ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w07 7/15 ਸਫ਼ੇ 3-5
  • ਮਰਨ ਤੋਂ ਬਾਅਦ ਕੀ ਹੁੰਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਰਨ ਤੋਂ ਬਾਅਦ ਕੀ ਹੁੰਦਾ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਕੀ ਸਿਖਾਉਂਦੀ ਹੈ?
  • ਮਰਨ ਤੋਂ ਬਾਅਦ ਕੀ ਹੁੰਦਾ ਹੈ?
  • ਮਰੇ ਹੋਇਆਂ ਲਈ ਉਮੀਦ
  • ਮੌਤ ਤੋਂ ਬਾਅਦ ਜੀਵਨ—ਬਾਈਬਲ ਕੀ ਕਹਿੰਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਕੀ ਇਨਸਾਨ ਵਿਚ ਆਤਮਾ ਹੁੰਦੀ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਪ੍ਰਾਣ ਦੇ ਲਈ ਇਕ ਬਿਹਤਰ ਉਮੀਦ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
w07 7/15 ਸਫ਼ੇ 3-5

ਮਰਨ ਤੋਂ ਬਾਅਦ ਕੀ ਹੁੰਦਾ ਹੈ?

ਕੀ ਸਾਡਾ ਸਰੀਰ ਭੌਤਿਕ ਤੱਤਾਂ ਦਾ ਬਣਿਆ ਹੈ? ਜਾਂ ਕੀ ਇਸ ਵਿਚ ਹੋਰ ਵੀ ਕੁਝ ਹੈ? ਕੀ ਮਰਨ ਤੇ ਸਾਡੀ ਹੋਂਦ ਮੁੱਕ ਜਾਂਦੀ ਹੈ? ਜਾਂ ਕੀ ਮੌਤ ਤੋਂ ਬਾਅਦ ਸਾਡੇ ਅੰਦਰੋਂ ਕੋਈ ਅਦਿੱਖ ਚੀਜ਼ ਨਿਕਲ ਕੇ ਜੀਉਂਦੀ ਰਹਿੰਦੀ ਹੈ?

ਦੁਨੀਆਂ ਦੇ ਧਰਮਾਂ ਵਿਚ ਮੌਤ ਤੋਂ ਬਾਅਦ ਦੇ ਜੀਵਨ ਬਾਰੇ ਕਈ ਗੁੰਝਲਦਾਰ ਸਿੱਖਿਆਵਾਂ ਪਾਈਆਂ ਜਾਂਦੀਆਂ ਹਨ। ਜ਼ਿਆਦਾਤਰ ਧਰਮ ਇਸ ਗੱਲ ਤੇ ਸਹਿਮਤ ਹਨ ਕਿ ਇਨਸਾਨ ਦੇ ਅੰਦਰ ਕੋਈ ਚੀਜ਼ ਹੈ ਜੋ ਅਮਰ ਹੈ ਤੇ ਮੌਤ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ। ਤੁਸੀਂ ਕੀ ਮੰਨਦੇ ਹੋ? ਸੱਚਾਈ ਅਸਲ ਵਿਚ ਕੀ ਹੈ? ਕੀ ਜੀਉਂਦੇ ਇਨਸਾਨ ਵਿਚ ਆਤਮਾ ਵਰਗੀ ਕੋਈ ਚੀਜ਼ ਹੁੰਦੀ ਹੈ ਜੋ ਮੌਤ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

ਬਾਈਬਲ ਕੀ ਸਿਖਾਉਂਦੀ ਹੈ?

ਇਬਰਾਨੀ ਅਤੇ ਯੂਨਾਨੀ ਭਾਸ਼ਾ ਦੀ ਮੁਢਲੀ ਬਾਈਬਲ ਵਿਚ ਦੋ ਸ਼ਬਦ ਵਰਤੇ ਗਏ ਹਨ ਜਿਨ੍ਹਾਂ ਦਾ ਮਤਲਬ “ਸਾਹ” ਜਾਂ “ਹਵਾ” ਹੈ। ਪਰ ਪੰਜਾਬੀ ਬਾਈਬਲ ਵਿਚ ਕਈ ਥਾਵਾਂ ਤੇ ਇਨ੍ਹਾਂ ਸ਼ਬਦਾਂ ਦਾ ਅਨੁਵਾਦ “ਆਤਮਾ” ਕੀਤਾ ਗਿਆ। ਮਿਸਾਲ ਲਈ, ਯਾਕੂਬ 2:26 ਵਿਚ ਲਿਖਿਆ ਹੈ: “ਆਤਮਾ [ਯੂਨਾਨੀ ਸ਼ਬਦ ਪਨੈਵਮਾ] ਬਾਝੋਂ ਸਰੀਰ ਮੁਰਦਾ ਹੈ।” ਇਸ ਤੋਂ ਪੜ੍ਹਨ ਵਾਲਾ ਗ਼ਲਤ ਸਿੱਟਾ ਕੱਢ ਸਕਦਾ ਹੈ ਕਿ ਸਾਡੇ ਅੰਦਰ ਕੋਈ ਅਦਿੱਖ ਚੀਜ਼ ਮੌਜੂਦ ਹੈ। ਅਸਲ ਵਿਚ ਇੱਥੇ ਜੀਵਨ ਦੇ ਸਾਹ ਜਾਂ ਉਸ ਜੀਵਨ-ਸ਼ਕਤੀ ਦੀ ਗੱਲ ਹੋ ਰਹੀ ਹੈ ਜਿਸ ਨਾਲ ਸਾਡਾ ਸਰੀਰ ਜਾਨਦਾਰ ਬਣਦਾ ਹੈ।

ਤਾਂ ਫਿਰ, ਜੀਵਨ ਦਾ ਸਾਹ ਜਾਂ ਜੀਵਨ-ਸ਼ਕਤੀ ਅਸਲ ਵਿਚ ਕੀ ਹੈ? ਆਓ ਆਪਾਂ ਇਕ ਉਦਾਹਰਣ ਤੇ ਗੌਰ ਕਰੀਏ। ਜੇ ਕਿਸੇ ਕਾਰਨ ਇਨਸਾਨ ਦਾ ਸਾਹ ਰੁੱਕ ਜਾਂਦਾ ਹੈ, ਤਾਂ ਵੀ ਉਸ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਹੈ। ਕਿਉਂ? ਕਿਉਂਕਿ ਉਸ ਦੇ ਸਰੀਰ ਦੇ ਸੈੱਲਾਂ ਵਿਚ ਅਜੇ ਵੀ ਜੀਵਨ-ਸ਼ਕਤੀ ਹੈ। ਸੈੱਲਾਂ ਵਿਚ ਜੀਵਨ-ਸ਼ਕਤੀ ਖ਼ਤਮ ਹੋ ਜਾਣ ਤੇ ਇਨਸਾਨ ਦਾ ਸਾਹ ਮੁੜ ਚਲਾਉਣ ਦੀ ਹਰ ਕੋਸ਼ਿਸ਼ ਨਾਕਾਮ ਹੋਵੇਗੀ। ਸਿਰਫ਼ ਸਾਹ ਜਾਂ ਹਵਾ ਨਾਲ ਬੇਜਾਨ ਸੈੱਲਾਂ ਵਿਚ ਮੁੜ ਜਾਨ ਨਹੀਂ ਪਾਈ ਜਾ ਸਕਦੀ। ਇਸ ਤੋਂ ਪਤਾ ਲੱਗਦਾ ਹੈ ਕਿ ਜੀਵਨ-ਸ਼ਕਤੀ ਹੀ ਇਨਸਾਨ ਨੂੰ ਜੀਉਂਦਾ ਰੱਖਦੀ ਹੈ। ਇਹ ਸ਼ਕਤੀ ਗਰਭ ਵਿਚ ਪਲ ਰਹੇ ਬੱਚੇ ਨੂੰ ਆਪਣੇ ਮਾਪਿਆਂ ਤੋਂ ਮਿਲਦੀ ਹੈ ਤੇ ਸਾਹ ਲੈਣ ਨਾਲ ਇਹ ਕਾਇਮ ਰਹਿੰਦੀ ਹੈ।—ਅੱਯੂਬ 34:14, 15.

ਜੋ ਲੋਕ ਆਤਮਾ ਦੀ ਸਿੱਖਿਆ ਮੰਨਦੇ ਹਨ ਉਹ ਸੋਚਦੇ ਹਨ ਕਿ ਉਨ੍ਹਾਂ ਵਿਚਲੀ ਆਤਮਾ ਦੀ ਆਪਣੀ ਸ਼ਖ਼ਸੀਅਤ ਹੈ। ਪਰ ਬਾਈਬਲ ਦੱਸਦੀ ਹੈ ਕਿ ਜਿਸ ਚੀਜ਼ ਨੂੰ ਲੋਕ ਆਤਮਾ ਸਮਝਦੇ ਹਨ ਉਹ ਸਿਰਫ਼ ਸਰੀਰ ਵਿਚ ਜਾਨ ਪਾਉਣ ਵਾਲੀ ਸ਼ਕਤੀ ਹੈ। ਰਾਜਾ ਸੁਲੇਮਾਨ ਨੇ ਕਿਹਾ ਕਿ ਇਨਸਾਨ ਦੀ ਜੀਵਨ-ਸ਼ਕਤੀ ਅਤੇ ਜਾਨਵਰ ਦੀ ਜੀਵਨ-ਸ਼ਕਤੀ ਵਿਚ ਕੋਈ ਫ਼ਰਕ ਨਹੀਂ ਹੈ: “ਜੋ ਕੁਝ ਆਦਮ ਵੰਸ ਉੱਤੇ ਬੀਤਦਾ ਹੈ ਸੋ ਪਸੂ ਉੱਤੇ ਵੀ ਬੀਤਦਾ ਹੈ, ਦੋਹਾਂ ਉੱਤੇ ਇੱਕੋ ਜੇਹੀ ਬੀਤਦੀ ਹੈ,—ਜਿੱਕਰ ਇਹ ਮਰਦਾ ਹੈ ਓਸੇ ਤਰਾਂ ਉਹ ਮਰਦਾ ਹੈ,—ਹਾਂ, ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ . . . ਸਾਰਿਆਂ ਦੇ ਸਾਰੇ ਇੱਕੋ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ। ਕੌਣ ਜਾਣਦਾ ਹੈ ਭਾਵੇਂ ਆਦਮ ਵੰਸੀ ਦਾ ਆਤਮਾ [ਜੀਵਨ-ਸ਼ਕਤੀ] ਉਤਾਹਾਂ ਚੜ੍ਹੇ ਅਤੇ ਪਸੂਆਂ ਦਾ ਆਤਮਾ [ਜੀਵਨ-ਸ਼ਕਤੀ] ਧਰਤੀ ਵੱਲ ਹੇਠਾਂ ਲਹੇ?”—ਉਪਦੇਸ਼ਕ ਦੀ ਪੋਥੀ 3:19-21.

ਅਸੀਂ ਜੀਵਨ-ਸ਼ਕਤੀ ਦੀ ਤੁਲਨਾ ਬਿਜਲੀ ਨਾਲ ਕਰ ਸਕਦੇ ਹਾਂ ਜਿਸ ਦੀ ਵਰਤੋਂ ਬੱਲਬ ਜਗਾਉਣ, ਪੱਖੇ, ਰੇਡੀਓ, ਟੈਲੀਵਿਯਨ ਜਾਂ ਕੰਪਿਊਟਰ ਵਗੈਰਾ ਚਲਾਉਣ ਲਈ ਕੀਤੀ ਜਾਂਦੀ ਹੈ। ਬਿਜਲੀ ਕੇਵਲ ਇਕ ਸ਼ਕਤੀ ਹੈ। ਇਹ ਉਸ ਯੰਤਰ ਦੀ ਸ਼ਕਲ ਅਖ਼ਤਿਆਰ ਨਹੀਂ ਕਰ ਲੈਂਦੀ ਜਿਸ ਨੂੰ ਇਹ ਚਲਾਉਂਦੀ ਹੈ। ਇਸੇ ਤਰ੍ਹਾਂ, ਜੀਵਨ-ਸ਼ਕਤੀ ਨਾਲ ਸਰੀਰ ਵਿਚ ਜਾਨ ਪੈਂਦੀ ਹੈ। ਬਿਜਲੀ ਵਾਂਗ ਇਸ ਸ਼ਕਤੀ ਵਿਚ ਦੇਖਣ, ਸੁਣਨ ਜਾਂ ਸੋਚਣ ਦੀ ਯੋਗਤਾ ਨਹੀਂ ਹੁੰਦੀ। ਇਨਸਾਨ ਤੇ ਜਾਨਵਰਾਂ ਦੋਨਾਂ ਵਿਚ ਇੱਕੋ ਜੀਵਨ-ਸ਼ਕਤੀ ਹੈ। ਇਸ ਲਈ ਜਦੋਂ ਕੋਈ ਮਰਦਾ ਹੈ, ਤਾਂ ਉਹ ਬਿਲਕੁਲ ਮਰ ਜਾਂਦਾ ਹੈ, ਉਸ ਵਿੱਚੋਂ ਆਤਮਾ ਵਰਗੀ ਕੋਈ ਚੀਜ਼ ਜੀਉਂਦੀ ਨਹੀਂ ਰਹਿੰਦੀ।

ਮਰਨ ਤੋਂ ਬਾਅਦ ਕੀ ਹੁੰਦਾ ਹੈ?

ਇਨਸਾਨਾਂ ਦੀ ਮੌਤ ਬਾਰੇ ਉਪਦੇਸ਼ਕ ਦੀ ਪੋਥੀ 12:7 ਵਿਚ ਲਿਖਿਆ ਹੈ ਕਿ ‘ਖਾਕ ਮਿੱਟੀ ਨਾਲ ਪਹਿਲਾਂ ਵਾਂਙੁ ਜਾ ਰਲਦੀ ਹੈ, ਅਤੇ ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ, ਜਿਸ ਨੇ ਉਸ ਨੂੰ ਬਖਸ਼ਿਆ ਸੀ।’ ਇਸ ਦਾ ਕੀ ਮਤਲਬ ਹੈ? ਕੀ ਇਸ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਕੋਈ ਚੀਜ਼ ਪਰਮੇਸ਼ਰ ਕੋਲ ਮੁੜ ਜਾਂਦੀ ਹੈ? ਆਓ ਆਪਾਂ ਇਕ ਉਦਾਹਰਣ ਵੱਲ ਧਿਆਨ ਦੇਈਏ। ਆਪਣੇ ਨਬੀ ਮਲਾਕੀ ਰਾਹੀਂ ਯਹੋਵਾਹ ਨੇ ਬੇਵਫ਼ਾ ਇਸਰਾਏਲੀਆਂ ਨੂੰ ਕਿਹਾ ਸੀ: “ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ।” (ਮਲਾਕੀ 3:7) ਬੇਵਫ਼ਾ ਇਸਰਾਏਲੀਆਂ ਲਈ ਯਹੋਵਾਹ ਵੱਲ ‘ਮੁੜਨ’ ਵਾਸਤੇ ਜ਼ਰੂਰੀ ਸੀ ਕਿ ਉਹ ਗ਼ਲਤ ਰਾਹ ਤੇ ਚੱਲਣਾ ਛੱਡ ਦੇਣ ਤੇ ਦੁਬਾਰਾ ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲਣ। ਯਹੋਵਾਹ ਲਈ ਇਸਰਾਏਲੀਆਂ ਵੱਲ ‘ਮੁੜਨ’ ਦਾ ਮਤਲਬ ਸੀ ਕਿ ਉਹ ਦੁਬਾਰਾ ਉਨ੍ਹਾਂ ਉੱਤੇ ਮਿਹਰ ਕਰੇਗਾ। ਇਸ ਦੇ ਲਈ ਨਾ ਤਾਂ ਯਹੋਵਾਹ ਨੂੰ ਤੇ ਨਾ ਹੀ ਇਸਰਾਏਲੀਆਂ ਨੂੰ ਕਿਸੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੀ ਲੋੜ ਸੀ। ‘ਮੁੜਨ’ ਦਾ ਮਤਲਬ ਸੀ ਕਿ ਇਸਰਾਏਲੀ ਆਪਣੇ ਰਵੱਈਏ ਵਿਚ ਤਬਦੀਲੀ ਕਰਨ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਵਿਚ ਜਿਸ ਤਰ੍ਹਾਂ ‘ਮੁੜਨ’ ਸ਼ਬਦ ਇਸਤੇਮਾਲ ਕੀਤਾ ਗਿਆ ਹੈ, ਉਸ ਦਾ ਇਹ ਮਤਲਬ ਨਹੀਂ ਕਿ ਕੋਈ ਕਿਸੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਵੇ।

ਇਸੇ ਤਰ੍ਹਾਂ, ਮੌਤ ਤੋਂ ਬਾਅਦ ਜਦੋਂ ‘ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਂਦਾ ਹੈ, ਜਿਸ ਨੇ ਉਸ ਨੂੰ ਬਖਸ਼ਿਆ ਸੀ,’ ਤਾਂ ਇਸ ਦਾ ਮਤਲਬ ਹੈ ਕਿ ਜਦੋਂ ਕੋਈ ਮਰ ਜਾਂਦਾ ਹੈ, ਤਾਂ ਇਸ ਤੋਂ ਬਾਅਦ ਸਿਰਫ਼ ਸੱਚਾ ਪਰਮੇਸ਼ੁਰ ਹੀ ਉਸ ਇਨਸਾਨ ਨੂੰ ਮੁੜ ਜ਼ਿੰਦਾ ਕਰ ਸਕਦਾ ਹੈ। ਹੁਣ ਇਹ ਪਰਮੇਸ਼ੁਰ ਦੇ ਹੱਥ ਵਿਚ ਹੈ ਕਿ ਉਹ ਮਰੇ ਵਿਅਕਤੀ ਨੂੰ ਜੀਉਂਦਾ ਕਰੇਗਾ ਜਾਂ ਨਹੀਂ।

ਉਦਾਹਰਣ ਲਈ, ਧਿਆਨ ਦਿਓ ਕਿ ਲੂਕਾ ਦੀ ਇੰਜੀਲ ਵਿਚ ਯਿਸੂ ਮਸੀਹ ਦੀ ਮੌਤ ਬਾਰੇ ਕੀ ਕਿਹਾ ਗਿਆ ਹੈ: “ਯਿਸੂ ਉੱਚੀ ਅਵਾਜ਼ ਨਾਲ ਚਿੱਲਾ ਕੇ ਆਖਿਆ ਕਿ ਹੇ ਪਿਤਾ ਮੈਂ ਆਪਣਾ ਆਤਮਾ [ਜੀਵਨ-ਸ਼ਕਤੀ] ਤੇਰੇ ਹੱਥੀਂ ਸੌਂਪਦਾ ਹਾਂ, ਅਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ।” (ਲੂਕਾ 23:46) ਯਿਸੂ ਦੇ ਮਰਨ ਤੇ ਉਸ ਦੀ ਜੀਵਨ-ਸ਼ਕਤੀ ਨਿਕਲ ਗਈ। ਯਿਸੂ ਰੂਹ ਬਣ ਕੇ ਵਾਪਸ ਆਪਣੇ ਪਿਤਾ ਕੋਲ ਸਵਰਗ ਨਹੀਂ ਗਿਆ ਸੀ। ਅਸਲ ਵਿਚ, ਉਹ ਕਬਰ ਵਿਚ ਸੀ ਤੇ ਕਿਧਰੇ ਹੋਰ ਜੀਉਂਦਾ ਨਹੀਂ ਸੀ ਜਦ ਤਕ ਉਸ ਨੂੰ ਤੀਸਰੇ ਦਿਨ ਤੇ ਮੁੜ ਜੀਉਂਦਾ ਨਹੀਂ ਕੀਤਾ ਗਿਆ। (ਉਪਦੇਸ਼ਕ ਦੀ ਪੋਥੀ 9:5, 10) ਮੁੜ ਜੀਉਂਦਾ ਹੋਣ ਤੋਂ ਬਾਅਦ ਵੀ ਯਿਸੂ ਤੁਰੰਤ ਸਵਰਗ ਨਹੀਂ ਗਿਆ, ਸਗੋਂ ਉਸ ਨੇ ਆਪਣੇ ਚੇਲਿਆਂ ਨੂੰ ‘ਚਾਹਲੀਆਂ ਦਿਨਾਂ ਤੀਕੁ ਦਰਸ਼ਣ ਦਿੱਤਾ’ ਅਤੇ ਇਸ ਤੋਂ ਬਾਅਦ “ਉਹ ਉਤਾਹਾਂ ਉਠਾਇਆ ਗਿਆ।” (ਰਸੂਲਾਂ ਦੇ ਕਰਤੱਬ 1:3, 9) ਮਰਨ ਵੇਲੇ ਯਿਸੂ ਨੇ ਆਪਣੀ ਜੀਵਨ-ਸ਼ਕਤੀ ਆਪਣੇ ਪਿਤਾ ਦੇ ਹੱਥੀਂ ਸੌਂਪ ਦਿੱਤੀ ਸੀ ਕਿਉਂਕਿ ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਕੋਲ ਉਸ ਨੂੰ ਮੁੜ ਜੀਉਂਦਾ ਕਰਨ ਦੀ ਤਾਕਤ ਸੀ।

ਮਰੇ ਹੋਇਆਂ ਲਈ ਉਮੀਦ

ਇਹ ਗੱਲ ਸਾਫ਼ ਹੋ ਗਈ ਹੈ ਕਿ ਸਾਡੇ ਅੰਦਰ ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਮਰਨ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਪਰ ਜੀਵਨ-ਸ਼ਕਤੀ ਨਾਲ ਇਨਸਾਨ ਜੀਉਂਦਾ ਰਹਿੰਦਾ ਹੈ। ਸਾਹ ਲੈਣ ਨਾਲ ਇਹ ਜੀਵਨ-ਸ਼ਕਤੀ ਸਰੀਰ ਵਿਚ ਰਹਿੰਦੀ ਹੈ। ਇਸ ਕਰਕੇ, ਮਰੇ ਹੋਇਆਂ ਲਈ ਮੁੜ ਜ਼ਿੰਦਗੀ ਹਾਸਲ ਕਰਨ ਦੀ ਇੱਕੋ-ਇਕ ਆਸ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਜ਼ਿੰਦਾ ਕਰੇ। ਬਾਈਬਲ ਵਾਅਦਾ ਕਰਦੀ ਹੈ: “ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਸੋ ਬਾਈਬਲ ਅਮਰ ਆਤਮਾ ਦੀ ਸਿੱਖਿਆ ਨਹੀਂ ਦਿੰਦੀ, ਸਗੋਂ ਦੱਸਦੀ ਹੈ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ।

ਇਸ ਲਈ ਮਰੇ ਹੋਇਆਂ ਨੂੰ ਮੁੜ ਜ਼ਿੰਦਾ ਕਰਨ ਦੇ ਪਰਮੇਸ਼ੁਰ ਦੇ ਵਾਅਦੇ ਬਾਰੇ ਸਹੀ ਸਿੱਖਿਆ ਲੈਣੀ ਜ਼ਰੂਰੀ ਹੈ। ਪਰਮੇਸ਼ੁਰ ਅਤੇ ਯਿਸੂ ਬਾਰੇ ਵੀ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ। (ਯੂਹੰਨਾ 17:3) ਤੁਹਾਡੇ ਇਲਾਕੇ ਵਿਚ ਯਹੋਵਾਹ ਦੇ ਗਵਾਹ ਤੁਹਾਡੇ ਨਾਲ ਬਾਈਬਲ ਦਾ ਅਧਿਐਨ ਕਰ ਕੇ ਤੁਹਾਨੂੰ ਪਰਮੇਸ਼ੁਰ ਅਤੇ ਉਸ ਦੇ ਵਾਅਦਿਆਂ ਬਾਰੇ ਅਤੇ ਉਸ ਦੇ ਪੁੱਤਰ ਬਾਰੇ ਗਿਆਨ ਦੇ ਸਕਦੇ ਹਨ। ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਗਵਾਹਾਂ ਨਾਲ ਸੰਪਰਕ ਕਰੋ ਜਾਂ ਫਿਰ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖੋ।

[ਸਫ਼ਾ 4 ਉੱਤੇ ਤਸਵੀਰਾਂ]

ਮਰਨ ਵੇਲੇ ਜਾਨਵਰਾਂ ਅਤੇ ਇਨਸਾਨਾਂ ਦਾ ਅੰਜਾਮ ਇੱਕੋ ਹੁੰਦਾ ਹੈ

[ਕ੍ਰੈਡਿਟ ਲਾਈਨ]

Goat: CNPC​—Centro Nacional de Pesquisa de Caprinos (Sobral, CE, Brasil)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ