ਕਾਲ ਤੋਂ ਰਾਹਤ ਆ ਰਹੀ ਹੈ!
ਤੁਸੀਂ ਸ਼ਾਇਦ ਸੋਚ ਰਹੇ ਹੋ ਕਿ “ਇਹ ਕਿਹੋ ਜਿਹਾ ਕਾਲ ਹੈ?” ਇਹ ਰੂਹਾਨੀ ਭੋਜਨ ਦਾ ਕਾਲ ਹੈ! ਪੁਰਾਣੇ ਜ਼ਮਾਨੇ ਦੇ ਇਬਰਾਨੀ ਨਬੀ ਨੇ ਇਸ ਕਾਲ ਬਾਰੇ ਦੱਸਿਆ ਸੀ। ਉਸ ਨੇ ਕਿਹਾ: “ਵੇਖ, ਓਹ ਦਿਨ ਆਉਂਦੇ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਮੈਂ ਦੇਸ ਵਿੱਚ ਕਾਲ ਘੱਲਾਂਗਾ, ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ।” (ਆਮੋਸ 8:11) ਪੈਟਰਸਨ, ਨਿਊਯਾਰਕ ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 112ਵੀਂ ਕਲਾਸ ਹੋਈ ਸੀ। ਇਸ ਕਲਾਸ ਦੇ 48 ਮੈਂਬਰ ਦੁਨੀਆਂ ਵਿੱਚੋਂ 19 ਵੱਖੋ-ਵੱਖਰੇ ਦੇਸ਼ਾਂ ਨੂੰ ਜਾ ਰਹੇ ਹਨ ਤਾਂਕਿ ਉਹ ਇਸ ਰੂਹਾਨੀ ਕਾਲ ਨੂੰ ਮਿਟਾਉਣ ਵਿਚ ਮਦਦ ਕਰ ਸਕਣ।
ਉਹ ਇਨ੍ਹਾਂ ਦੇਸ਼ਾਂ ਵਿਚ ਭੋਜਨ ਨਹੀਂ ਬਲਕਿ ਗਿਆਨ, ਤਜਰਬਾ ਅਤੇ ਸਿਖਲਾਈ ਲੈ ਕੇ ਜਾ ਰਹੇ ਹਨ। ਪੰਜ ਮਹੀਨਿਆਂ ਲਈ ਇਨ੍ਹਾਂ ਨੇ ਬਾਈਬਲ ਦੀ ਡੂੰਘੀ ਪੜ੍ਹਾਈ ਕੀਤੀ ਹੈ ਅਤੇ ਇਨ੍ਹਾਂ ਦੀ ਨਿਹਚਾ ਮਜ਼ਬੂਤ ਕੀਤੀ ਗਈ ਹੈ ਤਾਂਕਿ ਉਹ ਵਿਦੇਸ਼ ਵਿਚ ਮਿਸ਼ਨਰੀ ਸੇਵਾ ਕਰਨ ਲਈ ਤਿਆਰ ਹੋ ਸਕਣ। ਇਸ ਸਾਲ ਦੇ 9 ਮਾਰਚ ਨੂੰ ਹੋਈ ਗ੍ਰੈਜੂਏਸ਼ਨ ਤੇ ਹਾਜ਼ਰ 5,554 ਲੋਕਾਂ ਨੇ ਧਿਆਨ ਅਤੇ ਆਨੰਦ ਨਾਲ ਪ੍ਰੋਗ੍ਰਾਮ ਸੁਣਿਆ।
ਸਟੀਵਨ ਲੈੱਟ, ਜੋ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਇਕ ਮੈਂਬਰ ਹੈ, ਨੇ ਪ੍ਰੋਗ੍ਰਾਮ ਨੂੰ ਬੜੇ ਜੋਸ਼ ਨਾਲ ਸ਼ੁਰੂ ਕੀਤਾ। ਉਸ ਨੇ ਖ਼ਾਸ ਕਰਕੇ ਉਨ੍ਹਾਂ ਸਾਰਿਆਂ ਮਹਿਮਾਨਾਂ ਦਾ ਸੁਆਗਤ ਕੀਤਾ ਜੋ ਵੱਖਰੇ-ਵੱਖਰੇ ਦੇਸ਼ਾਂ ਤੋਂ ਆਏ ਹੋਏ ਸਨ। ਫਿਰ ਉਸ ਨੇ ਯਿਸੂ ਦੇ ਸ਼ਬਦ ਉਨ੍ਹਾਂ ਮਿਸ਼ਨਰੀਆਂ ਦੇ ਕੰਮ ਉੱਤੇ ਲਾਗੂ ਕੀਤੇ: “ਤੁਸੀਂ ਜਗਤ ਦੇ ਚਾਨਣ ਹੋ।” (ਮੱਤੀ 5:14) ਉਸ ਨੇ ਸਮਝਾਇਆ: ‘ਜੋ ਕੰਮ ਤੁਹਾਨੂੰ ਸੌਂਪਿਆ ਗਿਆ ਹੈ ਉਸ ਵਿਚ ਤੁਸੀਂ ਯਹੋਵਾਹ ਦੇ ਅਦਭੁਤ ਕੰਮਾਂ ਦੇ ਵੱਖੋ-ਵੱਖਰਿਆਂ ਪਹਿਲੂਆਂ ਉੱਤੇ “ਚਾਨਣ ਪਾਓਗੇ।”’ ਇਸ ਰਾਹੀਂ ਨੇਕ-ਦਿਲ ਲੋਕ ਯਹੋਵਾਹ ਅਤੇ ਉਸ ਦੇ ਮਕਸਦਾਂ ਦੀ ਸੁੰਦਰਤਾ ਦੇਖਣਗੇ।’ ਭਰਾ ਲੈੱਟ ਨੇ ਮਿਸ਼ਨਰੀਆਂ ਨੂੰ ਝੂਠੀਆਂ ਸਿੱਖਿਆਵਾਂ ਦੇ ਹਨੇਰੇ ਨੂੰ ਪ੍ਰਗਟ ਕਰਨ ਅਤੇ ਸੱਚਾਈ ਨੂੰ ਭਾਲਣ ਵਾਲਿਆਂ ਨੂੰ ਰਾਹ ਦਿਖਾਉਣ ਲਈ ਪਰਮੇਸ਼ੁਰ ਦੇ ਬਚਨ ਦੇ ਚਾਨਣ ਨੂੰ ਵਰਤਣ ਲਈ ਉਤਸ਼ਾਹਿਤ ਕੀਤਾ।
ਕਾਮਯਾਬੀ ਲਈ ਸਹੀ ਰਵੱਈਆ ਜ਼ਰੂਰੀ ਹੈ
ਚੇਅਰਮੈਨ ਦੀਆਂ ਟਿੱਪਣੀਆਂ ਤੋਂ ਬਾਅਦ, ਇਕ ਭਾਸ਼ਣ-ਲੜੀ ਸ਼ੁਰੂ ਹੋਈ ਜੋ ਮਿਸ਼ਨਰੀਆਂ ਨੂੰ ਕਾਮਯਾਬ ਹੋਣ ਦੀ ਮਦਦ ਕਰਨ ਲਈ ਤਿਆਰ ਕੀਤੀ ਗਈ ਸੀ। ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਬਾਲਟਾਸਾਰ ਪਰਲਾ ਨੇ ਪਹਿਲਾ ਭਾਸ਼ਣ ਦਿੱਤਾ। ਉਸ ਦਾ ਵਿਸ਼ਾ ਸੀ “ਤਕੜੇ ਅਤੇ ਸੂਰਮੇ ਹੋਵੋ, ਅਤੇ ਕੰਮ ਕਰੋ।” (1 ਇਤਹਾਸ 28:20) ਇਸਰਾਏਲ ਦੇ ਰਾਜੇ ਸੁਲੇਮਾਨ ਨੂੰ ਅਜਿਹਾ ਔਖਾ ਕੰਮ ਦਿੱਤਾ ਗਿਆ ਸੀ ਜੋ ਉਸ ਨੇ ਪਹਿਲਾਂ ਕਦੀ ਵੀ ਨਹੀਂ ਕੀਤਾ ਸੀ। ਉਸ ਨੇ ਯਰੂਸ਼ਲਮ ਦੀ ਹੈਕਲ ਬਣਾਉਣੀ ਸੀ। ਸੁਲੇਮਾਨ ਨੇ ਯਹੋਵਾਹ ਦੀ ਮਦਦ ਨਾਲ ਹੈਕਲ ਦਾ ਕੰਮ ਪੂਰਾ ਕੀਤਾ। ਇਸ ਪਾਠ ਨੂੰ ਕਲਾਸ ਤੇ ਲਾਗੂ ਕਰਦੇ ਹੋਏ ਭਰਾ ਪਰਲਾ ਨੇ ਕਿਹਾ: ‘ਤੁਹਾਨੂੰ ਇਕ ਮਿਸ਼ਨਰੀ ਬਣਨ ਦਾ ਨਵਾਂ ਕੰਮ ਸੌਂਪਿਆ ਗਿਆ ਹੈ ਅਤੇ ਤੁਹਾਨੂੰ ਤਕੜੇ ਅਤੇ ਸੂਰਮੇ ਹੋਣ ਦੀ ਲੋੜ ਹੈ।’ ਵਿਦਿਆਰਥੀਆਂ ਨੇ ਇਸ ਗੱਲ ਤੋਂ ਦਿਲਾਸਾ ਪਾਇਆ ਕਿ ਜਿੰਨਾ ਚਿਰ ਉਹ ਯਹੋਵਾਹ ਦੇ ਨਜ਼ਦੀਕ ਰਹਿਣਗੇ ਯਹੋਵਾਹ ਕਦੀ ਵੀ ਉਨ੍ਹਾਂ ਦਾ ਸਾਥ ਨਹੀਂ ਛੱਡੇਗਾ। ਅਖ਼ੀਰ ਵਿਚ ਭਰਾ ਪਰਲਾ ਨੇ ਆਪਣੇ ਨਿੱਜੀ ਤਜਰਬੇ ਬਾਰੇ ਦੱਸ ਕੇ ਹਾਜ਼ਰੀਨ ਨੂੰ ਪ੍ਰੇਰਿਤ ਕੀਤਾ, ਉਸ ਨੇ ਕਿਹਾ: ‘ਤੁਸੀਂ ਮਿਸ਼ਨਰੀਆਂ ਵਜੋਂ ਬਹੁਤ ਹੀ ਵਧੀਆ ਕੰਮ ਕਰ ਸਕਦੇ ਹੋ। ਮਿਸ਼ਨਰੀਆਂ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸੱਚਾਈ ਸਿਖਾਈ ਸੀ!’
ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ, ਸੈਮੂਏਲ ਹਰਡ, ਨੇ ਇਸ ਵਿਸ਼ੇ ਤੇ ਭਾਸ਼ਣ ਦਿੱਤਾ ਕਿ “ਕਾਮਯਾਬੀ ਲਈ ਯਹੋਵਾਹ ਉੱਤੇ ਭਰੋਸਾ ਰੱਖੋ।” ਵਿਦਿਆਰਥੀ ਮਿਸ਼ਨਰੀ ਕੰਮ ਸ਼ੁਰੂ ਕਰਨ ਵਾਲੇ ਹਨ ਅਤੇ ਉਨ੍ਹਾਂ ਦੀ ਕਾਮਯਾਬੀ ਯਹੋਵਾਹ ਨਾਲ ਉਨ੍ਹਾਂ ਦੇ ਰਿਸ਼ਤੇ ਉੱਤੇ ਨਿਰਭਰ ਹੈ। ਭਰਾ ਹਰਡ ਨੇ ਉਨ੍ਹਾਂ ਨੂੰ ਨਸੀਹਤ ਦਿੱਤੀ: ‘ਗਿਲਿਅਡ ਸਕੂਲ ਦੌਰਾਨ ਅਧਿਐਨ ਕਰਦੇ ਹੋਏ ਤੁਸੀਂ ਬਾਈਬਲ ਦਾ ਬਹੁਤ ਗਿਆਨ ਪਾਇਆ ਹੈ। ਤੁਸੀਂ ਖ਼ੁਸ਼ੀ ਨਾਲ ਇਹ ਗਿਆਨ ਸਵੀਕਾਰ ਕਰਦੇ ਆਏ ਹੋ। ਪਰ ਹੁਣ, ਸੱਚ-ਮੁੱਚ ਕਾਮਯਾਬ ਹੋਣ ਲਈ ਤੁਹਾਨੂੰ ਇਹ ਸਾਰੀਆਂ ਸਿੱਖੀਆਂ ਗਈਆਂ ਗੱਲਾਂ ਦੂਸਰਿਆਂ ਤਕ ਪਹੁੰਚਾਉਣ ਦੀ ਲੋੜ ਹੈ।’ (ਰਸੂਲਾਂ ਦੇ ਕਰਤੱਬ 20:35) ਮਿਸ਼ਨਰੀਆਂ ਨੂੰ ਇਸ ਤਰ੍ਹਾਂ ਕਰਨ ਲਈ ਕਈ ਮੌਕੇ ਮਿਲਣੇ ਹਨ ਜਿਉਂ-ਜਿਉਂ ਉਹ ਦੂਸਰਿਆਂ ਲਈ ‘ਆਪਣੇ ਆਪ ਨੂੰ ਵਹਾਉਂਦੇ ਹਨ।’—ਫ਼ਿਲਿੱਪੀਆਂ 2:17.
ਗਿਲਿਅਡ ਦੇ ਅਧਿਆਪਕ ਵਿਦਿਆਰਥੀਆਂ ਨੂੰ ਕਿਹੜੀ ਆਖ਼ਰੀ ਸਲਾਹ ਦੇਣਗੇ? ਮਾਰਕ ਨੂਮੇਰ ਦਾ ਭਾਸ਼ਣ ਰੂਥ 3:18 ਤੇ ਆਧਾਰਿਤ ਸੀ ਕਿ “ਬੈਠੇ ਰਹੋ ਜਦ ਤੋੜੀ ਤੁਸੀਂ ਜਾਣ ਨਾ ਲਵੋ ਕਿ ਇਹ ਗੱਲ ਕਿਵੇਂ ਚੱਲਦੀ ਹੈ।” ਨਾਓਮੀ ਅਤੇ ਰੂਥ ਦੀ ਮਿਸਾਲ ਵਰਤਦੇ ਹੋਏ ਭਾਸ਼ਣਕਾਰ ਨੇ ਗ੍ਰੈਜੂਏਟਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਧਰਤੀ ਉੱਤੇ ਪਰਮੇਸ਼ੁਰ ਦੁਆਰਾ ਸਥਾਪਿਤ ਕੀਤੇ ਗਏ ਸੰਗਠਨ ਦੇ ਪ੍ਰਬੰਧਾਂ ਵਿਚ ਪੂਰਾ ਭਰੋਸਾ ਰੱਖਣ ਅਤੇ ਪਰਮੇਸ਼ੁਰੀ ਇਖ਼ਤਿਆਰ ਦਾ ਆਦਰ ਕਰਨ। ਵਿਦਿਆਰਥੀਆਂ ਦੇ ਦਿਲਾਂ ਨੂੰ ਛੋਹੰਦੇ ਹੋਏ ਭਰਾ ਨੂਮੇਰ ਨੇ ਕਿਹਾ: ‘ਕਦੀ-ਕਦੀ ਅਜਿਹੇ ਸਮੇਂ ਆਉਣਗੇ ਜਦੋਂ ਤੁਹਾਡੇ ਸੰਬੰਧ ਵਿਚ ਕੋਈ ਫ਼ੈਸਲਾ ਕੀਤਾ ਜਾਵੇਗਾ ਅਤੇ ਤੁਹਾਨੂੰ ਸਮਝ ਨਹੀਂ ਆਵੇਗੀ ਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ ਹੈ, ਜਾਂ ਸ਼ਾਇਦ ਤੁਸੀਂ ਪੱਕਾ ਯਕੀਨ ਕਰਦੇ ਹੋ ਕਿ ਕੋਈ ਕੰਮ ਹੋਰ ਤਰੀਕੇ ਵਿਚ ਕੀਤਾ ਜਾਣਾ ਚਾਹੀਦਾ ਹੈ। ਤੁਸੀਂ ਇਸ ਬਾਰੇ ਕੀ ਕਰੋਗੇ? ਕੀ ਤੁਸੀਂ ਮਾਮਲੇ ਨੂੰ ਆਪਣੇ ਹੱਥਾਂ ਵਿਚ ਲੈ ਲਵੋਗੇ ਜਾਂ ਕੀ ਤੁਸੀਂ “ਬੈਠੇ ਰਹੋਗੇ” ਕਿਉਂਕਿ ਤੁਹਾਨੂੰ ਪਰਮੇਸ਼ੁਰ ਦੀ ਅਗਵਾਈ ਵਿਚ ਪੂਰਾ ਭਰੋਸਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਉਹ ਚੰਗੇ ਫਲ ਜ਼ਰੂਰ ਦੇਵੇਗਾ?’ (ਰੋਮੀਆਂ 8:28) ਵਿਦੇਸ਼ ਵਿਚ ਸੇਵਾ ਕਰਨ ਵਾਲੇ ਇਨ੍ਹਾਂ ਮਿਸ਼ਨਰੀਆਂ ਨੂੰ ਅਗਲੀ ਸਲਾਹ ਜ਼ਰੂਰ ਮਦਦ ਕਰੇਗੀ ਕਿ ‘ਰਾਜ ਦਿਆਂ ਹਿੱਤਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ ਅਤੇ ਦੂਸਰਿਆਂ ਦੇ ਸੁਭਾਅ ਕਾਰਨ ਪਰੇਸ਼ਾਨ ਹੋਣ ਦੀ ਬਜਾਇ ਯਹੋਵਾਹ ਦੇ ਸੰਗਠਨ ਵੱਲ ਧਿਆਨ ਦਿਓ।’
ਗਿਲਿਅਡ ਦਾ ਅਧਿਆਪਕ, ਵੈਲਸ ਲਿਵਰੈਂਸ, ਜੋ ਆਪ ਵੀ ਮਿਸ਼ਨਰੀ ਹੁੰਦਾ ਸੀ ਨੇ ਇਸ ਲੜੀ ਦਾ ਆਖ਼ਰੀ ਭਾਸ਼ਣ ਦਿੱਤਾ। ਉਸ ਦੇ ਭਾਸ਼ਣ ਦਾ ਵਿਸ਼ਾ ਸੀ “ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿਓ ਅਤੇ ਇਸ ਵਿਚ ਕਾਇਮ ਰਹੋ।” ਉਸ ਨੇ ਦਿਖਾਇਆ ਕਿ ਦਾਨੀਏਲ ਨਬੀ ਨੇ ਬਾਬਲ ਦੇ ਡਿਗਣ ਅਤੇ ਯਿਰਮਿਯਾਹ ਦੀ ਭਵਿੱਖਬਾਣੀ ਤੋਂ ਇਹ ਸਮਝ ਲਿਆ ਸੀ ਕਿ ਗ਼ੁਲਾਮੀ ਤੋਂ ਇਸਰਾਏਲੀਆਂ ਦੀ ਮੁਕਤੀ ਨੇੜੇ ਸੀ। (ਯਿਰਮਿਯਾਹ 25:11; ਦਾਨੀਏਲ 9:2) ਦਾਨੀਏਲ ਜਾਣਦਾ ਸੀ ਕਿ ਯਹੋਵਾਹ ਨੇ ਸਾਰਿਆਂ ਕੰਮਾਂ ਲਈ ਸਮਾਂ ਠਹਿਰਾਇਆ ਹੈ ਅਤੇ ਇਸ ਗੱਲ ਨੇ ਉਸ ਨੂੰ ਪਰਮੇਸ਼ੁਰ ਦੇ ਮਕਸਦਾਂ ਦੀ ਪੂਰਤੀ ਉੱਤੇ ਧਿਆਨ ਰੱਖਣ ਵਿਚ ਮਦਦ ਦਿੱਤੀ। ਇਸ ਦੇ ਉਲਟ, ਹੱਜਈ ਨਬੀ ਦੇ ਦਿਨਾਂ ਵਿਚ ਇਸਰਾਏਲੀਆਂ ਨੇ ਕਿਹਾ: “ਵੇਲਾ ਨਹੀਂ ਆਇਆ।” (ਹੱਜਈ 1:2) ਉਹ ਭੁੱਲ ਗਏ ਸਨ ਕਿ ਉਹ ਕਿਨ੍ਹਾਂ ਸਮਿਆਂ ਵਿਚ ਜੀ ਰਹੇ ਸਨ ਅਤੇ ਐਸ਼-ਆਰਾਮ ਕਰਨ ਅਤੇ ਆਪਣਿਆਂ ਕੰਮਾਂ ਉੱਤੇ ਧਿਆਨ ਦੇਣ ਲੱਗ ਪਏ ਸਨ। ਉਹ ਭੁੱਲ ਗਏ ਸਨ ਕਿ ਉਨ੍ਹਾਂ ਨੂੰ ਹੈਕਲ ਦੀ ਦੁਬਾਰਾ ਉਸਾਰੀ ਕਰਨ ਲਈ ਹੀ ਬਾਬਲ ਤੋਂ ਮੁਕਤ ਕੀਤਾ ਗਿਆ ਸੀ। ਅਖ਼ੀਰ ਵਿਚ ਭਰਾ ਲਿਵਰੈਂਸ ਨੇ ਕਿਹਾ: “ਇਸ ਲਈ, ਹਰ ਵੇਲੇ ਯਹੋਵਾਹ ਦੇ ਮਕਸਦਾਂ ਨੂੰ ਮਨ ਵਿਚ ਰੱਖਦੇ ਹੋਏ ਉਸ ਦੀ ਸੇਵਾ ਨੂੰ ਪਹਿਲ ਦਿਓ।”
ਗਿਲਿਅਡ ਦਾ ਅਧਿਆਪਕ, ਲਾਰੈਂਸ ਬੋਵਨ, ਉਸ ਭਾਸ਼ਣ ਦਾ ਪ੍ਰਧਾਨ ਸੀ ਜਿਸ ਦਾ ਵਿਸ਼ਾ ਸੀ “ਯਹੋਵਾਹ ਉਨ੍ਹਾਂ ਨੂੰ ਬਰਕਤ ਦਿੰਦਾ ਹੈ ਜੋ ਜੀਉਂਦਾ ਬਚਨ ਵਰਤਦੇ ਹਨ।” (ਇਬਰਾਨੀਆਂ 4:12) ਇਸ ਭਾਗ ਵਿਚ ਪ੍ਰਚਾਰ ਸੇਵਾ ਵਿਚ ਕਲਾਸ ਦੇ ਅਨੁਭਵ ਸ਼ਾਮਲ ਸਨ। ਇਨ੍ਹਾਂ ਨੇ ਦਿਖਾਇਆ ਕਿ ਯਹੋਵਾਹ ਉਨ੍ਹਾਂ ਨੂੰ ਬਰਕਤ ਦਿੰਦਾ ਹੈ ਜੋ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਵਿਚ ਬਾਈਬਲ ਵਰਤਦੇ ਹਨ। ਪ੍ਰਧਾਨ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਯਿਸੂ ਮਸੀਹ ਨੇ ਪਰਮੇਸ਼ੁਰ ਦੇ ਸਾਰਿਆਂ ਸੇਵਕਾਂ ਲਈ ਵਧੀਆ ਉਦਾਹਰਣ ਪੇਸ਼ ਕੀਤੀ ਸੀ: ‘ਯਿਸੂ ਸੱਚੇ ਦਿਲੋਂ ਕਹਿ ਸਕਦਾ ਸੀ ਕਿ ਜੋ ਉਹ ਸਿਖਾਉਂਦਾ ਸੀ ਉਹ ਆਪਣੇ ਵੱਲੋਂ ਨਹੀਂ, ਪਰ ਪਰਮੇਸ਼ੁਰ ਦਾ ਬਚਨ ਸੀ।’ ਨੇਕ-ਦਿਲ ਵਾਲੇ ਸੱਚਾਈ ਨੂੰ ਪਛਾਣ ਕੇ ਉਸ ਅਨੁਸਾਰ ਚੱਲਣ ਲੱਗੇ। (ਯੂਹੰਨਾ 7:16, 17) ਅੱਜ ਵੀ ਇਸ ਤਰ੍ਹਾਂ ਹੁੰਦਾ ਹੈ।
ਗਿਲਿਅਡ ਦੀ ਸਿਖਲਾਈ ਸਾਨੂੰ ਹਰੇਕ ਭਲੇ ਕੰਮ ਲਈ ਤਿਆਰ ਕਰਦੀ ਹੈ
ਫਿਰ, ਲੰਬੇ ਸਮੇਂ ਤੋਂ ਬੈਥਲ ਵਿਚ ਸੇਵਾ ਕਰਨ ਵਾਲੇ ਭਰਾ ਰਿਚਰਡ ਐਬਰਾਹੈਮਸਨ ਅਤੇ ਭਰਾ ਪੈਟਰਿਕ ਲਾਫ਼ਰਾਂਕਾ ਨੇ ਗਿਲਿਅਡ ਦੇ ਛੇ ਗ੍ਰੈਜੂਏਟਾਂ ਦੀ ਇੰਟਰਵਿਊ ਲਈ ਜੋ ਹੁਣ ਫੁਲ-ਟਾਈਮ ਸੇਵਾ ਦੇ ਵੱਖਰੇ-ਵੱਖਰੇ ਪਹਿਲੂਆਂ ਵਿਚ ਹਿੱਸਾ ਲੈ ਰਹੇ ਹਨ। ਗਿਲਿਅਡ ਦੀ 112ਵੀਂ ਕਲਾਸ ਦੇ ਗ੍ਰੈਜੂਏਟ ਇਹ ਸੁਣ ਕੇ ਉਤਸ਼ਾਹਿਤ ਹੋਏ ਕਿ ਇਹ ਭੈਣ-ਭਰਾ ਬਾਈਬਲ ਦਾ ਅਧਿਐਨ ਕਰਨ, ਗੱਲਾਂ ਦੀ ਡੂੰਘੀ ਖੋਜ ਕਰਨ, ਅਤੇ ਦੂਸਰਿਆਂ ਨਾਲ ਮਿਲ ਕੇ ਰਹਿਣ ਦੇ ਸੰਬੰਧ ਵਿਚ ਗਿਲਿਅਡ ਦੁਆਰਾ ਹਾਸਲ ਕੀਤੀ ਸਿਖਲਾਈ ਹੁਣ ਵੀ ਆਪਣੀ ਸੇਵਾ ਵਿਚ ਲਾਗੂ ਕਰਦੇ ਹਨ।
ਪ੍ਰਬੰਧਕ ਸਭਾ ਦੇ ਮੈਂਬਰ, ਥੀਓਡੋਰ ਜੈਰਸ, ਨੇ ਪ੍ਰੋਗ੍ਰਾਮ ਦਾ ਮੁੱਖ ਭਾਸ਼ਣ ਦਿੱਤਾ ਸੀ। ਉਸ ਦਾ ਵਿਸ਼ਾ ਸੀ “ਸ਼ਤਾਨ ਦੀ ਨਫ਼ਰਤ ਸਹਿਣ ਦੁਆਰਾ ਕੀ ਪੂਰਾ ਹੁੰਦਾ ਹੈ।” ਪਿਛਲੇ ਪੰਜ ਮਹੀਨਿਆਂ ਦੌਰਾਨ ਵਿਦਿਆਰਥੀ ਪਿਆਰ ਨਾਲ ਤੇ ਪਰਮੇਸ਼ੁਰੀ ਸਿੱਖਿਆ ਨਾਲ ਭਰੇ ਮਾਹੌਲ ਵਿਚ ਰਹੇ ਹਨ। ਲੇਕਿਨ, ਜਿਵੇਂ ਇਨ੍ਹਾਂ ਦੀਆਂ ਕਲਾਸਾਂ ਵਿਚ ਸਮਝਾਇਆ ਗਿਆ ਸੀ ਅਸੀਂ ਦੁਸ਼ਟ ਸੰਸਾਰ ਵਿਚ ਜੀ ਰਹੇ ਹਾਂ। ਯਹੋਵਾਹ ਦੇ ਲੋਕਾਂ ਉੱਤੇ ਸਾਰੇ ਪਾਸਿਓਂ ਹਮਲੇ ਕੀਤੇ ਜਾ ਰਹੇ ਹਨ। (ਮੱਤੀ 24:9) ਬਾਈਬਲ ਵਿੱਚੋਂ ਕਈ ਬਿਰਤਾਂਤ ਵਰਤ ਕੇ ਭਰਾ ਜੈਰਸ ਨੇ ਦਿਖਾਇਆ ਕਿ ‘ਸ਼ਤਾਨ ਨੇ ਖ਼ਾਸ ਕਰਕੇ ਸਾਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਸਾਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।’ (ਅੱਯੂਬ 1:8; ਦਾਨੀਏਲ 6:4; ਯੂਹੰਨਾ 15:20; ਪਰਕਾਸ਼ ਦੀ ਪੋਥੀ 12:12, 17) ਭਰਾ ਜੈਰਸ ਨੇ ਆਪਣਾ ਭਾਸ਼ਣ ਇਸ ਗੱਲ ਨਾਲ ਖ਼ਤਮ ਕੀਤਾ ਕਿ ਭਾਵੇਂ ਪਰਮੇਸ਼ੁਰ ਦੇ ਲੋਕਾਂ ਨਾਲ ਲਗਾਤਾਰ ਨਫ਼ਰਤ ਕੀਤੀ ਜਾਂਦੀ ਹੈ, ‘ਜਿਵੇਂ ਯਸਾਯਾਹ 54:17 ਵਿਚ ਲਿਖਿਆ ਹੈ, ਸਾਡੇ ਵਿਰੁੱਧ ਬਣਾਇਆ ਗਿਆ ਹਰੇਕ ਹਥਿਆਰ ਨਿਕੰਮਾ ਹੋਵੇਗਾ। ਯਹੋਵਾਹ ਆਪਣੇ ਸਮੇਂ ਤੇ ਅਤੇ ਆਪਣੇ ਤਰੀਕੇ ਵਿਚ ਸਾਨੂੰ ਬਚਾ ਲਵੇਗਾ।’
‘ਪੂਰੀ ਤਰ੍ਹਾਂ ਤਿਆਰ ਕੀਤੇ ਗਏ’ ਗਿਲਿਅਡ ਦੀ 112ਵੀਂ ਕਲਾਸ ਦੇ ਗ੍ਰੈਜੂਏਟ ਬਿਨਾਂ ਸ਼ੱਕ ਜਿਨ੍ਹਾਂ ਦੇਸ਼ਾਂ ਵਿਚ ਜਾਣਗੇ ਉੱਥੇ ਰੂਹਾਨੀ ਕਾਲ ਨੂੰ ਮਿਟਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। (2 ਤਿਮੋਥਿਉਸ 3:16, 17) ਇਨ੍ਹਾਂ ਦੇਸ਼ਾਂ ਵਿਚ ਸੱਚਾਈ ਦਾ ਸੰਦੇਸ਼ ਪਹੁੰਚਾਉਣ ਦੀਆਂ ਰਿਪੋਰਟਾਂ ਦਾ ਅਸੀਂ ਬੇਚੈਨੀ ਨਾਲ ਇੰਤਜ਼ਾਰ ਕਰਦੇ ਹਾਂ।
[ਸਫ਼ੇ 23 ਉੱਤੇ ਡੱਬੀ]
ਕਲਾਸ ਦੇ ਅੰਕੜੇ
ਜਿੰਨੇ ਦੇਸ਼ਾਂ ਤੋਂ ਆਏ: 6
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 19
ਵਿਦਿਆਰਥੀਆਂ ਦੀ ਗਿਣਤੀ: 48
ਔਸਤਨ ਉਮਰ: 33.2
ਸੱਚਾਈ ਵਿਚ ਔਸਤਨ ਸਾਲ: 15.7
ਪੂਰਣ-ਕਾਲੀ ਸੇਵਾ ਵਿਚ ਔਸਤ ਸਾਲ: 12.2
[ਸਫ਼ੇ 24 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 112ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਹੇਠਲੀ ਲਾਈਨ ਤੋਂ ਪਿਛਾਂਹ ਵੱਲ ਦਿਖਾਏ ਗਏ ਹਨ ਅਤੇ ਹਰੇਕ ਲਾਈਨ ਵਿਚ ਇਹ ਖੱਬੇ ਤੋਂ ਸੱਜੇ ਦਿਖਾਏ ਗਏ ਹਨ।
(1) ਪੈਰੌਟ, ਐੱਮ.; ਹੁੱਕਰ, ਈ.; ਆਨਾਯਾ, ਆਰ.; ਰੇਨੋਲਡਜ਼, ਜੇ.; ਜੇਜ਼ਵਾਲਡੀ, ਕੇ.; ਗੋਨਜ਼ਾਲੇਜ਼, ਜੇ. (2) ਰੌਬਿਨਸਨ, ਸੀ.; ਫ਼ਿਲਿਪਸ, ਬੀ.; ਮੇਡਮੈਂਟ, ਕੇ.; ਮੋਰ, ਆਈ.; ਨੋਕਸ, ਜੇ.; ਬਾਰਨੇਟ, ਐੱਸ. (3) ਸਟਾਈਯਰਜ਼, ਟੀ.; ਪਾਮਰ, ਬੀ.; ਯਾਂਗ, ਸੀ.; ਗਰੂਟਯੂਜ਼, ਐੱਸ.; ਗਰੋਪ, ਟੀ.; ਬਾਕ, ਸੀ. (4) ਆਨਾਯਾ, ਆਰ.; ਸੂਕੋਰੇਫ, ਈ.; ਸਟੂਅਰਟ, ਕੇ.; ਸਿਮੋਜ਼ਰਾਗ, ਐੱਨ.; ਸਿਮੋਟੇਲ, ਸੀ.; ਬਾਕ, ਈ. (5) ਸਟੂਅਰਟ, ਆਰ.; ਯਾਂਗ, ਐੱਚ.; ਗਿਲਫੇਦਰ, ਏ.; ਹੈਰਿਸ, ਆਰ.; ਬਾਰਨੇਟ, ਡੀ.; ਪੈਰੌਟ, ਐੱਸ. (6) ਮੇਡਮੈਂਟ, ਏ.; ਮੋਰ, ਜੇ.; ਗਰੂਟਯੂਜ਼, ਸੀ.; ਗਿਲਫੇਦਰ, ਸੀ.; ਨੋਕਸ, ਐੱਸ.; ਸਟਾਈਯਰਜ਼, ਟੀ. (7) ਜੇਜ਼ਵਾਲਡੀ, ਡੀ.; ਗਰੋਪ, ਟੀ.; ਸੂਕੋਰੇਫ, ਬੀ.; ਪਾਮਰ, ਜੀ.; ਫ਼ਿਲਿਪਸ, ਐੱਨ.; ਸਿਮੋਟੇਲ, ਜੇ. (8) ਹੈਰਿਸ, ਐੱਸ.; ਹੁੱਕਰ, ਪੀ.; ਗੋਨਜ਼ਾਲੇਜ਼, ਜੇ.; ਸਿਮੋਜ਼ਰਾਗ, ਡੀ.; ਰੇਨੋਲਡਜ਼, ਡੀ.; ਰੌਬਿਨਸਨ, ਐੱਮ.