗੀ ਸੁਖੀ ਕਿਵੇਂ ਬਣ ਸਕਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਸੁਖੀ ਜੀਵਨ ਦੀ ਭਾਲ
    ਜਾਗਰੂਕ ਬਣੋ!—1998
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
w02 4/15 ਸਫ਼ੇ 4-8

ਹੁਣ ਅਤੇ ਸਦਾ ਲਈ ਸੁਖੀ ਰਹਿਣਾ

ਸੁਖ ਪਾਉਣਾ ਇੰਨਾ ਔਖਾ ਕਿਉਂ ਹੈ? ਅਤੇ ਜਦ ਮਿਲਦਾ ਵੀ ਹੈ ਤਾਂ ਇਹ ਸਿਰਫ਼ ਪਲ ਭਰ ਲਈ ਹੀ ਕਿਉਂ ਰਹਿੰਦਾ ਹੈ? ਕੀ ਇਹ ਹੋ ਸਕਦਾ ਹੈ ਕਿ ਜੋ ਸੁਖ ਅਸੀਂ ਪਾਉਣਾ ਚਾਹੁੰਦੇ ਹਾਂ ਉਹ ਸਿਰਫ਼ ਸਾਡਿਆਂ ਖ਼ਿਆਲਾਂ ਉੱਤੇ ਆਧਾਰਿਤ ਹੈ, ਯਾਨੀ ਕਿ ਉਨ੍ਹਾਂ ਚੀਜ਼ਾਂ ਉੱਤੇ ਜਿਨ੍ਹਾਂ ਦੀ ਅਸੀਂ ਉਮੀਦ ਰੱਖਦੇ ਹਾਂ ਪਰ ਜਿਨ੍ਹਾਂ ਨੂੰ ਅਸੀਂ ਹਾਸਲ ਨਹੀਂ ਕਰ ਸਕਦੇ? ਅਜਿਹਾ ਭਰਮ ਸੁਪਨਿਆਂ ਦੀ ਦੁਨੀਆਂ ਵਿਚ ਜੀਉਣ ਦੇ ਬਰਾਬਰ ਹੈ।

ਸੋਚਾਂ ਵਿਚ ਪੈ ਕੇ ਅਸੀਂ ਹਕੀਕਤ ਨੂੰ ਸੁਪਨੇ ਵਿਚ ਬਦਲ ਸਕਦੇ ਹਾਂ। ਅਤੇ ਉਸ ਸੁਪਨੇ ਨੂੰ ਵਿਗਾੜਨ ਵਾਲੇ ਹਰ ਬੁਰੇ ਖ਼ਿਆਲ ਨੂੰ ਰੱਦ ਕਰ ਕੇ ਜ਼ਿੰਦਗੀ ਦੀ ਉਦਾਸੀ ਨੂੰ ਇਕ ਸ਼ਾਨਦਾਰ ਅਤੇ ਸੁਖੀ ਦੁਨੀਆਂ ਵਿਚ ਬਦਲ ਸਕਦੇ ਹਾਂ। ਪਰ ਅਕਸਰ ਹਕੀਕੀ ਦੁਨੀਆਂ ਦੀਆਂ ਮੁਸ਼ਕਲਾਂ ਸਾਡੀ ਸੁਪਨਿਆਂ ਦੀ ਦੁਨੀਆਂ ਨੂੰ ਬੇਰਹਿਮੀ ਨਾਲ ਕੁਚਲ ਦਿੰਦੀਆਂ ਹਨ। ਸਾਡਾ ਸੁੱਖ-ਚੈਨ ਬਰਬਾਦ ਕਰ ਕੇ ਉਹ ਸਾਨੂੰ ਅਸਲੀਅਤ ਪਛਾਣਨ ਲਈ ਜਗਾਉਂਦੀਆਂ ਹਨ।

ਚਲੋ ਆਪਾਂ ਇਕ ਚੀਜ਼ ਵੱਲ ਧਿਆਨ ਦੇਈਏ ਜਿਸ ਨਾਲ ਲੋਕ ਸੁਖ ਪਾਉਣ ਦੀ ਉਮੀਦ ਰੱਖਦੇ ਹਨ। ਉਹ ਹੈ ਉਨ੍ਹਾਂ ਦੇ ਰਹਿਣ ਦਾ ਟਿਕਾਣਾ। ਮਿਸਾਲ ਲਈ, ਵੱਡਾ ਸ਼ਹਿਰ ਸ਼ਾਇਦ ਬਹੁਤ ਹੀ ਸ਼ਾਨਦਾਰ ਲੱਗੇ ਅਤੇ ਤੁਸੀਂ ਐਸ਼ ਕਰਨ, ਚੰਗੀ ਤਨਖ਼ਾਹ, ਅਤੇ ਆਲੀਸ਼ਾਨ ਘਰ ਵਿਚ ਰਹਿਣ ਦੇ ਸੁਪਨੇ ਲਵੋ। ਜੀ ਹਾਂ, ਇਹ ਸਭ ਕੁਝ ਸ਼ਾਇਦ ਤੁਹਾਨੂੰ ਉਸ ਸੁਖ ਦੀ ਉਮੀਦ ਦੇਵੇ ਜਿਸ ਦੀ ਤੁਸੀਂ ਚਿਰ ਤੋਂ ਉਡੀਕ ਕਰਦੇ ਆਏ ਹੋ। ਪਰ ਕੀ ਅਜਿਹਾ ਸੁਪਨਾ ਕਦੇ ਸੱਚ ਹੁੰਦਾ ਹੈ?

ਵੱਡਾ ਸ਼ਹਿਰ ਜਾਂ ਵੱਡੇ ਸੁਪਨੇ?

ਗ਼ਰੀਬ ਦੇਸ਼ਾਂ ਵਿਚ ਇਸ਼ਤਿਹਾਰਾਂ ਦੁਆਰਾ ਸ਼ਹਿਰਾਂ ਨੂੰ ਬਹੁਤ ਹੀ ਸ਼ਾਨਦਾਰ ਦਿਖਾਇਆ ਜਾਂਦਾ ਹੈ ਜਿਸ ਕਾਰਨ ਸੁਪਨਿਆਂ ਦੀ ਦੁਨੀਆਂ ਵਸਾਉਣ ਵਾਲੇ ਸ਼ਾਇਦ ਭਰਮਾਏ ਜਾਣ। ਅਜਿਹੇ ਇਸ਼ਤਿਹਾਰ ਬਣਾਉਣ ਵਾਲਿਆਂ ਨੂੰ ਤੁਹਾਡੇ ਸੁਖ ਦੀ ਚਿੰਤਾ ਨਹੀਂ ਹੁੰਦੀ ਪਰ ਉਨ੍ਹਾਂ ਨੂੰ ਆਪਣੀਆਂ ਚੀਜ਼ਾਂ ਵੇਚਣ ਦੀ ਪਈ ਹੁੰਦੀ ਹੈ। ਉਹ ਕਾਮਯਾਬੀ ਦੀਆਂ ਤਸਵੀਰਾਂ ਦਿਖਾ ਕੇ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਢੱਕ ਦਿੰਦੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਸੁਖ ਉਨ੍ਹਾਂ ਦੀ ਚੀਜ਼ ਖ਼ਰੀਦ ਕੇ ਜਾਂ ਵੱਡੇ ਸ਼ਹਿਰ ਤੋਂ ਹੀ ਪਾਇਆ ਜਾ ਸਕਦਾ ਹੈ।

ਇਸ ਉਦਾਹਰਣ ਵੱਲ ਧਿਆਨ ਦਿਓ। ਇਕ ਪੱਛਮੀ ਅਫ਼ਰੀਕੀ ਸ਼ਹਿਰ ਦੇ ਅਧਿਕਾਰੀਆਂ ਨੇ ਸ਼ਹਿਰ ਵਿਚ ਵੱਡੇ-ਵੱਡੇ ਇਸ਼ਤਿਹਾਰ ਲਗਾਏ, ਜੋ ਚੰਗੀ ਤਰ੍ਹਾਂ ਦਿਖਾਉਂਦੇ ਸਨ ਕਿ ਸਿਗਰਟਾਂ ਪੀਣੀਆਂ ਅਸਲ ਵਿਚ ਜਾਨ ਮਾਰ ਕੇ ਕਮਾਏ ਗਏ ਰੁਪਏ-ਪੈਸੇ ਫੂਕਣ ਦੇ ਬਰਾਬਰ ਹੈ। ਇਸ ਕਾਰਵਾਈ ਦੁਆਰਾ ਸਰਕਾਰ ਲੋਕਾਂ ਨੂੰ ਸਿਗਰਟ ਪੀਣ ਬਾਰੇ ਚੇਤਾਵਨੀ ਦੇਣੀ ਚਾਹੁੰਦੀ ਸੀ। ਪਰ ਸਿਗਰਟ ਬਣਾਉਣ ਵਾਲਿਆਂ ਅਤੇ ਵੇਚਣ ਵਾਲਿਆਂ ਨੇ ਚਤੁਰਾਈ ਨਾਲ ਇਸ਼ਤਿਹਾਰਾਂ ਉੱਤੇ ਅਜਿਹੀਆਂ ਤਸਵੀਰਾਂ ਲਗਾਈਆਂ ਜਿਨ੍ਹਾਂ ਵਿਚ ਸਿਗਰਟ ਪੀਣ ਵਾਲਿਆਂ ਨੂੰ ਸੁਖੀ ਅਤੇ ਕਾਮਯਾਬ ਲੋਕਾਂ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਿਗਰਟਾਂ ਦੀ ਇਕ ਕੰਪਨੀ ਨੇ ਆਪਣੇ ਕਾਮਿਆਂ ਨੂੰ ਸ਼ਾਨਦਾਰ ਵਰਦੀਆਂ ਅਤੇ ਫ਼ੈਸ਼ਨਦਾਰ ਟੋਪੀਆਂ ਪਹਿਨਾ ਕੇ ਸੜਕਾਂ ਤੇ ਨੌਜਵਾਨਾਂ ਨੂੰ ਸਿਗਰਟਾਂ ਵੰਡਣ ਲਈ ਘੱਲਿਆ। ਉਹ ਨੌਜਵਾਨਾਂ ਨੂੰ “ਇਕ ਸੂਟਾ ਲਾਉਣ” ਲਈ ਉਤਸ਼ਾਹ ਦੇ ਰਹੇ ਸਨ। ਇਨ੍ਹਾਂ ਵਿੱਚੋਂ ਕਈ ਨੌਜਵਾਨ ਸਿੱਧੇ-ਸਾਦੇ ਪੇਂਡੂ ਸਨ ਅਤੇ ਪ੍ਰਭਾਵਸ਼ਾਲੀ ਇਸ਼ਤਿਹਾਰ ਬਣਾਉਣ ਵਾਲਿਆਂ ਦੇ ਤਰੀਕੇ ਜਾਣਦੇ ਨਹੀਂ ਸਨ ਇਸ ਲਈ ਉਹ ਧੋਖਾ ਖਾ ਬੈਠੇ। ਉਨ੍ਹਾਂ ਨੂੰ ਸਿਗਰਟ ਪੀਣ ਦੀ ਆਦਤ ਪੈ ਗਈ। ਇਹ ਨੌਜਵਾਨ ਪੇਂਡੂ ਵੱਡੇ ਸ਼ਹਿਰ ਵਿਚ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਰੁਪਏ-ਪੈਸੇ ਕਮਾਉਣ ਲਈ ਆਏ ਸਨ। ਇਸ ਦੀ ਬਜਾਇ ਉਹ ਆਪਣੇ ਜ਼ਿਆਦਾਤਰ ਪੈਸੇ ਫੂਕਣ ਲੱਗ ਪਏ ਜੋ ਪੈਸੇ ਉਹ ਕਿਸੇ ਵਧੀਆ ਕੰਮ ਕਰਨ ਲਈ ਵਰਤ ਸਕਦੇ ਸਨ।

ਵਪਾਰੀਆਂ ਤੋਂ ਇਲਾਵਾ ਦੂਸਰੇ ਲੋਕ ਵੀ ਕਾਮਯਾਬ ਜ਼ਿੰਦਗੀ ਦੀ ਮਸ਼ਹੂਰੀ ਕਰਦੇ ਹਨ। ਜੋ ਲੋਕ ਵੱਡੇ ਸ਼ਹਿਰ ਨੂੰ ਆਉਂਦੇ ਹਨ ਅਤੇ ਆਪਣੇ ਪਿੰਡ ਨੂੰ ਵਾਪਸ ਜਾਣ ਤੋਂ ਸ਼ਰਮਿੰਦਾ ਹਨ ਉਨ੍ਹਾਂ ਨੇ ਵੀ ਸ਼ਾਇਦ ਜਾਣ-ਬੁੱਝ ਕੇ ਵੱਡੀਆਂ-ਵੱਡੀਆਂ ਝੂਠੀਆਂ ਕਹਾਣੀਆਂ ਬਣਾਈਆਂ ਹੋਣ। ਉਹ ਆਪਣੇ ਆਪ ਨੂੰ ਅਸਫ਼ਲ ਨਹੀਂ ਦਿਖਾਉਣਾ ਚਾਹੁੰਦੇ ਇਸ ਲਈ ਉਹ ਸ਼ਹਿਰ ਵਿਚ ਪਾਈ ਗਈ ਢੌਂਗੀ ਧਨ-ਦੌਲਤ ਅਤੇ ਕਾਮਯਾਬੀ ਬਾਰੇ ਸ਼ੇਖੀਆਂ ਮਾਰਦੇ ਹਨ। ਉਨ੍ਹਾਂ ਦੇ ਦਾਅਵਿਆਂ ਵੱਲ ਧਿਆਨ ਦੇਣ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਜੀਵਨ-ਢੰਗ ਵਿਚ ਅੱਗੇ ਨਾਲੋਂ ਕੋਈ ਫ਼ਰਕ ਨਹੀਂ ਪਿਆ; ਉਹ ਆਮ ਸ਼ਹਿਰੀ ਲੋਕਾਂ ਵਾਂਗ ਪੈਸੇ ਦੀ ਤੰਗੀ ਕਾਰਨ ਜਾਨ ਮਾਰ ਰਹੇ ਹਨ।

ਪਿੰਡੋਂ ਨਵੇਂ-ਨਵੇਂ ਆਏ ਲੋਕ ਖ਼ਾਸ ਕਰਕੇ ਵੱਡਿਆਂ ਸ਼ਹਿਰਾਂ ਵਿਚ ਬੇਈਮਾਨੀ ਦੇ ਸ਼ਿਕਾਰੀ ਬਣ ਜਾਂਦੇ ਹਨ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਆਮ ਤੌਰ ਤੇ ਉਨ੍ਹਾਂ ਨੂੰ ਚੰਗੇ ਦੋਸਤ-ਮਿੱਤਰ ਬਣਾਉਣ ਦਾ ਸਮਾਂ ਨਹੀਂ ਮਿਲਿਆ ਹੁੰਦਾ ਅਤੇ ਉਹ ਆਪਣੇ ਪਰਿਵਾਰ ਤੋਂ ਬਹੁਤ ਦੂਰ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਸਲਾਹ ਦੇਣ ਵਾਲਾ ਕੋਈ ਨਹੀਂ ਹੁੰਦਾ, ਜੋ ਸ਼ਾਇਦ ਉਨ੍ਹਾਂ ਨੂੰ ਸ਼ਹਿਰ ਦੀ ਲਾਲਚੀ ਜ਼ਿੰਦਗੀ ਦੇ ਖ਼ਤਰਿਆਂ ਤੋਂ ਦੂਰ ਰਹਿਣ ਵਿਚ ਮਦਦ ਦੇ ਸਕੇ।

ਜੋਜ਼ੁਏ ਸਿਗਰਟ ਪੀਣ ਦੇ ਫੰਦੇ ਵਿਚ ਨਹੀਂ ਫੱਸਿਆ। ਉਸ ਨੂੰ ਅਹਿਸਾਸ ਹੋਇਆ ਕਿ ਸ਼ਹਿਰ ਦੀਆਂ ਅਜ਼ਮਾਇਸ਼ਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਸ਼ਹਿਰ ਵਿਚ ਉਸ ਨੂੰ ਅਧੂਰੇ ਸੁਪਨਿਆਂ ਦੇ ਸਿਵਾਇ ਹੋਰ ਕੁਝ ਨਹੀਂ ਮਿਲਣਾ ਸੀ। ਉਸ ਨੇ ਮੰਨ ਲਿਆ ਸੀ ਕਿ ਉਸ ਨੇ ਸ਼ਹਿਰ ਵਿਚ ਅਸਲੀ ਸੁਖ ਨਹੀਂ ਪਾਇਆ; ਸ਼ਹਿਰ ਵਿਚ ਉਸ ਲਈ ਕੁਝ ਨਹੀਂ ਸੀ। ਉਸ ਦਾ ਜੀਵਨ ਖਾਲੀ-ਖਾਲੀ ਲੱਗਣ ਲੱਗਾ। ਸ਼ਰਮ ਦਾ ਮਾਰਿਆ ਉਹ ਆਪਣੇ ਆਪ ਨੂੰ ਨਿਕੰਮਾ ਸਮਝਣ ਲੱਗਾ। ਫਿਰ ਅਖ਼ੀਰ ਵਿਚ ਉਹ ਆਪਣੇ ਘਮੰਡ ਉੱਤੇ ਕਾਬੂ ਪਾ ਕੇ ਪਿੰਡ ਨੂੰ ਵਾਪਸ ਚਲਾ ਗਿਆ।

ਉਸ ਨੂੰ ਡਰ ਸੀ ਕਿ ਉਸ ਦਾ ਮਜ਼ਾਕ ਉਡਾਇਆ ਜਾਵੇਗਾ। ਲੇਕਿਨ ਉਸ ਦੇ ਪਰਿਵਾਰ ਅਤੇ ਸੱਚੇ ਦੋਸਤਾਂ ਨੇ ਗਲ਼ੇ ਲਗਾ ਕੇ ਉਸ ਦਾ ਨਿੱਘਾ ਸੁਆਗਤ ਕੀਤਾ। ਆਪਣੇ ਘਰ ਆ ਕੇ ਉਸ ਨੇ ਆਪਣੇ ਪਰਿਵਾਰ ਦੇ ਪਿਆਰ ਅਤੇ ਮਸੀਹੀ ਕਲੀਸਿਯਾ ਵਿਚ ਆਪਣੇ ਦੋਸਤ-ਮਿੱਤਰਾਂ ਦੇ ਪਿਆਰ ਕਾਰਨ ਬਹੁਤ ਜਲਦੀ ਉਹ ਸੁਖ ਪਾਇਆ ਜਿਸ ਦੀ ਭਾਲ ਵਿਚ ਉਹ ਸ਼ਹਿਰ ਗਿਆ ਸੀ ਪਰ ਜਿੱਥੇ ਬਹੁਤ ਸਾਰਿਆਂ ਲੋਕਾਂ ਦੇ ਸੁਪਨੇ ਟੁੱਟ ਕੇ ਬਿਖ਼ਰ ਜਾਂਦੇ ਹਨ। ਇਹ ਜਾਣ ਕੇ ਉਹ ਹੈਰਾਨ ਹੋਇਆ ਕਿ ਆਪਣੇ ਪਿਤਾ ਨਾਲ ਖੇਤਾਂ ਵਿਚ ਮਿਹਨਤ ਕਰ ਕੇ ਉਹ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਸ਼ਹਿਰ ਨਾਲੋਂ ਜ਼ਿਆਦਾ ਪੈਸੇ ਕਮਾ ਸਕਦਾ ਸੀ।

ਰੁਪਏ-ਪੈਸੇ—ਅਸਲੀ ਮੁਸ਼ਕਲ ਕੀ ਹੈ?

ਕੀ ਧੰਨ-ਦੌਲਤ ਤੋਂ ਤੁਸੀਂ ਸੁਖ ਪਾ ਸਕਦੇ ਹੋ? ਲਿਜ਼ ਨਾਂ ਦੀ ਕੈਨੇਡੀਆਈ ਔਰਤ ਦੱਸਦੀ ਹੈ ਕਿ “ਜਵਾਨੀ ਵਿਚ ਮੈਨੂੰ ਪੂਰਾ ਯਕੀਨ ਹੁੰਦਾ ਸੀ ਕਿ ਪੈਸਿਆਂ ਨਾਲ ਚਿੰਤਾ ਦੂਰ ਹੁੰਦੀ ਹੈ।” ਉਹ ਇਕ ਅਮੀਰ ਆਦਮੀ ਨਾਲ ਪਿਆਰ ਕਰ ਬੈਠੀ ਅਤੇ ਬਹੁਤ ਹੀ ਜਲਦੀ ਉਨ੍ਹਾਂ ਦਾ ਵਿਆਹ ਹੋ ਗਿਆ। ਇਸ ਤੋਂ ਬਾਅਦ ਕੀ ਉਸ ਨੂੰ ਸੁਖ ਮਿਲਿਆ? ਉਹ ਅੱਗੇ ਦੱਸਦੀ ਹੈ: “ਜਦੋਂ ਮੈਂ ਵਿਆਹ ਕਰਵਾਇਆ ਸਾਡਾ ਵੱਡਾ ਸਾਰਾ ਸੋਹਣਾ ਘਰ ਸੀ ਅਤੇ ਦੋ ਕਾਰਾਂ ਸਨ। ਸਾਨੂੰ ਪੈਸੇ ਦੀ ਕੋਈ ਪਰਵਾਹ ਨਹੀਂ ਸੀ ਅਤੇ ਅਸੀਂ ਦੁਨੀਆਂ ਦੀ ਹਰ ਚੀਜ਼ ਦਾ ਜੀ ਚਾਹੇ ਮਜ਼ਾ ਲੈ ਸਕਦੇ ਸਨ, ਜਿੱਥੇ ਮਰਜ਼ੀ ਸਫ਼ਰ ਕਰ ਸਕਦੇ ਸਨ, ਅਤੇ ਜੋ ਮਰਜ਼ੀ ਕਰ ਸਕਦੇ ਸਨ। ਪਰ ਅਜੀਬ ਗੱਲ ਇਹ ਹੈ ਕਿ ਮੈਂ ਫਿਰ ਵੀ ਪੈਸਿਆਂ ਬਾਰੇ ਚਿੰਤਾ ਕਰਦੀ ਹੁੰਦੀ ਸੀ।” ਉਹ ਦੱਸਦੀ ਹੈ ਕਿ ਉਹ ਇਸ ਤਰ੍ਹਾਂ ਫ਼ਿਕਰ ਕਿਉਂ ਕਰਦੀ ਸੀ: “ਜੇ ਕੁਝ ਹੋ ਜਾਂਦਾ ਤਾਂ ਸਾਨੂੰ ਬਹੁਤ ਘਾਟਾ ਪੈਣਾ ਸੀ। ਤੁਹਾਡੇ ਕੋਲ ਜਿੰਨਾ ਜ਼ਿਆਦਾ ਹੁੰਦਾ ਹੈ ਤੁਹਾਨੂੰ ਉੱਨੀ ਹੀ ਜ਼ਿਆਦਾ ਘਾਟੇ ਦੀ ਚਿੰਤਾ ਹੁੰਦੀ ਹੈ। ਪੈਸਿਆਂ ਨਾਲ ਮੇਰੀ ਚਿੰਤਾ ਅਤੇ ਪਰੇਸ਼ਾਨੀ ਦੂਰ ਨਹੀਂ ਹੋਈ।”

ਜੇਕਰ ਤੁਹਾਨੂੰ ਲੱਗਦਾ ਹੈ ਕਿ ਸੁਖ ਪਾਉਣ ਲਈ ਤੁਹਾਡੇ ਕੋਲ ਬਥੇਰੇ ਪੈਸੇ ਨਹੀਂ ਹਨ ਤਾਂ ਆਪਣੇ ਆਪ ਤੋਂ ਪੁੱਛੋ, ‘ਅਸਲੀ ਮੁਸ਼ਕਲ ਕੀ ਹੈ? ਕੀ ਸੱਚ-ਮੁੱਚ ਤੁਹਾਨੂੰ ਪੈਸੇ ਦੀ ਕਮੀ ਹੈ, ਜਾਂ ਪੈਸੇ ਚਲਾਉਣ ਵਿਚ ਹੁਸ਼ਿਆਰੀ ਦੀ ਕਮੀ ਹੈ?’ ਆਪਣੇ ਗੁਜ਼ਰੇ ਹੋਏ ਕੱਲ੍ਹ ਉੱਤੇ ਵਿਚਾਰ ਕਰਦੀ ਹੋਈ ਲਿਜ਼ ਕਹਿੰਦੀ ਹੈ: “ਹੁਣ ਮੈਨੂੰ ਅਹਿਸਾਸ ਹੋਇਆ ਕਿ ਜਦ ਮੈਂ ਛੋਟੀ ਹੁੰਦੀ ਸੀ ਮੇਰੇ ਪਰਿਵਾਰ ਦੀਆਂ ਮੁਸ਼ਕਲਾਂ ਦੀ ਜੜ੍ਹ ਇਹ ਸੀ ਕਿ ਸਾਨੂੰ ਸਰਫ਼ਾ ਨਹੀਂ ਕਰਨਾ ਆਉਂਦਾ ਸੀ। ਅਸੀਂ ਹਰ ਚੀਜ਼ ਉਧਾਰ ਖ਼ਰੀਦਦੇ ਸਨ, ਇਸ ਲਈ ਅਸੀਂ ਹਮੇਸ਼ਾ ਕਰਜ਼ੇ ਹੇਠ ਰਹਿੰਦੇ ਸਨ। ਇਸ ਵਜੋਂ ਸਾਨੂੰ ਚਿੰਤਾ ਲੱਗੀ ਰਹਿੰਦੀ ਸੀ।”

ਪਰ ਅੱਜ ਲਿਜ਼ ਅਤੇ ਉਸ ਦਾ ਪਤੀ ਅੱਗੇ ਨਾਲੋਂ ਬਹੁਤ ਹੀ ਸੁਖੀ ਮਹਿਸੂਸ ਕਰਦੇ ਹਨ ਭਾਵੇਂ ਕਿ ਉਨ੍ਹਾਂ ਕੋਲ ਪਹਿਲਾਂ ਨਾਲੋਂ ਘੱਟ ਪੈਸੇ ਹਨ। ਜਦੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਸਿੱਖੀ ਤਾਂ ਉਨ੍ਹਾਂ ਨੇ ਰੁਪਏ-ਪੈਸੇ ਦੇ ਮਗਰ ਨੱਠਣ ਦੀ ਬਜਾਇ ਪਰਮੇਸ਼ੁਰ ਦੀ ਵਧੀਆ ਸਲਾਹ ਵੱਲ ਧਿਆਨ ਦਿੱਤਾ ਜਿਵੇਂ ਕਿ “ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।” (ਕਹਾਉਤਾਂ 1:33) ਉਹ ਦੋਵੇਂ ਆਪਣੀ ਜ਼ਿੰਦਗੀ ਵਿਚ ਅਸਲੀ ਮਕਸਦ ਚਾਹੁੰਦੇ ਸਨ ਜੋ ਕਿ ਇਕ ਵੱਡਾ ਬੈਂਕ ਅਕਾਊਂਟ ਉਨ੍ਹਾਂ ਨੂੰ ਨਹੀਂ ਦੇ ਸਕਦਾ ਸੀ। ਹੁਣ ਉਹ ਮਿਸ਼ਨਰੀਆਂ ਵਜੋਂ ਪਰਦੇਸ ਵਿਚ ਸੇਵਾ ਕਰ ਰਹੇ ਹਨ। ਲਿਜ਼ ਅਤੇ ਉਸ ਦਾ ਪਤੀ ਅਮੀਰ ਅਤੇ ਗ਼ਰੀਬ ਲੋਕਾਂ ਨੂੰ ਇਹ ਸਿਖਾ ਰਹੇ ਹਨ ਕਿ ਬਹੁਤ ਜਲਦੀ ਯਹੋਵਾਹ ਪਰਮੇਸ਼ੁਰ ਦੁਨੀਆਂ ਭਰ ਵਿਚ ਅਸਲੀ ਸੁਖ ਲਿਆਵੇਗਾ। ਇਸ ਕੰਮ ਤੋਂ ਉਨ੍ਹਾਂ ਨੂੰ ਗਹਿਰੀ ਸੰਤੁਸ਼ਟੀ ਅਤੇ ਦ੍ਰਿੜ੍ਹ ਰਹਿਣ ਲਈ ਹਿੰਮਤ ਮਿਲਦੀ ਹੈ ਜੋ ਧੰਨ-ਦੌਲਤ ਤੋਂ ਨਹੀਂ ਪਰ ਸਿਰਫ਼ ਇਕ ਉੱਤਮ ਮਕਸਦ ਅਤੇ ਵਧੀਆ ਕਦਰਾਂ-ਕੀਮਤਾਂ ਤੋਂ ਹੀ ਪਾਈ ਜਾਂਦੀ ਹੈ।

ਇਸ ਸੱਚਾਈ ਨੂੰ ਯਾਦ ਰੱਖੋਂ: ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ ਹੋਣਾ ਧਨ-ਦੌਲਤ ਇਕੱਠੀ ਕਰਨ ਨਾਲੋਂ ਜ਼ਿਆਦਾ ਕੀਮਤੀ ਹੈ। ਬਾਈਬਲ ਵਿਚ ਧਨ-ਦੌਲਤ ਉੱਤੇ ਜ਼ੋਰ ਦੇਣ ਦੀ ਬਜਾਇ ਯਹੋਵਾਹ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਕਾਇਮ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਇਹ ਰਿਸ਼ਤਾ ਅਸੀਂ ਉਸ ਦੀ ਇੱਛਾ ਉੱਤੇ ਚੱਲਣ ਦੁਆਰਾ ਹਮੇਸ਼ਾ ਲਈ ਕਾਇਮ ਰੱਖ ਸਕਦੇ ਹਾਂ। ਯਿਸੂ ਮਸੀਹ ਨੇ ਸਾਨੂੰ “ਪਰਮੇਸ਼ੁਰ ਦੇ ਅੱਗੇ ਧਨਵਾਨ” ਹੋਣ ਅਤੇ ‘ਸੁਰਗ ਵਿਚ ਧਨ’ ਇਕੱਠਾ ਕਰਨ ਲਈ ਹੌਸਲਾ ਦਿੱਤਾ।—ਲੂਕਾ 12:21, 33.

ਪਦਵੀ—ਤੁਸੀਂ ਕਿੱਥੇ ਤਕ ਪਹੁੰਚਣਾ ਚਾਹੁੰਦੇ ਹੋ?

ਜੇਕਰ ਤੁਹਾਨੂੰ ਲੱਗਦਾ ਹੈ ਕਿ ਕਾਮਯਾਬੀ ਦੀਆਂ ਸੀੜ੍ਹੀਆਂ ਚੜ੍ਹਨ ਦੁਆਰਾ ਤੁਸੀਂ ਸੁਖ ਪਾ ਸਕਦੇ ਹੋ ਤਾਂ ਆਪਣੇ ਆਪ ਤੋਂ ਪੁੱਛੋ: ‘ਇਨ੍ਹਾਂ ਸੀੜ੍ਹੀਆਂ ਤੇ ਕਿਹੜਾ ਇਨਸਾਨ ਸੱਚ-ਮੁੱਚ ਸੁਖੀ ਹੈ? ਸੁਖ ਪਾਉਣ ਲਈ ਮੈਨੂੰ ਕਿੰਨੀ ਕੁ ਤੁਰਕੀ ਕਰਨੀ ਪਵੇਗੀ?’ ਇਕ ਚੰਗੀ ਨੌਕਰੀ ਸ਼ਾਇਦ ਤੁਹਾਡੇ ਵਿਚ ਸੁਖ ਦੀ ਝੂਠੀ ਭਾਵਨਾ ਪੈਦਾ ਕਰੇ ਪਰ ਬਾਅਦ ਵਿਚ ਤੁਸੀਂ ਨਿਰਾਸ਼ਾ ਮਹਿਸੂਸ ਕਰੋ ਅਤੇ ਹੋ ਸਕਦਾ ਹੈ ਕਿ ਬਰਬਾਦ ਵੀ ਹੋ ਜਾਓ।

ਅਸਲੀ ਤਜਰਬੇ ਦਿਖਾਉਂਦੇ ਹਨ ਕਿ ਬੰਦਿਆਂ ਨਾਲ ਚੰਗਾ ਨਾਂ ਖੱਟਣ ਨਾਲੋਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨੇਕਨਾਮੀ ਖੱਟਣ ਤੋਂ ਸਾਨੂੰ ਕਿਤੇ ਜ਼ਿਆਦਾ ਸੁਖ ਮਿਲਦਾ ਹੈ। ਸਿਰਫ਼ ਯਹੋਵਾਹ ਹੀ ਇਨਸਾਨਾਂ ਨੂੰ ਸਦਾ ਦਾ ਜੀਵਨ ਬਖ਼ਸ਼ ਸਕਦਾ ਹੈ। ਇਸ ਵਿਚ ਸਾਡਾ ਨਾਂ ਪਰਮੇਸ਼ੁਰ ਦੀ ਜੀਵਨ ਦੀ ਪੋਥੀ ਵਿਚ ਲਿਖਣਾ ਸ਼ਾਮਲ ਹੈ, ਨਾ ਕਿ ਲੋਕਾਂ ਦੇ ਕਿਸੇ ਰਜਿਸਟਰ ਵਿਚ।—ਕੂਚ 32:32; ਪਰਕਾਸ਼ ਦੀ ਪੋਥੀ 3:5.

ਜਦੋਂ ਤੁਸੀਂ ਆਪਣਿਆਂ ਸੁਪਨਿਆਂ ਨੂੰ ਛੱਡ ਕੇ ਸਹੀ ਦਿਮਾਗ਼ ਨਾਲ ਸੋਚਦੇ ਹੋ, ਤਾਂ ਤੁਹਾਡੀ ਸਥਿਤੀ ਕਿਹੋ ਜਿਹੀ ਹੈ, ਅਤੇ ਤੁਸੀਂ ਸੱਚੀ-ਮੁੱਚੀ ਭਵਿੱਖ ਵਿਚ ਕਿਸ ਚੀਜ਼ ਦੀ ਉਮੀਦ ਰੱਖਦੇ ਹੋ? ਕਿਸੇ ਵੀ ਇਨਸਾਨ ਕੋਲ ਸਭ ਕੁਝ ਨਹੀਂ ਹੈ। ਇਕ ਬੁੱਧਵਾਨ ਮਸੀਹੀ ਨੇ ਕਿਹਾ ਸੀ ਕਿ “ਮੈਨੂੰ ਇਹ ਗੱਲ ਸਿੱਖਣੀ ਪਈ ਕਿ ਤੁਸੀਂ ਜ਼ਿੰਦਗੀ ਵਿਚ ਸਭ ਕੁਝ ਨਹੀਂ ਹਾਸਲ ਕਰ ਸਕਦੇ, ਸਗੋਂ ਤੁਹਾਨੂੰ ਚੋਣ ਕਰਨ ਦੀ ਲੋੜ ਹੈ ਕਿ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ ਅਤੇ ਕਿਹੜੀਆਂ ਨਹੀਂ।” ਬਾਕੀ ਦਾ ਲੇਖ ਪੜ੍ਹਨ ਤੋਂ ਪਹਿਲਾਂ “ਬੇਨਿਨ ਤੋਂ ਇਕ ਕਹਾਣੀ” ਨਾਂ ਦੀ ਡੱਬੀ ਪੜ੍ਹੋ।

ਹੁਣ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ਮੇਰੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਟੀਚਾ ਜਾਂ ਮਕਸਦ ਕੀ ਹੈ? ਮੈਂ ਸਿੱਧਾ ਹੀ ਆਪਣੇ ਟੀਚੇ ਤਕ ਕਿਸ ਤਰ੍ਹਾਂ ਪਹੁੰਚ ਸਕਦਾ ਹਾਂ? ਕੀ ਇਹ ਹੋ ਸਕਦਾ ਹੈ ਕਿ ਮੈਂ ਭਟਕ ਰਿਹਾ ਹਾਂ ਅਤੇ ਜੋ ਮੈਂ ਹਾਸਲ ਕਰਨਾ ਚਾਹੁੰਦਾ ਹਾਂ ਅਤੇ ਸੱਚ-ਮੁੱਚ ਹਾਸਲ ਕਰ ਸਕਦਾ ਹਾਂ, ਉਸ ਨੂੰ ਪਾਉਣ ਲਈ ਕੋਈ ਹੋਰ ਸੌਖਾ ਰਾਹ ਹੈ?

ਇਹ ਸਲਾਹ ਦੇਣ ਤੋਂ ਬਾਅਦ ਕਿ ਦੁਨਿਆਵੀ ਚੀਜ਼ਾਂ ਨਾਲੋਂ ਰੂਹਾਨੀ ਚੀਜ਼ਾਂ ਜ਼ਿਆਦਾ ਜ਼ਰੂਰੀ ਹਨ, ਯਿਸੂ ਨੇ ਕਿਹਾ ਕਿ ਆਪਣੀ ਅੱਖ “ਨਿਰਮਲ,” ਜਾਂ ਫੋਕਸ ਵਿਚ ਰੱਖੋ। (ਮੱਤੀ 6:22) ਉਸ ਨੇ ਇਹ ਗੱਲ ਸਪੱਸ਼ਟ ਕੀਤੀ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲਾਂ ਰੂਹਾਨੀ ਕਦਰਾਂ-ਕੀਮਤਾਂ ਅਤੇ ਟੀਚੇ ਸਨ ਜੋ ਪਰਮੇਸ਼ੁਰ ਦੇ ਨਾਂ ਅਤੇ ਉਸ ਦੇ ਰਾਜ ਉੱਤੇ ਕੇਂਦ੍ਰਿਤ ਹਨ ਅਤੇ ਜਿਨ੍ਹਾਂ ਵੱਲ ਸਾਨੂੰ ਆਪਣਾ ਪੂਰਾ ਧਿਆਨ ਫੋਕਸ ਕਰਨਾ ਚਾਹੀਦਾ ਹੈ। (ਮੱਤੀ 6:9, 10) ਬਾਕੀ ਦੀਆਂ ਚੀਜ਼ਾਂ ਘੱਟ ਮਹੱਤਵਪੂਰਣ ਹਨ, ਮਤਲਬ ਕਿ ਸਾਨੂੰ ਇਨ੍ਹਾਂ ਵੱਲ ਆਪਣਾ ਸਾਰਾ ਧਿਆਨ ਫੋਕਸ ਨਹੀਂ ਕਰਨਾ ਚਾਹੀਦਾ।

ਅੱਜ-ਕੱਲ੍ਹ ਬਹੁਤ ਸਾਰੇ ਕੈਮਰੇ ਆਪਣੇ ਆਪ ਦੂਰ ਅਤੇ ਨੇੜੇ ਦੀਆਂ ਚੀਜ਼ਾਂ ਉੱਤੇ ਫੋਕਸ ਕਰ ਸਕਦੇ ਹਨ। ਕੀ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ? ਕੀ ਹਰ ਚੀਜ਼ ਜਿਸ ਉੱਤੇ ਤੁਹਾਡੀ ਨਜ਼ਰ ਪੈਂਦੀ ਹੈ, ਫੋਕਸ ਵਿਚ ਹੈ, ਮਤਲਬ ਕਿ ਉਹ ਜ਼ਰੂਰੀ, ਸੁੰਦਰ ਅਤੇ ਤੁਹਾਡੇ ਖ਼ਿਆਲ ਵਿਚ ਹਾਸਲ ਹੋ ਸਕਦੀ ਹੈ? ਜੇਕਰ ਇਸ ਗੱਲ ਵਿਚ ਜ਼ਰਾ ਵੀ ਸੱਚਾਈ ਹੈ, ਤਾਂ ਇਕ ਮਸੀਹੀ ਵਜੋਂ ਤੁਹਾਡਾ ਧਿਆਨ ਸਭ ਤੋਂ ਜ਼ਰੂਰੀ ਚੀਜ਼ ਤੋਂ ਭਟਕ ਸਕਦਾ ਹੈ, ਯਾਨੀ ਦੂਸਰੀਆਂ ਚੀਜ਼ਾਂ ਕਾਰਨ ਤੁਹਾਡਾ ਧਿਆਨ ਪਰਮੇਸ਼ੁਰ ਦੇ ਰਾਜ ਤੋਂ ਭਟਕ ਸਕਦਾ ਹੈ। ਯਿਸੂ ਦੀ ਸਖ਼ਤ ਚੇਤਾਵਨੀ ਇਹ ਸੀ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਮੱਤੀ 6:33.

ਹੁਣ ਅਤੇ ਸਦਾ ਲਈ ਸੁਖੀ

ਅਸੀਂ ਸ਼ਾਇਦ ਸਾਰੇ ਜਣੇ ਆਪਣੇ ਲਈ ਅਤੇ ਆਪਣਿਆਂ ਸਾਕ-ਸੰਬੰਧੀਆਂ ਲਈ ਵਧੀਆਂ ਚੀਜ਼ਾਂ ਦੇ ਸੁਪਨੇ ਦੇਖੀਏ। ਪਰ ਅਸੀਂ ਅਪੂਰਣ ਹਾਂ, ਇਕ ਅਪੂਰਣ ਸੰਸਾਰ ਵਿਚ ਰਹਿੰਦੇ ਹਾਂ, ਅਤੇ ਸਾਡਾ ਪਲ ਭਰ ਦਾ ਜੀਵਨ ਹੈ, ਇਸ ਲਈ ਅਸੀਂ ਆਪਣਾ ਧਿਆਨ ਸਿਰਫ਼ ਉਨ੍ਹਾਂ ਚੀਜ਼ਾਂ ਉੱਤੇ ਲਾਉਣ ਲਈ ਮਜਬੂਰ ਹਾਂ ਜਿਨ੍ਹਾਂ ਨੂੰ ਅਸੀਂ ਸੱਚ-ਮੁੱਚ ਹਾਸਲ ਕਰ ਸਕਦੇ ਹਾਂ। ਹਜ਼ਾਰਾਂ ਸਾਲ ਪਹਿਲਾਂ ਬਾਈਬਲ ਦੇ ਇਕ ਲਿਖਾਰੀ ਨੇ ਸਮਝਾਇਆ ਕਿ “ਮੈਂ ਮੁੜ ਕੇ ਸੂਰਜ ਦੇ ਹੇਠ ਡਿੱਠਾ ਭਈ ਨਾ ਤਾਂ ਕਾਹਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਜੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਨਾ ਮੱਤ ਵਾਲਿਆਂ ਨੂੰ ਧਨ ਨਾ ਹੀ ਚਤਰਿਆਂ ਨੂੰ ਕਿਰਪਾ ਪਰ ਇਨ੍ਹਾਂ ਸਭਨਾਂ ਨੂੰ ਸਮੇਂ ਸਿਰ ਅਤੇ ਮੌਕੇ ਨਾਲ ਮਿਲਦਾ ਹੈ।”—ਉਪਦੇਸ਼ਕ ਦੀ ਪੋਥੀ 9:11.

ਕਦੇ-ਕਦੇ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਭੱਜ-ਦੌੜ ਵਿਚ ਇੰਨੇ ਫੱਸ ਜਾਂਦੇ ਹਾਂ ਕਿ ਅਸੀਂ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਕੌਣ ਹਾਂ ਅਤੇ ਅਸਲੀ ਸੁਖ ਪਾਉਣ ਲਈ ਸਾਨੂੰ ਸੱਚ-ਮੁੱਚ ਕਿਸ ਚੀਜ਼ ਦੀ ਜ਼ਰੂਰਤ ਹੈ। ਇਨ੍ਹਾਂ ਪ੍ਰਾਚੀਨ ਸ਼ਬਦਾਂ ਵੱਲ ਧਿਆਨ ਦਿਓ: “ਜੋ ਮਨੁੱਖ ਧਨ ਨੂੰ ਪਿਆਰ ਕਰਦਾ ਹੈ, ਉਹ ਕਦੀ ਵੀ ਤ੍ਰਿਪਤ ਨਹੀਂ ਹੋਵੇਗਾ। ਜੋ ਮਨੁੱਖ ਧਨੀ ਹੋਣਾ ਚਾਹੁੰਦਾ ਹੈ, ਉਹ ਕਦੀ ਆਪਣੀ ਇਛਾ ਅਨੁਸਾਰ ਸਭ ਕੁਝ ਪ੍ਰਾਪਤ ਨਹੀਂ ਕਰ ਸਕੇਗਾ, ਇਹ ਸਭ ਵਿਅਰਥ ਹੈ। ਇਕ ਮਿਹਨਤੀ ਮਜ਼ਦੂਰ ਕੋਲ ਬੇਸ਼ਕ ਬਹੁਤਾ ਪੇਟ ਭਰਨ ਲਈ ਨਾ ਹੋਵੇ, ਪਰ ਉਹ ਰਾਤ ਦੀ ਨੀਂਦ, ਤਾਂ ਆਰਾਮ ਨਾਲ ਲੈ ਸਕਦਾ ਹੈ, ਪਰ ਧਨੀ ਆਦਮੀ ਤਾਂ ਚਿੰਤਾ ਦੇ ਕਾਰਨ ਰਾਤ ਨੂੰ ਸੌਂ ਵੀ ਨਹੀਂ ਸਕਦਾ ਹੈ।” (ਉਪਦੇਸ਼ਕ 5:10, 12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਤੁਹਾਨੂੰ ਕਿਸ ਚੀਜ਼ ਤੋਂ ਸੁਖ ਮਿਲਦਾ ਹੈ?

ਜੇਕਰ ਤੁਸੀਂ ਵੀ ਜੋਜ਼ੁਏ ਵਾਂਗ ਵੱਡੇ-ਵੱਡੇ ਸੁਪਨੇ ਦੇਖਦੇ ਹੋ, ਤਾਂ ਕੀ ਤੁਸੀਂ ਆਪਣੇ ਟੀਚੇ ਬਦਲ ਸਕਦੇ ਹੋ? ਜੋ ਤੁਹਾਡੇ ਨਾਲ ਦਿਲੋਂ ਪਿਆਰ ਕਰਦੇ ਹਨ ਉਹ ਤੁਹਾਨੂੰ ਸਹਾਰਾ ਦੇਣਗੇ, ਠੀਕ ਜਿਵੇਂ ਜੋਜ਼ੁਏ ਦੇ ਪਰਿਵਾਰ ਅਤੇ ਮਸੀਹੀ ਕਲੀਸਿਯਾ ਵਿਚ ਉਸ ਦੇ ਦੋਸਤ-ਮਿੱਤਰਾਂ ਨੇ ਉਸ ਨੂੰ ਸਹਾਰਾ ਦਿੱਤਾ ਸੀ। ਤੁਸੀਂ ਸ਼ਾਇਦ ਸ਼ਹਿਰ ਦੀ ਅਮੀਰੀ ਅਤੇ ਧੋਖੇਬਾਜ਼ ਲੋਕਾਂ ਵਿਚ ਰਹਿਣ ਨਾਲੋਂ ਗ਼ਰੀਬ ਆਂਢ-ਗੁਆਂਢ ਅਤੇ ਆਪਣੇ ਸਾਕ-ਸੰਬੰਧੀਆਂ ਵਿਚ ਰਹਿ ਕੇ ਜ਼ਿਆਦਾ ਸੁਖ ਪਾਓਗੇ।

ਜੇਕਰ ਤੁਹਾਡੇ ਕੋਲ ਪਹਿਲਾਂ ਹੀ ਕਾਫ਼ੀ ਕੁਝ ਹੈ, ਤਾਂ ਕੀ ਤੁਸੀਂ ਲਿਜ਼ ਅਤੇ ਉਸ ਦੇ ਪਤੀ ਵਾਂਗ ਆਪਣਾ ਜੀਵਨ-ਢੰਗ ਬਦਲ ਕੇ ਆਪਣਾ ਸਮਾਂ ਅਤੇ ਤਾਕਤ ਦੂਸਰਿਆਂ ਲੋਕਾਂ ਦੀ ਮਦਦ ਕਰਨ ਵਿਚ ਲਗਾ ਸਕਦੇ ਹੋ? ਕੀ ਤੁਸੀਂ ਅਮੀਰ ਅਤੇ ਗ਼ਰੀਬ ਲੋਕਾਂ ਦੀ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣ ਵਿਚ ਮਦਦ ਕਰ ਸਕਦੇ ਹੋ, ਜਿਸ ਤੋਂ ਉਨ੍ਹਾਂ ਨੂੰ ਵੀ ਅਸਲੀ ਸੁਖ ਮਿਲ ਸਕਦਾ ਹੈ?

ਜੇ ਤੁਸੀਂ ਤਰੱਕੀ ਜਾਂ ਕਾਮਯਾਬੀ ਦੀਆਂ ਸੀੜ੍ਹੀਆਂ ਚੜ੍ਹਦੇ ਆਏ ਹੋ ਤਾਂ ਇਸ ਬਾਰੇ ਵਿਚਾਰ ਕਰਨਾ ਚੰਗਾ ਹੋਵੇਗਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ। ਇਹ ਸੱਚ ਹੈ ਕਿ ਐਸ਼ੋ-ਆਰਾਮ ਵਾਲੀਆਂ ਕੁਝ ਚੀਜ਼ਾਂ ਨਾਲ ਸ਼ਾਇਦ ਤੁਸੀਂ ਜ਼ਿੰਦਗੀ ਦਾ ਹੋਰ ਵੀ ਮਜ਼ਾ ਲੈ ਸਕੋ। ਪਰ ਕੀ ਤੁਸੀਂ ਪਰਮੇਸ਼ੁਰ ਦੇ ਰਾਜ ਉੱਤੇ ਧਿਆਨ ਰੱਖ ਸਕਦੇ ਹੋ, ਜਿਸ ਦੁਆਰਾ ਅਸਲੀ ਅਤੇ ਸਦੀਵੀ ਸੁਖ ਸੱਚ-ਮੁੱਚ ਮਿਲ ਸਕਦਾ ਹੈ? ਯਿਸੂ ਦੇ ਸ਼ਬਦ ਯਾਦ ਰੱਖੋ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਜੇ ਤੁਸੀਂ ਮਸੀਹੀ ਕਲੀਸਿਯਾ ਦੇ ਕੰਮਾਂ-ਕਾਰਾਂ ਵਿਚ ਹਿੱਸਾ ਲਵੋਗੇ, ਤਾਂ ਤੁਸੀਂ ਜ਼ਰੂਰ ਸੁਖੀ ਹੋਵੋਗੇ।

ਜੋ ਲੋਕ ਯਹੋਵਾਹ ਅਤੇ ਉਸ ਦੇ ਰਾਜ ਉੱਤੇ ਆਪਣਾ ਪੂਰਾ ਭਰੋਸਾ ਰੱਖਦੇ ਹਨ ਉਹ ਹੁਣ ਵੀ ਸੁਖੀ ਹਨ ਅਤੇ ਭਵਿੱਖ ਵਿਚ ਅਸਲੀ ਸੁਖ ਦੀ ਉਮੀਦ ਰੱਖਦੇ ਹਨ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ। ਇਸ ਕਰਕੇ ਮੇਰਾ ਦਿਲ ਅਨੰਦ ਹੋਇਆ ਅਤੇ ਮੇਰੀ ਰੂਹ ਨਿਹਾਲ ਹੋਈ, ਮੇਰਾ ਸਰੀਰ ਵੀ ਚੈਨ ਵਿੱਚ ਵੱਸੇਗਾ।”—ਜ਼ਬੂਰ 16:8, 9.

ਬੇਨਿਨ ਤੋਂ ਇਕ ਕਹਾਣੀ

ਇਹ ਕਹਾਣੀ ਹਜ਼ਾਰ ਵਾਰ ਅਦਲ-ਬਦਲ ਕੇ ਦੱਸੀ ਜਾ ਚੁੱਕੀ ਹੈ। ਹਾਲ ਹੀ ਦੇ ਸਮੇਂ ਵਿਚ ਪੱਛਮੀ ਅਫ਼ਰੀਕਾ ਦੇ ਬੇਨਿਨ ਦੇਸ਼ ਵਿਚ, ਪਿੰਡ ਦੇ ਇਕ ਸਿਆਣੇ ਆਦਮੀ ਨੇ ਕੁਝ ਬੱਚਿਆਂ ਨੂੰ ਇਹ ਕਹਾਣੀ ਇਸ ਤਰ੍ਹਾਂ ਸੁਣਾਈ:

ਇਕ ਮਛਿਆਰਾ ਆਪਣੀ ਛੋਟੀ ਜਿਹੀ ਕਿਸ਼ਤੀ ਵਿਚ ਘਰ ਵਾਪਸ ਆਇਆ ਅਤੇ ਉਸ ਦੀ ਮੁਲਾਕਾਤ ਇਕ ਬਾਹਰੋਂ ਆਏ ਪੜ੍ਹੇ-ਲਿਖੇ ਬੰਦੇ ਨਾਲ ਹੋਈ ਜੋ ਇਸ ਗ਼ਰੀਬ ਦੇਸ਼ ਵਿਚ ਕੰਮ ਕਰ ਰਿਹਾ ਸੀ। ਇਸ ਮਾਹਰ ਨੇ ਮਛਿਆਰੇ ਨੂੰ ਪੁੱਛਿਆ ਕਿ ਉਹ ਇੰਨੀ ਜਲਦੀ ਘਰ ਵਾਪਸ ਕਿਉਂ ਆ ਗਿਆ ਸੀ। ਉਸ ਨੇ ਜਵਾਬ ਦਿੱਤਾ ਕਿ ਉਹ ਜ਼ਿਆਦਾ ਚਿਰ ਕੰਮ ਕਰ ਸਕਦਾ ਸੀ ਪਰ ਉਸ ਨੇ ਆਪਣੇ ਪਰਿਵਾਰ ਦੇ ਗੁਜ਼ਾਰੇ ਜੋਗੀਆਂ ਬਥੇਰੀਆਂ ਮੱਛੀਆਂ ਫੜ ਲਈਆਂ ਸਨ।

ਮਾਹਰ ਨੇ ਉਸ ਨੂੰ ਪੁੱਛਿਆ: “ਤਾਂ, ਤੁਸੀਂ ਆਪਣੇ ਸਮੇਂ ਵਿਚ ਕੀ-ਕੀ ਕਰਦੇ ਹੋ?”

ਮਛਿਆਰੇ ਨੇ ਜਵਾਬ ਦਿੱਤਾ ਕਿ “ਮੈਂ ਥੋੜ੍ਹੇ ਸਮੇਂ ਲਈ ਮੱਛੀਆਂ ਫੜਨ ਜਾਂਦਾ ਹਾਂ। ਫਿਰ ਆਪਣੇ ਬੱਚਿਆਂ ਨਾਲ ਖੇਡਦਾ ਹਾਂ। ਅਤੇ ਦੁਪਹਿਰ ਵੇਲੇ ਜਦ ਬਹੁਤ ਗਰਮੀ ਹੋ ਜਾਂਦੀ ਹੈ ਅਸੀਂ ਸਾਰੇ ਜਣੇ ਥੋੜ੍ਹਾ ਜਿਹਾ ਆਰਾਮ ਕਰ ਲੈਂਦੇ ਹਾਂ। ਸ਼ਾਮ ਨੂੰ ਅਸੀਂ ਇਕੱਠੇ ਬੈਠ ਕੇ ਰੋਟੀ ਖਾਂਦੇ ਹਾਂ। ਅਤੇ ਬਾਅਦ ਵਿਚ ਮੈਂ ਸੰਗੀਤ ਲਈ ਜਾਂ ਕੁਝ ਹੋਰ ਕਰਨ ਲਈ ਆਪਣਿਆਂ ਦੋਸਤਾਂ ਨਾਲ ਮਿਲਦਾ ਹੁੰਦਾ ਹਾਂ।”

ਮਾਹਰ ਨੇ ਗੱਲ ਟੋਕ ਕੇ ਕਿਹਾ: “ਦੇਖੋ, ਮੈਂ ਇਨ੍ਹਾਂ ਗੱਲਾਂ ਵਿਚ ਕਾਫ਼ੀ ਪੜ੍ਹਿਆ-ਲਿਖਿਆ ਹਾਂ ਅਤੇ ਮੈਂ ਯੂਨੀਵਰਸਿਟੀ ਦੀ ਡਿਗਰੀ ਹਾਸਲ ਕਰ ਚੁੱਕਾ ਹਾਂ। ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ ਹਾਂ। ਤੁਹਾਨੂੰ ਜ਼ਿਆਦਾ ਸਮੇਂ ਲਈ ਮੱਛੀਆਂ ਫੜਨ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਹੋਰ ਪੈਸੇ ਕਮਾ ਸਕਦੇ ਹੋ ਅਤੇ ਬਹੁਤ ਜਲਦੀ ਆਪਣੀ ਛੋਟੀ ਜਿਹੀ ਕਿਸ਼ਤੀ ਦੀ ਥਾਂ ਇਕ ਵੱਡੀ ਕਿਸ਼ਤੀ ਲੈ ਸਕਦੇ ਹੋ। ਵੱਡੀ ਕਿਸ਼ਤੀ ਨਾਲ ਤੁਸੀਂ ਹੋਰ ਵੀ ਜ਼ਿਆਦਾ ਪੈਸਾ ਕਮਾ ਸਕੋਗੇ ਅਤੇ ਜਲਦੀ ਹੀ ਜਹਾਜ਼ਾਂ ਦਾ ਬੇੜਾ ਖੜ੍ਹਾ ਕਰ ਸਕੋਗੇ।”

“ਅਤੇ ਉਸ ਤੋਂ ਬਾਅਦ?” ਮਛਿਆਰੇ ਨੇ ਪੁੱਛਿਆ।

“ਫਿਰ, ਕਿਸੇ ਵਪਾਰੀ ਦੁਆਰਾ ਮੱਛੀਆਂ ਵੇਚਣ ਦੀ ਬਜਾਇ ਤੁਸੀਂ ਸਿੱਧੇ ਹੀ ਫੈਕਟਰੀ ਵਾਲਿਆਂ ਨਾਲ ਸੌਦਾ ਕਰ ਸਕੋਗੇ ਜਾਂ ਮੱਛੀਆਂ ਤਿਆਰ ਕਰਨ ਵਾਲੀ ਆਪਣੀ ਹੀ ਫੈਕਟਰੀ ਸ਼ੁਰੂ ਕਰ ਸਕੋਗੇ। ਤੁਸੀਂ ਆਪਣਾ ਪਿੰਡ ਛੱਡ ਕੇ ਕੋਟਾਨੂੰ, ਜਾਂ ਪੈਰਿਸ, ਜਾਂ ਨਿਊਯਾਰਕ ਜਾ ਕੇ ਆਪਣਾ ਸਾਰਾ ਕਾਰੋਬਾਰ ਉੱਥੋਂ ਚਲਾ ਸਕੋਗੇ। ਤੁਸੀਂ ਆਪਣਾ ਧੰਦਾ ਸਟਾਕ ਐਕਸਚੇਂਜ ਤੇ ਲਗਾਉਣ ਬਾਰੇ ਵੀ ਸੋਚ ਸਕਦੇ ਹੋ ਅਤੇ ਕਰੋੜਪਤੀ ਬਣ ਸਕਦੇ ਹੋ।”

ਮਛਿਆਰੇ ਨੇ ਅੱਗੇ ਪੁੱਛਿਆ: “ਇਹ ਸਭ ਕੁਝ ਕਰਨ ਲਈ ਕਿੰਨਾ ਕੁ ਸਮਾਂ ਲੱਗੇਗਾ?”

“ਸ਼ਾਇਦ ਕੁਝ 15 ਤੋਂ 20 ਸਾਲ,” ਮਾਹਰ ਨੇ ਜਵਾਬ ਦਿੱਤਾ।

“ਤਾਂ ਫਿਰ ਕੀ ਹੋਵੇਗਾ?” ਮਛਿਆਰੇ ਨੇ ਅੱਗੇ ਪੁੱਛਿਆ।

“ਫਿਰ ਜ਼ਿੰਦਗੀ ਮਜ਼ੇਦਾਰ ਬਣੇਗੀ,” ਮਾਹਰ ਨੇ ਸਮਝਾਇਆ। “ਫਿਰ ਤੁਸੀਂ ਰਿਟਾਇਰ ਹੋ ਸਕਦੇ ਹੋ। ਤੁਸੀਂ ਦੌੜ-ਭੱਜ ਤੋਂ ਆਰਾਮ ਕਰ ਕੇ ਕਿਸੇ ਦੂਰ ਦੇ ਛੋਟੇ ਜਿਹੇ ਪਿੰਡ ਵਿਚ ਜਾ ਕੇ ਵਸ ਸਕਦੇ ਹੋ।”

“ਤਾਂ ਉਸ ਤੋਂ ਬਾਅਦ ਕੀ ਹੋਵੇਗਾ?” ਮਛਿਆਰੇ ਨੇ ਪੁੱਛਿਆ।

“ਫਿਰ ਕਦੀ-ਕਦਾਈਂ ਮੱਛੀਆਂ ਫੜਨ ਲਈ, ਆਪਣੇ ਬੱਚਿਆਂ ਨਾਲ ਖੇਡਣ ਲਈ, ਦੁਪਹਿਰ ਵੇਲੇ ਥੋੜ੍ਹਾ ਜਿਹਾ ਆਰਾਮ ਕਰਨ ਲਈ, ਪਰਿਵਾਰ ਨਾਲ ਬੈਠ ਕੇ ਰਾਤ ਦੀ ਰੋਟੀ ਖਾਣ ਲਈ, ਅਤੇ ਸੰਗੀਤ ਲਈ ਆਪਣਿਆਂ ਦੋਸਤ-ਮਿੱਤਰਾਂ ਨਾਲ ਮਿਲਣ ਲਈ ਤੁਹਾਡੇ ਕੋਲ ਸਮਾਂ ਹੋਵੇਗਾ।”

[ਸਫ਼ੇ 7 ਉੱਤੇ ਤਸਵੀਰ]

ਕੀ ਪ੍ਰਮੋਸ਼ਨ ਤੋਂ ਸੁਖ ਮਿਲਦਾ ਹੈ?

[ਸਫ਼ੇ 8 ਉੱਤੇ ਤਸਵੀਰ]

ਤੁਹਾਡੇ ਸੰਗੀ ਭੈਣ-ਭਰਾਵਾਂ ਨੂੰ ਸੱਚ-ਮੁੱਚ ਤੁਹਾਡੇ ਸੁਖ ਦੀ ਚਿੰਤਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ