ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 10/8 ਸਫ਼ੇ 4-6
  • ਸੁਖੀ ਜੀਵਨ ਦੀ ਭਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੁਖੀ ਜੀਵਨ ਦੀ ਭਾਲ
  • ਜਾਗਰੂਕ ਬਣੋ!—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਉੱਚ ਸਿੱਖਿਆ
  • ਕੀ 10,000 ਚੀਜ਼ਾਂ ਕਾਫ਼ੀ ਹਨ?
  • ਚੌਕਸ ਰਹੋ!
  • ਬੀਮਾਰੀ ਦਾ ਇਲਾਜ ਕਰੋ—ਨਾ ਕਿ ਸਿਰਫ਼ ਲੱਛਣਾਂ ਦਾ
  • ਵਧੀਆ ਭਵਿੱਖ ਪਾਉਣ ਦਾ ਤਰੀਕਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2021
  • ਕੀ ਜ਼ਿਆਦਾ ਪੜ੍ਹਾਈ-ਲਿਖਾਈ ਅਤੇ ਪੈਸੇ ਨਾਲ ਸਾਡਾ ਭਵਿੱਖ ਵਧੀਆ ਹੋ ਸਕਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2021
  • ਸਦਾ ਲਈ ਇਕ ਸੁਖੀ ਜੀਵਨ
    ਜਾਗਰੂਕ ਬਣੋ!—1998
  • ਹੁਣ ਅਤੇ ਸਦਾ ਲਈ ਸੁਖੀ ਰਹਿਣਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਹੋਰ ਦੇਖੋ
ਜਾਗਰੂਕ ਬਣੋ!—1998
g98 10/8 ਸਫ਼ੇ 4-6

ਸੁਖੀ ਜੀਵਨ ਦੀ ਭਾਲ

ਵੱਖੋ-ਵੱਖਰੇ ਇਨਸਾਨਾਂ ਲਈ ਸੁਖ ਦਾ ਅਰਥ ਵੱਖੋ-ਵੱਖਰਾ ਹੁੰਦਾ ਹੈ। ਕਿਸੇ ਲਈ ਨੌਕਰੀ ਸੁਖ ਹੈ; ਦੂਸਰੇ ਲਈ ਦੌਲਤ; ਤੀਸਰੇ ਲਈ ਅਜਿਹੀ ਜਗ੍ਹਾ ਜਿੱਥੇ ਅਪਰਾਧ ਨਹੀਂ ਹੈ। ਕੀ ਤੁਹਾਡੇ ਲਈ ਇਸ ਦਾ ਮਤਲਬ ਕੁਝ ਹੋਰ ਹੈ?

ਤੁਸੀਂ ਜੋ ਵੀ ਮੰਨੋ, ਆਪਣੀ ਜ਼ਿੰਦਗੀ ਨੂੰ ਤੁਸੀਂ ਉੱਨਾ ਹੀ ਸੁਖੀ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਜਿੰਨਾ ਤੁਸੀਂ ਚਾਹੁੰਦੇ ਹੋ। ਗੌਰ ਕਰੋ ਕਿ ਯੂਰਪ ਦੇ ਵਾਸੀ ਨਿੱਜੀ ਸੁਖ ਹਾਸਲ ਕਰਨ ਲਈ ਕੀ ਕਰ ਰਹੇ ਹਨ।

ਉੱਚ ਸਿੱਖਿਆ

ਯੂਰਪੀ ਕਮਿਸ਼ਨ ਦੇ ਮੁਖੀ, ਯਾਕ ਸਾਂਟੇ ਦੇ ਮੁਤਾਬਕ ਯੂਰਪੀ ਸੰਘ ਦੇ 20 ਪ੍ਰਤਿਸ਼ਤ ਨੌਜਵਾਨ ਬੇਰੋਜ਼ਗਾਰ ਹਨ। ਇਸ ਲਈ, ਨੌਜਵਾਨ ਇਹ ਸਵਾਲ ਪੁੱਛਦੇ ਹਨ, ‘ਮੈਨੂੰ ਅਜਿਹੀ ਨੌਕਰੀ ਕਿਸ ਤਰ੍ਹਾਂ ਮਿਲ ਸਕਦੀ ਹੈ ਜਿਸ ਨਾਲ ਮੇਰੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਵੇ?’ ਕਈਆਂ ਦਾ ਇਹ ਖ਼ਿਆਲ ਹੈ ਕਿ ਇਸ ਟੀਚੇ ਨੂੰ ਉੱਚ ਸਿੱਖਿਆ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਲੰਡਨ ਦੇ ਸੰਡੇ ਟਾਈਮਜ਼ ਅਨੁਸਾਰ ਅਜਿਹੀ ਸਿੱਖਿਆ ਵਿਦਿਆਰਥੀਆਂ ਲਈ “ਨੌਕਰੀ ਲੱਭਣ ਵਿਚ ਕਾਫ਼ੀ ਲਾਭਦਾਇਕ” ਹੁੰਦੀ ਹੈ।

ਮਿਸਾਲ ਲਈ, ਜਰਮਨੀ ਵਿਚ ਇਕ ਵਿਦਿਆਰਥੀ ਲਈ ਯੂਨੀਵਰਸਿਟੀ ਕੋਰਸ ਕਰਨ ਦਾ ਖ਼ਰਚਾ ਆਮ ਤੌਰ ਤੇ ਲਗਭਗ 55,000 ਡਾਲਰ ਹੁੰਦਾ ਹੈ। ਇਸ ਦੇ ਬਾਵਜੂਦ, ਨਾਸੋਇਸ਼ੇ ਨੌਏ ਪ੍ਰੈਸੇ ਰਿਪੋਰਟ ਕਰਦਾ ਹੈ ਕਿ “ਯੂਨੀਵਰਸਿਟੀ ਸਿੱਖਿਆ ਅਤੇ ਉਸ ਸੰਬੰਧੀ ਦਰਜਾ ਹਾਸਲ ਕਰਨ ਦੀ ਇੱਛਾ ਪਹਿਲਾਂ ਜਿੰਨੀ ਹੀ ਹੈ।”

ਜਿਹੜੇ ਨੌਜਵਾਨ ਚੰਗੀ ਪੜ੍ਹਾਈ ਕਰਨੀ ਚਾਹੁੰਦੇ ਹਨ ਅਤੇ ਪੱਕੀ ਨੌਕਰੀ ਦੀ ਇੱਛਾ ਰੱਖਦੇ ਹਨ, ਉਨ੍ਹਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਅਤੇ ਜਿਹੜੇ ਨੌਜਵਾਨ ਪੜ੍ਹੇ-ਲਿਖੇ ਹਨ, ਉਨ੍ਹਾਂ ਨੂੰ ਨੌਕਰੀ ਜਲਦੀ ਮਿਲ ਸਕਦੀ ਹੈ। ਪਰ ਕੀ ਅਜਿਹੀ ਪੜ੍ਹਾਈ ਕਰਕੇ ਹਮੇਸ਼ਾ ਪੱਕੀ ਨੌਕਰੀ ਮਿਲਣ ਦੀ ਆਸ ਹੁੰਦੀ ਹੈ? ਇਕ ਵਿਦਿਆਰਥਣ ਨੇ ਕਿਹਾ: “ਮੈਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਮੈਨੂੰ ਮੇਰੇ ਕੋਰਸ ਤੋਂ ਕੋਈ ਖ਼ਾਸ ਫ਼ਾਇਦਾ ਨਹੀਂ ਹੋਵੇਗਾ, ਅਤੇ ਨਾ ਹੀ ਇਸ ਨਾਲ ਮੇਰੇ ਜੀਵਨ ਨੂੰ ਸੁੱਖ ਮਿਲੇਗਾ।” ਸਿਰਫ਼ ਇਹ ਵਿਦਿਆਰਥਣ ਹੀ ਇਸ ਤਰ੍ਹਾਂ ਨਹੀਂ ਸੋਚਦੀ ਹੈ। ਕੁਝ ਸਮਾਂ ਪਹਿਲਾਂ, ਜਰਮਨੀ ਵਿਚ ਯੂਨੀਵਰਸਿਟੀ ਦੇ ਬੇਰੋਜ਼ਗਾਰ ਗ੍ਰੈਜੂਏਟਾਂ ਦੀ ਗਿਣਤੀ ਸਿਖਰ ਤਕ ਪਹੁੰਚ ਗਈ ਸੀ।

ਇਕ ਅਖ਼ਬਾਰ ਦੇ ਮੁਤਾਬਕ, ਫਰਾਂਸ ਵਿਚ ਨੌਜਵਾਨ ਯੂਨੀਵਰਸਿਟੀ ਵਿਚ ਇਸ ਕਰਕੇ ਜਾਂਦੇ ਹਨ, ਕਿਉਂਕਿ ਇੰਨੇ ਜ਼ਿਆਦਾ ਨੌਜਵਾਨਾਂ ਦੀ ਬੇਰੋਜ਼ਗਾਰੀ ਕਰਕੇ ਹਾਈ-ਸਕੂਲ ਦੇ ਡਿਪਲੋਮੇ ਦੀ ਕੋਈ ਕਦਰ ਨਹੀਂ ਹੈ। ਫਿਰ ਵੀ, ਯੂਨੀਵਰਸਿਟੀ ਦੇ ਕਈ ਵਿਦਿਆਰਥੀ ਇਹ ਯਕੀਨ ਕਰਦੇ ਹਨ ਕਿ ਉਨ੍ਹਾਂ ਦੀ ਪੜ੍ਹਾਈ ਦੇ ਅੰਤ ਵਿਚ, “ਉਨ੍ਹਾਂ ਦੇ ਹੱਥਾਂ ਵਿਚ ਡਿਗਰੀ ਹੋਣ ਦਾ ਵੀ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ।” ਦੀ ਇੰਡੀਪੇਨਡੰਟ ਰਿਪੋਰਟ ਕਰਦਾ ਹੈ ਕਿ ਬਰਤਾਨੀਆ ਵਿਚ “ਸਿੱਖਿਆ ਸੰਬੰਧੀ ਤਣਾਅ ਵਿਦਿਆਰਥੀਆਂ ਦਾ ਬੁਰਾ ਹਾਲ ਕਰ ਰਿਹਾ ਹੈ।” ਇਹ ਵੀ ਰਿਪੋਰਟ ਕੀਤਾ ਗਿਆ ਹੈ ਕਿ ਜ਼ਿੰਦਗੀ ਦੀ ਬੇਚੈਨੀ ਦਾ ਸਾਮ੍ਹਣਾ ਕਰਨ ਵਾਸਤੇ ਮਦਦ ਦੇਣ ਦੀ ਬਜਾਇ, ਵਿਦਿਆਰਥੀ-ਜੀਵਨ ਬਹੁਤ ਸਾਰੀਆਂ ਤਕਲੀਫ਼ਾਂ ਦਾ ਕਾਰਨ ਬਣਦਾ ਜਾ ਰਿਹਾ ਹੈ, ਜਿਵੇਂ ਕਿ ਡਿਪਰੈਸ਼ਨ, ਚਿੰਤਾ, ਅਤੇ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਨਾ।

ਪੱਕੀ ਨੌਕਰੀ ਪ੍ਰਾਪਤ ਕਰਨ ਵਾਸਤੇ, ਕਿਸੇ ਡਿਗਰੀ ਨਾਲੋਂ ਕੋਈ ਕਿੱਤਾ ਸਿੱਖਣਾ ਜਾਂ ਉਤਪਾਦਨ ਦੇ ਖੇਤਰ ਵਿਚ ਕੋਈ ਤਸੱਲੀਬਖ਼ਸ਼ ਸਿਖਲਾਈ ਲੈਣੀ, ਸਾਡੀ ਅਕਸਰ ਮਦਦ ਕਰ ਸਕਦੇ ਹਨ।

ਕੀ 10,000 ਚੀਜ਼ਾਂ ਕਾਫ਼ੀ ਹਨ?

ਬਹੁਤ ਲੋਕ ਮੰਨਦੇ ਹਨ ਕਿ ਸੁਖੀ ਜੀਵਨ ਦਾ ਰਾਜ਼ ਹੈ ਦੌਲਤ। ਇਹ ਸ਼ਾਇਦ ਸਹੀ ਲੱਗੇ, ਕਿਉਂਕਿ ਬੈਂਕ ਦੇ ਖਾਤੇ ਵਿਚ ਚੰਗੇ ਜਮ੍ਹਾ ਪੈਸੇ ਮੁਸੀਬਤ ਦੇ ਵੇਲੇ ਕੰਮ ਆਉਂਦੇ ਹਨ। ਬਾਈਬਲ ਕਹਿੰਦੀ ਹੈ ਕਿ ‘ਧਨ ਦਾ ਸਾਯਾ ਹੈ।’ (ਉਪਦੇਸ਼ਕ ਦੀ ਪੋਥੀ 7:12) ਲੇਕਿਨ, ਕੀ ਦੌਲਤ ਇਕੱਠੀ ਕਰਨ ਨਾਲ ਹਮੇਸ਼ਾ ਸਾਨੂੰ ਜ਼ਿਆਦਾ ਸੁਖ ਮਿਲਦਾ ਹੈ?

ਇਹ ਜ਼ਰੂਰੀ ਨਹੀਂ ਹੈ। ਗੌਰ ਕਰੋ ਕਿ ਪਿਛਲੇ 50 ਸਾਲਾਂ ਵਿਚ ਦੌਲਤ ਕਿੰਨੀ ਵੱਧ ਗਈ ਹੈ। ਵਿਸ਼ਵ ਯੁੱਧ II ਦੇ ਅੰਤ ਤੇ, ਜ਼ਿਆਦਾਤਰ ਜਰਮਨ-ਵਾਸੀਆਂ ਦੇ ਪੱਲੇ ਸਮਝੋ ਕੁਝ ਵੀ ਨਹੀਂ ਸੀ। ਇਕ ਜਰਮਨ ਅਖ਼ਬਾਰ ਦੇ ਮੁਤਾਬਕ, ਅੱਜ-ਕੱਲ੍ਹ ਜਰਮਨੀ ਦੇ ਇਕ ਸਾਧਾਰਣ ਵਾਸੀ ਕੋਲ 10,000 ਚੀਜ਼ਾਂ ਹਨ। ਜੇ ਆਰਥਿਕ ਮਾਮਲਿਆਂ ਸੰਬੰਧੀ ਭਵਿੱਖਬਾਣੀਆਂ ਸਹੀ ਹਨ, ਤਾਂ ਆਉਣ ਵਾਲੀਆਂ ਪੀੜ੍ਹੀਆਂ ਕੋਲ ਹੋਰ ਵੀ ਜ਼ਿਆਦਾ ਚੀਜ਼ਾਂ ਹੋਣਗੀਆਂ। ਪਰ ਕੀ ਇੰਨੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਨ ਨਾਲ ਜੀਵਨ ਸੁਖੀ ਬਣ ਜਾਂਦਾ ਹੈ? ਨਹੀਂ। ਜਰਮਨੀ ਵਿਚ ਇਕ ਸਰਵੇਖਣ ਨੇ ਦਿਖਾਇਆ ਕਿ ਤਿੰਨਾਂ ਵਿੱਚੋਂ ਦੋ ਇਨਸਾਨ ਮੰਨਦੇ ਹਨ ਕਿ 20-30 ਸਾਲ ਪਹਿਲਾਂ ਨਾਲੋਂ ਹੁਣ ਜੀਵਨ ਘੱਟ ਸੁਖੀ ਹੈ। ਇਸ ਤਰ੍ਹਾਂ ਦੌਲਤ ਵਿਚ ਇੰਨੇ ਜ਼ਿਆਦਾ ਵਾਧੇ ਨੇ ਲੋਕਾਂ ਨੂੰ ਹੋਰ ਸੁਖੀ ਨਹੀਂ ਬਣਾਇਆ ਹੈ।

ਇਹ ਅਸੀਂ ਸਮਝ ਸਕਦੇ ਹਾਂ ਕਿਉਂਕਿ, ਜਿਵੇਂ ਪਹਿਲੇ ਲੇਖ ਵਿਚ ਅਸੀਂ ਦੇਖਿਆ ਸੀ, ਬੇਚੈਨੀ ਮਹਿਸੂਸ ਕਰਨੀ ਸਾਡੇ ਲਈ ਇਕ ਜਜ਼ਬਾਤੀ ਬੋਝ ਹੈ। ਅਤੇ ਧਨ ਇਕੱਠਾ ਕਰਨ ਨਾਲ ਜਜ਼ਬਾਤੀ ਬੋਝ ਨੂੰ ਪੂਰੀ ਤਰ੍ਹਾਂ ਘਟਾਇਆ ਨਹੀਂ ਜਾ ਸਕਦਾ। ਇਹ ਸੱਚ ਹੈ ਕਿ ਦੌਲਤ ਗ਼ਰੀਬੀ ਤੋਂ ਬਚਾਉਂਦੀ ਹੈ ਅਤੇ ਤੰਗੀ ਦੇ ਸਮੇਂ ਕੰਮ ਆਉਂਦੀ ਹੈ। ਪਰ ਕਈ ਵਾਰ ਜ਼ਿਆਦਾ ਜਾਂ ਘੱਟ ਪੈਸੇ ਹੋਣ ਦਾ ਬੋਝ ਉੱਨਾ ਹੀ ਹੁੰਦਾ ਹੈ।

ਇਸ ਕਰਕੇ, ਪੈਸਿਆਂ ਤੇ ਚੀਜ਼ਾਂ ਪ੍ਰਤੀ ਇਕ ਚੰਗਾ ਰਵੱਈਆ ਇਸ ਗੱਲ ਨੂੰ ਯਾਦ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਕਿ ਦੌਲਤ ਇਕ ਬਰਕਤ ਹੋ ਸਕਦੀ ਹੈ, ਪਰ ਇਹ ਸੁਖੀ ਜੀਵਨ ਲਈ ਜ਼ਰੂਰੀ ਨਹੀਂ ਹੈ। ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਆਪਣੇ ਪੈਰੋਕਾਰਾਂ ਨੂੰ ਇਹ ਕਹਿ ਕੇ ਹੌਸਲਾ ਦਿੱਤਾ: “ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੁਕਾ 12:15) ਜੀਵਨ ਵਿਚ ਪੂਰਾ ਸੁਖ ਪਾਉਣ ਲਈ, ਦੌਲਤ ਤੋਂ ਸਿਵਾਇ ਕੁਝ ਹੋਰ ਵੀ ਚਾਹੀਦਾ ਹੈ।

ਸਿਆਣਿਆਂ ਲਈ, ਚੀਜ਼ਾਂ ਦੀ ਅਹਿਮੀਅਤ ਉਨ੍ਹਾਂ ਦੀ ਕੀਮਤ ਨਾਲ ਨਹੀਂ, ਸਗੋਂ ਉਨ੍ਹਾਂ ਦੀਆਂ ਯਾਦਾਂ ਨਾਲ ਜੁੜੀ ਹੁੰਦੀ ਹੈ। ਪੈਸਿਆਂ ਨਾਲੋਂ ਅਪਰਾਧ ਦੇ ਸ਼ਿਕਾਰ ਬਣਨਾ ਸਿਆਣਿਆਂ ਲਈ ਜ਼ਿਆਦਾ ਚਿੰਤਾ ਦਾ ਕਾਰਨ ਹੁੰਦਾ ਹੈ।

ਚੌਕਸ ਰਹੋ!

ਬਰਤਾਨੀਆ ਵਿਚ ਛਾਪੀ ਗਈ ਅੰਗ੍ਰੇਜ਼ੀ ਦੀ ਇਕ ਬੁਕਲੈੱਟ, ਅਪਰਾਧ ਰੋਕਣ ਦੇ ਅਮਲੀ ਤਰੀਕੇ ਨੇ ਇਸ ਤਰ੍ਹਾਂ ਕਿਹਾ: “ਪਿਛਲੇ 30 ਸਾਲਾਂ ਤੋਂ ਅਪਰਾਧ ਦੁਨੀਆਂ-ਭਰ ਵਿਚ ਵੱਧ ਰਿਹਾ ਹੈ।” ਪੁਲਸ ਅਧਿਕਾਰੀ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਕੁਝ ਲੋਕ ਇਸ ਦਾ ਸਾਮ੍ਹਣਾ ਕਿਵੇਂ ਕਰ ਰਹੇ ਹਨ?

ਨਿੱਜੀ ਸੁਰੱਖਿਆ ਘਰੋਂ ਸ਼ੁਰੂ ਹੁੰਦੀ ਹੈ। ਮਿਸਾਲ ਦੇ ਤੌਰ ਤੇ, ਸਵਿਟਜ਼ਰਲੈਂਡ ਵਿਚ, ਇਕ ਆਰਕੀਟੈਕਟ ਚੋਰੀ ਰੋਕਣ ਵਾਲੇ ਘਰ ਬਣਾਉਣ ਦਾ ਮਾਹਰ ਹੈ। ਇਨ੍ਹਾਂ ਘਰਾਂ ਵਿਚ ਸੁਰੱਖਿਆ ਜੰਦਰੇ, ਮਜ਼ਬੂਤ ਦਰਵਾਜ਼ੇ, ਅਤੇ ਸੀਖਦਾਰ ਖਿੜਕੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਘਰਾਂ ਦੇ ਮਾਲਕ ਇਸ ਜਾਣੀ-ਪਛਾਣੀ ਕਹਾਵਤ ਨੂੰ ਸਹੀ ਸਮਝਦੇ ਹਨ: “ਮੇਰਾ ਮਕਾਨ ਕਿਲ੍ਹੇ ਸਮਾਨ।” ਨਿਊਜ਼ ਮੈਗਜ਼ੀਨ ਫੋਕਸ ਦੇ ਮੁਤਾਬਕ, ਇਹ ਘਰ ਬਹੁਤ ਮਹਿੰਗੇ ਹਨ, ਪਰ ਇਨ੍ਹਾਂ ਦੀ ਮੰਗ ਇਸ ਤੋਂ ਵੀ ਜ਼ਿਆਦਾ ਹੈ।

ਘਰਾਂ ਦੇ ਅੰਦਰ-ਬਾਹਰ ਨਿੱਜੀ ਸੁਰੱਖਿਆ ਵਧਾਉਣ ਲਈ, ਕਈ ਮੁਹੱਲਿਆਂ ਵਿਚ ਲੋਕਾਂ ਨੇ ਪਹਿਰੇਦਾਰੀ ਕਰਨ ਦਾ ਪ੍ਰਬੰਧ ਕੀਤਾ ਹੈ। ਕੁਝ ਇਲਾਕਿਆਂ ਵਿਚ ਰਹਿਣ ਵਾਲਿਆਂ ਨੇ ਇਸ ਤੋਂ ਵੀ ਵੱਧ ਕੁਝ ਕੀਤਾ ਹੈ। ਉਹ ਪਹਿਰੇਦਾਰੀ ਕਰਨ ਵਾਲੀ ਕੰਪਨੀ ਨੂੰ ਪੈਸੇ ਦਿੰਦੇ ਹਨ ਕਿ ਉਹ ਉਨ੍ਹਾਂ ਦੇ ਇਲਾਕੇ ਵਿਚ ਕੁਝ-ਕੁਝ ਘੰਟਿਆਂ ਬਾਅਦ ਗਸ਼ਤ ਕਰਨ। ਬਹੁਤ ਲੋਕ ਜਾਣਦੇ ਹਨ ਕਿ ਰਾਤ ਨੂੰ ਸੁੰਨਸਾਨ ਸੜਕਾਂ ਤੇ ਇਕੱਲੇ ਤੁਰਨਾ-ਫਿਰਨਾ ਖ਼ਤਰਨਾਕ ਹੋ ਸਕਦਾ ਹੈ। ਮਾਂ-ਬਾਪ ਤਾਂ ਕੁਦਰਤੀ ਆਪਣੇ ਬੱਚਿਆਂ ਦੀ ਪਰਵਾਹ ਕਰਦੇ ਹਨ। ਉਨ੍ਹਾਂ ਦੀ ਸਲਾਮਤੀ ਲਈ, ਉਹ ਸ਼ਾਇਦ ਜ਼ਿਆਦਾ ਸਾਵਧਾਨੀ ਵਰਤਣ। ਇਸ ਸਫ਼ੇ ਉੱਤੇ ਡੱਬੀ ਵਿਚ ਜੋ ਸੁਝਾਅ ਦਿੱਤੇ ਗਏ ਹਨ, ਉਨ੍ਹਾਂ ਤੇ ਗੌਰ ਕਰੋ।

ਪਰ ਸਾਰੇ ਜਣੇ ਚੋਰੀ ਰੋਕਣ ਵਾਲੇ ਮਕਾਨ ਤਾਂ ਨਹੀਂ ਖ਼ਰੀਦ ਸਕਦੇ। ਇਸ ਤੋਂ ਇਲਾਵਾ, ਪਹਿਰੇਦਾਰੀ ਕਰਨ ਦੇ ਪ੍ਰਬੰਧ ਅਤੇ ਸੁਰੱਖਿਆ ਗਸ਼ਤ, ਪੂਰੀ ਤਰ੍ਹਾਂ ਅਪਰਾਧ ਤਾਂ ਨਹੀਂ ਘਟਾ ਸਕਦੇ; ਬਲਕਿ ਇਸ ਨਾਲ ਦੂਜੇ ਇਲਾਕਿਆਂ ਵਿਚ ਅਪਰਾਧ ਖਿਸਕ ਸਕਦਾ ਹੈ ਜਿੱਥੇ ਅਜਿਹੇ ਪ੍ਰਬੰਧ ਨਹੀਂ ਹਨ। ਇਸ ਤਰ੍ਹਾਂ ਅਪਰਾਧ ਨਿੱਜੀ ਸੁਖ ਲਈ ਹਮੇਸ਼ਾ ਖ਼ਤਰਾ ਰਹਿੰਦਾ ਹੈ। ਸਾਡੀਆਂ ਜਾਨਾਂ ਦੇ ਸੁਖ ਲਈ, ਅਪਰਾਧ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਨਾਲੋਂ ਕੁਝ ਹੋਰ ਕਰਨ ਦੀ ਜ਼ਰੂਰਤ ਹੈ।

ਬੀਮਾਰੀ ਦਾ ਇਲਾਜ ਕਰੋ—ਨਾ ਕਿ ਸਿਰਫ਼ ਲੱਛਣਾਂ ਦਾ

ਸਾਡੇ ਵਿੱਚੋਂ ਹਰੇਕ ਜਣਾ ਸੁਖੀ ਜੀਵਨ ਚਾਹੁੰਦਾ ਹੈ, ਅਤੇ ਸਾਨੂੰ ਇਸ ਟੀਚੇ ਤੇ ਪਹੁੰਚਣ ਲਈ ਵਾਜਬ, ਕਦਮ ਚੁੱਕਣੇ ਚਾਹੀਦੇ ਹਨ। ਪਰ ਅਪਰਾਧ, ਬੇਰੋਜ਼ਗਾਰੀ, ਅਤੇ ਸਾਡੀਆਂ ਜਾਨਾਂ ਨੂੰ ਬੇਚੈਨ ਕਰਨ ਵਾਲੀਆਂ ਹੋਰ ਚੀਜ਼ਾਂ ਤਾਂ ਸਿਰਫ਼ ਉਸ ਬੀਮਾਰੀ ਦੇ ਲੱਛਣ ਹਨ ਜੋ ਮਨੁੱਖਜਾਤੀ ਨੂੰ ਲੱਗੀ ਹੋਈ ਹੈ। ਇਸ ਰੋਗ ਨੂੰ ਠੀਕ ਕਰਨ ਲਈ, ਲੱਛਣਾਂ ਦੀ ਬਜਾਇ ਇਸ ਦੇ ਕਾਰਨ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ।

ਸਾਡੇ ਜੀਵਨ ਵਿਚ ਬੇਚੈਨੀ ਦਾ ਅਸਲੀ ਕਾਰਨ ਕੀ ਹੈ? ਉਸ ਨੂੰ ਅਸੀਂ ਕਿਸ ਤਰ੍ਹਾਂ ਖ਼ਤਮ ਕਰ ਕੇ ਆਪਣੇ ਜੀਵਨ ਨੂੰ ਹਮੇਸ਼ਾ ਲਈ ਸੁਖੀ ਬਣਾ ਸਕਦੇ ਹਾਂ? ਸਾਡੇ ਅਗਲੇ ਲੇਖ ਵਿਚ ਇਸ ਬਾਰੇ ਗੱਲਬਾਤ ਕੀਤੀ ਜਾਵੇਗੀ।

[ਸਫ਼ੇ 6 ਉੱਤੇ ਡੱਬੀ]

ਛੋਟਿਆਂ ਬੱਚਿਆਂ ਨੂੰ ਬਚਾਉਣ ਦੇ ਤਰੀਕੇ

ਵਾਰ-ਵਾਰ ਬੱਚਿਆਂ ਤੇ ਹਮਲੇ, ਉਨ੍ਹਾਂ ਨੂੰ ਚੁੱਕ ਕੇ ਲੈ ਜਾਣਾ ਜਾਂ ਉਨ੍ਹਾਂ ਦੇ ਕਤਲ ਹੋਣ ਕਰਕੇ, ਕਈਆਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾਉਣੀਆਂ ਫ਼ਾਇਦੇਮੰਦ ਸਮਝੀਆਂ ਹਨ:

1. ਜੇ ਕੋਈ ਵੀ ਉਨ੍ਹਾਂ ਤੋਂ ਕੁਝ ਅਜਿਹਾ ਕਰਵਾਏ ਜੋ ਉਨ੍ਹਾਂ ਨੂੰ ਬੁਰਾ ਲੱਗੇ ਤਾਂ—ਸਾਫ਼-ਸਾਫ਼—ਨਾਂਹ ਕਹਿ ਦਿਓ।

2. ਕਿਸੇ ਨੂੰ ਵੀ ਆਪਣੇ ਸਰੀਰ ਦੇ ਗੁਪਤ ਅੰਗਾਂ ਨੂੰ ਹੱਥ ਨਾ ਲਾਉਣ ਦਿਓ; ਡਾਕਟਰ ਜਾਂ ਨਰਸ ਨੂੰ ਵੀ ਨਹੀਂ ਜਦ ਤਾਈਂ ਤੁਹਾਡੇ ਮਾਪੇ ਹਾਜ਼ਰ ਨਾ ਹੋਣ।

3. ਜੇਕਰ ਖ਼ਤਰਾ ਹੋਵੇ, ਤਾਂ ਨੱਠ ਜਾਓ, ਰੌਲਾ ਪਾਓ, ਜਾਂ ਲਾਗੇ ਕਿਸੇ ਸਿਆਣੇ ਕੋਲੋਂ ਮਦਦ ਮੰਗੋ।

4. ਆਪਣੇ ਮਾਂ-ਬਾਪ ਨੂੰ ਕੋਈ ਵੀ ਗੱਲ ਜਾਂ ਘਟਨਾ ਦੱਸੋ, ਜਿਸ ਤੋਂ ਤੁਹਾਨੂੰ ਡਰ ਲੱਗਦਾ ਹੈ।

5. ਕੋਈ ਵੀ ਗੱਲ ਆਪਣੇ ਮਾਂ-ਬਾਪ ਤੋਂ ਲੁਕੋ ਕੇ ਨਾ ਰੱਖੋ।

ਅਖ਼ੀਰ ਵਿਚ ਕਹਿਣ ਵਾਲੀ ਗੱਲ ਇਹ ਹੈ ਕਿ ਮਾਪਿਆਂ ਨੂੰ ਆਪਣੇ ਬੱਚੇ ਦੀ ਨਿਗਰਾਨੀ ਕਰਨ ਲਈ ਕਿਸੇ ਵਿਅਕਤੀ ਦੀ ਚੋਣ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ।

[ਸਫ਼ੇ 5 ਉੱਤੇ ਤਸਵੀਰ]

ਸਾਡੀਆਂ ਜ਼ਿੰਦਗੀਆਂ ਦੇ ਸੁਖੀ ਹੋਣ ਲਈ, ਸਾਨੂੰ ਪੜ੍ਹਾਈ-ਲਿਖਾਈ, ਦੌਲਤ, ਜਾਂ ਅਪਰਾਧ ਖ਼ਤਮ ਕਰਨ ਦੇ ਪੂਰੇ ਜਤਨ ਨਾਲੋਂ ਕੁਝ ਹੋਰ ਦੀ ਜ਼ਰੂਰਤ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ