ਸਦਾ ਲਈ ਇਕ ਸੁਖੀ ਜੀਵਨ
ਜਦੋਂ ਤੁਹਾਨੂੰ ਬੁਖ਼ਾਰ ਚੜ੍ਹਿਆ ਹੁੰਦਾ ਹੈ, ਤੁਸੀਂ ਸਿਰਦਰਦ ਲਈ ਗੋਲ਼ੀ ਲੈਂਦੇ ਹੋ, ਅਤੇ ਆਪਣੇ ਮੱਥੇ ਉੱਤੇ ਠੰਢੇ ਪਾਣੀ ਦੀ ਪੱਟੀ ਰੱਖਦੇ ਹੋ। ਪਰ ਭਾਵੇਂ ਗੋਲ਼ੀ ਅਤੇ ਠੰਢੇ ਪਾਣੀ ਦੀ ਪੱਟੀ ਨਾਲ ਬੁਖ਼ਾਰ ਤੋਂ ਥੋੜ੍ਹਾ ਆਰਾਮ ਮਿਲਦਾ ਹੈ, ਉਹ ਬੁਖ਼ਾਰ ਦੇ ਕਾਰਨ ਨੂੰ ਖ਼ਤਮ ਨਹੀਂ ਕਰਦੇ। ਅਤੇ ਜੇਕਰ ਤੁਹਾਡੀ ਬੀਮਾਰੀ ਗੰਭੀਰ ਹੈ, ਤਾਂ ਤੁਹਾਨੂੰ ਕਿਸੇ ਚੰਗੇ ਡਾਕਟਰ ਕੋਲੋਂ ਇਲਾਜ ਕਰਾਉਣ ਦੀ ਜ਼ਰੂਰਤ ਹੈ।
ਮਨੁੱਖਜਾਤੀ ਨੂੰ ਲੰਮੇ ਸਮੇਂ ਤੋਂ ਬੇਚੈਨੀ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ। ਦੁਖਦਾਈ ਲੱਛਣ ਦੂਰ ਕਰਨ ਲਈ ਅਸੀਂ ਕੁਝ-ਨ-ਕੁਝ ਕਰਦੇ ਹਾਂ, ਪਰ ਇਲਾਜ ਤਾਂ ਸਿਰਫ਼ ਚੰਗਾ ਡਾਕਟਰ ਕਰ ਸਕਦਾ ਹੈ। ਅਤੇ ਸਾਡੇ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਤੋਂ ਸਿਵਾਇ ਹੋਰ ਕੋਈ ਵੀ ਸਾਨੂੰ ਇੰਨੀ ਚੰਗੀ ਤਰ੍ਹਾਂ ਨਹੀਂ ਜਾਣਦਾ ਹੈ। ਉਹ ਜਾਣਦਾ ਹੈ ਕਿ ਜ਼ਿੰਦਗੀ ਇਸ ਲਈ ਬੇਚੈਨ ਹੈ ਕਿਉਂਕਿ ਸਾਨੂੰ ਮੁਸੀਬਤਾਂ ਵਿਚ ਪਾਇਆ ਗਿਆ ਹੈ।
ਵਧੀਆ ਸ਼ੁਰੂਆਤ ਦਾ ਅੰਤ
ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਯਹੋਵਾਹ ਨੇ ਪਹਿਲੇ ਮਨੁੱਖੀ ਜੋੜੇ ਨੂੰ ਸੰਪੂਰਣ ਸ੍ਰਿਸ਼ਟ ਕੀਤਾ ਸੀ, ਅਤੇ ਉਨ੍ਹਾਂ ਨੂੰ ਸੁਖ ਵਿਚ ਵਸਾਇਆ ਸੀ। ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਸੀ। ਪਰਮੇਸ਼ੁਰ ਦਾ ਮਕਸਦ ਸੀ ਕਿ ਇਨਸਾਨ ਇਕ ਬਾਗ਼ ਵਰਗੀ ਧਰਤੀ ਉੱਤੇ ਹਮੇਸ਼ਾ ਲਈ ਪੂਰੇ ਚੈਨ ਨਾਲ ਰਹਿਣ। ਇਨਸਾਨਾਂ ਦੀ ਪਹਿਲੀ ਜਗ੍ਹਾ ਵਿਚ “ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ ਖਾਣ ਵਿੱਚ ਚੰਗਾ ਸੀ” ਲੱਗਾ ਹੋਇਆ ਸੀ। ਧਿਆਨ ਦਿਓ ਕਿ ਉਨ੍ਹਾਂ ਦੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕੀਤੀਆਂ ਗਈਆਂ ਸਨ। ਅਤੇ ਕਿਉਂ ਜੋ ਉਨ੍ਹਾਂ ਦੇ ਆਲੇ-ਦੁਆਲੇ ਨੂੰ “ਵੇਖਣ ਵਿੱਚ ਸੁੰਦਰ” ਕਿਹਾ ਗਿਆ ਸੀ, ਉਨ੍ਹਾਂ ਦੀਆਂ ਜਜ਼ਬਾਤੀ ਲੋੜਾਂ ਵੀ ਪੂਰੀਆਂ ਕੀਤੀਆਂ ਗਈਆਂ ਸਨ। ਯਕੀਨਨ, ਇਸ ਦਾ ਇਹ ਮਤਲਬ ਸੀ ਕਿ ਪਹਿਲੇ ਜੋੜੇ ਨੂੰ ਅਜਿਹੀ ਜਗ੍ਹਾ ਤੇ ਵਸਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਸੁਖੀ ਅਤੇ ਤਕਲੀਫ਼-ਰਹਿਤ ਜ਼ਿੰਦਗੀ ਮਿਲੇ।—ਉਤਪਤ 2:9.
ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੀ ਪਿਆਰ ਭਰੀ ਅਤੇ ਸ਼ਾਹੀ ਹਕੂਮਤ ਠੁਕਰਾ ਕੇ ਆਪਣੀ ਜ਼ਿੰਦਗੀ ਵਿਚ ਸ਼ੱਕ, ਡਰ, ਸ਼ਰਮ, ਅਪਰਾਧ-ਭਾਵਨਾ, ਅਤੇ ਬੇਚੈਨੀ ਲਿਆਂਦੀ। ਪਰਮੇਸ਼ੁਰ ਨੂੰ ਠੁਕਰਾਉਣ ਤੋਂ ਬਾਅਦ, ਆਦਮ ਨੇ ਕਿਹਾ ਕਿ ਉਹ “ਡਰ ਗਿਆ।” ਪਹਿਲੇ ਇਨਸਾਨਾਂ ਨੇ ਆਪਣੇ ਆਪ ਨੂੰ ਢੱਕ ਕੇ ਆਪਣੇ ਪਿਆਰੇ ਸ੍ਰਿਸ਼ਟੀਕਰਤਾ ਤੋਂ ਆਪਣੇ ਆਪ ਨੂੰ ਲੁਕਾਇਆ, ਜਿਸ ਦੇ ਨਾਲ ਉਨ੍ਹਾਂ ਨੇ ਇਸ ਸਮੇਂ ਤਕ ਇਕ ਨਜ਼ਦੀਕੀ ਅਤੇ ਲਾਭਦਾਇਕ ਰਿਸ਼ਤੇ ਦਾ ਆਨੰਦ ਮਾਣਿਆ ਸੀ।—ਉਤਪਤ 3:1-5, 8-10.
ਯਹੋਵਾਹ ਦਾ ਮੁਢਲਾ ਮਕਸਦ ਬਦਲਿਆ ਨਹੀਂ ਹੈ। ਬਾਈਬਲ ਕਹਿੰਦੀ ਹੈ ਕਿ ਸਾਡਾ ਸ੍ਰਿਸ਼ਟੀਕਰਤਾ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਉਹ ਜਲਦੀ ਹੀ ਆਗਿਆਕਾਰੀ ਮਨੁੱਖਜਾਤੀ ਨੂੰ ਇਸ ਧਰਤੀ ਨੂੰ ਦੁਬਾਰਾ ਬਾਗ਼ ਵਰਗੀ ਬਣਾਉਣ ਅਤੇ ਉਸ ਉੱਤੇ ਚੈਨ ਨਾਲ ਹਮੇਸ਼ਾ ਲਈ ਜੀਉਣ ਦੇ ਯੋਗ ਬਣਾਵੇਗਾ। ਯਸਾਯਾਹ ਨਬੀ ਦੇ ਰਾਹੀਂ ਇਹ ਵਾਅਦਾ ਕੀਤਾ ਗਿਆ ਹੈ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, . . . ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ।” (ਯਸਾਯਾਹ 65:17, 18) ਇਸ ਨਵੇਂ ਅਕਾਸ਼ ਅਤੇ ਨਵੀਂ ਧਰਤੀ ਬਾਰੇ ਪਤਰਸ ਰਸੂਲ ਨੇ ਕਿਹਾ: ‘ਇਨ੍ਹਾਂ ਵਿੱਚ ਧਰਮ ਵੱਸੇਗਾ।’—2 ਪਤਰਸ 3:13.
ਇਹ ਕਿਸ ਤਰ੍ਹਾਂ ਕੀਤਾ ਜਾਵੇਗਾ? ਯਹੋਵਾਹ ਦੁਆਰਾ ਸਥਾਪਿਤ ਕੀਤੀ ਗਈ ਇਕ ਸਰਕਾਰ ਰਾਹੀਂ। ਇਹ ਉਹ ਰਾਜ ਹੈ ਜਿਸ ਬਾਰੇ ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ। ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:9, 10.
ਪਰਮੇਸ਼ੁਰ ਦਾ ਰਾਜ ਮਨੁੱਖਾਂ ਦੀਆਂ ਸਰਕਾਰਾਂ ਦੀ ਥਾਂ ਲਵੇਗਾ ਅਤੇ ਦੁਨੀਆਂ-ਭਰ ਵਿਚ ਪਰਮੇਸ਼ੁਰ ਦਾ ਮਕਸਦ ਪਿਆਰ ਨਾਲ ਪੂਰਾ ਕਰੇਗਾ। (ਦਾਨੀਏਲ 2:44) ਆਦਮ ਦੇ ਜ਼ਮਾਨੇ ਤੋਂ ਜੋ ਸ਼ੱਕ, ਡਰ, ਸ਼ਰਮ, ਅਪਰਾਧ-ਭਾਵਨਾ, ਅਤੇ ਬੇਚੈਨੀ ਮਨੁੱਖਜਾਤੀ ਨੂੰ ਸਤਾ ਰਹੀ ਹੈ, ਉਹ ਖ਼ਤਮ ਹੋ ਜਾਵੇਗੀ। ਬਾਈਬਲ ਦੇ ਮੁਤਾਬਕ, ਉਹ ਰਾਜ ਬਹੁਤ ਨਜ਼ਦੀਕ ਹੈ। ਜਿਹੜੇ ਪਰਮੇਸ਼ੁਰ ਦੇ ਰਾਜ ਨੂੰ ਚਾਹੁੰਦੇ ਹਨ ਉਹ ਹੁਣ ਵੀ ਡਾਵਾਂ-ਡੋਲ ਦੁਨੀਆਂ ਵਿਚ ਕੁਝ ਹੱਦ ਤਕ ਸੁਖ ਪਾ ਸਕਦੇ ਹਨ।
ਧਾਰਮਿਕ ਗੱਲਾਂ ਨੂੰ ਪਹਿਲ ਦਿਓ
ਦਾਊਦ, ਪਰਮੇਸ਼ੁਰ ਦਾ ਅਜਿਹਾ ਸੇਵਕ ਸੀ ਜੋ ਡਰ ਅਤੇ ਦੁੱਖ ਦਾ ਮਤਲਬ ਜਾਣਦਾ ਸੀ। ਫਿਰ ਵੀ, ਜ਼ਬੂਰ 4:8 ਵਿਚ ਦਾਊਦ ਨੇ ਲਿਖਿਆ: “ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ।” (ਟੇਢੇ ਟਾਈਪ ਸਾਡੇ।) ਮੁਸੀਬਤਾਂ ਨਾਲ ਘਿਰੇ ਹੋਣ ਦੇ ਬਾਵਜੂਦ ਵੀ, ਦਾਊਦ ਨੂੰ ਯਹੋਵਾਹ ਨੇ ਸੁਖ ਬਖ਼ਸ਼ਿਆ। ਕੀ ਅਸੀਂ ਇਸ ਤੋਂ ਕੁਝ ਸਿੱਖ ਸਕਦੇ ਹਾਂ? ਅਸੀਂ ਇਸ ਬੇਚੈਨ ਦੁਨੀਆਂ ਵਿਚ ਕੁਝ ਹੱਦ ਤਕ ਸੁਖ ਕਿਵੇਂ ਹਾਸਲ ਕਰ ਸਕਦੇ ਹਾਂ?
ਉਤਪਤ ਦੀ ਪੋਥੀ ਵਿਚ ਆਦਮ ਅਤੇ ਹੱਵਾਹ ਦੇ ਬਿਰਤਾਂਤ ਉੱਤੇ ਗੌਰ ਕਰੋ। ਉਨ੍ਹਾਂ ਨੇ ਆਪਣਾ ਸੁਖ ਕਦੋਂ ਗੁਆਇਆ ਸੀ? ਉਸੇ ਪਲ ਜਦੋਂ ਉਨ੍ਹਾਂ ਨੇ ਸ੍ਰਿਸ਼ਟੀਕਰਤਾ ਨਾਲੋਂ ਆਪਣਾ ਨਿੱਜੀ ਰਿਸ਼ਤਾ ਤੋੜਿਆ ਅਤੇ ਮਨੁੱਖਜਾਤੀ ਲਈ ਉਸ ਦੇ ਮਕਸਦ ਅਨੁਸਾਰ ਜੀਉਣ ਤੋਂ ਇਨਕਾਰ ਕੀਤਾ। ਇਸ ਲਈ ਜੇ ਅਸੀਂ ਇਸ ਤੋਂ ਉਲਟ ਕਰ ਕੇ ਯਹੋਵਾਹ ਨਾਲ ਇਕ ਗੂੜ੍ਹਾ ਰਿਸ਼ਤਾ ਕਾਇਮ ਕਰੀਏ ਅਤੇ ਉਸ ਦੀ ਮਰਜ਼ੀ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਹੁਣ ਵੀ ਅਜਿਹੇ ਸੁਖੀ ਜੀਵਨ ਦਾ ਕਾਫ਼ੀ ਹੱਦ ਤਕ ਆਨੰਦ ਮਾਣ ਸਕਦੇ ਹਾਂ ਜੋ ਆਮ ਤੌਰ ਤੇ ਸੰਭਵ ਨਹੀਂ ਜਾਪਦਾ।
ਬਾਈਬਲ ਅਧਿਐਨ ਦੁਆਰਾ ਯਹੋਵਾਹ ਨੂੰ ਜਾਣਨਾ, ਜ਼ਿੰਦਗੀ ਦਾ ਅਰਥ ਸਮਝਣ ਵਿਚ ਸਾਡੀ ਮਦਦ ਕਰਦਾ ਹੈ। ਸਿਰਫ਼ ਤਦ ਹੀ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਅਸੀਂ ਕੌਣ ਹਾਂ, ਜਾਂ ਅਸੀਂ ਇੱਥੇ ਕਿਉਂ ਹਾਂ। ਸੁਖੀ ਜੀਵਨ ਉਦੋਂ ਮਿਲ ਸਕਦਾ ਹੈ ਜਦੋਂ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ, ਮਨੁੱਖਜਾਤੀ ਲਈ ਉਸ ਦੇ ਮਕਸਦ ਨੂੰ ਜਾਣਦੇ ਹਾਂ, ਅਤੇ ਉਸ ਵਿਚ ਆਪਣੀ ਭੂਮਿਕਾ ਨੂੰ ਪਛਾਣਦੇ ਹਾਂ। ਕਈ ਸਾਲ ਪਹਿਲਾਂ ਪੌਲ ਨਾਮ ਦੇ ਇਕ ਆਦਮੀ ਨੇ ਇਹ ਜਾਣਿਆ ਸੀ।
ਪੌਲ, ਜਰਮਨੀ ਦੇ ਤਟ ਦੇ ਲਾਗੇ ਇਕ ਟਾਪੂ ਤੇ ਜੰਮਿਆ-ਪਲਿਆ ਸੀ। ਉਸ ਦੇ ਮਾਪਿਆਂ ਨੇ ਵਿਸ਼ਵ ਯੁੱਧ II ਵਿਚ ਬਹੁਤ ਦੁੱਖ ਦੇਖੇ ਸਨ। ਇਸ ਕਰਕੇ ਉਸ ਦੇ ਪਰਿਵਾਰ ਦੀ ਧਰਮ ਵਿਚ ਕੋਈ ਦਿਲਚਸਪੀ ਨਹੀਂ ਸੀ। ਇਕ ਨੌਜਵਾਨ ਹੋਣ ਦੇ ਨਾਤੇ ਪੌਲ ਆਪਣੇ ਆਪ ਬਾਰੇ ਕਹਿੰਦਾ ਹੈ: “ਮੈਂ ਕਿਸੇ ਵਿਚ ਵਿਸ਼ਵਾਸ ਨਹੀਂ ਕਰਦਾ ਸੀ ਅਤੇ ਨਾ ਹੀ ਕਿਸੇ ਦਾ ਆਦਰ ਕਰਦਾ ਸੀ। ਮੈਂ ਆਪਣੇ ਗਮ ਭੁਲਾਉਣ ਲਈ ਹਫ਼ਤੇ ਵਿਚ ਦੋ ਤਿੰਨ ਵਾਰ ਬਹੁਤ ਸ਼ਰਾਬ ਪੀਂਦਾ ਹੁੰਦਾ ਸੀ। ਮੇਰੀ ਜ਼ਿੰਦਗੀ ਵਿਚ ਕੋਈ ਸੁਖ ਨਹੀਂ ਸੀ।”
ਫਿਰ ਪੌਲ ਨੇ ਯਹੋਵਾਹ ਦੇ ਇਕ ਗਵਾਹ ਨਾਲ ਗੱਲ ਕੀਤੀ। ਉਸ ਨੇ ਬਹਿਸ ਤਾਂ ਬਹੁਤ ਕੀਤੀ, ਪਰ ਉਸ ਗਵਾਹ ਨੇ ਕੁਝ ਅਜਿਹਾ ਕਿਹਾ ਜਿਸ ਨੇ ਪੌਲ ਨੂੰ ਸੋਚਣ ਲਈ ਮਜ਼ਬੂਰ ਕੀਤਾ। “ਕੱਖ ਤੋਂ ਕੱਖ ਨਹੀਂ ਬਣਦਾ।” ਯਾਨੀ ਕਿ, ਆਪਣੇ ਆਲੇ-ਦੁਆਲੇ ਕੁਦਰਤ ਵਿਚ ਅਸੀਂ ਜੋ ਕੁਝ ਵੀ ਦੇਖਦੇ ਹਾਂ, ਉਸ ਨੂੰ ਸਿਰਜਣ ਵਾਲਾ ਕੋਈ ਹੈ।
“ਮੈਂ ਵਾਰ-ਵਾਰ ਇਸ ਗੱਲ ਬਾਰੇ ਸੋਚਿਆ, ਅਤੇ ਮੈਨੂੰ ਇਹ ਗੱਲ ਮੰਨਣੀ ਪਈ।” ਪੌਲ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕੀਤਾ ਅਤੇ ਯਹੋਵਾਹ ਬਾਰੇ ਜਾਣਿਆ। ਉਹ ਸਵੀਕਾਰ ਕਰਦਾ ਹੈ: “ਮੇਰੇ ਮਾਂ-ਬਾਪ ਤੋਂ ਸਿਵਾਇ, ਯਹੋਵਾਹ ਪਹਿਲਾ ਸ਼ਖ਼ਸ ਹੈ ਜਿਸ ਨੇ ਮੇਰੇ ਲਈ ਕੁਝ ਕੀਤਾ।” ਪੌਲ ਨੇ 1977 ਵਿਚ ਇਕ ਗਵਾਹ ਵਜੋਂ ਬਪਤਿਸਮਾ ਲਿਆ ਅਤੇ ਹੁਣ ਕਹਿੰਦਾ ਹੈ: “ਹੁਣ ਮੈਂ ਜ਼ਿੰਦਗੀ ਦੇ ਮਕਸਦ ਬਾਰੇ ਸੱਚ-ਮੁੱਚ ਜਾਣਦਾ ਹਾਂ। ਮੈਂ ਯਹੋਵਾਹ ਦੀ ਮਰਜ਼ੀ ਅਨੁਸਾਰ ਜੀਉਣ ਦਾ ਮਜ਼ਾ ਲੈਂਦਾ ਹਾਂ। ਮੈਂ ਇਹ ਜਾਣ ਕੇ ਸੁਖੀ ਹਾਂ ਕਿ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਅਜਿਹਾ ਕੁਝ ਵੀ ਨਹੀਂ ਹੋ ਸਕਦਾ ਜਿਸ ਨੂੰ ਭਵਿੱਖ ਵਿਚ ਯਹੋਵਾਹ ਠੀਕ ਨਾ ਕਰ ਸਕੇ।”
ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਪੌਲ ਨੇ ਦੌਲਤ ਵੱਲ ਨਹੀਂ, ਸਗੋਂ ਧਾਰਮਿਕ ਗੱਲਾਂ ਵੱਲ ਧਿਆਨ ਦੇ ਕੇ ਆਪਣੀ ਬੇਚੈਨ ਜ਼ਿੰਦਗੀ ਨੂੰ ਕਾਬੂ ਵਿਚ ਕੀਤਾ, ਜੋ ਉਸ ਲਈ ਇਕ ਜਜ਼ਬਾਤੀ ਬੋਝ ਸੀ। ਉਸ ਨੇ ਸ੍ਰਿਸ਼ਟੀਕਰਤਾ ਨਾਲ ਇਕ ਗੂੜ੍ਹਾ ਰਿਸ਼ਤਾ ਕਾਇਮ ਕੀਤਾ। ਯਹੋਵਾਹ ਦੇ ਲੱਖਾਂ ਹੀ ਗਵਾਹ ਅਜਿਹੇ ਰਿਸ਼ਤੇ ਦਾ ਆਨੰਦ ਮਾਣਦੇ ਹਨ। ਇਹ ਉਨ੍ਹਾਂ ਨੂੰ ਅੰਦਰੋਂ ਤਕੜੇ ਕਰਦਾ ਹੈ, ਜਿਸ ਕਾਰਨ ਉਹ ਦੂਸਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੇ ਆਪ ਨੂੰ ਵਾਰਨ ਲਈ ਤਿਆਰ ਰਹਿੰਦੇ ਹਨ। ਲੋਕਾਂ ਦੇ ਘਰਾਂ ਤੇ ਜਾ ਕੇ ਯਹੋਵਾਹ ਦੇ ਗਵਾਹ ਆਪਣਾ ਵਕਤ ਖ਼ਰਚ ਕਰਦੇ ਹਨ। ਲੋਕਾਂ ਦਾ ਧਿਆਨ ਧਾਰਮਿਕ ਗੱਲਾਂ ਵੱਲ ਲਗਾ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਹੋਰ ਸੁਖੀ ਬਣਾਉਣ ਲਈ ਉਨ੍ਹਾਂ ਦੀ ਮਦਦ ਕਰਦੇ ਹਨ। ਲੇਕਿਨ ਪ੍ਰਚਾਰ ਕਰਨ ਨਾਲੋਂ ਗਵਾਹ ਹੋਰ ਵੀ ਬਹੁਤ ਕੁਝ ਕਰਦੇ ਹਨ।
“ਆਪਣੇ ਰੱਬ, ਯਹੋਵਾਹ ਨੂੰ ਪੁਕਾਰੋ”
ਜੁਲਾਈ 1997 ਵਿਚ ਜਦੋਂ ਓਡਰ ਨਦੀ ਵਿਚ ਹੜ੍ਹ ਆਉਣ ਕਰਕੇ ਉੱਤਰੀ ਯੂਰਪ ਦੇ ਕਾਫ਼ੀ ਇਲਾਕੇ ਪਾਣੀ ਦੀ ਮਾਰ ਹੇਠ ਆ ਗਏ ਸਨ, ਤਾਂ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣੇ ਗੁਆਂਢੀ ਦੇਸ਼ ਪੋਲੈਂਡ ਦੇ ਵਾਸੀਆਂ ਦੀ ਮੰਦੀ ਹਾਲਤ ਬਾਰੇ ਸੁਣਿਆ। ਉਹ ਕੀ ਕਰ ਸਕਦੇ ਸਨ? ਕੁਝ ਹੀ ਦਿਨਾਂ ਵਿਚ ਬਰਲਿਨ ਅਤੇ ਉਸ ਦੇ ਆਲੇ-ਦੁਆਲੇ ਦਿਆਂ ਕਈਆਂ ਗਵਾਹਾਂ ਨੇ ਆਪਣੀ ਇੱਛਾ ਨਾਲ 1,16,000 ਡਾਲਰ ਦਾਨ ਕਰ ਕੇ ਆਪਣੀ ਦਰਿਆ-ਦਿਲੀ ਦਿਖਾਈ।
ਮਿਸਤਰੀ ਦੇ ਕੰਮ ਵਿਚ ਤਜਰਬੇਕਾਰ ਗਵਾਹਾਂ ਨੇ ਬਰਲਿਨ ਤੋਂ ਪੋਲੈਂਡ ਵਿਚ ਬ੍ਰਿਸਲਾਓ ਦੇ ਇਲਾਕੇ ਤਕ—ਆਪਣੇ ਖ਼ਰਚੇ ਤੇ—ਛੇ ਘੰਟੇ ਸੜਕ ਰਾਹੀਂ ਸਫ਼ਰ ਕੀਤਾ। ਇਕ ਛੋਟੇ ਸ਼ਹਿਰ ਵਿਚ ਕਈ ਘਰਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਸੀ। ਗਵਾਹਾਂ ਦੇ ਇਕ ਪਰਿਵਾਰ ਦਾ ਘਰ 20 ਫੁੱਟ ਪਾਣੀ ਵਿਚ ਖੜ੍ਹਾ ਸੀ। ਅਗਲੇ ਮਹੀਨੇ ਉਨ੍ਹਾਂ ਦੀ ਧੀ ਦਾ ਵਿਆਹ ਸੀ ਅਤੇ ਉਹ ਆਪਣੇ ਪਤੀ ਨਾਲ ਇਸੇ ਘਰ ਵਿਚ ਰਹਿਣ ਦੀ ਤਿਆਰੀ ਕਰ ਰਹੀ ਸੀ। ਉਨ੍ਹਾਂ ਦੇ ਘਰ ਦੀ ਮੁਰੰਮਤ ਅਤੇ ਉਸ ਪਰਿਵਾਰ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਸੀ ਜੋ ਸਭ ਕੁਝ ਗੁਆ ਬੈਠਾ ਸੀ?
ਹੜ੍ਹ ਦੇ ਮੱਠਾ ਪੈਣ ਤੇ, ਇਕ ਗੁਆਂਢੀ ਨੇ ਮਖੌਲ ਉਡਾ ਕੇ ਕਿਹਾ: “ਕਿਉਂ ਨਾ ਤੁਸੀਂ ਆਪਣੇ ਰੱਬ, ਯਹੋਵਾਹ ਨੂੰ ਪੁਕਾਰੋ, ਦੇਖਦੇ ਹਾਂ ਕਿ ਉਹ ਤੁਹਾਡੀ ਸੁਣਦਾ ਹੈ ਕਿ ਨਹੀਂ?” ਅਗਲੇ ਦਿਨ ਉਹ ਗੁਆਂਢੀ ਕਿੰਨਾ ਹੈਰਾਨ ਹੋਇਆ ਜਦੋਂ ਉਸ ਨੇ ਗਵਾਹਾਂ ਦੇ ਪਰਿਵਾਰ ਦੇ ਘਰ ਸਾਮ੍ਹਣੇ ਜਰਮਨੀ ਤੋਂ ਆਈਆਂ ਕਈ ਮੋਟਰ ਗੱਡੀਆਂ ਦੇਖੀਆਂ! ਪਰਦੇਸੀਆਂ ਦਾ ਇਕ ਝੁੰਡ ਮੋਟਰ ਗੱਡੀਆਂ ਤੋਂ ਉੱਤਰ ਕੇ ਘਰ ਦੀ ਮੁਰੰਮਤ ਕਰਨ ਲੱਗ ਪਿਆ। “ਇਹ ਸਾਰੇ ਕੌਣ ਨੇ? ਇਸ ਸਾਰੇ ਸਮਾਨ ਦਾ ਖ਼ਰਚਾ ਕੌਣ ਚੁੱਕ ਰਿਹਾ ਹੈ?” ਉਸ ਗੁਆਂਢੀ ਨੇ ਪੁੱਛਿਆ। ਗਵਾਹਾਂ ਦੇ ਪਰਿਵਾਰ ਨੇ ਸਮਝਾਇਆ ਕਿ ਇਹ ਉਨ੍ਹਾਂ ਦੇ ਗੁਰ-ਭਾਈ ਸਨ ਅਤੇ ਇਸ ਸਮਾਨ ਦਾ ਖ਼ਰਚਾ ਉਹ ਹੀ ਚੁੱਕ ਰਹੇ ਸਨ। ਜਿਉਂ-ਜਿਉਂ ਘਰ ਦੀ ਮੁਰੰਮਤ ਹੁੰਦੀ ਗਈ, ਸ਼ਹਿਰ ਦੇ ਵਾਸੀ ਹੈਰਾਨੀ ਨਾਲ ਦੇਖਦੇ ਹੀ ਰਹਿ ਗਏ। ਇਤਫ਼ਾਕ ਨਾਲ, ਵਿਆਹ ਨਿਯਤ ਦਿਨ ਤੇ ਹੀ ਹੋਇਆ ਸੀ।
ਇਸ ਪਰਿਵਾਰ ਨੇ ਮਾਲੂਮ ਕੀਤਾ ਕਿ ਯਹੋਵਾਹ ਦੇ ਗਵਾਹਾਂ ਦੇ ਅੰਤਰ-ਰਾਸ਼ਟਰੀ ਭਾਈਚਾਰੇ ਦਾ ਹਿੱਸਾ ਹੋਣ ਕਰਕੇ ਉਨ੍ਹਾਂ ਨੂੰ ਸਿਰਫ਼ ਅਧਿਆਤਮਿਕ ਲਾਭ ਹੀ ਨਹੀਂ ਮਿਲਦੇ, ਪਰ ਇਸ ਬੇਚੈਨ ਦੁਨੀਆਂ ਵਿਚ ਕੁਝ ਹੱਦ ਤਕ ਸੁਖ ਵੀ ਮਿਲਦਾ ਹੈ। ਹੋਰਨਾਂ ਨੇ ਵੀ ਇਹ ਅਨੁਭਵ ਕੀਤਾ ਹੈ। ਹੜ੍ਹ ਦੀ ਮਾਰ ਹੇਠ ਆਏ ਸਾਰੇ ਇਲਾਕਿਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਘਰਾਂ ਅਤੇ ਰਾਜ ਗ੍ਰਹਿਆਂ ਦੀ ਮੁਰੰਮਤ ਕੀਤੀ ਗਈ। ਅਤੇ ਜਿਹੜੇ ਗੁਆਂਢੀ, ਗਵਾਹ ਨਹੀਂ ਸਨ, ਉਨ੍ਹਾਂ ਦੀ ਵੀ ਸਹਾਇਤਾ ਕੀਤੀ ਗਈ। ਉਨ੍ਹਾਂ ਦੇ ਘਰਾਂ ਦੀ ਵੀ ਮੁਰੰਮਤ ਕੀਤੀ ਗਈ ਜਿਸ ਕਰਕੇ ਉਨ੍ਹਾਂ ਨੇ ਬਹੁਤ ਸ਼ੁਕਰੀਆ ਅਦਾ ਕੀਤਾ।
ਸਦੀਪਕ ਚੈਨ ਅਤੇ ਆਸ਼ਾ ਵਾਲਾ ਭਵਿੱਖ
ਜਦੋਂ ਅਖ਼ੀਰ ਵਿਚ ਸਾਡਾ ਬੁਖ਼ਾਰ ਲੱਥ ਜਾਂਦਾ ਹੈ ਅਤੇ ਸਾਡੀ ਸਿਹਤ ਠੀਕ ਹੋ ਜਾਂਦੀ ਹੈ, ਤਾਂ ਅਸੀਂ ਉਸ ਡਾਕਟਰ ਦੇ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ ਜਿਸ ਨੇ ਸਾਡੀ ਮਦਦ ਕੀਤੀ ਹੈ! ਜਦੋਂ ਮਨੁੱਖਜਾਤੀ ਨੂੰ ਚੜ੍ਹੇ ਹੋਏ ਬੇਚੈਨੀ ਦੇ ਬੁਖ਼ਾਰ—ਪਰਮੇਸ਼ੁਰ ਦੇ ਰਾਜ ਦੇ ਜ਼ਰੀਏ—ਦਾ ਇਲਾਜ ਹਮੇਸ਼ਾ ਲਈ ਕਰ ਦਿੱਤਾ ਜਾਵੇਗਾ, ਉਦੋਂ ਅਸੀਂ ਆਪਣੇ ਸ੍ਰਿਸ਼ਟੀਕਰਤਾ ਦਾ ਕਿੰਨਾ ਸ਼ੁਕਰ ਕਰਾਂਗੇ! ਜੀ ਹਾਂ, ਉਹ ਹੀ ਸਾਡੇ ਨਾਲ “ਸਦੀਪਕ ਚੈਨ ਅਤੇ ਆਸ਼ਾ” ਵਾਲੀ ਜ਼ਿੰਦਗੀ ਦਾ ਵਾਅਦਾ ਕਰਦਾ ਹੈ। ਕਿੰਨਾ ਸ਼ਾਨਦਾਰ ਭਵਿੱਖ!—ਯਸਾਯਾਹ 32:17.
[ਸਫ਼ੇ 10 ਉੱਤੇ ਸੁਰਖੀ]
ਦੌਲਤ ਤੇ ਧਿਆਨ ਲਗਾਉਣ ਦੀ ਥਾਂ ਅਸੀਂ ਧਾਰਮਿਕ ਗੱਲਾਂ ਤੇ ਧਿਆਨ ਲਗਾ ਕੇ ਜਜ਼ਬਾਤੀ ਬੋਝ ਨੂੰ ਘਟਾ ਸਕਦੇ ਹਾਂ
[ਸਫ਼ੇ 8, 9 ਉੱਤੇ ਤਸਵੀਰ]
ਪਰਮੇਸ਼ੁਰ ਅਜਿਹੀ ਨਵੀਂ ਦੁਨੀਆਂ ਦਾ ਵਾਅਦਾ ਕਰਦਾ ਹੈ ਜਿੱਥੇ ਸਾਰੇ ਜਣੇ ਸਦਾ ਲਈ ਸੁਖੀ ਜੀਵਨ ਜੀਉਣਗੇ