ਪਾਠਕਾਂ ਵੱਲੋਂ ਸਵਾਲ
ਕੀ ਮਸੀਹੀਆਂ ਨੂੰ ਆਪਣਾ ਕੋਈ ਕੰਮ ਕਰਾਉਣ ਲਈ ਕਿਸੇ ਸਰਕਾਰੀ ਕਰਮਚਾਰੀ ਨੂੰ ਪੈਸੇ ਜਾਂ ਤੋਹਫ਼ਾ ਦੇਣਾ ਚਾਹੀਦਾ ਹੈ ਜਾਂ ਕੀ ਇਸ ਨੂੰ ਰਿਸ਼ਵਤ ਸਮਝਿਆ ਜਾਵੇਗਾ?
ਮਸੀਹੀ ਜਿੱਥੇ ਕਿਤੇ ਵੀ ਰਹਿੰਦੇ ਹਨ, ਉਹ ਉਸ ਥਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਕਲਮੰਦੀ ਤੋਂ ਕੰਮ ਲੈਂਦੇ ਹਨ। ਉਹ ਯਾਦ ਰੱਖਦੇ ਹਨ ਕਿ ਜੋ ਗੱਲ ਇਕ ਦੇਸ਼ ਵਿਚ ਜਾਇਜ਼ ਸਮਝੀ ਜਾਂਦੀ ਹੈ, ਉਹੀ ਹੋਰਨਾਂ ਦੇਸ਼ਾਂ ਵਿਚ ਗ਼ੈਰ-ਕਾਨੂੰਨੀ ਹੋ ਸਕਦੀ ਹੈ। (ਕਹਾਉਤਾਂ 2:6-9) ਇਕ ਮਸੀਹੀ ਨੂੰ ਹਮੇਸ਼ਾ ਮਨ ਵਿਚ ਰੱਖਣਾ ਚਾਹੀਦਾ ਹੈ ਕਿ ਜੋ ਵੀ ਕੋਈ ‘ਯਹੋਵਾਹ ਦੇ ਡੇਹਰੇ ਵਿਚ ਟਿਕਣਾ’ ਚਾਹੁੰਦਾ ਹੈ, ਉਸ ਨੂੰ ਰਿਸ਼ਵਤ ਲੈਣ ਜਾਂ ਦੇਣ ਤੋਂ ਦੂਰ ਰਹਿਣਾ ਚਾਹੀਦਾ ਹੈ।—ਜ਼ਬੂਰਾਂ ਦੀ ਪੋਥੀ 15:1, 5; ਕਹਾਉਤਾਂ 17:23.
ਰਿਸ਼ਵਤ ਹੁੰਦੀ ਕੀ ਹੈ? ਦ ਵਰਲਡ ਬੁੱਕ ਐਨਸਾਈਕਲੋਪੀਡੀਆ ਅਨੁਸਾਰ ‘ਰਿਸ਼ਵਤ ਦਾ ਮਤਲਬ ਹੈ ਕਿਸੇ ਸਰਕਾਰੀ ਅਧਿਕਾਰੀ ਨੂੰ ਕੋਈ ਕੀਮਤੀ ਚੀਜ਼ ਪੇਸ਼ ਕਰਨੀ ਤੇ ਇਸ ਦੇ ਬਦਲੇ ਵਿਚ ਉਹ ਅਧਿਕਾਰੀ ਚੀਜ਼ ਦੇਣ ਵਾਲੇ ਦਾ ਕੰਮ ਕਰਨ ਦੀ ਖ਼ਾਤਰ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰਦਾ ਹੈ ਜਾਂ ਕਾਨੂੰਨ ਤੋੜਦਾ ਹੈ।’ ਇਸ ਕਰਕੇ ਅਸੀਂ ਭਾਵੇਂ ਜਿੱਥੇ ਵੀ ਰਹਿੰਦੇ ਹਾਂ, ਜਦੋਂ ਅਸੀਂ ਕਿਸੇ ਜੱਜ ਜਾਂ ਪੁਲਸ ਅਧਿਕਾਰੀ ਨੂੰ ਆਪਣਾ ਫ਼ਰਜ਼ ਨਾ ਨਿਭਾਉਣ ਲਈ ਜਾਂ ਕਿਸੇ ਇੰਸਪੈਕਟਰ ਨੂੰ ਕਿਸੇ ਗੁਨਾਹ ਨੂੰ ਨਜ਼ਰਅੰਦਾਜ਼ ਕਰਨ ਵਾਸਤੇ ਪੈਸੇ ਜਾਂ ਤੋਹਫ਼ਾ ਦਿੰਦੇ ਹਾਂ, ਤਾਂ ਅਸੀਂ ਰਿਸ਼ਵਤ ਦੇ ਰਹੇ ਹੁੰਦੇ ਹਾਂ। ਨਾਲੇ ਵੇਟਿੰਗ ਲਿਸਟ ਵਿਚ ਆਪਣਾ ਨਾਂ ਦੂਜਿਆਂ ਤੋਂ ਉੱਪਰ ਕਰਾਉਣ ਜਾਂ ਲਾਈਨ ਵਿਚ ਦੂਜਿਆਂ ਤੋਂ ਅੱਗੇ ਖੜ੍ਹਨ ਲਈ ਕਿਸੇ ਕਰਮਚਾਰੀ ਨੂੰ ਤੋਹਫ਼ਾ ਦੇਣਾ ਵੀ ਰਿਸ਼ਵਤ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਦੂਜਿਆਂ ਲਈ ਪਿਆਰ ਦੀ ਘਾਟ ਹੈ।—ਮੱਤੀ 7:12; 22:39.
ਪਰ ਕੀ ਕਿਸੇ ਜਾਇਜ਼ ਕੰਮ ਵਾਸਤੇ ਜਾਂ ਬੇਇਨਸਾਫ਼ੀ ਤੋਂ ਬਚਣ ਲਈ ਕਿਸੇ ਸਰਕਾਰੀ ਕਰਮਚਾਰੀ ਨੂੰ ਤੋਹਫ਼ਾ ਜਾਂ ਪੈਸਾ ਦੇਣਾ ਰਿਸ਼ਵਤ ਹੈ? ਮਿਸਾਲ ਲਈ, ਕੁਝ ਦੇਸ਼ਾਂ ਵਿਚ ਸ਼ਾਇਦ ਅਧਿਕਾਰੀ ਉਦੋਂ ਤਕ ਬੱਚਿਆਂ ਨੂੰ ਸਕੂਲ ਵਿਚ ਦਾਖ਼ਲਾ ਨਾ ਦੇਣ, ਕਿਸੇ ਵਿਅਕਤੀ ਨੂੰ ਹਸਪਤਾਲ ਵਿਚ ਦਾਖ਼ਲ ਨਾ ਕਰਨ ਜਾਂ ਇਮੀਗਰੇਸ਼ਨ ਦਸਤਾਵੇਜ਼ਾਂ ਤੇ ਸਰਕਾਰੀ ਮੁਹਰ ਲਾਉਣ ਨੂੰ ਤਿਆਰ ਨਾ ਹੋਣ ਜਦ ਤਕ ਉਨ੍ਹਾਂ ਨੂੰ ਚਾਹ-ਪਾਣੀ ਨਹੀਂ ਮਿਲ ਜਾਂਦਾ। ਜਾਂ ਉਹ ਲਸੰਸ ਨਵਿਆਉਣ ਦੀਆਂ ਅਰਜ਼ੀਆਂ ਤੇ ਅੱਗੋਂ ਕਾਰਵਾਈ ਕਰਨ ਵਿਚ ਦੇਰ ਕਰ ਸਕਦੇ ਹਨ।
ਹਰ ਦੇਸ਼ ਵਿਚ ਪੈਸੇ ਜਾਂ ਤੋਹਫ਼ਾ ਦੇਣ ਦਾ ਰਿਵਾਜ ਅਤੇ ਇਸ ਸੰਬੰਧੀ ਲੋਕਾਂ ਦਾ ਨਜ਼ਰੀਆ ਵੱਖੋ-ਵੱਖਰਾ ਹੁੰਦਾ ਹੈ। ਜਿਸ ਦੇਸ਼ ਵਿਚ ਪੈਸੇ ਜਾਂ ਤੋਹਫ਼ਾ ਦੇਣ ਦਾ ਰਿਵਾਜ ਹੈ ਜਾਂ ਇਸ ਦੀ ਆਸ ਰੱਖੀ ਜਾਂਦੀ ਹੈ, ਉੱਥੇ ਕੁਝ ਮਸੀਹੀ ਸ਼ਾਇਦ ਸੋਚਣ ਕਿ ਕਿਸੇ ਅਧਿਕਾਰੀ ਨੂੰ ਆਪਣਾ ਕੰਮ ਕਰਨ ਲਈ ਪੈਸੇ ਦੇਣ ਨਾਲ ਉਹ ਬਾਈਬਲ ਦੇ ਸਿਧਾਂਤਾਂ ਦੀ ਉਲੰਘਣਾ ਨਹੀਂ ਕਰ ਰਹੇ। ਕੁਝ ਦੇਸ਼ਾਂ ਵਿਚ ਲੋਕ ਸੋਚਦੇ ਹਨ ਕਿ ਜਾਇਜ਼ ਕੰਮ ਕਰਾਉਣ ਲਈ ਕਿਸੇ ਘੱਟ ਤਨਖ਼ਾਹ ਵਾਲੇ ਕਰਮਚਾਰੀ ਨੂੰ ਤੋਹਫ਼ੇ ਦੇ ਤੌਰ ਤੇ ਪੈਸੇ ਦੇਣੇ ਗ਼ਲਤ ਨਹੀਂ ਹਨ ਕਿਉਂਕਿ ਇਸ ਨਾਲ ਉਸ ਕਰਮਚਾਰੀ ਦੀ ਕੁਝ ਮਦਦ ਹੋ ਜਾਵੇਗੀ। ਪਰ ਯਾਦ ਰੱਖੋ ਕਿ ਜਾਇਜ਼ ਕੰਮ ਵਾਸਤੇ ਤੋਹਫ਼ਾ ਦੇਣ ਅਤੇ ਨਾਜਾਇਜ਼ ਕੰਮ ਕਰਾਉਣ ਵਾਸਤੇ ਰਿਸ਼ਵਤ ਦੇਣ ਵਿਚ ਬਹੁਤ ਫ਼ਰਕ ਹੈ।
ਦੂਜੇ ਪਾਸੇ, ਯਹੋਵਾਹ ਦੇ ਕੁਝ ਗਵਾਹਾਂ ਨੇ ਜਾਇਜ਼ ਕੰਮ ਕਰਾਉਣ ਵਾਸਤੇ ਇੰਸਪੈਕਟਰਾਂ, ਕਸਟਮ ਅਧਿਕਾਰੀਆਂ ਜਾਂ ਹੋਰਨਾਂ ਨੂੰ ਪੈਸੇ ਜਾਂ ਤੋਹਫ਼ਾ ਦੇਣ ਤੋਂ ਇਨਕਾਰ ਕੀਤਾ ਹੈ, ਇੱਥੋਂ ਤਕ ਕਿ ਉਨ੍ਹਾਂ ਥਾਵਾਂ ਤੇ ਵੀ ਜਿੱਥੇ ਪੈਸੇ ਜਾਂ ਤੋਹਫ਼ਾ ਦੇਣ ਦਾ ਰਿਵਾਜ ਹੈ। ਇਨ੍ਹਾਂ ਥਾਵਾਂ ਦੇ ਗਵਾਹ ਰਿਸ਼ਵਤ ਨਾ ਦੇਣ ਅਤੇ ਆਪਣੀ ਈਮਾਨਦਾਰੀ ਲਈ ਮਸ਼ਹੂਰ ਹਨ। ਇਸ ਲਈ ਕਈ ਵਾਰ ਉਨ੍ਹਾਂ ਦਾ ਕੰਮ ਛੇਤੀ ਹੀ ਕਰ ਦਿੱਤਾ ਜਾਂਦਾ ਹੈ ਜੋ ਦੂਸਰੇ ਲੋਕਾਂ ਤੋਂ ਸਿਰਫ਼ ਪੈਸੇ ਲੈ ਕੇ ਹੀ ਕੀਤਾ ਜਾਂਦਾ ਹੈ।—ਕਹਾਉਤਾਂ 10:9; ਮੱਤੀ 5:16.
ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਯਹੋਵਾਹ ਦੇ ਹਰ ਸੇਵਕ ਨੇ ਖ਼ੁਦ ਫ਼ੈਸਲਾ ਕਰਨਾ ਹੈ ਕਿ ਜਾਇਜ਼ ਕੰਮ ਕਰਾਉਣ ਜਾਂ ਬੇਇਨਸਾਫ਼ੀ ਤੋਂ ਬਚਣ ਲਈ ਪੈਸੇ ਜਾਂ ਤੋਹਫ਼ਾ ਦੇਣਾ ਹੈ ਕਿ ਨਹੀਂ। ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਉਸ ਨੂੰ ਅਜਿਹੇ ਰਾਹ ਤੇ ਚੱਲਣਾ ਚਾਹੀਦਾ ਹੈ ਜਿਸ ਨਾਲ ਉਸ ਦੀ ਆਪਣੀ ਜ਼ਮੀਰ ਸਾਫ਼ ਰਹੇ, ਯਹੋਵਾਹ ਦੇ ਨਾਂ ਦੀ ਬਦਨਾਮੀ ਨਾ ਹੋਵੇ ਅਤੇ ਦੂਜਿਆਂ ਨੂੰ ਠੋਕਰ ਨਾ ਲੱਗੇ।—ਮੱਤੀ 6:9; 1 ਕੁਰਿੰਥੀਆਂ 10:31-33; 2 ਕੁਰਿੰਥੀਆਂ 6:3; 1 ਤਿਮੋਥਿਉਸ 1:5.