ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w20 ਫਰਵਰੀ ਸਫ਼ੇ 14-19
  • ਈਰਖਾ ਨਾਲ ਲੜੋ ਤੇ ਸ਼ਾਂਤੀ ਬਣਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਈਰਖਾ ਨਾਲ ਲੜੋ ਤੇ ਸ਼ਾਂਤੀ ਬਣਾਓ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਈਰਖਾ ਸਾਡੇ ਦਿਲ ਵਿਚ ਜੜ੍ਹ ਕਿਉਂ ਫੜ ਸਕਦੀ ਹੈ?
  • ਨਿਮਰਤਾ ਅਤੇ ਸੰਤੋਖ ਪੈਦਾ ਕਰੋ
  • ‘ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਰਹੋ’
  • ਈਰਖਾ ਸਾਡੀ ਜ਼ਿੰਦਗੀ ਵਿਚ ਜ਼ਹਿਰ ਘੋਲ ਸਕਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਕੀ ਤੁਸੀਂ ਦੂਸਰਿਆਂ ਨਾਲ ਆਪਣੀ ਤੁਲਨਾ ਕਰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਇਕ ਖੁਣਸੀ ਮਨੁੱਖ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਮੁਕਾਬਲਾ ਕਰਨ ਲਈ ਨਾ ਉਕਸਾਓ, ਸ਼ਾਂਤੀ ਬਣਾ ਕੇ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
w20 ਫਰਵਰੀ ਸਫ਼ੇ 14-19

ਅਧਿਐਨ ਲੇਖ 8

ਈਰਖਾ ਨਾਲ ਲੜੋ ਤੇ ਸ਼ਾਂਤੀ ਬਣਾਓ

“ਆਓ ਆਪਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਅਤੇ ਇਕ-ਦੂਜੇ ਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।”—ਰੋਮੀ. 14:19.

ਗੀਤ 39 ਸ਼ਾਂਤੀ ਦਾ ਵਰਦਾਨ

ਖ਼ਾਸ ਗੱਲਾਂa

1. ਈਰਖਾ ਦਾ ਯੂਸੁਫ਼ ਦੇ ਪਰਿਵਾਰ ʼਤੇ ਕੀ ਅਸਰ ਪਿਆ?

ਯਾਕੂਬ ਆਪਣੇ ਸਾਰੇ ਮੁੰਡਿਆਂ ਨੂੰ ਬਹੁਤ ਪਿਆਰ ਕਰਦਾ ਸੀ, ਪਰ ਉਹ ਆਪਣੇ 17 ਸਾਲਾਂ ਦੇ ਮੁੰਡੇ ਯੂਸੁਫ਼ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ। ਯੂਸੁਫ਼ ਦੇ ਭਰਾਵਾਂ ʼਤੇ ਇਸ ਦਾ ਕੀ ਅਸਰ ਪਿਆ? ਉਹ ਯੂਸੁਫ਼ ਨਾਲ ਈਰਖਾ ਕਰਨ ਲੱਗ ਪਏ ਜਿਸ ਕਰਕੇ ਉਨ੍ਹਾਂ ਦੇ ਦਿਲ ਨਫ਼ਰਤ ਨਾਲ ਭਰ ਗਏ। ਯੂਸੁਫ਼ ਨੇ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਸੀ ਕਿ ਉਸ ਦੇ ਭਰਾ ਉਸ ਨਾਲ ਨਫ਼ਰਤ ਕਰਨ। ਫਿਰ ਵੀ ਉਨ੍ਹਾਂ ਨੇ ਯੂਸੁਫ਼ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ ਅਤੇ ਆਪਣੇ ਪਿਤਾ ਨਾਲ ਝੂਠ ਬੋਲਿਆ ਕਿ ਉਸ ਦੇ ਪਿਆਰੇ ਪੁੱਤਰ ਨੂੰ ਜੰਗਲੀ ਜਾਨਵਰ ਨੇ ਮਾਰ ਦਿੱਤਾ। ਈਰਖਾ ਕਰਕੇ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਸ਼ਾਂਤੀ ਭੰਗ ਕਰ ਦਿੱਤੀ ਅਤੇ ਆਪਣੇ ਪਿਤਾ ਦਾ ਦਿਲ ਤੋੜ ਦਿੱਤਾ।—ਉਤ. 37:3, 4, 27-34.

2. ਗਲਾਤੀਆਂ 5:19-21 ਅਨੁਸਾਰ ਈਰਖਾ ਕਰਨੀ ਇੰਨੀ ਖ਼ਤਰਨਾਕ ਕਿਉਂ ਹੈ?

2 ਬਾਈਬਲ ਵਿਚ ਈਰਖਾb ਦਾ ਜ਼ਿਕਰ ‘ਸਰੀਰ ਦੇ ਕੰਮਾਂ’ ਵਿਚ ਕੀਤਾ ਗਿਆ ਹੈ ਜਿਨ੍ਹਾਂ ਕਰਕੇ ਇਕ ਵਿਅਕਤੀ ਪਰਮੇਸ਼ੁਰ ਦੇ ਰਾਜ ਦਾ ਵਾਰਸ ਨਹੀਂ ਬਣ ਸਕਦਾ। (ਗਲਾਤੀਆਂ 5:19-21 ਪੜ੍ਹੋ।) ਵੈਰ, ਲੜਾਈ-ਝਗੜਿਆਂ ਤੇ ਗੁੱਸੇ ਵਰਗੇ ਖ਼ਤਰਨਾਕ ਔਗੁਣਾਂ ਦੀ ਜੜ੍ਹ ਅਕਸਰ ਈਰਖਾ ਹੁੰਦੀ ਹੈ।

3. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਚਰਚਾ ਕਰਾਂਗੇ?

3 ਯੂਸੁਫ਼ ਦੇ ਭਰਾਵਾਂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਈਰਖਾ ਕਰਕੇ ਕਿਵੇਂ ਪਰਿਵਾਰਕ ਰਿਸ਼ਤਿਆਂ ਵਿਚ ਦਰਾੜ ਪੈ ਸਕਦੀ ਹੈ ਅਤੇ ਇਸ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਭਾਵੇਂ ਕਿ ਅਸੀਂ ਕਦੇ ਵੀ ਉਹ ਕੰਮ ਨਹੀਂ ਕਰਾਂਗੇ ਜੋ ਯੂਸੁਫ਼ ਦੇ ਭਰਾਵਾਂ ਨੇ ਕੀਤਾ ਸੀ, ਪਰ ਸਾਡਾ ਦਿਲ ਪਾਪੀ ਅਤੇ ਧੋਖੇਬਾਜ਼ ਹੈ। (ਯਿਰ. 17:9) ਤਾਂ ਫਿਰ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅਸੀਂ ਸ਼ਾਇਦ ਕਦੀ-ਕਦਾਈਂ ਦੂਜਿਆਂ ਨਾਲ ਈਰਖਾ ਕਰਨ ਲੱਗ ਪਈਏ। ਆਓ ਆਪਾਂ ਬਾਈਬਲ ਵਿੱਚੋਂ ਕੁਝ ਚੇਤਾਵਨੀ ਦੇਣ ਵਾਲੀਆਂ ਮਿਸਾਲਾਂ ʼਤੇ ਗੌਰ ਕਰੀਏ ਜੋ ਸਾਡੀ ਇਹ ਪਛਾਣਨ ਵਿਚ ਮਦਦ ਕਰਨਗੀਆਂ ਕਿ ਸ਼ਾਇਦ ਈਰਖਾ ਸਾਡੇ ਦਿਲ ਵਿਚ ਜੜ੍ਹ ਕਿਉਂ ਫੜ ਲਵੇ। ਫਿਰ ਅਸੀਂ ਈਰਖਾ ਨਾਲ ਲੜਨ ਅਤੇ ਸ਼ਾਂਤੀ ਵਧਾਉਣ ਦੇ ਕੁਝ ਵਧੀਆ ਤਰੀਕਿਆਂ ʼਤੇ ਚਰਚਾ ਕਰਾਂਗੇ।

ਈਰਖਾ ਸਾਡੇ ਦਿਲ ਵਿਚ ਜੜ੍ਹ ਕਿਉਂ ਫੜ ਸਕਦੀ ਹੈ?

4. ਫਲਿਸਤੀ ਇਸਹਾਕ ਨਾਲ ਈਰਖਾ ਕਿਉਂ ਕਰਨ ਲੱਗ ਪਏ?

4 ਧਨ-ਦੌਲਤ। ਇਸਹਾਕ ਇਕ ਅਮੀਰ ਇਨਸਾਨ ਸੀ ਜਿਸ ਕਰਕੇ ਫਲਿਸਤੀ ਉਸ ਤੋਂ ਈਰਖਾ ਕਰਨ ਲੱਗ ਪਏ। (ਉਤ. 26:12-14) ਉਨ੍ਹਾਂ ਨੇ ਤਾਂ ਉਹ ਖੂਹ ਵੀ ਪੂਰ ਦਿੱਤੇ ਜਿਨ੍ਹਾਂ ਤੋਂ ਇਸਹਾਕ ਦੇ ਜਾਨਵਰ ਪਾਣੀ ਪੀਂਦੇ ਸਨ। (ਉਤ. 26:15, 16, 27) ਫਲਿਸਤੀਆਂ ਵਾਂਗ ਅੱਜ ਕੁਝ ਜਣੇ ਉਨ੍ਹਾਂ ਲੋਕਾਂ ਤੋਂ ਈਰਖਾ ਕਰਨ ਲੱਗ ਪੈਂਦੇ ਹਨ ਜਿਨ੍ਹਾਂ ਕੋਲ ਉਨ੍ਹਾਂ ਨਾਲੋਂ ਜ਼ਿਆਦਾ ਧਨ-ਦੌਲਤ ਹੈ। ਉਹ ਨਾ ਸਿਰਫ਼ ਦੂਜਿਆਂ ਦੀਆਂ ਚੀਜ਼ਾਂ ਲੈਣੀਆਂ ਚਾਹੁੰਦੇ ਹਨ, ਸਗੋਂ ਉਹ ਇਹ ਵੀ ਉਮੀਦ ਰੱਖਦੇ ਹਨ ਕਿ ਉਨ੍ਹਾਂ ਕੋਲ ਜੋ ਹੈ, ਉਹ ਨਾ ਹੋਵੇ।

5. ਯਹੂਦੀ ਧਾਰਮਿਕ ਆਗੂ ਯਿਸੂ ਨਾਲ ਈਰਖਾ ਕਿਉਂ ਕਰਨ ਲੱਗ ਪਏ?

5 ਜਦੋਂ ਦੂਜਿਆਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਯਹੂਦੀ ਧਾਰਮਿਕ ਆਗੂ ਯਿਸੂ ਨਾਲ ਈਰਖਾ ਕਰਨ ਲੱਗ ਪਏ ਕਿਉਂਕਿ ਲੋਕ ਉਸ ਨੂੰ ਜ਼ਿਆਦਾ ਪਸੰਦ ਕਰਦੇ ਸਨ। (ਮੱਤੀ 7:28, 29) ਯਿਸੂ ਨੂੰ ਪਰਮੇਸ਼ੁਰ ਨੇ ਭੇਜਿਆ ਸੀ ਅਤੇ ਉਹ ਸੱਚਾਈ ਸਿਖਾ ਰਿਹਾ ਸੀ। ਫਿਰ ਵੀ ਇਨ੍ਹਾਂ ਧਾਰਮਿਕ ਆਗੂਆਂ ਨੇ ਯਿਸੂ ਦੇ ਨਾਂ ਨੂੰ ਖ਼ਰਾਬ ਕਰਨ ਲਈ ਝੂਠ ਫੈਲਾਏ ਅਤੇ ਉਸ ʼਤੇ ਤੁਹਮਤਾਂ ਲਾਈਆਂ। (ਮਰ. 15:10; ਯੂਹੰ. 11:47, 48; 12:12, 13, 19) ਅਸੀਂ ਇਸ ਬਿਰਤਾਂਤ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ? ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਨੂੰ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦੇ ਚੰਗੇ ਗੁਣਾਂ ਕਰਕੇ ਪਿਆਰ ਕਰਦੇ ਹਨ। ਇਸ ਦੀ ਬਜਾਇ, ਸਾਨੂੰ ਉਨ੍ਹਾਂ ਦੇ ਗੁਣਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—1 ਕੁਰਿੰ. 11:1; 3 ਯੂਹੰ. 11.

6. ਦਿਉਤ੍ਰਿਫੇਸ ਨੇ ਆਪਣੀ ਈਰਖਾ ਕਿਵੇਂ ਜ਼ਾਹਰ ਕੀਤੀ?

6 ਮੰਡਲੀ ਵਿਚ ਜ਼ਿੰਮੇਵਾਰੀਆਂ। ਪਹਿਲੀ ਸਦੀ ਵਿਚ ਦਿਉਤ੍ਰਿਫੇਸ ਮੰਡਲੀ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਨਾਲ ਈਰਖਾ ਕਰਨ ਲੱਗ ਪਿਆ। ਉਹ ਮੰਡਲੀ ਵਿਚ “ਆਪਣੀ ਚੌਧਰ ਕਰਨੀ ਚਾਹੁੰਦਾ” ਸੀ। ਇਸ ਕਰਕੇ ਉਸ ਨੇ ਯੂਹੰਨਾ ਰਸੂਲ ਅਤੇ ਹੋਰ ਜ਼ਿੰਮੇਵਾਰ ਭਰਾਵਾਂ ਨੂੰ ਬਦਨਾਮ ਕਰਨ ਲਈ ਗ਼ਲਤ ਗੱਲਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ। (3 ਯੂਹੰ. 9, 10) ਭਾਵੇਂ ਕਿ ਅਸੀਂ ਦਿਉਤ੍ਰਿਫੇਸ ਵਾਂਗ ਨਹੀਂ ਕਰਾਂਗੇ, ਪਰ ਅਸੀਂ ਵੀ ਉਸ ਭੈਣ ਜਾਂ ਭਰਾ ਨਾਲ ਈਰਖਾ ਕਰਨੀ ਸ਼ੁਰੂ ਕਰ ਸਕਦੇ ਹਾਂ ਜਿਸ ਨੂੰ ਉਹ ਜ਼ਿੰਮੇਵਾਰੀ ਮਿਲਦੀ ਹੈ ਜੋ ਅਸੀਂ ਲੈਣੀ ਚਾਹੁੰਦੇ ਸੀ। ਖ਼ਾਸ ਕਰਕੇ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਸ ਭੈਣ ਜਾਂ ਭਰਾ ਜਿੰਨੇ ਜਾਂ ਉਸ ਨਾਲੋਂ ਵੀ ਵੱਧ ਕਾਬਲ ਹਾਂ।

ਤਸਵੀਰਾਂ: 1. ਇਕ ਸੋਹਣਾ ਫੁੱਲ ਜਿਸ ਦੀਆਂ ਜੜ੍ਹਾਂ ਚੰਗੀ ਜ਼ਮੀਨ ਵਿਚ ਹਨ। 2. ਜ਼ਹਿਰੀਲੀ ਬੂਟੀ ਉਸੇ ਫੁੱਲ ਨੂੰ ਦਬਾਉਂਦੀ ਹੋਈ। 3. ਤਿੰਨ ਭੈਣਾਂ ਖ਼ੁਸ਼ੀ-ਖ਼ੁਸ਼ੀ ਕਿੰਗਡਮ ਹਾਲ ਵਿਚ ਇਕ-ਦੂਸਰੇ ਨਾਲ ਗੱਲਾਂ ਕਰਦੀਆਂ ਹੋਈਆਂ ਜਦਕਿ ਇਕ ਭੈਣ ਇਕੱਲੀ ਨਾਰਾਜ਼ ਹੋ ਕੇ ਖੜ੍ਹੀ ਹੋਈ।

ਸਾਡਾ ਦਿਲ ਮਿੱਟੀ ਦੀ ਤਰ੍ਹਾਂ ਹੈ ਅਤੇ ਸਾਡੇ ਚੰਗੇ ਗੁਣ ਸੋਹਣੇ ਫੁੱਲਾਂ ਵਾਂਗ। ਪਰ ਈਰਖਾ ਇਕ ਜ਼ਹਿਰੀਲੀ ਬੂਟੀ ਵਾਂਗ ਹੈ। ਈਰਖਾ ਚੰਗੇ ਗੁਣਾਂ ਨੂੰ ਵਧਣ ਤੋਂ ਰੋਕ ਸਕਦੀ ਹੈ, ਜਿਵੇਂ ਪਿਆਰ, ਤਰਸ ਅਤੇ ਦਇਆ (ਪੈਰਾ 7 ਦੇਖੋ)

7. ਈਰਖਾ ਦਾ ਸਾਡੇ ʼਤੇ ਕੀ ਅਸਰ ਪੈ ਸਕਦਾ ਹੈ?

7 ਈਰਖਾ ਇਕ ਜ਼ਹਿਰੀਲੀ ਬੂਟੀ ਦੀ ਤਰ੍ਹਾਂ ਹੈ। ਜੇ ਇਕ ਵਾਰ ਈਰਖਾ ਨੇ ਸਾਡੇ ਦਿਲ ਵਿਚ ਜੜ੍ਹ ਫੜ ਲਈ, ਤਾਂ ਇਸ ਨੂੰ ਪੁੱਟਣਾ ਔਖਾ ਹੋ ਸਕਦਾ ਹੈ। ਈਰਖਾ ਕਈ ਹੋਰ ਔਗੁਣਾਂ ਕਰਕੇ ਵਧ ਸਕਦੀ ਹੈ, ਜਿਵੇਂ ਨਫ਼ਰਤ, ਘਮੰਡ ਅਤੇ ਸੁਆਰਥ। ਈਰਖਾ ਚੰਗੇ ਗੁਣਾਂ ਨੂੰ ਵਧਣ ਤੋਂ ਰੋਕ ਸਕਦੀ ਹੈ, ਜਿਵੇਂ ਪਿਆਰ, ਤਰਸ ਅਤੇ ਦਇਆ। ਜਿੱਦਾਂ ਹੀ ਅਸੀਂ ਈਰਖਾ ਨੂੰ ਆਪਣੇ ਦਿਲ ਵਿਚ ਪੁੰਗਰਦੇ ਦੇਖਦੇ ਹਾਂ, ਉੱਦਾਂ ਹੀ ਸਾਨੂੰ ਇਸ ਨੂੰ ਪੁੱਟ ਦੇਣਾ ਚਾਹੀਦਾ ਹੈ। ਅਸੀਂ ਈਰਖਾ ਨਾਲ ਕਿਵੇਂ ਲੜ ਸਕਦੇ ਹਾਂ?

ਨਿਮਰਤਾ ਅਤੇ ਸੰਤੋਖ ਪੈਦਾ ਕਰੋ

ਤਸਵੀਰਾਂ: 1. ਇਕ ਸੋਹਣਾ ਫੁੱਲ ਜਿਸ ਦੀਆਂ ਜੜ੍ਹਾਂ ਚੰਗੀ ਜ਼ਮੀਨ ਵਿਚ ਹਨ। 2. ਜ਼ਹਿਰੀਲੀ ਬੂਟੀ ਉਸੇ ਫੁੱਲ ਨੂੰ ਦਬਾਉਂਦੀ ਹੋਈ। 3. ਤਿੰਨ ਭੈਣਾਂ ਖ਼ੁਸ਼ੀ-ਖ਼ੁਸ਼ੀ ਕਿੰਗਡਮ ਹਾਲ ਵਿਚ ਇਕ-ਦੂਸਰੇ ਨਾਲ ਗੱਲਾਂ ਕਰਦੀਆਂ ਹੋਈਆਂ ਜਦਕਿ ਇਕ ਭੈਣ ਇਕੱਲੀ ਨਾਰਾਜ਼ ਹੋ ਕੇ ਖੜ੍ਹੀ ਹੋਈ।

ਅਸੀਂ ਈਰਖਾ ਵਰਗੀ ਜ਼ਹਿਰੀਲੀ ਬੂਟੀ ਨਾਲ ਕਿਵੇਂ ਲੜ ਸਕਦੇ ਹਾਂ? ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਈਰਖਾ ਨੂੰ ਜੜ੍ਹੋਂ ਪੁੱਟ ਕੇ ਨਿਮਰਤਾ ਤੇ ਸੰਤੋਖ ਪੈਦਾ ਕਰ ਸਕਦੇ ਹਾਂ (ਪੈਰੇ 8-9 ਦੇਖੋ)

8. ਕਿਹੜੇ ਗੁਣ ਈਰਖਾ ਨਾਲ ਲੜਨ ਵਿਚ ਸਾਡੀ ਮਦਦ ਕਰ ਸਕਦੇ ਹਨ?

8 ਅਸੀਂ ਨਿਮਰਤਾ ਅਤੇ ਸੰਤੋਖ ਪੈਦਾ ਕਰ ਕੇ ਈਰਖਾ ਨਾਲ ਲੜ ਸਕਦੇ ਹਾਂ। ਜਦੋਂ ਸਾਡਾ ਦਿਲ ਇਨ੍ਹਾਂ ਚੰਗੇ ਗੁਣਾਂ ਨਾਲ ਭਰਿਆ ਹੋਵੇਗਾ, ਤਾਂ ਈਰਖਾ ਲਈ ਸਾਡੇ ਦਿਲ ਵਿਚ ਕੋਈ ਥਾਂ ਨਹੀਂ ਬਚੇਗੀ। ਨਿਮਰ ਹੋਣ ਕਰਕੇ ਅਸੀਂ ਆਪਣੇ ਆਪ ਨੂੰ ਜ਼ਿਆਦਾ ਨਹੀਂ ਸਮਝਾਂਗੇ। ਇਕ ਨਿਮਰ ਵਿਅਕਤੀ ਇਹ ਨਹੀਂ ਸੋਚਦਾ ਕਿ ਉਸ ਦਾ ਦੂਜਿਆਂ ਨਾਲੋਂ ਜ਼ਿਆਦਾ ਹੱਕ ਹੈ। (ਗਲਾ. 6:3, 4) ਸੰਤੋਖ ਰੱਖਣ ਵਾਲਾ ਵਿਅਕਤੀ ਉਨ੍ਹਾਂ ਚੀਜ਼ਾਂ ਨਾਲ ਖ਼ੁਸ਼ ਹੁੰਦਾ ਹੈ ਜੋ ਉਸ ਕੋਲ ਹਨ ਅਤੇ ਉਹ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਦਾ। (1 ਤਿਮੋ. 6:7, 8) ਨਿਮਰ ਤੇ ਸੰਤੋਖ ਰੱਖਣ ਵਾਲਾ ਵਿਅਕਤੀ ਖ਼ੁਸ਼ ਹੁੰਦਾ ਹੈ ਜਦੋਂ ਕਿਸੇ ਨੂੰ ਕੁਝ ਵਧੀਆ ਮਿਲਦਾ ਹੈ।

9. ਗਲਾਤੀਆਂ 5:16 ਅਤੇ ਫ਼ਿਲਿੱਪੀਆਂ 2:3, 4 ਅਨੁਸਾਰ ਪਵਿੱਤਰ ਸ਼ਕਤੀ ਸਾਡੀ ਕੀ ਕਰਨ ਵਿਚ ਮਦਦ ਕਰ ਸਕਦੀ ਹੈ?

9 ਜੇ ਅਸੀਂ ਈਰਖਾ ਕਰਨ ਤੋਂ ਬਚਣਾ ਅਤੇ ਆਪਣੇ ਵਿਚ ਨਿਮਰਤਾ ਤੇ ਸੰਤੋਖ ਪੈਦਾ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਲੋੜ ਹੈ। (ਗਲਾਤੀਆਂ 5:16; ਫ਼ਿਲਿੱਪੀਆਂ 2:3, 4 ਪੜ੍ਹੋ।) ਯਹੋਵਾਹ ਦੀ ਪਵਿੱਤਰ ਸ਼ਕਤੀ ਸਾਡੇ ਵਿਚਾਰਾਂ ਤੇ ਇਰਾਦਿਆਂ ਦੀ ਜਾਂਚ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ। ਇਹ ਸ਼ਕਤੀ ਦਿਲ ਵਿਚ ਨੁਕਸਾਨਦੇਹ ਵਿਚਾਰਾਂ ਅਤੇ ਭਾਵਨਾਵਾਂ ਦੀ ਜਗ੍ਹਾ ਹੌਸਲਾ ਦੇਣ ਵਾਲੇ ਵਿਚਾਰਾਂ ਅਤੇ ਚੰਗੀਆਂ ਭਾਵਨਾਵਾਂ ਨੂੰ ਭਰਨ ਵਿਚ ਸਾਡੀ ਮਦਦ ਕਰ ਸਕਦੀ ਹੈ। (ਜ਼ਬੂ. 26:2; 51:10) ਜ਼ਰਾ ਮੂਸਾ ਤੇ ਪੌਲੁਸ ਦੀਆਂ ਮਿਸਾਲਾਂ ʼਤੇ ਗੌਰ ਕਰੋ ਜੋ ਈਰਖਾ ਕਰਨ ਦੇ ਝੁਕਾਅ ਨਾਲ ਸਫ਼ਲਤਾ ਨਾਲ ਲੜ ਸਕੇ।

ਮੂਸਾ, ਯਹੋਸ਼ੁਆ ਤੇ ਕੁਝ ਇਜ਼ਰਾਈਲੀ ਮੰਡਲੀ ਦੇ ਤੰਬੂ ਦੇ ਨੇੜੇ ਖੜ੍ਹੇ ਹਨ। ਯਹੋਸ਼ੁਆ ਮੂਸਾ ਨੂੰ ਦੋ ਬਜ਼ੁਰਗਾਂ ਨੂੰ ਰੋਕਣ ਲਈ ਕਹਿ ਰਿਹਾ ਹੈ ਜੋ ਨਬੀਆਂ ਵਾਂਗ ਗੱਲ ਕਰ ਰਹੇ ਹਨ।

ਇਕ ਜਵਾਨ ਇਜ਼ਰਾਈਲੀ ਮੂਸਾ ਅਤੇ ਯਹੋਸ਼ੁਆ ਕੋਲ ਇਹ ਦੱਸਣ ਲਈ ਭੱਜ ਕੇ ਜਾਂਦਾ ਹੈ ਕਿ ਤੰਬੂ ਵਿਚ ਦੋ ਆਦਮੀ ਨਬੀਆਂ ਵਾਂਗ ਪੇਸ਼ ਆ ਰਹੇ ਹਨ। ਯਹੋਸ਼ੁਆ ਮੂਸਾ ਨੂੰ ਉਨ੍ਹਾਂ ਨੂੰ ਰੋਕਣ ਲਈ ਕਹਿੰਦਾ ਹੈ, ਪਰ ਮੂਸਾ ਇਨਕਾਰ ਕਰ ਦਿੰਦਾ ਹੈ। ਇਸ ਦੀ ਬਜਾਇ, ਉਹ ਯਹੋਸ਼ੁਆ ਨੂੰ ਦੱਸਦਾ ਹੈ ਕਿ ਉਹ ਖ਼ੁਸ਼ ਹੈ ਕਿ ਯਹੋਵਾਹ ਨੇ ਉਨ੍ਹਾਂ ਦੋ ਆਦਮੀਆਂ ʼਤੇ ਆਪਣੀ ਪਵਿੱਤਰ ਸ਼ਕਤੀ ਪਾਈ ਹੈ (ਪੈਰਾ 10 ਦੇਖੋ)

10. ਕਿਹੜੇ ਹਾਲਾਤ ਵਿਚ ਮੂਸਾ ਦੀ ਪਰਖ ਹੋਈ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)

10 ਮੂਸਾ ਕੋਲ ਪਰਮੇਸ਼ੁਰ ਦੇ ਲੋਕਾਂ ʼਤੇ ਬਹੁਤ ਅਧਿਕਾਰ ਸੀ, ਪਰ ਉਸ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਦੂਜਿਆਂ ਨੂੰ ਅਧਿਕਾਰ ਨਾ ਮਿਲੇ। ਮਿਸਾਲ ਲਈ, ਇਕ ਮੌਕੇ ʼਤੇ ਯਹੋਵਾਹ ਨੇ ਮੂਸਾ ਨੂੰ ਜੋ ਸ਼ਕਤੀ ਦਿੱਤੀ ਸੀ, ਉਸ ਵਿੱਚੋਂ ਥੋੜ੍ਹੀ ਜਿਹੀ ਲੈ ਕੇ ਇਜ਼ਰਾਈਲ ਦੇ ਕੁਝ ਬਜ਼ੁਰਗਾਂ ਨੂੰ ਦਿੱਤੀ ਜੋ ਮੰਡਲੀ ਦੇ ਤੰਬੂ ਦੇ ਨੇੜੇ ਖੜ੍ਹੇ ਸਨ। ਇਸ ਤੋਂ ਛੇਤੀ ਬਾਅਦ, ਮੂਸਾ ਨੇ ਸੁਣਿਆ ਕਿ ਹੋਰ ਦੋ ਬਜ਼ੁਰਗਾਂ ਨੂੰ ਵੀ ਪਵਿੱਤਰ ਸ਼ਕਤੀ ਮਿਲੀ ਜੋ ਮੰਡਲੀ ਦੇ ਤੰਬੂ ਦੇ ਨੇੜੇ ਨਹੀਂ ਗਏ ਸਨ ਤੇ ਉਹ ਨਬੀਆਂ ਵਾਂਗ ਗੱਲ ਕਰਨ ਲੱਗ ਪਏ ਸਨ। ਮੂਸਾ ਨੇ ਉਦੋਂ ਕੀ ਕੀਤਾ ਜਦੋਂ ਯਹੋਸ਼ੁਆ ਨੇ ਉਸ ਨੂੰ ਉਨ੍ਹਾਂ ਦੋ ਬਜ਼ੁਰਗਾਂ ਨੂੰ ਰੋਕਣ ਲਈ ਕਿਹਾ? ਉਨ੍ਹਾਂ ਆਦਮੀਆਂ ਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਮਿਲਣ ਕਰਕੇ ਮੂਸਾ ਨੇ ਉਨ੍ਹਾਂ ਨਾਲ ਈਰਖਾ ਨਹੀਂ ਕੀਤੀ। ਇਸ ਦੀ ਬਜਾਇ, ਨਿਮਰ ਹੋਣ ਕਰਕੇ ਮੂਸਾ ਉਨ੍ਹਾਂ ਨੂੰ ਮਿਲੇ ਸਨਮਾਨ ਕਰਕੇ ਖ਼ੁਸ਼ ਸੀ। (ਗਿਣ. 11:24-29) ਅਸੀਂ ਮੂਸਾ ਤੋਂ ਕੀ ਸਬਕ ਸਿੱਖ ਸਕਦੇ ਹਾਂ?

ਤਸਵੀਰਾਂ: 1. ਬਜ਼ੁਰਗਾਂ ਦੀ ਸਭਾ ਦੌਰਾਨ ਪਹਿਰਾਬੁਰਜ ਸਟੱਡੀ ਕਰਾਉਣ ਵਾਲੇ ਸਿਆਣੀ ਉਮਰ ਦੇ ਭਰਾ ਨੂੰ ਕਿਹਾ ਗਿਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਇਕ ਨੌਜਵਾਨ ਭਰਾ ਨੂੰ ਸਿਖਲਾਈ ਦੇਵੇ। 2. ਨੌਜਵਾਨ ਭਰਾ ਪਹਿਰਾਬੁਰਜ ਸਟੱਡੀ ਕਰਾ ਰਿਹਾ ਜਦ ਕਿ ਸਿਆਣੀ ਉਮਰ ਦਾ ਭਰਾ ਬੈਠ ਕੇ ਸੁਣ ਰਿਹਾ ਹੈ। 3. ਸਿਆਣੀ ਉਮਰ ਦਾ ਭਰਾ ਨੌਜਵਾਨ ਭਰਾ ਨਾਲ ਹੱਥ ਮਿਲਾਉਂਦਾ ਹੈ ਤੇ ਉਸ ਦੀ ਤਾਰੀਫ਼ ਕਰਦਾ ਹੈ।

ਮਸੀਹੀ ਬਜ਼ੁਰਗ ਮੂਸਾ ਦੀ ਨਿਮਰਤਾ ਦੀ ਰੀਸ ਕਿਵੇਂ ਕਰ ਸਕਦੇ ਹਨ? (ਪੈਰੇ 11-12 ਦੇਖੋ)c

11. ਬਜ਼ੁਰਗ ਮੂਸਾ ਦੀ ਰੀਸ ਕਿਵੇਂ ਕਰ ਸਕਦੇ ਹਨ?

11 ਜੇ ਤੁਸੀਂ ਇਕ ਬਜ਼ੁਰਗ ਹੋ, ਤਾਂ ਕੀ ਤੁਹਾਨੂੰ ਕਦੇ ਤੁਹਾਡੀ ਮਨਪਸੰਦ ਜ਼ਿੰਮੇਵਾਰੀ ਸੰਬੰਧੀ ਕਿਸੇ ਹੋਰ ਨੂੰ ਸਿਖਲਾਈ ਦੇਣ ਲਈ ਕਿਹਾ ਗਿਆ ਹੈ? ਮਿਸਾਲ ਲਈ, ਤੁਹਾਨੂੰ ਸ਼ਾਇਦ ਮੰਡਲੀ ਵਿਚ ਹਰ ਹਫ਼ਤੇ ਪਹਿਰਾਬੁਰਜ ਅਧਿਐਨ ਕਰਾਉਣਾ ਬਹੁਤ ਪਸੰਦ ਹੈ। ਪਰ ਜੇ ਤੁਹਾਨੂੰ ਕਿਸੇ ਹੋਰ ਭਰਾ ਨੂੰ ਸਿਖਲਾਈ ਦੇਣ ਲਈ ਕਿਹਾ ਜਾਵੇ ਤਾਂਕਿ ਆਉਣ ਵਾਲੇ ਸਮੇਂ ਵਿਚ ਉਹ ਇਸ ਜ਼ਿੰਮੇਵਾਰੀ ਨੂੰ ਸੰਭਾਲ ਸਕੇ, ਤਾਂ ਮੂਸਾ ਵਾਂਗ ਨਿਮਰ ਹੋਣ ਕਰਕੇ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਤੁਹਾਡੀ ਅਹਿਮੀਅਤ ਘੱਟ ਗਈ ਹੈ। ਇਸ ਦੀ ਬਜਾਇ, ਤੁਹਾਨੂੰ ਆਪਣੇ ਭਰਾ ਦੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ।

12. ਅੱਜ ਬਹੁਤ ਸਾਰੇ ਮਸੀਹੀ ਸੰਤੋਖ ਤੇ ਨਿਮਰਤਾ ਕਿਵੇਂ ਦਿਖਾ ਰਹੇ ਹਨ?

12 ਜ਼ਰਾ ਇਕ ਹੋਰ ਹਾਲਾਤ ʼਤੇ ਗੌਰ ਕਰੋ ਜਿਸ ਦਾ ਸਿਆਣੀ ਉਮਰ ਦੇ ਬਹੁਤ ਸਾਰੇ ਭਰਾ ਸਾਮ੍ਹਣਾ ਕਰ ਰਹੇ ਹਨ। ਬਹੁਤ ਸਾਲਾਂ ਤਕ ਇਨ੍ਹਾਂ ਭਰਾਵਾਂ ਨੇ ਬਜ਼ੁਰਗਾਂ ਦੇ ਸਮੂਹ ਦੇ ਸਹਾਇਕ ਬਜ਼ੁਰਗ ਵਜੋਂ ਸੇਵਾ ਕੀਤੀ ਹੈ। ਪਰ 80 ਸਾਲਾਂ ਦੇ ਹੋਣ ʼਤੇ ਉਹ ਖ਼ੁਸ਼ੀ-ਖ਼ੁਸ਼ੀ ਇਸ ਜ਼ਿੰਮੇਵਾਰੀ ਨੂੰ ਛੱਡਣ ਲਈ ਤਿਆਰ ਹੁੰਦੇ ਹਨ। 70 ਸਾਲਾਂ ਦੇ ਹੋਣ ʼਤੇ ਸਰਕਟ ਓਵਰਸੀਅਰ ਨਿਮਰਤਾ ਨਾਲ ਇਹ ਸਨਮਾਨ ਛੱਡ ਦਿੰਦੇ ਹਨ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਜ਼ਿੰਮੇਵਾਰੀ ਸਵੀਕਾਰ ਕਰਦੇ ਹਨ। ਨਾਲੇ ਹਾਲ ਹੀ ਦੇ ਸਾਲਾਂ ਵਿਚ ਦੁਨੀਆਂ ਭਰ ਵਿਚ ਬੈਥਲ ਪਰਿਵਾਰ ਦੇ ਬਹੁਤ ਸਾਰੇ ਮੈਂਬਰਾਂ ਨੇ ਪ੍ਰਚਾਰ ਸੇਵਾ ਵਿਚ ਨਵੀਂ ਜ਼ਿੰਮੇਵਾਰੀਆਂ ਸੰਭਾਲਣੀਆਂ ਸ਼ੁਰੂ ਕੀਤੀਆਂ ਹਨ। ਇਹ ਵਫ਼ਾਦਾਰ ਭੈਣ-ਭਰਾ ਦੂਸਰਿਆਂ ਨੂੰ ਉਹ ਜ਼ਿੰਮੇਵਾਰੀਆਂ ਸੰਭਾਲਦਿਆਂ ਦੇਖ ਕੇ ਨਾਰਾਜ਼ ਨਹੀਂ ਹੁੰਦੇ ਜੋ ਪਹਿਲਾਂ ਉਹ ਆਪ ਸੰਭਾਲਦੇ ਸਨ।

13. ਪੌਲੁਸ 12 ਰਸੂਲਾਂ ਨਾਲ ਈਰਖਾ ਕਰਨ ਲਈ ਕਿਉਂ ਭਰਮਾਇਆ ਜਾ ਸਕਦਾ ਸੀ?

13 ਪੌਲੁਸ ਰਸੂਲ ਇਕ ਹੋਰ ਵਧੀਆ ਮਿਸਾਲ ਹੈ ਜਿਸ ਨੇ ਸੰਤੋਖ ਰੱਖਿਆ ਤੇ ਨਿਮਰਤਾ ਪੈਦਾ ਕੀਤੀ। ਪੌਲੁਸ ਨੇ ਆਪਣੇ ਵਿਚ ਈਰਖਾ ਪੈਦਾ ਨਹੀਂ ਹੋਣ ਦਿੱਤੀ। ਉਸ ਨੇ ਸੇਵਕਾਈ ਦੇ ਕੰਮ ਵਿਚ ਸਖ਼ਤ ਮਿਹਨਤ ਕੀਤੀ, ਪਰ ਉਸ ਨੇ ਨਿਮਰਤਾ ਨਾਲ ਕਿਹਾ: “ਮੈਂ ਸਾਰੇ ਰਸੂਲਾਂ ਵਿੱਚੋਂ ਛੋਟਾ ਰਸੂਲ ਹਾਂ ਅਤੇ ਮੈਂ ਤਾਂ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ।” (1 ਕੁਰਿੰ. 15:9, 10) ਧਰਤੀ ʼਤੇ ਯਿਸੂ ਦੀ ਸੇਵਕਾਈ ਦੌਰਾਨ 12 ਰਸੂਲਾਂ ਨੇ ਉਸ ਨਾਲ ਕੰਮ ਕੀਤਾ, ਪਰ ਪੌਲੁਸ ਯਿਸੂ ਦੀ ਮੌਤ ਅਤੇ ਉਸ ਦੇ ਜੀਉਂਦਾ ਹੋਣ ਤੋਂ ਬਾਅਦ ਮਸੀਹੀ ਬਣਿਆ ਸੀ। ਭਾਵੇਂ ਕਿ ਅਖ਼ੀਰ ਉਸ ਨੂੰ ‘ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਕੋਲ ਘੱਲੇ ਹੋਏ ਰਸੂਲ’ ਵਜੋਂ ਨਿਯੁਕਤ ਕੀਤਾ ਗਿਆ ਸੀ, ਪਰ ਉਸ ਨੂੰ 12 ਰਸੂਲਾਂ ਵਿਚ ਗਿਣੇ ਜਾਣ ਦਾ ਖ਼ਾਸ ਸਨਮਾਨ ਨਹੀਂ ਮਿਲਿਆ ਸੀ। (ਰੋਮੀ. 11:13; ਰਸੂ. 1:21-26) ਯਿਸੂ ਨਾਲ ਸੰਗਤੀ ਕਰਨ ਵਾਲੇ 12 ਰਸੂਲਾਂ ਨਾਲ ਈਰਖਾ ਕਰਨ ਦੀ ਬਜਾਇ ਪੌਲੁਸ ਆਪਣੇ ਸਨਮਾਨਾਂ ਕਰਕੇ ਸੰਤੁਸ਼ਟ ਸੀ।

14. ਸੰਤੋਖ ਰੱਖਣ ਅਤੇ ਨਿਮਰ ਹੋਣ ਕਰਕੇ ਅਸੀਂ ਕੀ ਕਰਾਂਗੇ?

14 ਸੰਤੋਖ ਰੱਖਣ ਅਤੇ ਨਿਮਰ ਹੋਣ ਕਰਕੇ ਅਸੀਂ ਪੌਲੁਸ ਵਰਗੇ ਹੋਵਾਂਗੇ ਅਤੇ ਦੂਜਿਆਂ ਨੂੰ ਯਹੋਵਾਹ ਵੱਲੋਂ ਮਿਲੇ ਅਧਿਕਾਰ ਲਈ ਆਦਰ ਦਿਖਾਵਾਂਗੇ। (ਰਸੂ. 21:20-26) ਯਹੋਵਾਹ ਨੇ ਮਸੀਹੀ ਮੰਡਲੀ ਵਿਚ ਅਗਵਾਈ ਕਰਨ ਲਈ ਭਰਾਵਾਂ ਨੂੰ ਨਿਯੁਕਤ ਕੀਤਾ ਹੈ। ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਵੀ ਯਹੋਵਾਹ ਇਨ੍ਹਾਂ “ਆਦਮੀਆਂ ਨੂੰ ਤੋਹਫ਼ਿਆਂ ਵਜੋਂ” ਵਿਚਾਰਦਾ ਹੈ। (ਅਫ਼. 4:8, 11) ਨਿਯੁਕਤ ਕੀਤੇ ਆਦਮੀਆਂ ਦਾ ਆਦਰ ਕਰ ਕੇ ਅਤੇ ਇਨ੍ਹਾਂ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਨਿਮਰਤਾ ਨਾਲ ਮੰਨ ਕੇ ਅਸੀਂ ਯਹੋਵਾਹ ਦੇ ਨੇੜੇ ਰਹਾਂਗੇ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਾਂਗੇ।

‘ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਰਹੋ’

15. ਸਾਨੂੰ ਕੀ ਕਰਨ ਦੀ ਲੋੜ ਹੈ?

15 ਜਿੱਥੇ ਈਰਖਾ ਹੁੰਦੀ ਹੈ, ਉੱਥੇ ਸ਼ਾਂਤੀ ਨਹੀਂ ਰਹਿੰਦੀ। ਸਾਨੂੰ ਆਪਣੇ ਮਨ ਵਿੱਚੋਂ ਈਰਖਾ ਨੂੰ ਜੜ੍ਹੋਂ ਪੁੱਟਣਾ ਅਤੇ ਦੂਜਿਆਂ ਦੇ ਮਨ ਵਿਚ ਈਰਖਾ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ। ਸਾਨੂੰ ਇਹ ਅਹਿਮ ਕਦਮ ਚੁੱਕਣ ਦੀ ਲੋੜ ਹੈ ਜੇ ਅਸੀਂ “ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਅਤੇ ਇਕ-ਦੂਜੇ ਨੂੰ ਹੌਸਲਾ ਦੇਣ” ਦੇ ਯਹੋਵਾਹ ਦੇ ਹੁਕਮ ਨੂੰ ਮੰਨਣਾ ਚਾਹੁੰਦੇ ਹਾਂ। (ਰੋਮੀ. 14:19) ਅਸੀਂ ਈਰਖਾ ਨਾਲ ਲੜਨ ਵਿਚ ਦੂਜਿਆਂ ਦੀ ਮਦਦ ਕਰਨ ਲਈ ਖ਼ਾਸ ਤੌਰ ਤੇ ਕੀ ਕਰ ਸਕਦੇ ਹਾਂ ਅਤੇ ਸ਼ਾਂਤੀ ਕਿਵੇਂ ਵਧਾ ਸਕਦੇ ਹਾਂ?

16. ਅਸੀਂ ਈਰਖਾ ਨਾਲ ਲੜਨ ਵਿਚ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

16 ਸਾਡੇ ਰਵੱਈਏ ਤੇ ਕੰਮਾਂ ਦਾ ਦੂਜਿਆਂ ʼਤੇ ਗਹਿਰਾ ਅਸਰ ਪੈ ਸਕਦਾ ਹੈ। ਦੁਨੀਆਂ ਚਾਹੁੰਦੀ ਹੈ ਕਿ ਅਸੀਂ “ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ” ਕਰੀਏ। (1 ਯੂਹੰ. 2:16) ਪਰ ਇਸ ਰਵੱਈਏ ਕਰਕੇ ਈਰਖਾ ਵਧਦੀ ਹੈ। ਜੇ ਅਸੀਂ ਦੂਜਿਆਂ ਨਾਲ ਉਨ੍ਹਾਂ ਚੀਜ਼ਾਂ ਬਾਰੇ ਗੱਲ ਨਹੀਂ ਕਰਦੇ ਜੋ ਸਾਡੇ ਕੋਲ ਹਨ ਜਾਂ ਜੋ ਅਸੀਂ ਖ਼ਰੀਦਣ ਬਾਰੇ ਸੋਚ ਰਹੇ ਹਾਂ, ਤਾਂ ਅਸੀਂ ਦੂਜਿਆਂ ਦੇ ਮਨ ਵਿਚ ਈਰਖਾ ਪੈਦਾ ਕਰਨ ਤੋਂ ਬਚ ਸਕਦੇ ਹਾਂ। ਮੰਡਲੀ ਵਿਚ ਮਿਲੇ ਸਨਮਾਨਾਂ ਬਾਰੇ ਸਹੀ ਨਜ਼ਰੀਆ ਰੱਖ ਕੇ ਵੀ ਅਸੀਂ ਈਰਖਾ ਵਧਾਉਣ ਤੋਂ ਬਚ ਸਕਦੇ ਹਾਂ। ਦੂਜਿਆਂ ਦਾ ਧਿਆਨ ਆਪਣੇ ਸਨਮਾਨਾਂ ਵੱਲ ਖਿੱਚ ਕੇ ਅਸੀਂ ਉਪਜਾਊ ਜ਼ਮੀਨ ਤਿਆਰ ਕਰ ਰਹੇ ਹੋਵਾਂਗੇ ਜਿਸ ਵਿਚ ਈਰਖਾ ਜੜ੍ਹ ਫੜ੍ਹ ਸਕਦੀ ਹੈ। ਇਸ ਦੇ ਉਲਟ, ਦੂਜਿਆਂ ਵਿਚ ਸੱਚੀ ਦਿਲਚਸਪੀ ਲੈ ਕੇ ਅਤੇ ਉਨ੍ਹਾਂ ਦੇ ਵਧੀਆ ਕੰਮਾਂ ਨੂੰ ਪਛਾਣ ਕੇ ਅਸੀਂ ਉਨ੍ਹਾਂ ਦੀ ਸੰਤੋਖ ਰੱਖਣ ਵਿਚ ਮਦਦ ਕਰਦੇ ਹਾਂ। ਨਾਲੇ ਅਸੀਂ ਮੰਡਲੀ ਦੀ ਸ਼ਾਂਤੀ ਤੇ ਏਕਤਾ ਨੂੰ ਵਧਾਉਂਦੇ ਹਾਂ।

17. ਯੂਸੁਫ਼ ਦੇ ਭਰਾ ਕੀ ਕਰ ਸਕੇ ਅਤੇ ਕਿਉਂ?

17 ਅਸੀਂ ਈਰਖਾ ਖ਼ਿਲਾਫ਼ ਲੜਾਈ ਜਿੱਤ ਸਕਦੇ ਹਾਂ! ਜ਼ਰਾ ਯੂਸੁਫ਼ ਦੇ ਭਰਾਵਾਂ ਦੀ ਮਿਸਾਲ ਵੱਲ ਦੁਬਾਰਾ ਧਿਆਨ ਦਿਓ। ਯੂਸੁਫ਼ ਨਾਲ ਬੁਰਾ ਸਲੂਕ ਕਰਨ ਤੋਂ ਸਾਲਾਂ ਬਾਅਦ ਉਹ ਉਸ ਨੂੰ ਮਿਸਰ ਵਿਚ ਮਿਲੇ। ਆਪਣੇ ਭਰਾਵਾਂ ਸਾਮ੍ਹਣੇ ਆਪਣੀ ਪਛਾਣ ਕਰਾਉਣ ਤੋਂ ਪਹਿਲਾਂ ਉਸ ਨੇ ਉਨ੍ਹਾਂ ਦੀ ਪਰਖ ਕੀਤੀ ਕਿ ਉਹ ਬਦਲ ਗਏ ਸਨ ਜਾਂ ਨਹੀਂ। ਉਸ ਨੇ ਆਪਣੇ ਭਰਾਵਾਂ ਨਾਲ ਖਾਣਾ ਖਾਣ ਦਾ ਪ੍ਰਬੰਧ ਕੀਤਾ ਜਿਸ ਵਿਚ ਉਸ ਨੇ ਆਪਣੇ ਸਭ ਤੋਂ ਛੋਟੇ ਭਰਾ ਬਿਨਯਾਮੀਨ ਨੂੰ ਦੂਜੇ ਭਰਾਵਾਂ ਨਾਲੋਂ ਜ਼ਿਆਦਾ ਖਾਣਾ ਦਿੱਤਾ। (ਉਤ. 43:33, 34) ਪਰ ਇਸ ਤੋਂ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਉਸ ਦੇ ਭਰਾਵਾਂ ਨੇ ਬਿਨਯਾਮੀਨ ਨਾਲ ਈਰਖਾ ਕੀਤੀ। ਇਸ ਦੀ ਬਜਾਇ, ਉਨ੍ਹਾਂ ਨੇ ਆਪਣੇ ਭਰਾ ਤੇ ਆਪਣੇ ਪਿਤਾ ਯਾਕੂਬ ਲਈ ਦਿਲੋਂ ਪਰਵਾਹ ਦਿਖਾਈ। (ਉਤ. 44:30-34) ਯੂਸੁਫ਼ ਦੇ ਭਰਾਵਾਂ ਨੇ ਈਰਖਾ ਕਰਨੀ ਛੱਡ ਦਿੱਤੀ ਸੀ ਜਿਸ ਕਰਕੇ ਉਹ ਆਪਣੇ ਪਰਿਵਾਰ ਵਿਚ ਦੁਬਾਰਾ ਤੋਂ ਸ਼ਾਂਤੀ ਕਾਇਮ ਕਰ ਸਕੇ। (ਉਤ. 45:4, 15) ਇਸੇ ਤਰ੍ਹਾਂ ਆਪਣੇ ਮਨ ਵਿੱਚੋਂ ਈਰਖਾ ਨੂੰ ਜੜ੍ਹੋਂ ਪੁੱਟ ਕੇ ਅਸੀਂ ਆਪਣੇ ਪਰਿਵਾਰ ਤੇ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਣ ਵਿਚ ਮਦਦ ਕਰਾਂਗੇ।

18. ਯਾਕੂਬ 3:17, 18 ਅਨੁਸਾਰ ਸ਼ਾਂਤੀ ਭਰਿਆ ਮਾਹੌਲ ਪੈਦਾ ਕਰਨ ਦਾ ਕੀ ਨਤੀਜਾ ਨਿਕਲੇਗਾ?

18 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਈਰਖਾ ਨਾਲ ਲੜੀਏ ਅਤੇ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰੀਏ। ਸਾਨੂੰ ਇਹ ਕੰਮ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਅਸੀਂ ਇਸ ਲੇਖ ਵਿਚ ਦੇਖਿਆ ਸੀ ਕਿ ਸਾਡੇ ਵਿਚ ਈਰਖਾ ਕਰਨ ਦਾ ਝੁਕਾਅ ਹੈ। (ਯਾਕੂ. 4:5) ਨਾਲੇ ਅਸੀਂ ਅਜਿਹੇ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਈਰਖਾ ਕਰਨ ਦੇ ਰਵੱਈਏ ਨੂੰ ਹੱਲਾਸ਼ੇਰੀ ਦਿੰਦੇ ਹਨ। ਨਿਮਰਤਾ, ਸੰਤੋਖ ਤੇ ਦੂਜਿਆਂ ਦੇ ਚੰਗੇ ਗੁਣਾਂ ਦੀ ਤਾਰੀਫ਼ ਕਰਨ ਕਰਕੇ ਸਾਡੇ ਦਿਲ ਵਿਚ ਈਰਖਾ ਲਈ ਕੋਈ ਥਾਂ ਨਹੀਂ ਬਚੇਗੀ। ਇਸ ਦੀ ਬਜਾਇ, ਅਸੀਂ ਸ਼ਾਂਤੀ ਭਰਿਆ ਮਾਹੌਲ ਪੈਦਾ ਕਰਨ ਵਿਚ ਮਦਦ ਕਰਾਂਗੇ ਜਿਸ ਵਿਚ ਧਾਰਮਿਕਤਾ ਦੇ ਫਲ ਵਧਣਗੇ।—ਯਾਕੂਬ 3:17, 18 ਪੜ੍ਹੋ।

ਈਰਖਾ ਨਾਲ ਲੜਨ ਵਿਚ . . .

  • ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

  • ਸੰਤੋਖ ਤੇ ਨਿਮਰਤਾ ਸਾਡੀ ਕਿਵੇਂ ਮਦਦ ਕਰ ਸਕਦੇ ਹਨ?

  • ਸਾਡਾ ਸਹੀ ਰਵੱਈਆ ਦੂਜਿਆਂ ਦੀ ਕਿਵੇਂ ਮਦਦ ਕਰ ਸਕਦਾ ਹੈ?

ਗੀਤ 35 ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ

a ਯਹੋਵਾਹ ਦਾ ਸੰਗਠਨ ਸ਼ਾਂਤੀ ਦਾ ਸੰਗਠਨ ਹੈ। ਪਰ ਜੇ ਅਸੀਂ ਆਪਣੇ ਵਿਚ ਈਰਖਾ ਪੈਦਾ ਹੋਣ ਦਿੰਦੇ ਹਾਂ, ਤਾਂ ਇਸ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਈਰਖਾ ਕਿਉਂ ਕਰਨ ਲੱਗ ਸਕਦੇ ਹਾਂ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਕਿਵੇਂ ਇਸ ਨੁਕਸਾਨਦੇਹ ਔਗੁਣ ਨਾਲ ਲੜ ਸਕਦੇ ਹਾਂ ਅਤੇ ਸ਼ਾਂਤੀ ਵਧਾ ਸਕਦੇ ਹਾਂ।

b ਸ਼ਬਦ ਦਾ ਮਤਲਬ: ਜਿੱਦਾਂ ਬਾਈਬਲ ਵਿਚ ਸਮਝਾਇਆ ਗਿਆ ਹੈ ਕਿ ਈਰਖਾ ਕਰਕੇ ਇਕ ਵਿਅਕਤੀ ਨਾ ਸਿਰਫ਼ ਦੂਜਿਆਂ ਦੀਆਂ ਚੀਜ਼ਾਂ ਲੈਣੀਆਂ ਚਾਹੁੰਦਾ ਹੈ, ਸਗੋਂ ਉਹ ਇਹ ਵੀ ਉਮੀਦ ਰੱਖਦਾ ਹੈ ਕਿ ਉਨ੍ਹਾਂ ਕੋਲ ਜੋ ਹੈ, ਉਹ ਨਾ ਹੋਵੇ।

c ਤਸਵੀਰਾਂ ਬਾਰੇ ਜਾਣਕਾਰੀ: ਬਜ਼ੁਰਗਾਂ ਦੀ ਸਭਾ ਦੌਰਾਨ ਪਹਿਰਾਬੁਰਜ ਸਟੱਡੀ ਕਰਾਉਣ ਵਾਲੇ ਸਿਆਣੀ ਉਮਰ ਦੇ ਭਰਾ ਨੂੰ ਕਿਹਾ ਗਿਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਇਕ ਨੌਜਵਾਨ ਭਰਾ ਨੂੰ ਸਿਖਲਾਈ ਦੇਵੇ। ਚਾਹੇ ਸਿਆਣੀ ਉਮਰ ਦੇ ਭਰਾ ਨੂੰ ਆਪਣੀ ਜ਼ਿੰਮੇਵਾਰੀ ਬਹੁਤ ਪਸੰਦ ਹੈ, ਪਰ ਉਹ ਨੌਜਵਾਨ ਭਰਾ ਨੂੰ ਵਧੀਆ ਸੁਝਾਅ ਦੇ ਕੇ ਅਤੇ ਉਸ ਦੀ ਤਾਰੀਫ਼ ਕਰ ਕੇ ਬਜ਼ੁਰਗਾਂ ਦੇ ਫ਼ੈਸਲੇ ਨਾਲ ਸਹਿਮਤ ਹੁੰਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ