ਇਕ ਦਿਲਚਸਪ ਰਿਕਾਰਡ
ਖੋਜਕਾਰ ਰਿਚਰਡ ਈ. ਬਰਡ ਨੇ 1928 ਤੋਂ ਲੈ ਕੇ 1956 ਤਕ ਪੰਜ ਵਾਰ ਅੰਟਾਰਕਟਿਕਾ ਦੀ ਯਾਤਰਾ ਕੀਤੀ ਸੀ। ਰਿਚਰਡ ਅਤੇ ਉਸ ਦੀ ਟੀਮ ਨੇ ਆਪਣੀਆਂ ਇਨ੍ਹਾਂ ਯਾਤਰਾਵਾਂ ਦਾ ਸਹੀ-ਸਹੀ ਰਿਕਾਰਡ ਰੱਖਿਆ। ਇਸ ਰਿਕਾਰਡ ਦੀ ਮਦਦ ਨਾਲ ਉਨ੍ਹਾਂ ਨੇ ਨਕਸ਼ੇ ਬਣਾਏ ਅਤੇ ਹਵਾ ਦੇ ਵਹਾਅ ਤੇ ਅੰਟਾਰਕਟਿਕਾ ਮਹਾਂਦੀਪ ਬਾਰੇ ਕਾਫ਼ੀ ਸਾਰੀ ਜਾਣਕਾਰੀ ਹਾਸਲ ਕੀਤੀ।
ਰਿਚਰਡ ਬਰਡ ਦੀਆਂ ਯਾਤਰਾਵਾਂ ਦਿਖਾਉਂਦੀਆਂ ਹਨ ਕਿ ਸਹੀ-ਸਹੀ ਰਿਕਾਰਡ ਰੱਖਣਾ ਬਹੁਤ ਹੀ ਮਹੱਤਵਪੂਰਣ ਹੈ। ਖੋਜ-ਯਾਤਰਾ ਦੌਰਾਨ ਖੋਜਕਾਰ ਆਪਣੇ ਸਮੁੰਦਰੀ ਜਾਂ ਹਵਾਈ ਸਫ਼ਰ ਦਾ ਪੂਰਾ ਰਿਕਾਰਡ ਰੱਖਦੇ ਹਨ। ਬਾਅਦ ਵਿਚ ਇਸ ਰਿਕਾਰਡ ਨੂੰ ਦੁਬਾਰਾ ਪੜ੍ਹਨ ਨਾਲ ਉਹ ਦੇਖ ਸਕਦੇ ਹਨ ਕਿ ਯਾਤਰਾ ਦੌਰਾਨ ਕੀ-ਕੀ ਹੋਇਆ ਸੀ। ਇਹ ਜਾਣਕਾਰੀ ਭਵਿੱਖ ਵਿਚ ਦੂਸਰੀਆਂ ਯਾਤਰਾਵਾਂ ਵਿਚ ਵੀ ਬਹੁਤ ਸਹਾਈ ਸਾਬਤ ਹੋ ਸਕਦੀ ਹੈ।
ਬਾਈਬਲ ਵਿਚ ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਬਾਰੇ ਇਕ ਬਹੁਤ ਹੀ ਦਿਲਚਸਪ ਰਿਕਾਰਡ ਦਿੱਤਾ ਗਿਆ ਹੈ। ਪੂਰੀ ਦੁਨੀਆਂ ਵਿਚ ਆਈ ਉਹ ਜਲ-ਪਰਲੋ ਇਕ ਸਾਲ ਤੋਂ ਜ਼ਿਆਦਾ ਸਮੇਂ ਤਕ ਰਹੀ। ਇਸ ਦੇ ਆਉਣ ਤੋਂ ਪਹਿਲਾਂ ਨੂਹ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਪੁੱਤਰਾਂ ਅਤੇ ਨੂੰਹਾਂ ਨੇ ਇਕ ਜਹਾਜ਼ ਬਣਾਇਆ। ਇਹ ਇਕ ਬਹੁਤ ਹੀ ਵੱਡਾ ਜਹਾਜ਼ ਸੀ ਜਿਸ ਦੀ ਲੰਬਾਈ 133.5 ਮੀਟਰ, ਚੌੜਾਈ 22.3 ਮੀਟਰ ਅਤੇ ਉਚਾਈ 13.4 ਮੀਟਰ ਸੀ ਅਤੇ ਇਸ ਨੂੰ ਬਣਾਉਣ ਵਿਚ ਉਨ੍ਹਾਂ ਨੂੰ 50-60 ਸਾਲ ਲੱਗੇ ਸਨ। ਉਨ੍ਹਾਂ ਨੇ ਇਹ ਜਹਾਜ਼ ਕਿਉਂ ਬਣਾਇਆ ਸੀ? ਇਹ ਜਲ-ਪਰਲੋ ਵਿੱਚੋਂ ਕੁਝ ਇਨਸਾਨਾਂ ਅਤੇ ਜਾਨਵਰਾਂ ਦੀਆਂ ਜਾਨਾਂ ਬਚਾਉਣ ਲਈ ਬਣਾਇਆ ਗਿਆ ਸੀ।—ਉਤਪਤ 7:1-3.
ਨੂਹ ਨੇ ਜਲ-ਪਰਲੋ ਦੇ ਸ਼ੁਰੂ ਹੋਣ ਤੋਂ ਲੈ ਕੇ ਜਹਾਜ਼ ਵਿੱਚੋਂ ਬਾਹਰ ਨਿਕਲਣ ਤਕ ਦਾ ਪੂਰਾ ਰਿਕਾਰਡ ਰੱਖਿਆ। ਇਹ ਬਾਈਬਲ ਦੀ ਉਤਪਤ ਨਾਂ ਦੀ ਕਿਤਾਬ ਵਿਚ ਦਿੱਤਾ ਗਿਆ ਹੈ। ਕੀ ਇਹ ਰਿਕਾਰਡ ਅੱਜ ਸਾਡੇ ਲਈ ਕੋਈ ਮਾਅਨੇ ਰੱਖਦਾ ਹੈ?