ਯਹੋਵਾਹ—ਭੇਤਾਂ ਨੂੰ ਪ੍ਰਗਟ ਕਰਨ ਵਾਲਾ ਪਰਮੇਸ਼ੁਰ
“ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ।”—ਦਾਨੀਏਲ 2:28.
1, 2. (ੳ) ਯਹੋਵਾਹ ਆਪਣੇ ਵੱਡੇ ਵਿਰੋਧੀ ਤੋਂ ਕਿਸ ਤਰ੍ਹਾਂ ਵੱਖਰਾ ਹੈ? (ਅ) ਮਾਨਵ ਇਹ ਫ਼ਰਕ ਕਿਸ ਤਰ੍ਹਾਂ ਦਿਖਾਉਂਦੇ ਹਨ?
ਯਹੋਵਾਹ, ਵਿਸ਼ਵ ਦਾ ਪਰਮ ਅਤੇ ਪ੍ਰੇਮਪੂਰਣ ਪਰਮੇਸ਼ੁਰ, ਇੱਕੋ ਇਕ ਸ੍ਰਿਸ਼ਟੀਕਰਤਾ, ਬੁੱਧ ਅਤੇ ਨਿਆਂ ਵਾਲਾ ਪਰਮੇਸ਼ੁਰ ਹੈ। ਉਸ ਨੂੰ ਆਪਣੀ ਪਛਾਣ, ਆਪਣੇ ਕਾਰਜ, ਜਾਂ ਆਪਣੇ ਮਕਸਦ ਛੁਪਾਉਣ ਦੀ ਕੋਈ ਲੋੜ ਨਹੀਂ ਹੈ। ਉਹ ਆਪਣੇ ਵਕਤ ਤੇ ਅਤੇ ਆਪਣੀ ਮਨ-ਮਰਜ਼ੀ ਨਾਲ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਇਸ ਤਰੀਕੇ ਵਿਚ ਉਹ ਆਪਣੇ ਵਿਰੋਧੀ, ਸ਼ਤਾਨ ਅਰਥਾਤ ਇਬਲੀਸ ਤੋਂ ਵੱਖਰਾ ਹੈ, ਜੋ ਆਪਣੀ ਅਸਲੀ ਪਛਾਣ ਅਤੇ ਆਪਣੇ ਇਰਾਦਿਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ।
2 ਜਿਵੇਂ ਯਹੋਵਾਹ ਅਤੇ ਸ਼ਤਾਨ ਇਕ ਦੂਜੇ ਤੋਂ ਉਲਟ ਹਨ, ਉਨ੍ਹਾਂ ਦੇ ਉਪਾਸਕ ਵੀ ਉਲਟ ਹਨ। ਸ਼ਤਾਨ ਦੇ ਪਿੱਛੇ ਲੱਗਣ ਵਾਲਿਆਂ ਦੀ ਵਿਸ਼ੇਸ਼ਤਾ ਛਲ ਅਤੇ ਧੋਖਾ ਹੈ। ਉਹ ਹਨੇਰੇ ਦੇ ਕੰਮ ਕਰਦੇ ਹੋਏ, ਆਪਣੇ ਆਪ ਨੂੰ ਚਾਨਣ ਵਿਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਕੁਰਿੰਥੀ ਮਸੀਹੀਆਂ ਨੂੰ ਇਸ ਅਸਲੀਅਤ ਤੋਂ ਨਾ ਹੈਰਾਨ ਹੋਣ ਲਈ ਕਿਹਾ ਗਿਆ ਸੀ। “ਕਿਉਂ ਜੋ ਏਹੋ ਜੇਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਂਦੇ ਹਨ। ਅਤੇ ਇਹ ਅਚਰਜ ਦੀ ਗੱਲ ਨਹੀਂ ਕਿਉਂ ਜੋ ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।” (2 ਕੁਰਿੰਥੀਆਂ 11:13, 14) ਦੂਜੇ ਪਾਸੇ, ਮਸੀਹੀ ਆਪਣੇ ਆਗੂ ਵਜੋਂ ਮਸੀਹ ਵੱਲ ਦੇਖਦੇ ਹਨ। ਜਦ ਉਹ ਧਰਤੀ ਉੱਤੇ ਸੀ, ਉਹ ਆਪਣੇ ਪਿਤਾ, ਯਹੋਵਾਹ ਪਰਮੇਸ਼ੁਰ, ਦੇ ਵਿਅਕਤਿੱਤਵ ਦਾ ਸੰਪੂਰਣ ਅਕਸ ਸੀ। (ਇਬਰਾਨੀਆਂ 1:1-3) ਇਸ ਤਰ੍ਹਾਂ, ਮਸੀਹ ਦੀ ਪੈਰੋਕਾਰੀ ਕਰ ਕੇ, ਮਸੀਹੀ ਯਹੋਵਾਹ ਦੀ ਨਕਲ ਕਰ ਰਹੇ ਹਨ ਜੋ ਸੱਚਾਈ, ਖੁੱਲ੍ਹਾਪਣ, ਅਤੇ ਚਾਨਣ ਦਾ ਪਰਮੇਸ਼ੁਰ ਹੈ। ਉਨ੍ਹਾਂ ਨੂੰ ਵੀ ਆਪਣੀ ਪਛਾਣ, ਆਪਣੇ ਕਾਰਜ, ਜਾਂ ਆਪਣੇ ਮਕਸਦ ਛੁਪਾਉਣ ਦੀ ਕੋਈ ਲੋੜ ਨਹੀਂ ਹੈ।—ਅਫ਼ਸੀਆਂ 4:17-19; 5:1, 2.
3. ਅਸੀਂ ਇਹ ਦੋਸ਼ ਕਿਸ ਤਰ੍ਹਾਂ ਗ਼ਲਤ ਸਾਬਤ ਕਰ ਸਕਦੇ ਹਾਂ ਕਿ ਯਹੋਵਾਹ ਦੇ ਗਵਾਹ ਬਣਨ ਵਾਲੇ ਲੋਕਾਂ ਨੂੰ ਕਿਸੇ “ਗੁਪਤ-ਪੰਥ” ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ?
3 ਯਹੋਵਾਹ ਆਪਣੀ ਸਮਝ ਅਨੁਸਾਰ ਸਭ ਤੋਂ ਮੁਨਾਸਬ ਸਮੇਂ ਤੇ, ਉਨ੍ਹਾਂ ਮਕਸਦਾਂ ਅਤੇ ਭਵਿੱਖ ਦੇ ਵੇਰਵਿਆਂ ਨੂੰ ਪ੍ਰਗਟ ਕਰਦਾ ਹੈ, ਜਿਨ੍ਹਾਂ ਤੋਂ ਮਨੁੱਖ ਪਹਿਲਾਂ ਅਣਜਾਣ ਸਨ। ਇਸ ਲਿਹਾਜ਼ ਵਿਚ ਉਹ ਭੇਤਾਂ ਨੂੰ ਪ੍ਰਗਟ ਕਰਨ ਵਾਲਾ ਪਰਮੇਸ਼ੁਰ ਹੈ। ਇਸ ਲਈ, ਜਿਹੜੇ ਲੋਕ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਅਜਿਹੀ ਪ੍ਰਗਟ ਕੀਤੀ ਹੋਈ ਜਾਣਕਾਰੀ ਲੈਣ ਲਈ ਸੱਦਿਆ ਜਾਂਦਾ ਹੈ—ਜੀ ਹਾਂ, ਉਤੇਜਿਤ ਕੀਤਾ ਜਾਂਦਾ ਹੈ। ਇਕ ਯੂਰਪੀ ਦੇਸ਼ ਵਿਚ 1,45,000 ਤੋਂ ਜ਼ਿਆਦਾ ਗਵਾਹਾਂ ਦੇ ਇਕ 1994 ਦੇ ਸਰਵੇਖਣ ਨੇ ਜ਼ਾਹਰ ਕੀਤਾ ਕਿ ਔਸਤ ਤੌਰ ਤੇ, ਉਨ੍ਹਾਂ ਵਿੱਚੋਂ ਹਰੇਕ ਨੇ ਗਵਾਹ ਬਣਨ ਦੀ ਚੋਣ ਕਰਨ ਤੋਂ ਪਹਿਲਾਂ, ਤਿੰਨ ਸਾਲਾਂ ਲਈ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ਦੀ ਨਿੱਜੀ ਰੂਪ ਵਿਚ ਜਾਂਚ ਕੀਤੀ। ਉਨ੍ਹਾਂ ਨੇ ਬਿਨਾਂ ਜ਼ਬਰਦਸਤੀ ਦੇ, ਆਪਣੀ ਸੁਤੰਤਰ ਇੱਛਾ ਦੇ ਅਨੁਸਾਰ ਇਹ ਚੋਣ ਕੀਤੀ। ਅਤੇ ਉਨ੍ਹਾਂ ਨੇ ਆਪਣੀ ਇੱਛਾ ਅਤੇ ਕਾਰਜ ਦੀ ਆਜ਼ਾਦੀ ਜਾਰੀ ਰੱਖੀ। ਉਦਾਹਰਣ ਲਈ, ਕਿਉਂ ਜੋ ਕੁਝ ਕੁ ਵਿਅਕਤੀ ਮਸੀਹੀਆਂ ਲਈ ਨੈਤਿਕਤਾ ਦੇ ਉੱਚ ਮਿਆਰਾਂ ਨਾਲ ਅਸਹਿਮਤ ਹੋ ਗਏ ਸਨ, ਇਨ੍ਹਾਂ ਨੇ ਬਾਅਦ ਵਿਚ ਫ਼ੈਸਲਾ ਕੀਤਾ ਕਿ ਇਹ ਹੁਣ ਗਵਾਹ ਨਹੀਂ ਰਹਿਣਾ ਚਾਹੁੰਦੇ ਸਨ। ਫਿਰ ਵੀ, ਦਿਲਚਸਪੀ ਦੀ ਗੱਲ ਇਹ ਹੈ ਕਿ ਬੀਤੇ ਪੰਜ ਸਾਲਾਂ ਦੇ ਦੌਰਾਨ, ਇਨ੍ਹਾਂ ਸਾਬਕਾ ਗਵਾਹਾਂ ਵਿੱਚੋਂ ਇਕ ਵੱਡੇ ਭਾਗ ਨੇ ਗਵਾਹਾਂ ਵਜੋਂ ਆਪਣੀ ਸੰਗਤ ਅਤੇ ਕਾਰਜ ਦੁਬਾਰਾ ਆਰੰਭ ਕਰਨ ਲਈ ਕਦਮ ਉਠਾਏ।
4. ਵਫ਼ਾਦਾਰ ਮਸੀਹੀਆਂ ਨੂੰ ਕਿਸ ਗੱਲ ਤੋਂ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਅਤੇ ਕਿਉਂ ਨਹੀਂ?
4 ਨਿਸ਼ਚੇ ਹੀ, ਸਾਰੇ ਸਾਬਕਾ ਗਵਾਹ ਵਾਪਸ ਨਹੀਂ ਆਉਂਦੇ, ਅਤੇ ਉਨ੍ਹਾਂ ਵਿੱਚੋਂ ਕੁਝ ਪਹਿਲਾਂ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀ ਦੀਆਂ ਪਦਵੀਆਂ ਰੱਖਦੇ ਸਨ। ਇਸ ਤੋਂ ਹੈਰਾਨੀ ਨਹੀਂ ਹੋਣੀ ਚਾਹੀਦੀ, ਕਿਉਂ ਜੋ ਯਿਸੂ ਦੇ ਸਭ ਤੋਂ ਨਜ਼ਦੀਕੀ ਪੈਰੋਕਾਰਾਂ ਵਿੱਚੋਂ ਇਕ, ਰਸੂਲ ਯਹੂਦਾ, ਵੀ ਉਸ ਨੂੰ ਛੱਡ ਗਿਆ ਸੀ। (ਮੱਤੀ 26:14-16, 20-25) ਪਰ ਕੀ ਇਹ ਮਸੀਹੀਅਤ ਬਾਰੇ ਪਰੇਸ਼ਾਨ ਹੋਣ ਦਾ ਕਾਰਨ ਹੈ? ਕੀ ਇਹ ਉਸ ਸਫ਼ਲਤਾ ਨੂੰ ਰੱਦ ਕਰਦਾ ਹੈ ਜਿਸ ਨਾਲ ਯਹੋਵਾਹ ਦੇ ਗਵਾਹ ਆਪਣੀ ਸਿੱਖਿਅਕ ਸਰਗਰਮੀ ਜਾਰੀ ਰੱਖਦੇ ਹਨ? ਹਰਗਿਜ਼ ਨਹੀਂ, ਜਿਵੇਂ ਕਿ ਯਹੂਦਾ ਇਸਕਰਿਯੋਤੀ ਦੀ ਦਗੇਬਾਜ਼ ਕਾਰਵਾਈ ਨੇ ਪਰਮੇਸ਼ੁਰ ਦੇ ਮਕਸਦਾਂ ਨੂੰ ਨਹੀਂ ਅਟਕਾਇਆ।
ਸਰਬਸ਼ਕਤੀਮਾਨ ਪਰ ਪ੍ਰੇਮਪੂਰਣ
5. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਅਤੇ ਯਿਸੂ ਮਾਨਵ ਨਾਲ ਪ੍ਰੇਮ ਕਰਦੇ ਹਨ, ਅਤੇ ਉਨ੍ਹਾਂ ਨੇ ਇਹ ਪ੍ਰੇਮ ਕਿਸ ਤਰ੍ਹਾਂ ਪ੍ਰਦਰਸ਼ਿਤ ਕੀਤਾ ਹੈ?
5 ਯਹੋਵਾਹ ਪ੍ਰੇਮ ਵਾਲਾ ਪਰਮੇਸ਼ੁਰ ਹੈ। ਉਹ ਲੋਕਾਂ ਦੀ ਪਰਵਾਹ ਕਰਦਾ ਹੈ। (1 ਯੂਹੰਨਾ 4:7-11) ਉਸ ਦੀ ਉੱਚ ਸਥਿਤੀ ਦੇ ਬਾਵਜੂਦ ਵੀ, ਉਹ ਮਨੁੱਖਾਂ ਨੂੰ ਆਪਣੇ ਮਿੱਤਰ ਬਣਾਉਣ ਵਿਚ ਆਨੰਦ ਮਾਣਦਾ ਹੈ। ਉਸ ਦੇ ਇਕ ਪ੍ਰਾਚੀਨ ਸੇਵਕ ਬਾਰੇ ਅਸੀਂ ਪੜ੍ਹਦੇ ਹਾਂ: “ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਹ ਦੇ ਲਈ ਧਰਮ ਗਿਣੀ ਗਈ ਅਤੇ ਉਹ ਪਰਮੇਸ਼ੁਰ ਦਾ ਮਿੱਤਰ ਸਦਾਇਆ।” (ਯਾਕੂਬ 2:23; 2 ਇਤਹਾਸ 20:7; ਯਸਾਯਾਹ 41:8) ਜਿਵੇਂ ਮਾਨਵੀ ਮਿੱਤਰ ਗੁਪਤ ਗੱਲਾਂ ਜਾਂ ਭੇਤ ਸਾਂਝੇ ਕਰਦੇ ਹਨ, ਯਹੋਵਾਹ ਵੀ ਆਪਣੇ ਮਿੱਤਰਾਂ ਨਾਲ ਇੰਜ ਕਰਦਾ ਹੈ। ਇਸ ਦੇ ਸੰਬੰਧ ਵਿਚ ਯਿਸੂ ਆਪਣੇ ਪਿਤਾ ਦੀ ਨਕਲ ਕਰਦਾ ਸੀ, ਕਿਉਂ ਜੋ ਉਸ ਨੇ ਆਪਣੇ ਚੇਲਿਆਂ ਨਾਲ ਦੋਸਤੀ ਕੀਤੀ ਅਤੇ ਉਨ੍ਹਾਂ ਨਾਲ ਭੇਤ ਸਾਂਝੇ ਕੀਤੇ। “ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ,” ਉਸ ਨੇ ਉਨ੍ਹਾਂ ਨੂੰ ਕਿਹਾ, “ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹ ਦਾ ਮਾਲਕ ਕੀ ਕਰਦਾ ਹੈ, ਪਰ ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ।” (ਯੂਹੰਨਾ 15:15) ਉਹ ਗੁਪਤ ਜਾਣਕਾਰੀ ਜਾਂ “ਭੇਤ” ਜੋ ਯਹੋਵਾਹ, ਉਸ ਦਾ ਪੁੱਤਰ, ਅਤੇ ਉਨ੍ਹਾਂ ਦੇ ਮਿੱਤਰ ਜਾਣਦੇ ਹਨ, ਉਨ੍ਹਾਂ ਨੂੰ ਪ੍ਰੇਮ ਅਤੇ ਸ਼ਰਧਾ ਦੇ ਅਟੁੱਟ ਬੰਧਨ ਵਿਚ ਇਕਮੁੱਠ ਕਰਦਾ ਹੈ।—ਕੁਲੁੱਸੀਆਂ 3:14.
6. ਯਹੋਵਾਹ ਨੂੰ ਆਪਣੇ ਇਰਾਦੇ ਛੁਪਾਉਣ ਦੀ ਕੋਈ ਲੋੜ ਕਿਉਂ ਨਹੀਂ ਹੈ?
6 ਯਹੋਵਾਹ ਦੇ ਨਾਂ ਦਾ ਮਤਲਬ, “ਉਹ ਬਣ ਜਾਂਦਾ ਹੈ,” ਇਹ ਸੰਕੇਤ ਕਰਦਾ ਹੈ ਕਿ ਉਹ ਆਪਣਾ ਮਕਸਦ ਪੂਰਾ ਕਰਨ ਲਈ ਉਹੋ ਕੁਝ ਬਣਨ ਦੀ ਯੋਗਤਾ ਰੱਖਦਾ ਹੈ ਜੋ ਉਸ ਨੂੰ ਬਣਨ ਦੀ ਲੋੜ ਹੁੰਦੀ ਹੈ। ਮਨੁੱਖਾਂ ਤੋਂ ਭਿੰਨ, ਯਹੋਵਾਹ ਨੂੰ ਡਰ ਦੇ ਕਾਰਨ ਆਪਣੇ ਇਰਾਦੇ ਛੁਪਾਉਣ ਦੀ ਕੋਈ ਲੋੜ ਨਹੀਂ ਹੈ ਕਿ ਸ਼ਾਇਦ ਦੂਸਰੇ ਉਸ ਦੇ ਇਰਾਦੇ ਪੂਰੇ ਕਰਨ ਵਿਚ ਰੁਕਾਵਟ ਪਾ ਦੇਣਗੇ। ਉਹ ਅਸਫ਼ਲ ਹੋ ਹੀ ਨਹੀਂ ਸਕਦਾ, ਇਸ ਲਈ ਉਹ ਖੁੱਲ੍ਹ ਕੇ ਆਪਣੇ ਬਚਨ, ਬਾਈਬਲ, ਵਿਚ ਕਾਫ਼ੀ ਹੱਦ ਤਕ ਪ੍ਰਗਟ ਕਰਦਾ ਹੈ ਕਿ ਉਹ ਕੀ ਕਰਨ ਦਾ ਉਦੇਸ਼ ਰੱਖਦਾ ਹੈ। ਉਹ ਵਾਅਦਾ ਕਰਦਾ ਹੈ: “ਮੇਰਾ ਬਚਨ . . . ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:11.
7. (ੳ) ਯਹੋਵਾਹ ਨੇ ਅਦਨ ਵਿਚ ਕੀ ਭਵਿੱਖਬਾਣੀ ਕੀਤੀ ਸੀ, ਅਤੇ ਸ਼ਤਾਨ ਨੇ ਕਿਸ ਤਰ੍ਹਾਂ ਪਰਮੇਸ਼ੁਰ ਨੂੰ ਸੱਚਾ ਸਾਬਤ ਕੀਤਾ ਸੀ? (ਅ) ਦੂਜਾ ਕੁਰਿੰਥੀਆਂ 13:8 ਵਾਲਾ ਸਿਧਾਂਤ ਕਿਸ ਤਰ੍ਹਾਂ ਹਮੇਸ਼ਾ ਸੱਚ ਸਾਬਤ ਹੁੰਦਾ ਹੈ?
7 ਅਦਨ ਵਿਚ ਬਗਾਵਤ ਤੋਂ ਕੁਝ ਦੇਰ ਬਾਅਦ, ਯਹੋਵਾਹ ਨੇ ਆਪਣੇ ਅਤੇ ਆਪਣੇ ਵਿਰੋਧੀ, ਸ਼ਤਾਨ ਦੇ ਦਰਮਿਆਨ ਚਾਲੂ ਵਿਵਾਦ ਦੇ ਅੰਤਿਮ ਪਰਿਣਾਮ ਦਾ ਸਾਰਾਂਸ਼ ਪ੍ਰਗਟ ਕੀਤਾ। ਪਰਮੇਸ਼ੁਰ ਦੀ ਵਾਅਦਾ ਕੀਤੀ ਹੋਈ ਸੰਤਾਨ ਦੁਖਦਾਈ ਢੰਗ ਨਾਲ ਡੰਗੀ ਜਾਵੇਗੀ, ਪਰੰਤੂ ਹਮੇਸ਼ਾ ਲਈ ਨਹੀਂ, ਹਾਲਾਂਕਿ ਸ਼ਤਾਨ ਅੰਤ ਵਿਚ ਇਕ ਮਾਰੂ ਚੋਟ ਖਾਵੇਗਾ। (ਉਤਪਤ 3:15) ਸੰਨ 33 ਸਾ.ਯੁ. ਵਿਚ, ਇਬਲੀਸ ਨੇ ਉਸ ਸੰਤਾਨ, ਮਸੀਹ ਯਿਸੂ ਦੀ ਜਾਨ ਲੈ ਕੇ ਅਸਲ ਵਿਚ ਉਸ ਨੂੰ ਡੰਗਿਆ ਸੀ। ਇਸ ਤਰ੍ਹਾਂ, ਸ਼ਤਾਨ ਨੇ ਸ਼ਾਸਤਰਵਚਨ ਦੀ ਪੂਰਤੀ ਕੀਤੀ ਅਤੇ ਨਾਲ ਹੀ ਯਹੋਵਾਹ ਨੂੰ ਸੱਚਾਈ ਦਾ ਪਰਮੇਸ਼ੁਰ ਸਾਬਤ ਕੀਤਾ, ਭਾਵੇਂ ਕਿ ਇਹ ਯਕੀਨਨ ਸ਼ਤਾਨ ਦਾ ਇਰਾਦਾ ਨਹੀਂ ਸੀ। ਸੱਚਾਈ ਅਤੇ ਧਾਰਮਿਕਤਾ ਲਈ ਉਸ ਦੀ ਨਫ਼ਰਤ, ਅਤੇ ਨਾਲ ਹੀ ਉਸ ਦਾ ਘਮੰਡੀ, ਅਪਸ਼ਚਾਤਾਪੀ ਰਵੱਈਆ, ਉਸ ਨੂੰ ਬਿਲਕੁਲ ਉਹੋ ਕਰਨ ਵੱਲ ਲੈ ਗਿਆ ਜਿਸ ਬਾਰੇ ਪਰਮੇਸ਼ੁਰ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਕਰੇਗਾ। ਜੀ ਹਾਂ, ਸੱਚਾਈ ਦੇ ਸਾਰੇ ਵਿਰੋਧੀਆਂ ਲਈ, ਸ਼ਤਾਨ ਲਈ ਵੀ, ਇਹ ਸਿਧਾਂਤ ਸੱਚ ਸਾਬਤ ਹੁੰਦਾ ਹੈ: “ਅਸੀਂ ਸਚਿਆਈ ਦੇ ਵਿਰੁੱਧ ਕੁਝ ਨਹੀਂ ਸਗੋਂ ਸਚਿਆਈ ਦੇ ਲਈ ਤਾਂ ਕੁਝ ਕਰ ਸੱਕਦੇ ਹਾਂ।”—2 ਕੁਰਿੰਥੀਆਂ 13:8.
8, 9. (ੳ) ਸ਼ਤਾਨ ਕੀ ਜਾਣਦਾ ਹੈ, ਪਰ ਕੀ ਇਹ ਗਿਆਨ ਯਹੋਵਾਹ ਦੇ ਮਕਸਦਾਂ ਦੀ ਪੂਰਤੀ ਨੂੰ ਖ਼ਤਰੇ ਵਿਚ ਪਾਉਂਦਾ ਹੈ? (ਅ) ਯਹੋਵਾਹ ਦੇ ਵਿਰੋਧੀ ਕਿਹੜੀ ਸਪੱਸ਼ਟ ਚੇਤਾਵਨੀ ਨੂੰ ਅਣਡਿੱਠ ਕਰਦੇ ਹਨ, ਅਤੇ ਕਿਉਂ?
8 ਜਦ ਤੋਂ ਪਰਮੇਸ਼ੁਰ ਦਾ ਰਾਜ 1914 ਵਿਚ ਅਦਿੱਖ ਰੂਪ ਵਿਚ ਸਥਾਪਿਤ ਕੀਤਾ ਗਿਆ ਸੀ, ਪਰਕਾਸ਼ ਦੀ ਪੋਥੀ 12:12 ਲਾਗੂ ਹੋਇਆ ਹੈ: “ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” ਫਿਰ ਵੀ, ਇਹ ਗਿਆਨ ਹੋਣ ਦੇ ਕਾਰਨ ਕਿ ਉਸ ਦਾ ਸਮਾਂ ਘੱਟ ਹੈ, ਕੀ ਸ਼ਤਾਨ ਆਪਣੀ ਚਾਲ ਬਦਲਦਾ ਹੈ? ਇਹ ਤਾਂ ਸ਼ਤਾਨ ਲਈ ਸਵੀਕ੍ਰਿਤੀ ਦੀ ਗੱਲ ਹੋਵੇਗੀ ਕਿ ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ ਅਤੇ ਕਿ ਇਕ ਪਰਮ ਸ਼ਾਸਕ ਵਜੋਂ, ਕੇਵਲ ਉਹ ਹੀ ਉਪਾਸਨਾ ਦੇ ਯੋਗ ਹੈ। ਪਰ, ਗਿਆਨ ਹੋਣ ਦੇ ਬਾਵਜੂਦ ਵੀ ਇਬਲੀਸ ਹਾਰ ਮੰਨਣ ਲਈ ਤਿਆਰ ਨਹੀਂ ਹੈ।
9 ਯਹੋਵਾਹ ਸਪੱਸ਼ਟ ਰੂਪ ਵਿਚ ਪ੍ਰਗਟ ਕਰਦਾ ਹੈ ਕਿ ਉਦੋਂ ਕੀ ਹੋਵੇਗਾ ਜਦੋਂ ਮਸੀਹ ਸ਼ਤਾਨ ਦੀ ਵਿਸ਼ਵ ਵਿਵਸਥਾ ਉੱਤੇ ਨਿਆਉਂ ਲਾਗੂ ਕਰਨ ਲਈ ਆਉਂਦਾ ਹੈ। (ਮੱਤੀ 24:29-31; 25:31-46) ਇਸ ਦੇ ਸੰਬੰਧ ਵਿਚ, ਦੁਨਿਆਵੀ ਸ਼ਾਸਕਾਂ ਬਾਰੇ ਉਸ ਦਾ ਬਚਨ ਐਲਾਨ ਕਰਦਾ ਹੈ: “ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ।” (1 ਥੱਸਲੁਨੀਕੀਆਂ 5:3) ਸ਼ਤਾਨ ਦੇ ਪਿੱਛੇ ਲੱਗਣ ਵਾਲੇ ਲੋਕ ਇਸ ਸਪੱਸ਼ਟ ਚੇਤਾਵਨੀ ਨੂੰ ਅਣਡਿੱਠ ਕਰਦੇ ਹਨ। ਉਹ ਆਪਣੇ ਭੈੜੇ ਹਿਰਦਿਆਂ ਦੇ ਕਾਰਨ ਅੰਨ੍ਹੇ ਹਨ, ਅਤੇ ਇਹ ਉਨ੍ਹਾਂ ਨੂੰ ਆਪਣੇ ਭੈੜੇ ਰਾਹ ਤੋਂ ਤੋਬਾ ਕਰਨ ਅਤੇ ਆਪਣੇ ਮਨਸੂਬਿਆਂ ਅਤੇ ਮਤਿਆਂ ਨੂੰ ਬਦਲਣ ਤੋਂ ਰੋਕਦਾ ਹੈ ਜੋ ਯਹੋਵਾਹ ਦੇ ਮਕਸਦਾਂ ਵਿਚ ਰੋੜਾ ਬਣਨ ਦਾ ਜਤਨ ਕਰਦੀਆਂ ਹਨ।
10. (ੳ) ਪਹਿਲਾ ਥੱਸਲੁਨੀਕੀਆਂ 5:3 ਸ਼ਾਇਦ ਕਿਸ ਹੱਦ ਤਕ ਪੂਰਤੀ ਪਾ ਚੁੱਕਾ ਹੈ, ਪਰ ਯਹੋਵਾਹ ਦੇ ਲੋਕਾਂ ਨੂੰ ਕਿਸ ਤਰ੍ਹਾਂ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ? (ਅ) ਨਿਹਚਾਹੀਣ ਲੋਕ ਭਵਿੱਖ ਵਿਚ ਯਹੋਵਾਹ ਦੇ ਲੋਕਾਂ ਦਾ ਵਿਰੋਧ ਕਰਨ ਵਿਚ ਸ਼ਾਇਦ ਕਿਉਂ ਹੋਰ ਦਲੇਰ ਹੋ ਜਾਣ?
10 ਖ਼ਾਸ ਕਰਕੇ 1986 ਤੋਂ, ਜਦੋਂ ਸੰਯੁਕਤ ਰਾਸ਼ਟਰ-ਸੰਘ ਨੇ ਇਕ ਅੰਤਰਰਾਸ਼ਟਰੀ ਸ਼ਾਂਤੀ ਦਾ ਸਾਲ ਐਲਾਨ ਕੀਤਾ ਸੀ, ਸੰਸਾਰ ਵਿਚ ਅਮਨ ਚੈਨ ਅਤੇ ਸੁਖ ਸਾਂਦ ਦੀ ਚਰਚਾ ਭਰਪੂਰ ਰਹੀ ਹੈ। ਵਿਸ਼ਵ ਸ਼ਾਂਤੀ ਨੂੰ ਸਿਰੇ ਚਾੜ੍ਹਨ ਦੇ ਜਤਨ ਵਿਚ ਨਿਸ਼ਚਿਤ ਕਦਮ ਚੁੱਕੇ ਗਏ ਹਨ, ਅਤੇ ਪ੍ਰਤੱਖ ਰੂਪ ਵਿਚ ਇਨ੍ਹਾਂ ਵਿੱਚੋਂ ਕੁਝ ਕਾਮਯਾਬ ਵੀ ਹੋਏ ਹਨ। ਕੀ ਇਸ ਭਵਿੱਖਬਾਣੀ ਦੀ ਇਹੋ ਪੂਰਤੀ ਹੈ, ਜਾਂ ਕੀ ਅਸੀਂ ਭਵਿੱਖ ਵਿਚ ਕੋਈ ਚੌਂਕਾ ਦੇਣ ਵਾਲੀ ਘੋਸ਼ਣਾ ਦੀ ਆਸ ਕਰ ਸਕਦੇ ਹਾਂ? ਆਪਣੇ ਹੀ ਉਚਿਤ ਸਮੇਂ ਤੇ ਯਹੋਵਾਹ ਇਹ ਗੱਲ ਵੀ ਸਪੱਸ਼ਟ ਕਰ ਦੇਵੇਗਾ। ਉਦੋਂ ਤਕ, ਆਓ ਅਸੀਂ ਅਧਿਆਤਮਿਕ ਰੂਪ ਵਿਚ ਜਾਗਦੇ ਰਹੀਏ, ਅਤੇ ‘ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੀਏ।’ (2 ਪਤਰਸ 3:12) ਜਿਉਂ ਹੀ ਸਮਾਂ ਗੁਜ਼ਰਦਾ ਰਹਿੰਦਾ ਹੈ, ਨਾਲ ਹੀ ਅਮਨ ਚੈਨ ਅਤੇ ਸੁਖ ਸਾਂਦ ਬਾਰੇ ਹੋਰ ਜ਼ਿਆਦਾ ਚਰਚੇ ਹੁੰਦੇ ਹਨ, ਕੁਝ ਵਿਅਕਤੀ ਜੋ ਇਸ ਚੇਤਾਵਨੀ ਬਾਰੇ ਜਾਣਦੇ ਹਨ, ਪਰ ਇਸ ਨੂੰ ਅਣਡਿੱਠ ਕਰਨ ਦੀ ਚੋਣ ਕਰਦੇ ਹਨ, ਸ਼ਾਇਦ ਹੋਰ ਅੜਬਪੁਣੇ ਨਾਲ ਇਹ ਮਿਥ ਲੈਣ ਕਿ ਯਹੋਵਾਹ ਆਪਣਾ ਬਚਨ ਪੂਰਾ ਨਹੀਂ ਕਰੇਗਾ, ਜਾਂ ਪੂਰਾ ਕਰ ਨਹੀਂ ਸਕਦਾ ਹੈ। (ਤੁਲਨਾ ਕਰੋ ਉਪਦੇਸ਼ਕ ਦੀ ਪੋਥੀ 8:11-13; 2 ਪਤਰਸ 3:3, 4.) ਪਰ ਸੱਚੇ ਮਸੀਹੀ ਜਾਣਦੇ ਹਨ ਕਿ ਯਹੋਵਾਹ ਆਪਣਾ ਮਕਸਦ ਪੂਰਾ ਕਰੇਗਾ!
ਯਹੋਵਾਹ ਦੁਆਰਾ ਇਸਤੇਮਾਲ ਕੀਤੇ ਜਾਂਦੇ ਸਾਧਨਾਂ ਲਈ ਉਚਿਤ ਆਦਰ
11. ਦਾਨੀਏਲ ਅਤੇ ਯੂਸੁਫ਼ ਨੇ ਯਹੋਵਾਹ ਬਾਰੇ ਕੀ ਸਿੱਖਿਆ ਸੀ?
11 ਜਦੋਂ ਨਵ-ਬਾਬਲੀ ਸਾਮਰਾਜ ਦੇ ਰਾਜਾ ਨਬੂਕਦਨੱਸਰ ਨੂੰ ਅਜਿਹਾ ਪਰੇਸ਼ਾਨ ਕਰਨ ਵਾਲਾ ਸੁਪਨਾ ਆਇਆ ਜੋ ਉਸ ਨੂੰ ਚੇਤੇ ਨਹੀਂ ਸੀ ਆਉਂਦਾ, ਤਾਂ ਉਸ ਨੇ ਸਹਾਇਤਾ ਮੰਗੀ। ਉਸ ਦੇ ਜਾਦੂਗਰ, ਜੋਤਸ਼ੀ, ਅਤੇ ਮੰਤਰੀ ਉਸ ਨੂੰ ਦੱਸ ਨਹੀਂ ਸਕੇ ਕਿ ਉਸ ਦਾ ਸੁਪਨਾ ਕੀ ਸੀ ਅਤੇ ਸੁਪਨੇ ਦਾ ਮਤਲਬ ਕੀ ਸੀ। ਪਰ ਪਰਮੇਸ਼ੁਰ ਦਾ ਸੇਵਕ ਦਾਨੀਏਲ ਦੱਸ ਸਕਿਆ ਸੀ, ਹਾਲਾਂਕਿ ਉਸ ਨੇ ਬਿਨਾਂ ਝਿਜਕ ਇਹ ਸਵੀਕਾਰ ਕੀਤਾ ਕਿ ਸੁਪਨੇ ਨੂੰ ਪ੍ਰਗਟ ਕਰਨਾ ਅਤੇ ਉਸ ਦਾ ਮਤਲਬ ਦੱਸਣਾ ਉਸ ਦੀ ਆਪਣੀ ਬੁੱਧ ਦੇ ਵੱਸ ਵਿਚ ਨਹੀਂ ਸੀ। ਦਾਨੀਏਲ ਨੇ ਕਿਹਾ: “ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਹ ਨੇ ਮਹਾਰਾਜ ਨਬੂਕਦਨੱਸਰ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ।” (ਦਾਨੀਏਲ 2:1-30) ਕਈ ਸਦੀਆਂ ਪਹਿਲਾਂ, ਪਰਮੇਸ਼ੁਰ ਦੇ ਇਕ ਹੋਰ ਨਬੀ, ਯੂਸੁਫ਼ ਦਾ ਵੀ ਅਜਿਹਾ ਤਜਰਬਾ ਰਿਹਾ ਸੀ ਕਿ ਯਹੋਵਾਹ ਭੇਤ ਪ੍ਰਗਟ ਕਰਨ ਵਾਲਾ ਹੈ।—ਉਤਪਤ 40:8-22; ਆਮੋਸ 3:7, 8.
12, 13. (ੳ) ਯਹੋਵਾਹ ਦਾ ਸਭ ਤੋਂ ਵੱਡਾ ਨਬੀ ਕੌਣ ਸੀ, ਅਤੇ ਤੁਸੀਂ ਇਸ ਤਰ੍ਹਾਂ ਕਿਉਂ ਜਵਾਬ ਦਿੰਦੇ ਹੋ? (ਅ) ਅੱਜ “ਪਰਮੇਸ਼ੁਰ ਦੇ ਭੇਤਾਂ ਦੇ ਮੁਖਤਿਆਰ” ਵਜੋਂ ਕੌਣ ਸੇਵਾ ਕਰ ਰਹੇ ਹਨ, ਅਤੇ ਸਾਨੂੰ ਉਨ੍ਹਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
12 ਧਰਤੀ ਤੇ ਸੇਵਾ ਕਰਨ ਵਾਲਾ ਯਹੋਵਾਹ ਦਾ ਸਭ ਤੋਂ ਵੱਡਾ ਨਬੀ ਯਿਸੂ ਸੀ। (ਰਸੂਲਾਂ ਦੇ ਕਰਤੱਬ 3:19-24) ਪੌਲੁਸ ਨੇ ਸਪੱਸ਼ਟ ਕੀਤਾ: “ਪਰਮੇਸ਼ੁਰ ਨੇ ਜਿਨ ਪਿੱਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰਾਂ ਨਾਲ ਗੱਲ ਕੀਤੀ ਸੀ, ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤ੍ਰ ਦੇ ਰਾਹੀਂ ਗੱਲ ਕੀਤੀ ਜਿਹ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਓਸੇ ਦੇ ਵਸੀਲੇ ਉਹ ਨੇ ਜਹਾਨ ਵੀ ਰਚੇ।”—ਇਬਰਾਨੀਆਂ 1:1, 2.
13 ਯਹੋਵਾਹ ਨੇ ਮੁਢਲੇ ਮਸੀਹੀਆਂ ਦੇ ਨਾਲ ਆਪਣੇ ਪੁੱਤਰ, ਯਿਸੂ, ਦੇ ਜ਼ਰੀਏ ਗੱਲਬਾਤ ਕੀਤੀ, ਜਿਸ ਨੇ ਉਨ੍ਹਾਂ ਨੂੰ ਈਸ਼ਵਰੀ ਭੇਤ ਦੱਸੇ। ਯਿਸੂ ਨੇ ਉਨ੍ਹਾਂ ਨੂੰ ਆਖਿਆ: “ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ।” (ਲੂਕਾ 8:10) ਬਾਅਦ ਵਿਚ ਪੌਲੁਸ ਨੇ ਮਸਹ ਕੀਤੇ ਹੋਏ ਮਸੀਹੀਆਂ ਦਾ “ਮਸੀਹ ਦੇ ਸੇਵਕ ਅਤੇ ਪਰਮੇਸ਼ੁਰ ਦੇ ਭੇਤਾਂ ਦੇ ਮੁਖਤਿਆਰ” ਵਜੋਂ ਜ਼ਿਕਰ ਕੀਤਾ ਸੀ। (1 ਕੁਰਿੰਥੀਆਂ 4:1) ਅੱਜ, ਮਸਹ ਕੀਤੇ ਹੋਏ ਮਸੀਹੀ ਇਸ ਹੈਸੀਅਤ ਵਿਚ ਸੇਵਾ ਕਰੀ ਜਾਂਦੇ ਹਨ, ਅਤੇ ਉਹ ਮਾਤਬਰ ਅਤੇ ਬੁੱਧਵਾਨ ਨੌਕਰ ਦੇ ਰੂਪ ਵਿਚ ਆਪਣੀ ਪ੍ਰਬੰਧਕ ਸਭਾ ਰਾਹੀਂ ਵੇਲੇ ਸਿਰ ਅਧਿਆਤਮਿਕ ਭੋਜਨ ਦਿੰਦੇ ਹਨ। (ਮੱਤੀ 24:45-47) ਜੇ ਅਸੀਂ ਪਰਮੇਸ਼ੁਰ ਦੇ ਬੀਤਿਆਂ ਦਿਨਾਂ ਦੇ ਪ੍ਰੇਰਿਤ ਨਬੀਆਂ ਦਾ, ਅਤੇ ਖ਼ਾਸ ਕਰਕੇ ਪਰਮੇਸ਼ੁਰ ਦੇ ਪੁੱਤਰ ਦਾ ਵੱਡਾ ਆਦਰ ਕਰਦੇ ਹਾਂ, ਤਾਂ ਕੀ ਸਾਨੂੰ ਉਸ ਮਾਨਵੀ ਸਾਧਨ ਦਾ ਆਦਰ ਨਹੀਂ ਕਰਨਾ ਚਾਹੀਦਾ ਹੈ ਜੋ ਯਹੋਵਾਹ ਅੱਜ ਇਨ੍ਹਾਂ ਭੈੜਿਆਂ ਸਮਿਆਂ ਵਿਚ ਆਪਣੇ ਲੋਕਾਂ ਲਈ ਇੰਨੀ ਲੋੜੀਂਦੀ ਬਾਈਬਲੀ ਜਾਣਕਾਰੀ ਪ੍ਰਗਟ ਕਰਨ ਲਈ ਇਸਤੇਮਾਲ ਕਰ ਰਿਹਾ ਹੈ?—2 ਤਿਮੋਥਿਉਸ 3:1-5, 13.
ਖੁੱਲ੍ਹਾਪਣ ਜਾਂ ਲੁਕਾਅ?
14. ਮਸੀਹੀ ਕਦੋਂ ਗੁਪਤ ਵਿਚ ਕੰਮ ਜਾਰੀ ਰੱਖਦੇ ਹਨ, ਅਤੇ ਇਸ ਸੰਬੰਧ ਵਿਚ ਕਿਸ ਦੇ ਉਦਾਹਰਣ ਦੀ ਨਕਲ ਕਰਦੇ ਹਨ?
14 ਕੀ ਮਾਮਲੇ ਪ੍ਰਗਟ ਕਰਨ ਵਿਚ ਯਹੋਵਾਹ ਦੇ ਖੁੱਲ੍ਹੇਪਣ ਦਾ ਇਹ ਮਤਲਬ ਹੈ ਕਿ ਮਸੀਹੀਆਂ ਨੂੰ ਹਮੇਸ਼ਾ ਅਤੇ ਹਰ ਹਾਲਤ ਵਿਚ ਸਭ ਕੁਝ ਜੋ ਉਹ ਜਾਣਦੇ ਹਨ ਪ੍ਰਗਟ ਕਰ ਦੇਣਾ ਚਾਹੀਦਾ ਹੈ? ਮਸੀਹੀ ਉਸ ਸਲਾਹ ਉੱਤੇ ਚੱਲਦੇ ਹਨ ਜੋ ਯਿਸੂ ਨੇ ਆਪਣੇ ਰਸੂਲਾਂ ਨੂੰ ਦਿੱਤੀ ਸੀ ਕਿ ਉਹ “ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ” ਹੋਣ। (ਮੱਤੀ 10:16) ਜੇ ਉਨ੍ਹਾਂ ਨੂੰ ਕਿਹਾ ਜਾਵੇ ਕਿ ਉਹ ਪਰਮੇਸ਼ੁਰ ਦੀ ਉਪਾਸਨਾ ਆਪਣੀਆਂ ਜ਼ਮੀਰਾਂ ਅਨੁਸਾਰ ਨਹੀਂ ਕਰ ਸਕਦੇ ਹਨ, ਤਾਂ ਮਸੀਹੀ “ਪਰਮੇਸ਼ੁਰ ਦਾ ਹੁਕਮ ਮੰਨਣਾ” ਜਾਰੀ ਰੱਖਦੇ ਹਨ, ਕਿਉਂ ਜੋ ਉਹ ਸਮਝਦੇ ਹਨ ਕਿ ਕਿਸੇ ਮਾਨਵੀ ਏਜੰਸੀ ਕੋਲ ਯਹੋਵਾਹ ਦੀ ਉਪਾਸਨਾ ਤੇ ਬੰਦਸ਼ ਲਾਉਣ ਦਾ ਹੱਕ ਨਹੀਂ ਹੈ। (ਰਸੂਲਾਂ ਦੇ ਕਰਤੱਬ 5:29) ਯਿਸੂ ਨੇ ਖ਼ੁਦ ਇਸ ਦੀ ਉਚਿਤਤਾ ਪ੍ਰਦਰਸ਼ਿਤ ਕੀਤੀ। ਅਸੀਂ ਪੜ੍ਹਦੇ ਹਾਂ: “ਇਹ ਦੇ ਪਿੱਛੋਂ ਯਿਸੂ ਗਲੀਲ ਵਿੱਚ ਫਿਰਦਾ ਰਿਹਾ ਕਿਉਂਕਿ ਉਹ ਨੇ ਯਹੂਦਿਯਾ ਵਿੱਚ ਫਿਰਨਾ ਨਾ ਚਾਹਿਆ ਇਸ ਲਈ ਜੋ ਯਹੂਦੀ ਉਹ ਦੇ ਮਾਰ ਸੁੱਟਣ ਦੇ ਮਗਰ ਪਏ ਸਨ। ਅਤੇ ਯਹੂਦੀਆਂ ਦੇ ਡੇਰਿਆਂ ਦਾ ਪਰਬ ਨੇੜੇ ਸੀ। ਤਦ ਯਿਸੂ ਨੇ ਉਨ੍ਹਾਂ [ਆਪਣੇ ਅਵਿਸ਼ਵਾਸੀ ਸਕੇ ਭਰਾਵਾਂ] ਨੂੰ ਆਖਿਆ . . . ਤੁਸੀਂ ਇਸ ਤਿਉਹਾਰ ਉੱਤੇ ਜਾਓ। ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ ਕਿਉਂਕਿ ਮੇਰਾ ਵੇਲਾ ਅਜੇ ਪੂਰਾ ਨਹੀਂ ਹੋਇਆ। ਅਤੇ ਉਹ ਏਹ ਗੱਲਾਂ ਉਨ੍ਹਾਂ ਨੂੰ ਕਹਿ ਕੇ ਗਲੀਲ ਵਿੱਚ ਰਿਹਾ। ਪਰ ਜਾਂ ਉਹ ਦੇ ਭਰਾ ਤਿਉਹਾਰ ਉੱਤੇ ਚੱਲੇ ਗਏ ਤਾਂ ਉਹ ਆਪ ਵੀ ਤੁਰ ਪਿਆ, ਪਰਗਟ ਨਹੀਂ ਪਰ ਮਾਨੋ ਗੁਪਤ ਵਿੱਚ।”—ਯੂਹੰਨਾ 7:1, 2, 6, 8-10.
ਦੱਸਣਾ ਜਾਂ ਨਹੀਂ ਦੱਸਣਾ?
15. ਯੂਸੁਫ਼ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਕੋਈ ਭੇਤ ਰੱਖਣਾ ਕਦੇ ਕਦੇ ਪ੍ਰੇਮਪੂਰਣ ਹੁੰਦਾ ਹੈ?
15 ਕੁਝ ਮਾਮਲਿਆਂ ਵਿਚ, ਕੋਈ ਗੱਲ ਗੁਪਤ ਰੱਖਣੀ ਕੇਵਲ ਅਕਲਮੰਦੀ ਨਹੀਂ ਪਰ ਪ੍ਰੇਮਪੂਰਣ ਵੀ ਹੁੰਦੀ ਹੈ। ਮਿਸਾਲ ਲਈ, ਜਦੋਂ ਯਿਸੂ ਦੇ ਲੈਪਾਲਕ ਪਿਤਾ, ਯੂਸੁਫ਼ ਨੂੰ ਪਤਾ ਲੱਗਾ ਕਿ ਉਸ ਦੀ ਮੰਗੀ ਹੋਈ ਵਹੁਟੀ, ਮਰਿਯਮ ਗਰਭਵੰਤੀ ਸੀ, ਤਾਂ ਉਸ ਨੇ ਕੀ ਕੀਤਾ ਸੀ? ਅਸੀਂ ਪੜ੍ਹਦੇ ਹਾਂ: “ਤਦ ਉਹ ਦੇ ਪਤੀ ਯੂਸੁਫ਼ ਨੇ ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਈ ਉਹ ਨੂੰ ਕਲੰਕਣ ਪਰਗਟ ਕਰੇ ਇਹ ਦਲੀਲ ਕੀਤੀ ਜੋ ਉਹ ਨੂੰ ਚੁੱਪ ਕੀਤਿਆਂ ਤਿਆਗ ਦੇਵੇ।” (ਟੇਢੇ ਟਾਈਪ ਸਾਡੇ।) (ਮੱਤੀ 1:18, 19) ਉਸ ਦਾ ਲੋਕਾਂ ਦੇ ਸਾਮ੍ਹਣੇ ਤਮਾਸ਼ਾ ਬਣਾਉਣਾ ਕਿੰਨਾ ਨਿਰਦਈ ਹੋਣਾ ਸੀ!
16. ਗੁਪਤ ਮਾਮਲਿਆਂ ਦੇ ਸੰਬੰਧ ਵਿਚ ਬਜ਼ੁਰਗਾਂ ਦੀ, ਅਤੇ ਕਲੀਸਿਯਾ ਦੇ ਬਾਕੀ ਮੈਂਬਰਾਂ ਦੀ ਕੀ ਜ਼ਿੰਮੇਵਾਰੀ ਹੈ?
16 ਗੁਪਤ ਮਾਮਲੇ ਜੋ ਪਰੇਸ਼ਾਨੀ ਜਾਂ ਦੁੱਖ ਦਾ ਕਾਰਨ ਹੋ ਸਕਦੇ ਹਨ, ਅਣ-ਅਧਿਕਾਰਿਤ ਵਿਅਕਤੀਆਂ ਦੇ ਅੱਗੇ ਪ੍ਰਗਟ ਨਹੀਂ ਕੀਤੇ ਜਾਣੇ ਚਾਹੀਦੇ ਹਨ। ਮਸੀਹੀ ਬਜ਼ੁਰਗ ਇਹ ਗੱਲ ਯਾਦ ਰੱਖਦੇ ਹਨ ਜਦੋਂ ਉਨ੍ਹਾਂ ਨੂੰ ਸੰਗੀ ਮਸੀਹੀਆਂ ਨੂੰ ਨਿੱਜੀ ਸਲਾਹ ਜਾਂ ਤਸੱਲੀ ਦੇਣੀ ਪੈਂਦੀ ਹੈ ਜਾਂ ਸ਼ਾਇਦ ਯਹੋਵਾਹ ਦੇ ਖ਼ਿਲਾਫ਼ ਗੰਭੀਰ ਪਾਪ ਕਰਨ ਦੇ ਕਾਰਨ ਉਨ੍ਹਾਂ ਨੂੰ ਅਨੁਸ਼ਾਸਨ ਵੀ ਦੇਣਾ ਪਵੇ। ਇਨ੍ਹਾਂ ਮਸਲਿਆਂ ਨੂੰ ਸ਼ਾਸਤਰ-ਸੰਬੰਧੀ ਤਰੀਕੇ ਨਾਲ ਨਜਿੱਠਣਾ ਜ਼ਰੂਰੀ ਹੈ; ਜੋ ਵਿਅਕਤੀ ਮਾਮਲੇ ਵਿਚ ਸ਼ਾਮਲ ਨਹੀਂ ਹਨ ਉਨ੍ਹਾਂ ਨੂੰ ਗੁਪਤ ਗੱਲਾਂ ਪ੍ਰਗਟ ਕਰਨੀਆਂ ਬੇਲੋੜਾ ਅਤੇ ਨਿਰਮੋਹਾ ਹੈ। ਯਕੀਨਨ, ਮਸੀਹੀ ਕਲੀਸਿਯਾ ਦੇ ਮੈਂਬਰ ਬਜ਼ੁਰਗਾਂ ਤੋਂ ਗੁਪਤ ਜਾਣਕਾਰੀ ਦਾ ਭੇਤ ਕੱਢਣ ਦੀ ਕੋਸ਼ਿਸ਼ ਨਹੀਂ ਕਰਨਗੇ ਪਰ ਬਜ਼ੁਰਗਾਂ ਦੀ ਗੁਪਤ ਗੱਲਾਂ ਨੂੰ ਲੁਕਾਈ ਰੱਖਣ ਦੀ ਜ਼ਿੰਮੇਵਾਰੀ ਦਾ ਆਦਰ ਕਰਨਗੇ। ਕਹਾਉਤਾਂ 25:9 ਕਹਿੰਦਾ ਹੈ: “ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਤੇ ਗੱਲ ਬਾਤ ਕਰ, ਅਤੇ ਏਸ ਭੇਤ ਨੂੰ ਕਿਸੇ ਦੂਜੇ ਤੇ ਨਾ ਖੋਲ੍ਹ।”
17. ਆਮ ਤੌਰ ਤੇ ਮਸੀਹੀ ਗੁਪਤ ਮਾਮਲਿਆਂ ਨੂੰ ਕਿਉਂ ਲੁਕਾਈ ਰੱਖਦੇ ਹਨ, ਪਰ ਉਹ ਹਮੇਸ਼ਾ ਇਸ ਤਰ੍ਹਾਂ ਕਿਉਂ ਨਹੀਂ ਕਰ ਸਕਦੇ ਹਨ?
17 ਇਹ ਸਿਧਾਂਤ ਪਰਿਵਾਰ ਉੱਤੇ ਅਤੇ ਗਹਿਰੇ ਦੋਸਤਾਂ ਉੱਤੇ ਵੀ ਲਾਗੂ ਹੁੰਦਾ ਹੈ। ਗ਼ਲਤਫ਼ਹਿਮੀਆਂ ਅਤੇ ਤਣਾਉ ਭਰੇ ਸੰਬੰਧ ਟਾਲਣ ਲਈ ਕੁਝ ਮਾਮਲਿਆਂ ਨੂੰ ਗੁਪਤ ਰੱਖਣਾ ਜ਼ਰੂਰੀ ਹੈ। “ਉੱਤਰੀ ਪੌਣ ਵਰਖਾ ਨੂੰ ਲਿਆਉਂਦੀ ਹੈ, ਅਤੇ ਨਿੰਦਿਆ ਕਰਨ [“ਭੇਤ ਖੋਲ੍ਹਣ,” ਨਿ ਵ] ਵਾਲੀ ਜੀਭ ਨਾਰਾਜ਼ ਝਾਕੀਆਂ।” (ਕਹਾਉਤਾਂ 25:23) ਬੇਸ਼ੱਕ, ਯਹੋਵਾਹ ਅਤੇ ਉਸ ਦੇ ਧਰਮੀ ਸਿਧਾਂਤਾਂ ਪ੍ਰਤੀ ਨਿਸ਼ਠਾ, ਅਤੇ ਭੁੱਲ ਕਰਨ ਵਾਲੇ ਵਿਅਕਤੀਆਂ ਲਈ ਪ੍ਰੇਮ ਦੇ ਕਾਰਨ ਸ਼ਾਇਦ ਕਦੀ-ਕਦਾਈਂ ਮਾਪਿਆਂ ਨੂੰ, ਮਸੀਹੀ ਬਜ਼ੁਰਗਾਂ ਨੂੰ, ਜਾਂ ਹੋਰ ਅਧਿਕਾਰ ਰੱਖਣ ਵਾਲਿਆਂ ਨੂੰ ਗੁਪਤ ਮਾਮਲਿਆਂ ਬਾਰੇ ਵੀ ਦੱਸਣਾ ਜ਼ਰੂਰੀ ਹੋ ਜਾਵੇ।a ਪਰ ਆਮ ਤੌਰ ਤੇ, ਮਸੀਹੀ ਦੂਸਰਿਆਂ ਦੇ ਨਿੱਜੀ ਭੇਤਾਂ ਨੂੰ ਰਾਜ਼ ਰੱਖਦੇ ਹਨ, ਅਤੇ ਇਨ੍ਹਾਂ ਦੀ ਆਪਣੇ ਭੇਤਾਂ ਵਾਂਗ ਰਾਖੀ ਕਰਦੇ ਹਨ।
18. ਕਿਹੜੇ ਤਿੰਨ ਮਸੀਹੀ ਗੁਣ ਇਹ ਫ਼ੈਸਲਾ ਕਰਨ ਵਿਚ ਸਾਡੀ ਮਦਦ ਕਰਨਗੇ ਕਿ ਕੀ ਸਾਨੂੰ ਦੱਸਣਾ ਚਾਹੀਦਾ ਹੈ ਅਤੇ ਕੀ ਸਾਨੂੰ ਨਹੀਂ ਦੱਸਣਾ ਚਾਹੀਦਾ?
18 ਸੰਖੇਪ ਵਿਚ, ਇਕ ਮਸੀਹੀ ਜਦੋਂ ਜ਼ਰੂਰੀ ਹੋਵੇ ਖ਼ਾਸ ਮਾਮਲਿਆਂ ਨੂੰ ਗੁਪਤ ਰੱਖ ਕੇ ਅਤੇ ਕੇਵਲ ਢੁਕਵੇਂ ਸਮੇਂ ਤੇ ਹੀ ਪ੍ਰਗਟ ਕਰ ਕੇ ਯਹੋਵਾਹ ਦੀ ਨਕਲ ਕਰਦਾ ਹੈ। ਇਹ ਫ਼ੈਸਲਾ ਕਰਨ ਵਿਚ ਕਿ ਕੀ ਉਸ ਨੂੰ ਦੱਸਣਾ ਚਾਹੀਦਾ ਹੈ ਅਤੇ ਕੀ ਨਹੀਂ ਦੱਸਣਾ ਚਾਹੀਦਾ, ਉਹ ਨਿਮਰਤਾ, ਨਿਹਚਾ, ਅਤੇ ਪ੍ਰੇਮ ਤੋਂ ਕੰਮ ਲੈਂਦਾ ਹੈ। ਨਿਮਰਤਾ ਉਸ ਨੂੰ ਆਪਣੀ ਸ਼ਾਨ ਵਧਾਉਣ ਤੋਂ ਰੋਕਦੀ ਹੈ, ਜਿਸ ਕਾਰਨ ਉਹ ਦੂਜਿਆਂ ਨੂੰ ਚਾਹੇ ਤਾਂ ਸਭ ਗੱਲਾਂ ਦੱਸ ਕੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਨ੍ਹਾਂ ਨੂੰ ਉਹ ਭੇਤ ਖੋਲ੍ਹਣ ਨਾਲ ਲਲਚਾਉਂਦਾ ਹੈ ਜੋ ਉਹ ਨਹੀਂ ਦੱਸ ਸਕਦਾ ਹੈ। ਯਹੋਵਾਹ ਦੇ ਬਚਨ ਅਤੇ ਮਸੀਹੀ ਕਲੀਸਿਯਾ ਵਿਚ ਨਿਹਚਾ ਉਸ ਨੂੰ ਈਸ਼ਵਰੀ ਰੂਪ ਵਿਚ ਮੁਹੱਈਆ ਕੀਤੀ ਗਈ ਬਾਈਬਲੀ ਜਾਣਕਾਰੀ ਦਾ ਪ੍ਰਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ ਜਿਉਂ ਹੀ ਉਹ ਅਜਿਹੀਆਂ ਗੱਲਾਂ ਕਹਿਣ ਤੋਂ ਪਰਹੇਜ਼ ਕਰਨ ਵਿਚ ਸਚੇਤ ਰਹਿੰਦਾ ਹੈ ਜੋ ਸ਼ੁਰੂਆਤ ਤੇ ਹੀ ਦੂਸਰਿਆਂ ਨੂੰ ਨਾਰਾਜ਼ ਕਰ ਸਕਦੀਆਂ ਹਨ। ਜੀ ਹਾਂ, ਪ੍ਰੇਮ ਉਸ ਨੂੰ ਸ਼ਰੇਆਮ ਪਰਮੇਸ਼ੁਰ ਦੀ ਪ੍ਰਸ਼ੰਸਾ ਕਰਨ ਵਾਲੀਆਂ ਗੱਲਾਂ ਨੂੰ ਦੱਸਣ ਲਈ ਪ੍ਰੇਰਿਤ ਕਰਦਾ ਹੈ ਨਾਲੇ ਉਹ ਗੱਲਾਂ ਜੋ ਲੋਕਾਂ ਨੂੰ ਜੀਵਨ ਹਾਸਲ ਕਰਨ ਲਈ ਜਾਣਨੀਆਂ ਜ਼ਰੂਰੀ ਹਨ। ਦੂਜੇ ਪਾਸੇ, ਗੁਪਤ ਨਿੱਜੀ ਮਾਮਲਿਆਂ ਦੀ ਉਹ ਰਾਖੀ ਕਰਦਾ ਹੈ, ਇਹ ਜਾਣਦੇ ਹੋਏ ਕਿ ਆਮ ਤੌਰ ਤੇ ਇਨ੍ਹਾਂ ਨੂੰ ਪ੍ਰਗਟ ਕਰਨਾ ਪ੍ਰੇਮ ਦੀ ਕਮੀ ਦਿਖਾਵੇਗਾ।
19. ਕਿਹੜੀ ਕ੍ਰਿਆ-ਵਿਧੀ ਸੱਚੇ ਮਸੀਹੀਆਂ ਦੀ ਪਛਾਣ ਕਰਨ ਵਿਚ ਮਦਦ ਕਰਦੀ ਹੈ, ਅਤੇ ਇਸ ਦਾ ਨਤੀਜਾ ਕੀ ਹੁੰਦਾ ਹੈ?
19 ਇਹ ਸੰਤੁਲਿਤ ਕ੍ਰਿਆ-ਵਿਧੀ ਸੱਚੇ ਮਸੀਹੀਆਂ ਦੀ ਪਛਾਣ ਕਰਨ ਵਿਚ ਮਦਦ ਕਰਦੀ ਹੈ। ਉਹ ਪਰਮੇਸ਼ੁਰ ਦੀ ਪਛਾਣ ਨੂੰ ਗੁਮਨਾਮੀ ਦੇ ਨਕਾਬ ਹੇਠ ਜਾਂ ਇਕ ਰਹੱਸਮਈ, ਨਾ ਵਿਆਖਿਆਉਣਯੋਗ ਤ੍ਰਿਏਕ ਸਿੱਖਿਆ ਦੇ ਪਰਦੇ ਪਿੱਛੇ ਨਹੀਂ ਛੁਪਾਉਂਦੇ ਹਨ। ਅਣਜਾਤੇ ਦੇਵਤੇ ਝੂਠੇ ਧਰਮ ਦੀ ਖ਼ਾਸੀਅਤ ਹਨ, ਸੱਚੇ ਦੀ ਨਹੀਂ। (ਦੇਖੋ ਰਸੂਲਾਂ ਦੇ ਕਰਤੱਬ 17:22, 23.) ਯਹੋਵਾਹ ਦੇ ਮਸਹ ਕੀਤੇ ਹੋਏ ਗਵਾਹ ਸੱਚ-ਮੁੱਚ “ਪਰਮੇਸ਼ੁਰ ਦੇ ਭੇਤਾਂ ਦੇ ਮੁਖਤਿਆਰ” ਹੋਣ ਦੇ ਵਿਸ਼ੇਸ਼-ਅਧਿਕਾਰ ਦੀ ਕਦਰ ਕਰਦੇ ਹਨ। ਹੋਰਨਾਂ ਨੂੰ ਇਹ ਭੇਤ ਖੁੱਲ੍ਹ ਕੇ ਪ੍ਰਗਟ ਕਰਨ ਦੁਆਰਾ, ਉਹ ਸੱਚੇ ਦਿਲ ਵਾਲਿਆਂ ਨੂੰ ਯਹੋਵਾਹ ਦੀ ਦੋਸਤੀ ਭਾਲਣ ਲਈ ਮਦਦ ਦਿੰਦੇ ਹਨ।—1 ਕੁਰਿੰਥੀਆਂ 4:1; 14:22-25; ਜ਼ਕਰਯਾਹ 8:23; ਮਲਾਕੀ 3:18.
[ਫੁਟਨੋਟ]
a ਨਵੰਬਰ 15, 1985, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ “ਦੂਸਰਿਆਂ ਦੇ ਪਾਪਾਂ ਵਿਚ ਹਿੱਸਾ ਨਾ ਲਵੋ” ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਯਹੋਵਾਹ ਨੂੰ ਆਪਣੇ ਇਰਾਦੇ ਛੁਪਾਉਣ ਦੀ ਕੋਈ ਲੋੜ ਕਿਉਂ ਨਹੀਂ ਹੈ?
◻ ਯਹੋਵਾਹ ਆਪਣੇ ਭੇਤ ਕਿਸ ਨੂੰ ਪ੍ਰਗਟ ਕਰਦਾ ਹੈ?
◻ ਗੁਪਤ ਮਾਮਲਿਆਂ ਦੇ ਸੰਬੰਧ ਵਿਚ ਮਸੀਹੀਆਂ ਦੀ ਕੀ ਜ਼ਿੰਮੇਵਾਰੀ ਹੈ?
◻ ਕਿਹੜੇ ਤਿੰਨ ਗੁਣ ਮਸੀਹੀਆਂ ਦੀ ਇਹ ਜਾਣਨ ਵਿਚ ਮਦਦ ਕਰਨਗੇ ਕਿ ਕੀ ਦੱਸਣਾ ਅਤੇ ਕੀ ਨਹੀਂ ਦੱਸਣਾ ਚਾਹੀਦਾ ਹੈ?
[ਸਫ਼ੇ 8, 9 ਉੱਤੇ ਤਸਵੀਰਾਂ]
ਯਹੋਵਾਹ ਆਪਣੇ ਬਚਨ ਰਾਹੀਂ ਭੇਤ ਪ੍ਰਗਟ ਕਰਦਾ ਹੈ