ਕ੍ਰਿਸਮਸ ਪੂਰਬ ਵਿਚ ਮਨਾਈ ਹੀ ਕਿਉਂ ਜਾਂਦੀ ਹੈ?
ਇਕ ਪੁਰਾਣੀ ਪੂਰਬੀ ਕਹਾਣੀ ਕ੍ਰਿਸਮਸ ਦੇ ਬਾਬੇ ਦੀ ਕਹਾਣੀ ਨਾਲ ਮਿਲਦੀ-ਜੁਲਦੀ ਹੈ। ਇਹ ਕੋਰੀਆ ਦੇ ਲੋਕਾਂ ਵਿਚਕਾਰ ਚਾਉਵੋਂਗਸ਼ਿਨ ਨਾਂ ਦੇ ਵਿਅਕਤੀ ਦੀ ਕਹਾਣੀ ਹੈ, ਨਾਲੇ ਚੀਨ ਅਤੇ ਜਪਾਨ ਦੇ ਕੁਝ ਲੋਕਾਂ ਵਿਚਕਾਰ ਵੀ ਅਜਿਹੀ ਕਹਾਣੀ ਪਾਈ ਜਾਂਦੀ ਹੈ।
ਚਾਉਵੋਂਗਸ਼ਿਨ ਨੂੰ ਰਸੋਈ ਦੀ ਨਿਗਰਾਨੀ ਕਰਨ ਵਾਲਾ ਦੇਵਤਾ ਅਤੇ ਅੱਗ ਦਾ ਦੇਵਤਾ ਮੰਨਿਆ ਜਾਂਦਾ ਸੀ, ਅਤੇ ਉਹ ਕੋਰੀਆ ਵਿਚ ਅੱਗ ਦੀ ਪ੍ਰਾਚੀਨ ਪੂਜਾ ਨਾਲ ਸੰਬੰਧ ਰੱਖਦਾ ਸੀ। (ਪੁਰਾਣੇ ਜ਼ਮਾਨੇ ਵਿਚ ਕੋਰੀਆ ਦੇ ਵਾਸੀ ਲੱਕੜੀ ਦੇ ਬਲਦੇ ਕੋਲਿਆਂ ਨੂੰ ਬਹੁਤ ਧਿਆਨ ਨਾਲ ਚੁੱਕਦੇ ਹੁੰਦੇ ਸਨ ਤਾਂਕਿ ਉਹ ਕਦੀ ਵੀ ਬੁਝਣ ਨਾ।) ਉਹ ਵਿਸ਼ਵਾਸ ਕਰਦੇ ਸਨ ਕਿ ਇਹ ਦੇਵਤਾ ਸਾਲ ਦੌਰਾਨ ਪਰਿਵਾਰ ਦੇ ਜੀਆਂ ਦੇ ਚਾਲ-ਚਲਣ ਨੂੰ ਦੇਖਦਾ ਹੁੰਦਾ ਸੀ ਜਿਸ ਤੋਂ ਬਾਅਦ ਉਹ ਰਸੋਈ ਦੀ ਚਿਮਨੀ ਰਾਹੀਂ ਸਵਰਗ ਨੂੰ ਚੜ੍ਹ ਜਾਂਦਾ ਸੀ।
ਕਿਹਾ ਜਾਂਦਾ ਹੈ ਕਿ ਦਸੰਬਰ ਦੇ ਮਹੀਨੇ ਦੀ 23 ਤਾਰੀਖ਼ ਨੂੰ ਚਾਉਵੋਂਗਸ਼ਿਨ ਸਵਰਗ ਦੇ ਰਾਜੇ ਨੂੰ ਰਿਪੋਰਟ ਦਿੰਦਾ ਸੀ। ਫਿਰ ਆਸ ਰੱਖੀ ਜਾਂਦੀ ਸੀ ਕਿ ਉਹ ਸਾਲ ਦੇ ਅੰਤ ਤੇ ਚਿਮਨੀ ਰਾਹੀਂ ਵਾਪਸ ਆਵੇਗਾ ਅਤੇ ਹਰੇਕ ਜੀਅ ਦੇ ਚਾਲ-ਚਲਣ ਅਨੁਸਾਰ ਉਸ ਨੂੰ ਇਨਾਮ ਜਾਂ ਸਜ਼ਾ ਦੇਵੇਗਾ। ਉਸ ਦੀ ਵਾਪਸੀ ਦੇ ਦਿਨ ਤੇ ਪਰਿਵਾਰ ਦੇ ਜੀਅ ਰਸੋਈ ਅਤੇ ਘਰ ਦੇ ਦੂਸਰਿਆਂ ਕਮਰਿਆਂ ਵਿਚ ਮੋਮਬੱਤੀਆਂ ਜਗਾਉਂਦੇ ਸਨ। ਰਸੋਈ ਦੇ ਉਸ ਦੇਵਤੇ ਦੀਆਂ ਤਸਵੀਰਾਂ ਤੋਂ ਕ੍ਰਿਸਮਸ ਦੇ ਬਾਬੇ ਨਾਲ ਇਕ ਹੋਰ ਵੀ ਸਮਾਨਤਾ ਦੇਖੀ ਜਾਂਦੀ ਹੈ—ਉਸ ਨੇ ਲਾਲ ਕੱਪੜੇ ਪਹਿਨੇ ਹੁੰਦੇ ਸਨ! ਇਕ ਰਿਵਾਜ ਹੁੰਦਾ ਸੀ ਜਿਸ ਦੇ ਅਨੁਸਾਰ ਨੂੰਹ ਕੋਰੀਆਈ ਫ਼ੈਸ਼ਨ ਦਾ ਜੁਰਾਬਾਂ ਦਾ ਜੋੜਾ ਬੁਣ ਕੇ 22 ਦਸੰਬਰ ਨੂੰ ਆਪਣੀ ਸੱਸ ਨੂੰ ਦਿੰਦੀ ਸੀ। ਇਸ ਤਰ੍ਹਾਂ ਕਰਨ ਨਾਲ ਉਹ ਆਪਣੀ ਇੱਛਾ ਪ੍ਰਗਟ ਕਰਦੀ ਸੀ ਕਿ ਸੱਸ ਦੀ ਲੰਬੀ ਉਮਰ ਹੋਵੇ, ਕਿਉਂਕਿ ਉਸ ਦਿਨ ਤੋਂ ਦਿਨ ਲੰਬੇ ਹੋਣ ਲੱਗ ਪੈਂਦੇ ਹਨ।
ਕੀ ਤੁਸੀਂ ਦੇਖਿਆ ਹੈ ਕਿ ਉਪਰਲੀਆਂ ਗੱਲਾਂ ਕ੍ਰਿਸਮਸ ਦੇ ਵੱਡੇ ਦਿਨ ਨਾਲ ਕਿਸ ਤਰ੍ਹਾਂ ਮਿਲਦੀਆਂ-ਜੁਲਦੀਆਂ ਹਨ? ਕਈ ਰਿਵਾਜ ਅਤੇ ਕਹਾਣੀਆਂ ਇਕ ਦੂਜੇ ਦੇ ਸਮਾਨ ਹਨ, ਜਿਵੇਂ ਕਿ ਚਿਮਨੀ, ਮੋਮਬੱਤੀਆਂ, ਤੋਹਫ਼ੇ ਦੇਣੇ, ਜੁਰਾਬਾਂ, ਲਾਲ ਕੱਪੜਿਆਂ ਵਿਚ ਬੁੱਢਾ ਆਦਮੀ, ਅਤੇ ਤਾਰੀਖ਼। ਫਿਰ ਵੀ, ਕੋਰੀਆ ਵਿਚ ਕ੍ਰਿਸਮਸ ਸਿਰਫ਼ ਅਜਿਹੀਆਂ ਸਮਾਨਤਾਵਾਂ ਦੇ ਕਾਰਨ ਹੀ ਨਹੀਂ ਆਸਾਨੀ ਨਾਲ ਸਵੀਕਾਰ ਕੀਤੀ ਗਈ। ਜਦੋਂ ਕ੍ਰਿਸਮਸ ਦੀ ਜਾਣ-ਪਛਾਣ ਪਹਿਲਾਂ ਕੋਰੀਆ ਵਿਚ ਕਰਾਈ ਗਈ ਸੀ ਤਾਂ ਚਾਉਵੋਂਗਸ਼ਿਨ ਵਿਚ ਵਿਸ਼ਵਾਸ ਤਾਂ ਤਕਰੀਬਨ ਮਿਟ ਹੀ ਗਿਆ ਸੀ। ਅਸਲ ਵਿਚ, ਅੱਜ ਕੋਰੀਆ ਦੇ ਕਈ ਵਾਸੀ ਜਾਣਦੇ ਹੀ ਨਹੀਂ ਕਿ ਅਜਿਹਾ ਕੁਝ ਮੰਨਿਆ ਵੀ ਜਾਂਦਾ ਸੀ।
ਫਿਰ ਵੀ, ਇਹ ਦਿਖਾਉਂਦਾ ਹੈ ਕਿ ਸਾਲ ਦੇ ਅੰਤ ਨਾਲ ਸੰਬੰਧ ਰੱਖਣ ਵਾਲੇ ਰਿਵਾਜ ਕਿਸੇ ਨਾ ਕਿਸੇ ਤਰ੍ਹਾਂ ਸਾਰੀ ਦੁਨੀਆਂ ਵਿਚ ਫੈਲੇ ਹੋਏ ਹਨ। ਚੌਥੀ ਸਦੀ ਸਾ.ਯੁ. ਵਿਚ, ਰੋਮੀ ਸਾਮਰਾਜ ਦੇ ਗਿਰਜੇ ਨੇ ਸੈਟਰਨ ਦੇਵਤੇ ਦਾ ਜਨਮ ਦਿਨ ਮਨਾਉਣ ਵਾਲੇ ਰੋਮੀ ਤਿਉਹਾਰ ਦਾ ਨਾਂ ਬਦਲ ਦਿੱਤਾ ਅਤੇ ਉਸ ਨੂੰ ਕ੍ਰਿਸਮਸ ਦਾ ਹਿੱਸਾ ਬਣਾ ਦਿੱਤਾ। ਮਾਨੋ ਕ੍ਰਿਸਮਸ ਸਿਰਫ਼ ਸਥਾਨਕ ਰਿਵਾਜਾਂ ਦਾ ਨਵਾਂ ਨਾਂ ਸੀ। ਇਹ ਕਿਵੇਂ ਮੁਮਕਿਨ ਹੋਇਆ?
ਤੋਹਫ਼ੇ ਲੈਣੇ-ਦੇਣੇ
ਤੋਹਫ਼ੇ ਲੈਣ-ਦੇਣ ਦਾ ਰਿਵਾਜ ਹਮੇਸ਼ਾ ਕਾਇਮ ਰਿਹਾ ਹੈ। ਬਹੁਤ ਚਿਰ ਤੋਂ ਕੋਰੀਆ ਦੇ ਲੋਕਾਂ ਨੂੰ ਤੋਹਫ਼ੇ ਲੈਣ-ਦੇਣ ਤੋਂ ਬਹੁਤ ਖ਼ੁਸ਼ੀ ਮਿਲੀ ਹੈ। ਕੋਰੀਆ ਵਿਚ ਕ੍ਰਿਸਮਸ ਦਾ ਜਸ਼ਨ ਇੰਨਾ ਮਸ਼ਹੂਰ ਹੋਣ ਦਾ ਇਹ ਇਕ ਕਾਰਨ ਸੀ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਕੋਰੀਆ ਵਿਚ ਭੇਜੇ ਅਮਰੀਕੀ ਫ਼ੌਜੀ, ਲੋਕਾਂ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨਾ ਚਾਹੁੰਦੇ ਸਨ। ਇਸ ਲਈ ਉਹ ਲੋਕਾਂ ਨੂੰ ਗਿਰਜਿਆਂ ਵਿਚ ਮਿਲ ਕੇ ਉਨ੍ਹਾਂ ਨੂੰ ਤੋਹਫ਼ੇ ਅਤੇ ਹੋਰ ਲੋੜੀਂਦਾ ਸਾਮਾਨ ਦਿੰਦੇ ਸਨ। ਇਹ ਖ਼ਾਸ ਕਰਕੇ ਕ੍ਰਿਸਮਸ ਦੇ ਵੱਡੇ ਦਿਨ ਤੇ ਹੁੰਦਾ ਸੀ। ਕਈ ਬੱਚੇ ਨਵੀਂ ਚੀਜ਼ ਦੇਖਣ ਲਈ ਗਿਰਜਿਆਂ ਨੂੰ ਜਾਂਦੇ ਸਨ, ਅਤੇ ਉੱਥੇ ਉਨ੍ਹਾਂ ਨੂੰ ਪਹਿਲੀ ਵਾਰ ਚਾਕਲੇਟ ਦੇ ਤੋਹਫ਼ੇ ਮਿਲੇ। ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਉਨ੍ਹਾਂ ਵਿੱਚੋਂ ਕਈ ਅਗਲੀ ਕ੍ਰਿਸਮਸ ਦੀ ਆਸ ਕਿਉਂ ਲਾਈ ਬੈਠਦੇ ਸਨ।
ਅਜਿਹੇ ਬੱਚਿਆਂ ਲਈ ਕ੍ਰਿਸਮਸ ਦਾ ਬਾਬਾ ਬੁਣੀ ਹੋਈ ਲਾਲ ਟੋਪੀ ਪਹਿਨਣ ਵਾਲਾ ਅਮਰੀਕੀ ਫ਼ੌਜੀ ਸੀ। ਕਹਾਉਤਾਂ 19:6 ਕਹਿੰਦਾ ਹੈ ਕਿ “ਦਾਤੇ ਦੇ ਸੱਭੇ ਮਿੱਤ੍ਰ ਬਣ ਜਾਂਦੇ ਹਨ।” ਜੀ ਹਾਂ, ਤੋਹਫ਼ੇ ਦੇਣ ਦਾ ਬਹੁਤ ਵੱਡਾ ਪ੍ਰਭਾਵ ਪਿਆ। ਪਰ ਜਿਵੇਂ ਇਹ ਆਇਤ ਦਿਖਾਉਂਦੀ ਹੈ ਅਜਿਹੇ ਤੋਹਫ਼ੇ ਪੱਕੀ ਦੋਸਤੀ ਦੀ ਕੋਈ ਗਾਰੰਟੀ ਨਹੀਂ ਦਿੰਦੇ। ਕੋਰੀਆ ਵਿਚ ਅਜਿਹੇ ਕਈ ਲੋਕ ਹਨ ਜਿਨ੍ਹਾਂ ਦਾ ਗਿਰਜੇ ਨਾਲ ਤਅੱਲਕ ਛੋਟੇ ਹੁੰਦਿਆਂ ਚਾਕਲੇਟ ਖਾਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਪਰ ਉਹ ਕ੍ਰਿਸਮਸ ਨੂੰ ਨਹੀਂ ਭੁੱਲੇ। ਕੋਰੀਆ ਦੀ ਮਾਲੀ ਤਰੱਕੀ ਦੇ ਨਾਲ-ਨਾਲ ਵਪਾਰਕ ਤਰੱਕੀ ਵੀ ਹੋਈ ਅਤੇ ਕ੍ਰਿਸਮਸ ਦਾ ਲੈਣਾ-ਦੇਣਾ ਲੋਕਾਂ ਦੇ ਪੈਸੇ ਖ਼ਰਚਾਉਣ ਦਾ ਚੰਗਾ ਤਰੀਕਾ ਬਣਿਆ। ਕਈਆਂ ਕਾਰੋਬਾਰਾਂ ਨੇ ਕ੍ਰਿਸਮਸ ਦਾ ਫ਼ਾਇਦਾ ਉਠਾ ਕੇ ਬਹੁਤ ਸਾਰਾ ਨਫ਼ਾ ਕਮਾਇਆ।
ਇਸ ਤੋਂ ਤੁਹਾਨੂੰ ਅੱਜ ਪੂਰਬ ਵਿਚ ਕ੍ਰਿਸਮਸ ਬਾਰੇ ਕੁਝ ਪਤਾ ਚੱਲਦਾ ਹੈ। ਕ੍ਰਿਸਮਸ ਦੀ ਖ਼ਰੀਦਾਰੀ ਦਾ ਨਿਸ਼ਾਨਾ ਅੱਗੇ ਰੱਖ ਕੇ ਕਈ ਨਵੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦੀ ਮਸ਼ਹੂਰੀ ਕਰਨ ਦੇ ਤਰੀਕਿਆਂ ਦੀ ਤਿਆਰੀ ਗਰਮੀਆਂ ਵਿਚ ਸ਼ੁਰੂ ਹੋ ਜਾਂਦੀ ਹੈ। ਸਾਲ ਦੇ ਅੰਤ ਤੇ ਵੇਚੇ ਗਏ ਮਾਲ ਦੀ ਗਿਣਤੀ ਸਭ ਤੋਂ ਵੱਡੀ ਹੁੰਦੀ ਹੈ ਕਿਉਂਕਿ ਆਮ ਮਾਲ ਦੇ ਨਾਲ-ਨਾਲ ਕ੍ਰਿਸਮਸ ਦੇ ਤੋਹਫ਼ੇ, ਵਧਾਈ ਦੇਣ ਦੇ ਕਾਰਡ, ਅਤੇ ਰਿਕਾਰਡ ਕੀਤੇ ਗਏ ਸੰਗੀਤ ਵੀ ਵੇਚੇ ਜਾਂਦੇ ਹਨ। ਤਾਂ ਫਿਰ, ਕ੍ਰਿਸਮਸ ਦੇ ਇਸ਼ਤਿਹਾਰ ਤਾਂ ਕਿਸੇ ਵੀ ਆਮ ਨੌਜਵਾਨ ਨੂੰ ਉਦਾਸ ਕਰ ਸਕਦੇ ਹਨ ਜੇ ਉਸ ਨੂੰ ਵੱਡੇ ਦਿਨ ਤੋਂ ਪਹਿਲਾਂ ਦੀ ਸ਼ਾਮ ਨੂੰ ਕੋਈ ਤੋਹਫ਼ਾ ਨਾ ਮਿਲਿਆ ਹੋਵੇ!
ਜਿੱਦਾਂ-ਜਿੱਦਾਂ ਕ੍ਰਿਸਮਸ ਦਾ ਵੱਡਾ ਦਿਨ ਨੇੜੇ ਆਉਂਦਾ ਹੈ ਸਿਓਲ ਦੀਆਂ ਸਾਰੀਆਂ ਦੁਕਾਨਾਂ ਅਤੇ ਸਾਰੇ ਬਾਜ਼ਾਰ ਤੋਹਫ਼ੇ ਖ਼ਰੀਦਣ ਵਾਲਿਆਂ ਲੋਕਾਂ ਨਾਲ ਭਰ ਜਾਂਦੇ ਹਨ, ਅਤੇ ਪੂਰਬ ਦਿਆਂ ਦੂਸਰਿਆਂ ਸ਼ਹਿਰਾਂ ਵਿਚ ਵੀ ਇਹੀ ਹਾਲ ਹੁੰਦਾ ਹੈ। ਬਹੁਤ ਆਉਣੀ-ਜਾਣੀ ਰਹਿੰਦੀ ਹੈ। ਹੋਟਲ, ਵਪਾਰਕ ਇਲਾਕੇ, ਰੈਸਤੋਰਾਂ, ਅਤੇ ਨਾਈਟ ਕਲੱਬ ਗਾਹਕਾਂ ਨਾਲ ਭਰੇ ਹੋਏ ਹੁੰਦੇ ਹਨ। ਰੰਗਰਲੀਆਂ ਅਤੇ ਉੱਚੀ-ਉੱਚੀ ਗਾਉਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਤੇ ਸ਼ਰਾਬੀ ਲੋਕ ਕੂੜੇ ਨਾਲ ਭਰੀਆਂ ਸੜਕਾਂ ਉੱਤੇ ਤੁਰਦੇ-ਫਿਰਦੇ ਦੇਖੇ ਜਾਂਦੇ ਹਨ।
ਤਾਂ ਇਹ ਹੈ ਕ੍ਰਿਸਮਸ। ਪੂਰਬ ਵਿਚ ਇਹ ਵੱਡਾ ਦਿਨ ਅਜਿਹਾ ਤਿਉਹਾਰ ਨਹੀਂ ਰਿਹਾ ਜੋ ਸਿਰਫ਼ ਈਸਾਈਆਂ ਦੁਆਰਾ ਹੀ ਮਨਾਇਆ ਜਾਂਦਾ ਹੈ। ਸਪੱਸ਼ਟ ਹੈ ਕਿ ਹੋਰ ਦੇਸ਼ਾਂ ਵਾਂਗ ਕੋਰੀਆ ਵਿਚ ਵੀ ਮੁਨਾਫ਼ਾਖ਼ੋਰੀ ਨੇ ਈਸਾਈ-ਜਗਤ ਦੇ ਇਸ ਤਿਉਹਾਰ ਦਾ ਸਭ ਤੋਂ ਵੱਡਾ ਫ਼ਾਇਦਾ ਉਠਾਇਆ ਹੈ। ਤਾਂ ਫਿਰ, ਕੀ ਮੁਨਾਫ਼ਾਖ਼ੋਰੀ ਦੇ ਕਾਰਨ ਹੀ ਕ੍ਰਿਸਮਸ ਮਸੀਹ ਤੋਂ ਬਹੁਤ ਵੱਖਰੀ ਹੈ? ਸੱਚੇ ਮਸੀਹੀਆਂ ਨੂੰ ਇਸ ਗੰਭੀਰ ਮਾਮਲੇ ਬਾਰੇ ਹੋਰ ਖੋਜ ਕਰਨੀ ਚਾਹੀਦੀ ਹੈ।
ਕ੍ਰਿਸਮਸ ਦਾ ਮੁੱਢ
ਇਕ ਜੰਗਲੀ ਜਾਨਵਰ ਜੋ ਚਿੜੀਆ-ਘਰ ਦੇ ਕਿਸੇ ਪਿੰਜਰੇ ਵਿਚ ਰੱਖਿਆ ਜਾਵੇ ਬਦਲਦਾ ਨਹੀਂ, ਉਹ ਫਿਰ ਵੀ ਇਕ ਜਾਨਵਰ ਹੀ ਰਹਿੰਦਾ ਹੈ। ਇਹ ਸਿੱਟਾ ਕੱਢਣਾ ਕਿ ਉਹ ਹੁਣ ਪਾਲਤੂ ਬਣ ਗਿਆ ਹੈ, ਕਿਉਂਕਿ ਉਸ ਨੂੰ ਕੁਝ ਸਮੇਂ ਲਈ ਪਿੰਜਰੇ ਵਿਚ ਰੱਖਿਆ ਗਿਆ ਹੈ ਅਤੇ ਦੇਖਣ ਨੂੰ ਉਹ ਆਪਣੇ ਬੱਚਿਆਂ ਨਾਲ ਖੇਡਦਾ ਹੈ, ਬਹੁਤ ਵੱਡੀ ਗ਼ਲਤਫ਼ਹਿਮੀ ਹੋਵੇਗੀ। ਤੁਸੀਂ ਸ਼ਾਇਦ ਅਜਿਹੀਆਂ ਰਿਪੋਰਟਾਂ ਸੁਣੀਆਂ ਹੋਣ ਜਿੱਥੇ ਅਜਿਹੇ ਜਾਨਵਰਾਂ ਨੇ ਚਿੜੀਆ-ਘਰ ਵਿਚ ਕੰਮ ਕਰਨ ਵਾਲਿਆਂ ਉੱਤੇ ਹਮਲਾ ਕੀਤਾ ਹੈ।
ਕੁਝ ਹੱਦ ਤਕ ਅਸੀਂ ਕ੍ਰਿਸਮਸ ਦੇ ਜਸ਼ਨ ਬਾਰੇ ਅਜਿਹਾ ਹੀ ਕਹਿ ਸਕਦੇ ਹਾਂ। ਪਹਿਲਾਂ ਇਹ ਈਸਾਈ ਧਰਮ ਤੋਂ ਬਾਹਰ ਰਹਿਣ ਵਾਲਾ “ਜਾਨਵਰ” ਸੀ। ਕੋਰੀਆਈ ਭਾਸ਼ਾ ਵਿਚ “ਰੋਮੀ ਸੈਟਰਨ ਦੇਵਤੇ ਦੇ ਤਿਉਹਾਰ ਨਾਲ ਸੰਬੰਧ” ਨਾਂ ਦੇ ਸਿਰਲੇਖ ਹੇਠਾਂ ਦ ਕ੍ਰਿਸ਼ਚਿਅਨ ਐਨਸਾਈਕਲੋਪੀਡੀਆa ਕ੍ਰਿਸਮਸ ਬਾਰੇ ਕਹਿੰਦਾ ਹੈ:
‘ਸੈਟਰਨ ਦੇਵਤੇ ਅਤੇ ਸੂਰਜ ਦੇ ਜਨਮ ਦੇ ਗ਼ੈਰ-ਮਸੀਹੀ ਤਿਉਹਾਰ ਲੋਕਾਂ ਦੇ ਰਿਵਾਜਾਂ ਦਾ ਇੰਨਾ ਵੱਡਾ ਹਿੱਸਾ ਸਨ ਕਿ ਉਹ ਈਸਾਈ ਧਰਮ ਵਿਚ ਵੀ ਅਪਣਾਏ ਗਏ। ਸਮਰਾਟ ਕਾਂਸਟੰਟੀਨ ਦੁਆਰਾ ਰਵੀਵਾਰ (ਫੀਬਿਅਸ ਅਤੇ ਮਿਥਰਾਸ ਦਾ ਦਿਨ ਨਾਲੇ ਪ੍ਰਭੂ ਦਾ ਦਿਨ) ਨੂੰ ਸਵੀਕਾਰ ਕਰਨ ਨੇ ਚੌਥੀ ਸਦੀ ਦੇ ਈਸਾਈਆਂ ਨੂੰ ਸ਼ਾਇਦ ਇਹ ਮਹਿਸੂਸ ਕਰਵਾਇਆ ਹੋਵੇ ਕਿ ਪਰਮੇਸ਼ੁਰ ਦੇ ਪੁੱਤਰ ਦਾ ਜਨਮ ਦਿਨ ਸੂਰਜ ਦੇ ਜਨਮ ਨਾਲ ਮਿਲਾਉਣਾ ਚੰਗੀ ਗੱਲ ਸੀ। ਮੌਜ-ਮੇਲਾ ਅਤੇ ਰੰਗਰਲੀਆਂ ਵਾਲਾ ਇਹ ਗ਼ੈਰ-ਮਸੀਹੀ ਤਿਉਹਾਰ ਲੋਕਾਂ ਨੂੰ ਇੰਨਾ ਪਸੰਦ ਸੀ ਕਿ ਈਸਾਈ ਖ਼ੁਸ਼ ਸਨ ਕਿ ਉਨ੍ਹਾਂ ਨੂੰ ਆਪਣਾ ਰਵੱਈਆ ਅਤੇ ਤਰੀਕਾ ਬਦਲਣ ਤੋਂ ਬਿਨਾਂ ਇਹ ਜਸ਼ਨ ਮਨਾਉਣ ਦਾ ਬਹਾਨਾ ਮਿਲ ਗਿਆ।’
ਤੁਹਾਡੇ ਖ਼ਿਆਲ ਵਿਚ ਕੀ ਅਜਿਹੀ ਪ੍ਰਗਤੀ ਬਿਨਾਂ ਵਿਰੋਧਤਾ ਹੋ ਸਕਦੀ ਸੀ? ਇਹੀ ਐਨਸਾਈਕਲੋਪੀਡੀਆ ਕਹਿੰਦਾ ਹੈ: “ਪੱਛਮ ਅਤੇ ਨੇੜਲੇ ਪੂਰਬ ਦੇ ਮਸੀਹੀ ਪ੍ਰਚਾਰਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਮਸੀਹ ਦਾ ਜਨਮ ਦਿਨ ਇੰਨੀਆਂ ਬੇਹੂਦਾ ਰੰਗਰਲੀਆਂ ਨਾਲ ਕਿਉਂ ਮਨਾਇਆ ਜਾ ਰਿਹਾ ਸੀ, ਅਤੇ ਮੇਸੋਪੋਟੇਮੀਆ ਦੇ ਮਸੀਹੀਆਂ ਨੇ ਆਪਣੇ ਪੱਛਮੀ ਭਾਈਆਂ ਉੱਤੇ ਮੂਰਤੀ ਅਤੇ ਸੂਰਜ ਦੀ ਪੂਜਾ ਕਰਨ ਦਾ ਅਤੇ ਇਸ ਗ਼ੈਰ-ਮਸੀਹੀ ਤਿਉਹਾਰ ਨੂੰ ਅਪਣਾਉਣ ਦਾ ਦੋਸ਼ ਲਾਇਆ।” ਸੱਚ-ਮੁੱਚ, ਸ਼ੁਰੂ ਤੋਂ ਹੀ ਕੋਈ ਗੜਬੜ ਸੀ। ਐਨਸਾਈਕਲੋਪੀਡੀਆ ਅੱਗੇ ਕਹਿੰਦਾ ਹੈ: “ਫਿਰ ਵੀ ਇਹ ਤਿਉਹਾਰ ਜਲਦੀ ਸਵੀਕਾਰ ਕੀਤਾ ਗਿਆ ਅਤੇ ਅੰਤ ਵਿਚ ਇੰਨੀ ਪੱਕੀ ਤਰ੍ਹਾਂ ਸਥਾਪਿਤ ਹੋ ਗਿਆ ਕਿ ਸੋਲ੍ਹਵੀਂ ਸਦੀ ਦਾ ਪ੍ਰੋਟੈਸਟੈਂਟ ਇਨਕਲਾਬ ਵੀ ਇਸ ਬਾਰੇ ਕੁਝ ਨਾ ਕਰ ਸਕਿਆ।”
ਜੀ ਹਾਂ, ਮਸੀਹੀਅਤ ਤੋਂ ਬਾਹਰ, ਸੂਰਜ ਦੇਵਤੇ ਦਾ ਤਿਉਹਾਰ ਆਮ ਗਿਰਜਿਆਂ ਵਿਚ ਅਪਣਾਇਆ ਗਿਆ। ਇਸ ਦਾ ਨਾਂ ਤਾਂ ਬਦਲ ਗਿਆ, ਪਰ ਫਿਰ ਵੀ ਇਹ ਅਧਰਮੀ ਰਿਹਾ। ਅਤੇ ਇਸ ਨੇ ਝੂਠੀ ਪੂਜਾ ਨੂੰ ਈਸਾਈ ਗਿਰਜਿਆਂ ਵਿਚ ਲਿਆਂਦਾ ਅਤੇ ਲੋਕਾਂ ਦੀ ਰੂਹਾਨੀਅਤ ਨੂੰ ਭ੍ਰਿਸ਼ਟ ਕੀਤਾ। ਇਤਿਹਾਸ ਸਾਬਤ ਕਰਦਾ ਹੈ ਕਿ ਈਸਾਈ-ਜਗਤ ਦੇ ਵਧਣ ਨਾਲ, ‘ਆਪਣੇ ਦੁਸ਼ਮਣਾਂ ਨਾਲ ਪ੍ਰੇਮ ਕਰਨ’ ਦਾ ਪਹਿਲਾ ਰਵੱਈਆ ਅਨੈਤਿਕਤਾ ਅਤੇ ਹਿੰਸਕ ਲੜਾਈਆਂ ਵਿਚ ਬਦਲ ਗਿਆ ਹੈ।
ਸਮੇਂ ਦੇ ਬੀਤਣ ਨਾਲ, ਮੌਜਮੇਲਿਆਂ, ਬਹੁਤ ਸ਼ਰਾਬ ਪੀਣ, ਰੰਗਰਲੀਆਂ, ਨੱਚਣ, ਤੋਹਫ਼ੇ ਦੇਣ, ਅਤੇ ਹਰੇ ਪੌਦਿਆਂ ਨਾਲ ਘਰ ਸਜਾਉਣ ਵਰਗੇ ਕੰਮਾਂ ਨੇ ਦਿਖਾਇਆ ਹੈ ਕਿ ਕ੍ਰਿਸਮਸ ਦੇ ਨਕਲੀ ਨਾਂ ਦੇ ਬਾਵਜੂਦ ਉਸ ਦਾ ਮੁੱਢ ਝੂਠੀ ਪੂਜਾ ਵਿਚ ਸੀ। ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਵੇਚਣ ਲਈ ਕ੍ਰਿਸਮਸ ਦਾ ਹਰ ਸੰਭਵ ਤਰੀਕੇ ਵਿਚ ਫ਼ਾਇਦਾ ਉਠਾਇਆ ਗਿਆ ਹੈ। ਮੀਡੀਆ ਨੇ ਉਸ ਦੀ ਪ੍ਰਸ਼ੰਸਾ ਕੀਤੀ ਹੈ; ਲੋਕਾਂ ਦੇ ਦਿਲ ਬਹਿਲਾਏ ਗਏ ਹਨ। ਸਿਓਲ ਸ਼ਹਿਰ ਵਿਚ, ਕੱਛੀਆਂ-ਬੁਨੈਣਾਂ ਵੇਚਣ ਵਾਲੀ ਇਕ ਦੁਕਾਨ ਟੈਲੀਵਿਯਨ ਦੀਆਂ ਖ਼ਬਰਾਂ ਵਿਚ ਦਿਖਾਈ ਗਈ ਸੀ ਕਿਉਂਕਿ ਉਸ ਦੀ ਖਿੜਕੀ ਵਿਚ ਕ੍ਰਿਸਮਸ ਦਾ ਰੁੱਖ ਸਿਰਫ਼ ਕੱਛੀਆਂ-ਬੁਨੈਣਾਂ ਨਾਲ ਸਜਾਇਆ ਗਿਆ ਸੀ। ਕ੍ਰਿਸਮਸ ਦਾ ਮਾਹੌਲ ਤਾਂ ਸਾਫ਼ ਨਜ਼ਰ ਆਉਂਦਾ ਸੀ ਪਰ ਮਸੀਹ ਦੇ ਸੁਆਗਤ ਦਾ ਕੋਈ ਨਿਸ਼ਾਨ ਨਹੀਂ ਦੇਖਿਆ ਜਾ ਸਕਦਾ ਸੀ।
ਬਾਈਬਲ ਤੋਂ ਕ੍ਰਿਸਮਸ ਬਾਰੇ ਸਮਝ
ਅਸੀਂ ਅਜਿਹੇ ਇਤਿਹਾਸਕ ਪਿਛੋਕੜ ਅਤੇ ਵਾਧਿਆਂ ਤੋਂ ਕੀ ਸਿੱਖਦੇ ਹਾਂ? ਜੇਕਰ ਇਕ ਕਮੀਜ਼ ਦੇ ਬਟਨ ਸ਼ੁਰੂ ਤੋਂ ਹੀ ਗ਼ਲਤ ਲਾਏ ਗਏ ਹੋਣ, ਤਾਂ ਇਨ੍ਹਾਂ ਨੂੰ ਸੂਤ ਕਰਨ ਦਾ ਸਿਰਫ਼ ਇੱਕੋ ਤਰੀਕਾ ਹੈ ਕਿ ਉਨ੍ਹਾਂ ਨੂੰ ਖੋਲ੍ਹ ਕੇ ਦੁਬਾਰਾ ਸ਼ੁਰੂ ਕਰੋ, ਹੈ ਨਾ? ਇਸ ਸੱਚਾਈ ਦੇ ਬਾਵਜੂਦ, ਕੁਝ ਲੋਕ ਕਹਿੰਦੇ ਹਨ ਕਿ ਭਾਵੇਂ ਕ੍ਰਿਸਮਸ ਦੀਆਂ ਗ਼ੈਰ-ਮਸੀਹੀ ਜੜ੍ਹਾਂ ਸੂਰਜ ਦੀ ਪੂਜਾ ਵਿਚ ਹਨ, ਇਹ ਈਸਾਈ-ਜਗਤ ਦੁਆਰਾ ਅਪਣਾਇਆ ਗਿਆ ਹੈ। ਇਸ ਲਈ ਉਹ ਮੰਨਦੇ ਹਨ ਕਿ ਇਸ ਤਿਉਹਾਰ ਨੂੰ ਹੁਣ ਮਸੀਹ ਦੇ ਜਨਮ ਵਜੋਂ ਮਨਜ਼ੂਰ ਕਰ ਕੇ ਨਵਾਂ ਅਰਥ ਦਿੱਤਾ ਗਿਆ ਹੈ।
ਅਸੀਂ ਪ੍ਰਾਚੀਨ ਯਹੂਦਾਹ ਵਿਚ ਵਾਪਰੀ ਇਕ ਇਤਿਹਾਸਕ ਘਟਨਾ ਤੋਂ ਇਕ ਚੰਗਾ ਸਬਕ ਸਿੱਖ ਸਕਦੇ ਹਾਂ। ਸੰਨ 612 ਸਾ.ਯੁ.ਪੂ. ਵਿਚ, ਯਹੂਦਾਹ ਦੇ ਲੋਕਾਂ ਨੇ ਯਰੂਸ਼ਲਮ ਦੀ ਹੈਕਲ ਵਿਚ ਸੂਰਜ ਦੀ ਝੂਠੀ ਪੂਜਾ ਕਰਨੀ ਸ਼ੁਰੂ ਕੀਤੀ। ਕੀ ਅਜਿਹੀ ਝੂਠੀ ਪੂਜਾ ਯਹੋਵਾਹ ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਕਰਨ ਵਾਲੀ ਜਗ੍ਹਾ ਵਿਚ ਕੀਤੀ ਜਾਣ ਕਰਕੇ ਪਵਿੱਤਰ ਹੋ ਗਈ ਸੀ? ਬਾਈਬਲ ਦੇ ਲਿਖਾਰੀ ਹਿਜ਼ਕੀਏਲ ਨੇ ਯਰੂਸ਼ਲਮ ਦੀ ਹੈਕਲ ਵਿਚ ਕੀਤੀ ਜਾ ਰਹੀ ਸੂਰਜ ਦੀ ਪੂਜਾ ਬਾਰੇ ਲਿਖਿਆ: “ਵੇਖੋ, ਯਹੋਵਾਹ ਦੀ ਹੈਕਲ ਦੇ ਦਰਵੱਜੇ ਉੱਤੇ ਡੇਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਲਗ ਭਗ ਪੰਜੀ ਮਨੁੱਖ ਸਨ, ਜਿਨ੍ਹਾਂ . . . ਦੇ ਮੂੰਹ ਪੂਰਬ ਵੱਲ ਸਨ ਅਤੇ ਪੂਰਬ ਵੱਲ ਮੂੰਹ ਕਰ ਕੇ ਸੂਰਜ ਨੂੰ ਮੱਥਾ ਟੇਕ ਰਹੇ ਸਨ। ਤਦ ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਕੀ ਤੂੰ ਇਹ ਵੇਖਿਆ ਹੈ? ਯਹੂਦਾਹ ਦੇ ਘਰਾਣੇ ਦੇ ਅੱਗੇ ਇਹ ਨਿੱਕੀ ਜਿਹੀ ਗੱਲ ਹੈ, ਕਿ ਓਹ ਅਜਿਹੇ ਘਿਣਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ, ਕਿਉਂ ਜੋ ਉਨ੍ਹਾਂ ਨੇ ਤਾਂ ਦੇਸ ਨੂੰ ਜ਼ੁਲਮ ਨਾਲ ਭਰ ਦਿੱਤਾ ਅਤੇ ਫਿਰ ਮੈਨੂੰ ਕ੍ਰੋਧ ਦਿਵਾਇਆ, ਅਤੇ ਵੇਖ, ਓਹ ਆਪਣੇ ਨੱਕ ਨਾਲ ਡਾਲੀ ਲਗਾਉਂਦੇ ਹਨ।”—ਹਿਜ਼ਕੀਏਲ 8:16, 17.
ਜੀ ਹਾਂ, ਪਵਿੱਤਰ ਹੋਣ ਦੀ ਬਜਾਇ ਉਸ ਝੂਠੀ ਪੂਜਾ ਨੇ ਪੂਰੀ ਹੈਕਲ ਨੂੰ ਖ਼ਤਰੇ ਵਿਚ ਪਾਇਆ। ਅਜਿਹੇ ਕੰਮ ਸਾਰੇ ਯਹੂਦਾਹ ਵਿਚ ਫੈਲ ਗਏ ਜਿਸ ਦੇ ਕਾਰਨ ਉਸ ਦੇਸ਼ ਵਿਚ ਹਿੰਸਾ ਅਤੇ ਅਨੈਤਿਕਤਾ ਵੱਧ ਗਈ। ਈਸਾਈ-ਜਗਤ ਵਿਚ ਵੀ ਇਸੇ ਤਰ੍ਹਾਂ ਹੈ, ਜਿੱਥੇ ਕ੍ਰਿਸਮਸ ਦੇ ਦਿਨ ਤੇ ਸੂਰਜ ਦੀ ਪੂਜਾ, ਯਾਨੀ ਸੈਟਰਨ ਦੇਵਤੇ ਦੇ ਤਿਉਹਾਰ ਨਾਲ ਸੰਬੰਧਿਤ ਜਸ਼ਨ ਮਨਾਏ ਜਾਂਦੇ ਹਨ। ਧਿਆਨ ਦਿਓ ਕਿ ਹਿਜ਼ਕੀਏਲ ਨੂੰ ਇਹ ਦਰਸ਼ਣ ਮਿਲਣ ਤੋਂ ਕੁਝ ਸਾਲ ਬਾਅਦ, ਪਰਮੇਸ਼ੁਰ ਨੇ ਯਰੂਸ਼ਲਮ ਨੂੰ ਸਜ਼ਾ ਦਿੱਤੀ—ਉਹ ਬਾਬਲੀ ਲੋਕਾਂ ਦੇ ਹੱਥੀਂ ਤਬਾਹ ਹੋਇਆ।—2 ਇਤਹਾਸ 36:15-20.
ਪਿਛਲੇ ਲੇਖ ਵਿਚ ਤੁਹਾਨੂੰ ਛੋਟੇ ਯਿਸੂ ਬਾਰੇ ਕੋਰੀਆ ਦੇ ਵਿਦਵਾਨ ਦਾ ਬਿਆਨ ਸ਼ਾਇਦ ਹਸਾਉਣਾ ਲੱਗਾ ਹੋਵੇ। ਪਰ ਸੱਚਾਈ ਇਹ ਹੈ ਕਿ ਜੇ ਅਜਿਹੇ ਕਿਸੇ ਵਿਅਕਤੀ ਨੇ ਇਹ ਗੱਲ ਕਹੀ ਹੋਵੇ, ਜਿਸ ਕੋਲ ਮਸੀਹ ਬਾਰੇ ਸਹੀ ਗਿਆਨ ਨਹੀਂ, ਤਾਂ ਉਸ ਦਾ ਬਿਆਨ ਜਾਇਜ਼ ਹੈ। ਇਹ ਸ਼ਾਇਦ ਕ੍ਰਿਸਮਸ ਦਾ ਵੱਡਾ ਦਿਨ ਮਨਾਉਣ ਵਾਲੇ ਲੋਕਾਂ ਨੂੰ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰੇ। ਕਿਉਂ? ਕਿਉਂਕਿ ਕ੍ਰਿਸਮਸ ਦਾ ਵੱਡਾ ਦਿਨ ਮਸੀਹ ਨੂੰ ਸਹੀ ਤੌਰ ਤੇ ਨਹੀਂ ਦਰਸਾਉਂਦਾ। ਦਰਅਸਲ, ਇਹ ਉਸ ਦੀ ਸੱਚੀ ਪਦਵੀ ਨੂੰ ਲੁਕਾਉਂਦਾ ਹੈ। ਯਿਸੂ ਹੁਣ ਖੁਰਲੀ ਵਿਚ ਕੋਈ ਬੱਚਾ ਨਹੀਂ ਹੈ।
ਵਾਰ-ਵਾਰ, ਬਾਈਬਲ ਦਿਖਾਉਂਦੀ ਹੈ ਕਿ ਯਿਸੂ ਹੁਣ ਮਸੀਹਾ ਹੈ ਅਤੇ ਉਹ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਸ਼ਕਤੀਸ਼ਾਲੀ ਰਾਜਾ ਹੈ। (ਪਰਕਾਸ਼ ਦੀ ਪੋਥੀ 11:15) ਉਹ ਉਸ ਗ਼ਰੀਬੀ ਅਤੇ ਦੁੱਖ ਨੂੰ ਖ਼ਤਮ ਕਰਨ ਲਈ ਤਿਆਰ ਹੈ ਜਿਸ ਨੂੰ ਕੁਝ ਲੋਕ ਕ੍ਰਿਸਮਸ ਦੇ ਸਮੇਂ ਨਹੀਂ ਭੁੱਲਦੇ ਜਦੋਂ ਉਹ ਗ਼ਰੀਬਾਂ ਲਈ ਕੁਝ ਦਾਨ ਕਰਦੇ ਹਨ।
ਦਰਅਸਲ, ਕ੍ਰਿਸਮਸ ਨੇ ਨਾ ਹੀ ਈਸਾਈ-ਜਗਤ ਦਿਆਂ ਦੇਸ਼ਾਂ ਅਤੇ ਨਾ ਹੀ ਪੂਰਬੀ ਦੇਸ਼ਾਂ ਨੂੰ ਕੋਈ ਲਾਭ ਪਹੁੰਚਾਇਆ ਹੈ। ਇਸ ਦੀ ਬਜਾਇ, ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਅਤੇ ਇਸ ਬੁਰੀ ਦੁਨੀਆਂ ਦੇ ਅੰਤ ਬਾਰੇ ਸੱਚੇ ਮਸੀਹੀ ਸੁਨੇਹੇ ਤੋਂ ਧਿਆਨ ਖਿੱਚਿਆ ਹੈ। (ਮੱਤੀ 24:14) ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਤੋਂ ਪਤਾ ਕਰੋ ਕਿ ਇਹ ਅੰਤ ਕਿਵੇਂ ਆਵੇਗਾ। ਅਤੇ ਤੁਸੀਂ ਗਵਾਹਾਂ ਤੋਂ ਉਨ੍ਹਾਂ ਸਦਾ ਦੀਆਂ ਬਰਕਤਾਂ ਬਾਰੇ ਵੀ ਸਿੱਖ ਸਕਦੇ ਹੋ ਜੋ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਰਾਜੇ, ਯਿਸੂ ਮਸੀਹ, ਦੇ ਨਿਰਦੇਸ਼ਨ ਅਧੀਨ ਧਰਤੀ ਉੱਤੇ ਮਿਲਣਗੀਆਂ।—ਪਰਕਾਸ਼ ਦੀ ਪੋਥੀ 21:3, 4.
[ਫੁਟਨੋਟ]
a ਧਾਰਮਿਕ ਗਿਆਨ ਦੇ ਨਵੇਂ ਸ਼ੈਫ਼-ਹੇਰਟਸੋਕ ਐਨਸਾਈਕਲੋਪੀਡੀਆ ਉੱਤੇ ਆਧਾਰਿਤ।
[ਸਫ਼ੇ 6 ਉੱਤੇ ਸੁਰਖੀ]
ਕ੍ਰਿਸਮਸ ਦੇ ਵੱਡੇ ਦਿਨ ਨੇ ਝੂਠੀ ਪੂਜਾ ਨੂੰ ਈਸਾਈ ਗਿਰਜਿਆਂ ਵਿਚ ਲਿਆਂਦਾ
[ਸਫ਼ੇ 5 ਉੱਤੇ ਤਸਵੀਰ]
ਕਈ ਬੱਚੇ ਨਵੀਂ ਚੀਜ਼ ਦੇਖਣ ਲਈ ਗਿਰਜਿਆਂ ਨੂੰ ਜਾਂਦੇ ਸਨ ਅਤੇ ਉਨ੍ਹਾਂ ਨੂੰ ਚਾਕਲੇਟ ਦੇ ਤੋਹਫ਼ੇ ਮਿਲਦੇ ਸਨ। ਫਿਰ ਉਹ ਅਗਲੀ ਕ੍ਰਿਸਮਸ ਦੀ ਆਸ ਲਾਈ ਬੈਠਦੇ ਸਨ
[ਸਫ਼ੇ 7 ਉੱਤੇ ਤਸਵੀਰ]
ਸਿਓਲ, ਕੋਰੀਆ ਵਿਚ ਵੱਡੇ ਦਿਨ ਤੋਂ ਪਹਿਲਾਂ ਦੀ ਸ਼ਾਮ
[ਸਫ਼ੇ 8 ਉੱਤੇ ਤਸਵੀਰ]
ਮਸੀਹ ਹੁਣ ਇਕ ਬੱਚਾ ਨਹੀਂ ਪਰ ਪਰਮੇਸ਼ੁਰ ਦੇ ਰਾਜ ਦਾ ਸ਼ਕਤੀਸ਼ਾਲੀ ਰਾਜਾ ਹੈ