ਕੀ ਲੋਕ ਹਮੇਸ਼ਾ ਸ਼ਾਂਤੀ ਨਾਲ ਰਹਿ ਸਕਦੇ ਹਨ?
“ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।”—ਲੂਕਾ 2:14.
ਇਨ੍ਹਾਂ ਸ਼ਬਦਾਂ ਰਾਹੀਂ ਪਰਮੇਸ਼ੁਰ ਦੇ ਦੂਤਾਂ ਨੇ ਕੁਝ ਅਯਾਲੀਆਂ ਨੂੰ ਯਿਸੂ ਦੇ ਜਨਮ ਦੀ ਖ਼ੁਸ਼ ਖ਼ਬਰੀ ਸੁਣਾਈ ਜੋ ਰਾਤ ਨੂੰ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰ ਰਹੇ ਸਨ। ਚਰਚ ਵਾਲੇ ਮੰਨਦੇ ਹਨ ਕਿ ਯਿਸੂ ਦਾ ਜਨਮ ਦਸੰਬਰ ਵਿਚ ਹੋਇਆ ਸੀ। ਉਸ ਮਹੀਨੇ ਦੌਰਾਨ ਕਈ ਲੋਕ ਆਪਣੇ ਵਤੀਰੇ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਂ, ਕ੍ਰਿਸਮਸ ਦੇ ਵੇਲੇ ਲੋਕ ਖ਼ੁਸ਼ ਹੁੰਦੇ ਹਨ, ਦੂਸਰਿਆਂ ਨਾਲ ਚੰਗਾ ਸਲੂਕ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਨ।
ਜਿਹੜੇ ਲੋਕ ਕ੍ਰਿਸਮਸ ਨਹੀਂ ਵੀ ਮਨਾਉਂਦੇ, ਉਹ ਵੀ ਕ੍ਰਿਸਮਸ ਮਨਾਉਣ ਵਾਲੇ ਲੋਕਾਂ ਦਾ ਚੰਗਾ ਰਵੱਈਆ ਦੇਖ ਕੇ ਪ੍ਰਭਾਵਿਤ ਹੁੰਦੇ ਹਨ। ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਲੋਕਾਂ ਨੂੰ ਆਰਾਮ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਹ ਆਪਣੇ ਪਰਿਵਾਰਾਂ ਤੇ ਦੋਸਤਾਂ ਨਾਲ ਮਿਲ ਕੇ ਇਨ੍ਹਾਂ ਛੁੱਟੀਆਂ ਦਾ ਆਨੰਦ ਮਾਣਦੇ ਹਨ। ਇਸ ਦੇ ਨਾਲ-ਨਾਲ, ਕਈ ਲੋਕ ਦਿਲੋਂ ਵਿਸ਼ਵਾਸ ਕਰਦੇ ਹਨ ਕਿ ਕ੍ਰਿਸਮਸ ਦੇ ਸਮੇਂ ਤੇ ਯਿਸੂ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ।
ਲੋਕ ਕ੍ਰਿਸਮਸ ਦੇ ਤਿਉਹਾਰ ਨੂੰ ਚਾਹੇ ਮਹੱਤਵਪੂਰਣ ਸਮਝਣ ਜਾਂ ਨਾ, ਫਿਰ ਵੀ ਇਸ ਗੱਲ ਨਾਲ ਤਾਂ ਸਾਰੇ ਸਹਿਮਤ ਹਨ ਕਿ ਜੋ ਚੰਗਾ ਰਵੱਈਆ ਕ੍ਰਿਸਮਸ ਦੌਰਾਨ ਦਿਖਾਇਆ ਜਾਂਦਾ ਹੈ ਉਹ ਬਹੁਤੀ ਦੇਰ ਨਹੀਂ ਰਹਿੰਦਾ। ਕ੍ਰਿਸਮਸ ਲੰਘਦਿਆਂ ਹੀ ਲੋਕ ਆਪਣੇ ਪਿਛਲੇ ਖ਼ੁਦਗਰਜ਼ ਕੰਮਾਂ ਵਿਚ ਖੁੱਭ ਜਾਂਦੇ ਹਨ। ਕ੍ਰਿਸਮਸ ਦੌਰਾਨ ਲੋਕਾਂ ਦੇ ਰਵੱਈਏ ਬਾਰੇ ਇਕ ਲੇਖ ਵਿਚ ਕਿਹਾ ਗਿਆ ਸੀ ਕਿ “ਕਈ ਲੋਕ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਉਹ ਸਾਲ ਵਿਚ ਸਿਰਫ਼ ਕੁਝ ਹੀ ਹਫ਼ਤਿਆਂ ਲਈ ਇਸ ਦਾਅਵੇ ਤੇ ਪੂਰਾ ਉਤਰਦੇ ਹਨ। ਉਹ ਸਿਰਫ਼ ਕ੍ਰਿਸਮਸ ਦੇ ਸਮੇਂ ਹੀ ਦੂਸਰਿਆਂ ਦਾ ਭਲਾ ਕਰਦੇ ਹਨ। ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਉਹ ਫਿਰ ਮਤਲਬੀ ਬਣ ਜਾਂਦੇ ਹਨ। ਉਨ੍ਹਾਂ ਨੂੰ ਕਿਸੇ ਹੋਰ ਦੀ ਕੋਈ ਪਰਵਾਹ ਨਹੀਂ ਹੁੰਦੀ।” ਇਸੇ ਲੇਖ ਵਿਚ ਅੱਗੇ ਕਿਹਾ ਗਿਆ ਸੀ ਕਿ ਅਜਿਹਾ ਰਵੱਈਆ ਬਹੁਤ ਹੀ ਗ਼ਲਤ ਹੈ ਕਿਉਂਕਿ ਬਾਕੀ ਦੇ ਸਾਲ ਦੌਰਾਨ ਲੋਕ ਦੂਸਰਿਆਂ ਦਾ ਹਾਲ ਤਕ ਨਹੀਂ ਪੁੱਛਦੇ।
ਚਾਹੇ ਤੁਸੀਂ ਇਨ੍ਹਾਂ ਗੱਲਾਂ ਨਾਲ ਸਹਿਮਤ ਹੋਵੋ ਜਾਂ ਨਾ, ਪਰ ਇਨ੍ਹਾਂ ਕਾਰਨ ਕੁਝ ਅਹਿਮ ਸਵਾਲ ਮਨ ਵਿਚ ਜ਼ਰੂਰ ਖੜ੍ਹੇ ਹੁੰਦੇ ਹਨ। ਕੀ ਲੋਕ ਇਕ-ਦੋ ਹਫ਼ਤਿਆਂ ਦੀ ਬਜਾਇ ਹਮੇਸ਼ਾ ਦੂਸਰਿਆਂ ਨਾਲ ਹਮਦਰਦੀ ਅਤੇ ਉਨ੍ਹਾਂ ਦਾ ਭਲਾ ਕਰ ਸਕਣਗੇ? ਕੀ ਸ਼ਾਂਤੀ ਬਾਰੇ ਉਹ ਗੱਲ ਕਦੀ ਸੱਚ ਹੋਵੇਗੀ ਜੋ ਦੂਤਾਂ ਨੇ ਯਿਸੂ ਦੇ ਜਨਮ ਵੇਲੇ ਕਹੀ ਸੀ? ਕੀ ਸ਼ਾਂਤੀ ਦਾ ਸੁਪਨਾ ਕਦੇ ਪੂਰਾ ਹੋਵੇਗਾ?