ਕੀ ਪ੍ਰਾਣ ਅਮਰ ਹੈ?
ਚੁੱਪ ਚਾਪ, ਦੋਸਤ-ਮਿੱਤਰ ਅਤੇ ਪਰਿਵਾਰ ਉਸ ਖੁੱਲ੍ਹੇ ਤਾਬੂਤ ਦੇ ਕੋਲੋਂ ਲੰਘਦੇ ਹਨ। ਉਹ ਉਸ ਲੋਥ ਵੱਲ ਤਾਕਦੇ ਹਨ, ਜੋ ਕਿ ਇਕ 17-ਸਾਲਾ ਮੁੰਡੇ ਦੀ ਹੈ। ਉਸ ਦੇ ਸਕੂਲ ਦੇ ਮਿੱਤਰ ਉਸ ਨੂੰ ਮਸਾਂ ਹੀ ਪਛਾਣਦੇ ਹਨ। ਰਸਾਇਣ-ਚਿਕਿਤਸਾ ਦੇ ਕਾਰਨ ਉਸ ਦੇ ਜ਼ਿਆਦਾਤਰ ਵਾਲ ਝੜ ਚੁੱਕੇ ਹਨ; ਕੈਂਸਰ ਨੇ ਉਸ ਦਾ ਬਹੁਤ ਭਾਰ ਘਟਾ ਦਿੱਤਾ ਹੈ। ਕੀ ਇਹ ਸੱਚ-ਮੁੱਚ ਉਨ੍ਹਾਂ ਦਾ ਮਿੱਤਰ ਹੋ ਸਕਦਾ ਹੈ? ਕੁਝ ਹੀ ਹਫ਼ਤਿਆਂ ਪਹਿਲਾਂ, ਉਹ ਜੁਗਤਾਂ ਨਾਲ, ਸਵਾਲਾਂ ਨਾਲ, ਤਾਕਤ ਨਾਲ—ਜੀਵਨ ਨਾਲ—ਭਰਪੂਰ ਸੀ! ਉਸ ਮੁੰਡੇ ਦੀ ਮਾਂ ਸੋਗ ਨਾਲ ਵਾਰ-ਵਾਰ ਦੁਹਰਾਉਂਦੀ ਹੈ: “ਟੌਮੀ ਹੁਣ ਜ਼ਿਆਦਾ ਖ਼ੁਸ਼ ਹੈ। ਪਰਮੇਸ਼ੁਰ ਚਾਹੁੰਦਾ ਸੀ ਕਿ ਟੌਮੀ ਉਸ ਦੇ ਨਾਲ ਸਵਰਗ ਵਿਚ ਹੋਵੇ।”
ਇਹ ਗ਼ਮਗੀਨ ਮਾਤਾ ਇਸ ਵਿਚਾਰ ਤੋਂ ਕੁਝ ਹੱਦ ਤਕ ਉਮੀਦ ਅਤੇ ਤਸੱਲੀ ਹਾਸਲ ਕਰਦੀ ਹੈ ਕਿ ਉਸ ਦਾ ਪੁੱਤਰ ਕਿਵੇਂ-ਨਾ-ਕਿਵੇਂ ਅਜੇ ਜੀਉਂਦਾ ਹੈ। ਗਿਰਜੇ ਵਿਚ ਉਸ ਨੂੰ ਸਿਖਾਇਆ ਗਿਆ ਹੈ ਕਿ ਪ੍ਰਾਣa ਅਮਰ ਹੈ, ਕਿ ਇਹ ਵਿਅਕਤਿੱਤਵ, ਸੋਚਾਂ, ਯਾਦਾਂ ਦਾ ਕੇਂਦਰ ਹੈ—ਅਰਥਾਤ “ਆਪਾ” ਹੈ। ਉਹ ਵਿਸ਼ਵਾਸ ਕਰਦੀ ਹੈ ਕਿ ਉਸ ਦੇ ਪੁੱਤਰ ਦਾ ਪ੍ਰਾਣ ਹਰਗਿਜ਼ ਮਰਿਆ ਨਹੀਂ ਹੈ; ਇਕ ਜੀਵਿਤ ਆਤਮਿਕ ਜੀਅ ਹੁੰਦਿਆਂ, ਇਹ ਮੌਤ ਵੇਲੇ ਉਸ ਦੇ ਸਰੀਰ ਨੂੰ ਛੱਡ ਕੇ ਪਰਮੇਸ਼ੁਰ ਅਤੇ ਦੂਤਾਂ ਨਾਲ ਹੋਣ ਦੇ ਲਈ ਸਵਰਗ ਚਲਿਆ ਗਿਆ ਸੀ।
ਦੁਖਾਂਤ ਦੇ ਸਮੇਂ, ਮਾਨਵ ਦਿਲ ਉਮੀਦ ਦੀ ਕਿਸੇ ਵੀ ਕਿਰਨ ਨੂੰ ਬੁਰੀ ਤਰ੍ਹਾਂ ਨਾਲ ਫੜੀ ਰੱਖਦਾ ਹੈ, ਇਸ ਲਈ ਇਹ ਦੇਖਣਾ ਕਠਿਨ ਨਹੀਂ ਹੈ ਕਿ ਇਹ ਵਿਸ਼ਵਾਸ ਇੰਨਾ ਲੋਕ-ਪ੍ਰਿਯ ਕਿਉਂ ਹੈ। ਮਿਸਾਲ ਲਈ, ਵਿਚਾਰ ਕਰੋ ਕਿ ਧਰਮ-ਸ਼ਾਸਤਰੀ ਜੇ. ਪੈਟਰਸਨ-ਸਮਿਥ ਕਿਵੇਂ ਖ਼ੁਦ ਨੂੰ ਪਰਲੋਕ ਦਾ ਸੁਸਮਾਚਾਰ (ਅੰਗ੍ਰੇਜ਼ੀ) ਵਿਚ ਅਭਿਵਿਅਕਤ ਕਰਦਾ ਹੈ: “ਮੌਤ, ਉਸ ਦੀ ਤੁਲਨਾ ਵਿਚ ਬਹੁਤ ਹੀ ਮਹੱਤਵਹੀਣ ਚੀਜ਼ ਹੈ ਜੋ ਇਸ ਦੇ ਮਗਰੋਂ ਆਉਂਦੀ ਹੈ—ਉਹ ਸ਼ਾਨਦਾਰ, ਸ਼ਾਨਦਾਰ, ਸ਼ਾਨਦਾਰ ਦੁਨੀਆਂ ਜਿਸ ਵਿਚ ਮੌਤ ਸਾਨੂੰ ਲੈ ਜਾਂਦੀ ਹੈ।”
ਸੰਸਾਰ ਭਰ ਵਿਚ ਅਤੇ ਅਨੇਕ ਧਰਮਾਂ ਅਤੇ ਸਭਿਆਚਾਰਾਂ ਵਿਚ, ਲੋਕੀ ਵਿਸ਼ਵਾਸ ਕਰਦੇ ਹਨ ਕਿ ਮਨੁੱਖ ਦੇ ਅੰਦਰ ਇਕ ਅਮਰ ਪ੍ਰਾਣ ਹੈ, ਇਕ ਸਚੇਤ ਆਤਮਾ ਜੋ ਸਰੀਰ ਦੇ ਮਰਨ ਮਗਰੋਂ ਜੀਉਣਾ ਜਾਰੀ ਰੱਖਦੀ ਹੈ। ਇਹ ਵਿਸ਼ਵਾਸ ਮਸੀਹੀ-ਜਗਤ ਦੇ ਹਜ਼ਾਰਾਂ ਧਰਮਾਂ ਅਤੇ ਸੰਪ੍ਰਦਾਵਾਂ ਵਿਚ ਲਗਭਗ ਸਰਵ-ਸਾਂਝਾ ਹੈ। ਯਹੂਦੀ ਮਤ ਵਿਚ ਵੀ ਇਹ ਇਕ ਅਧਿਕਾਰਿਤ ਸਿਧਾਂਤ ਹੈ। ਹਿੰਦੂ ਵਿਸ਼ਵਾਸ ਕਰਦੇ ਹਨ ਕਿ ਆਤਮਾ, ਜਾਂ ਪ੍ਰਾਣ, ਸਮੇਂ ਦੇ ਮੁੱਢ ਵਿਚ ਰਚਿਆ ਗਿਆ ਸੀ, ਜਨਮ ਦੇ ਸਮੇਂ ਸਰੀਰ ਵਿਚ ਕੈਦ ਕੀਤਾ ਜਾਂਦਾ ਹੈ, ਅਤੇ ਮੌਤ ਵੇਲੇ ਪੁਨਰ-ਜਨਮਾਂ ਦੇ ਇਕ ਲਗਾਤਾਰ ਚੱਕਰ ਵਿਚ ਕਿਸੇ ਹੋਰ ਸਰੀਰ ਵਿਚ ਚਲਿਆ ਜਾਂਦਾ ਹੈ। ਮੁਸਲਮਾਨ ਮੰਨਦੇ ਹਨ ਕਿ ਪ੍ਰਾਣ ਸਰੀਰ ਦੇ ਨਾਲ ਹੀ ਹੋਂਦ ਵਿਚ ਆਉਂਦਾ ਹੈ ਅਤੇ ਸਰੀਰ ਦੇ ਮਰਨ ਮਗਰੋਂ ਜੀਉਂਦਾ ਰਹਿੰਦਾ ਹੈ। ਦੂਜੇ ਧਰਮ—ਅਫ਼ਰੀਕੀ ਸਰਬਾਤਮਵਾਦੀ, ਸ਼ਿੰਟੋ, ਇੱਥੋਂ ਤਕ ਕਿ ਬੋਧੀ ਵੀ ਇਕ ਤਰੀਕੇ ਨਾਲ—ਇਸੇ ਸਮਾਨ ਵਿਸ਼ੇ ਉੱਤੇ ਵਿਵਿਧ ਸਿੱਖਿਆਵਾਂ ਦਿੰਦੇ ਹਨ।
ਕੁਝ ਚਿੰਤਾਜਨਕ ਸਵਾਲ
ਹਾਲਾਂਕਿ ਇਕ ਅਮਰ ਪ੍ਰਾਣ ਦੀ ਧਾਰਣਾ ਲੋਕਾਂ ਨੂੰ ਨਿਸ਼ਚਿਤ ਤੌਰ ਤੇ ਅਤੇ ਲਗਭਗ ਵਿਆਪਕ ਤੌਰ ਤੇ ਆਕਰਸ਼ਿਤ ਕਰਦੀ ਹੈ, ਇਹ ਫਿਰ ਵੀ ਕੁਝ ਚਿੰਤਾਜਨਕ ਸਵਾਲ ਖੜ੍ਹੇ ਕਰਦੀ ਹੈ। ਮਿਸਾਲ ਲਈ, ਲੋਕੀ ਵਿਚਾਰ ਕਰਦੇ ਹਨ ਕਿ ਇਕ ਪਿਆਰੇ ਦਾ ਪ੍ਰਾਣ ਕਿੱਥੇ ਨੂੰ ਜਾਂਦਾ ਹੈ ਜੇਕਰ ਉਸ ਵਿਅਕਤੀ ਨੇ ਇਕ ਮਿਸਾਲੀ ਜੀਵਨ ਬਤੀਤ ਨਹੀਂ ਕੀਤਾ ਹੈ। ਕੀ ਉਹ ਕਿਸੇ ਨੀਵੇਂ ਪ੍ਰਕਾਰ ਦੇ ਜੀਵ ਵਜੋਂ ਪੁਨਰ-ਜਨਮ ਲਵੇਗਾ? ਜਾਂ ਕੀ ਉਸ ਨੂੰ ਸੋਧਣ-ਸਥਾਨ ਭੇਜ ਦਿੱਤਾ ਜਾਂਦਾ ਹੈ, ਜਿੱਥੇ ਉਹ ਕਿਸੇ ਅਗਨਮਈ ਪ੍ਰਕ੍ਰਿਆ ਦੁਆਰਾ ਸੋਧਿਆ ਜਾਵੇਗਾ ਜਦ ਤਾਈਂ ਕਿ ਉਹ ਸਵਰਗ ਜਾਣ ਦੇ ਯੋਗ ਨਹੀਂ ਸਮਝਿਆ ਜਾਂਦਾ ਹੈ? ਇਸ ਤੋਂ ਵੀ ਬਦਤਰ, ਕੀ ਉਸ ਨੂੰ ਇਕ ਬਲਦੇ ਨਰਕ ਵਿਚ ਸਦਾ ਦੇ ਲਈ ਤਸੀਹੇ ਦਿੱਤਾ ਜਾਣਾ ਹੈ? ਜਾਂ ਕੀ ਉਹ, ਜਿਵੇਂ ਕਿ ਅਨੇਕ ਸਰਬਾਤਮਵਾਦੀ ਧਰਮ ਸਿਖਾਉਂਦੇ ਹਨ, ਇਕ ਆਤਮਾ ਹੈ ਜਿਸ ਨੂੰ ਸ਼ਾਂਤ ਕਰਨ ਦੀ ਲੋੜ ਹੈ?
ਅਜਿਹੀਆਂ ਧਾਰਣਾਵਾਂ ਜੀਉਂਦੇ ਵਿਅਕਤੀਆਂ ਦੇ ਲਈ ਬੋਝਲ ਸੰਭਾਵਨਾਵਾਂ ਉਤਪੰਨ ਕਰਦੀਆਂ ਹਨ। ਕੀ ਸਾਨੂੰ ਆਪਣੇ ਮਰੇ ਹੋਏ ਪਿਆਰਿਆਂ ਦੀਆਂ ਆਤਮਾਵਾਂ ਨੂੰ ਸ਼ਾਂਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਾਡੇ ਤੋਂ ਬਦਲਾ ਨਾ ਲੈਣ? ਕੀ ਸਾਨੂੰ ਉਨ੍ਹਾਂ ਨੂੰ ਕਿਸੇ ਭਿਆਨਕ ਸੋਧਣ-ਸਥਾਨ ਵਿੱਚੋਂ ਨਿਕਲਣ ਵਿਚ ਮਦਦ ਕਰਨ ਦੀ ਜ਼ਰੂਰਤ ਹੈ? ਜਾਂ ਕੀ, ਨਰਕ ਵਿਚ ਉਨ੍ਹਾਂ ਦੇ ਦੁੱਖ ਭੋਗਣ ਦੇ ਵਿਚਾਰ ਤੇ, ਸਾਨੂੰ ਕੇਵਲ ਲਾਚਾਰ ਖੌਫ਼ ਵਿਚ ਥਰਥਰਾਉਣਾ ਹੀ ਚਾਹੀਦਾ ਹੈ? ਜਾਂ ਕੀ ਸਾਨੂੰ ਕਿਸੇ ਜੀਵਿਤ ਪਸ਼ੂਆਂ ਨਾਲ ਇਉਂ ਵਰਤਾਉ ਕਰਨਾ ਚਾਹੀਦਾ ਹੈ ਜਿਵੇਂ ਕਿ ਉਨ੍ਹਾਂ ਵਿਚ ਮਰੇ ਹੋਏ ਮਨੁੱਖਾਂ ਦੇ ਪ੍ਰਾਣ ਸਮਾਏ ਹੋਏ ਹਨ?
ਖ਼ੁਦ ਪਰਮੇਸ਼ੁਰ ਦੇ ਸੰਬੰਧ ਵਿਚ ਉੱਠਣ ਵਾਲੇ ਸਵਾਲ ਵੀ ਜ਼ਿਆਦਾ ਤਸੱਲੀਬਖ਼ਸ਼ ਨਹੀਂ ਹਨ। ਮਿਸਾਲ ਲਈ, ਅਨੇਕ ਮਾਤਾ-ਪਿਤਾ, ਸ਼ੁਰੂ ਵਿਚ ਜ਼ਿਕਰ ਕੀਤੀ ਗਈ ਮਾਤਾ ਦੇ ਸਮਾਨ, ਪਹਿਲਾਂ-ਪਹਿਲ ਇਸ ਧਾਰਣਾ ਤੋਂ ਤਸੱਲੀ ਹਾਸਲ ਕਰਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੇ ਬੱਚੇ ਦੇ ਅਮਰ ਪ੍ਰਾਣ ਨੂੰ ਆਪਣੇ ਨਾਲ ਸਵਰਗ ਵਿਚ ਹੋਣ ਲਈ “ਲੈ ਗਿਆ” ਹੈ। ਪਰੰਤੂ, ਅਨੇਕ ਵਿਅਕਤੀ ਛੇਤੀ ਹੀ ਅਚੰਭਾ ਕਰਨ ਲੱਗਦੇ ਹਨ ਕਿ ਇਹ ਕਿਸ ਪ੍ਰਕਾਰ ਦਾ ਪਰਮੇਸ਼ੁਰ ਹੈ ਜੋ ਇਕ ਨਿਰਦੋਸ਼ ਬੱਚੇ ਨੂੰ ਕੇਵਲ ਸਮੇਂ ਤੋਂ ਪਹਿਲਾਂ ਸਵਰਗ ਲਿਜਾਉਣ ਦੇ ਲਈ, ਉਸ ਉੱਤੇ ਕੁਝ ਭਿਆਨਕ ਬੀਮਾਰੀ ਲਿਆ ਕੇ, ਉਸ ਲਾਡਲੇ ਨੂੰ ਗ਼ਮਗੀਨ ਮਾਪਿਆਂ ਤੋਂ ਖੋਹ ਲੈਂਦਾ ਹੈ। ਅਜਿਹੇ ਪਰਮੇਸ਼ੁਰ ਵਿਚ ਨਿਆਉਂ, ਪ੍ਰੇਮ, ਦਇਆ, ਕਿੱਥੇ ਹੈ? ਕਈ ਤਾਂ ਅਜਿਹੇ ਪਰਮੇਸ਼ੁਰ ਦੀ ਬੁੱਧੀ ਉੱਤੇ ਵੀ ਸੰਦੇਹ ਕਰਦੇ ਹਨ। ਉਹ ਪੁੱਛਦੇ ਹਨ, ਇਕ ਬੁੱਧੀਮਾਨ ਪਰਮੇਸ਼ੁਰ ਇਨ੍ਹਾਂ ਸਾਰੇ ਪ੍ਰਾਣਾਂ ਨੂੰ ਆਰੰਭ ਵਿਚ ਧਰਤੀ ਉੱਤੇ ਕਿਉਂ ਰੱਖਦਾ ਜੇਕਰ ਇਨ੍ਹਾਂ ਸਾਰਿਆਂ ਨੇ ਆਖ਼ਰਕਾਰ ਸਵਰਗ ਵਿਚ ਹੀ ਚਲੇ ਜਾਣਾ ਹੈ? ਕੀ ਇਸ ਦਾ ਇਹ ਅਰਥ ਨਹੀਂ ਹੁੰਦਾ ਕਿ ਧਰਤੀ ਦੀ ਸ੍ਰਿਸ਼ਟੀ ਅਸਲ ਵਿਚ ਬਿਲਕੁਲ ਹੀ ਵਿਅਰਥ ਸੀ?—ਤੁਲਨਾ ਕਰੋ ਬਿਵਸਥਾ ਸਾਰ 32:4; ਜ਼ਬੂਰ 103:8; ਯਸਾਯਾਹ 45:18; 1 ਯੂਹੰਨਾ 4:8.
ਤਾਂ ਫਿਰ, ਇਹ ਸਪੱਸ਼ਟ ਹੈ ਕਿ ਮਾਨਵ ਪ੍ਰਾਣ ਦੀ ਅਮਰਤਾ ਦਾ ਸਿਧਾਂਤ, ਭਾਵੇਂ ਇਹ ਸਿਧਾਂਤ ਕਿਸੇ ਵੀ ਰੂਪ ਵਿਚ ਸਿਖਾਇਆ ਜਾਂਦਾ ਹੈ, ਬੌਂਦਲਾਉਣ ਵਾਲੇ ਸਵਾਲਾਂ ਨੂੰ, ਇੱਥੋਂ ਤਕ ਕਿ ਅਸੰਗਤੀਆਂ ਨੂੰ ਵੀ ਪੈਦਾ ਕਰਦਾ ਹੈ। ਕਿਉਂ? ਜ਼ਿਆਦਾਤਰ ਸਮੱਸਿਆ ਇਸ ਸਿੱਖਿਆ ਦੇ ਮੂਲ ਨਾਲ ਸੰਬੰਧਿਤ ਹੈ। ਤੁਸੀਂ ਸ਼ਾਇਦ ਇਨ੍ਹਾਂ ਜੜ੍ਹਾਂ ਦੀ ਸੰਖੇਪ ਵਿਚ ਜਾਂਚ ਕਰਨਾ ਗਿਆਨਦਾਇਕ ਪਾਓਗੇ; ਅਤੇ ਤੁਸੀਂ ਸ਼ਾਇਦ ਇਹ ਜਾਣ ਕੇ ਵੀ ਹੈਰਾਨ ਹੋਵੋਗੇ ਕਿ ਬਾਈਬਲ ਖ਼ੁਦ ਪ੍ਰਾਣ ਬਾਰੇ ਕੀ ਕਹਿੰਦੀ ਹੈ। ਇਹ ਸੰਸਾਰ ਦੇ ਧਰਮਾਂ ਦੀ ਸਿੱਖਿਆ ਨਾਲੋਂ ਮੌਤ ਮਗਰੋਂ ਜੀਵਨ ਬਾਰੇ ਕਿਤੇ ਹੀ ਬਿਹਤਰੀਨ ਉਮੀਦ ਪੇਸ਼ ਕਰਦੀ ਹੈ। (w96 8/1)
[ਫੁਟਨੋਟ]
a ਇਸ ਲੇਖ ਅਤੇ ਅਗਲੇ ਲੇਖ ਵਿਚ ਅੰਗ੍ਰੇਜ਼ੀ ਸ਼ਬਦ ਸੋਲ [soul] ਨੂੰ ਅਨੁਵਾਦਿਤ ਕਰਨ ਲਈ ਸ਼ਬਦ ਪ੍ਰਾਣ ਲਗਾਤਾਰ ਇਸਤੇਮਾਲ ਕੀਤਾ ਗਿਆ ਹੈ, ਹਾਲਾਂਕਿ ਲੋਕ ਆਮ ਤੌਰ ਤੇ ਅੰਗ੍ਰੇਜ਼ੀ ਸ਼ਬਦ ਸੋਲ ਦਾ ਸੰਬੰਧ ਪੰਜਾਬੀ ਸ਼ਬਦ ਆਤਮਾ ਦੇ ਨਾਲ ਜੋੜਦੇ ਹਨ।