ਭਲਾਈ ਕਰਦਿਆਂ ਅੱਕ ਨਾ ਜਾਓ
ਪਤਰਸ ਰਸੂਲ ਨੇ ਤਾਕੀਦ ਕੀਤੀ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ।” (1 ਪਤਰਸ 2:12) ਇੱਥੇ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਨੇਕ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਸੋਹਣਾ, ਚੰਗਾ, ਆਦਰਯੋਗ, ਬੇਮਿਸਾਲ।” ਅੱਜ ਦੇ ਜ਼ਮਾਨੇ ਵਿਚ ਲੋਕਾਂ ਤੋਂ ਨੇਕ ਚਾਲ-ਚਲਣ ਦੀ ਉਮੀਦ ਰੱਖਣੀ ਮੁਸ਼ਕਲ ਹੈ। ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਆਮ ਤੌਰ ਤੇ ਯਹੋਵਾਹ ਦੇ ਲੋਕ ਪਤਰਸ ਦੀ ਸਲਾਹ ਲਾਗੂ ਕਰਨ ਵਿਚ ਕਾਮਯਾਬ ਹੋਏ ਹਨ। ਦਰਅਸਲ ਉਹ ਪੂਰੇ ਸੰਸਾਰ ਵਿਚ ਆਪਣੇ ਨੇਕ ਚਾਲ-ਚਲਣ ਲਈ ਜਾਣੇ ਜਾਂਦੇ ਹਨ।
ਅੱਜ ਦੇ ‘ਭੈੜੇ ਸਮਿਆਂ’ ਵਿਚ ਇਹ ਮਾਅਰਕੇ ਦੀ ਗੱਲ ਹੈ ਕਿ ਯਹੋਵਾਹ ਦੇ ਲੋਕ ਆਪਣਾ ਚਾਲ-ਚਲਣ ਨੇਕ ਰੱਖਦੇ ਹਨ। (2 ਤਿਮੋਥਿਉਸ 3:1) ਅਸੀਂ ਹਰ ਰੋਜ਼ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ ਅਤੇ ਮਸੀਹੀ ਹੋਣ ਦੇ ਨਾਤੇ ਸਾਡੇ ਵਿੱਚੋਂ ਕਈਆਂ ਨੂੰ ਦੂਸਰਿਆਂ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਭਾਵੇਂ ਕੁਝ ਮੁਸੀਬਤਾਂ ਥੋੜ੍ਹੇ ਸਮੇਂ ਲਈ ਹੀ ਹੁੰਦੀਆਂ ਹਨ, ਪਰ ਕਈ ਮੁਸੀਬਤਾਂ ਦਾ ਅੰਤ ਨਜ਼ਰ ਨਹੀਂ ਆਉਂਦਾ ਤੇ ਦਿਨ-ਬ-ਦਿਨ ਜੀਣਾ ਮੁਸ਼ਕਲ ਬਣਾ ਦਿੰਦੀਆਂ ਹਨ। ਫਿਰ ਵੀ, ਪੌਲੁਸ ਰਸੂਲ ਨੇ ਕਿਹਾ: “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।” (ਗਲਾਤੀਆਂ 6:9) ਜ਼ਿੰਦਗੀ ਵਿਚ ਮੁਸੀਬਤਾਂ ਤੇ ਨਫ਼ਰਤ ਦਾ ਸਾਮ੍ਹਣਾ ਕਰਦਿਆਂ ਅਸੀਂ ਭਲਾਈ ਕਿਵੇਂ ਕਰਦੇ ਰਹਿ ਸਕਦੇ ਹਾਂ?
ਭਲਾਈ ਕਰਨ ਵਿਚ ਮਦਦ
ਇਕ ਇਨਸਾਨ ਦਾ “ਚੰਗਾ, ਆਦਰਯੋਗ, ਬੇਮਿਸਾਲ” ਹੋਣਾ ਉਸ ਦੇ ਅੰਦਰੂਨੀ ਗੁਣਾਂ ਨੂੰ ਦਰਸਾਉਂਦਾ ਹੈ। ਇਸ ਲਈ ਅਜ਼ਮਾਇਸ਼ਾਂ ਤੇ ਮੁਸ਼ਕਲਾਂ ਵਿਚ ਨੇਕ ਚਾਲ-ਚਲਣ ਆਪਣੇ ਆਪ ਹੀ ਪੈਦਾ ਨਹੀਂ ਹੋ ਜਾਂਦਾ, ਸਗੋਂ ਇਹ ਹਰ ਪਲ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣ ਨਾਲ ਪੈਦਾ ਹੁੰਦਾ ਹੈ। ਭਲੇ ਕੰਮ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ? ਆਓ ਆਪਾਂ ਦੇਖੀਏ।
ਮਸੀਹ ਵਰਗੇ ਬਣੋ। ਅਨਿਆਂ ਸਹਿਣ ਲਈ ਨਿਮਰਤਾ ਦੀ ਲੋੜ ਹੁੰਦੀ ਹੈ। ਜਿਹੜਾ ਇਨਸਾਨ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਮਝਦਾ ਹੈ, ਉਸ ਲਈ ਬਦਸਲੂਕੀ ਸਹਿਣੀ ਮੁਸ਼ਕਲ ਹੈ। ਪਰ ਯਿਸੂ ਨੇ “ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ . . . ਆਗਿਆਕਾਰ ਬਣਿਆ।” (ਫ਼ਿਲਿੱਪੀਆਂ 2:5, 8) ਉਸ ਦੀ ਰੀਸ ਕਰਦੇ ਹੋਏ ਅਸੀਂ ਯਹੋਵਾਹ ਦੀ ਸੇਵਾ ਕਰਨ ਵਿਚ ‘ਅੱਕ ਕੇ ਢਿੱਲੇ ਨਹੀਂ ਪਵਾਂਗੇ।’ (ਇਬਰਾਨੀਆਂ 12:2, 3) ਨਿਮਰਤਾ ਨਾਲ ਆਪਣੀ ਕਲੀਸਿਯਾ ਦੇ ਜ਼ਿੰਮੇਵਾਰ ਭਰਾਵਾਂ ਦੇ ਆਗਿਆਕਾਰ ਬਣਨ ਦੀ ਆਦਤ ਪਾਓ। (ਇਬਰਾਨੀਆਂ 13:17) ਦੂਸਰਿਆਂ ਨੂੰ ਆਪਣੇ ਨਾਲੋਂ “ਉੱਤਮ” ਸਮਝੋ। ਆਪਣੇ ਫ਼ਾਇਦੇ ਹੀ ਬਾਰੇ ਨਾ ਸੋਚੋ, ਪਰ ਦੂਸਰਿਆਂ ਬਾਰੇ ਵੀ ਸੋਚਣਾ ਸਿੱਖੋ।—ਫ਼ਿਲਿੱਪੀਆਂ 2:3, 4.
ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ। ਸਾਨੂੰ ਪੱਕਾ ਯਕੀਨ ਹੋਣਾ ਚਾਹੀਦਾ ਹੈ ਕਿ ਯਹੋਵਾਹ “ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਉਸ ਨੂੰ ਸੱਚ-ਮੁੱਚ ਸਾਡਾ ਫ਼ਿਕਰ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੀਏ। (1 ਤਿਮੋਥਿਉਸ 2:4; 1 ਪਤਰਸ 5:7) ਜੇ ਅਸੀਂ ਯਾਦ ਰੱਖੀਏ ਕਿ ਕੋਈ ਵੀ ਚੀਜ਼ ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਅੱਡ ਨਹੀਂ ਕਰ ਸਕਦੀ, ਤਾਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਭਲਾਈ ਕਰਦੇ ਰਹਾਂਗੇ।—ਰੋਮੀਆਂ 8:38, 39.
ਯਹੋਵਾਹ ਉੱਤੇ ਪੂਰਾ ਭਰੋਸਾ ਰੱਖੋ। ਯਹੋਵਾਹ ਉੱਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ। ਇਹ ਉਦੋਂ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਜਦੋਂ ਸਾਨੂੰ ਆਪਣੇ ਦੁੱਖਾਂ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ ਜਾਂ ਲੱਗਦਾ ਹੈ ਕਿ ਇਨ੍ਹਾਂ ਕਰਕੇ ਸਾਡੀ ਜਾਨ ਨੂੰ ਖ਼ਤਰਾ ਹੈ। ਸਾਨੂੰ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਯਹੋਵਾਹ ਸਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਆਉਣ ਦੇਵੇਗਾ ਜੋ ‘ਸਾਡੇ ਤੋਂ ਨਹੀਂ ਝੱਲਿਆ ਜਾਵੇਗਾ,’ ਸਗੋਂ ਉਹ “ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ।” (1 ਕੁਰਿੰਥੀਆਂ 10:13) ਯਹੋਵਾਹ ਉੱਤੇ ਭਰੋਸਾ ਰੱਖ ਕੇ ਅਸੀਂ ਦਲੇਰੀ ਨਾਲ ਮੌਤ ਦਾ ਵੀ ਸਾਮ੍ਹਣਾ ਕਰ ਸਕਦੇ ਹਾਂ।—2 ਕੁਰਿੰਥੀਆਂ 1:8, 9.
ਪ੍ਰਾਰਥਨਾ ਲਗਾਤਾਰ ਕਰਦੇ ਰਹੋ। ਦਿਲੋਂ ਪ੍ਰਾਰਥਨਾ ਕਰਨੀ ਲਾਜ਼ਮੀ ਹੈ। (ਰੋਮੀਆਂ 12:12) ਪ੍ਰਾਰਥਨਾ ਕਰਨ ਨਾਲ ਅਸੀਂ ਯਹੋਵਾਹ ਦੇ ਹੋਰ ਨਜ਼ਦੀਕ ਜਾਂਦੇ ਹਾਂ। (ਯਾਕੂਬ 4:8) ਅਸੀਂ ਅਜ਼ਮਾ ਕੇ ਦੇਖ ਸਕਦੇ ਹਾਂ ਕਿ ਜਦੋਂ ਵੀ ਅਸੀਂ ਉਸ ਤੋਂ ‘ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।’ (1 ਯੂਹੰਨਾ 5:14) ਯਹੋਵਾਹ ਕਦੇ-ਕਦੇ ਸਾਡੇ ਉੱਤੇ ਅਜ਼ਮਾਇਸ਼ਾਂ ਆਉਣ ਦਿੰਦਾ ਹੈ ਤਾਂਕਿ ਅਸੀਂ ਆਪਣੀ ਵਫ਼ਾਦਾਰੀ ਦਾ ਸਬੂਤ ਦੇ ਸਕੀਏ। ਇਨ੍ਹਾਂ ਹਾਲਾਤਾਂ ਵਿਚ ਅਸੀਂ ਇਹੋ ਦੁਆ ਕਰਦੇ ਹਾਂ ਕਿ ਉਹ ਅਜ਼ਮਾਇਸ਼ਾਂ ਨੂੰ ਸਹਿਣ ਵਿਚ ਸਾਡੀ ਮਦਦ ਕਰੇ। (ਲੂਕਾ 22:41-43) ਪ੍ਰਾਰਥਨਾ ਕਰਨ ਨਾਲ ਸਾਨੂੰ ਇਹ ਭਰੋਸਾ ਮਿਲਦਾ ਹੈ ਕਿ ਅਸੀਂ ਕਦੀ ਵੀ ਇਕੱਲੇ ਨਹੀਂ ਹੁੰਦੇ। ਜਦ ਤਕ ਯਹੋਵਾਹ ਸਾਡੇ ਨਾਲ ਹੈ ਸਾਡੀ ਹਮੇਸ਼ਾ ਜਿੱਤ ਹੋਵੇਗੀ।—ਰੋਮੀਆਂ 8:31, 37.
ਭਲੇ ਕੰਮ ‘ਉਸਤਤ ਅਤੇ ਆਦਰ ਦੇ ਜੋਗ’ ਹਨ
ਸਮੇਂ-ਸਮੇਂ ਤੇ ਸਾਰੇ ਮਸੀਹੀ ‘ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੁੰਦੇ’ ਹਨ। ਪਰ ਸਾਨੂੰ ‘ਭਲਿਆਈ ਕਰਦਿਆਂ ਅੱਕਣਾ’ ਨਹੀਂ ਚਾਹੀਦਾ। ਮੁਸ਼ਕਲਾਂ ਦੌਰਾਨ ਇਸ ਗੱਲ ਤੋਂ ਤਾਕਤ ਪਾਓ ਕਿ ਜੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਾਂਗੇ, ਤਾਂ ਅਖ਼ੀਰ ਵਿਚ ਸਾਡੀ ਨਿਹਚਾ ‘ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇਗੀ।’ (1ਪਤਰਸ 1:6,7) ਯਹੋਵਾਹ ਤੁਹਾਡੀ ਨਿਹਚਾ ਮਜ਼ਬੂਤ ਕਰਨ ਲਈ ਜੋ ਵੀ ਪ੍ਰਬੰਧ ਕਰਦਾ ਹੈ, ਉਨ੍ਹਾਂ ਦਾ ਪੂਰਾ ਫ਼ਾਇਦਾ ਲਓ। ਜੇ ਤੁਹਾਨੂੰ ਖ਼ਾਸ ਮਦਦ ਦੀ ਲੋੜ ਹੋਵੇ, ਤਾਂ ਕਲੀਸਿਯਾ ਦੇ ਬਜ਼ੁਰਗਾਂ ਕੋਲ ਜਾਓ ਕਿਉਂਕਿ ਉਹ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ, ਉਨ੍ਹਾਂ ਨੂੰ ਉਪਦੇਸ਼ ਤੇ ਸਲਾਹ ਦੇਣ ਲਈ ਨਿਯੁਕਤ ਕੀਤੇ ਗਏ ਹਨ। (ਰਸੂਲਾਂ ਦੇ ਕਰਤੱਬ 20:28) ਸਭਾਵਾਂ ਵਿਚ ਲਗਾਤਾਰ ਜਾਂਦੇ ਰਹੋ ਜੋ “ਪ੍ਰੇਮ ਅਰ ਸ਼ੁਭ ਕਰਮਾਂ ਲਈ” ਸਾਨੂੰ ਪ੍ਰੇਰਦੀਆਂ ਹਨ। (ਇਬਰਾਨੀਆਂ 10:24) ਹਰ ਰੋਜ਼ ਬਾਈਬਲ ਪੜ੍ਹਨ, ਅਧਿਐਨ ਕਰਨ ਅਤੇ ਪ੍ਰਚਾਰ ਕਰਨ ਨਾਲ ਤੁਸੀਂ ਚੌਕਸ ਰਹੋਗੇ ਤੇ ਆਪਣੀ ਨਿਹਚਾ ਪੱਕੀ ਰੱਖੋਗੇ।—ਜ਼ਬੂਰਾਂ ਦੀ ਪੋਥੀ 1:1-3; ਮੱਤੀ 24:14.
ਤੁਸੀਂ ਯਹੋਵਾਹ ਦੇ ਪਿਆਰ ਅਤੇ ਕੋਮਲਤਾ ਨੂੰ ਜਿੰਨਾ ਜ਼ਿਆਦਾ ਅਨੁਭਵ ਕਰੋਗੇ, ਉੱਨਾ ਜ਼ਿਆਦਾ ਤੁਸੀਂ “ਸ਼ੁਭ ਕਰਮਾਂ ਵਿੱਚ ਸਰਗਰਮ” ਹੋਵੋਗੇ। (ਤੀਤੁਸ 2:14) ਯਾਦ ਰੱਖੋ, “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਇਸ ਲਈ ਠਾਣ ਲਓ ਕਿ ਤੁਸੀਂ ‘ਭਲਿਆਈ ਕਰਦਿਆਂ ਅੱਕੋਗੇ ਨਹੀਂ’!
[ਸਫ਼ੇ 29 ਉੱਤੇ ਸੁਰਖੀ]
ਸਾਨੂੰ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਯਹੋਵਾਹ ਸਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਆਉਣ ਦੇਵੇਗਾ ਜੋ ‘ਸਾਡੇ ਤੋਂ ਨਹੀਂ ਝੱਲਿਆ ਜਾਵੇਗਾ,’ ਸਗੋਂ ਉਹ “ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ”
[ਸਫ਼ੇ 30 ਉੱਤੇ ਤਸਵੀਰਾਂ]
ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਨਾਲ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਵਾਂਗੇ