‘ਭਲਿਆਈ ਕਰਨ’ ਵਿਚ ਲੱਗੇ ਰਹੋ
1 ਤੁਸੀਂ ਉਦੋਂ ਬਹੁਤ ਚੰਗਾ ਕੰਮ ਕੀਤਾ ਸੀ ਜਦੋਂ ਤੁਸੀਂ ਯਹੋਵਾਹ ਪਰਮੇਸ਼ੁਰ ਦੇ ਇਕ ਸੇਵਕ ਬਣੇ। ਪਰ ਹੁਣ ਇਨ੍ਹਾਂ ਭੈੜੇ ਸਮਿਆਂ ਵਿਚ ‘ਭਲਿਆਈ ਕਰਨ’ ਵਿਚ ਲੱਗੇ ਰਹਿਣਾ ਇਕ ਚੁਣੌਤੀ ਹੈ। (ਗਲਾ. 6:9) ਭਾਵੇਂ ਕਿ ਇਸ ਵਾਸਤੇ ਤੁਹਾਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ, ਪਰ ਤੁਸੀਂ ਭਲਾਈ ਕਰਨ ਵਿਚ ਲੱਗੇ ਰਹਿ ਸਕਦੇ ਹੋ। ਕਿੱਦਾਂ?
2 ਯਿਸੂ ਵਰਗਾ ਮਾਨਸਿਕ ਰਵੱਈਆ ਪੈਦਾ ਕਰੋ: ਜੇ ਤੁਸੀਂ ਪਰਮੇਸ਼ੁਰ ਦੇ ਰਾਜ ਦੀ ਉਮੀਦ ਉੱਤੇ ਧਿਆਨ ਲਗਾਈ ਰੱਖੋਗੇ, ਤਾਂ ਤੁਸੀਂ ਵੀ ਯਿਸੂ ਵਾਂਗ ਅਜ਼ਮਾਇਸ਼ਾਂ ਨੂੰ ਸਹਿ ਸਕੋਗੇ। (ਇਬ. 12:2, 3) ਇਸ ਗੱਲ ਦਾ ਪੂਰਾ ਯਕੀਨ ਰੱਖੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਤੇ ਉਹ ਚਾਹੁੰਦਾ ਹੈ ਕਿ ਤੁਸੀਂ ਕਾਮਯਾਬ ਹੋਵੋ। (2 ਪਤ. 3:9) ਉਸ ਵਿਚ ਪੂਰਾ ਭਰੋਸਾ ਰੱਖੋ ਕਿ ਉਹ ਤੁਹਾਡੀ ਮਦਦ ਜ਼ਰੂਰ ਕਰੇਗਾ। (1 ਕੁਰਿੰ. 10:13) ਪ੍ਰਾਰਥਨਾ ਵਿਚ ਲੱਗੇ ਰਹੋ ਤੇ ਯਹੋਵਾਹ ਕੋਲੋਂ ਅਜ਼ਮਾਇਸ਼ਾਂ ਸਹਿਣ ਲਈ ਮਦਦ ਮੰਗਦੇ ਰਹੋ। (ਰੋਮੀ. 12:12) ਇਸ ਪੱਕੇ ਭਰੋਸੇ ਵਿਚ ਖ਼ੁਸ਼ੀ ਮਨਾਓ ਕਿ ਜਦੋਂ ਤੁਸੀਂ ਧੀਰਜ ਰੱਖਦੇ ਹੋ, ਤਾਂ ਤੁਸੀਂ ਦ੍ਰਿੜ੍ਹ ਹੋਵੋਗੇ ਅਤੇ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲੇਗੀ। (ਰੋਮੀ. 5:3-5) ਜਦੋਂ ਤੁਸੀਂ ਆਪਣੇ ਵਿਚ ਵਫ਼ਾਦਾਰੀ ਨਾਲ ‘ਯਿਸੂ ਦਾ ਮਨ’ ਪੈਦਾ ਕਰੋਗੇ, ਤਾਂ ਇਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ ਤੇ ਯਹੋਵਾਹ ਦਾ ਦਿਲ ਖ਼ੁਸ਼ ਹੋਵੇਗਾ।—ਰੋਮੀ. 15:5, ਪੰਜਾਬੀ ਬਾਈਬਲ ਨਵਾਂ ਅਨੁਵਾਦ; ਕਹਾ. 27:11.
3 ਭਲੇ ਕੰਮ ਕਰਦੇ ਰਹੋ: ਯਹੋਵਾਹ ਵੱਲੋਂ ਕੀਤੇ ਉਨ੍ਹਾਂ ਸਾਰੇ ਇੰਤਜ਼ਾਮਾਂ ਦਾ ਪੂਰਾ-ਪੂਰਾ ਫ਼ਾਇਦਾ ਉਠਾਓ ਜਿਨ੍ਹਾਂ ਦੀ ਮਦਦ ਨਾਲ ਉਸ ਦੇ ਲੋਕ ਭਲਾਈ ਕਰਨ ਵਿਚ ਲੱਗੇ ਰਹਿ ਸਕਦੇ ਹਨ। ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਮਾਤਬਰ ਤੇ ਬੁੱਧਵਾਨ ਨੌਕਰ ਵਰਗ ਵੱਲੋਂ ਤਿਆਰ ਕੀਤੇ ਗਏ ਬਾਈਬਲ ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਨ ਦੀ ਚੰਗੀ ਆਦਤ ਪਾਓ ਤੇ ਇਸ ਨੂੰ ਬਰਕਰਾਰ ਰੱਖੋ। ਕਲੀਸਿਯਾ ਦੀਆਂ ਸਭਾਵਾਂ ਦੀ ਬਾਕਾਇਦਾ ਤਿਆਰੀ ਕਰੋ, ਉਨ੍ਹਾਂ ਵਿਚ ਹਾਜ਼ਰ ਹੋਵੋ ਅਤੇ ਟਿੱਪਣੀਆਂ ਕਰੋ। ਮਸੀਹੀ ਸਭਾਵਾਂ ਤੋਂ ਪਹਿਲਾਂ ਤੇ ਬਾਅਦ ਵਿਚ ਆਪਣੇ ਅਧਿਆਤਮਿਕ ਭੈਣ-ਭਰਾਵਾਂ ਨਾਲ ਸੰਗਤੀ ਕਰੋ। ਪ੍ਰਚਾਰ ਵਿਚ ਅਰਥਪੂਰਣ ਹਿੱਸਾ ਲੈਣ ਲਈ ਵਿਵਹਾਰਕ ਟੀਚੇ ਰੱਖੋ ਅਤੇ ਦੂਜਿਆਂ ਨੂੰ ਚੰਗੇ ਤਰੀਕੇ ਨਾਲ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਹੁਨਰਾਂ ਨੂੰ ਸੁਧਾਰੋ।
4 ਇਸ ਤਰ੍ਹਾਂ ਤੁਸੀਂ ਭਲਾਈ ਕਰਨ ਵਿਚ ਲੱਗੇ ਰਹਿ ਸਕਦੇ ਹੋ ਤੇ ਇਸ ਤੋਂ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ। ਇਸ ਬਾਰੇ ਇਟਲੀ ਦੇ ਇਕ ਭਰਾ ਨੇ ਕਿਹਾ: “ਇਹ ਠੀਕ ਹੈ ਕਿ ਸ਼ਾਮ ਨੂੰ ਜਦੋਂ ਮੈਂ ਯਹੋਵਾਹ ਦੀ ਸੇਵਾ ਵਿਚ ਪੂਰਾ ਦਿਨ ਬਿਤਾ ਕੇ ਘਰ ਵਾਪਸ ਆਉਂਦਾ ਹਾਂ, ਤਾਂ ਮੈਂ ਥੱਕ ਜਾਂਦਾ ਹਾਂ। ਪਰ ਮੈਂ ਖ਼ੁਸ਼ ਹਾਂ ਅਤੇ ਯਹੋਵਾਹ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਉਸ ਨੇ ਮੈਨੂੰ ਉਹ ਖ਼ੁਸ਼ੀ ਦਿੱਤੀ ਹੈ ਜਿਸ ਨੂੰ ਕੋਈ ਵੀ ਨਹੀਂ ਖੋਹ ਸਕਦਾ।” ਇਸ ਲਈ ਭਲਾਈ ਕਰਨ ਵਿਚ ਲੱਗੇ ਰਹੋ, ਤਾਂ ਤੁਹਾਨੂੰ ਵੀ ਵੱਡੀ ਖ਼ੁਸ਼ੀ ਮਿਲੇਗੀ।