ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w06 10/15 ਸਫ਼ੇ 5-7
  • ਰੱਬ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੱਬ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸੱਚਾਈ ਦੀ ਤਲਾਸ਼
  • ਪਰਮੇਸ਼ੁਰ ਸੇਧ ਕਿਸ ਜ਼ਰੀਏ ਦਿੰਦਾ ਹੈ?
  • “ਬੁੱਧ ਯਹੋਵਾਹ ਹੀ ਦਿੰਦਾ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਯਹੋਵਾਹ—ਭੇਤਾਂ ਨੂੰ ਪ੍ਰਗਟ ਕਰਨ ਵਾਲਾ ਪਰਮੇਸ਼ੁਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ‘ਉਸ ਵਿਚ ਬੁੱਧ ਦਾ ਖ਼ਜ਼ਾਨਾ ਹੈ’
    ‘ਆਓ ਮੇਰੇ ਚੇਲੇ ਬਣੋ’
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
w06 10/15 ਸਫ਼ੇ 5-7

ਰੱਬ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ?

ਸ਼ਾਇਦ ਕਈਆਂ ਨੂੰ ਇਹ ਗੱਲ ਅਜੀਬ ਲੱਗੇ ਕਿ ਰੱਬ ਚਾਹੁੰਦਾ ਹੈ ਕਿ ਇਨਸਾਨ ਉਸ ਨੂੰ ਜਾਣਨ। ਜੇ ਰੱਬ ਵਾਕਈ ਇਹ ਚਾਹੁੰਦਾ ਹੈ, ਤਾਂ ਫਿਰ ਉਹ ਆਪਣੇ ਬਾਰੇ ਜਾਣਕਾਰੀ ਕਿਵੇਂ ਦਿੰਦਾ ਹੈ?

ਸੋਲ੍ਹਵੀਂ ਸਦੀ ਦੇ ਇਕ ਪ੍ਰੋਟੈਸਟੈਂਟ ਆਗੂ ਜੌਨ ਕੈਲਵਿਨ ਨੇ ਕਿਹਾ ਕਿ ਕੋਈ ਵੀ ਪਰਮੇਸ਼ੁਰ ਨੂੰ ਆਪਣੇ ਬਲਬੂਤੇ ਤੇ ਨਹੀਂ ਜਾਣ ਸਕਦਾ। ਇਨਸਾਨ ਰੱਬ ਨੂੰ ਤਾਂ ਹੀ ਜਾਣ ਸਕਦੇ ਹਨ ਜੇ ਰੱਬ ਉਨ੍ਹਾਂ ਨੂੰ ਆਪਣਾ ਗਿਆਨ ਦੇਵੇ। ਪਰ ਕਈ ਲੋਕ ਅਜਿਹੇ ਹਨ ਜੋ ਇਸ ਗੱਲ ਤੇ ਸ਼ੱਕ ਕਰਦੇ ਹਨ ਕਿ ਪਰਮੇਸ਼ੁਰ ਵਾਕਈ ਇਨਸਾਨਾਂ ਨੂੰ ਆਪਣੇ ਬਾਰੇ ਜਾਣਕਾਰੀ ਦੇਣੀ ਚਾਹੁੰਦਾ ਹੈ। ਜੇ ਉਹ ਸੱਚ-ਮੁੱਚ ਇੱਦਾਂ ਚਾਹੁੰਦਾ ਹੈ, ਤਾਂ ਉਹ ਇਨਸਾਨਾਂ ਨੂੰ ਕਿਸ ਜ਼ਰੀਏ ਆਪਣੇ ਬਾਰੇ ਗਿਆਨ ਦਿੰਦਾ ਹੈ?

ਯਹੋਵਾਹ ਸਾਡਾ “ਕਰਤਾਰ” ਜੋ ਵੀ ਕਰਦਾ ਹੈ ਕਿਸੇ ਮਕਸਦ ਲਈ ਕਰਦਾ ਹੈ। ਉਹ “ਸਰਬ ਸ਼ਕਤੀਮਾਨ ਪਰਮੇਸ਼ੁਰ” ਹੈ ਅਤੇ ਆਪਣਾ ਹਰ ਮਕਸਦ ਪੂਰਾ ਕਰਨ ਦੀ ਸਮਰਥਾ ਰੱਖਦਾ ਹੈ। (ਉਪਦੇਸ਼ਕ ਦੀ ਪੋਥੀ 12:1; ਕੂਚ 6:3) ਅਸੀਂ ਇਸ ਗੱਲ ਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਮਕਸਦ ਇਨਸਾਨਾਂ ਨੂੰ ਦੱਸਦਾ ਹੈ ਕਿਉਂਕਿ ਉਸ ਨੇ ਆਪਣੇ ਨਬੀ ਆਮੋਸ ਨੂੰ ਇਹ ਲਿਖਣ ਲਈ ਪ੍ਰੇਰਿਆ: “ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।” ਧਿਆਨ ਦਿਓ ਕਿ ਇਸ ਆਇਤ ਵਿਚ ਕਿਹਾ ਗਿਆ ਹੈ ਕਿ ਯਹੋਵਾਹ ਆਪਣਾ ਭੇਤ ਸਿਰਫ਼ ਆਪਣੇ ਸੇਵਕਾਂ ਤੇ ਉਨ੍ਹਾਂ ਲੋਕਾਂ ਤੇ ਹੀ ਪ੍ਰਗਟ ਕਰਦਾ ਹੈ ਜੋ ਉਸ ਨੂੰ ਦਿਲੋਂ ਪਿਆਰ ਕਰਦੇ ਹਨ। ਯਹੋਵਾਹ ਲਈ ਇਸ ਤਰ੍ਹਾਂ ਕਰਨਾ ਕੋਈ ਅਜੀਬ ਗੱਲ ਨਹੀਂ ਹੈ। ਕਿਉਂ ਨਹੀਂ? ਕਿਉਂਕਿ ਅਸੀਂ ਵੀ ਆਪਣੇ ਦਿਲ ਦਾ ਭੇਤ ਉਨ੍ਹਾਂ ਅੱਗੇ ਖੋਲ੍ਹਦੇ ਹਾਂ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ।—ਆਮੋਸ 3:7; ਯਸਾਯਾਹ 40:13, 25, 26.

ਪਰਮੇਸ਼ੁਰ ਦਾ ਗਿਆਨ ਤੇ ਉਸ ਦੀ ਬੁੱਧ ਹਲੀਮ ਲੋਕਾਂ ਦੇ ਦਿਲਾਂ ਵਿਚ ਸ਼ਰਧਾ ਪੈਦਾ ਕਰਦੇ ਹਨ। ਪਰ ਪਰਮੇਸ਼ੁਰ ਦੇ ਗਿਆਨ ਅਤੇ ਬੁੱਧ ਤੋਂ ਲਾਭ ਉਠਾਉਣ ਲਈ ਸਾਨੂੰ ਆਪਣੇ ਦਿਲ ਵਿਚ ਉਸ ਲਈ ਸ਼ਰਧਾ ਪੈਦਾ ਕਰਨ ਨਾਲੋਂ ਕੁਝ ਜ਼ਿਆਦਾ ਕਰਨਾ ਪਵੇਗਾ। ਬਾਈਬਲ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਪਰਮੇਸ਼ੁਰ ਦੇ ਵਿਚਾਰਾਂ ਨੂੰ ਜਾਣਨ ਲਈ ਸਾਨੂੰ ਨਿਮਰ ਬਣਨਾ ਪਵੇਗਾ। ਤਦ ਹੀ ਅਸੀਂ ਇਨ੍ਹਾਂ ਸ਼ਬਦਾਂ ਤੇ ਪੂਰਾ-ਪੂਰਾ ਉੱਤਰ ਪਾਵਾਂਗੇ: ‘ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖ। ਬੁੱਧ ਵੱਲ ਕੰਨ ਲਾ ਅਤੇ ਸਮਝ ਉੱਤੇ ਚਿੱਤ ਲਾ। ਬਿਬੇਕ ਲਈ ਪੁਕਾਰ ਅਤੇ ਸਮਝ ਲਈ ਅਵਾਜ਼ ਕਢ। ਚਾਂਦੀ ਵਾਂਙੁ ਉਹ ਦੀ ਭਾਲ ਕਰ।’—ਕਹਾਉਤਾਂ 2:1-4.

ਇਸ ਤਰ੍ਹਾਂ ਕਰਨ ਵਾਲਾ ਕੋਈ ਵੀ ਹਲੀਮ ਇਨਸਾਨ ਪਰਮੇਸ਼ੁਰ ਨੂੰ ਜਾਣ ਸਕਦਾ ਹੈ। ਕਹਾਉਤਾਂ ਦੀ ਕਿਤਾਬ ਦੀਆਂ ਇਹ ਆਇਤਾਂ ਅੱਗੇ ਕਹਿੰਦੀਆਂ ਹਨ: “ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।” ਜੀ ਹਾਂ, ਪਰਮੇਸ਼ੁਰ ਦੇ ਗਿਆਨ ਨੂੰ ਭਾਲਣ ਵਾਲਾ ਨੇਕਦਿਲ ਇਨਸਾਨ “ਧਰਮ ਅਤੇ ਨਿਆਉਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ।”—ਕਹਾਉਤਾਂ 2:6-9.

ਸੱਚਾਈ ਦੀ ਤਲਾਸ਼

ਐਨਸਾਈਕਲੋਪੀਡੀਆ ਆਫ਼ ਰਿਲੀਜਨ ਕਹਿੰਦਾ ਹੈ: “ਇਨਸਾਨ ਅਸਲੀ-ਨਕਲੀ, ਸੱਚੇ-ਝੂਠੇ, ਬਲਵਾਨ-ਬਲਹੀਣ, ਪਵਿੱਤਰ-ਅਪਵਿੱਤਰ ਅਤੇ ਸਪੱਸ਼ਟ-ਅਸਪੱਸ਼ਟ ਵਿਚ ਅੰਤਰ ਕਰਨ ਦੀ ਲੋੜ ਮਹਿਸੂਸ ਕਰਦਾ ਹੈ।” ਚਿਰਾਂ ਤੋਂ ਲੋਕ ਇਨ੍ਹਾਂ ਗੱਲਾਂ ਬਾਰੇ ਸੱਚਾਈ ਜਾਣਨ ਦੀ ਕੋਸ਼ਿਸ਼ ਕਰਦੇ ਆਏ ਹਨ। ਪਰ ਸੱਚਾਈ ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਦੱਸ ਸਕਦਾ ਹੈ ਜਿਸ ਦੇ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ ਉਹ ‘ਸਚਿਆਈ ਦਾ ਪਰਮੇਸ਼ੁਰ’ ਹੈ।—ਜ਼ਬੂਰਾਂ ਦੀ ਪੋਥੀ 31:5.

ਯਹੋਵਾਹ ਦੇ ਨਾਮ ਦਾ ਅਰਥ ਹੈ ਕਿ ਉਹ ਆਪਣੇ ਹਰ ਮਕਸਦ ਨੂੰ ਪੂਰਾ ਕਰ ਕੇ ਹੀ ਰਹਿੰਦਾ ਹੈ। ਸਿਰਜਣਹਾਰ ਹੋਣ ਦੇ ਨਾਤੇ ਕੋਈ ਵੀ ਉਸ ਨੂੰ ਇੰਜ ਕਰਨ ਤੋਂ ਰੋਕ ਨਹੀਂ ਸਕਦਾ। ਅਸਲ ਵਿਚ ਸੱਚਾ ਧਰਮ ਉਹ ਹੀ ਹੈ ਜਿਸ ਨੂੰ ਮੰਨਣ ਵਾਲੇ ਪਰਮੇਸ਼ੁਰ ਦਾ ਨਾਮ ਇਸਤੇਮਾਲ ਕਰਦੇ ਹਨ। ਯਿਸੂ ਨੇ ਇਸ ਗੱਲ ਦੀ ਹਾਮੀ ਭਰੀ ਸੀ ਜਦ ਉਸ ਨੇ ਆਪਣੇ ਚੇਲਿਆਂ ਬਾਰੇ ਗੱਲ ਕਰਦੇ ਵਕਤ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ ਤਾਂ ਜਿਸ ਪ੍ਰੇਮ ਨਾਲ ਤੈਂ ਮੈਨੂੰ ਪਿਆਰ ਕੀਤਾ ਸੋਈ ਓਹਨਾਂ ਵਿੱਚ ਹੋਵੇ ਅਤੇ ਮੈਂ ਓਹਨਾਂ ਵਿੱਚ ਹੋਵਾਂ।”—ਯੂਹੰਨਾ 17:26.

ਪੁਰਾਣੇ ਜ਼ਮਾਨੇ ਵਿਚ ਯੂਸੁਫ਼ ਨਾਮ ਦਾ ਇਕ ਯਹੂਦੀ ਸੀ ਜੋ ਪਰਮੇਸ਼ੁਰ ਨੂੰ ਬਹੁਤ ਪਿਆਰ ਕਰਦਾ ਸੀ। ਜਦ ਉਸ ਨੂੰ ਸੁਪਨਿਆਂ ਦਾ ਅਰਥ ਸਮਝਾਉਣ ਲਈ ਕਿਹਾ ਗਿਆ, ਤਾਂ ਉਸ ਨੇ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖਦੇ ਹੋਏ ਕਿਹਾ: “ਕੀ ਅਰਥ ਕਰਨਾ ਪਰਮੇਸ਼ੁਰ ਦਾ ਕੰਮ ਨਹੀਂ ਹੈ?”—ਉਤਪਤ 40:8; 41:15, 16.

ਇਸ ਤੋਂ ਕੁਝ ਸਦੀਆਂ ਬਾਅਦ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਇਕ ਸੁਪਨਾ ਆਇਆ। ਇਸ ਸੁਪਨੇ ਦਾ ਅਰਥ ਰਾਜੇ ਦੇ ਸਾਰੇ ਵਿਦਵਾਨ ਉਸ ਨੂੰ ਦੱਸ ਨਾ ਸਕੇ। ਫਿਰ ਦਾਨੀਏਲ ਨਬੀ ਨੇ ਰਾਜੇ ਨੂੰ ਕਿਹਾ: “ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਹ ਨੇ ਮਹਾਰਾਜ ਨਬੂਕਦਨੱਸਰ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ।”—ਦਾਨੀਏਲ 2:28.

ਯੂਸੁਫ਼ ਤੇ ਦਾਨੀਏਲ ਦੀ ਮਿਸਾਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਆਪਣਾ ਗਿਆਨ ਤੇ ਆਪਣੀ ਬੁੱਧ ਉਨ੍ਹਾਂ ਤੇ ਪ੍ਰਗਟ ਕਰਦਾ ਹੈ ਜੋ ਉਸ ਦੀ ਭਗਤੀ ਕਰਦੇ ਹਨ। ਪਰਮੇਸ਼ੁਰ ਦੀ ਅਸੀਸ ਪਾਉਣ ਲਈ ਸਾਡੇ ਲਈ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਗ਼ਲਤ ਵਿਚਾਰਾਂ ਨੂੰ ਤਿਆਗੀਏ। ਪਹਿਲੀ ਸਦੀ ਵਿਚ ਯਿਸੂ ਦੇ ਚੇਲੇ ਬਣਨ ਵਾਲੇ ਯਹੂਦੀਆਂ ਨੂੰ ਵੀ ਇਹ ਕਰਨਾ ਪਿਆ ਸੀ। ਛੋਟੀ ਉਮਰ ਤੋਂ ਉਨ੍ਹਾਂ ਨੂੰ ਮੂਸਾ ਦੀ ਸ਼ਰਾ ਦੀ ਪਾਲਣਾ ਅਤੇ ਕਦਰ ਕਰਨੀ ਸਿਖਾਈ ਗਈ ਸੀ। ਉਨ੍ਹਾਂ ਨੂੰ ਇਹ ਗੱਲ ਕਬੂਲ ਕਰਨ ਲਈ ਵਕਤ ਦੀ ਲੋੜ ਸੀ ਕਿ ਯਿਸੂ ਹੀ ਮਸੀਹ ਹੈ ਜੋ ਮੂਸਾ ਦੀ ਸ਼ਰਾ ਨੂੰ ਪੂਰਾ ਕਰਨ ਲਈ ਆਇਆ ਸੀ ਤੇ ਸ਼ਰਾ “ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ” ਸੀ। (ਇਬਰਾਨੀਆਂ 10:1; ਮੱਤੀ 5:17; ਲੂਕਾ 24:44, 45) ਮੂਸਾ ਦੀ ਸ਼ਰਾ ਦੀ ਥਾਂ “ਮਸੀਹ ਦੀ ਸ਼ਰਾ” ਨੇ ਲੈ ਲਈ ਸੀ ਜੋ ਮੂਸਾ ਦੀ ਸ਼ਰਾ ਨਾਲੋਂ ਉੱਤਮ ਸੀ।—ਗਲਾਤੀਆਂ 6:2; ਰੋਮੀਆਂ 13:10; ਯਾਕੂਬ 2:8.

ਅਸੀਂ ਸਾਰੇ ਅਜਿਹੀ ਦੁਨੀਆਂ ਵਿਚ ਪੈਦਾ ਹੋਏ ਹਾਂ ਜੋ ਸੱਚੇ ਪਰਮੇਸ਼ੁਰ ਤੋਂ ਬਹੁਤ ਦੂਰ ਹੋ ਚੁੱਕੀ ਹੈ। ਸਾਨੂੰ ਸਾਰਿਆਂ ਨੂੰ ਪਹਿਲੇ ਇਨਸਾਨੀ ਜੋੜੇ ਆਦਮ ਤੇ ਹੱਵਾਹ ਤੋਂ ਵਿਰਸੇ ਵਿਚ ਪਾਪ ਮਿਲਿਆ ਹੈ, ਇਸ ਲਈ ਜਨਮ ਤੋਂ ਹੀ ਅਸੀਂ ਪਰਮੇਸ਼ੁਰ ਦੇ ਸੱਚੇ ਗਿਆਨ ਤੇ ਮਕਸਦਾਂ ਤੋਂ ਅਣਜਾਣ ਹਾਂ। ਇਸ ਤੋਂ ਇਲਾਵਾ ਅਸੀਂ ਵਿਰਸੇ ਵਿਚ ਧੋਖੇਬਾਜ਼ ਦਿਲ ਵੀ ਪਾਇਆ ਹੈ। (ਯਿਰਮਿਯਾਹ 17:9; ਅਫ਼ਸੀਆਂ 2:12; 4:18; ਕੁਲੁੱਸੀਆਂ 1:21) ਪਰਮੇਸ਼ੁਰ ਨਾਲ ਦੋਸਤੀ ਕਾਇਮ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਸੋਚ ਨੂੰ ਉਸ ਦੀ ਸੋਚ ਵਰਗੀ ਬਣਾਈਏ ਜੋ ਕਿ ਕੋਈ ਆਸਾਨ ਕੰਮ ਨਹੀਂ।

ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਧਰਮਾਂ ਦੇ ਵਿਚਾਰਾਂ ਜਾਂ ਰੀਤੀ-ਰਿਵਾਜਾਂ ਨੂੰ ਛੱਡਣਾ ਮੁਸ਼ਕਲ ਹੋ ਸਕਦਾ ਹੈ, ਖ਼ਾਸਕਰ ਜੇ ਇਹ ਛੋਟੀ ਉਮਰ ਤੋਂ ਹੀ ਸਾਨੂੰ ਸਿਖਾਏ ਗਏ ਸਨ। ਪਰ ਕੀ ਗ਼ਲਤ ਰਸਤੇ ਤੇ ਚੱਲਦੇ ਰਹਿਣਾ ਅਕਲਮੰਦੀ ਦੀ ਗੱਲ ਹੋਵੇਗੀ? ਬਿਲਕੁਲ ਨਹੀਂ! ਸਮਝਦਾਰੀ ਇਸੇ ਵਿਚ ਹੈ ਕਿ ਅਸੀਂ ਸਹੀ ਰਸਤੇ ਨੂੰ ਅਪਣਾ ਕੇ ਪਰਮੇਸ਼ੁਰ ਦੀ ਮਿਹਰ ਪਾਈਏ।

ਪਰਮੇਸ਼ੁਰ ਸੇਧ ਕਿਸ ਜ਼ਰੀਏ ਦਿੰਦਾ ਹੈ?

ਪਰਮੇਸ਼ੁਰ ਦੇ ਬਚਨ ਨੂੰ ਸਮਝਣ ਵਿਚ ਅਸੀਂ ਕਿਨ੍ਹਾਂ ਦੀ ਮਦਦ ਲੈ ਸਕਦੇ ਹਾਂ ਤਾਂਕਿ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕੀਏ? ਪਰਮੇਸ਼ੁਰ ਨੇ ਪੁਰਾਣੇ ਜ਼ਮਾਨੇ ਦੇ ਇਸਰਾਏਲੀਆਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਆਪਣੇ ਕੁਝ ਭਰੋਸੇਯੋਗ ਤੇ ਵਫ਼ਾਦਾਰ ਸੇਵਕਾਂ ਨੂੰ ਸੌਂਪੀ ਸੀ। ਇਸੇ ਤਰ੍ਹਾਂ ਅੱਜ ਕਲੀਸਿਯਾ ਦਾ ਸਿਰ ਯਿਸੂ ਮਸੀਹ ਉਨ੍ਹਾਂ ਲੋਕਾਂ ਨੂੰ ਨਿਰਦੇਸ਼ਨ ਦਿੰਦਾ ਹੈ ਜੋ ਸੱਚੇ ਦਿਲੋਂ ਸੱਚਾਈ ਦੀ ਭਾਲ ਕਰ ਰਹੇ ਹਨ। ਇਹ ਕੰਮ ਯਿਸੂ ਮਸੀਹ ਉਨ੍ਹਾਂ ਵਫ਼ਾਦਾਰ ਸੇਵਕਾਂ ਦੇ ਜ਼ਰੀਏ ਕਰਦਾ ਹੈ ਜੋ ਸੱਚਾਈ ਦੀ ਭਾਲ ਕਰਨ ਵਾਲਿਆਂ ਦੀ ਅਗਵਾਈ ਤੇ ਰਖਵਾਲੀ ਕਰਦੇ ਹਨ। (ਮੱਤੀ 24:45-47; ਕੁਲੁੱਸੀਆਂ 1:18) ਪਰ ਅਸੀਂ ਇਸ ਜ਼ਰੀਏ ਦੀ ਪਛਾਣ ਕਿਵੇਂ ਕਰ ਸਕਦੇ ਹਾਂ?

ਧਰਤੀ ਤੇ ਹੁੰਦਿਆਂ ਯਿਸੂ ਮਸੀਹ ਨੇ ਜੋ ਗੁਣ ਪ੍ਰਗਟ ਕੀਤੇ ਸਨ, ਉਹੀ ਗੁਣ ਉਸ ਦੇ ਚੇਲੇ ਆਪਣੇ ਵਿਚ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਬੁਰੀ ਤੋਂ ਬੁਰੀ ਹੁੰਦੀ ਜਾ ਰਹੀ ਦੁਨੀਆਂ ਵਿਚ ਯਿਸੂ ਦੇ ਸੱਚੇ ਚੇਲਿਆਂ ਦੀ ਪਛਾਣ ਉਨ੍ਹਾਂ ਦੇ ਸਦਗੁਣਾਂ ਤੋਂ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। (6ਵੇਂ ਸਫ਼ੇ ਤੇ ਡੱਬੀ ਦੇਖੋ) ਕੀ ਤੁਸੀਂ ਅਜਿਹੇ ਗੁਣ ਆਪਣੇ ਧਰਮ ਜਾਂ ਹੋਰਨਾਂ ਧਰਮਾਂ ਦੇ ਲੋਕਾਂ ਵਿਚ ਦੇਖੇ ਹਨ? ਚੰਗਾ ਹੋਵੇਗਾ ਕਿ ਤੁਸੀਂ ਇਹ ਦੇਖਣ ਲਈ ਬਾਈਬਲ ਦੀ ਸਹਾਇਤਾ ਲਵੋ।

ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਲਈ ਬਾਈਬਲ ਦਾ ਅਧਿਐਨ ਕਰੋ। ਪਿਛਲੇ ਸਾਲ ਯਹੋਵਾਹ ਦੇ ਗਵਾਹਾਂ ਨੇ 235 ਦੇਸ਼ਾਂ ਵਿਚ 60 ਲੱਖ ਤੋਂ ਉੱਪਰ ਲੋਕਾਂ ਜਾਂ ਪਰਿਵਾਰਾਂ ਨਾਲ ਬਾਈਬਲ ਦਾ ਅਧਿਐਨ ਕੀਤਾ ਸੀ। ਪਰਮੇਸ਼ੁਰ ਦਾ ਗਿਆਨ ਲੈਂਦੇ ਰਹਿਣ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ ਤੇ ਫ਼ਾਇਦਾ ਵੀ ਹੋਵੇਗਾ। ਕਿਉਂ ਨਾ ਤੁਸੀਂ ਵੀ ਪਰਮੇਸ਼ੁਰ ਦੇ ਰਾਹਾਂ ਨੂੰ ਅਪਣਾਓ ਤੇ ਉਸ ਦਾ ਗਿਆਨ ਤੇ ਬੁੱਧ ਹਾਸਲ ਕਰਦੇ ਰਹੋ? ਇਹ ਰਾਹ ਅਪਣਾ ਕੇ ਤੁਸੀਂ ਕਦੇ ਵੀ ਨਹੀਂ ਪਛਤਾਓਗੇ। ਜੀ ਹਾਂ, ਤੁਸੀਂ ਪਰਮੇਸ਼ੁਰ ਨੂੰ ਜਾਣ ਪਾਓਗੇ।

[ਸਫ਼ਾ 6 ਉੱਤੇ ਡੱਬੀ]

ਪਰਮੇਸ਼ੁਰ ਦੇ ਅਸੂਲਾਂ ਤੇ ਚੱਲਣ ਵਾਲੇ

ਸਿਆਸੀ ਮਾਮਲਿਆਂ ਵਿਚ ਕੋਈ ਹਿੱਸਾ ਨਹੀਂ ਲੈਂਦੇ।—ਯਸਾਯਾਹ 2:4.

ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਚੰਗੇ ਫਲ ਪੈਦਾ ਕਰਦੇ ਹਨ।—ਮੱਤੀ 7:13-23.

ਇਕ-ਦੂਜੇ ਨਾਲ ਪਿਆਰ ਕਰਦੇ ਹਨ।—ਯੂਹੰਨਾ 13:35; 1 ਯੂਹੰਨਾ 4:20.

ਇਕਸੁਰ ਵਿਚ ਬੋਲਦੇ ਹਨ।—ਮੀਕਾਹ 2:12.

ਦੁਨੀਆਂ ਦੇ ਤੌਰ-ਤਰੀਕੇ ਨਹੀਂ ਅਪਣਾਉਂਦੇ।—ਯੂਹੰਨਾ 17:16.

ਸੱਚਾਈ ਬਾਰੇ ਗਵਾਹੀ ਦਿੰਦੇ ਹਨ ਤੇ ਚੇਲੇ ਬਣਾਉਣ ਦਾ ਕੰਮ ਕਰਦੇ ਹਨ।—ਮੱਤੀ 24:14; 28:19, 20.

ਇਕ-ਦੂਜੇ ਨੂੰ ਉਤਸ਼ਾਹ ਦੇਣ ਲਈ ਬਾਕਾਇਦਾ ਇਕੱਠੇ ਹੁੰਦੇ ਹਨ।—ਇਬਰਾਨੀਆਂ 10:25.

ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਜਸ ਗਾਉਂਦੇ ਹਨ।—ਪਰਕਾਸ਼ ਦੀ ਪੋਥੀ 7:9, 10.

[ਸਫ਼ਾ 7 ਉੱਤੇ ਤਸਵੀਰ]

ਅਸੀਂ ਨਿੱਜੀ ਤੌਰ ਤੇ, ਪਰਿਵਾਰ ਨਾਲ ਜਾਂ ਫਿਰ ਕਲੀਸਿਯਾ ਨਾਲ ਮਿਲ ਕੇ ਪਰਮੇਸ਼ੁਰ ਦਾ ਗਿਆਨ ਲੈ ਸਕਦੇ ਹਾਂ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ