ਪ੍ਰਾਣ ਦੇ ਲਈ ਇਕ ਬਿਹਤਰ ਉਮੀਦ
ਰੋਮੀ ਫ਼ੌਜੀਆਂ ਨੇ ਇਸ ਦੀ ਆਸ ਨਹੀਂ ਰੱਖੀ ਸੀ। ਜਿਉਂ ਹੀ ਉਨ੍ਹਾਂ ਨੇ ਯਹੂਦੀ ਬਾਗ਼ੀ ਫ਼ੌਜਾਂ ਦੇ ਆਖ਼ਰੀ ਕਿਲ੍ਹੇ, ਮਸਾਡਾ ਦੀ ਪਹਾੜੀ ਗੜ੍ਹੀ ਉੱਤੇ ਇਕ ਦਮ ਧਾਵਾ ਕੀਤਾ, ਉਨ੍ਹਾਂ ਨੇ ਖ਼ੁਦ ਨੂੰ ਆਪਣੇ ਵੈਰੀਆਂ ਦੇ ਹਮਲੇ ਲਈ, ਯੋਧਿਆਂ ਦੇ ਨਾਅਰਿਆਂ ਲਈ, ਔਰਤਾਂ ਤੇ ਬੱਚਿਆਂ ਦੀਆਂ ਚੀਕਾਂ ਲਈ ਤਿਆਰ ਕੀਤਾ। ਇਸ ਦੀ ਬਜਾਇ ਉਨ੍ਹਾਂ ਨੇ ਕੇਵਲ ਤਿੜਤਿੜ ਕਰਦੇ ਭਾਂਬੜ ਦੀ ਆਵਾਜ਼ ਸੁਣੀ। ਜਿਉਂ-ਜਿਉਂ ਉਨ੍ਹਾਂ ਨੇ ਬਲਦੇ ਕੋਟ ਦੀ ਖੋਜ ਕੀਤੀ, ਰੋਮੀਆਂ ਨੂੰ ਭਿਆਨਕ ਸੱਚਾਈ ਦਾ ਪਤਾ ਲੱਗਾ: ਉਨ੍ਹਾਂ ਦੇ ਵੈਰੀ—ਕੁਝ 960 ਲੋਕ—ਪਹਿਲਾਂ ਤੋਂ ਹੀ ਮਰ ਚੁੱਕੇ ਸਨ! ਸੁਵਿਵਸਥਿਤ ਰੂਪ ਵਿਚ, ਯਹੂਦੀ ਯੋਧਿਆਂ ਨੇ ਖ਼ੁਦ ਆਪਣੇ ਪਰਿਵਾਰਾਂ ਨੂੰ, ਅਤੇ ਫਿਰ ਇਕ ਦੂਸਰੇ ਨੂੰ ਕਤਲ ਕਰ ਦਿੱਤਾ ਸੀ। ਆਖ਼ਰੀ ਆਦਮੀ ਨੇ ਖ਼ੁਦਕਸ਼ੀ ਕਰ ਲਈ ਸੀ।a ਕਿਸ ਚੀਜ਼ ਨੇ ਉਨ੍ਹਾਂ ਨੂੰ ਇਹ ਭਿਆਨਕ ਕਤਲਾਮ ਅਤੇ ਖ਼ੁਦਕਸ਼ੀ ਕਰਨ ਲਈ ਪ੍ਰੇਰਿਤ ਕੀਤਾ?
ਸਮਕਾਲੀ ਇਤਿਹਾਸਕਾਰ ਜੋਸੀਫ਼ਸ ਦੇ ਅਨੁਸਾਰ, ਇਕ ਮਹੱਤਵਪੂਰਣ ਕਾਰਨ ਸੀ ਅਮਰ ਪ੍ਰਾਣ ਵਿਚ ਵਿਸ਼ਵਾਸ। ਮਸਾਡਾ ਵਿਚ ਹਠਧਰਮੀਆਂ ਦੇ ਸਰਦਾਰ, ਏਲੀਏਜ਼ਰ ਬੇਨ ਜਾਈਰ ਨੇ ਪਹਿਲਾਂ ਆਪਣੇ ਆਦਮੀਆਂ ਨੂੰ ਕਾਇਲ ਕਰਨ ਦਾ ਜਤਨ ਕੀਤਾ ਕਿ ਰੋਮੀਆਂ ਦੇ ਹੱਥੀਂ ਮੌਤ ਜਾਂ ਗ਼ੁਲਾਮੀ ਨਾਲੋਂ ਖ਼ੁਦਕਸ਼ੀ ਜ਼ਿਆਦਾ ਸਨਮਾਨਯੋਗ ਹੋਵੇਗੀ। ਉਨ੍ਹਾਂ ਨੂੰ ਝਿਜਕਦੇ ਹੋਏ ਦੇਖ ਕੇ, ਉਸ ਨੇ ਪ੍ਰਾਣ ਦੇ ਬਾਰੇ ਇਕ ਪੁਰਜੋਸ਼ ਭਾਸ਼ਣ ਆਰੰਭ ਕੀਤਾ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਸਰੀਰ ਤਾਂ ਕੇਵਲ ਇਕ ਬੋਝ ਹੈ, ਪ੍ਰਾਣ ਦੇ ਲਈ ਇਕ ਕੈਦ। “ਪਰੰਤੂ ਜਦੋਂ ਇਹ ਉਸ ਬੋਝ ਤੋਂ ਮੁਕਤ ਹੋ ਜਾਂਦਾ ਹੈ ਜੋ ਇਸ ਨੂੰ ਧਰਤੀ ਵੱਲ ਖਿੱਚੀ ਰੱਖਦਾ ਹੈ ਅਤੇ ਇਸ ਨੂੰ ਲਪੇਟੇ ਰੱਖਦਾ ਹੈ,” ਉਸ ਨੇ ਜਾਰੀ ਰੱਖਿਆ, “ਤਾਂ ਪ੍ਰਾਣ ਆਪਣੀ ਥਾਂ ਨੂੰ ਪਰਤ ਜਾਂਦਾ ਹੈ, ਉਦੋਂ ਉਹ ਖ਼ੁਦ ਪਰਮੇਸ਼ੁਰ ਵਾਂਗ ਮਾਨਵ ਅੱਖਾਂ ਤੋਂ ਅਦ੍ਰਿਸ਼ਟ ਰਹਿੰਦੇ ਹੋਏ, ਅਸਲੀਅਤ ਵਿਚ ਇਕ ਮੁਕੱਦਸ ਬਲ ਅਤੇ ਇਕ ਬਿਲਕੁਲ ਮੁਕਤ ਸ਼ਕਤੀ ਦਾ ਸਾਂਝੀਦਾਰ ਹੁੰਦਾ ਹੈ।”
ਪ੍ਰਤਿਕਰਮ ਕੀ ਸੀ? ਜੋਸੀਫ਼ਸ ਰਿਪੋਰਟ ਕਰਦਾ ਹੈ ਕਿ ਏਲੀਏਜ਼ਰ ਵੱਲੋਂ ਇਸ ਵਿਸ਼ੇ ਉੱਤੇ ਵਿਸਤਾਰਪੂਰਵਕ ਗੱਲ ਕਰਨ ਮਗਰੋਂ, “ਉਸ ਦੇ ਸਾਰੇ ਸ੍ਰੋਤਿਆਂ ਨੇ ਉਸ ਦੇ ਭਾਸ਼ਣ ਨੂੰ ਵਿੱਚੋਂ ਹੀ ਕੱਟ ਦਿੱਤਾ ਅਤੇ ਬੇਕਾਬੂ ਜੋਸ਼ ਨਾਲ ਭਰਪੂਰ ਹੋ ਕੇ ਉਸ ਕਾਰਜ ਨੂੰ ਕਰਨ ਲਈ ਕਾਹਲ ਕੀਤੀ।” ਜੋਸੀਫ਼ਸ ਅੱਗੇ ਦੱਸਦਾ ਹੈ: “ਜਿਵੇਂ ਕਿ ਉਨ੍ਹਾਂ ਉੱਤੇ ਕੋਈ ਭੂਤ ਸਵਾਰ ਹੋਵੇ, ਉਹ ਭੱਜੇ ਗਏ ਅਤੇ ਹਰੇਕ ਵਿਅਕਤੀ ਅਗਲੇ ਤੋਂ ਕਾਹਲੀ ਕਰਨ ਲਈ ਉਤਸੁਕ ਸੀ, . . . ਆਪਣੀਆਂ ਪਤਨੀਆਂ, ਆਪਣੇ ਬੱਚਿਆਂ, ਅਤੇ ਖ਼ੁਦ ਨੂੰ ਕਤਲ ਕਰ ਦੇਣ ਦੀ ਇੰਨੀ ਅਰੋਕ ਇੱਛਾ ਨੇ ਉਨ੍ਹਾਂ ਉੱਤੇ ਕਾਬੂ ਪਾ ਲਿਆ ਸੀ।”
ਇਹ ਭਿਆਨਕ ਮਿਸਾਲ ਦਰਸਾਉਂਦੀ ਹੈ ਕਿ ਅਮਰ ਪ੍ਰਾਣ ਦਾ ਸਿਧਾਂਤ, ਮੌਤ ਬਾਰੇ ਆਮ ਮਾਨਵ ਦ੍ਰਿਸ਼ਟੀ ਨੂੰ ਕਿੰਨੀ ਹੀ ਪੂਰੀ ਤਰ੍ਹਾਂ ਨਾਲ ਬਦਲ ਸਕਦਾ ਹੈ। ਵਿਸ਼ਵਾਸੀਆਂ ਨੂੰ ਮੌਤ ਨੂੰ, ਮਨੁੱਖ ਦਾ ਸਭ ਤੋਂ ਵੱਡਾ ਵੈਰੀ ਵਜੋਂ ਨਹੀਂ, ਬਲਕਿ ਕੇਵਲ ਇਕ ਦੁਆਰ ਵਜੋਂ ਵਿਚਾਰਨ ਲਈ ਸਿਖਾਇਆ ਜਾਂਦਾ ਹੈ ਜੋ ਪ੍ਰਾਣ ਨੂੰ ਉੱਚਤਰ ਹੋਂਦ ਦਾ ਆਨੰਦ ਮਾਣਨ ਲਈ ਮੁਕਤ ਕਰ ਦਿੰਦਾ ਹੈ। ਪਰੰਤੂ ਉਨ੍ਹਾਂ ਯਹੂਦੀ ਹਠਧਰਮੀਆਂ ਨੇ ਇੰਜ ਕਿਉਂ ਵਿਸ਼ਵਾਸ ਕੀਤਾ? ਅਨੇਕ ਲੋਕੀ ਇਹ ਮਿਥ ਲੈਂਦੇ ਹਨ ਕਿ ਉਨ੍ਹਾਂ ਦੀਆਂ ਪਵਿੱਤਰ ਲਿਖਤਾਂ, ਇਬਰਾਨੀ ਸ਼ਾਸਤਰ, ਸਿਖਾਉਂਦੇ ਹਨ ਕਿ ਮਨੁੱਖ ਵਿਚ ਇਕ ਸਚੇਤ ਆਤਮਾ ਹੈ, ਇਕ ਪ੍ਰਾਣ ਜੋ ਮੌਤ ਮਗਰੋਂ ਜੀਉਂਦਾ ਰਹਿਣ ਲਈ ਮੁਕਤ ਹੋ ਜਾਂਦਾ ਹੈ। ਕੀ ਇਹ ਸੱਚ ਹੈ?
ਇਬਰਾਨੀ ਸ਼ਾਸਤਰ ਵਿਚ ਪ੍ਰਾਣ
ਇਕ ਲਫ਼ਜ਼ ਵਿਚ ਜਵਾਬ ਹੈ, ਨਹੀਂ। ਠੀਕ ਬਾਈਬਲ ਦੀ ਪਹਿਲੀ ਪੋਥੀ, ਉਤਪਤ ਵਿਚ, ਸਾਨੂੰ ਦੱਸਿਆ ਜਾਂਦਾ ਹੈ ਕਿ ਪ੍ਰਾਣ ਅਜਿਹੀ ਚੀਜ਼ ਨਹੀਂ ਜੋ ਤੁਹਾਡੇ ਕੋਲ ਹੈ, ਇਹ ਉਹ ਚੀਜ਼ ਹੈ ਜੋ ਤੁਸੀਂ ਹੋ। ਅਸੀਂ ਪਹਿਲੇ ਮਾਨਵ, ਆਦਮ, ਦੀ ਸ੍ਰਿਸ਼ਟੀ ਬਾਰੇ ਪੜ੍ਹਦੇ ਹਾਂ: “ਆਦਮੀ ਜੀਉਂਦੀ ਜਾਨ [“ਪ੍ਰਾਣ,” ਨਿ ਵ] ਹੋ ਗਿਆ।” (ਉਤਪਤ 2:7, ਟੇਢੇ ਟਾਈਪ ਸਾਡੇ।) ਇੱਥੇ ਪ੍ਰਾਣ ਵਾਸਤੇ ਵਰਤਿਆ ਗਿਆ ਇਬਰਾਨੀ ਸ਼ਬਦ, ਨੀਫ਼ੇਸ਼, ਇਬਰਾਨੀ ਸ਼ਾਸਤਰ ਵਿਚ 700 ਤੋਂ ਅਧਿਕ ਵਾਰ ਵਾਪਰਦਾ ਹੈ, ਅਤੇ ਇਕ ਵਾਰੀ ਵੀ ਇਹ ਮਨੁੱਖ ਦੇ ਇਕ ਵੱਖਰੇ, ਅਲੌਕਿਕ, ਆਤਮਿਕ ਭਾਗ ਦਾ ਵਿਚਾਰ ਸੰਕੇਤ ਨਹੀਂ ਕਰਦਾ ਹੈ। ਇਸ ਦੇ ਉਲਟ, ਪ੍ਰਾਣ ਦ੍ਰਿਸ਼ਟਮਾਨ, ਠੋਸ, ਸਰੀਰਕ ਹੈ।
ਨਿਮਨਲਿਖਿਤ ਉਲਿਖਤ ਆਇਤਾਂ ਨੂੰ ਬਾਈਬਲ ਦੀ ਆਪਣੀ ਪ੍ਰਤਿ ਵਿਚ ਦੇਖੋ, ਕਿਉਂਕਿ ਉਨ੍ਹਾਂ ਹਰ ਇਕ ਵਿਚ ਇਬਰਾਨੀ ਸ਼ਬਦ ਨੀਫ਼ੇਸ਼ ਪਾਇਆ ਜਾਂਦਾ ਹੈ। ਉਹ ਸਪੱਸ਼ਟ ਤਰੀਕੇ ਨਾਲ ਦਿਖਾਉਂਦੀਆਂ ਹਨ ਕਿ ਪ੍ਰਾਣ ਜੋਖਮ ਅਤੇ ਖ਼ਤਰੇ ਵਿਚ ਪੈ ਸਕਦਾ ਹੈ, ਇੱਥੋਂ ਤਕ ਕਿ ਅਗਵਾ ਵੀ ਕੀਤਾ ਜਾ ਸਕਦਾ ਹੈ (ਬਿਵਸਥਾ ਸਾਰ 24:7; ਨਿਆਈਆਂ 9:17; 1 ਸਮੂਏਲ 19:11); ਚੀਜ਼ਾਂ ਨੂੰ ਛੋਹ ਸਕਦਾ ਹੈ (ਅੱਯੂਬ 6:7); ਬੇੜੀਆਂ ਵਿਚ ਜਕੜਿਆ ਜਾ ਸਕਦਾ ਹੈ (ਜ਼ਬੂਰ 105:18); ਖਾਣ ਨੂੰ ਲੋਚਣ, ਵਰਤ ਤੋਂ ਪੀੜਿਤ ਹੋਣ, ਅਤੇ ਭੁੱਖ ਤੇ ਪਿਆਸ ਤੋਂ ਨਿਢਾਲ ਹੋਣ ਦੀ ਯੋਗਤਾ ਰੱਖਦਾ ਹੈ; ਅਤੇ ਇਕ ਵਿਨਾਸ਼ਕਾਰੀ ਬੀਮਾਰੀ ਤੋਂ ਜਾਂ ਸੋਗ ਦੇ ਕਾਰਨ ਉਣੀਂਦਰਾ-ਰੋਗ ਤੋਂ ਵੀ ਪੀੜਿਤ ਹੋ ਸਕਦਾ ਹੈ। (ਬਿਵਸਥਾ ਸਾਰ 12:20; ਜ਼ਬੂਰ 35:13; 69:10; 106:15; 107:9; 119:28) ਦੂਜੇ ਸ਼ਬਦਾਂ ਵਿਚ, ਕਿਉਂ ਜੋ ਤੁਹਾਡਾ ਪ੍ਰਾਣ ਤੁਸੀਂ ਹੋ, ਤੁਹਾਡਾ ਆਪਾ ਹੈ, ਤੁਹਾਡਾ ਪ੍ਰਾਣ ਉਹ ਸਭ ਕੁਝ ਅਨੁਭਵ ਕਰ ਸਕਦਾ ਹੈ ਜੋ ਤੁਸੀਂ ਅਨੁਭਵ ਕਰ ਸਕਦੇ ਹੋ।b
ਤਾਂ ਫਿਰ, ਕੀ ਇਸ ਦਾ ਇਹ ਅਰਥ ਹੈ ਕਿ ਪ੍ਰਾਣ ਅਸਲ ਵਿਚ ਮਰ ਸਕਦਾ ਹੈ? ਜੀ ਹਾਂ। ਇਸ ਨੂੰ ਅਮਰ ਆਖਣ ਦੀ ਬਜਾਇ, ਇਬਰਾਨੀ ਸ਼ਾਸਤਰ ਮਾਨਵੀ ਪ੍ਰਾਣ ਨੂੰ ਕੁਕਰਮ ਲਈ ‘ਛੇਕੇ ਜਾਣ,’ ਜਾਂ ਮਾਰੇ ਜਾਣ, ਕਤਲ ਕੀਤੇ ਜਾਣ, ਨਾਸ਼ ਕੀਤੇ ਜਾਣ, ਅਤੇ ਪਾੜ ਖਾਧੇ ਜਾਣ ਦੇ ਬਾਰੇ ਗੱਲ ਕਰਦਾ ਹੈ। (ਕੂਚ 31:14; ਬਿਵਸਥਾ ਸਾਰ 19:6; 22:26; ਜ਼ਬੂਰ 7:2) “ਜਿਹੜਾ ਪ੍ਰਾਣ ਪਾਪ ਕਰਦਾ ਹੈ—ਉਹੀ ਮਰੇਗਾ,” ਹਿਜ਼ਕੀਏਲ 18:4, (ਨਿ ਵ) ਕਹਿੰਦਾ ਹੈ। ਸਪੱਸ਼ਟ ਤੌਰ ਤੇ, ਮੌਤ ਮਾਨਵ ਪ੍ਰਾਣਾਂ ਦਾ ਆਮ ਅੰਤ ਹੈ, ਕਿਉਂਕਿ ਅਸੀਂ ਸਾਰੇ ਹੀ ਪਾਪ ਕਰਦੇ ਹਾਂ। (ਜ਼ਬੂਰ 51:5) ਪਹਿਲੇ ਆਦਮੀ, ਆਦਮ, ਨੂੰ ਦੱਸਿਆ ਗਿਆ ਸੀ ਕਿ ਪਾਪ ਦੀ ਸਜ਼ਾ ਮੌਤ ਸੀ—ਨਾ ਕਿ ਆਤਮਿਕ ਲੋਕ ਅਤੇ ਅਮਰਤਾ ਵਿਚ ਤਬਾਦਲਾ। (ਉਤਪਤ 2:17) ਅਤੇ ਜਦੋਂ ਉਸ ਨੇ ਪਾਪ ਕੀਤਾ, ਤਾਂ ਸਜ਼ਾ ਸੁਣਾਈ ਗਈ: “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਜਦੋਂ ਆਦਮ ਅਤੇ ਹੱਵਾਹ ਮਰ ਗਏ, ਤਾਂ ਉਹ ਕੇਵਲ ਉਹੋ ਬਣ ਗਏ ਜਿਸ ਦਾ ਬਾਈਬਲ ਅਕਸਰ “ਨਿਰਜਿੰਦ ਪ੍ਰਾਣ” ਜਾਂ “ਮਿਰਤਕ ਪ੍ਰਾਣ” ਵਜੋਂ ਜ਼ਿਕਰ ਕਰਦੀ ਹੈ।—ਗਿਣਤੀ 5:2; 6:6, ਨਿ ਵ.
ਤਾਂ ਫਿਰ ਹੈਰਾਨੀ ਦੀ ਗੱਲ ਨਹੀਂ ਕਿ ਇਬਰਾਨੀ ਸ਼ਾਸਤਰ ਵਿਚ ਪ੍ਰਾਣ ਬਾਰੇ ਦ ਐਨਸਾਈਕਲੋਪੀਡੀਆ ਅਮੈਰੀਕਾਨਾ ਕਹਿੰਦਾ ਹੈ: “ਮਨੁੱਖ ਬਾਰੇ ਪੁਰਾਣੇ ਨੇਮ ਦੀ ਧਾਰਣਾ ਇਕ ਏਕਤਾ ਦੀ ਹੈ, ਨਾ ਕਿ ਪ੍ਰਾਣ ਅਤੇ ਸਰੀਰ ਦਾ ਸੰਜੋਗ।” ਇਹ ਅੱਗੇ ਕਹਿੰਦਾ ਹੈ: “ਨੀਫ਼ੇਸ਼ . . . ਨੂੰ ਕਦੇ ਵੀ ਸਰੀਰ ਤੋਂ ਅਲੱਗ ਕਾਰਜ ਕਰਦੇ ਹੋਏ ਪ੍ਰਗਟ ਨਹੀਂ ਕੀਤਾ ਜਾਂਦਾ ਹੈ।”
ਤਾਂ ਫਿਰ, ਵਫ਼ਾਦਾਰ ਯਹੂਦੀ ਲੋਕ ਮੌਤ ਨੂੰ ਕੀ ਮੰਨਦੇ ਸਨ? ਸਰਲ ਸ਼ਬਦਾਂ ਵਿਚ ਕਿਹਾ ਜਾਏ ਤਾਂ, ਉਹ ਮੰਨਦੇ ਸਨ ਕਿ ਮੌਤ ਜੀਵਨ ਦੇ ਉਲਟ ਹੈ। ਜ਼ਬੂਰ 146:4 ਦੱਸਦਾ ਹੈ ਕਿ ਕੀ ਹੁੰਦਾ ਹੈ ਜਦੋਂ ਆਤਮਾ, ਜਾਂ ਜੀਵਨ-ਸ਼ਕਤੀ, ਮਾਨਵ ਨੂੰ ਛੱਡ ਜਾਂਦੀ ਹੈ: “ਉਹ ਦਾ ਸਾਹ [“ਆਤਮਾ,” ਨਿ ਵ] ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!”c ਇਸੇ ਤਰ੍ਹਾਂ, ਰਾਜਾ ਸੁਲੇਮਾਨ ਨੇ ਲਿਖਿਆ ਕਿ ਮਿਰਤਕ “ਕੁਝ ਵੀ ਨਹੀਂ ਜਾਣਦੇ” ਹਨ।—ਉਪਦੇਸ਼ਕ ਦੀ ਪੋਥੀ 9:5.
ਤਾਂ ਫਿਰ, ਅਨੇਕ ਪਹਿਲੀ-ਸਦੀ ਯਹੂਦੀ, ਜਿਵੇਂ ਕਿ ਮਸਾਡਾ ਵਿਖੇ ਹਠਧਰਮੀ, ਪ੍ਰਾਣ ਦੀ ਅਮਰਤਾ ਬਾਰੇ ਇੰਨੇ ਕਾਇਲ ਕਿਉਂ ਸਨ?
ਯੂਨਾਨੀ ਪ੍ਰਭਾਵ
ਯਹੂਦੀਆਂ ਨੂੰ ਇਹ ਧਾਰਣਾ, ਬਾਈਬਲ ਤੋਂ ਨਹੀਂ, ਬਲਕਿ ਯੂਨਾਨੀਆਂ ਤੋਂ ਮਿਲੀ। ਸੱਤਵੀਂ ਅਤੇ ਪੰਜਵੀਂ ਸਦੀ ਸਾ.ਯੁ.ਪੂ. ਦੇ ਦਰਮਿਆਨ, ਇਹ ਧਾਰਣਾ ਰਹੱਸਮਈ ਯੂਨਾਨੀ ਧਾਰਮਿਕ ਮਤਾਂ ਤੋਂ ਯੂਨਾਨੀ ਫ਼ਲਸਫ਼ੇ ਵਿਚ ਸ਼ਾਮਲ ਕੀਤੀ ਗਈ ਜਾਪਦੀ ਹੈ। ਇਹ ਧਾਰਣਾ ਕਿ ਪਰਲੋਕ ਦੇ ਜੀਵਨ ਵਿਚ ਬੁਰੇ ਪ੍ਰਾਣਾਂ ਨੂੰ ਦੁਖਦਾਈ ਪ੍ਰਤਿਫਲ ਮਿਲੇਗਾ, ਨੇ ਲੰਬੇ ਸਮੇਂ ਤੋਂ ਲੋਕਾਂ ਨੂੰ ਬਹੁਤ ਹੀ ਆਕਰਸ਼ਿਤ ਕੀਤਾ ਹੈ, ਅਤੇ ਇਹ ਖ਼ਿਆਲ ਸਾਕਾਰ ਹੋਇਆ ਅਤੇ ਫੈਲ ਗਿਆ। ਫ਼ਿਲਾਸਫ਼ਰਾਂ ਨੇ ਪ੍ਰਾਣ ਦੀ ਅਸਲ ਪ੍ਰਕਿਰਤੀ ਉੱਤੇ ਬੇਅੰਤ ਬਹਿਸ ਕੀਤੀ। ਹੋਮਰ ਨੇ ਦਾਅਵਾ ਕੀਤਾ ਕਿ ਪ੍ਰਾਣ ਮੌਤ ਵੇਲੇ ਇਕ ਸੁਣਨਯੋਗ ਭਿਣਭਿਣਾਹਟ, ਚਹਿਕ, ਜਾਂ ਸਰਸਰਾਹਟ ਦੀ ਆਵਾਜ਼ ਨਾਲ ਕੂਚ ਕਰ ਜਾਂਦਾ ਹੈ। ਐਪੀਕਿਉਰਸ ਨੇ ਕਿਹਾ ਕਿ ਪ੍ਰਾਣ ਦਾ ਅਸਲ ਵਿਚ ਪੁੰਜ ਹੁੰਦਾ ਹੈ ਅਤੇ ਇਸ ਲਈ, ਇਹ ਇਕ ਅਤਿ-ਅਲਪ ਸਰੀਰ ਹੈ।d
ਪਰੰਤੂ ਅਮਰ ਪ੍ਰਾਣ ਦਾ ਸਭ ਤੋਂ ਵੱਡਾ ਪ੍ਰਸਤੁਤਕਰਤਾ ਸ਼ਾਇਦ ਚੌਥੀ ਸਦੀ ਸਾ.ਯੁ.ਪੂ. ਦਾ ਯੂਨਾਨੀ ਫ਼ਿਲਾਸਫ਼ਰ ਅਫਲਾਤੂਨ ਸੀ। ਉਸ ਵੱਲੋਂ ਆਪਣੇ ਗੁਰੂ, ਸੁਕਰਾਤ, ਦੀ ਮੌਤ ਦਾ ਵਰਣਨ ਪ੍ਰਗਟ ਕਰਦਾ ਹੈ ਕਿ ਉਸ ਦਾ ਯਕੀਨ ਕਾਫ਼ੀ ਹੱਦ ਤਕ ਸਦੀਆਂ ਮਗਰੋਂ ਮਸਾਡਾ ਦੇ ਹਠਧਰਮੀਆਂ ਦੇ ਸਮਾਨ ਸੀ। ਜਿਵੇਂ ਕਿ ਵਿਦਵਾਨ ਔਸਕਰ ਕਲਮਨ ਪ੍ਰਗਟ ਕਰਦਾ ਹੈ, “ਅਫਲਾਤੂਨ ਸਾਨੂੰ ਦਿਖਾਉਂਦਾ ਹੈ ਕਿ ਕਿਵੇਂ ਸੁਕਰਾਤ ਪੂਰਣ ਸ਼ਾਂਤੀ ਅਤੇ ਧੀਰਜ ਨਾਲ ਆਪਣੀ ਮੌਤ ਨੂੰ ਗਲੇ ਲਗਾਉਂਦਾ ਹੈ। ਸੁਕਰਾਤ ਦੀ ਮੌਤ ਇਕ ਹਸੀਨ ਮੌਤ ਹੈ। ਇੱਥੇ ਮੌਤ ਦਾ ਕੋਈ ਭੈ ਨਜ਼ਰ ਨਹੀਂ ਆਉਂਦਾ ਹੈ। ਸੁਕਰਾਤ ਮੌਤ ਤੋਂ ਡਰ ਨਹੀਂ ਸਕਦਾ, ਕਿਉਂ ਜੋ ਇਹ ਤਾਂ ਅਸਲ ਵਿਚ ਸਾਨੂੰ ਸਰੀਰ ਤੋਂ ਮੁਕਤ ਕਰਦੀ ਹੈ। . . . ਮੌਤ ਪ੍ਰਾਣ ਦਾ ਚੰਗਾ ਮਿੱਤਰ ਹੈ। ਇਹੋ ਹੀ ਉਸ ਨੇ ਸਿਖਾਇਆ; ਅਤੇ ਇੰਜ, ਆਪਣੀ ਸਿੱਖਿਆ ਦੀ ਅਨੋਖੀ ਇਕਸਾਰਤਾ ਵਿਚ, ਉਹ ਮਰਿਆ।”
ਇਹ ਸਪੱਸ਼ਟ ਸੀ ਕਿ ਮੈਕਾਬੀਅਨ ਅਵਧੀ ਦੇ ਦੌਰਾਨ, ਦੂਸਰੀ ਸਦੀ ਮਸੀਹ ਪੂਰਵ ਵਿਚ, ਯਹੂਦੀਆਂ ਨੇ ਯੂਨਾਨੀਆਂ ਤੋਂ ਇਹ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕੀਤੀ। ਪਹਿਲੀ ਸਦੀ ਸਾ.ਯੁ. ਵਿਚ, ਜੋਸੀਫ਼ਸ ਸਾਨੂੰ ਦੱਸਦਾ ਹੈ ਕਿ ਫ਼ਰੀਸੀ ਅਤੇ ਇਸੈਨ ਲੋਕ—ਸ਼ਕਤੀਸ਼ਾਲੀ ਯਹੂਦੀ ਧਾਰਮਿਕ ਵਰਗ—ਇਸ ਸਿਧਾਂਤ ਦੀ ਵਕਾਲਤ ਕਰਦੇ ਸਨ। ਕੁਝ ਕਵਿਤਾਵਾਂ ਜੋ ਸੰਭਵ ਤੌਰ ਤੇ ਉਸੇ ਯੁਗ ਵਿਚ ਰਚੀਆਂ ਗਈਆਂ ਸਨ, ਇਹੋ ਹੀ ਧਾਰਣਾ ਨੂੰ ਪ੍ਰਤਿਬਿੰਬਤ ਕਰਦੀਆਂ ਹਨ।
ਪਰੰਤੂ, ਯਿਸੂ ਮਸੀਹ ਬਾਰੇ ਕੀ? ਕੀ ਉਸ ਨੇ ਅਤੇ ਉਸ ਦੇ ਅਨੁਯਾਈਆਂ ਨੇ ਵੀ ਯੂਨਾਨੀ ਧਰਮ ਤੋਂ ਲਈ ਗਈ ਇਸ ਧਾਰਣਾ ਦੀ ਸਿੱਖਿਆ ਦਿੱਤੀ ਸੀ?
ਪ੍ਰਾਣ ਬਾਰੇ ਮੁਢਲੇ ਮਸੀਹੀਆਂ ਦਾ ਦ੍ਰਿਸ਼ਟੀਕੋਣ
ਪਹਿਲੀ-ਸਦੀ ਦੇ ਮਸੀਹੀ ਲੋਕ ਪ੍ਰਾਣ ਨੂੰ ਉਸ ਤਰ੍ਹਾਂ ਨਹੀਂ ਵਿਚਾਰਦੇ ਸਨ ਜਿਸ ਤਰ੍ਹਾਂ ਕਿ ਯੂਨਾਨੀ ਲੋਕ ਵਿਚਾਰਦੇ ਸਨ। ਮਿਸਾਲ ਵਜੋਂ, ਯਿਸੂ ਦੇ ਮਿੱਤਰ ਲਾਜ਼ਰ ਦੀ ਮੌਤ ਉੱਤੇ ਗੌਰ ਕਰੋ। ਜੇਕਰ ਲਾਜ਼ਰ ਦਾ ਇਕ ਅਮਰ ਪ੍ਰਾਣ ਹੁੰਦਾ ਜੋ, ਮੁਕਤ ਅਤੇ ਖ਼ੁਸ਼ ਹੁੰਦੇ ਹੋਏ, ਮੌਤ ਵੇਲੇ ਕੂਚ ਕਰ ਗਿਆ ਸੀ ਤਾਂ ਕੀ ਯੂਹੰਨਾ ਅਧਿਆਇ 11 ਵਿਚ ਬਿਰਤਾਂਤ ਬਹੁਤ ਹੀ ਭਿੰਨ ਢੰਗ ਨਾਲ ਨਾ ਲਿਖਿਆ ਜਾਂਦਾ? ਨਿਸ਼ਚੇ ਹੀ ਯਿਸੂ ਆਪਣੇ ਅਨੁਯਾਈਆਂ ਨੂੰ ਦੱਸ ਦਿੰਦਾ ਜੇਕਰ ਲਾਜ਼ਰ ਸਵਰਗ ਵਿਚ ਜੀਵਿਤ ਸੀ, ਅਤੇ ਰਾਜ਼ੀ-ਖ਼ੁਸ਼ੀ ਤੇ ਸਚੇਤ ਸੀ; ਇਸ ਦੇ ਉਲਟ, ਉਸ ਨੇ ਇਬਰਾਨੀ ਸ਼ਾਸਤਰ ਦੇ ਵਿਚਾਰ ਨੂੰ ਦੁਹਰਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਲਾਜ਼ਰ ਸੁੱਤਾ ਹੋਇਆ ਸੀ, ਅਚੇਤ ਸੀ। (ਆਇਤ 11) ਨਿਸ਼ਚੇ ਹੀ ਯਿਸੂ ਬਹੁਤ ਖ਼ੁਸ਼ ਹੁੰਦਾ ਜੇਕਰ ਉਸ ਦਾ ਮਿੱਤਰ ਇਕ ਅਦਭੁਤ ਨਵੀਂ ਹੋਂਦ ਦਾ ਆਨੰਦ ਮਾਣ ਰਿਹਾ ਹੁੰਦਾ ਸੀ; ਇਸ ਦੀ ਬਜਾਇ, ਅਸੀਂ ਉਸ ਨੂੰ ਇਸ ਮੌਤ ਉੱਤੇ ਖੁੱਲ੍ਹੇ-ਆਮ ਰੋਂਦੇ ਹੋਏ ਪਾਉਂਦੇ ਹਾਂ। (ਆਇਤ 35) ਨਿਸ਼ਚੇ ਹੀ, ਜੇਕਰ ਲਾਜ਼ਰ ਦਾ ਪ੍ਰਾਣ ਸਵਰਗ ਵਿਚ ਆਨੰਦਮਈ ਅਮਰਤਾ ਦਾ ਮਜ਼ਾ ਲੈ ਰਿਹਾ ਹੁੰਦਾ, ਤਾਂ ਯਿਸੂ ਕਦੇ ਵੀ ਇੰਨਾ ਕਠੋਰ ਨਹੀਂ ਹੁੰਦਾ ਕਿ ਉਸ ਨੂੰ ਬੀਮਾਰ ਅਤੇ ਮਰਨਾਊ ਮਨੁੱਖਜਾਤੀ ਵਿਚਕਾਰ ਇਕ ਅਪੂਰਣ ਭੌਤਿਕ ਸਰੀਰ ਦੀ “ਕੈਦ” ਵਿਚ ਕੁਝ ਹੋਰ ਸਾਲ ਜੀਉਣ ਲਈ ਵਾਪਸ ਸੱਦ ਲਿਆਉਂਦਾ।
ਕੀ ਲਾਜ਼ਰ ਨੇ ਮੌਤ ਤੋਂ ਪਰਤ ਕੇ ਇਕ ਮੁਕਤ, ਅਦੇਹ ਆਤਮਿਕ ਪ੍ਰਾਣੀ ਵਜੋਂ ਬਿਤਾਏ ਗਏ ਆਪਣੇ ਅਦਭੁਤ ਚਾਰ ਦਿਨਾਂ ਦਾ ਉਤਸ਼ਾਹਿਤ ਵਰਣਨ ਦਿੱਤਾ? ਨਹੀਂ, ਉਸ ਨੇ ਕੋਈ ਵਰਣਨ ਨਹੀਂ ਦਿੱਤਾ। ਅਮਰ ਪ੍ਰਾਣ ਵਿਚ ਵਿਸ਼ਵਾਸ ਕਰਨ ਵਾਲੇ ਜਵਾਬ ਦੇਣਗੇ ਕਿ ਇਹ ਇਸ ਲਈ ਸੀ ਕਿਉਂਕਿ ਮਨੁੱਖ ਦਾ ਅਨੁਭਵ ਇੰਨਾ ਅਨੋਖਾ ਸੀ ਕਿ ਇਸ ਨੂੰ ਵਰਣਿਤ ਹੀ ਨਹੀਂ ਕੀਤਾ ਜਾ ਸਕਦਾ। ਪਰੰਤੂ ਇਹ ਤਰਕ ਕਾਇਲ ਨਹੀਂ ਕਰਦਾ ਹੈ; ਆਖ਼ਰਕਾਰ, ਕੀ ਲਾਜ਼ਰ ਆਪਣੇ ਪਿਆਰਿਆਂ ਨੂੰ ਕੇਵਲ ਇੰਨਾ ਵੀ ਨਹੀਂ ਦੱਸ ਸਕਦਾ ਸੀ—ਕਿ ਉਸ ਨਾਲ ਇਕ ਇੰਨਾ ਅਦਭੁਤ ਤਜਰਬਾ ਹੋਇਆ ਹੈ ਜੋ ਵਰਣਿਤ ਨਹੀਂ ਕੀਤਾ ਜਾ ਸਕਦਾ? ਇਸ ਦੀ ਬਜਾਇ, ਲਾਜ਼ਰ ਨੇ ਮੌਤ ਦੀ ਸਥਿਤੀ ਵਿਚ ਕਿਸੇ ਵੀ ਤਜਰਬਿਆਂ ਦਾ ਜ਼ਿਕਰ ਨਹੀਂ ਕੀਤਾ ਜੋ ਉਸ ਦੇ ਨਾਲ ਹੋਏ। ਜ਼ਰਾ ਸੋਚੋ—ਉਸ ਇਕ ਵਿਸ਼ੇ ਉੱਤੇ ਖਾਮੋਸ਼ ਜੋ ਕਿਸੇ ਵੀ ਹੋਰ ਵਿਸ਼ੇ ਨਾਲੋਂ ਅਧਿਕ ਮਾਨਵ ਜਿਗਿਆਸਾ ਦਾ ਕੇਂਦਰ ਹੈ: ਮੌਤ ਕਿਸ ਤਰ੍ਹਾਂ ਦੀ ਹੁੰਦੀ ਹੈ! ਉਹ ਖਾਮੋਸ਼ੀ ਕੇਵਲ ਇੱਕੋ ਹੀ ਤਰੀਕੇ ਤੋਂ ਸਮਝਾਈ ਜਾ ਸਕਦੀ ਹੈ। ਦੱਸਣ ਲਈ ਕੁਝ ਸੀ ਹੀ ਨਹੀਂ। ਮਿਰਤਕ ਸੁੱਤੇ ਹੋਏ ਹਨ, ਅਚੇਤ ਹਨ।
ਤਾਂ ਫਿਰ, ਕੀ ਬਾਈਬਲ ਮੌਤ ਨੂੰ ਪ੍ਰਾਣ ਦੇ ਇਕ ਮਿੱਤਰ ਵਜੋਂ ਪੇਸ਼ ਕਰਦੀ ਹੈ, ਕੇਵਲ ਹੋਂਦ ਦੇ ਪੜਾਵਾਂ ਵਿਚਕਾਰ ਪਾਰਗਮਨ ਦੀ ਪ੍ਰਕ੍ਰਿਆ? ਜੀ ਨਹੀਂ! ਸੱਚੇ ਮਸੀਹੀਆਂ ਦੇ ਲਈ ਜਿਵੇਂ ਕਿ ਰਸੂਲ ਪੌਲੁਸ ਲਈ, ਮੌਤ ਕੋਈ ਮਿੱਤਰ ਨਹੀਂ ਸੀ; ਇਹ ਤਾਂ “ਛੇਕੜਲਾ ਵੈਰੀ” ਸੀ। (1 ਕੁਰਿੰਥੀਆਂ 15:26) ਮਸੀਹੀ ਮੌਤ ਨੂੰ, ਸੁਭਾਵਕ ਨਹੀਂ, ਬਲਕਿ ਭਿਆਨਕ, ਅਸੁਭਾਵਕ ਵਿਚਾਰਦੇ ਹਨ, ਕਿਉਂਕਿ ਇਹ ਪਰਮੇਸ਼ੁਰ ਦੇ ਵਿਰੁੱਧ ਪਾਪ ਅਤੇ ਬਗਾਵਤ ਦਾ ਸਿੱਧਾ ਨਤੀਜਾ ਹੈ। (ਰੋਮੀਆਂ 5:12; 6:23) ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮੂਲ ਉਦੇਸ਼ ਦਾ ਇਹ ਕਦੇ ਵੀ ਭਾਗ ਨਹੀਂ ਸੀ।
ਪਰੰਤੂ, ਪ੍ਰਾਣ ਦੀ ਮੌਤ ਦੇ ਸੰਬੰਧ ਵਿਚ ਸੱਚੇ ਮਸੀਹੀ ਬੇਉਮੀਦ ਨਹੀਂ ਹਨ। ਲਾਜ਼ਰ ਦਾ ਪੁਨਰ-ਉਥਾਨ ਬਾਈਬਲ ਦੇ ਉਨ੍ਹਾਂ ਅਨੇਕ ਬਿਰਤਾਂਤਾਂ ਵਿੱਚੋਂ ਇਕ ਹੈ ਜੋ ਸਪੱਸ਼ਟ ਰੂਪ ਵਿਚ ਮਰੇ ਹੋਏ ਪ੍ਰਾਣਾਂ ਦੇ ਲਈ ਸੱਚੀ, ਸ਼ਾਸਤਰ ਸੰਬੰਧੀ ਉਮੀਦ ਦਿਖਾਉਂਦਾ ਹੈ—ਪੁਨਰ-ਉਥਾਨ। ਬਾਈਬਲ ਦੋ ਵਿਭਿੰਨ ਪ੍ਰਕਾਰ ਦੇ ਪੁਨਰ-ਉਥਾਨ ਬਾਰੇ ਸਿਖਾਉਂਦੀ ਹੈ। ਮਨੁੱਖਜਾਤੀ ਦੀ ਬਹੁਗਿਣਤੀ ਦੇ ਵਾਸਤੇ, ਜੋ ਕਬਰ ਵਿਚ ਸੌਂ ਰਹੀ ਹੈ, ਭਾਵੇਂ ਧਰਮੀ ਜਾਂ ਕੁਧਰਮੀ, ਧਰਤੀ ਉੱਤੇ ਪਰਾਦੀਸ ਵਿਚ ਸਦੀਪਕ ਜੀਵਨ ਲਈ ਪੁਨਰ-ਉਥਿਤ ਕੀਤੇ ਜਾਣ ਦੀ ਉਮੀਦ ਹੈ। (ਲੂਕਾ 23:43; ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15) ਇਕ ਛੋਟਾ ਸਮੂਹ, ਜਿਨ੍ਹਾਂ ਨੂੰ ਯਿਸੂ ਨੇ ਆਪਣੇ “ਛੋਟੇ ਝੁੰਡ” ਵਜੋਂ ਸੱਦਿਆ, ਸਵਰਗ ਵਿਚ ਆਤਮਿਕ ਪ੍ਰਾਣੀਆਂ ਦੇ ਤੌਰ ਤੇ ਅਮਰ ਜੀਵਨ ਲਈ ਪੁਨਰ-ਉਥਿਤ ਹੋਣਗੇ। ਇਹ, ਜਿਨ੍ਹਾਂ ਵਿਚ ਮਸੀਹ ਦੇ ਰਸੂਲ ਵੀ ਸ਼ਾਮਲ ਹਨ, ਮਸੀਹ ਯਿਸੂ ਦੇ ਨਾਲ ਮਨੁੱਖਜਾਤੀ ਉੱਤੇ ਰਾਜ ਕਰਨਗੇ ਅਤੇ ਉਨ੍ਹਾਂ ਨੂੰ ਸੰਪੂਰਣਤਾ ਵਿਚ ਮੁੜ ਬਹਾਲ ਕਰਨਗੇ।—ਲੂਕਾ 12:32; 1 ਕੁਰਿੰਥੀਆਂ 15:53, 54; ਪਰਕਾਸ਼ ਦੀ ਪੋਥੀ 20:6.
ਤਾਂ ਫਿਰ, ਅਸੀਂ ਮਸੀਹੀ-ਜਗਤ ਦੇ ਗਿਰਜਿਆਂ ਨੂੰ ਪੁਨਰ-ਉਥਾਨ ਬਾਰੇ ਨਹੀਂ, ਬਲਕਿ ਮਾਨਵ ਪ੍ਰਾਣ ਦੀ ਅਮਰਤਾ ਬਾਰੇ ਸਿਖਾਉਂਦੇ ਹੋਏ ਕਿਉਂ ਪਾਉਂਦੇ ਹਾਂ? ਧਰਮ-ਮੀਮਾਂਸਕ ਵਰਨਰ ਯੇਗਰ ਦੁਆਰਾ 1959 ਵਿਚ ਦ ਹਾਵਰਡ ਥੀਓਲਾਜੀਕਲ ਰਿਵਿਊ ਵਿਚ ਦਿੱਤੇ ਗਏ ਜਵਾਬ ਉੱਤੇ ਗੌਰ ਕਰੋ: “ਮਸੀਹੀ ਸਿਧਾਂਤ ਦੇ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਣ ਹਕੀਕਤ ਇਹ ਸੀ ਕਿ ਮਸੀਹੀ ਧਰਮ-ਮੀਮਾਂਸਾ ਦਾ ਪਿਤਾ, ਔਰਿਗਨ, ਐਲੇਕਜ਼ਾਨਡ੍ਰਿਆ ਦੇ ਸਕੂਲ ਵਿਚ ਇਕ ਅਫਲਾਤੂਨੀ ਫ਼ਿਲਾਸਫ਼ਰ ਸੀ। ਉਸ ਨੇ ਮਸੀਹੀ ਸਿਧਾਂਤ ਵਿਚ ਪ੍ਰਾਣ ਦਾ ਅਨੰਤ ਨਾਟਕੀ ਘਟਨਾ-ਚੱਕਰ ਸ਼ਾਮਲ ਕੀਤਾ, ਜੋ ਉਸ ਨੇ ਅਫਲਾਤੂਨ ਤੋਂ ਲਿਆ ਸੀ।” ਇਸ ਤਰ੍ਹਾਂ ਗਿਰਜੇ ਨੇ ਠੀਕ ਉਹੋ ਹੀ ਕੀਤਾ ਜੋ ਸਦੀਆਂ ਪਹਿਲਾਂ ਯਹੂਦੀਆਂ ਨੇ ਕੀਤਾ ਸੀ! ਉਨ੍ਹਾਂ ਨੇ ਯੂਨਾਨੀ ਫ਼ਲਸਫ਼ੇ ਦੇ ਹੱਕ ਵਿਚ ਬਾਈਬਲੀ ਸਿੱਖਿਆਵਾਂ ਨੂੰ ਤਜ ਦਿੱਤਾ।
ਸਿਧਾਂਤ ਦੇ ਅਸਲੀ ਮੂਲ
ਹੁਣ ਸ਼ਾਇਦ ਕੁਝ ਲੋਕ, ਪ੍ਰਾਣ ਦੀ ਅਮਰਤਾ ਦੇ ਸਿਧਾਂਤ ਦੀ ਪੱਖ-ਪੂਰਤੀ ਵਿਚ ਪੁੱਛਣ, ਇਹੋ ਹੀ ਸਿਧਾਂਤ, ਕਿਸੇ-ਨਾ-ਕਿਸੇ ਰੂਪ ਵਿਚ, ਸੰਸਾਰ ਦੇ ਇੰਨੇ ਸਾਰੇ ਧਰਮਾਂ ਦੁਆਰਾ ਕਿਉਂ ਸਿਖਾਇਆ ਜਾਂਦਾ ਹੈ? ਸ਼ਾਸਤਰ ਠੋਸ ਕਾਰਨ ਪੇਸ਼ ਕਰਦੇ ਹਨ ਕਿ ਕਿਉਂ ਇਹ ਸਿੱਖਿਆ ਇਸ ਸੰਸਾਰ ਦੇ ਧਾਰਮਿਕ ਸੰਪ੍ਰਦਾਵਾਂ ਵਿਚ ਇੰਨੀ ਪ੍ਰਚਲਿਤ ਹੈ।
ਬਾਈਬਲ ਸਾਨੂੰ ਦੱਸਦੀ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ” ਅਤੇ ਵਿਸ਼ੇਸ਼ ਤੌਰ ਤੇ ਸ਼ਤਾਨ ਦੀ ਸ਼ਨਾਖ਼ਤ ‘ਇਸ ਜਗਤ ਦੇ ਸਰਦਾਰ’ ਵਜੋਂ ਕਰਦੀ ਹੈ। (1 ਯੂਹੰਨਾ 5:19; ਯੂਹੰਨਾ 12:31) ਸਪੱਸ਼ਟ ਤੌਰ ਤੇ, ਸੰਸਾਰ ਦੇ ਧਰਮ ਸ਼ਤਾਨ ਦੇ ਪ੍ਰਭਾਵ ਤੋਂ ਮੁਕਤ ਨਹੀਂ ਰਹੇ ਹਨ। ਇਸ ਦੇ ਵਿਪਰੀਤ, ਉਨ੍ਹਾਂ ਨੇ ਅੱਜ ਦੇ ਸੰਸਾਰ ਵਿਚ ਮੁਸੀਬਤ ਅਤੇ ਲੜਾਈ-ਝਗੜਿਆਂ ਵੱਲ ਵੱਡਾ ਯੋਗਦਾਨ ਦਿੱਤਾ ਹੈ। ਅਤੇ ਪ੍ਰਾਣ ਦੇ ਮਾਮਲੇ ਵਿਚ, ਉਹ ਬਹੁਤ ਹੀ ਸਪੱਸ਼ਟ ਤੌਰ ਤੇ ਸ਼ਤਾਨ ਦੀ ਬੁੱਧੀ ਪ੍ਰਤਿਬਿੰਬਤ ਕਰਦੇ ਹਨ। ਉਹ ਕਿਵੇਂ?
ਦੱਸੇ ਗਏ ਪ੍ਰਥਮ ਝੂਠ ਨੂੰ ਯਾਦ ਕਰੋ। ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਦੱਸਿਆ ਸੀ ਕਿ ਜੇਕਰ ਉਨ੍ਹਾਂ ਨੇ ਉਸ ਦੇ ਵਿਰੁੱਧ ਪਾਪ ਕੀਤਾ ਤਾਂ ਸਿੱਟਾ ਮੌਤ ਹੋਵੇਗਾ। ਲੇਕਨ ਸ਼ਤਾਨ ਨੇ ਹੱਵਾਹ ਨੂੰ ਭਰੋਸਾ ਦਿਵਾਇਆ: ‘ਤੂੰ ਕਦੀ ਨਾ ਮਰੇਂਗੀ।’ (ਉਤਪਤ 3:4) ਨਿਰਸੰਦੇਹ, ਆਦਮ ਅਤੇ ਹੱਵਾਹ ਮਰੇ; ਉਹ ਮਿੱਟੀ ਵਿਚ ਮੁੜ ਗਏ ਜਿਵੇਂ ਕਿ ਪਰਮੇਸ਼ੁਰ ਨੇ ਆਖਿਆ ਸੀ। ‘ਝੂਠ ਦੇ ਪਤੰਦਰ,’ ਸ਼ਤਾਨ ਨੇ ਕਦੇ ਵੀ ਆਪਣੇ ਪ੍ਰਥਮ ਝੂਠ ਨੂੰ ਨਹੀਂ ਤਜਿਆ। (ਯੂਹੰਨਾ 8:44) ਅਣਗਿਣਤ ਧਰਮਾਂ ਵਿਚ, ਜੋ ਬਾਈਬਲ ਸਿਧਾਂਤ ਤੋਂ ਵਿਚਲਿਤ ਹੁੰਦੇ ਹਨ ਜਾਂ ਇਸ ਨੂੰ ਬਿਲਕੁਲ ਹੀ ਅਣਡਿੱਠ ਕਰਦੇ ਹਨ, ਹਾਲੇ ਵੀ ਇਹੋ ਹੀ ਵਿਚਾਰ ਪੇਸ਼ ਕੀਤਾ ਜਾਂਦਾ ਹੈ: ‘ਤੁਸੀਂ ਕਦੀ ਨਾ ਮਰੋਗੇ। ਤੁਹਾਡਾ ਸਰੀਰ ਭਾਵੇਂ ਮਰ ਜਾਵੇ, ਪਰੰਤੂ ਤੁਹਾਡਾ ਪ੍ਰਾਣ, ਸਦਾ ਦੇ ਲਈ ਜੀਵਿਤ ਰਹੇਗਾ—ਪਰਮੇਸ਼ੁਰ ਦੇ ਵਾਂਗ!’ ਦਿਲਚਸਪੀ ਦੀ ਗੱਲ ਹੈ ਕਿ ਸ਼ਤਾਨ ਨੇ ਵੀ ਹੱਵਾਹ ਨੂੰ ਕਿਹਾ ਸੀ ਕਿ ਉਹ “ਪਰਮੇਸ਼ੁਰ ਵਾਂਙੁ” ਹੋ ਜਾਵੇਗੀ!—ਉਤਪਤ 3:5.
ਇਕ ਅਜਿਹੀ ਉਮੀਦ ਨੂੰ ਰੱਖਣਾ ਕਿੰਨਾ ਹੀ ਬਿਹਤਰ ਹੋਵੇਗਾ ਜੋ ਝੂਠ ਜਾਂ ਮਾਨਵ ਫ਼ਲਸਫ਼ੇ ਉੱਤੇ ਨਹੀਂ, ਬਲਕਿ ਸੱਚਾਈ ਉੱਤੇ ਆਧਾਰਿਤ ਹੋਵੇ। ਕਿਸੇ ਅਮਰ ਪ੍ਰਾਣ ਦੇ ਥਾਂ-ਟਿਕਾਣੇ ਬਾਰੇ ਚਿੰਤਾ ਕਰਨ ਦੀ ਬਜਾਇ, ਇਹ ਭਰੋਸਾ ਰੱਖਣਾ ਕਿੰਨਾ ਹੀ ਬਿਹਤਰ ਹੋਵੇਗਾ ਕਿ ਸਾਡੇ ਮਰੇ ਹੋਏ ਪਿਆਰੇ ਜਨ ਕਬਰ ਵਿਚ ਅਚੇਤ ਹਨ! ਮਿਰਤਕਾਂ ਦੀ ਇਸ ਨੀਂਦ ਤੋਂ ਸਾਨੂੰ ਡਰਨ ਜਾਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਇਕ ਤਰੀਕੇ ਤੋਂ, ਅਸੀਂ ਮਿਰਤਕਾਂ ਨੂੰ ਇਕ ਸੁਰੱਖਿਅਤ ਵਿਸ਼ਰਾਮ ਸਥਾਨ ਵਿਚ ਹੋਣ ਦੇ ਤੌਰ ਤੇ ਵਿਚਾਰ ਸਕਦੇ ਹਾਂ। ਸੁਰੱਖਿਅਤ ਕਿਉਂ? ਕਿਉਂਕਿ ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਮਿਰਤਕ ਜਿਨ੍ਹਾਂ ਨਾਲ ਯਹੋਵਾਹ ਪ੍ਰੇਮ ਕਰਦਾ ਹੈ, ਇਕ ਖ਼ਾਸ ਭਾਵ ਵਿਚ ਜੀਵਿਤ ਹਨ। (ਲੂਕਾ 20:38) ਉਹ ਉਸ ਦੀ ਯਾਦਾਸ਼ਤ ਵਿਚ ਜੀਵਿਤ ਹਨ। ਇਹ ਇਕ ਅਤਿ ਦਿਲਾਸਾ ਦੇਣ ਵਾਲਾ ਵਿਚਾਰ ਹੈ ਕਿਉਂਕਿ ਉਸ ਦੀ ਯਾਦਾਸ਼ਤ ਦੀ ਕੋਈ ਸੀਮਾ ਨਹੀਂ ਹੈ। ਉਹ ਅਣਗਿਣਤ ਲੱਖਾਂ ਹੀ ਪਿਆਰੇ ਮਾਨਵ ਨੂੰ ਜੀਵਿਤ ਕਰਨ ਅਤੇ ਉਨ੍ਹਾਂ ਨੂੰ ਪਰਾਦੀਸ ਧਰਤੀ ਉੱਤੇ ਸਦਾ ਦੇ ਲਈ ਜੀਉਣ ਦਾ ਮੌਕਾ ਦੇਣ ਦੇ ਲਈ ਉਤਸੁਕ ਹੈ।—ਤੁਲਨਾ ਕਰੋ ਅੱਯੂਬ 14:14, 15.
ਪੁਨਰ-ਉਥਾਨ ਦਾ ਸ਼ਾਨਦਾਰ ਦਿਨ ਜ਼ਰੂਰ ਆਵੇਗਾ, ਕਿਉਂ ਜੋ ਯਹੋਵਾਹ ਦੇ ਸਾਰੇ ਵਾਅਦਿਆਂ ਨੇ ਜ਼ਰੂਰ ਪੂਰਾ ਹੋਣਾ ਹੈ। (ਯਸਾਯਾਹ 55:10, 11) ਜ਼ਰਾ ਇਸ ਭਵਿੱਖਬਾਣੀ ਦੀ ਪੂਰਤੀ ਬਾਰੇ ਸੋਚੋ: “ਪਰੰਤੂ ਤੁਹਾਡੇ ਮਿਰਤਕ ਜੀਉਂਦੇ ਹਨ, ਉਨ੍ਹਾਂ ਦੀਆਂ ਲੋਥਾਂ ਫਿਰ ਤੋਂ ਉੱਠਣਗੀਆਂ। ਉਹ ਜੋ ਧਰਤੀ ਵਿਚ ਸੌਂਦੇ ਹਨ ਜਾਗਣਗੇ ਅਤੇ ਆਨੰਦ ਦੇ ਕਾਰਨ ਜੈਕਾਰਾ ਗਜਾਉਣਗੇ; ਕਿਉਂ ਜੋ ਤੇਰੀ ਤ੍ਰੇਲ ਟਿਮਟਿਮਾਉਂਦੇ ਚਾਨਣ ਦੀ ਤ੍ਰੇਲ ਹੈ, ਅਤੇ ਧਰਤੀ ਲੰਬੇ ਸਮੇਂ ਤੋਂ ਮਰੇ ਹੋਇਆਂ ਨੂੰ ਮੁੜ ਜਨਮ ਦੇਵੇਗੀ।” (ਯਸਾਯਾਹ 26:19, ਦ ਨਿਊ ਇੰਗਲਿਸ਼ ਬਾਈਬਲ) ਇਸ ਤਰ੍ਹਾਂ, ਕਬਰ ਵਿਚ ਸੌਂ ਰਹੇ ਮਿਰਤਕ ਉੱਨੇ ਹੀ ਸੁਰੱਖਿਅਤ ਹਨ ਜਿੰਨਾ ਕਿ ਆਪਣੀ ਮਾਂ ਦੀ ਕੁੱਖ ਵਿਚ ਇਕ ਬੱਚਾ। ਉਹ ਛੇਤੀ ਹੀ “ਜਨਮ” ਲੈਣਗੇ, ਅਰਥਾਤ ਇਕ ਪਰਾਦੀਸ ਧਰਤੀ ਉੱਤੇ ਮੁੜ ਜੀਉਂਦੇ ਕੀਤੇ ਜਾਣਗੇ!
ਇਸ ਤੋਂ ਹੋਰ ਬਿਹਤਰ ਕਿਹੜੀ ਉਮੀਦ ਹੋ ਸਕਦੀ ਹੈ? (w96 8/1)
[ਫੁਟਨੋਟ]
a ਰਿਪੋਰਟ ਅਨੁਸਾਰ ਦੋ ਔਰਤਾਂ ਅਤੇ ਪੰਜ ਬੱਚੇ ਲੁਕ ਜਾਣ ਦੇ ਕਾਰਨ ਬਚ ਗਏ। ਔਰਤਾਂ ਨੇ ਬਾਅਦ ਵਿਚ ਆਪਣੇ ਰੋਮੀ ਬੰਦੀਕਾਰਾਂ ਨੂੰ ਪੂਰੇ ਵੇਰਵੇ ਦਿੱਤੇ।
b ਨਿਰਸੰਦੇਹ, ਅਨੇਕ ਸ਼ਬਦਾਂ ਦੇ ਸਮਾਨ ਜਿਨ੍ਹਾਂ ਦੇ ਬਹੁਤ ਪ੍ਰਕਾਰ ਦੇ ਪ੍ਰਯੋਗ ਹੁੰਦੇ ਹਨ, ਸ਼ਬਦ ਨੀਫ਼ੇਸ਼ ਦੇ ਵੀ ਮਾਮੂਲੀ ਫ਼ਰਕ ਵਾਲੇ ਦੂਜੇ ਭਾਵ ਹਨ। ਮਿਸਾਲ ਵਜੋਂ, ਇਹ ਆਂਤਰਿਕ ਵਿਅਕਤੀ ਨੂੰ, ਖ਼ਾਸ ਕਰਕੇ ਡੂੰਘੀਆਂ ਭਾਵਨਾਵਾਂ ਨੂੰ ਸੰਕੇਤ ਕਰ ਸਕਦਾ ਹੈ। (1 ਸਮੂਏਲ 18:1) ਇਹ ਨਾਲੇ ਉਸ ਜੀਵਨ ਨੂੰ ਵੀ ਸੰਕੇਤ ਕਰ ਸਕਦਾ ਹੈ ਜਿਸ ਦਾ ਇਕ ਪ੍ਰਾਣ ਦੇ ਤੌਰ ਤੇ ਇਕ ਵਿਅਕਤੀ ਆਨੰਦ ਮਾਣਦਾ ਹੈ।—1 ਰਾਜਿਆਂ 17:21-23.
c “ਆਤਮਾ” ਲਈ ਇਬਰਾਨੀ ਸ਼ਬਦ, ਰੂਆਖ, ਦਾ ਅਰਥ “ਸਾਹ” ਜਾਂ “ਹਵਾ” ਹੈ। ਮਾਨਵ ਦੇ ਸੰਬੰਧ ਵਿਚ, ਇਹ ਇਕ ਸਚੇਤ ਆਤਮਿਕ ਵਜੂਦ ਨੂੰ ਨਹੀਂ, ਬਲਕਿ, ਜਿਵੇਂ ਕਿ ਦ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਥੀਓਲੌਜੀ ਪ੍ਰਗਟ ਕਰਦਾ ਹੈ, “ਵਿਅਕਤੀ ਦੀ ਜੀਵਨ-ਸ਼ਕਤੀ” ਨੂੰ ਸੰਕੇਤ ਕਰਦਾ ਹੈ।
d ਇਸ ਕੁਝ ਹੱਦ ਤਕ ਸਨਕੀ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਵਾਲਾ ਉਹ ਆਖ਼ਰੀ ਵਿਅਕਤੀ ਨਹੀਂ ਸੀ। ਇਸ ਸਦੀ ਦੇ ਮੁਢਲੇ ਭਾਗ ਵਿਚ, ਇਕ ਵਿਗਿਆਨੀ ਨੇ ਅਸਲ ਵਿਚ ਦਾਅਵਾ ਕੀਤਾ ਕਿ ਉਸ ਨੇ ਕਈ ਲੋਕਾਂ ਦੇ ਪ੍ਰਾਣਾਂ ਨੂੰ ਤੋਲਿਆ ਹੈ, ਉਨ੍ਹਾਂ ਦੀ ਮੌਤ ਦੇ ਤੁਰੰਤ ਬਾਅਦ ਦੇ ਭਾਰ ਨੂੰ ਮੌਤ ਦੇ ਤੁਰੰਤ ਪਹਿਲਾਂ ਦੇ ਭਾਰ ਤੋਂ ਘਟਾਉਣ ਦੁਆਰਾ।
[ਸਫ਼ੇ 7 ਉੱਤੇ ਤਸਵੀਰ]
ਮਸਾਡਾ ਵਿਖੇ ਯਹੂਦੀ ਹਠਧਰਮੀਆਂ ਦਾ ਵਿਸ਼ਵਾਸ ਸੀ ਕਿ ਮੌਤ ਉਨ੍ਹਾਂ ਦੇ ਪ੍ਰਾਣਾਂ ਨੂੰ ਮੁਕਤ ਕਰ ਦੇਵੇਗੀ