ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w05 2/15 ਸਫ਼ੇ 28-31
  • ਕੀ ਤੁਸੀਂ ਦੂਸਰਿਆਂ ਨਾਲ ਆਪਣੀ ਤੁਲਨਾ ਕਰਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਦੂਸਰਿਆਂ ਨਾਲ ਆਪਣੀ ਤੁਲਨਾ ਕਰਦੇ ਹੋ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਤੁਲਨਾ ਕਿਉਂ ਕੀਤੀ ਜਾਂਦੀ ਹੈ?
  • ਤੁਲਨਾ ਜਾਂ ਮੁਕਾਬਲੇਬਾਜ਼ੀ
  • ਜਾਂਚ ਕਰੋ ਤੁਲਨਾ ਨਹੀਂ
  • ਅਸੀਂ ਖੁਣਸ ਦੇ ਚੱਕਰ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ
  • ਲਾਭਦਾਇਕ ਤੁਲਨਾ
  • ਈਰਖਾ ਨਾਲ ਲੜੋ ਤੇ ਸ਼ਾਂਤੀ ਬਣਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਈਰਖਾ ਸਾਡੀ ਜ਼ਿੰਦਗੀ ਵਿਚ ਜ਼ਹਿਰ ਘੋਲ ਸਕਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਉਨ੍ਹਾਂ ਦੇ “ਜੀਅ” ਰਲ਼ ਗਏ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਯੋਨਾਥਾਨ—‘ਉਹ ਨੇ ਪਰਮੇਸ਼ੁਰ ਦੇ ਨਾਲ ਕੰਮ ਕੀਤਾ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
w05 2/15 ਸਫ਼ੇ 28-31

ਕੀ ਤੁਸੀਂ ਦੂਸਰਿਆਂ ਨਾਲ ਆਪਣੀ ਤੁਲਨਾ ਕਰਦੇ ਹੋ?

ਸਾਡੇ ਵਿੱਚੋਂ ਕੌਣ ਹੈ ਜਿਸ ਨੇ ਕਦੇ-ਕਦਾਈਂ ਆਪਣੇ ਕਿਸੇ ਹਾਣੀ ਵੱਲ ਦੇਖਦੇ ਹੋਏ ਇਸ ਤਰ੍ਹਾਂ ਨਹੀਂ ਸੋਚਿਆ: ‘ਉਹ ਮੇਰੇ ਨਾਲੋਂ ਕਿੰਨਾ ਸੋਹਣਾ-ਸੁਨੱਖਾ ਹੈ, ਮੇਰੇ ਨਾਲੋਂ ਕਿੰਨਾ ਪਿਆਰਾ ਹੈ, ਮੇਰੇ ਨਾਲੋਂ ਕਿੰਨਾ ਹੁਸ਼ਿਆਰ ਹੈ।’ ਹੋਰਾਂ ਬਾਰੇ ਸਾਨੂੰ ਸ਼ਾਇਦ ਇਸ ਤਰ੍ਹਾਂ ਲੱਗੇ ਕਿ ਉਨ੍ਹਾਂ ਦੀ ਸਿਹਤ ਸਾਡੇ ਨਾਲੋਂ ਕਿੰਨੀ ਚੰਗੀ ਹੈ, ਉਨ੍ਹਾਂ ਦੀ ਨੌਕਰੀ ਸਾਡੇ ਤੋਂ ਕਿੰਨੀ ਵਧੀਆ ਹੈ ਅਤੇ ਉਨ੍ਹਾਂ ਦੇ ਸਾਡੇ ਨਾਲੋਂ ਕਿੰਨੇ ਜ਼ਿਆਦਾ ਯਾਰ-ਦੋਸਤ ਹਨ। ਉਨ੍ਹਾਂ ਦੀ ਨਵੀਂ ਗੱਡੀ ਅਤੇ ਧਨ-ਦੌਲਤ ਦੇਖ ਕੇ ਅਸੀਂ ਸ਼ਾਇਦ ਸੋਚੀਏ ਕਿ ਉਹ ਤਾਂ ਕਾਮਯਾਬੀ ਦੀਆਂ ਬੁਲੰਦੀਆਂ ਚੁੰਮ ਰਹੇ ਹਨ। ਕੀ ਸਾਰੇ ਲੋਕ ਇਸੇ ਤਰ੍ਹਾਂ ਦੂਸਰਿਆਂ ਨਾਲ ਆਪਣੀ ਤੁਲਨਾ ਕਰਦੇ ਹਨ? ਕੀ ਸਾਡੇ ਲਈ ਇਸ ਤਰ੍ਹਾਂ ਕਰਨਾ ਠੀਕ ਹੈ? ਕੀ ਇਸ ਤਰ੍ਹਾਂ ਕਰਨ ਤੋਂ ਬਗੈਰ ਅਸੀਂ ਖ਼ੁਸ਼ ਨਹੀਂ ਹੋ ਸਕਦੇ?

ਤੁਲਨਾ ਕਿਉਂ ਕੀਤੀ ਜਾਂਦੀ ਹੈ?

ਅਸੀਂ ਆਪਣੀ ਤੁਲਨਾ ਦੂਸਰਿਆਂ ਨਾਲ ਕਿਉਂ ਕਰਦੇ ਹਾਂ? ਤੁਲਨਾ ਕਰਨ ਰਾਹੀਂ ਸਾਨੂੰ ਤਸੱਲੀ ਹੁੰਦੀ ਹੈ ਕਿ ਅਸੀਂ ਵੀ ਕੁਝ ਹਾਂ। ਇਕ ਹੋਰ ਕਾਰਨ ਇਹ ਹੈ ਕਿ ਦੂਸਰਿਆਂ ਨਾਲ ਆਪਣੀ ਤੁਲਨਾ ਕਰਨ ਰਾਹੀਂ ਅਸੀਂ ਉਨ੍ਹਾਂ ਦੇ ਬਰਾਬਰ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਅਹਿਸਾਸ ਹੁੰਦਾ ਕਿ ਅਸੀਂ ਕੋਈ ਕੰਮ ਕਰ ਸਕਦੇ ਹਾਂ ਕਿ ਨਹੀਂ। ਇਸ ਦੇ ਨਾਲ-ਨਾਲ ਜੇ ਕੋਈ ਸਾਡੇ ਵਰਗਾ ਹੈ ਅਤੇ ਕਾਮਯਾਬ ਹੈ, ਤਾਂ ਉਸ ਵੱਲ ਦੇਖ ਕੇ ਸਾਨੂੰ ਵੀ ਕੁਝ ਬਣਨ ਦੀ ਪ੍ਰੇਰਣਾ ਮਿਲਦੀ ਹੈ।

ਆਮ ਤੌਰ ਤੇ ਅਸੀਂ ਆਪਣੀ ਤੁਲਨਾ ਆਪਣੇ ਵਰਗੇ ਲੋਕਾਂ ਨਾਲ ਕਰਦੇ ਹਾਂ, ਮੁੰਡੇ ਮੁੰਡਿਆਂ ਨਾਲ ਅਤੇ ਕੁੜੀਆਂ ਕੁੜੀਆਂ ਨਾਲ। ਲੋਕ ਆਪਣੀ ਤੁਲਨਾ ਆਪਣੇ ਹਾਣੀਆਂ ਨਾਲ, ਆਪਣੇ ਦੋਸਤਾਂ-ਮਿੱਤਰਾਂ ਨਾਲ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਕਰਦੇ ਹਨ। ਘੱਟ ਹੀ ਲੋਕ ਆਪਣੀ ਤੁਲਨਾ ਆਪਣੇ ਤੋਂ ਕਿਤੇ ਵੱਡੇ ਵਿਅਕਤੀ ਨਾਲ ਕਰਨਗੇ। ਮਿਸਾਲ ਵਜੋਂ ਇਕ ਕੁੜੀ ਆਪਣੀ ਤੁਲਨਾ ਕਿਸੇ ਅਭਿਨੇਤਰੀ ਨਾਲ ਕਰਨ ਦੀ ਬਜਾਇ ਆਪਣੀ ਕਿਸੇ ਸਹੇਲੀ ਨਾਲ ਕਰੇਗੀ ਅਤੇ ਇਸੇ ਤਰ੍ਹਾਂ ਇਕ ਅਭਿਨੇਤਰੀ ਆਪਣੀ ਤੁਲਨਾ ਕਿਸੇ ਆਮ ਕੁੜੀ ਨਾਲ ਨਹੀਂ ਕਰੇਗੀ।

ਤਾਂ ਫਿਰ, ਅਸੀਂ ਕਿਨ੍ਹਾਂ ਗੱਲਾਂ ਵਿਚ ਦੂਸਰਿਆਂ ਨਾਲ ਆਪਣੀ ਤੁਲਨਾ ਕਰਦੇ ਹਾਂ? ਅਸੀਂ ਸ਼ਾਇਦ ਆਪਣੇ ਗੁਆਂਢੀਆਂ ਵੱਲ ਦੇਖ ਕੇ ਸੋਚੀਏ ਉਹ ਮੇਰੇ ਤੋਂ ਜ਼ਿਆਦਾ ਕਮਾਉਂਦੇ ਹਨ, ਨਵੇਂ-ਨਵੇਂ ਕੱਪੜੇ ਪਾਉਂਦੇ ਹਨ, ਚੰਗਾ ਖਾਂਦੇ-ਪੀਂਦੇ ਹਨ ਅਤੇ ਉਨ੍ਹਾਂ ਦੇ ਬੱਚੇ ਜ਼ਿਆਦਾ ਪੜ੍ਹੇ-ਲਿਖੇ ਹਨ। ਪਰ ਅਸੀਂ ਸਿਰਫ਼ ਉਨ੍ਹਾਂ ਗੱਲਾਂ ਵੱਲ ਧਿਆਨ ਦਿੰਦੇ ਹਾਂ ਜਿਨ੍ਹਾਂ ਵਿਚ ਸਾਨੂੰ ਆਪ ਦਿਲਚਸਪੀ ਹੈ। ਮਿਸਾਲ ਵਜੋਂ ਕੁਝ ਲੋਕਾਂ ਨੂੰ ਚਿੱਠੀਆਂ ਤੇ ਲੱਗੇ ਟਿਕਟ ਇਕੱਠੇ ਕਰਨ ਦਾ ਸ਼ੌਕ ਹੁੰਦਾ ਹੈ, ਪਰ ਜੇ ਅਸੀਂ ਇਹ ਸ਼ੌਕ ਨਾ ਰੱਖੀਏ, ਤਾਂ ਅਸੀਂ ਇਨ੍ਹਾਂ ਲੋਕਾਂ ਨਾਲ ਬਰਾਬਰੀ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ।

ਤੁਲਨਾ ਕਰਨ ਰਾਹੀਂ ਸਾਡੇ ਅੰਦਰ ਕਈ ਕਿਸਮ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਇਹ ਭਾਵਨਾਵਾਂ ਖ਼ੁਸ਼ੀ ਤੋਂ ਲੈ ਕੇ ਨਿਰਾਸ਼ਾ ਤਕ ਪਹੁੰਚ ਸਕਦੀਆਂ ਹਨ। ਕਦੀ-ਕਦੀ ਅਸੀਂ ਕਿਸੇ ਵੱਲ ਦੇਖ ਕੇ ਉਸ ਦੀ ਤਾਰੀਫ਼ ਕਰਦੇ ਹਾਂ ਤੇ ਉਸ ਦੀ ਨਕਲ ਕਰਨੀ ਚਾਹੁੰਦੇ ਹਾਂ। ਪਰ ਕਦੀ-ਕਦੀ ਅਸੀਂ ਕਿਸੇ ਵੱਲ ਦੇਖ ਕੇ ਜਲਣ ਲੱਗਦੇ ਹਾਂ ਤੇ ਉਸ ਨਾਲ ਨਫ਼ਰਤ ਕਰਨ ਲੱਗਦੇ ਹਾਂ। ਖ਼ੈਰ ਯਹੋਵਾਹ ਦੇ ਸੇਵਕਾਂ ਨੂੰ ਇਸ ਤਰ੍ਹਾਂ ਨਹੀਂ ਮਹਿਸੂਸ ਕਰਨਾ ਚਾਹੀਦਾ ਕਿਉਂਕਿ ਜਲਣ ਅਤੇ ਨਫ਼ਰਤ ਵਰਗੀਆਂ ਭਾਵਨਾਵਾਂ ਚੰਗੀਆਂ ਨਹੀਂ ਹੁੰਦੀਆਂ।

ਤੁਲਨਾ ਜਾਂ ਮੁਕਾਬਲੇਬਾਜ਼ੀ

ਕਈ ਲੋਕ ਆਪਣੇ-ਆਪ ਨੂੰ ਹਮੇਸ਼ਾ ਦੂਸਰਿਆਂ ਨਾਲੋਂ ਬਿਹਤਰ ਦਿਖਾਉਣਾ ਚਾਹੁੰਦੇ ਹਨ। ਉਹ ਤੁਲਨਾ ਨਹੀਂ, ਸਗੋਂ ਮੁਕਾਬਲੇਬਾਜ਼ੀ ਕਰਦੇ ਹਨ। ਉਨ੍ਹਾਂ ਨੂੰ ਉਦੋਂ ਤਕ ਆਰਾਮ ਨਹੀਂ ਆਉਂਦਾ, ਜਦੋਂ ਤਕ ਉਹ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਬਿਹਤਰ ਸਾਬਤ ਨਹੀਂ ਕਰਦੇ। ਇਸ ਤਰ੍ਹਾਂ ਦੇ ਲੋਕਾਂ ਨਾਲ ਰਹਿਣਾ-ਬਹਿਣਾ ਕੋਈ ਸੌਖੀ ਗੱਲ ਨਹੀਂ ਹੈ ਤੇ ਅਜਿਹੇ ਇਨਸਾਨਾਂ ਨਾਲ ਦੋਸਤੀ ਕਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ। ਇਹ ਲੋਕ ਅਕਸਰ ਘਮੰਡੀ ਹੋਣ ਦੇ ਨਾਲ-ਨਾਲ ਹੋਰਨਾਂ ਨਾਲ ਪਿਆਰ ਕਰਨਾ ਵੀ ਭੁੱਲ ਜਾਂਦੇ ਹਨ। ਇਸ ਤੋਂ ਇਲਾਵਾ, ਇਹ ਲੋਕ ਆਪਣੇ-ਆਪ ਨੂੰ ਉੱਚਾ ਕਰਨ ਰਾਹੀਂ ਦੂਸਰਿਆਂ ਨੂੰ ਨੀਵੇਂ ਕਰਦੇ ਹਨ।—ਮੱਤੀ 18:1-5; ਯੂਹੰਨਾ 13:34, 35.

ਜਦੋਂ ਇਕ ਵਿਅਕਤੀ ਦੂਸਰੇ ਵਿਅਕਤੀ ਨੂੰ ਨਿਕੰਮਾ ਮਹਿਸੂਸ ਕਰਾਉਂਦਾ ਹੈ, ਤਾਂ ਉਨ੍ਹਾਂ ਦੇ ਦਿਲ ਨੂੰ ਗਹਿਰੀ ਠੇਸ ਪਹੁੰਚਦੀ ਹੈ। ਤਾਂ ਫਿਰ ਕੋਈ ਕਿਸੇ ਨੂੰ ਇਸ ਤਰ੍ਹਾਂ ਕਿਉਂ ਮਹਿਸੂਸ ਕਰਾਏਗਾ? ਇਕ ਲੇਖਕ ਨੇ ਕਿਹਾ: “ਅਸੀਂ ਆਪਣੀਆਂ ਨਾਕਾਮਯਾਬੀਆਂ ਤੋਂ ਉਦੋਂ ਹੋਰ ਵੀ ਜ਼ਿਆਦਾ ਦੁਖੀ ਹੁੰਦੇ ਹਾਂ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਵਰਗੇ ਦੂਸਰੇ ਲੋਕ ਉਹ ਚੀਜ਼ਾਂ ਸੌਖਿਆਂ ਹੀ ਹਾਸਲ ਕਰਦੇ ਹਨ ਜਿਹੜੀਆਂ ਅਸੀਂ ਖ਼ੁਦ ਚਾਹੁੰਦੇ ਹਾਂ।” ਤਾਂ ਫਿਰ ਅਸੀਂ ਉਨ੍ਹਾਂ ਦੀ ਬਰਾਬਰੀ ਕਰਨ ਲੱਗਦੇ ਹਾਂ। ਇਸ ਤਰ੍ਹਾਂ ਦੂਸਰੇ ਦਾ ਮੁਕਾਬਲਾ ਕਰਦੇ ਹੋਏ ਸਾਡੇ ਦਿਲ ਵਿਚ ਅਕਸਰ ਖੁਣਸ ਪੈਦਾ ਹੋ ਜਾਂਦੀ ਹੈ। ਲੋਕਾਂ ਦੀ ਕਾਮਯਾਬੀ, ਧਨ-ਦੌਲਤ, ਸ਼ੁਹਰਤ ਅਤੇ ਉਨ੍ਹਾਂ ਦਾ ਘਰ-ਬਾਰ ਦੇਖ ਕੇ ਅਸੀਂ ਜਲਣ ਲੱਗ ਸਕਦੇ ਹਾਂ। ਇਸ ਕਰਕੇ ਅਸੀਂ ਉਨ੍ਹਾਂ ਨਾਲੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ-ਕਰਦੇ ਇਕ ਚੱਕਰ ਵਿਚ ਫਸ ਜਾਂਦੇ ਹਾਂ। ਪਰ ਬਾਈਬਲ ਦੀ ਸਲਾਹ ਹੈ ਕਿ ਸਾਨੂੰ ਇਕ-ਦੂਜੇ ਤੋਂ ਖਾਰ ਨਹੀਂ ਖਾਣੀ ਚਾਹੀਦੀ।—ਗਲਾਤੀਆਂ 5:26.

ਜੇ ਅਸੀਂ ਕਿਸੇ ਤੋਂ ਖਾਰ ਖਾਈਏ, ਤਾਂ ਅਸੀਂ ਆਪਣੇ ਆਪ ਨੂੰ ਉਸ ਨਾਲੋਂ ਉੱਚਾ ਦਿਖਾਉਣ ਲਈ ਉਸ ਨੂੰ ਨਿੰਦਣ ਦੀ ਕੋਸ਼ਿਸ਼ ਕਰਾਂਗੇ। ਭਾਵੇਂ ਇਹ ਸਾਨੂੰ ਬਹੁਤੀ ਮਾੜੀ ਗੱਲ ਨਾ ਲੱਗੇ, ਪਰ ਜੇ ਅਸੀਂ ਸਾਵਧਾਨ ਨਾ ਰਹੀਏ, ਤਾਂ ਇਸ ਦੇ ਨਤੀਜੇ ਬੁਰੇ ਨਿਕਲ ਸਕਦੇ ਹਨ। ਆਓ ਆਪਾਂ ਬਾਈਬਲ ਦੇ ਦੋ ਬਿਰਤਾਂਤਾਂ ਵੱਲ ਧਿਆਨ ਦੇਈਏ ਜਿਨ੍ਹਾਂ ਵਿਚ ਖਾਰ ਖਾਣ ਕਾਰਨ ਗੰਭੀਰ ਪਾਪ ਕੀਤੇ ਗਏ ਸਨ।

ਪਹਿਲਾਂ ਇਸਹਾਕ ਬਾਰੇ ਸੋਚੋ। ਉਹ ਫਿਲਿਸਤੀਆਂ ਵਿਚਕਾਰ ਰਹਿੰਦਾ ਸੀ ਅਤੇ ਯਹੋਵਾਹ ਨੇ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਸਨ। ਇਸਹਾਕ “ਭੇਡਾਂ ਬੱਕਰੀਆਂ ਅਰ ਗਾਈਆਂ ਬਲਦਾਂ ਅਰ ਬਹੁਤ ਸਾਰੇ ਟਹਿਲੂਆਂ ਦਾ ਮਾਲਕ ਹੋ ਗਿਆ ਅਤੇ ਫਿਲਿਸਤੀ ਉਸ ਤੋਂ ਸੜਨ ਲੱਗੇ।” ਸੜ-ਸੜ ਕੇ ਉਨ੍ਹਾਂ ਨੇ ਉਹ ਸਾਰੇ ਖੂਹ ਜੋ ਇਸਹਾਕ ਦੇ ਪਿਤਾ ਅਬਰਾਹਾਮ ਨੇ ਪੁੱਟੇ ਸਨ, ਬੰਦ ਕਰ ਦਿੱਤੇ। ਇਸ ਤੋਂ ਵੱਧ ਫਿਲਿਸਤੀਆਂ ਦੇ ਰਾਜੇ ਨੇ ਇਸਹਾਕ ਨੂੰ ਉਸ ਥਾਂ ਤੋਂ ਨਿਕਲ ਜਾਣ ਲਈ ਕਿਹਾ। (ਉਤਪਤ 26:1-3, 12-16) ਫਿਲਿਸਤੀਆਂ ਦੀ ਬਦਨੀਤੀ ਦਾ ਨਾ ਉਨ੍ਹਾਂ ਨੂੰ ਫ਼ਾਇਦਾ ਹੋਇਆ ਤੇ ਨਾ ਹੀ ਇਸਹਾਕ ਨੂੰ। ਉਹ ਇਸਹਾਕ ਦੀ ਖ਼ੁਸ਼ੀ ਤੇ ਕਾਮਯਾਬੀ ਨੂੰ ਬਰਦਾਸ਼ਤ ਨਹੀਂ ਕਰ ਸਕੇ ਸਨ।

ਹੁਣ ਸਦੀਆਂ ਬਾਅਦ ਰਹਿੰਦੇ ਦਾਊਦ ਦੀ ਮਿਸਾਲ ਵੱਲ ਧਿਆਨ ਦਿਓ। ਦਾਊਦ ਜੰਗ ਵਿਚ ਬਹੁਤ ਹੀ ਬਹਾਦਰ ਸਾਬਤ ਹੋਇਆ। ਉਸ ਦੀ ਪ੍ਰਸ਼ੰਸਾ ਵਿਚ ਇਸਰਾਏਲ ਦੀਆਂ ਔਰਤਾਂ ਨੇ ਇਹ ਗੀਤ ਗਾਇਆ: “ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਆਪਣੇ ਲੱਖਾਂ ਨੂੰ!” ਇਹ ਸੱਚ ਹੈ ਕਿ ਦਾਊਦ ਦੀ ਪ੍ਰਸ਼ੰਸਾ ਦੇ ਨਾਲ-ਨਾਲ ਸ਼ਾਊਲ ਦੀ ਵੀ ਪ੍ਰਸ਼ੰਸਾ ਕੀਤੀ ਗਈ ਸੀ, ਪਰ ਸ਼ਾਊਲ ਦੇ ਮਨ ਵਿਚ ਉਸ ਦਾ ਨਿਰਾਦਰ ਹੋ ਰਿਹਾ ਸੀ। ਇਸ ਤੁਲਨਾ ਦੇ ਕਾਰਨ ਉਹ ਸੜਨ ਲੱਗਾ। ਉਸ ਸਮੇਂ ਤੋਂ ਲੈ ਕੇ ਉਹ ਦਾਊਦ ਨਾਲ ਖਾਰ ਖਾਣ ਲੱਗਾ ਅਤੇ ਉਸ ਨੇ ਉਸ ਨੂੰ ਕਈ ਵਾਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਖੁਣਸ ਦੀ ਅੱਗ ਸਾਨੂੰ ਰਾਖ ਕਿਵੇਂ ਕਰ ਸਕਦੀ ਹੈ!—1 ਸਮੂਏਲ 18:6-11.

ਤਾਂ ਫਿਰ ਜੇ ਦੂਸਰਿਆਂ ਦੇ ਕੰਮਾਂ ਜਾਂ ਉਨ੍ਹਾਂ ਦੀ ਤਰੱਕੀ ਕਾਰਨ ਅਸੀਂ ਅੰਦਰੋਂ-ਅੰਦਰ ਜਲਣ ਲੱਗਦੇ ਹਾਂ, ਤਾਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ! ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਇਸ ਤਰ੍ਹਾਂ ਕਰੀਏ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਕਿ ਅਸੀਂ ਇਨ੍ਹਾਂ ਚੱਕਰਾਂ ਵਿਚ ਪੈਣ ਤੋਂ ਕਿਵੇਂ ਬਚ ਸਕਦੇ ਹਾਂ, ਆਓ ਆਪਾਂ ਹੋਰ ਕਾਰਨਾਂ ਵੱਲ ਦੇਖੀਏ ਕਿ ਅਸੀਂ ਹੋਰਨਾਂ ਨਾਲ ਆਪਣੀ ਤੁਲਨਾ ਕਿਉਂ ਕਰਦੇ ਹਾਂ।

ਜਾਂਚ ਕਰੋ ਤੁਲਨਾ ਨਹੀਂ

ਇਹ ਸੱਚ ਹੈ ਕਿ ਅਸੀਂ ਕਦੇ ਸ਼ੀਸ਼ੇ ਅੱਗੇ ਖੜ੍ਹੇ ਹੋ ਕੇ ਆਪਣੇ ਆਪ ਨੂੰ ਇਹ ਗੱਲਾਂ ਨਹੀਂ ਪੁੱਛਦੇ: ‘ਮੈਂ ਕਿੰਨਾ ਕੁ ਹੁਸ਼ਿਆਰ ਹਾਂ, ਕਿੰਨਾ ਕੁ ਸੋਹਣਾ ਹਾਂ, ਮੇਰੀ ਸਿਹਤ ਕਿੰਨੀ ਕੁ ਚੰਗੀ ਹੈ, ਮੈਂ ਨਵੇਂ ਕੰਮ ਸਿੱਖਣ ਵਿਚ ਕਿੰਨਾ ਕੁ ਚੁਸਤ ਹਾਂ, ਦੂਸਰਿਆਂ ਉੱਤੇ ਮੈਂ ਕਿੰਨਾ ਕੁ ਰੋਹਬ ਪਾ ਸਕਦਾ ਹਾਂ ਅਤੇ ਦੂਸਰੇ ਮੈਨੂੰ ਕਿੰਨਾ ਕੁ ਪਿਆਰਾ ਸਮਝਦੇ ਹਨ?’ ਪਰ ਸਾਡੇ ਮਨ ਵਿਚ ਅਕਸਰ ਅਜਿਹੇ ਸਵਾਲ ਉੱਠਦੇ ਹਨ ਅਤੇ ਅਸੀਂ ਇਨ੍ਹਾਂ ਦਾ ਜਵਾਬ ਭਾਲਦੇ ਹਾਂ। ਜੇ ਅਸੀਂ ਕਿਸੇ ਨਾਲ ਆਪਣੀ ਤੁਲਨਾ ਕਰਨ ਤੋਂ ਬਗੈਰ ਅਜਿਹੇ ਸਵਾਲ ਪੁੱਛੀਏ, ਤਾਂ ਇਸ ਵਿਚ ਕੋਈ ਹਰਜ਼ ਨਹੀਂ। ਇਸ ਤਰ੍ਹਾਂ ਦੀ ਜਾਂਚ ਦੇ ਜ਼ਰੀਏ ਅਸੀਂ ਤਾਂ ਸਿਰਫ਼ ਇਹੋ ਦੇਖਣਾ ਚਾਹੁੰਦੇ ਹਾਂ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਤਾਂ ਫਿਰ, ਆਪਣੀ ਜਾਂਚ ਕਰਦੇ ਸਮੇਂ ਸਾਨੂੰ ਦੂਸਰਿਆਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ।

ਸਾਡੇ ਸਾਰਿਆਂ ਦੀਆਂ ਵੱਖਰੀਆਂ-ਵੱਖਰੀਆਂ ਕਾਬਲੀਅਤਾਂ ਹਨ। ਪਰ ਅਸੀਂ ਹਮੇਸ਼ਾ ਅਜਿਹੇ ਵਿਅਕਤੀਆਂ ਨੂੰ ਜਾਣਾਂਗੇ ਜੋ ਸਾਡੇ ਤੋਂ ਜ਼ਿਆਦਾ ਕਾਮਯਾਬ ਹਨ। ਤਾਂ ਫਿਰ, ਉਨ੍ਹਾਂ ਵੱਲ ਦੇਖ ਕੇ ਜਲਣ ਦੀ ਬਜਾਇ ਸਾਨੂੰ ਸੋਚਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸੀਂ ਕਿਹੋ ਜਿਹੇ ਇਨਸਾਨ ਹਾਂ। ਯਹੋਵਾਹ ਸਾਰਿਆਂ ਦੀ ਪਰਵਾਹ ਕਰਦਾ ਹੈ। ਉਸ ਨੂੰ ਸਾਡੀ ਹੋਰਾਂ ਨਾਲ ਤੁਲਨਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪੌਲੁਸ ਰਸੂਲ ਨੇ ਸਾਨੂੰ ਸਲਾਹ ਦਿੱਤੀ: “ਕਿਸੇ ਵਿਅਕਤੀ ਨੂੰ ਹੋਰਨਾਂ ਲੋਕਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉਪਰ ਮਾਣ ਕਰ ਸਕਦਾ ਹੈ।”—ਗਲਾਤੀਆਂ 6:4, ਇਜ਼ੀ ਟੂ ਰੀਡ ਵਰਯਨ।

ਅਸੀਂ ਖੁਣਸ ਦੇ ਚੱਕਰ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ

ਪਾਪੀ ਹੋਣ ਕਾਰਨ ਸਾਨੂੰ ਸਾਰਿਆਂ ਨੂੰ ਖਾਰ ਖਾਣ ਤੋਂ ਬਚਣ ਲਈ ਹਮੇਸ਼ਾ ਸਖ਼ਤ ਜਤਨ ਕਰਨ ਦੀ ਲੋੜ ਹੈ। ਅਸੀਂ ਬਾਈਬਲ ਦੀ ਇਹ ਸਲਾਹ ਤਾਂ ਜਾਣਦੇ ਹਾਂ ਕਿ ਸਾਨੂੰ ਇਕ-ਦੂਜੇ ਦਾ ਆਦਰ ਕਰਨਾ ਚਾਹੀਦਾ ਹੈ, ਪਰ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੈ। ਪੌਲੁਸ ਦੀ ਮਿਸਾਲ ਲੈ ਲਓ। ਉਸ ਨੇ ਆਪਣੇ ਪਾਪੀ ਸਰੀਰ ਤੇ ਕਾਬੂ ਪਾਉਣ ਲਈ ਹਮੇਸ਼ਾ ਜਤਨ ਕੀਤਾ ਸੀ। (ਰੋਮੀਆਂ 12:10; 1 ਕੁਰਿੰਥੀਆਂ 9:27) ਤਾਂ ਫਿਰ, ਜਦ ਅਸੀਂ ਕਿਸੇ ਨਾਲ ਖਾਰ ਖਾਣ ਲੱਗੀਏ, ਤਾਂ ਸਾਨੂੰ ਪੌਲੁਸ ਵਾਂਗ ਆਪਣੇ ਨਾਲ ਸਖ਼ਤੀ ਵਰਤਣ ਦੀ ਲੋੜ ਹੈ। ਸਾਨੂੰ ਅਜਿਹੀਆਂ ਸੋਚਾਂ ਨੂੰ ਆਪਣੇ ਮਨ ਵਿੱਚੋਂ ਕੱਢਣ ਦੀ ਲੋੜ ਹੈ। ਸਾਨੂੰ ਮਦਦ ਵਾਸਤੇ ਰੱਬ ਅੱਗੇ ਦੁਆ ਕਰਨ ਦੀ ਲੋੜ ਹੈ ਤਾਂਕਿ ਅਸੀਂ ‘ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੀਏ।’—ਰੋਮੀਆਂ 12:3.

ਬਾਈਬਲ ਦਾ ਅਧਿਐਨ ਅਤੇ ਉਸ ਤੇ ਮਨਨ ਕਰਨ ਰਾਹੀਂ ਵੀ ਸਾਨੂੰ ਮਦਦ ਮਿਲ ਸਕਦੀ ਹੈ। ਮਿਸਾਲ ਲਈ, ਪਰਮੇਸ਼ੁਰ ਦੇ ਉਨ੍ਹਾਂ ਵਾਅਦਿਆਂ ਬਾਰੇ ਸੋਚੋ ਜੋ ਉਸ ਨੇ ਜਲਦੀ ਹੀ ਪੂਰੇ ਕਰਨੇ ਹਨ। ਉਨ੍ਹਾਂ ਅਨੁਸਾਰ ਭਵਿੱਖ ਵਿਚ ਸਭ ਜਗ੍ਹਾ ਅਮਨ-ਚੈਨ ਹੋਵੇਗਾ, ਸਾਰਿਆਂ ਦੀ ਸਿਹਤ ਚੰਗੀ ਹੋਵੇਗੀ, ਸਾਰਿਆਂ ਲਈ ਬਥੇਰਾ ਖਾਣਾ, ਵਧੀਆ ਘਰ ਅਤੇ ਕਰਨ ਲਈ ਵਧੀਆ ਕੰਮ ਹੋਵੇਗਾ। (ਜ਼ਬੂਰਾਂ ਦੀ ਪੋਥੀ 46:8, 9; 72:7, 8, 16; ਯਸਾਯਾਹ 65:21-23) ਕੀ ਉਸ ਸਮੇਂ ਕਿਸੇ ਦਾ ਆਪਣੇ ਗੁਆਂਢੀ ਨਾਲ ਮੁਕਾਬਲਾ ਕਰਨ ਦਾ ਕੋਈ ਕਾਰਨ ਹੋਵੇਗਾ? ਜੀ ਨਹੀਂ! ਇਹ ਗੱਲ ਸੱਚ ਹੈ ਕਿ ਯਹੋਵਾਹ ਨੇ ਉਸ ਸਮੇਂ ਬਾਰੇ ਹਰ ਇਕ ਗੱਲ ਨਹੀਂ ਦੱਸੀ, ਪਰ ਅਸੀਂ ਇਹ ਯਕੀਨ ਕਰ ਸਕਦੇ ਹਾਂ ਕਿ ਉਸ ਸਮੇਂ ਅਸੀਂ ਉਹ ਕੰਮ ਕਰ ਸਕਾਂਗੇ ਜੋ ਅਸੀਂ ਕਰਨੇ ਚਾਹੁੰਦੇ ਹਾਂ। ਮਿਸਾਲ ਲਈ, ਸ਼ਾਇਦ ਕੋਈ ਜਣਾ ਤਾਰਿਆਂ ਅਤੇ ਪੁਲਾੜ ਬਾਰੇ ਪਤਾ ਕਰਨ ਵਿਚ ਦਿਲਚਸਪੀ ਰੱਖੇ। ਕੋਈ ਹੋਰ ਸ਼ਾਇਦ ਗੀਤ-ਸੰਗੀਤ ਸਿੱਖਣਾ ਜਾਂ ਕਿਸੇ ਚੀਜ਼ ਨੂੰ ਡੀਜ਼ਾਈਨ ਕਰਨਾ ਚਾਹੇ। ਤਾਂ ਫਿਰ, ਇਕ ਜਣੇ ਨੂੰ ਹੋਰ ਕਿਸੇ ਨਾਲ ਖਾਰ ਖਾਣ ਦੀ ਕੀ ਲੋੜ ਹੋਵੇਗੀ? ਸਗੋਂ ਹੋਰਾਂ ਦੇ ਕੰਮਾਂ ਵੱਲ ਦੇਖ ਕੇ ਤਾਂ ਸਾਨੂੰ ਖ਼ੁਦ ਆਪ ਕੁਝ-ਨ-ਕੁਝ ਕਰਨ ਦੀ ਪ੍ਰੇਰਣਾ ਮਿਲੇਗੀ। ਖਾਰ ਖਾਣ ਵਰਗੀਆਂ ਗ਼ਲਤ ਭਾਵਨਾਵਾਂ ਤਾਂ ਜਾਂਦੀਆਂ ਰਹਿਣਗੀਆਂ।

ਜੇ ਅਸੀਂ ਉਸ ਸਮੇਂ ਜੀਣਾ ਚਾਹੁੰਦੇ ਹਾਂ, ਤਾਂ ਸਾਨੂੰ ਹੁਣ ਆਪਣੇ ਰਵੱਈਏ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਯਹੋਵਾਹ ਵੱਲੋਂ ਸਾਨੂੰ ਅੱਜ ਵੀ ਬਹੁਤ ਸਾਰੀਆਂ ਬਰਕਤਾਂ ਮਿਲ ਰਹੀਆਂ ਹਨ, ਦੁਨੀਆਂ ਦੀਆਂ ਕਈ ਮੁਸ਼ਕਲਾਂ ਜੋ ਅਸੀਂ ਆਪਣੇ ਆਲੇ-ਦੁਆਲੇ ਦੇਖ ਰਹੇ ਹਾਂ, ਉਨ੍ਹਾਂ ਦਾ ਸਾਡੇ ਤੇ ਇੰਨਾ ਅਸਰ ਨਹੀਂ ਪੈਂਦਾ। ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਲੋਕ ਇਕ-ਦੂਜੇ ਦਾ ਮੁਕਾਬਲਾ ਨਹੀਂ ਕਰਨਗੇ ਅਤੇ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਹੁਣ ਤੋਂ ਹੀ ਇਸ ਤਰ੍ਹਾਂ ਕਰਨ ਤੋਂ ਬਚੀਏ।

ਤਾਂ ਫਿਰ, ਕੀ ਦੂਸਰਿਆਂ ਨਾਲ ਆਪਣੇ ਆਪ ਦੀ ਤੁਲਨਾ ਕਰਨੀ ਹਮੇਸ਼ਾ ਗ਼ਲਤ ਹੁੰਦੀ ਹੈ? ਜਾਂ ਕੀ ਇਸ ਤਰ੍ਹਾਂ ਕਰਨਾ ਕਦੀ-ਕਦਾਈਂ ਠੀਕ ਵੀ ਹੁੰਦਾ ਹੈ?

ਲਾਭਦਾਇਕ ਤੁਲਨਾ

ਤੁਲਨਾ ਕਰਨ ਤੋਂ ਬਾਅਦ ਕੋਈ ਹਮੇਸ਼ਾ ਗੁੱਸੇ ਤੇ ਨਾਰਾਜ਼ ਨਹੀਂ ਹੁੰਦਾ, ਉਸ ਨੂੰ ਇਸ ਦੇ ਫ਼ਾਇਦੇ ਵੀ ਹੋ ਸਕਦੇ ਹਨ। ਯਹੋਵਾਹ ਦੇ ਕਈ ਵਫ਼ਾਦਾਰ ਸੇਵਕਾਂ ਨੇ ਸਾਡੇ ਲਈ ਵਧੀਆ ਨਮੂਨੇ ਪੇਸ਼ ਕੀਤੇ ਹਨ ਜਿਨ੍ਹਾਂ ਦੀ ਅਸੀਂ ਨਕਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਸ ਦੇ ਸੰਬੰਧ ਵਿਚ ਧਿਆਨ ਦਿਓ ਕਿ ਪੌਲੁਸ ਰਸੂਲ ਨੇ ਕੀ ਕਿਹਾ ਸੀ: “ਉਨ੍ਹਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।” (ਇਬਰਾਨੀਆਂ 6:12) ਇਹ ਸੱਚ ਹੈ ਕਿ ਕਿਸੇ ਦੀ ਰੀਸ ਕਰਨ ਲਈ ਕੁਝ ਹੱਦ ਤਕ ਸਾਨੂੰ ਉਨ੍ਹਾਂ ਨਾਲ ਆਪਣੀ ਤੁਲਨਾ ਕਰਨੀ ਪਵੇਗੀ। ਪਰ ਇਸ ਤਰ੍ਹਾਂ ਕਰ ਕੇ ਅਸੀਂ ਆਪਣੇ ਵਿਚ ਕਈ ਗੱਲਾਂ ਦੇਖਾਂਗੇ ਜਿਨ੍ਹਾਂ ਵਿਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ।

ਯੋਨਾਥਾਨ ਦੀ ਮਿਸਾਲ ਉੱਤੇ ਗੌਰ ਕਰੋ। ਉਹ ਰਾਜਾ ਸ਼ਾਊਲ ਦਾ ਜੇਠਾ ਪੁੱਤਰ ਸੀ ਅਤੇ ਜੇਠੇ ਹੋਣ ਦੇ ਨਾਤੇ ਇਕ ਦਿਨ ਰਾਜਾ ਬਣਨ ਦੀ ਆਸ ਰੱਖਦਾ ਸੀ। ਪਰ ਯਹੋਵਾਹ ਨੇ ਯੋਨਾਥਾਨ ਤੋਂ ਲਗਭਗ 30 ਸਾਲ ਛੋਟੇ ਦਾਊਦ ਨੂੰ ਰਾਜਾ ਬਣਨ ਲਈ ਚੁਣਿਆ। ਯੋਨਾਥਾਨ ਨਾਰਾਜ਼ ਹੋ ਸਕਦਾ ਸੀ। ਪਰ ਦਾਊਦ ਨਾਲ ਖਾਰ ਖਾਣ ਦੀ ਬਜਾਇ ਉਹ ਉਸ ਦਾ ਜਿਗਰੀ ਦੋਸਤ ਬਣਿਆ ਅਤੇ ਉਸ ਨੂੰ ਯਹੋਵਾਹ ਦੇ ਚੁਣੇ ਹੋਏ ਰਾਜੇ ਵਜੋਂ ਸਵੀਕਾਰ ਕੀਤਾ। ਯੋਨਾਥਾਨ ਸਿਰਫ਼ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। (1 ਸਮੂਏਲ 19:1-4) ਉਹ ਆਪਣੇ ਪਿਓ ਤੋਂ ਬਿਲਕੁਲ ਉਲਟ ਸੀ। ਸ਼ਾਊਲ ਨੇ ਤਾਂ ਦਾਊਦ ਨੂੰ ਆਪਣਾ ਦੁਸ਼ਮਣ ਸਮਝਿਆ ਸੀ ਜੋ ਉਸ ਦੀ ਬਾਦਸ਼ਾਹੀ ਹੜੱਪਣੀ ਚਾਹੁੰਦਾ ਸੀ। ਪਰ ਦੂਸਰੇ ਪਾਸੇ, ਯੋਨਾਥਾਨ ਨੇ ਇਸ ਮਾਮਲੇ ਵਿਚ ਯਹੋਵਾਹ ਦਾ ਹੱਥ ਦੇਖਿਆ। ਉਸ ਨੇ ਇਸ ਤਰ੍ਹਾਂ ਦੇ ਫਜ਼ੂਲ ਸਵਾਲ ਨਹੀਂ ਪੁੱਛੇ: “ਦਾਊਦ ਕਿਉਂ ਚੁਣਿਆ ਗਿਆ ਅਤੇ ਮੈਂ ਕਿਉਂ ਨਹੀਂ?”

ਆਪਣੇ ਭੈਣਾਂ-ਭਰਾਵਾਂ ਬਾਰੇ ਸਾਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਉਹ ਕਿਤੇ ਸਾਡੇ ਤੋਂ ਅੱਗੇ ਤਾਂ ਨਹੀਂ ਲੰਘ ਰਹੇ ਹਨ ਜਾਂ ਸਾਡੀ ਜਗ੍ਹਾ ਲੈਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ। ਸਾਨੂੰ ਮੁਕਾਬਲੇਬਾਜ਼ੀ ਦਾ ਨਾਂ ਵੀ ਨਹੀਂ ਲੈਣਾ ਚਾਹੀਦਾ। ਇਸ ਦੀ ਬਜਾਇ ਸਾਨੂੰ ਆਪਣੇ ਆਪ ਵਿਚ ਮੇਲ-ਮਿਲਾਪ, ਏਕਤਾ ਅਤੇ ਪਿਆਰ ਵਰਗੇ ਗੁਣ ਪੈਦਾ ਕਰਨੇ ਚਾਹੀਦੇ ਹਨ। ਇਕ ਸਮਾਜ-ਵਿਗਿਆਨੀ ਨੇ ਕਿਹਾ: “ਪਿਆਰ ਖੁਣਸ ਦਾ ਸਭ ਤੋਂ ਵੱਡਾ ਵੈਰੀ ਹੈ। ਜੇ ਅਸੀਂ ਕਿਸੇ ਨਾਲ ਪਿਆਰ ਕਰਦੇ ਹਾਂ, ਤਾਂ ਉਨ੍ਹਾਂ ਦੀ ਖ਼ੁਸ਼ੀ ਵਿਚ ਹੀ ਸਾਡੀ ਖ਼ੁਸ਼ੀ ਹੁੰਦੀ ਹੈ।” ਤਾਂ ਫਿਰ, ਜੇ ਸਾਡੀ ਕਲੀਸਿਯਾ ਵਿਚ ਕਿਸੇ ਨੂੰ ਕੋਈ ਸਨਮਾਨ ਜਾਂ ਜ਼ਿੰਮੇਵਾਰੀ ਸੌਂਪੀ ਜਾਵੇ, ਤਾਂ ਸਾਨੂੰ ਬੁਰਾ ਮਨਾਉਣ ਦੀ ਬਜਾਇ ਖ਼ੁਸ਼ ਹੋਣਾ ਚਾਹੀਦਾ ਹੈ। ਯੋਨਾਥਾਨ ਨੇ ਇਸ ਤਰ੍ਹਾਂ ਕੀਤਾ ਸੀ। ਤਾਂ ਫਿਰ ਜੇ ਅਸੀਂ ਯਹੋਵਾਹ ਦੇ ਸੰਗਠਨ ਵਿਚ ਜ਼ਿੰਮੇਵਾਰੀਆਂ ਸੰਭਾਲ ਰਹੇ ਵਫ਼ਾਦਾਰ ਸੇਵਕਾਂ ਨਾਲ ਮਿਲ ਕੇ ਕੰਮ ਕਰੀਏ, ਤਾਂ ਸਾਨੂੰ ਜ਼ਰੂਰ ਬਰਕਤਾਂ ਮਿਲਣਗੀਆਂ।

ਜਦੋਂ ਸੱਚਾਈ ਵਿਚ ਅਸੀਂ ਆਪਣੇ ਭੈਣ-ਭਰਾਵਾਂ ਦਾ ਵਧੀਆ ਚਾਲ-ਚਲਣ ਦੇਖਦੇ ਹਾਂ, ਤਾਂ ਉਨ੍ਹਾਂ ਦਾ ਆਦਰ ਕਰਨਾ ਕੋਈ ਬੁਰੀ ਗੱਲ ਨਹੀਂ। ਉਨ੍ਹਾਂ ਦੇ ਨਾਲ ਆਪਣੀ ਤੁਲਨਾ ਕਰਨੀ ਲਾਭਦਾਇਕ ਹੋ ਸਕਦੀ ਹੈ। (ਇਬਰਾਨੀਆਂ 13:7) ਪਰ ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਤੁਲਨਾ ਮੁਕਾਬਲੇਬਾਜ਼ੀ ਵਿਚ ਬਦਲ ਸਕਦੀ ਹੈ ਅਤੇ ਅਸੀਂ ਉਨ੍ਹਾਂ ਦੇ ਵਿਚ ਨੁਕਸ ਕੱਢਣ ਲੱਗ ਸਕਦੇ ਹਾਂ। ਨਤੀਜੇ ਵਜੋਂ ਅਸੀਂ ਖੁਣਸ ਦੇ ਚੱਕਰ ਵਿਚ ਫਸ ਸਕਦੇ ਹਾਂ।

ਪਾਪੀ ਇਨਸਾਨਾਂ ਦੀ ਨਕਲ ਕਰਨ ਦੀ ਬਜਾਇ ਸਾਨੂੰ ਅਸਲ ਵਿਚ ਕਿਸ ਦੀ ਨਕਲ ਕਰਨੀ ਚਾਹੀਦੀ ਹੈ? ਬਾਈਬਲ ਕਹਿੰਦੀ ਹੈ: “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” ਨਾਲੇ “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (ਅਫ਼ਸੀਆਂ 5:1, 2; 1 ਪਤਰਸ 2:21) ਸਾਨੂੰ ਆਪਣੇ ਵਿਚ ਯਹੋਵਾਹ ਅਤੇ ਯਿਸੂ ਦੇ ਪਿਆਰ, ਹਮਦਰਦੀ ਅਤੇ ਨਿਮਰਤਾ ਵਰਗੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਸਮਾਂ ਕੱਢ ਕੇ ਦੇਖਣਾ ਚਾਹੀਦਾ ਹੈ ਕਿ ਸਾਡੇ ਇਰਾਦੇ ਅਤੇ ਕੰਮ ਕਰਨ ਦੇ ਤਰੀਕੇ ਪਰਮੇਸ਼ੁਰ ਦੀ ਨਜ਼ਰ ਵਿਚ ਸਹੀ ਹਨ ਕਿ ਨਹੀਂ। ਇਸ ਤਰ੍ਹਾਂ ਕਰਨ ਨਾਲ ਸਾਡੀ ਜ਼ਿੰਦਗੀ ਨੂੰ ਮਕਸਦ ਮਿਲੇਗਾ ਅਤੇ ਅਸੀਂ ਸੁਖ ਪਾਵਾਂਗੇ। ਸਾਨੂੰ ਨਿਹਚਾ ਵਿਚ ਮਜ਼ਬੂਤ ਬਣਨ ਦੀ ਵੀ ਮਦਦ ਮਿਲੇਗੀ। (ਅਫ਼ਸੀਆਂ 4:13) ਜੇ ਅਸੀਂ ਪੂਰੀ ਵਾਹ ਲਾ ਕੇ ਯਹੋਵਾਹ ਤੇ ਯਿਸੂ ਦੇ ਸੰਪੂਰਣ ਨਮੂਨੇ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਉਮੀਦ ਹੈ ਕਿ ਅਸੀਂ ਮੁਕਾਬਲੇਬਾਜ਼ੀ ਦੇ ਚੱਕਰ ਵਿਚ ਫਸਣ ਤੋਂ ਬਚਾਂਗੇ।

[ਸਫ਼ੇ 29 ਉੱਤੇ ਤਸਵੀਰ]

ਰਾਜਾ ਸ਼ਾਊਲ ਨੇ ਦਾਊਦ ਨਾਲ ਖੁਣਸ ਖਾਧੀ ਸੀ

[ਸਫ਼ੇ 31 ਉੱਤੇ ਤਸਵੀਰ]

ਯੋਨਾਥਾਨ ਨੇ ਦਾਊਦ ਬਾਰੇ ਕਦੀ ਨਹੀਂ ਸੋਚਿਆ ਕਿ ਉਹ ਉਸ ਦੀ ਜਗ੍ਹਾ ਕਿਉਂ ਲੈ ਰਿਹਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ