ਕੀ ਸਾਨੂੰ ਪਰਮੇਸ਼ੁਰ ਅੱਗੇ ਧੂਪ ਧੁਖਾਉਣਾ ਚਾਹੀਦਾ ਹੈ?
“ਦੇਵੀ-ਦੇਵਤੇ ਤਾਂ ਖ਼ੁਸ਼ਬੂ ਨੂੰ ਬਹੁਤ ਪਸੰਦ ਕਰਦੇ ਹਨ।” ਇਹ ਪ੍ਰਾਚੀਨ ਮਿਸਰੀਆਂ ਦੀ ਇਕ ਆਮ ਕਹਾਵਤ ਸੀ। ਧੂਪ ਜਗਾਉਣੀ ਉਨ੍ਹਾਂ ਦੀ ਪੂਜਾ ਦਾ ਇਕ ਮੁੱਖ ਹਿੱਸਾ ਸੀ। ਇਹ ਮੰਨਦੇ ਹੋਏ ਕਿ ਉਨ੍ਹਾਂ ਦੇ ਦੇਵਤੇ ਨੇੜੇ ਹੀ ਸਨ, ਉਹ ਹਰ ਰੋਜ਼ ਮੰਦਰਾਂ ਵਿਚ, ਆਪਣੇ ਘਰ ਵਿਚ, ਇੱਥੋਂ ਤਕ ਕਿ ਕਾਰੋਬਾਰ ਕਰਦੇ ਹੋਏ ਵੀ ਧੂਪ ਧੁਖਾਉਂਦੇ ਸਨ। ਹੋਰਾਂ ਕੌਮਾਂ ਦੇ ਵੀ ਅਜਿਹੇ ਰਿਵਾਜ ਸਨ।
ਪਰ ਧੂਪ ਹੈ ਕੀ? ਇਹ ਜਾਂ ਤਾਂ ਕਿਸੇ ਸੁਗੰਧਿਤ ਚੀਜ਼ ਨੂੰ ਜਾਂ ਉਸ ਦੇ ਧੂੰਏ ਨੂੰ ਦਰਸਾਉਂਦੀ ਹੈ। ਇਹ ਕਿਸੇ ਖ਼ੁਸ਼ਬੂਦਾਰ ਦਰਖ਼ਤ ਜਾਂ ਪੌਦੇ ਦੀ ਰਾਲ ਜਾਂ ਗੂੰਦ ਤੋਂ ਬਣਾਇਆ ਜਾਂਦਾ ਹੈ, ਜਿਵੇਂ ਕਿ ਬਲਸਾਨ ਜਾਂ ਗੰਧਰਸ। ਇਨ੍ਹਾਂ ਨੂੰ ਪੀਹ ਕੇ ਹੋਰ ਮਸਾਲਿਆਂ ਤੇ ਚੀਜ਼ਾਂ ਨਾਲ ਰਲਾਇਆ ਜਾਂਦਾ ਹੈ ਜਿਵੇਂ ਕਿ ਦਾਲਚੀਨੀ ਜਾਂ ਖ਼ੁਸ਼ਬੂਦਾਰ ਫੁੱਲ। ਇਸ ਤਰ੍ਹਾਂ ਵੱਖੋ-ਵੱਖਰੀ ਕਿਸਮ ਦੀ ਧੂਪ ਵੱਖੋ-ਵੱਖਰੇ ਕੰਮਾਂ ਲਈ ਬਣਾਈ ਜਾਂਦੀ ਹੈ।
ਪ੍ਰਾਚੀਨ ਸਮਿਆਂ ਵਿਚ ਧੂਪ ਇੰਨੀ ਕੀਮਤੀ ਸੀ ਤੇ ਲੋਕ ਇਸ ਨੂੰ ਇੰਨਾ ਪਸੰਦ ਕਰਦੇ ਸਨ ਕਿ ਇਸ ਨੂੰ ਬਣਾਉਣ ਲਈ ਵਰਤੀਆਂ ਜਾਂਦੀਆਂ ਚੀਜ਼ਾਂ ਦਾ ਵਪਾਰ ਹੋਣਾ ਸ਼ੁਰੂ ਹੋ ਗਿਆ। ਕਾਫ਼ਲੇ ਦੂਰ-ਦੂਰ ਦੇਸ਼ਾਂ ਤੋਂ ਇਹ ਚੀਜ਼ਾਂ ਲਿਆਉਂਦੇ ਸਨ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਯਾਕੂਬ ਦੇ ਪੁੱਤਰ ਯੂਸੁਫ਼ ਨੂੰ ਇਸਮਾਏਲੀ ਵਪਾਰੀਆਂ ਦੇ ਹੱਥ ਵੇਚਿਆ ਗਿਆ ਸੀ ਜਿਨ੍ਹਾਂ ਦਾ “ਇੱਕ ਕਾਫਿਲਾ ਗਿਲਆਦ ਤੋਂ ਆਉਂਦਾ ਸੀ ਅਰ ਉਨ੍ਹਾਂ ਦੇ ਊਠਾਂ ਉੱਤੇ ਗਰਮ ਮਸਾਲਾਹ ਅਰ ਗੁਗਲ ਅਰ ਗੰਧਰਸ ਲੱਦੀ ਹੋਈ ਸੀ ਜੋ ਮਿਸਰ ਨੂੰ ਲੈ ਜਾ ਰਿਹਾ ਸੀ।” (ਉਤਪਤ 37:25) ਧੂਪ ਦੀ ਮੰਗ ਇੰਨੀ ਵਧ ਗਈ ਸੀ ਕਿ ਵਪਾਰੀਆਂ ਨੇ ਏਸ਼ੀਆ ਤੇ ਯੂਰਪ ਵਿਚਕਾਰ ਖ਼ੁਸ਼ਬੂਦਾਰ ਧੂਪ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਅੱਜ ਵੀ ਕਈ ਧਰਮ ਦੇ ਲੋਕ ਆਪਣੇ ਰੀਤੀ-ਰਿਵਾਜਾਂ ਦੌਰਾਨ ਧੂਪ ਧੁਖਾਉਂਦੇ ਹਨ। ਇਸ ਦੇ ਨਾਲ-ਨਾਲ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਮਹਿਕਾਉਣ ਲਈ ਧੂਪ ਜਗਾਉਂਦੇ ਹਨ। ਪਰ, ਮਸੀਹੀਆਂ ਦਾ ਧੂਪ ਜਗਾਉਣ ਬਾਰੇ ਕੀ ਵਿਚਾਰ ਹੋਣਾ ਚਾਹੀਦਾ ਹੈ? ਕੀ ਪੂਜਾ ਵਿਚ ਪਰਮੇਸ਼ੁਰ ਇਸ ਨੂੰ ਸਵੀਕਾਰ ਕਰਦਾ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।
‘ਉਹ ਯਹੋਵਾਹ ਲਈ ਪਵਿੱਤ੍ਰ ਹੋਵੇ’
ਪ੍ਰਾਚੀਨ ਇਸਰਾਏਲ ਵਿਚ ਜਾਜਕਾਂ ਦਾ ਇਕ ਖ਼ਾਸ ਕੰਮ ਡੇਹਰੇ ਵਿਚ ਧੂਪ ਧੁਖਾਉਣਾ ਸੀ। ਇਕ ਕੋਸ਼ ਵਿਚ ਲਿਖਿਆ ਹੈ: “ਧੂਪ ਧੁਖਾਉਣੀ ਇਬਰਾਨੀਆਂ ਦੀ ਪੂਜਾ ਦਾ ਖ਼ਾਸ ਹਿੱਸਾ ਸੀ ਅਤੇ ਲੱਗਦਾ ਹੈ ਕਿ ਉਨ੍ਹਾਂ ਨੇ ਇਸ ਨੂੰ ਹੋਰ ਕਿਸੇ ਵੀ ਕੰਮ ਲਈ ਨਹੀਂ ਵਰਤਿਆ।”
ਜਿਹੜੀ ਧੂਪ ਡੇਹਰੇ ਵਿਚ ਜਗਾਈ ਜਾਣੀ ਸੀ, ਉਸ ਨੂੰ ਬਣਾਉਣ ਬਾਰੇ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਤੂੰ ਆਪਣੇ ਲਈ ਮੁਰ ਵਾਲਾ ਮਸਾਲਾ ਲਈਂ ਅਰਥਾਤ ਮੁਰ ਮਸਤਕੀ ਅਤੇ ਲੌਨ ਅਤੇ ਖ਼ਾਲਸ ਲੋਬਾਨ—ਏਹ ਇੱਕੋ ਵਜਨ ਦੇ ਹੋਣ। ਤੂੰ ਉਹ ਨੂੰ ਸੁਗੰਧ ਵਾਲੀ ਧੂਪ ਗਾਂਧੀ ਦੀ ਕਾਰੀਗਰੀ ਦੀ ਬਣਾਈਂ। ਸਲੂਣੀ ਨਿਰੋਲ ਅਤੇ ਪਵਿੱਤ੍ਰ ਹੋਵੇ। ਤੂੰ ਉਸ ਵਿੱਚੋਂ ਕੁਝ ਅੱਤ ਮਹੀਨ ਪੀਹ ਕੇ ਉਹ ਨੂੰ ਸਾਖੀ ਦੇ ਸੰਦੂਕ ਅੱਗੇ ਮੰਡਲੀ ਦੇ ਤੰਬੂ ਵਿੱਚ ਰੱਖੀਂ।” (ਕੂਚ 30:34-36) ਵਿਦਵਾਨ ਕਹਿੰਦੇ ਹਨ ਕਿ ਬਾਅਦ ਵਿਚ ਯਹੂਦੀ ਧਾਰਮਿਕ ਮੁਖੀਆਂ ਨੇ ਹੈਕਲ ਵਿਚ ਵਰਤੀ ਜਾਂਦੀ ਧੂਪ ਵਿਚ ਹੋਰ ਚੀਜ਼ਾਂ ਰਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਡੇਹਰੇ ਵਿਚ ਵਰਤੀ ਜਾਂਦੀ ਧੂਪ ਪਵਿੱਤਰ ਮੰਨੀ ਜਾਂਦੀ ਸੀ ਅਤੇ ਸਿਰਫ਼ ਪਰਮੇਸ਼ੁਰ ਦੀ ਪੂਜਾ ਵਿਚ ਹੀ ਇਸਤੇਮਾਲ ਕੀਤੀ ਜਾਣੀ ਚਾਹੀਦੀ ਸੀ। ਯਹੋਵਾਹ ਨੇ ਹੁਕਮ ਦਿੱਤਾ: “ਜਿਹੜੀ ਧੂਪ ਤੂੰ ਬਣਾਵੇਂਗਾ ਉਸ ਦੀ ਸਮੱਗਰੀ ਤੋਂ ਹੋਰ ਧੂਪ ਆਪਣੇ ਲਈ ਨਾ ਬਣਾਇਓ, ਉਹ ਤੇਰੀ ਵੱਲੋਂ ਯਹੋਵਾਹ ਲਈ ਪਵਿੱਤ੍ਰ ਹੋਵੇ। ਜਿਹੜਾ ਮਨੁੱਖ ਉਸ ਵਾਂਙੁ ਸੁੰਘਣ ਲਈ ਬਣਾਵੇ ਉਹ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ।” (ਕੂਚ 30:37, 38) ਜਾਜਕ ਧੂਪ ਦੀ ਜਗਵੇਦੀ ਉੱਤੇ ਦਿਹਾੜੀ ਵਿਚ ਦੋ ਵਾਰੀ ਧੂਪ ਧੁਖਾਉਂਦੇ ਹੁੰਦੇ ਸਨ। (2 ਇਤਹਾਸ 13:11) ਪ੍ਰਾਸਚਿਤ ਦੇ ਦਿਨ ਤੇ ਪ੍ਰਧਾਨ ਜਾਜਕ ਹੈਕਲ ਦੀ ਅੱਤ ਪਵਿੱਤਰ ਜਗ੍ਹਾ ਵਿਚ ਧੂਪ ਧੁਖਾਉਂਦਾ ਸੀ।—ਲੇਵੀਆਂ 16:12, 13.
ਪਰਮੇਸ਼ੁਰ ਨੇ ਡੇਹਰੇ ਵਿਚ ਧੂਪ ਜਗਾਉਣ ਦੀ ਜ਼ਿੰਮੇਵਾਰੀ ਸਾਰਿਆਂ ਨੂੰ ਨਹੀਂ ਦਿੱਤੀ ਸੀ। ਧੂਪ ਧੁਖਾਉਣਾ ਖ਼ਾਸ ਕਰਕੇ ਜਾਜਕਾਂ ਦਾ ਕੰਮ ਸੀ ਅਤੇ ਜੇ ਕੋਈ ਆਮ ਬੰਦਾ ਜਾਜਕ ਦੀ ਥਾਂ ਇਹ ਕਰਨ ਦੀ ਕੋਸ਼ਿਸ਼ ਕਰਦਾ ਸੀ, ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਸੀ। (ਗਿਣਤੀ 16:16-18, 35-40; 2 ਇਤਹਾਸ 26:16-20) ਜਦੋਂ ਯਹੂਦੀ ਕੌਮ ਪਰਮੇਸ਼ੁਰ ਦੀ ਸੇਵਾ ਦੇ ਨਾਲ-ਨਾਲ ਮੂਰਤੀ-ਪੂਜਾ ਕਰਨ ਲੱਗ ਪਈ ਅਤੇ ਲੋਕ ਆਪਣੇ ਹੱਥ ਲਹੂ ਨਾਲ ਰੰਗਣ ਲੱਗੇ, ਉਦੋਂ ਉਨ੍ਹਾਂ ਦਾ ਧੂਪ ਧੁਖਾਉਣਾ ਯਹੋਵਾਹ ਨੂੰ ਜ਼ਰਾ ਵੀ ਪਸੰਦ ਨਹੀਂ ਆਇਆ। ਉਨ੍ਹਾਂ ਦੇ ਪਖੰਡ ਕਰਕੇ ਉਸ ਨੇ ਕਿਹਾ: “ਧੂਪ, ਉਹ ਮੇਰੇ ਲਈ ਘਿਣਾਉਣੀ ਹੈ।” (ਯਸਾਯਾਹ 1:13, 15) ਉਹ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਸਨ ਕਿ ਯਹੋਵਾਹ ਉਨ੍ਹਾਂ ਤੋਂ ਕਿਸ ਤਰ੍ਹਾਂ ਦੀ ਭਗਤੀ ਚਾਹੁੰਦਾ ਸੀ। ਲਾਪਰਵਾਹੀ ਕਰਦੇ ਹੋਏ ਉਨ੍ਹਾਂ ਨੇ ਹੈਕਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਹੋਰ ਜਗਵੇਦੀਆਂ ਤੇ ਧੂਪ ਜਗਾਉਣ ਲੱਗੇ। (2 ਇਤਹਾਸ 28:24, 25) ਸਮੇਂ ਦੇ ਬੀਤਣ ਨਾਲ, ਜੋ ਧੂਪ ਯਹੋਵਾਹ ਲਈ ਪਵਿੱਤਰ ਸੀ ਉਸ ਨੂੰ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਵਿਚ ਵੀ ਵਰਤਿਆ ਜਾਣ ਲੱਗਾ। ਇਸ ਤਰ੍ਹਾਂ ਦੇ ਕੰਮ ਯਹੋਵਾਹ ਨੂੰ ਬਿਲਕੁਲ ਘਿਣਾਉਣੇ ਲੱਗਦੇ ਸਨ।—ਹਿਜ਼ਕੀਏਲ 16:2, 17, 18.
ਧੂਪ ਬਾਰੇ ਮੁਢਲੇ ਮਸੀਹੀਆਂ ਦਾ ਵਿਚਾਰ
ਬਿਵਸਥਾ ਨੇਮ ਦੇ ਨਾਲ-ਨਾਲ ਜਾਜਕਾਂ ਤੋਂ ਧੂਪ ਧੁਖਾਉਣ ਦੀ ਮੰਗ ਉਦੋਂ ਖ਼ਤਮ ਹੋ ਗਈ ਸੀ ਜਦੋਂ ਮਸੀਹ ਨੇ 33 ਸਾ.ਯੁ. ਵਿਚ ਨਵਾਂ ਨੇਮ ਸਥਾਪਿਤ ਕੀਤਾ। (ਕੁਲੁੱਸੀਆਂ 2:14) ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੁਢਲੇ ਮਸੀਹੀ ਪਰਮੇਸ਼ੁਰ ਦੀ ਭਗਤੀ ਕਰਨ ਲਈ ਧੂਪ ਧੁਖਾਉਂਦੇ ਸਨ। ਇਕ ਕੋਸ਼ ਸਾਨੂੰ ਦੱਸਦਾ ਹੈ: “ਇਹ ਗੱਲ ਪੱਕੀ ਹੈ ਕਿ [ਮੁਢਲੇ ਮਸੀਹੀ] ਧੂਪ ਨਹੀਂ ਜਗਾਉਂਦੇ ਸਨ। ਅਸਲ ਵਿਚ ਧੂਪ ਦੀ ਵਰਤੋਂ ਦੇਵੀ-ਦੇਵਤਿਆਂ ਦੀ ਪੂਜਾ ਨੂੰ ਦਰਸਾਉਂਦੀ ਸੀ। . . . ਜੇ ਥੋੜ੍ਹਾ ਜਿਹਾ ਖ਼ੁਸ਼ਬੂਦਾਰ ਮਸਾਲਾ ਕਿਸੇ ਦੇਵਤੇ ਦੀ ਜਗਵੇਦੀ ਤੇ ਸੁੱਟਿਆ ਜਾਂਦਾ ਸੀ, ਤਾਂ ਇਹ ਪੂਜਾ ਕਰਨ ਦੇ ਬਰਾਬਰ ਹੁੰਦਾ ਸੀ।”
ਰੋਮੀ ਸਮਰਾਟ ਨੂੰ ਦੇਵਤਾ ਸਮਝਦੇ ਹੋਏ ਉਸ ਲਈ ਵੀ ਧੂਪ ਧੁਖਾਉਣ ਦੀ ਮੰਗ ਕੀਤੀ ਜਾਂਦੀ ਸੀ। ਭਾਵੇਂ ਕਿ ਮੁਢਲੇ ਮਸੀਹੀਆਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਸਕਦੀਆਂ ਸਨ, ਫਿਰ ਵੀ ਉਨ੍ਹਾਂ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕੀਤਾ। (ਲੂਕਾ 4:8; 1 ਕੁਰਿੰਥੀਆਂ 10:14, 20) ਜਦੋਂ ਅਸੀਂ ਧੂਪ ਦਾ ਸੰਬੰਧ ਮੂਰਤੀ-ਪੂਜਾ ਨਾਲ ਦੇਖਦੇ ਹਾਂ, ਤਾਂ ਅਸੀਂ ਸਮਝ ਸਕਦੇ ਹਾਂ ਕਿ ਮੁਢਲੇ ਮਸੀਹੀ ਧੂਪ ਦਾ ਵਪਾਰ ਤਕ ਕਿਉਂ ਨਹੀਂ ਕਰਦੇ ਸਨ।
ਅੱਜ ਦੇ ਸਮਿਆਂ ਵਿਚ ਧੂਪ ਦੀ ਵਰਤੋਂ
ਧੂਪ ਅੱਜ-ਕੱਲ੍ਹ ਕਿਸ ਤਰ੍ਹਾਂ ਵਰਤੀ ਜਾਂਦੀ ਹੈ? ਈਸਾਈ-ਜਗਤ ਦੇ ਕਈ ਗਿਰਜਿਆਂ ਵਿਚ ਧੂਪ ਰਸਮਾਂ-ਰੀਤਾਂ ਦੌਰਾਨ ਵਰਤੀ ਜਾਂਦੀ ਹੈ। ਕਈ ਏਸ਼ੀਆਈ ਪਰਿਵਾਰ ਦੇਵਤਿਆਂ ਦੀ ਪੂਜਾ ਅਤੇ ਮੁਰਦਿਆਂ ਦੀ ਰੱਖਿਆ ਲਈ ਜਾਂ ਤਾਂ ਮੰਦਰਾਂ ਵਿਚ ਜਾਂ ਆਪਣੇ ਘਰਾਂ ਵਿਚ ਧੂਪ ਜਗਾਉਂਦੇ ਹਨ। ਧਾਰਮਿਕ ਰੀਤਾਂ-ਰਿਵਾਜਾਂ ਵਿਚ ਧੂਪ ਕਮਰੇ ਨੂੰ ਰੋਗਾਣੂ ਨਸ਼ਟ ਕਰਨ ਲਈ, ਇਲਾਜ ਕਰਨ ਲਈ, ਸ਼ੁੱਧ ਕਰਨ ਲਈ ਅਤੇ ਸੁਰੱਖਿਆ ਲਈ ਵਰਤੀ ਜਾਂਦੀ ਹੈ।
ਅੱਜ ਤਾਂ ਉਹ ਲੋਕ ਵੀ ਧੂਪ ਧੁਖਾਉਂਦੇ ਹਨ ਜੋ ਰੱਬ ਨੂੰ ਨਹੀਂ ਮੰਨਦੇ। ਕੁਝ ਲੋਕ ਮਨਨ ਕਰਨ ਲਈ ਧੂਪ ਜਗਾਉਂਦੇ ਹਨ। ਇਕ ਪੁਸਤਕ ਦੱਸਦੀ ਹੈ ਕਿ ਆਪਣਾ ਸਰੀਰ ਛੱਡ ਕੇ “ਹੋਰ ਜਗ੍ਹਾ” ਪਹੁੰਚਣ ਲਈ ਜਾਂ ਚਮਤਕਾਰੀ “ਸ਼ਕਤੀਆਂ” ਹਾਸਲ ਕਰਨ ਲਈ ਵੀ ਧੂਪ ਇਸਤੇਮਾਲ ਕੀਤੀ ਜਾ ਸਕਦੀ ਹੈ। ਅਤੇ ਇਹ ਕਿਤਾਬ ਅੱਗੇ ਦੱਸਦੀ ਹੈ ਕਿ ਧੂਪ ਧੁਖਾਉਣ ਦੁਆਰਾ ਤੁਸੀਂ “ਆਤਮਾਵਾਂ” ਤੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਪਤਾ ਕਰ ਸਕਦੇ ਹੋ। ਕੀ ਮਸੀਹੀਆਂ ਨੂੰ ਇਹ ਕੰਮ ਕਰਨੇ ਚਾਹੀਦੇ ਹਨ?
ਯਹੋਵਾਹ ਉਨ੍ਹਾਂ ਤੋਂ ਘਿਣ ਕਰਦਾ ਹੈ ਜੋ ਉਸ ਦੀ ਭਗਤੀ ਨੂੰ ਦੇਵੀ-ਦੇਵਤਿਆਂ ਦੀ ਭਗਤੀ ਨਾਲ ਮਿਲਾਉਂਦੇ ਹਨ। ਪੌਲੁਸ ਰਸੂਲ ਨੇ ਯਸਾਯਾਹ ਦੀ ਭਵਿੱਖਬਾਣੀ ਦਾ ਹਵਾਲਾ ਦਿੰਦੇ ਹੋਏ ਮਸੀਹੀਆਂ ਨੂੰ ਝੂਠੇ ਧਰਮ ਤੋਂ ਬਚਣ ਦੀ ਸਲਾਹ ਦਿੱਤੀ ਸੀ। ਉਸ ਨੇ ਲਿਖਿਆ: “ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।” (2 ਕੁਰਿੰਥੀਆਂ 6:17; ਯਸਾਯਾਹ 52:11) ਸੱਚੇ ਮਸੀਹੀ ਸਾਵਧਾਨੀ ਨਾਲ ਦੇਵੀ-ਦੇਵਤਿਆਂ ਦੀ ਪੂਜਾ ਤੇ ਜਾਦੂ-ਟੂਣੇ ਤੋਂ ਦੂਰ ਰਹਿੰਦੇ ਹਨ।—ਯੂਹੰਨਾ 4:24.
ਤਾਂ ਫਿਰ, ਜਦ ਕਿ ਧੂਪ ਧਾਰਮਿਕ ਰੀਤਾਂ ਤੇ ਜਾਦੂ-ਟੂਣੇ ਵਿਚ ਇਸਤੇਮਾਲ ਕੀਤੀ ਜਾਂਦੀ ਹੈ, ਕੀ ਇਸ ਦਾ ਮਤਲਬ ਇਹ ਹੈ ਕਿ ਧੂਪ ਜਗਾਉਣੀ ਗ਼ਲਤ ਹੈ? ਜ਼ਰੂਰੀ ਨਹੀਂ। ਇਕ ਵਿਅਕਤੀ ਸ਼ਾਇਦ ਧੂਪ ਦੀ ਖ਼ੁਸ਼ਬੂ ਨਾਲ ਆਪਣੇ ਘਰ ਨੂੰ ਮਹਿਕਾਉਣ ਲਈ ਇਸ ਨੂੰ ਜਗਾ ਸਕਦਾ ਹੈ। (ਕਹਾਉਤਾਂ 27:9) ਪਰ ਫਿਰ ਵੀ, ਧੂਪ ਜਗਾਉਣ ਤੋਂ ਪਹਿਲਾਂ ਇਕ ਮਸੀਹੀ ਨੂੰ ਕਈ ਗੱਲਾਂ ਤੇ ਗੌਰ ਕਰਨਾ ਪਵੇਗਾ। ਕੀ ਤੁਹਾਡੇ ਇਲਾਕੇ ਦੇ ਲੋਕ ਧੂਪ ਦਾ ਸੰਬੰਧ ਝੂਠੇ ਧਰਮ ਨਾਲ ਜੋੜਦੇ ਹਨ? ਕੀ ਤੁਹਾਡੇ ਸਮਾਜ ਦੇ ਲੋਕ ਇਸ ਦਾ ਸੰਬੰਧ ਜਾਦੂ-ਟੂਣੇ ਨਾਲ ਜੋੜਦੇ ਹਨ? ਜਾਂ ਕੀ ਲੋਕ ਪੂਜਾ ਕਰਨ ਤੋਂ ਇਲਾਵਾ ਵੀ ਇਸ ਨੂੰ ਇਸਤੇਮਾਲ ਕਰਦੇ ਹਨ?
ਜੇ ਇਕ ਵਿਅਕਤੀ ਧੂਪ ਧੁਖਾਉਂਦਾ ਹੈ, ਤਾਂ ਉਸ ਨੂੰ ਸਿਰਫ਼ ਆਪਣੇ ਬਾਰੇ ਹੀ ਨਹੀਂ, ਪਰ ਹੋਰਾਂ ਦੀ ਜ਼ਮੀਰ ਬਾਰੇ ਵੀ ਸੋਚਣਾ ਚਾਹੀਦਾ ਹੈ। (1 ਕੁਰਿੰਥੀਆਂ 10:29) ਰੋਮੀਆਂ ਨੂੰ ਲਿਖੇ ਪੌਲੁਸ ਰਸੂਲ ਦੇ ਇਹ ਸ਼ਬਦ ਸਾਡੇ ਉੱਤੇ ਵੀ ਲਾਗੂ ਹੁੰਦੇ ਹਨ: “ਸੋ ਚੱਲੋ ਅਸੀਂ ਓਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਏ ਦੀ ਤਰੱਕੀ ਹੋਵੇ। ਭੋਜਨ ਦੇ ਕਾਰਨ ਪਰਮੇਸ਼ੁਰ ਦਾ ਕੰਮ ਨਾ ਵਿਗਾੜ। ਸੱਭੋ ਕੁਝ ਸ਼ੁੱਧ ਤਾਂ ਹੈ ਪਰ ਓਸ ਮਨੁੱਖ ਦੇ ਲਈ ਬੁਰਾ ਹੈ ਜਿਹ ਦੇ ਖਾਣਾ ਤੋਂ ਠੋਕਰ ਲੱਗਦੀ ਹੈ। ਭਲੀ ਗੱਲ ਇਹ ਹੈ ਜੋ ਨਾ ਤੂੰ ਮਾਸ ਖਾਵੇਂ ਨਾ ਮੈ ਪੀਵੇ ਨਾ ਕੋਈ ਇਹੋ ਜਿਹਾ ਕੰਮ ਕਰੇ ਜਿਸ ਤੋਂ ਤੇਰਾ ਭਰਾ ਠੇਡਾ ਖਾਵੇ।”—ਰੋਮੀਆਂ 14:19-21.
“ਸੁਗੰਧੀ ਵਾਂਙੁ” ਤਿਆਰ ਕੀਤੀਆਂ ਪ੍ਰਾਰਥਨਾਵਾਂ
ਜਿਹੜੀ ਧੂਪ ਇਸਰਾਏਲੀ ਪਰਮੇਸ਼ੁਰ ਨੂੰ ਧੁਖਾਉਂਦੇ ਸਨ ਉਹ ਉਨ੍ਹਾਂ ਪ੍ਰਾਰਥਨਾਵਾਂ ਨੂੰ ਚੰਗੀ ਤਰ੍ਹਾਂ ਦਰਸਾਉਂਦੀ ਸੀ ਜੋ ਪਰਮੇਸ਼ੁਰ ਨੂੰ ਮਨਜ਼ੂਰ ਸਨ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਗਾਇਆ: “ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਙੁ ਠਹਿਰੇ।”—ਜ਼ਬੂਰਾਂ ਦੀ ਪੋਥੀ 141:2.
ਵਫ਼ਾਦਾਰ ਇਸਰਾਏਲੀ ਧੂਪ ਧੁਖਾਉਣ ਨੂੰ ਮਾਮੂਲੀ ਰੀਤ ਨਹੀਂ ਸਮਝਦੇ ਸਨ। ਉਨ੍ਹਾਂ ਨੇ ਧੂਪ ਬਣਾਉਣ ਅਤੇ ਧੁਖਾਉਣ ਦੇ ਕੰਮ ਨੂੰ ਬੜੇ ਧਿਆਨ ਨਾਲ ਪਰਮੇਸ਼ੁਰ ਦੀਆਂ ਮੰਗਾਂ ਅਨੁਸਾਰ ਕੀਤਾ। ਅਸਲੀ ਧੂਪ ਧੁਖਾਉਣ ਦੀ ਬਜਾਇ ਅੱਜ ਦੇ ਮਸੀਹੀ ਆਪਣੇ ਸਵਰਗੀ ਪਿਤਾ ਨੂੰ ਮਾਣ ਤੇ ਆਦਰ-ਭਰੀਆਂ ਪ੍ਰਾਰਥਨਾਵਾਂ ਕਰਦੇ ਹਨ। ਜਿਵੇਂ ਪਰਮੇਸ਼ੁਰ ਹੈਕਲ ਵਿਚ ਜਾਜਕਾਂ ਦੁਆਰਾ ਧੁਖਾਏ ਖ਼ੁਸ਼ਬੂਦਾਰ ਧੂਪ ਤੋਂ ਖ਼ੁਸ਼ ਹੋਇਆ ਸੀ, ਉਸ ਦਾ ਬਚਨ ਸਾਨੂੰ ਭਰੋਸਾ ਦਿਲਾਉਂਦਾ ਹੈ ਕਿ “ਸਚਿਆਰਾਂ ਦੀ ਪ੍ਰਾਰਥਨਾ ਤੋਂ ਉਹ ਪਰਸੰਨ ਹੁੰਦਾ ਹੈ।”—ਕਹਾਉਤਾਂ 15:8.
[ਸਫ਼ੇ 29 ਉੱਤੇ ਤਸਵੀਰ]
ਡੇਹਰੇ ਤੇ ਹੈਕਲ ਵਿਚ ਧੁਖਾਈ ਜਾਂਦੀ ਧੂਪ ਪਵਿੱਤਰ ਹੁੰਦੀ ਸੀ
[ਸਫ਼ੇ 30 ਉੱਤੇ ਤਸਵੀਰ]
ਕੀ ਮਸੀਹੀਆਂ ਨੂੰ ਮਨਨ ਕਰਨ ਲਈ ਧੂਪ ਧੁਖਾਉਣਾ ਚਾਹੀਦਾ ਹੈ?