ਕੀ ਯਹੋਵਾਹ ਤੁਹਾਡੇ ਕੰਮਾਂ-ਕਾਰਾਂ ਨੂੰ ਦੇਖਦਾ ਹੈ?
ਤੁਸੀਂ ਇਸ ਸਵਾਲ ਦਾ ਜਵਾਬ ਕਿਵੇਂ ਦਿਓਗੇ? ਕਈ ਸ਼ਾਇਦ ਕਹਿਣ: ‘ਮੈਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਨੇ ਮੂਸਾ, ਗਿਦਾਊਨ ਅਤੇ ਦਾਊਦ ਵਰਗੇ ਬੰਦਿਆਂ ਦੇ ਕੰਮਾਂ-ਕਾਰਾਂ ਵੱਲ ਧਿਆਨ ਜ਼ਰੂਰ ਦਿੱਤਾ ਸੀ, ਪਰ ਮੇਰੇ ਮਾਮੂਲੀ ਜਿਹੇ ਕੰਮਾਂ ਵਿਚ ਉਸ ਨੇ ਕੀ ਦਿਲਚਸਪੀ ਲੈਣੀ? ਮੈਂ ਮੂਸਾ, ਗਿਦਾਊਨ ਤੇ ਦਾਊਦ ਵਰਗਿਆਂ ਦਾ ਮੁਕਾਬਲਾ ਕਦੀ ਨਹੀਂ ਕਰ ਸਕਦਾ।’
ਇਹ ਗੱਲ ਸੱਚ ਹੈ ਕਿ ਬਾਈਬਲ ਦੇ ਸਮਿਆਂ ਵਿਚ ਕੁਝ ਵਫ਼ਾਦਾਰ ਆਦਮੀਆਂ ਨੇ ਨਿਹਚਾ ਦਿਖਾ ਕੇ ਪ੍ਰਭਾਵਸ਼ਾਲੀ ਕੰਮ ਕੀਤੇ ਸਨ। ਉਨ੍ਹਾਂ ਨੇ ‘ਪਾਤਸ਼ਾਹੀਆਂ ਨੂੰ ਫਤਹ ਕੀਤਾ, ਬਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਤਾਉ ਨੂੰ ਠੰਡਿਆਂ ਕੀਤਾ ਅਤੇ ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ।’ (ਇਬਰਾਨੀਆਂ 11:33, 34) ਲੇਕਿਨ ਦੂਸਰਿਆਂ ਨੇ ਛੋਟੇ-ਮੋਟੇ ਕੰਮਾਂ ਰਾਹੀਂ ਆਪਣੀ ਨਿਹਚਾ ਪ੍ਰਗਟ ਕੀਤੀ ਅਤੇ ਬਾਈਬਲ ਸਾਨੂੰ ਭਰੋਸਾ ਦਿਲਾਉਂਦੀ ਹੈ ਕਿ ਪਰਮੇਸ਼ੁਰ ਨੇ ਇਨ੍ਹਾਂ ਦੇ ਕੰਮ ਵੀ ਦੇਖੇ ਸਨ। ਉਦਾਹਰਣ ਵਜੋਂ, ਬਾਈਬਲ ਵਿਚ ਇਕ ਅਯਾਲੀ, ਨਬੀ ਅਤੇ ਵਿਧਵਾ ਦੀ ਮਿਸਾਲ ਉੱਤੇ ਗੌਰ ਕਰੋ।
ਅਯਾਲੀ ਬਲੀ ਚੜ੍ਹਾਉਂਦਾ ਹੈ
ਤੁਹਾਨੂੰ ਆਦਮ ਤੇ ਹੱਵਾਹ ਦੇ ਦੂਜੇ ਪੁੱਤਰ ਹਾਬਲ ਦੇ ਬਾਰੇ ਕੀ ਯਾਦ ਹੈ? ਤੁਸੀਂ ਸ਼ਾਇਦ ਕਹੋ ਕਿ ਉਹ ਸ਼ਹੀਦੀ ਮੌਤੇ ਮਰਿਆ ਸੀ। ਸਾਡੇ ਵਿੱਚੋਂ ਬਹੁਤ ਘੱਟ ਜਣਿਆਂ ਨੂੰ ਸ਼ਾਇਦ ਇਸ ਤਰ੍ਹਾਂ ਦੀ ਮੌਤੇ ਮਰਨਾ ਪਵੇਗਾ। ਪਰ ਯਹੋਵਾਹ ਨੇ ਇਸ ਕਰਕੇ ਹੀ ਨਹੀਂ, ਸਗੋਂ ਹਾਬਲ ਦੇ ਹੋਰ ਕੰਮ ਕਰਕੇ ਵੀ ਉਸ ਵੱਲ ਧਿਆਨ ਦਿੱਤਾ ਸੀ।
ਇਕ ਦਿਨ ਹਾਬਲ ਨੇ ਇੱਜੜ ਵਿੱਚੋਂ ਸਭ ਤੋਂ ਵਧੀਆ ਜਾਨਵਰ ਲੈ ਕੇ ਯਹੋਵਾਹ ਨੂੰ ਬਲੀਦਾਨ ਚੜ੍ਹਾਇਆ। ਇਹ ਬਲੀ ਸ਼ਾਇਦ ਸਾਨੂੰ ਅੱਜ ਮਾਮੂਲੀ ਲੱਗੇ, ਪਰ ਯਹੋਵਾਹ ਇਸ ਤੋਂ ਬਹੁਤ ਖ਼ੁਸ਼ ਹੋਇਆ। ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। ਤਕਰੀਬਨ 4,000 ਸਾਲ ਬਾਅਦ ਯਹੋਵਾਹ ਨੇ ਪੌਲੁਸ ਰਸੂਲ ਨੂੰ ਇਸ ਬਾਰੇ ਇਬਰਾਨੀਆਂ ਦੀ ਪੱਤਰੀ ਵਿਚ ਲਿਖਣ ਲਈ ਪ੍ਰੇਰਿਤ ਕੀਤਾ। ਇੰਨਿਆਂ ਸਾਲਾਂ ਬਾਅਦ ਵੀ ਯਹੋਵਾਹ ਨੂੰ ਉਸ ਦਾ ਇਹ ਸਾਧਾਰਣ ਬਲੀਦਾਨ ਨਹੀਂ ਭੁੱਲਿਆ!—ਇਬਰਾਨੀਆਂ 6:10; 11:4.
ਹਾਬਲ ਨੂੰ ਕਿਵੇਂ ਪਤਾ ਸੀ ਕਿ ਉਸ ਨੂੰ ਕਿਸ ਤਰ੍ਹਾਂ ਦੀ ਬਲੀ ਚੜ੍ਹਾਉਣੀ ਚਾਹੀਦੀ ਸੀ? ਬਾਈਬਲ ਇਸ ਬਾਰੇ ਨਹੀਂ ਦੱਸਦੀ, ਪਰ ਉਸ ਨੇ ਜ਼ਰੂਰ ਸੋਚ-ਸਮਝ ਕੇ ਬਲੀ ਚੜ੍ਹਾਈ ਹੋਵੇਗੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸ ਨੇ ਆਪਣੇ ਇੱਜੜ ਵਿੱਚੋਂ ਕੁਝ ਚੜ੍ਹਾਇਆ ਸੀ ਕਿਉਂਕਿ ਉਹ ਇਕ ਅਯਾਲੀ ਸੀ। ਪਰ ਧਿਆਨ ਦਿਓ ਕਿ ਉਸ ਨੇ ਇੱਜੜ ਵਿੱਚੋਂ ਸਭ ਤੋਂ ਵਧੀਆ ਯਾਨੀ “ਉਨ੍ਹਾਂ ਦੀ ਚਰਬੀ ਤੋਂ” ਬਲੀ ਚੜ੍ਹਾਈ। (ਉਤਪਤ 4:4) ਹੋ ਸਕਦਾ ਕਿ ਉਸ ਨੇ ਅਦਨ ਦੇ ਬਾਗ਼ ਵਿਚ ਸੱਪ ਨੂੰ ਕਹੇ ਯਹੋਵਾਹ ਦੇ ਇਨ੍ਹਾਂ ਸ਼ਬਦਾਂ ਉੱਤੇ ਮਨਨ ਕੀਤਾ ਹੋਵੇ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15; ਪਰਕਾਸ਼ ਦੀ ਪੋਥੀ 12:9) ਭਾਵੇਂ ਕਿ ਹਾਬਲ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ “ਤੀਵੀਂ” ਅਤੇ ਉਸ ਦੀ “ਸੰਤਾਨ” ਕੌਣ ਸਨ, ਫਿਰ ਵੀ ਸ਼ਾਇਦ ਉਸ ਨੇ ਤੀਵੀਂ ਦੀ ਸੰਤਾਨ ਦੀ ‘ਅੱਡੀ ਨੂੰ ਡੰਗ ਮਾਰਨ’ ਦੇ ਸ਼ਬਦਾਂ ਤੋਂ ਸਮਝ ਲਿਆ ਸੀ ਕਿ ਖ਼ੂਨ ਵਹਾਇਆ ਜਾਵੇਗਾ। ਉਸ ਨੇ ਜ਼ਰੂਰ ਸਿਆਣਿਆ ਹੋਵੇਗਾ ਕਿ ਜੀਉਂਦੇ-ਜਾਗਦੇ ਪ੍ਰਾਣੀ ਨਾਲੋਂ ਉਹ ਹੋਰ ਜ਼ਿਆਦਾ ਕੀਮਤੀ ਚੀਜ਼ ਨਹੀਂ ਦੇ ਸਕਦਾ ਸੀ। ਜੋ ਵੀ ਹੋਵੇ, ਉਸ ਦੀ ਬਲੀ ਢੁਕਵੀਂ ਸੀ।
ਹਾਬਲ ਵਾਂਗ ਅੱਜ ਵੀ ਮਸੀਹੀ ਬਲੀਦਾਨ ਚੜ੍ਹਾਉਂਦੇ ਹਨ। ਪਰ ਉਹ ਇੱਜੜ ਦੇ ਪਲੌਠਿਆਂ ਵਿੱਚੋਂ ਨਹੀਂ, ਸਗੋਂ “ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ” ਚੜ੍ਹਾਉਂਦੇ ਹਨ। (ਇਬਰਾਨੀਆਂ 13:15) ਅਸੀਂ ਹੋਰਨਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸ ਕੇ ਇਸ ਤਰ੍ਹਾਂ ਕਰਦੇ ਹਾਂ।
ਕੀ ਤੁਸੀਂ ਆਪਣੇ ਬਲੀਦਾਨ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ? ਤਾਂ ਫਿਰ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਬੈਠ ਕੇ ਸੋਚੋ ਜਿਨ੍ਹਾਂ ਨੂੰ ਤੁਸੀਂ ਪ੍ਰਚਾਰ ਕਰਦੇ ਹੋ। ਉਨ੍ਹਾਂ ਦੀਆਂ ਕਿਹੜੀਆਂ ਕੁਝ ਚਿੰਤਾਵਾਂ ਹਨ? ਕਿਹੜੀਆਂ ਚੀਜ਼ਾਂ ਵਿਚ ਉਹ ਦਿਲਚਸਪੀ ਲੈਂਦੇ ਹਨ? ਬਾਈਬਲ ਦੇ ਸੰਦੇਸ਼ ਦੀਆਂ ਕਿਹੜੀਆਂ ਗੱਲਾਂ ਉਨ੍ਹਾਂ ਨੂੰ ਚੰਗੀਆਂ ਲੱਗਣਗੀਆਂ? ਗਵਾਹੀ ਦਿੰਦੇ ਸਮੇਂ ਆਪਣੇ ਗੱਲਬਾਤ ਕਰਨ ਦੇ ਢੰਗ ਵੱਲ ਧਿਆਨ ਦਿਓ ਕਿ ਤੁਸੀਂ ਇਸ ਨੂੰ ਕਿਵੇਂ ਸੁਧਾਰ ਸਕਦੇ ਹੋ। ਨਾਲੇ ਜਦੋਂ ਤੁਸੀਂ ਯਹੋਵਾਹ ਬਾਰੇ ਗੱਲ ਕਰਦੇ ਹੋ, ਤਾਂ ਪੂਰੇ ਯਕੀਨ ਨਾਲ ਦਿਲੋਂ ਗੱਲ ਕਰੋ। ਆਪਣੇ ਬਲੀਦਾਨ ਨੂੰ ‘ਉਸਤਤ ਦਾ ਅਸਲੀ ਬਲੀਦਾਨ’ ਬਣਾਓ।
ਨਬੀ ਜ਼ਿੱਦੀ ਲੋਕਾਂ ਨੂੰ ਪ੍ਰਚਾਰ ਕਰਦਾ ਹੈ
ਹੁਣ ਹਨੋਕ ਨਬੀ ਵੱਲ ਜ਼ਰਾ ਧਿਆਨ ਦਿਓ। ਉਸ ਵੇਲੇ ਉਹ ਸ਼ਾਇਦ ਇਕੱਲਾ ਹੀ ਯਹੋਵਾਹ ਦੇ ਗਵਾਹ ਸੀ। ਹਨੋਕ ਵਾਂਗ ਕੀ ਤੁਸੀਂ ਵੀ ਆਪਣੇ ਪਰਿਵਾਰ ਵਿਚ ਇਕੱਲੇ ਹੀ ਯਹੋਵਾਹ ਦੀ ਸੇਵਾ ਕਰਦੇ ਹੋ? ਕੀ ਸਕੂਲੇ ਆਪਣੀ ਕਲਾਸ ਵਿਚ ਜਾਂ ਕੰਮ ਤੇ ਕੀ ਤੁਸੀਂ ਇਕੱਲੇ ਹੀ ਹੋ ਜੋ ਬਾਈਬਲ ਦੇ ਸਿਧਾਂਤਾਂ ਦੀ ਕਦਰ ਕਰਦੇ ਹੋ? ਜੇ ਹਾਂ, ਤਾਂ ਤੁਸੀਂ ਸ਼ਾਇਦ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋ। ਸ਼ਾਇਦ ਤੁਹਾਡੇ ਯਾਰ-ਦੋਸਤ, ਰਿਸ਼ਤੇਦਾਰ, ਕਲਾਸ ਦੇ ਮੁੰਡੇ-ਕੁੜੀਆਂ ਜਾਂ ਸੰਗੀ ਕਾਮੇ ਤੁਹਾਨੂੰ ਪਰਮੇਸ਼ੁਰ ਦੇ ਬਚਨ ਦੀ ਉਲੰਘਣਾ ਕਰਨ ਲਈ ਭਰਮਾਉਣ ਦੀ ਕੋਸ਼ਿਸ਼ ਕਰਨ। ਉਹ ਸ਼ਾਇਦ ਕਹਿਣ ਕਿ “ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਤੂੰ ਕੀ ਕੀਤਾ ਹੈ। ਅਸੀਂ ਕਿਸੇ ਨੂੰ ਨਹੀਂ ਦੱਸਾਂਗੇ।” ਉਹ ਸ਼ਾਇਦ ਕਹਿਣ ਕਿ ਬਾਈਬਲ ਦੇ ਸਿਧਾਂਤਾਂ ਬਾਰੇ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪਰਮੇਸ਼ੁਰ ਸਾਡੇ ਕੰਮਾਂ-ਕਾਰਾਂ ਵੱਲ ਧਿਆਨ ਨਹੀਂ ਦਿੰਦਾ। ਕਿਉਂ ਜੋ ਅਸੀਂ ਉਨ੍ਹਾਂ ਵਾਂਗ ਨਹੀਂ ਸੋਚਦੇ, ਇਸ ਲਈ ਉਹ ਇਸ ਤੋਂ ਨਫ਼ਰਤ ਕਰਦੇ ਹਨ ਅਤੇ ਸਾਡੇ ਤੋਂ ਪਾਪ ਕਰਾਉਣ ਤੇ ਤੁਲੇ ਹੋਏ ਹਨ।
ਇਹ ਸੱਚ ਹੈ ਕਿ ਇਸ ਤਰ੍ਹਾਂ ਦੇ ਦਬਾਅ ਦਾ ਸਾਮ੍ਹਣਾ ਕਰਨਾ ਮੁਸ਼ਕਲ ਹੈ, ਪਰ ਅਸੀਂ ਕਾਮਯਾਬ ਹੋ ਸਕਦੇ ਹਾਂ। ਹਨੋਕ ਬਾਰੇ ਸੋਚੋ ਜੋ ਆਦਮ ਤੋਂ ਸੱਤਵੀਂ ਪੀੜ੍ਹੀ ਦਾ ਇਕ ਬੰਦਾ ਸੀ। (ਯਹੂਦਾਹ 14) ਜਦੋਂ ਹਨੋਕ ਜੰਮਿਆ ਸੀ, ਉਦੋਂ ਤਕ ਲੋਕ ਨੈਤਿਕ ਮਿਆਰਾਂ ਨੂੰ ਬਿਲਕੁਲ ਭੁੱਲ ਚੁੱਕੇ ਸਨ। ਉਨ੍ਹਾਂ ਦੀ ਬੋਲੀ ਘਟੀਆ ਸੀ ਅਤੇ ਉਨ੍ਹਾਂ ਦਾ ਚਾਲ-ਚਲਣ “ਕਰਖਤ” ਯਾਨੀ ਬਹੁਤ ਖ਼ਰਾਬ ਸੀ। (ਯਹੂਦਾਹ 15) ਉਨ੍ਹਾਂ ਦੀ ਬੋਲ-ਚਾਲ ਬਿਲਕੁਲ ਅੱਜ ਦੇ ਲੋਕਾਂ ਵਾਂਗ ਸੀ।
ਹਨੋਕ ਨੇ ਇਨ੍ਹਾਂ ਮੁਸ਼ਕਲਾਂ ਦਾ ਕਿਸ ਤਰ੍ਹਾਂ ਸਾਮ੍ਹਣਾ ਕੀਤਾ? ਇਸ ਸਵਾਲ ਦੇ ਜਵਾਬ ਤੋਂ ਸਾਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ। ਭਾਵੇਂ ਕਿ ਹਨੋਕ ਸ਼ਾਇਦ ਉਸ ਵੇਲੇ ਦੁਨੀਆਂ ਭਰ ਵਿਚ ਇੱਕੋ-ਇਕ ਬੰਦਾ ਸੀ ਜੋ ਯਹੋਵਾਹ ਦੀ ਪੂਜਾ ਕਰਦਾ ਸੀ, ਪਰ ਉਹ ਅਸਲ ਵਿਚ ਇਕੱਲਾ ਨਹੀਂ ਸੀ। ਹਨੋਕ ਪਰਮੇਸ਼ੁਰ ਦੇ ਨਾਲ ਚੱਲਦਾ ਸੀ।—ਉਤਪਤ 5:22.
ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਹਨੋਕ ਦੀ ਜ਼ਿੰਦਗੀ ਦਾ ਮਕਸਦ ਸੀ। ਉਸ ਨੂੰ ਪਤਾ ਸੀ ਕਿ ਪਰਮੇਸ਼ੁਰ ਨਾਲ ਚੱਲਣ ਦਾ ਮਤਲਬ ਸਿਰਫ਼ ਚੰਗੀ ਤੇ ਨੈਤਿਕ ਜ਼ਿੰਦਗੀ ਜੀਉਣਾ ਹੀ ਨਹੀਂ ਸੀ। ਯਹੋਵਾਹ ਉਸ ਤੋਂ ਪ੍ਰਚਾਰ ਕਰਨ ਦੀ ਆਸ ਵੀ ਰੱਖਦਾ ਸੀ। (ਯਹੂਦਾਹ 14, 15) ਲੋਕਾਂ ਨੂੰ ਸਾਵਧਾਨ ਕਰਨ ਦੀ ਲੋੜ ਸੀ ਕਿ ਪਰਮੇਸ਼ੁਰ ਉਨ੍ਹਾਂ ਦੇ ਸ਼ਤਾਨੀ ਕੰਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਹਨੋਕ ਪਰਮੇਸ਼ੁਰ ਦੇ ਨਾਲ ਕੁਝ 300 ਸਾਲ ਚੱਲਿਆ ਜੋ ਕਿ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ। ਜੀ ਹਾਂ, ਉਹ ਆਪਣੀ ਮੌਤ ਤਕ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ।—ਉਤਪਤ 5:23, 24.
ਹਨੋਕ ਵਾਂਗ ਸਾਨੂੰ ਵੀ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਗਿਆ ਹੈ। (ਮੱਤੀ 24:14) ਘਰ-ਘਰ ਗਵਾਹੀ ਦੇਣ ਦੇ ਨਾਲ-ਨਾਲ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ, ਸੰਗੀ ਕਾਮਿਆਂ ਨੂੰ ਅਤੇ ਸਕੂਲੇ ਵਿਦਿਆਰਥੀਆਂ ਨੂੰ ਖ਼ੁਸ਼-ਖ਼ਬਰੀ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਕਈ ਵਾਰ ਅਸੀਂ ਗੱਲ ਕਰਨ ਤੋਂ ਸ਼ਾਇਦ ਝਿਜਕ ਜਾਂਦੇ ਹਾਂ। ਕੀ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ? ਜੇ ਹੁੰਦਾ ਹੈ, ਤਾਂ ਘਬਰਾਓ ਨਾ। ਮੁਢਲੇ ਮਸੀਹੀਆਂ ਵਾਂਗ ਪਰਮੇਸ਼ੁਰ ਅੱਗੇ ਬੇਨਤੀ ਕਰੋ ਕਿ ਉਹ ਤੁਹਾਨੂੰ ਵੀ ਦਲੇਰ ਬਣਾਵੇ। (ਰਸੂਲਾਂ ਦੇ ਕਰਤੱਬ 4:29) ਇਹ ਚੇਤਾ ਨਾ ਭੁਲਾਓ ਕਿ ਜਿੰਨਾ ਚਿਰ ਤੁਸੀਂ ਪਰਮੇਸ਼ੁਰ ਨਾਲ ਚੱਲਦੇ ਹੋ ਉਨ੍ਹਾਂ ਚਿਰ ਤੁਸੀਂ ਇਕੱਲੇ ਨਹੀਂ ਹੋ।
ਇਕ ਵਿਧਵਾ ਭੋਜਨ ਤਿਆਰ ਕਰਦੀ ਹੈ
ਜ਼ਰਾ ਇਕ ਵਿਧਵਾ ਬਾਰੇ ਹੁਣ ਸੋਚੋ। ਸਾਨੂੰ ਉਸ ਦੇ ਨਾਂ ਦਾ ਤਾਂ ਨਹੀਂ ਪਤਾ, ਪਰ ਉਹ ਸਾਰਫਥ ਨਗਰ ਦੀ ਇਕ ਗ਼ੈਰ-ਯਹੂਦਣ ਸੀ। ਉਸ ਨੂੰ ਸਾਦਾ ਜਿਹਾ ਭੋਜਨ ਤਿਆਰ ਕਰਨ ਕਾਰਨ ਦੋ ਖ਼ਾਸ ਬਰਕਤਾਂ ਮਿਲੀਆਂ! ਉਸ ਸਮੇਂ, ਯਾਨੀ 3,000 ਕੁ ਸਾਲ ਪਹਿਲਾਂ, ਦੇਸ਼ ਵਿਚ ਕਾਫ਼ੀ ਚਿਰ ਤੋਂ ਕਾਲ ਪਿਆ ਹੋਇਆ ਸੀ ਅਤੇ ਇਸ ਵਿਧਵਾ ਦੇ ਖਾਣ-ਪੀਣ ਦਾ ਸਾਮਾਨ ਖ਼ਤਮ ਹੋਣ ਵਾਲਾ ਸੀ। ਉਸ ਕੋਲ ਆਪਣੇ ਤੇ ਆਪਣੇ ਪੁੱਤਰ ਲਈ ਆਖ਼ਰੀ ਭੋਜਨ ਜੋਗਾ ਥੋੜ੍ਹਾ ਜਿਹਾ ਆਟਾ ਅਤੇ ਤੇਲ ਬਚਿਆ ਸੀ।
ਇਸ ਵੇਲੇ ਉਸ ਕੋਲ ਇਕ ਬੰਦਾ ਆਇਆ। ਇਹ ਪਰਮੇਸ਼ੁਰ ਦਾ ਨਬੀ ਏਲੀਯਾਹ ਸੀ ਅਤੇ ਉਸ ਨੇ ਵਿਧਵਾ ਤੋਂ ਖਾਣਾ ਮੰਗਿਆ। ਉਸ ਪਰਾਹੁਣੇ ਨੂੰ ਖਾਣਾ ਕੀ ਦੇਣਾ ਸੀ, ਉਸ ਕੋਲ ਤਾਂ ਆਪਣੇ ਤੇ ਆਪਣੇ ਪੁੱਤਰ ਜੋਗਾ ਹੀ ਮਸੀਂ ਸੀ। ਪਰ ਏਲੀਯਾਹ ਨੇ ਉਸ ਨੂੰ ਯਹੋਵਾਹ ਦੇ ਕਹੇ ਅਨੁਸਾਰ ਭਰੋਸਾ ਦਿਵਾਇਆ ਕਿ ਜੇ ਉਹ ਉਸ ਨਾਲ ਭੋਜਨ ਸਾਂਝਾ ਕਰੇਗੀ, ਤਾਂ ਉਹ ਅਤੇ ਉਸ ਦਾ ਪੁੱਤਰ ਭੁੱਖੇ ਨਹੀਂ ਰਹਿਣਗੇ। ਇਸ ਓਪਰੀ ਵਿਧਵਾ ਨੂੰ ਸੱਚ-ਮੁੱਚ ਨਿਹਚਾ ਕਰਨ ਦੀ ਲੋੜ ਸੀ ਜੇ ਉਸ ਨੇ ਭਰੋਸਾ ਰੱਖਣਾ ਸੀ ਕਿ ਇਸਰਾਏਲ ਦਾ ਪਰਮੇਸ਼ੁਰ ਉਸ ਵੱਲ ਧਿਆਨ ਕਰੇਗਾ। ਇਸ ਲਈ, ਉਸ ਨੇ ਏਲੀਯਾਹ ਦੀ ਗੱਲ ਮੰਨ ਲਈ ਅਤੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ। “ਨਾ ਤੌਲੇ ਵਿੱਚੋਂ ਆਟਾ ਮੁੱਕਾ ਨਾ ਕੁੱਜੀ ਦਾ ਤੇਲ ਘੱਟਿਆ। ਏਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ।” ਪੂਰੇ ਕਾਲ ਦੌਰਾਨ ਉਸ ਵਿਧਵਾ ਅਤੇ ਉਸ ਦੇ ਪੁੱਤਰ ਲਈ ਖਾਣਾ ਨਹੀਂ ਮੁੱਕਿਆ।—1 ਰਾਜਿਆਂ 17:8-16.
ਲੇਕਿਨ ਵਿਧਵਾ ਲਈ ਇਕ ਹੋਰ ਚਮਤਕਾਰ ਹੋਣ ਵਾਲਾ ਸੀ। ਪਹਿਲੇ ਚਮਤਕਾਰ ਤੋਂ ਕੁਝ ਸਮੇਂ ਬਾਅਦ ਵਿਧਵਾ ਦਾ ਪੁੱਤਰ ਬੀਮਾਰ ਹੋ ਕੇ ਮਰ ਗਿਆ। ਤਰਸ ਖਾ ਕੇ, ਏਲੀਯਾਹ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਮੁੰਡੇ ਨੂੰ ਦੁਬਾਰਾ ਜੀਉਂਦਾ ਕਰੇ। (1 ਰਾਜਿਆਂ 17:17-24) ਇਸ ਤੋਂ ਪਹਿਲਾਂ ਕਦੀ ਵੀ ਕਿਸੇ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਨਹੀਂ ਕੀਤਾ ਗਿਆ ਸੀ। ਤਾਂ ਫਿਰ, ਇਹ ਕਿੰਨੀ ਵੱਡੀ ਮੰਗ ਸੀ! ਕੀ ਯਹੋਵਾਹ ਇਕ ਵਾਰ ਫਿਰ ਇਸ ਓਪਰੀ ਵਿਧਵਾ ਉੱਤੇ ਦਇਆ ਕਰੇਗਾ? ਜੀ ਹਾਂ, ਜ਼ਰੂਰ ਕਰੇਗਾ। ਯਹੋਵਾਹ ਨੇ ਏਲੀਯਾਹ ਨੂੰ ਮੁੰਡੇ ਨੂੰ ਜੀ ਉਠਾਉਣ ਦੀ ਸ਼ਕਤੀ ਦਿੱਤੀ। ਕਈ ਸਾਲ ਬਾਅਦ ਯਿਸੂ ਨੇ ਇਸ ਦਇਆ ਪਾਉਣ ਵਾਲੀ ਔਰਤ ਦਾ ਜ਼ਿਕਰ ਕਰਦੇ ਹੋਏ ਕਿਹਾ: ‘ਇਸਰਾਏਲ ਵਿਚ ਬਹੁਤ ਸਾਰੀਆਂ ਵਿਧਵਾਂ ਸਨ। ਪਰ ਏਲੀਯਾਹ ਸੈਦਾ ਦੇਸ ਦੇ ਸਾਰਫਥ ਦੀ ਇੱਕ ਵਿਧਵਾ ਕੋਲ ਘੱਲਿਆ ਗਿਆ।’—ਲੂਕਾ 4:25, 26.
ਅੱਜ-ਕੱਲ੍ਹ ਰੋਟੀ ਕਮਾਉਣੀ ਕੋਈ ਸੌਖੀ ਗੱਲ ਨਹੀਂ ਹੈ। ਅਮੀਰ ਦੇਸ਼ਾਂ ਵਿਚ ਵੀ ਇਹ ਸੱਚ ਹੈ। ਕਈ ਵੱਡੀਆਂ-ਵੱਡੀਆਂ ਕੰਪਨੀਆਂ ਨੇ ਉਨ੍ਹਾਂ ਕਾਮਿਆਂ ਨੂੰ ਵੀ ਕੰਮ ਤੋਂ ਕੱਢ ਦਿੱਤਾ ਹੈ ਜੋ ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਉਨ੍ਹਾਂ ਲਈ ਕੰਮ ਕਰਦੇ ਆਏ ਹਨ। ਨੌਕਰੀ ਹੱਥੋਂ ਨਿਕਲ ਜਾਣ ਤੋਂ ਡਰਦਾ ਹੋਇਆ, ਇਕ ਮਸੀਹੀ ਸ਼ਾਇਦ ਕੰਮ ਤੇ ਜ਼ਿਆਦਾ ਸਮਾਂ ਲਾਉਣ ਲੱਗ ਪਵੇ। ਉਹ ਸ਼ਾਇਦ ਸੋਚੇ ਕਿ ਇਸ ਤਰ੍ਹਾਂ ਕਰਨ ਨਾਲ ਉਸ ਦੀ ਕੰਪਨੀ ਉਸ ਨੂੰ ਨੌਕਰੀ ਤੋਂ ਨਹੀਂ ਹਟਾਵੇਗੀ। ਪਰ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਮਸੀਹੀ ਸਭਾਵਾਂ ਵਿਚ ਜਾਣ ਲਈ, ਪ੍ਰਚਾਰ ਕੰਮ ਵਿਚ ਹਿੱਸਾ ਲੈਣ ਲਈ ਜਾਂ ਆਪਣੇ ਪਰਿਵਾਰ ਦੀਆਂ ਰੂਹਾਨੀ ਅਤੇ ਭਾਵਾਤਮਕ ਜ਼ਰੂਰਤਾਂ ਦੀ ਦੇਖ-ਭਾਲ ਕਰਨ ਲਈ ਸ਼ਾਇਦ ਬਹੁਤ ਘੱਟ ਸਮਾਂ ਬਚੇਗਾ। ਪਰ ਉਹ ਸੋਚਦਾ ਹੈ ਕਿ ਜੋ ਵੀ ਹੋਵੇ ਉਹ ਆਪਣੀ ਨੌਕਰੀ ਨਹੀਂ ਗੁਆ ਸਕਦਾ।
ਅਜਿਹੀ ਸਥਿਤੀ ਵਿਚ ਇਕ ਮਸੀਹੀ ਨੂੰ ਚਿੰਤਾ ਤਾਂ ਜ਼ਰੂਰ ਹੋਵੇਗੀ। ਅੱਜ-ਕੱਲ੍ਹ ਨੌਕਰੀ ਲੱਭਣੀ ਕੋਈ ਸੌਖੀ ਗੱਲ ਨਹੀਂ ਹੈ। ਸਾਡੇ ਵਿੱਚੋਂ ਕਈ ਅਮੀਰ ਤਾਂ ਨਹੀਂ ਬਣਨਾ ਚਾਹੁੰਦੇ, ਸਗੋਂ ਸਾਰਫਥ ਦੀ ਵਿਧਵਾ ਵਾਂਗ ਗੁਜ਼ਾਰੇ ਜੋਗਾ ਹੀ ਚਾਹੁੰਦੇ ਹਨ। ਪੌਲੁਸ ਰਸੂਲ ਨੇ ਸਾਨੂੰ ਪਰਮੇਸ਼ੁਰ ਦਾ ਵਾਅਦਾ ਯਾਦ ਕਰਾਇਆ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ: “ਪ੍ਰਭੁ ਮੇਰਾ ਸਹਾਈ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰੇਗਾ?” (ਇਬਰਾਨੀਆਂ 13:5, 6) ਪੌਲੁਸ ਨੇ ਇਸ ਵਾਅਦੇ ਕਰਕੇ ਆਪਣੀ ਜਾਨ ਦੀ ਵੀ ਬਾਜ਼ੀ ਲਾਈ ਅਤੇ ਯਹੋਵਾਹ ਨੇ ਹਮੇਸ਼ਾ ਉਸ ਦੀ ਦੇਖ-ਭਾਲ ਕੀਤੀ। ਪਰਮੇਸ਼ੁਰ ਸਾਡੀ ਵੀ ਇਸੇ ਤਰ੍ਹਾਂ ਦੇਖ-ਭਾਲ ਕਰੇਗਾ ਜੇ ਅਸੀਂ ਉਸ ਦੇ ਨਾਲ ਚੱਲਦੇ ਰਹਾਂਗੇ।
ਅਸੀਂ ਸ਼ਾਇਦ ਮਹਿਸੂਸ ਕਰੀਏ ਕਿ ਅਸੀਂ ਮੂਸਾ, ਗਿਦਾਊਨ ਜਾਂ ਦਾਊਦ ਵਰਗੇ ਧਰਮੀ ਬੰਦਿਆਂ ਦੇ ਕੰਮਾਂ ਦੀ ਰੀਸ ਕਦੀ ਵੀ ਨਹੀਂ ਕਰ ਸਕਦੇ। ਪਰ ਅਸੀਂ ਉਨ੍ਹਾਂ ਦੀ ਨਿਹਚਾ ਦੀ ਨਕਲ ਜ਼ਰੂਰ ਕਰ ਸਕਦੇ ਹਾਂ। ਅਸੀਂ ਨਿਹਚਾ ਦੇ ਉਹ ਸਾਧਾਰਣ ਕੰਮ ਯਾਦ ਰੱਖ ਸਕਦੇ ਹਾਂ ਜੋ ਹਾਬਲ, ਹਨੋਕ ਅਤੇ ਸਾਰਫਥ ਨਗਰ ਦੀ ਵਿਧਵਾ ਨੇ ਕੀਤੇ ਸਨ। ਯਹੋਵਾਹ ਨਿਹਚਾ ਦੇ ਸਾਰੇ ਕੰਮਾਂ ਵੱਲ ਧਿਆਨ ਦਿੰਦਾ ਹੈ, ਭਾਵੇਂ ਇਹ ਕਿੰਨੇ ਵੀ ਛੋਟੇ ਕਿਉਂ ਨਾ ਹੋਣ। ਜਦ ਪਰਮੇਸ਼ੁਰ ਦਾ ਭੈ ਰੱਖਣ ਵਾਲਾ ਨੌਜਵਾਨ ਸਕੂਲੇ ਹਾਣੀਆਂ ਦੇ ਦਬਾਅ ਦੇ ਬਾਵਜੂਦ ਡ੍ਰੱਗਜ਼ ਲੈਣ ਤੋਂ ਇਨਕਾਰ ਕਰਦਾ ਹੈ, ਜਦ ਕੰਮ ਤੇ ਇਕ ਮਸੀਹੀ ਅਨੈਤਿਕ ਕੰਮ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਦਾ ਹੈ ਜਾਂ ਜਦ ਬੁਢਾਪੇ ਤੇ ਖ਼ਰਾਬ ਸਿਹਤ ਦੇ ਬਾਵਜੂਦ ਇਕ ਮਸੀਹੀ ਵਫ਼ਾਦਾਰੀ ਨਾਲ ਮਸੀਹੀ ਸਭਾਵਾਂ ਵਿਚ ਹਾਜ਼ਰ ਹੁੰਦਾ ਹੈ, ਤਾਂ ਯਹੋਵਾਹ ਇਸ ਨੂੰ ਦੇਖਦਾ ਹੈ। ਇਹ ਸਾਰੇ ਕੰਮ ਉਸ ਦੇ ਜੀ ਨੂੰ ਆਨੰਦ ਕਰਦੇ ਹਨ!—ਕਹਾਉਤਾਂ 27:11.
ਕੀ ਤੁਸੀਂ ਹੋਰਾਂ ਦੇ ਕੰਮਾਂ ਵੱਲ ਧਿਆਨ ਦਿੰਦੇ ਹੋ?
ਜੀ ਹਾਂ, ਯਹੋਵਾਹ ਸਾਡੇ ਕੰਮਾਂ ਵੱਲ ਧਿਆਨ ਦਿੰਦਾ ਹੈ। ਇਸ ਲਈ, ਪਰਮੇਸ਼ੁਰ ਦੀ ਰੀਸ ਕਰਦੇ ਹੋਏ ਸਾਨੂੰ ਵੀ ਹੋਰਨਾਂ ਦਿਆਂ ਜਤਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। (ਅਫ਼ਸੀਆਂ 5:1) ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਮਸੀਹੀ ਭੈਣ-ਭਰਾ ਸਭਾਵਾਂ ਵਿਚ ਆਉਣ ਲਈ, ਸੇਵਕਾਈ ਵਿਚ ਜਾਣ ਲਈ ਜਾਂ ਸਿਰਫ਼ ਦਿਨ-ਬ-ਦਿਨ ਜੀਉਣ ਲਈ ਕਿਹੜੇ-ਕਿਹੜੇ ਦੁੱਖ-ਤਕਲੀਫ਼ ਝੱਲਦੇ ਹਨ।
ਇਸ ਤੋਂ ਬਾਅਦ ਯਹੋਵਾਹ ਦੇ ਆਪਣੇ ਸੰਗੀ ਪੁਜਾਰੀਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਦਿਆਂ ਜਤਨਾਂ ਦੀ ਕਦਰ ਕਰਦੇ ਹੋ। ਉਹ ਖ਼ੁਸ਼ ਹੋਣਗੇ ਕਿ ਤੁਸੀਂ ਉਨ੍ਹਾਂ ਦੇ ਜਤਨ ਦੇਖੇ ਹਨ। ਹੋ ਸਕਦਾ ਕਿ ਤੁਹਾਡੀ ਕਦਰ ਉਨ੍ਹਾਂ ਨੂੰ ਭਰੋਸਾ ਦਿਲਾਵੇ ਕਿ ਯਹੋਵਾਹ ਵੀ ਉਨ੍ਹਾਂ ਦੇ ਜਤਨਾਂ ਨੂੰ ਦੇਖਦਾ ਹੈ।