ਪੂਰਬ ਵਿਚ ਕ੍ਰਿਸਮਸ ਦਾ ਵੱਡਾ ਦਿਨ
• ਕੁਝ ਦੋ ਸੌ ਸਾਲ ਪਹਿਲਾਂ, ਕੋਰੀਆ ਦਾ ਇਕ ਪ੍ਰਸਿੱਧ ਵਿਦਵਾਨ ਪੀਕਿੰਗ, ਚੀਨ ਨੂੰ ਗਿਆ। ਇਕ ਵੱਡੇ ਗਿਰਜੇ ਦੀ ਅੰਦਰਲੀ ਛੱਤ ਤੇ ਉਸ ਨੇ ਇਕ ਤਸਵੀਰ ਦੇਖੀ ਜਿਸ ਵਿਚ ਮਰਿਯਮ ਨੇ ਆਪਣੇ ਬੱਚੇ ਯਿਸੂ ਨੂੰ ਕੁੱਛੜ ਚੁੱਕਿਆ ਹੋਇਆ ਸੀ। ਉਸ ਨੇ ਇਸ ਅਸਚਰਜ ਤਸਵੀਰ ਬਾਰੇ ਕਿਹਾ:
“ਇਕ ਇਸਤਰੀ ਨੇ ਆਪਣੀ ਗੋਦ ਵਿਚ ਇਕ ਪੰਜ ਜਾਂ ਛੇ ਸਾਲਾਂ ਦੇ ਬੱਚੇ ਨੂੰ ਬਿਠਾਇਆ ਹੋਇਆ ਸੀ ਅਤੇ ਉਹ ਬੱਚਾ ਦੇਖਣ ਨੂੰ ਬੀਮਾਰ ਲੱਗਦਾ ਸੀ। ਇੱਦਾਂ ਲੱਗਦਾ ਸੀ ਕਿ ਇਸਤਰੀ ਵਿਚ ਆਪਣਾ ਸਿਰ ਉਠਾਉਣ ਦੀ ਵੀ ਤਾਕਤ ਨਹੀਂ ਸੀ, ਜਿੱਦਾਂ ਕਿ ਉਹ ਤਰਸ ਦੇ ਮਾਰੇ ਆਪਣੇ ਪੁੱਤਰ ਵੱਲ ਦੇਖ ਹੀ ਨਹੀਂ ਸਕਦੀ ਸੀ। ਉਨ੍ਹਾਂ ਦੇ ਪਿੱਛੇ ਕਿਤੇ ਦੂਰ ਕਈ ਆਤਮਾਵਾਂ ਅਤੇ ਨਿੱਕੀਆਂ ਪਰੀਆਂ ਉੱਡ ਰਹੀਆਂ ਸਨ। ਜਦੋਂ ਮੈਂ ਉੱਪਰ ਉਨ੍ਹਾਂ ਵੱਲ ਦੇਖ ਰਿਹਾ ਸੀ, ਮੈਨੂੰ ਇੱਦਾਂ ਲੱਗਾ ਕਿ ਉਹ ਕਿਸੇ ਵੀ ਵੇਲੇ ਮੇਰੇ ਉੱਤੇ ਆ ਡਿੱਗਣਗੇ। ਹੈਰਾਨ ਹੋ ਕੇ ਮੈਂ ਆਪਣੇ ਹੱਥ ਖੋਲ੍ਹੇ ਤਾਂਕਿ ਮੈਂ ਉਨ੍ਹਾਂ ਨੂੰ ਫੜ ਸਕਾਂ।”
ਇਹ ਘਟਨਾ ਮੱਧਕਾਲ ਦੇ ਅੰਧਕਾਰ ਯੁਗ ਤੋਂ ਬਹੁਤ ਚਿਰ ਬਾਅਦ ਅਤੇ ਯੂਰਪ ਦੀ ਰਿਫੋਰਮੇਸ਼ਨ ਸ਼ੁਰੂ ਹੋਣ ਤੋਂ ਬਾਅਦ ਵਾਪਰੀ ਸੀ। ਪਰ ਪੂਰਬ ਦੇ ਜ਼ਿਆਦਾਤਰ ਲੋਕ ਈਸਾਈ ਧਰਮ ਤੋਂ ਉੱਨੇ ਹੀ ਅਣਜਾਣ ਸਨ ਜਿੰਨੇ ਕਿ ਇਸ ਤਸਵੀਰ ਤੋਂ। ਇਹ ਹਾਲਤ ਕਿੰਨੀ ਬਦਲ ਚੁੱਕੀ ਹੈ! ਹਰ ਸਾਲ ਕ੍ਰਿਸਮਸ ਦੇ ਸਮੇਂ, ਯਿਸੂ ਨੂੰ ਿਨੱਕੇ ਬੱਚੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਪੂਰਬੀ ਦੇਸ਼ਾਂ ਦੇ ਲੋਕ ਹੁਣ ਅਜਿਹੇ ਦ੍ਰਿਸ਼ ਪਛਾਣਦੇ ਹਨ ਅਤੇ ਪੂਰਬ ਦੀਆਂ ਕਈਆਂ ਸੜਕਾਂ ਨੂੰ ਯੂਰਪੀ ਸੜਕਾਂ ਵਾਂਗ ਕ੍ਰਿਸਮਸ ਲਈ ਸਜਾਇਆ ਜਾਂਦਾ ਹੈ।
ਕ੍ਰਿਸਮਸ ਦੇ ਵੱਡੇ ਦਿਨ ਤੋਂ ਇਕ ਮਹੀਨਾ ਪਹਿਲਾਂ, 25 ਨਵੰਬਰ 1998 ਦੀ ਸ਼ਾਮ ਨੂੰ, ਪੈਰਿਸ ਵਿਚ ਸ਼ਾਂਜ਼ੇਲੀਜ਼ੇ ਨਾਂ ਦੀ ਮਸ਼ਹੂਰ ਸੜਕ ਦਿਆਂ 300 ਦਰਖ਼ਤਾਂ ਉੱਤੇ ਕੁਝ 1,00,000 ਬੱਤੀਆਂ ਲਾਈਆਂ ਗਈਆਂ ਸਨ, ਜਿਸ ਨਾਲ ਰੌਸ਼ਨੀ ਹੀ ਰੌਸ਼ਨੀ ਹੋ ਗਈ ਸੀ। ਇਸ ਦੀ ਤੁਲਨਾ ਵਿਚ, ਕੋਰੀਆ ਵਿਚ ਸਿਓਲ ਸ਼ਹਿਰ ਦੀ ਇਕ ਸੜਕ ਉੱਤੇ ਕ੍ਰਿਸਮਸ ਦਾ ਵੱਡਾ ਸਾਰਾ ਰੁੱਖ ਇਕ ਵੱਡੀ ਦੁਕਾਨ ਦੁਆਰਾ ਸਜਾਇਆ ਜਾਂਦਾ ਹੈ ਅਤੇ ਇਹ ਉਸ ਰਾਜਧਾਨੀ ਦੀ ਰਾਤ ਨੂੰ ਰੌਸ਼ਨ ਕਰਦਾ ਹੈ। ਬਹੁਤ ਜਲਦ ਇਸ ਦੀਆਂ ਹੋਰ ਸੜਕਾਂ ਕ੍ਰਿਸਮਸ ਲਈ ਸਜਾਈਆਂ ਜਾਂਦੀਆਂ ਹਨ।
ਟੈਲੀਵਿਯਨ, ਰੇਡੀਓ, ਅਤੇ ਅਖ਼ਬਾਰਾਂ ਵਿਚ ਹਰ ਰੋਜ਼ ਅਜਿਹੇ ਪ੍ਰੋਗ੍ਰਾਮ ਪੇਸ਼ ਕੀਤੇ ਜਾਂਦੇ ਹਨ ਜੋ ਕ੍ਰਿਸਮਸ ਨਾਲ ਸੰਬੰਧ ਰੱਖਦੇ ਹਨ। ਵੱਡੇ ਦਿਨ ਦੀ ਖ਼ੁਸ਼ੀ ਵਿਚ, ਸਾਰਾ ਮੁਲਕ ਸਾਲ ਦੇ ਅੰਤ ਦਾ ਸੁਆਗਤ ਕਰਨ ਵਿਚ ਰੁੱਝ ਜਾਂਦਾ ਹੈ। ਸਿਓਲ ਦੇ ਗਿਰਜੇ, ਜੋ ਕਿ ਬਹੁਤ ਹਨ ਅਤੇ ਜਿਨ੍ਹਾਂ ਦੀ ਗਿਣਤੀ ਅਕਸਰ ਮੁਸਾਫ਼ਰਾਂ ਨੂੰ ਹੈਰਾਨ ਕਰਦੀ ਹੈ, ਛੇਤੀ-ਛੇਤੀ ਸਜਾਏ ਜਾਂਦੇ ਹਨ। ਇਸ ਤਰ੍ਹਾਂ, ਕੋਰੀਆ ਅਤੇ ਦੂਸਰੇ ਪੂਰਬੀ ਦੇਸ਼ ਕ੍ਰਿਸਮਸ ਦੇ ਜਸ਼ਨ ਵਿਚ ਤਕਰੀਬਨ ਉਸ ਸਮੇਂ ਤੇ ਰੁੱਝੇ ਹੁੰਦੇ ਹਨ ਜਦੋਂ ਅਮਰੀਕਾ ਵਿਚ ਨਵੰਬਰ ਦੇ ਅੰਤ ਵਿਚ ਥੈਂਕਸਗਿਵਿੰਗ ਡੇ ਮਨਾਇਆ ਜਾਂਦਾ ਹੈ।
ਪੂਰਬ ਦਿਆਂ ਜ਼ਿਆਦਾਤਰ ਦੇਸ਼ਾਂ ਨੂੰ ਈਸਾਈ-ਜਗਤ ਦਾ ਹਿੱਸਾ ਨਹੀਂ ਸਮਝਿਆ ਜਾਂਦਾ। ਉਦਾਹਰਣ ਲਈ, ਕੋਰੀਆ ਦੀ ਸਿਰਫ਼ 26.3 ਫੀ ਸਦੀ ਆਬਾਦੀ ਨੇ ਈਸਾਈ ਧਰਮ ਨੂੰ ਅਪਣਾਇਆ ਹੈ। ਹਾਂਗ ਕਾਂਗ ਵਿਚ ਇਹ ਗਿਣਤੀ 7.9 ਫੀ ਸਦੀ ਹੈ, ਤਾਈਵਾਨ ਵਿਚ 7.4 ਫੀ ਸਦੀ, ਅਤੇ ਜਪਾਨ ਵਿਚ ਸਿਰਫ਼ 1.2 ਫੀ ਸਦੀ। ਇਹ ਗੱਲ ਸਪੱਸ਼ਟ ਹੈ ਕਿ ਪੂਰਬ ਦੇ ਜ਼ਿਆਦਾਤਰ ਲੋਕ ਈਸਾਈ ਨਹੀਂ ਹਨ, ਪਰ ਲੱਗਦਾ ਹੈ ਕਿ ਕ੍ਰਿਸਮਸ ਮਨਾਉਣ ਵਿਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਦਰਅਸਲ, ਇਸ ਤਿਉਹਾਰ ਨੂੰ ਮਨਾਉਣ ਵਿਚ ਉਹ ਅਕਸਰ ਪੱਛਮੀ ਦੇਸ਼ਾਂ ਦੇ ਲੋਕਾਂ ਨਾਲੋਂ ਵੀ ਅੱਗੇ ਲੰਘ ਗਏ ਹਨ। ਮਿਸਾਲ ਲਈ, ਹਾਂਗ ਕਾਂਗ ਕ੍ਰਿਸਮਸ ਨੂੰ ਧੁੰਮ-ਧਾਮ ਨਾਲ ਮਨਾਉਣ ਲਈ ਕਾਫ਼ੀ ਮਸ਼ਹੂਰ ਹੈ, ਭਾਵੇਂ ਕਿ ਉੱਥੇ ਦੇ ਜ਼ਿਆਦਾਤਰ ਵਾਸੀ ਬੋਧੀ ਜਾਂ ਤਾਓਵਾਦੀ ਹਨ। ਚੀਨ ਵਿਚ ਵੀ, ਜਿੱਥੇ ਸਿਰਫ਼ 0.1 ਫੀ ਸਦੀ ਲੋਕ ਈਸਾਈ ਹਨ, ਕ੍ਰਿਸਮਸ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਹੈ।
ਪੂਰਬ ਵਿਚ ਕ੍ਰਿਸਮਸ ਦਾ ਵੱਡਾ ਦਿਨ ਇੰਨਾ ਕਿਉਂ ਮਨਾਇਆ ਜਾਂਦਾ ਹੈ? ਜਿਹੜੇ ਲੋਕ ਯਿਸੂ ਨੂੰ ਮਸੀਹ ਵਜੋਂ ਸਵੀਕਾਰ ਨਹੀਂ ਕਰਦੇ ਉਹ ਕ੍ਰਿਸਮਸ ਕਿਉਂ ਮਨਾਉਂਦੇ ਹਨ, ਜੋ ਕਿ ਕਈਆਂ ਈਸਾਈਆਂ ਅਨੁਸਾਰ ਉਸ ਦਾ ਜਨਮ ਦਿਨ ਹੈ? ਕੀ ਮਸੀਹੀਆਂ ਨੂੰ ਕ੍ਰਿਸਮਸ ਬਾਰੇ ਉਨ੍ਹਾਂ ਵਾਂਗ ਸੋਚਣਾ ਚਾਹੀਦਾ ਹੈ? ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਇਸ ਗੱਲ ਉੱਤੇ ਵਿਚਾਰ ਕਰ ਕੇ ਮਿਲਣਗੇ ਕਿ ਪੂਰਬ ਦੇ ਇਕ ਬਹੁਤ ਪੁਰਾਣੇ ਦੇਸ਼, ਕੋਰੀਆ, ਵਿਚ ਕ੍ਰਿਸਮਸ ਦਾ ਵੱਡਾ ਦਿਨ ਕਿਵੇਂ ਮਸ਼ਹੂਰ ਹੋਇਆ।