ਮੌਤ ਤੋਂ ਬਾਅਦ ਜੀਵਨ—ਲੋਕ ਕੀ ਵਿਸ਼ਵਾਸ ਕਰਦੇ ਹਨ?
“ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ?”—ਅੱਯੂਬ 14:14.
1, 2. ਬਹੁਤ ਸਾਰੇ ਲੋਕ ਕਿਵੇਂ ਦਿਲਾਸਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਦੋਂ ਉਨ੍ਹਾਂ ਦਾ ਕੋਈ ਪਿਆਰਾ ਮਰ ਜਾਂਦਾ ਹੈ?
ਨਿਊਯਾਰਕ ਸਿਟੀ ਦੇ ਇਕ ਜਨਾਜ਼ਾਘਰ ਵਿਚ ਦੋਸਤ-ਮਿੱਤਰ ਅਤੇ ਪਰਿਵਾਰ ਦੇ ਮੈਂਬਰ ਚੁੱਪ-ਚਾਪ ਇਕ ਖੁੱਲ੍ਹੇ ਤਾਬੂਤ ਦੇ ਕੋਲੋਂ ਲੰਘਦੇ ਹਨ। ਇਸ ਤਾਬੂਤ ਵਿਚ ਇਕ 17-ਸਾਲਾ ਮੁੰਡੇ ਦਾ ਮਿਰਤਕ ਸਰੀਰ ਪਿਆ ਹੈ ਜਿਸ ਦੀ ਜ਼ਿੰਦਗੀ ਨੂੰ ਕੈਂਸਰ ਨੇ ਜਵਾਨੀ ਵਿਚ ਹੀ ਖ਼ਤਮ ਕਰ ਦਿੱਤਾ ਸੀ। ਉਸ ਦੀ ਦੁਖੀ ਮਾਂ ਵਾਰ-ਵਾਰ ਕਹਿ ਰਹੀ ਹੈ: “ਟੌਮੀ ਹੁਣ ਜ਼ਿਆਦਾ ਖ਼ੁਸ਼ ਹੈ। ਪਰਮੇਸ਼ੁਰ ਚਾਹੁੰਦਾ ਸੀ ਕਿ ਟੌਮੀ ਉਸ ਦੇ ਨਾਲ ਸਵਰਗ ਵਿਚ ਹੋਵੇ।” ਉਸ ਨੂੰ ਇਸੇ ਗੱਲ ਤੇ ਵਿਸ਼ਵਾਸ ਕਰਨ ਲਈ ਸਿਖਾਇਆ ਗਿਆ ਸੀ।
2 ਕੁਝ 11,000 ਕਿਲੋਮੀਟਰ ਦੂਰ, ਭਾਰਤ ਦੇ ਜਾਮਨਗਰ ਸ਼ਹਿਰ ਵਿਚ, ਤਿੰਨਾਂ ਪੁੱਤਰਾਂ ਵਿੱਚੋਂ ਜੇਠਾ ਪੁੱਤਰ ਆਪਣੇ ਮਰੇ ਪਿਤਾ ਦੀ ਚਿਖਾ ਨੂੰ ਅੱਗ ਦਿੰਦਾ ਹੈ। ਚਿਖਾ ਨੂੰ ਅੱਗ ਲੱਗਣ ਤੇ, ਬ੍ਰਾਹਮਣ ਸੰਸਕ੍ਰਿਤ ਵਿਚ ਮੰਤਰ ਉਚਾਰਦਾ ਹੈ: “ਆਤਮਾ ਜੋ ਕਦੀ ਨਹੀਂ ਮਰਦੀ, ਬ੍ਰਹਮ ਨਾਲ ਮਿਲਾਪ ਕਰਨ ਲਈ ਹਮੇਸ਼ਾ ਜਤਨ ਕਰਦੀ ਰਹੇ।”
3. ਯੁਗਾਂ ਦੇ ਦੌਰਾਨ ਲੋਕਾਂ ਨੇ ਕਿਨ੍ਹਾਂ ਸਵਾਲਾਂ ਉੱਤੇ ਵਿਚਾਰ ਕੀਤਾ ਹੈ?
3 ਅਸੀਂ ਆਪਣੇ ਚਾਰੇ ਪਾਸੇ ਮੌਤ ਨੂੰ ਦੇਖਦੇ ਹਾਂ। (ਰੋਮੀਆਂ 5:12) ਸਾਡੇ ਲਈ ਇਸ ਬਾਰੇ ਸੋਚਣਾ ਸੁਭਾਵਕ ਹੈ ਕਿ ਕੀ ਮੌਤ ਹੋਣ ਤੇ ਸਭ ਕੁਝ ਖ਼ਤਮ ਹੋ ਜਾਂਦਾ ਹੈ? ਬਨਸਪਤੀ ਦੇ ਕੁਦਰਤੀ ਚੱਕਰ ਉੱਤੇ ਵਿਚਾਰ ਕਰਦੇ ਹੋਏ, ਪ੍ਰਾਚੀਨ ਸਮੇਂ ਵਿਚ ਯਹੋਵਾਹ ਪਰਮੇਸ਼ੁਰ ਦੇ ਇਕ ਵਫ਼ਾਦਾਰ ਸੇਵਕ ਅੱਯੂਬ ਨੇ ਕਿਹਾ: “ਰੁੱਖ ਲਈ ਤਾਂ ਆਸਾ ਹੈ, ਭਈ ਜੇ ਉਹ ਕੱਟਿਆ ਜਾਵੇ ਤਾਂ ਉਹ ਫੇਰ ਫੁੱਟੇਗਾ, ਅਤੇ ਉਹ ਦੀਆਂ ਕੂੰਬਲਾਂ ਨਾ ਮੁੱਕਣਗੀਆਂ।” ਫਿਰ ਇਨਸਾਨਾਂ ਬਾਰੇ ਕੀ? ਅੱਯੂਬ ਨੇ ਪੁੱਛਿਆ “ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ”? (ਅੱਯੂਬ 14:7, 14) ਯੁਗਾਂ ਦੇ ਦੌਰਾਨ, ਹਰ ਸਮਾਜ ਦੇ ਲੋਕਾਂ ਨੇ ਇਨ੍ਹਾਂ ਸਵਾਲਾਂ ਉੱਤੇ ਵਿਚਾਰ ਕੀਤਾ ਹੈ: ਕੀ ਮੌਤ ਤੋਂ ਬਾਅਦ ਜੀਵਨ ਹੈ? ਜੇਕਰ ਹੈ, ਤਾਂ ਕਿਸ ਤਰ੍ਹਾਂ ਦਾ ਜੀਵਨ? ਸਿੱਟੇ ਵਜੋਂ ਲੋਕ ਕੀ ਵਿਸ਼ਵਾਸ ਕਰਨ ਲੱਗ ਪਏ? ਅਤੇ ਕਿਉਂ?
ਕਈ ਜਵਾਬ, ਪਰ ਇੱਕੋ ਸਾਂਝਾ ਵਿਚਾਰ
4. ਵੱਖ-ਵੱਖ ਧਰਮਾਂ ਦੇ ਲੋਕ ਮੌਤ ਤੋਂ ਬਾਅਦ ਜੀਵਨ ਬਾਰੇ ਕੀ ਵਿਸ਼ਵਾਸ ਕਰਦੇ ਹਨ?
4 ਅਨੇਕ ਅਖਾਉਤੀ ਮਸੀਹੀ ਵਿਸ਼ਵਾਸ ਕਰਦੇ ਹਨ ਕਿ ਮੌਤ ਹੋਣ ਤੋਂ ਬਾਅਦ ਲੋਕ ਜਾਂ ਤਾਂ ਸਵਰਗ ਵਿਚ ਜਾਂਦੇ ਹਨ ਜਾਂ ਨਰਕ ਵਿਚ ਜਾਂਦੇ ਹਨ। ਦੂਜੇ ਪਾਸੇ, ਹਿੰਦੂ ਲੋਕ ਜੂਨਾਂ ਵਿਚ ਵਿਸ਼ਵਾਸ ਕਰਦੇ ਹਨ। ਮੁਸਲਮ ਮਜ਼ਹਬ ਦੇ ਅਨੁਸਾਰ, ਮੌਤ ਤੋਂ ਬਾਅਦ ਕਿਆਮਤ ਦਾ ਦਿਨ ਆਵੇਗਾ ਜਦੋਂ ਅੱਲਾ ਹਰ ਇਨਸਾਨ ਦੀ ਜ਼ਿੰਦਗੀ ਦਾ ਲੇਖਾ ਲਵੇਗਾ ਅਤੇ ਉਸ ਨੂੰ ਜੰਨਤ ਵਿਚ ਜਾਂ ਦੋਜ਼ਖ਼ ਵਿਚ ਭੇਜੇਗਾ। ਕੁਝ ਦੇਸ਼ਾਂ ਵਿਚ ਮਰੇ ਹੋਏ ਲੋਕਾਂ ਬਾਰੇ ਵਿਸ਼ਵਾਸ, ਸਥਾਨਕ ਰੀਤੀ-ਰਿਵਾਜਾਂ ਅਤੇ ਅਖਾਉਤੀ ਮਸੀਹੀਅਤ ਦੀ ਅਨੋਖੀ ਮਿਲਾਵਟ ਹੁੰਦੀ ਹੈ। ਉਦਾਹਰਣ ਲਈ ਸ੍ਰੀ ਲੰਕਾ ਵਿਚ, ਜਦੋਂ ਘਰ ਵਿਚ ਕੋਈ ਮਰ ਜਾਂਦਾ ਹੈ, ਤਾਂ ਬੋਧੀ ਅਤੇ ਕੈਥੋਲਿਕ ਲੋਕ ਆਪਣੇ ਘਰਾਂ ਦੇ ਦਰਵਾਜ਼ੇ-ਬਾਰੀਆਂ ਖੁੱਲ੍ਹੇ ਰੱਖਦੇ ਹਨ, ਅਤੇ ਤਾਬੂਤ ਵਿਚ ਪਏ ਮਰੇ ਵਿਅਕਤੀ ਦੇ ਪੈਰ ਘਰ ਦੇ ਸਾਮ੍ਹਣੇ ਵਾਲੇ ਦਰਵਾਜ਼ੇ ਵੱਲ ਕਰਦੇ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਇਸ ਨਾਲ ਮਰੇ ਵਿਅਕਤੀ ਦੀ ਆਤਮਾ ਨੂੰ ਬਾਹਰ ਜਾਣ ਵਿਚ ਸੌਖ ਹੋਵੇਗੀ। ਪੱਛਮੀ ਅਫ਼ਰੀਕਾ ਵਿਚ ਬਹੁਤ ਸਾਰੇ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਵਿਚ, ਘਰ ਵਿਚ ਕਿਸੇ ਦੀ ਮੌਤ ਹੋਣ ਤੇ ਮੂੰਹ ਦੇਖਣ ਵਾਲੇ ਸ਼ੀਸ਼ਿਆਂ ਨੂੰ ਢੱਕਣ ਦਾ ਰਿਵਾਜ ਹੈ, ਤਾਂਕਿ ਕੋਈ ਵੀ ਮਰੇ ਵਿਅਕਤੀ ਦੀ ਆਤਮਾ ਸ਼ੀਸ਼ੇ ਵਿਚ ਨਾ ਦੇਖ ਲਵੇ। ਫਿਰ 40 ਦਿਨਾਂ ਬਾਅਦ, ਆਤਮਾ ਦੇ ਸਵਰਗ ਨੂੰ ਜਾਣ ਦੀ ਖ਼ੁਸ਼ੀ ਵਿਚ ਪਰਿਵਾਰ ਦੇ ਮੈਂਬਰ ਅਤੇ ਦੋਸਤ ਜਸ਼ਨ ਮਨਾਉਂਦੇ ਹਨ।
5. ਜ਼ਿਆਦਾਤਰ ਧਰਮ ਕਿਹੜੇ ਇਕ ਮੁੱਖ ਵਿਸ਼ਵਾਸ ਨਾਲ ਸਹਿਮਤ ਹਨ?
5 ਇਨ੍ਹਾਂ ਵੱਖੋ-ਵੱਖਰੇ ਵਿਸ਼ਵਾਸਾਂ ਦੇ ਬਾਵਜੂਦ, ਇੱਦਾਂ ਜਾਪਦਾ ਹੈ ਕਿ ਜ਼ਿਆਦਾਤਰ ਧਰਮ ਘੱਟੋ-ਘੱਟ ਇਕ ਗੱਲ ਤੇ ਸਹਿਮਤ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਇਨਸਾਨ ਦੇ ਅੰਦਰ ਕੋਈ ਅਮਰ ਚੀਜ਼ ਹੁੰਦੀ ਹੈ ਜੋ ਸਰੀਰ ਦੀ ਮੌਤ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਈਸਾਈ-ਜਗਤ ਦੇ ਸੈਂਕੜੇ ਹੀ ਧਰਮਾਂ ਅਤੇ ਪੰਥਾਂ ਵਿੱਚੋਂ ਲਗਭਗ ਸਾਰੇ ਇਸ ਵਿਸ਼ਵਾਸ ਦੀ ਹਿਮਾਇਤ ਕਰਦੇ ਹਨ ਕਿ ਇਨਸਾਨ ਦੇ ਅੰਦਰ ਕੋਈ ਅਮਰ ਚੀਜ਼ ਹੁੰਦੀ ਹੈ। ਇਹ ਵਿਸ਼ਵਾਸ ਯਹੂਦੀ ਧਰਮ ਦਾ ਵੀ ਇਕ ਮੁੱਖ ਸਿਧਾਂਤ ਹੈ। ਹਿੰਦੂ ਧਰਮ ਵਿਚ ਇਹ ਜੂਨਾਂ ਦੀ ਸਿੱਖਿਆ ਦੀ ਬੁਨਿਆਦ ਹੈ। ਮੁਸਲਮਾਨ ਵਿਸ਼ਵਾਸ ਕਰਦੇ ਹਨ ਕਿ ਰੂਹ ਸਰੀਰ ਦੇ ਮਰਨ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਆਸਟ੍ਰੇਲੀਆ ਦੇ ਮੂਲ ਵਸਨੀਕ, ਅਫ਼ਰੀਕੀ ਸਰਬਾਤਮਵਾਦੀ, ਸ਼ਿੰਤੋਵਾਦੀ, ਇੱਥੋਂ ਤਕ ਕਿ ਬੋਧੀ ਵੀ ਇਸ ਸਾਂਝੇ ਵਿਚਾਰ ਉੱਤੇ ਭਿੰਨ-ਭਿੰਨ ਸਿੱਖਿਆਵਾਂ ਦਿੰਦੇ ਹਨ।
6. ਕੁਝ ਵਿਦਵਾਨ ਇਨਸਾਨ ਦੀ ਅਮਰਤਾ ਦੀ ਧਾਰਣਾ ਬਾਰੇ ਕੀ ਵਿਚਾਰ ਰੱਖਦੇ ਹਨ?
6 ਦੂਜੇ ਪਾਸੇ, ਅਜਿਹੇ ਲੋਕ ਵੀ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਮੌਤ ਹੋਣ ਤੇ ਸਚੇਤ ਜੀਵਨ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਨੂੰ ਇਹ ਵਿਚਾਰ ਬਿਲਕੁਲ ਬੇਹੁਦਾ ਜਾਪਦਾ ਹੈ ਕਿ ਸਰੀਰ ਤੋਂ ਵੱਖ ਇਕ ਗ਼ੈਰ-ਸ਼ਖ਼ਸੀ, ਪਰਛਾਵੇਂ ਰੂਪੀ ਕਿਸੇ ਚੀਜ਼ ਵਿਚ ਭਾਵਾਤਮਕ ਅਤੇ ਸਚੇਤ ਜੀਵਨ ਜਾਰੀ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੇ ਇਨਸਾਨ ਦੀ ਅਮਰਤਾ ਵਿਚ ਵਿਸ਼ਵਾਸ ਕਰਨ ਤੋਂ ਇਨਕਾਰ ਕੀਤਾ ਉਨ੍ਹਾਂ ਵਿਚ ਪ੍ਰਾਚੀਨ ਸਮੇਂ ਦੇ ਮੰਨੇ-ਪ੍ਰਮੰਨੇ ਫ਼ਿਲਾਸਫ਼ਰ ਅਰਸਤੂ ਅਤੇ ਐਪੀਕਿਉਰਸ, ਵੈਦ ਹਿਪੋਕ੍ਰਟੀਜ਼, ਸਕਾਟਲੈਂਡ ਦਾ ਫ਼ਿਲਾਸਫ਼ਰ ਡੇਵਿਡ ਹਿਊਮ, ਅਰਬੀ ਵਿਦਵਾਨ ਅਵੇਰਵੀਜ਼ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸ਼ਾਮਲ ਸਨ।
7. ਆਤਮਾ ਦੀ ਸਿੱਖਿਆ ਬਾਰੇ ਕਿਹੜੇ ਮਹੱਤਵਪੂਰਣ ਸਵਾਲਾਂ ਉੱਤੇ ਹੁਣ ਵਿਚਾਰ ਕਰਨਾ ਜ਼ਰੂਰੀ ਹੈ?
7 ਅਜਿਹੇ ਵਿਰੋਧੀ ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਦੇਖਦੇ ਹੋਏ, ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ: ਕੀ ਸਾਡੇ ਅੰਦਰ ਸੱਚ-ਮੁੱਚ ਕੋਈ ਅਮਰ ਚੀਜ਼ ਹੈ? ਜੇ ਨਹੀਂ, ਤਾਂ ਅਜਿਹੀ ਝੂਠੀ ਸਿੱਖਿਆ ਅੱਜ ਇੰਨੇ ਸਾਰੇ ਧਰਮਾਂ ਦਾ ਅਟੁੱਟ ਹਿੱਸਾ ਕਿਵੇਂ ਬਣ ਸਕਦੀ ਹੈ? ਇਹ ਵਿਚਾਰ ਕਿੱਥੋਂ ਆਇਆ? ਸਾਡੇ ਲਈ ਇਨ੍ਹਾਂ ਸਵਾਲਾਂ ਦੇ ਸਹੀ ਅਤੇ ਤਸੱਲੀਬਖ਼ਸ਼ ਜਵਾਬ ਪ੍ਰਾਪਤ ਕਰਨੇ ਬਹੁਤ ਜ਼ਰੂਰੀ ਹਨ ਕਿਉਂਕਿ ਇਸ ਉੱਤੇ ਸਾਡਾ ਭਵਿੱਖ ਨਿਰਭਰ ਕਰਦਾ ਹੈ। (1 ਕੁਰਿੰਥੀਆਂ 15:19) ਪਰ, ਆਓ ਪਹਿਲਾਂ ਅਸੀਂ ਇਸ ਗੱਲ ਦੀ ਜਾਂਚ ਕਰੀਏ ਕਿ ਆਤਮਾ ਦੀ ਸਿੱਖਿਆ ਕਿੱਥੋਂ ਸ਼ੁਰੂ ਹੋਈ ਸੀ।
ਇਸ ਸਿੱਖਿਆ ਦਾ ਜਨਮ
8. ਸੁਕਰਾਤ ਅਤੇ ਅਫਲਾਤੂਨ ਨੇ ਅਮਰ ਆਤਮਾ ਦੀ ਸਿੱਖਿਆ ਨੂੰ ਪ੍ਰਚਲਿਤ ਕਰਨ ਵਿਚ ਕਿਹੜੀ ਭੂਮਿਕਾ ਅਦਾ ਕੀਤੀ ਸੀ?
8 ਕਿਹਾ ਜਾਂਦਾ ਹੈ ਕਿ ਪੰਜਵੀਂ-ਸਦੀ ਸਾ.ਯੁ.ਪੂ. ਦੇ ਯੂਨਾਨੀ ਫ਼ਿਲਾਸਫ਼ਰ ਸੁਕਰਾਤ ਅਤੇ ਅਫਲਾਤੂਨ ਉਨ੍ਹਾਂ ਪਹਿਲੇ ਵਿਅਕਤੀਆਂ ਵਿੱਚੋਂ ਸਨ ਜਿਨ੍ਹਾਂ ਨੇ ਅਮਰ ਆਤਮਾ ਦੇ ਵਿਚਾਰ ਨੂੰ ਪ੍ਰਚਲਿਤ ਕੀਤਾ। ਪਰੰਤੂ, ਉਹ ਇਸ ਸਿੱਖਿਆ ਦੇ ਮੋਢੀ ਨਹੀਂ ਸਨ। ਇਸ ਦੀ ਬਜਾਇ, ਉਨ੍ਹਾਂ ਨੇ ਇਸ ਸਿਧਾਂਤ ਨੂੰ ਨਿਖਾਰ ਕੇ ਇਕ ਫ਼ਲਸਫ਼ਾ ਬਣਾਇਆ, ਅਤੇ ਇਸ ਤਰ੍ਹਾਂ ਇਸ ਨੂੰ ਉਸ ਸਮੇਂ ਦੇ ਅਤੇ ਉਸ ਸਮੇਂ ਤੋਂ ਬਾਅਦ ਦੇ ਸਭਿਅ ਵਰਗਾਂ ਦੇ ਲੋਕਾਂ ਵਾਸਤੇ ਜ਼ਿਆਦਾ ਆਕਰਸ਼ਕ ਬਣਾਇਆ। ਹਕੀਕਤ ਤਾਂ ਇਹ ਹੈ ਕਿ ਪ੍ਰਾਚੀਨ ਫ਼ਾਰਸ ਦੇ ਜ਼ੋਰੋਐਸਟਰੀ ਲੋਕ ਅਤੇ ਉਨ੍ਹਾਂ ਤੋਂ ਪਹਿਲਾਂ ਮਿਸਰ ਦੇ ਲੋਕ ਵੀ ਵਿਸ਼ਵਾਸ ਕਰਦੇ ਸਨ ਕਿ ਇਨਸਾਨ ਦੇ ਅੰਦਰ ਕੋਈ ਅਮਰ ਚੀਜ਼ ਹੁੰਦੀ ਹੈ। ਫਿਰ ਸਵਾਲ ਇਹ ਉੱਠਦਾ ਹੈ ਕਿ ਇਸ ਸਿੱਖਿਆ ਦਾ ਮੁੱਢ ਕੀ ਹੈ?
9. ਮਿਸਰ, ਫ਼ਾਰਸ ਅਤੇ ਯੂਨਾਨ ਦੇ ਪ੍ਰਾਚੀਨ ਸਭਿਆਚਾਰਾਂ ਉੱਤੇ ਪਏ ਇੱਕੋ ਜਿਹੇ ਪ੍ਰਭਾਵ ਦਾ ਸੋਮਾ ਕੀ ਸੀ?
9 ਬਾਬਲ ਅਤੇ ਅੱਸ਼ੂਰ ਦਾ ਧਰਮ (ਅੰਗ੍ਰੇਜ਼ੀ) ਕਿਤਾਬ ਕਹਿੰਦੀ ਹੈ: “ਪ੍ਰਾਚੀਨ ਸੰਸਾਰ ਵਿਚ, . . . ਮਿਸਰ, ਫ਼ਾਰਸ ਅਤੇ ਯੂਨਾਨ ਉੱਤੇ ਬਾਬਲੀ ਧਰਮ ਦਾ ਪ੍ਰਭਾਵ ਪਿਆ।” ਮਿਸਰ ਦੇ ਧਾਰਮਿਕ ਵਿਸ਼ਵਾਸਾਂ ਦੇ ਸੰਬੰਧ ਵਿਚ, ਇਹ ਕਿਤਾਬ ਅੱਗੇ ਕਹਿੰਦੀ ਹੈ: “ਐੱਲ-ਅਮਾਰਨਾ ਤੋਂ ਮਿਲੀਆਂ ਤਖ਼ਤੀਆਂ ਤੋਂ ਪਤਾ ਚੱਲਦਾ ਹੈ ਕਿ ਮਿਸਰ ਅਤੇ ਬਾਬਲ ਵਿਚਕਾਰ ਪਹਿਲਾਂ ਸੰਬੰਧ ਸਨ, ਜਿਨ੍ਹਾਂ ਕਰਕੇ ਮਿਸਰ ਦੇ ਧਰਮਾਂ ਵਿਚ ਬਾਬਲ ਦੇ ਵਿਚਾਰ ਅਤੇ ਰੀਤੀ-ਰਿਵਾਜ ਫੈਲਣ ਦੇ ਬਹੁਤ ਸਾਰੇ ਮੌਕੇ ਸਨ।”a ਪੁਰਾਣੇ ਫ਼ਾਰਸੀ ਅਤੇ ਯੂਨਾਨੀ ਸਭਿਆਚਾਰਾਂ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ।
10. ਮੌਤ ਤੋਂ ਬਾਅਦ ਜੀਵਨ ਬਾਰੇ ਬਾਬਲੀ ਲੋਕਾਂ ਦਾ ਕੀ ਵਿਚਾਰ ਸੀ?
10 ਪਰ ਕੀ ਪ੍ਰਾਚੀਨ ਬਾਬਲ ਦੇ ਲੋਕ ਵਿਸ਼ਵਾਸ ਕਰਦੇ ਸਨ ਕਿ ਇਨਸਾਨ ਦੇ ਅੰਦਰ ਕੋਈ ਅਮਰ ਚੀਜ਼ ਹੁੰਦੀ ਹੈ? ਇਸ ਬਾਰੇ, ਯੂ. ਐੱਸ. ਏ. ਵਿਚ ਪੈਨਸਿਲਵੇਨੀਆ ਦੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮੌਰਿਸ ਜੈਸਟਰੋ ਜੂਨੀਅਰ ਨੇ ਲਿਖਿਆ: “ਨਾ ਹੀ ਲੋਕਾਂ ਨੇ ਤੇ ਨਾ ਹੀ [ਬਾਬਲ ਦੇ] ਧਾਰਮਿਕ ਆਗੂਆਂ ਨੇ ਕਦੀ ਇਸ ਸੰਭਾਵਨਾ ਬਾਰੇ ਸੋਚਿਆ ਕਿ ਉਸ ਚੀਜ਼ ਦਾ ਪੂਰੀ ਤਰ੍ਹਾਂ ਅੰਤ ਹੋ ਸਕਦਾ ਹੈ ਜੋ ਪਹਿਲਾਂ ਹੋਂਦ ਵਿਚ ਸੀ। [ਉਨ੍ਹਾਂ ਦੀ ਨਜ਼ਰ ਵਿਚ] ਮੌਤ ਦੂਸਰੇ ਕਿਸਮ ਦੇ ਜੀਵਨ ਨੂੰ ਜਾਣ ਦਾ ਰਾਹ ਹੈ, ਅਤੇ [ਮੌਜੂਦਾ ਜੀਵਨ ਦੀ] ਅਮਰਤਾ ਨਾ ਮਿਲਣੀ, ਮਹਿਜ਼ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਮੌਤ ਮਗਰੋਂ ਕਿਸੇ ਵੱਖਰੀ ਹੋਂਦ ਵਿਚ ਜਾਣਾ ਅਟੱਲ ਹੈ।” ਜੀ ਹਾਂ, ਬਾਬਲੀ ਲੋਕ ਵਿਸ਼ਵਾਸ ਕਰਦੇ ਸਨ ਕਿ ਮੌਤ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਵਿਚ, ਕਿਸੇ ਨਾ ਕਿਸੇ ਪ੍ਰਕਾਰ ਦਾ ਜੀਵਨ ਜਾਰੀ ਰਹਿੰਦਾ ਹੈ। ਉਹ ਮਰੇ ਵਿਅਕਤੀ ਦੇ ਮੌਤ ਤੋਂ ਬਾਅਦ ਦੇ ਜੀਵਨ ਦੌਰਾਨ ਵਰਤਣ ਲਈ ਕੁਝ ਚੀਜ਼ਾਂ ਨੂੰ ਉਸ ਦੀ ਕਬਰ ਵਿਚ ਦੱਬਣ ਨਾਲ ਇਹ ਵਿਸ਼ਵਾਸ ਪ੍ਰਗਟ ਕਰਦੇ ਸਨ।
11, 12. ਜਲ-ਪਰਲੋ ਤੋਂ ਬਾਅਦ, ਅਮਰ ਆਤਮਾ ਦੀ ਸਿੱਖਿਆ ਦਾ ਜਨਮ ਕਿੱਥੇ ਹੋਇਆ ਸੀ?
11 ਇਹ ਸਪੱਸ਼ਟ ਹੈ, ਇਹ ਸਿੱਖਿਆ ਕਿ ਇਨਸਾਨ ਦੇ ਅੰਦਰ ਕੋਈ ਅਮਰ ਚੀਜ਼ ਹੈ ਪ੍ਰਾਚੀਨ ਬਾਬਲ ਤੋਂ ਸ਼ੁਰੂ ਹੋਈ ਸੀ। ਕੀ ਇਹ ਮਹੱਤਵਪੂਰਣ ਹੈ? ਜੀ ਹਾਂ, ਕਿਉਂਕਿ ਬਾਈਬਲ ਦੇ ਅਨੁਸਾਰ, ਬਾਬਲ ਜਾਂ ਬੈਬੀਲੋਨ ਸ਼ਹਿਰ ਦੀ ਨੀਂਹ, ਨੂਹ ਦੇ ਪੜਪੋਤੇ ਨਿਮਰੋਦ ਨੇ ਰੱਖੀ ਸੀ। ਨੂਹ ਦੇ ਦਿਨਾਂ ਵਿਚ ਪੂਰੀ ਧਰਤੀ ਤੇ ਆਈ ਜਲ-ਪਰਲੋ ਤੋਂ ਬਾਅਦ, ਸਾਰੇ ਲੋਕ ਇੱਕੋ ਹੀ ਬੋਲੀ ਬੋਲਦੇ ਸਨ ਅਤੇ ਉਨ੍ਹਾਂ ਦਾ ਇੱਕੋ ਹੀ ਧਰਮ ਸੀ। ਨਿਮਰੋਦ ਨਾ ਸਿਰਫ਼ “ਯਹੋਵਾਹ ਦੇ [ਵਿਰੁੱਧ] ਇੱਕ ਬਲਵੰਤ ਸ਼ਿਕਾਰੀ ਸੀ,” ਬਲਕਿ ਉਹ ਅਤੇ ਉਸ ਦੇ ਪੈਰੋਕਾਰ ਆਪਣੇ ਲਈ ‘ਇੱਕ ਨਾਉਂ ਕੱਢਣਾ’ ਚਾਹੁੰਦੇ ਸਨ। ਇਸ ਤਰ੍ਹਾਂ, ਨਿਮਰੋਦ ਨੇ ਸ਼ਹਿਰ ਅਤੇ ਉਸ ਵਿਚ ਇਕ ਬੁਰਜ ਬਣਾ ਕੇ ਇਕ ਵੱਖਰਾ ਧਰਮ ਸ਼ੁਰੂ ਕੀਤਾ।—ਉਤਪਤ 10:1, 6, 8-10; 11:1-4.
12 ਰਵਾਇਤੀ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਨਿਮਰੋਦ ਇਕ ਹਿੰਸਕ ਮੌਤ ਮਰਿਆ। ਉਸ ਦੀ ਮੌਤ ਤੋਂ ਬਾਅਦ, ਲੋਕਾਂ ਨੇ ਬਾਬਲ ਸ਼ਹਿਰ ਦੇ ਸਥਾਪਕ, ਉਸਰਈਏ ਅਤੇ ਪਹਿਲੇ ਰਾਜੇ ਵਜੋਂ ਨਿਮਰੋਦ ਦਾ ਬਹੁਤ ਹੀ ਆਦਰ ਕੀਤਾ ਹੋਵੇਗਾ। ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਮਾਰਦੁੱਕ (ਮਰੋਦਾਕ) ਬਾਬਲ ਦਾ ਸਥਾਪਕ ਸੀ ਅਤੇ ਬਾਬਲ ਦੇ ਕਈ ਰਾਜਿਆਂ ਦੇ ਨਾਂ ਉਸ ਦੇ ਨਾਂ ਤੇ ਰੱਖੇ ਗਏ ਸਨ, ਇਸ ਲਈ ਕੁਝ ਵਿਦਵਾਨਾਂ ਨੇ ਇਹ ਕਿਹਾ ਹੈ ਕਿ ਦੇਵਤਾ ਮਾਰਦੁੱਕ, ਨਿਮਰੋਦ ਹੀ ਸੀ। (2 ਰਾਜਿਆਂ 25:27; ਯਸਾਯਾਹ 39:1; ਯਿਰਮਿਯਾਹ 50:2) ਜੇਕਰ ਇਵੇਂ ਹੈ, ਤਾਂ ਫਿਰ ਇਹ ਵਿਚਾਰ ਜ਼ਰੂਰ ਨਿਮਰੋਦ ਦੀ ਮੌਤ ਦੇ ਸਮੇਂ ਤੇ ਪ੍ਰਚਲਿਤ ਰਿਹਾ ਹੋਵੇਗਾ ਕਿ ਇਨਸਾਨ ਦੇ ਅੰਦਰ ਕੋਈ ਚੀਜ਼ ਹੈ ਜੋ ਮੌਤ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ। ਜੋ ਵੀ ਹੈ, ਇਤਿਹਾਸ ਦੇ ਪੰਨੇ ਜ਼ਾਹਰ ਕਰਦੇ ਹਨ ਕਿ ਜਲ-ਪਰਲੋ ਤੋਂ ਬਾਅਦ, ਅਮਰ ਆਤਮਾ ਦੀ ਸਿੱਖਿਆ ਦਾ ਜਨਮ-ਸਥਾਨ ਬਾਬਲ ਜਾਂ ਬੈਬੀਲੋਨ ਸੀ।
13. ਅਮਰ ਆਤਮਾ ਦੀ ਸਿੱਖਿਆ ਪੂਰੀ ਧਰਤੀ ਉੱਤੇ ਕਿਵੇਂ ਫੈਲੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
13 ਬਾਈਬਲ ਅੱਗੇ ਦੱਸਦੀ ਹੈ ਕਿ ਪਰਮੇਸ਼ੁਰ ਨੇ ਬਾਬਲ ਵਿਚ ਲੋਕਾਂ ਦੀਆਂ ਬੋਲੀਆਂ ਨੂੰ ਉਲਟ-ਪੁਲਟ ਕਰ ਕੇ ਉਨ੍ਹਾਂ ਨੂੰ ਬੁਰਜ ਬਣਾਉਣ ਤੋਂ ਰੋਕ ਦਿੱਤਾ। ਇਕ ਦੂਜੇ ਨਾਲ ਗੱਲਬਾਤ ਨਾ ਕਰ ਸਕਣ ਕਰਕੇ, ਉਨ੍ਹਾਂ ਨੇ ਬੁਰਜ ਬਣਾਉਣਾ ਛੱਡ ਦਿੱਤਾ ਅਤੇ “ਸਾਰੀ ਧਰਤੀ ਉੱਤੇ” ਖਿੰਡ ਗਏ। (ਉਤਪਤ 11:5-9) ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਵੇਂ ਇਨ੍ਹਾਂ ਬੁਰਜ ਬਣਾਉਣ ਵਾਲੇ ਲੋਕਾਂ ਦੀ ਬੋਲੀ ਬਦਲ ਦਿੱਤੀ ਗਈ ਸੀ, ਪਰ ਉਨ੍ਹਾਂ ਦੀ ਸੋਚ ਅਤੇ ਵਿਸ਼ਵਾਸ ਨਹੀਂ ਬਦਲੇ ਗਏ ਸਨ। ਨਤੀਜੇ ਵਜੋਂ, ਜਿੱਥੇ ਵੀ ਉਹ ਗਏ, ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਉਨ੍ਹਾਂ ਦੇ ਨਾਲ ਗਏ। ਇਸ ਤਰੀਕੇ ਨਾਲ, ਬਾਬਲੀ ਧਾਰਮਿਕ ਸਿੱਖਿਆਵਾਂ—ਜਿਸ ਵਿਚ ਅਮਰ ਆਤਮਾ ਦੀ ਸਿੱਖਿਆ ਵੀ ਸ਼ਾਮਲ ਸੀ—ਪੂਰੀ ਧਰਤੀ ਉੱਤੇ ਫੈਲ ਗਈਆਂ ਅਤੇ ਸੰਸਾਰ ਦੇ ਮੁੱਖ ਧਰਮਾਂ ਦਾ ਆਧਾਰ ਬਣ ਗਈਆਂ। ਇਸ ਤਰ੍ਹਾਂ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦਾ ਆਰੰਭ ਹੋਇਆ, ਜਿਸ ਨੂੰ ਸਹੀ ਢੰਗ ਨਾਲ ਬਾਈਬਲ ਵਿਚ ‘ਬਾਬੁਲ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ’ ਕਿਹਾ ਗਿਆ ਹੈ।—ਪਰਕਾਸ਼ ਦੀ ਪੋਥੀ 17:5.
ਝੂਠੇ ਧਰਮ ਦਾ ਵਿਸ਼ਵ ਸਾਮਰਾਜ ਪੂਰਬ ਵੱਲ ਫੈਲਦਾ ਹੈ
14. ਬਾਬਲ ਦੇ ਧਾਰਮਿਕ ਵਿਸ਼ਵਾਸ ਭਾਰਤੀ ਉਪ-ਮਹਾਂਦੀਪ ਵਿਚ ਕਿਵੇਂ ਫੈਲੇ?
14 ਕੁਝ ਇਤਿਹਾਸਕਾਰ ਕਹਿੰਦੇ ਹਨ ਕਿ 3,500 ਤੋਂ ਜ਼ਿਆਦਾ ਸਾਲ ਪਹਿਲਾਂ, ਉੱਤਰ ਵੱਲੋਂ ਗੋਰੀ ਚਮੜੀ ਵਾਲੇ ਆਰੀਆ ਲੋਕ ਸਿੰਧ ਘਾਟੀ ਵਿਚ ਆਏ, ਜੋ ਹੁਣ ਮੁੱਖ ਕਰਕੇ ਪਾਕਿਸਤਾਨ ਅਤੇ ਭਾਰਤ ਵਿਚ ਹੈ। ਉੱਥੋਂ ਉਹ ਗੰਗਾ ਦੇ ਮੈਦਾਨ ਵਿਚ ਅਤੇ ਪੂਰੇ ਭਾਰਤ ਵਿਚ ਫੈਲ ਗਏ। ਕੁਝ ਮਾਹਰ ਕਹਿੰਦੇ ਹਨ ਕਿ ਇਨ੍ਹਾਂ ਪਰਵਾਸੀਆਂ ਦੇ ਧਾਰਮਿਕ ਵਿਚਾਰ, ਪ੍ਰਾਚੀਨ ਈਰਾਨ ਅਤੇ ਬਾਬਲ ਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਸਨ। ਬਾਅਦ ਵਿਚ, ਇਹ ਧਾਰਮਿਕ ਵਿਚਾਰ ਹਿੰਦੂ ਧਰਮ ਦਾ ਆਧਾਰ ਬਣ ਗਏ।
15. ਅਮਰ ਆਤਮਾ ਦੇ ਵਿਚਾਰ ਨੇ ਵਰਤਮਾਨ ਦਿਨ ਦੇ ਹਿੰਦੂ ਧਰਮ ਨੂੰ ਕਿਵੇਂ ਪ੍ਰਭਾਵਿਤ ਕੀਤਾ?
15 ਭਾਰਤ ਵਿਚ, ਅਮਰ ਆਤਮਾ ਦੇ ਵਿਚਾਰ ਨੇ ਜੂਨਾਂ ਦੀ ਸਿੱਖਿਆ ਨੂੰ ਜਨਮ ਦਿੱਤਾ। ਮਨੁੱਖਾਂ ਵਿਚਕਾਰ ਦੁਸ਼ਟਤਾ ਅਤੇ ਦੁੱਖ ਦੀ ਵਿਸ਼ਵ-ਵਿਆਪੀ ਸਮੱਸਿਆ ਨੂੰ ਸਮਝਾਉਣ ਦੀ ਕੋਸ਼ਿਸ਼ ਵਿਚ ਹਿੰਦੂ ਰਿਸ਼ੀ-ਮੁਨੀਆਂ ਨੇ ਕਰਮ-ਸਿਧਾਂਤ, ਅਰਥਾਤ ਕਰਨੀ ਸੋ ਭਰਨੀ ਦਾ ਸਿਧਾਂਤ ਬਣਾਇਆ। ਉਨ੍ਹਾਂ ਨੇ ਇਸ ਸਿਧਾਂਤ ਨੂੰ ਅਮਰ ਆਤਮਾ ਦੇ ਵਿਸ਼ਵਾਸ ਨਾਲ ਜੋੜ ਕੇ ਜੂਨਾਂ ਦੀ ਸਿੱਖਿਆ ਬਣਾਈ ਜਿਸ ਅਨੁਸਾਰ ਮੌਜੂਦਾ ਜੀਵਨ ਦੇ ਚੰਗੇ-ਮਾੜੇ ਕਰਮਾਂ ਦਾ ਫਲ ਅਗਲੇ ਜਨਮ ਵਿਚ ਮਿਲਦਾ ਹੈ। ਹਿੰਦੂ ਧਰਮ ਦੇ ਮੰਨਣ ਵਾਲਿਆਂ ਦਾ ਅੰਤਿਮ ਉਦੇਸ਼ ਮੁਕਤੀ ਪ੍ਰਾਪਤ ਕਰਨਾ ਹੈ, ਅਰਥਾਤ ਜੂਨਾਂ ਦੇ ਚੱਕਰ ਤੋਂ ਮੁਕਤੀ ਅਤੇ ਅੰਤ ਵਿਚ ਬ੍ਰਹਮ ਨਾਲ ਮਿਲਾਪ। ਸਦੀਆਂ ਦੌਰਾਨ, ਜਿਉਂ-ਜਿਉਂ ਹਿੰਦੂ ਧਰਮ ਫੈਲਿਆ, ਤਿਉਂ-ਤਿਉਂ ਜੂਨਾਂ ਦੀ ਸਿੱਖਿਆ ਵੀ ਫੈਲੀ। ਅਤੇ ਇਹ ਸਿੱਖਿਆ ਵਰਤਮਾਨ ਦਿਨ ਦੇ ਹਿੰਦੂ ਧਰਮ ਦੀ ਮੁੱਖ ਸਿੱਖਿਆ ਬਣ ਗਈ ਹੈ।
16. ਮੌਤ ਤੋਂ ਬਾਅਦ ਜੀਵਨ ਦੇ ਬਾਰੇ ਕਿਹੜੇ ਵਿਸ਼ਵਾਸ ਨੇ ਪੂਰਬੀ ਏਸ਼ੀਆ ਦੇ ਜ਼ਿਆਦਾਤਰ ਲੋਕਾਂ ਦੀ ਧਾਰਮਿਕ ਸੋਚ ਅਤੇ ਰੀਤਾਂ ਉੱਤੇ ਵੱਡਾ ਪ੍ਰਭਾਵ ਪਾਇਆ?
16 ਹਿੰਦੂ ਧਰਮ ਤੋਂ ਦੂਜੇ ਧਰਮ, ਜਿਵੇਂ ਕਿ ਬੁੱਧ ਧਰਮ, ਜੈਨ ਧਰਮ ਅਤੇ ਸਿੱਖ ਧਰਮ ਬਣੇ। ਇਹ ਸਭ ਵੀ ਜੂਨਾਂ ਵਿਚ ਵਿਸ਼ਵਾਸ ਕਰਦੇ ਹਨ। ਇਸ ਤੋਂ ਇਲਾਵਾ, ਜਿਉਂ-ਜਿਉਂ ਬੁੱਧ ਧਰਮ ਪੂਰਬੀ ਏਸ਼ੀਆ ਦੇ ਜ਼ਿਆਦਾਤਰ ਇਲਾਕਿਆਂ—ਚੀਨ, ਕੋਰੀਆ, ਜਪਾਨ ਅਤੇ ਹੋਰ ਦੇਸ਼ਾਂ—ਵਿਚ ਫੈਲਿਆ, ਇਸ ਨੇ ਉਨ੍ਹਾਂ ਸਾਰੇ ਇਲਾਕਿਆਂ ਦੇ ਸਭਿਆਚਾਰਾਂ ਅਤੇ ਧਰਮਾਂ ਉੱਤੇ ਕਾਫ਼ੀ ਪ੍ਰਭਾਵ ਪਾਇਆ। ਇਸ ਧਰਮ ਤੋਂ ਅਜਿਹੇ ਹੋਰ ਧਰਮ ਪੈਦਾ ਹੋਏ ਜਿਨ੍ਹਾਂ ਵਿਚ ਬੁੱਧ ਧਰਮ ਦੇ ਵਿਸ਼ਵਾਸਾਂ, ਪ੍ਰੇਤਵਾਦ ਅਤੇ ਪੂਰਵਜ-ਪੂਜਾ ਦੀ ਮਿਲਾਵਟ ਨਜ਼ਰ ਆਉਂਦੀ ਹੈ। ਇਨ੍ਹਾਂ ਵਿੱਚੋਂ ਮੁੱਖ ਹਨ ਤਾਓਵਾਦ, ਕਨਫਿਊਸ਼ਸੀਵਾਦ ਅਤੇ ਸ਼ਿੰਤੋ ਧਰਮ। ਇਸ ਤਰੀਕੇ ਨਾਲ, ਸਰੀਰ ਦੀ ਮੌਤ ਤੋਂ ਬਾਅਦ ਜੀਵਨ ਵਿਚ ਵਿਸ਼ਵਾਸ ਨੇ ਸੰਸਾਰ ਦੇ ਉਸ ਹਿੱਸੇ ਦੇ ਜ਼ਿਆਦਾਤਰ ਲੋਕਾਂ ਦੀ ਧਾਰਮਿਕ ਸੋਚ ਅਤੇ ਰੀਤਾਂ ਉੱਤੇ ਕਾਫ਼ੀ ਪ੍ਰਭਾਵ ਪਾਇਆ।
ਯਹੂਦੀ ਧਰਮ, ਈਸਾਈ-ਜਗਤ ਅਤੇ ਮੁਸਲਮ ਮਜ਼ਹਬ ਬਾਰੇ ਕੀ?
17. ਮੌਤ ਤੋਂ ਬਾਅਦ ਜੀਵਨ ਬਾਰੇ ਪ੍ਰਾਚੀਨ ਸਮੇਂ ਦੇ ਯਹੂਦੀ ਕੀ ਵਿਸ਼ਵਾਸ ਕਰਦੇ ਸਨ?
17 ਯਹੂਦੀ, ਈਸਾਈ ਅਤੇ ਮੁਸਲਮਾਨ ਮੌਤ ਤੋਂ ਬਾਅਦ ਜੀਵਨ ਬਾਰੇ ਕੀ ਵਿਸ਼ਵਾਸ ਕਰਦੇ ਹਨ? ਇਨ੍ਹਾਂ ਵਿੱਚੋਂ ਯਹੂਦੀ ਧਰਮ ਸਭ ਤੋਂ ਪੁਰਾਣਾ ਹੈ। ਇਹ ਤਕਰੀਬਨ 4,000 ਸਾਲ ਪਹਿਲਾਂ ਅਬਰਾਹਾਮ ਦੇ ਸਮੇਂ ਵਿਚ ਸ਼ੁਰੂ ਹੋਇਆ ਸੀ—ਸੁਕਰਾਤ ਅਤੇ ਅਫਲਾਤੂਨ ਦੁਆਰਾ ਅਮਰ ਆਤਮਾ ਦੀ ਸਿੱਖਿਆ ਨੂੰ ਨਵਾਂ ਰੂਪ ਦੇਣ ਤੋਂ ਬਹੁਤ ਸਮਾਂ ਪਹਿਲਾਂ। ਪ੍ਰਾਚੀਨ ਸਮੇਂ ਵਿਚ ਯਹੂਦੀ ਲੋਕ ਮਰੇ ਲੋਕਾਂ ਦੇ ਪੁਨਰ-ਉਥਾਨ ਵਿਚ ਵਿਸ਼ਵਾਸ ਕਰਦੇ ਸਨ, ਨਾ ਕਿ ਮਨੁੱਖਾਂ ਦੀ ਜਮਾਂਦਰੂ ਅਮਰਤਾ ਵਿਚ। (ਮੱਤੀ 22:31, 32; ਇਬਰਾਨੀਆਂ 11:19) ਤਾਂ ਫਿਰ, ਅਮਰ ਆਤਮਾ ਦੀ ਸਿੱਖਿਆ ਯਹੂਦੀ ਧਰਮ ਵਿਚ ਕਿਵੇਂ ਆਈ? ਇਤਿਹਾਸ ਇਸ ਦਾ ਜਵਾਬ ਦਿੰਦਾ ਹੈ।
18, 19. ਅਮਰ ਆਤਮਾ ਦੀ ਸਿੱਖਿਆ ਯਹੂਦੀ ਧਰਮ ਵਿਚ ਕਿਵੇਂ ਦਾਖ਼ਲ ਹੋਈ?
18 ਸੰਨ 332 ਸਾ.ਯੁ.ਪੂ. ਵਿਚ, ਸਿਕੰਦਰ ਮਹਾਨ ਨੇ ਮੱਧ ਪੂਰਬੀ ਦੇਸ਼ਾਂ ਉੱਤੇ ਜਿੱਤ ਪ੍ਰਾਪਤ ਕੀਤੀ, ਜਿਸ ਵਿਚ ਯਰੂਸ਼ਲਮ ਵੀ ਸ਼ਾਮਲ ਸੀ। ਜਿਉਂ-ਜਿਉਂ ਸਿਕੰਦਰ ਦੇ ਉਤਰਾਧਿਕਾਰੀਆਂ ਨੇ ਲੋਕਾਂ ਉੱਤੇ ਯੂਨਾਨੀ ਸਭਿਆਚਾਰ ਦਾ ਪ੍ਰਭਾਵ ਪਾਉਣਾ ਜਾਰੀ ਰੱਖਿਆ, ਯੂਨਾਨੀ ਅਤੇ ਯਹੂਦੀ ਸਭਿਆਚਾਰ ਰਲ-ਮਿਲ ਗਏ। ਸਮੇਂ ਦੇ ਬੀਤਣ ਨਾਲ, ਯਹੂਦੀ ਲੋਕ ਯੂਨਾਨੀ ਵਿਚਾਰਾਂ ਤੋਂ ਕਾਫ਼ੀ ਜਾਣੂ ਹੋ ਗਏ ਅਤੇ ਕੁਝ ਫ਼ਿਲਾਸਫ਼ਰ ਵੀ ਬਣ ਗਏ।
19 ਪਹਿਲੀ ਸਦੀ ਸਾ.ਯੁ. ਵਿਚ ਸਿਕੰਦਰੀਆ ਵਿਚ ਇਕ ਅਜਿਹੇ ਯਹੂਦੀ ਫ਼ਿਲਾਸਫ਼ਰ ਦਾ ਨਾਂ ਫ਼ਾਇਲੋ ਸੀ। ਉਹ ਅਫਲਾਤੂਨ ਦਾ ਭਗਤ ਸੀ ਅਤੇ ਉਸ ਨੇ ਯਹੂਦੀ ਧਰਮ ਨੂੰ ਯੂਨਾਨੀ ਫ਼ਲਸਫ਼ੇ ਦੇ ਸ਼ਬਦਾਂ ਵਿਚ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤਰ੍ਹਾਂ ਬਾਅਦ ਦੇ ਯਹੂਦੀ ਬੁੱਧੀਜੀਵੀਆਂ ਲਈ ਰਾਹ ਤਿਆਰ ਕੀਤਾ। ਜ਼ਬਾਨੀ ਨਿਯਮਾਂ ਉੱਤੇ ਯਹੂਦੀ ਧਰਮ-ਸ਼ਾਸਤਰੀਆਂ ਦੀਆਂ ਲਿਖਤੀ ਟਿੱਪਣੀਆਂ, ਅਰਥਾਤ ਤਾਲਮੂਦ ਉੱਤੇ ਵੀ ਯੂਨਾਨੀ ਵਿਚਾਰਾਂ ਦਾ ਪ੍ਰਭਾਵ ਪਿਆ ਹੈ। ਐਨਸਾਈਕਲੋਪੀਡੀਆ ਜੁਡੇਈਕਾ ਕਹਿੰਦਾ ਹੈ: “ਤਾਲਮੂਦ ਦੇ ਧਰਮ-ਸ਼ਾਸਤਰੀ ਵਿਸ਼ਵਾਸ ਕਰਦੇ ਸਨ ਕਿ ਮੌਤ ਤੋਂ ਬਾਅਦ ਆਤਮਾ ਦੀ ਹੋਂਦ ਜਾਰੀ ਰਹਿੰਦੀ ਹੈ।” ਬਾਅਦ ਵਿਚ ਯਹੂਦੀ ਰਹੱਸਵਾਦੀ ਸਾਹਿੱਤ, ਜਿਵੇਂ ਕਿ ਕਬਾਲਾ, ਜੂਨਾਂ ਦੀ ਸਿੱਖਿਆ ਵੀ ਦਿੰਦਾ ਹੈ। ਇਸ ਤਰ੍ਹਾਂ, ਯਹੂਦੀ ਧਰਮ ਵਿਚ ਅਮਰ ਆਤਮਾ ਦਾ ਵਿਚਾਰ ਯੂਨਾਨੀ ਫ਼ਲਸਫ਼ੇ ਦੁਆਰਾ ਚੋਰੀ-ਛਿਪੇ ਦਾਖ਼ਲ ਹੋ ਗਿਆ। ਈਸਾਈ-ਜਗਤ ਵਿਚ ਇਸ ਸਿੱਖਿਆ ਦੇ ਦਾਖ਼ਲ ਹੋਣ ਬਾਰੇ ਕੀ ਕਿਹਾ ਜਾ ਸਕਦਾ ਹੈ?
20, 21. (ੳ) ਮੁਢਲੇ ਮਸੀਹੀ ਅਫਲਾਤੂਨੀ ਜਾਂ ਯੂਨਾਨੀ ਫ਼ਲਸਫ਼ੇ ਬਾਰੇ ਕੀ ਸੋਚਦੇ ਸਨ? (ਅ) ਮਸੀਹੀ ਸਿੱਖਿਆਵਾਂ ਵਿਚ ਅਫਲਾਤੂਨੀ ਵਿਚਾਰਾਂ ਦੀ ਮਿਲਾਵਟ ਕਿਸ ਤਰ੍ਹਾਂ ਹੋਈ?
20 ਅਸਲੀ ਮਸੀਹੀਅਤ ਯਿਸੂ ਮਸੀਹ ਤੋਂ ਸ਼ੁਰੂ ਹੋਈ ਸੀ। ਯਿਸੂ ਦੇ ਸੰਬੰਧ ਵਿਚ 20ਵੀਂ ਸਦੀ ਦੇ ਇਕ ਉੱਘੇ ਵਿਦਵਾਨ, ਮੀਗੇਲ ਡੇ ਊਨੇਮੂਨੋ ਨੇ ਲਿਖਿਆ: “ਯਹੂਦੀ ਵਿਸ਼ਵਾਸ ਅਨੁਸਾਰ ਉਹ ਸਰੀਰ ਦੇ ਪੁਨਰ-ਉਥਾਨ ਵਿਚ ਵਿਸ਼ਵਾਸ ਕਰਦਾ ਸੀ, ਨਾ ਕਿ [ਯੂਨਾਨੀ] ਅਫਲਾਤੂਨੀ ਵਿਸ਼ਵਾਸ ਅਨੁਸਾਰ ਅਮਰ ਆਤਮਾ ਵਿਚ।” ਉਸ ਨੇ ਸਿੱਟਾ ਕੱਢਿਆ: “ਅਮਰ ਆਤਮਾ . . . ਇਕ ਗ਼ੈਰ-ਮਸੀਹੀ ਫ਼ਲਸਫ਼ਾਨਾ ਸਿੱਖਿਆ ਹੈ।” ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ਰਸੂਲ ਨੇ “ਫ਼ੈਲਸੂਫ਼ੀ ਅਤੇ ਲਾਗ ਲਪੇਟ . . . ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ,” ਦੇ ਵਿਰੁੱਧ ਕਿਉਂ ਸਖ਼ਤ ਚੇਤਾਵਨੀ ਦਿੱਤੀ।—ਕੁਲੁੱਸੀਆਂ 2:8.
21 ਫਿਰ ਇਹ “ਗ਼ੈਰ-ਮਸੀਹੀ ਫ਼ਲਸਫ਼ਾਨਾ ਸਿੱਖਿਆ” ਈਸਾਈ-ਜਗਤ ਵਿਚ ਕਦੋਂ ਅਤੇ ਕਿਵੇਂ ਦਾਖ਼ਲ ਹੋ ਗਈ? ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿਆਖਿਆ ਕਰਦਾ ਹੈ: “ਦੂਜੀ ਸਦੀ ਸੰਨ-ਈਸਵੀ ਦੇ ਅੱਧ ਵਿਚ, ਜਿਨ੍ਹਾਂ ਮਸੀਹੀਆਂ ਨੇ ਯੂਨਾਨੀ ਫ਼ਲਸਫ਼ੇ ਦੀ ਕੁਝ ਸਿੱਖਿਆ ਲਈ ਸੀ, ਉਹ ਇਹ ਮਹਿਸੂਸ ਕਰਨ ਲੱਗ ਪਏ ਕਿ ਆਪਣੇ ਬੌਧਿਕ ਸੰਤੋਖ ਲਈ ਅਤੇ ਪੜ੍ਹੇ-ਲਿਖੇ ਗ਼ੈਰ-ਮਸੀਹੀ ਲੋਕਾਂ ਦਾ ਧਰਮ ਬਦਲਣ ਲਈ ਉਨ੍ਹਾਂ ਨੂੰ ਆਪਣੀ ਨਿਹਚਾ ਯੂਨਾਨੀ ਫ਼ਲਸਫ਼ੇ ਦੇ ਸ਼ਬਦਾਂ ਵਿਚ ਹੀ ਪ੍ਰਗਟ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਅਫਲਾਤੂਨਵਾਦ ਸਭ ਤੋਂ ਵਧੀਆ ਲੱਗਾ।” ਸਿਕੰਦਰੀਆ ਦਾ ਔਰਿਗਨ ਅਤੇ ਹਿੱਪੋ ਦਾ ਆਗਸਤੀਨ ਅਜਿਹੇ ਮੁਢਲੇ ਫ਼ਿਲਾਸਫ਼ਰ ਸਨ ਜਿਨ੍ਹਾਂ ਨੇ ਈਸਾਈ-ਜਗਤ ਦੇ ਸਿਧਾਂਤਾਂ ਉੱਤੇ ਕਾਫ਼ੀ ਵੱਡਾ ਪ੍ਰਭਾਵ ਪਾਇਆ। ਦੋਵੇਂ ਅਫਲਾਤੂਨ ਦੇ ਵਿਚਾਰਾਂ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਸਨ ਅਤੇ ਮਸੀਹੀ ਸਿੱਖਿਆਵਾਂ ਵਿਚ ਇਨ੍ਹਾਂ ਵਿਚਾਰਾਂ ਨੂੰ ਮਿਲਾਉਣ ਵਿਚ ਇਨ੍ਹਾਂ ਦਾ ਕਾਫ਼ੀ ਹੱਥ ਸੀ।
22. ਅਮਰ ਆਤਮਾ ਜਾਂ ਰੂਹ ਦੀ ਸਿੱਖਿਆ ਕਿਵੇਂ ਮੁਸਲਮ ਮਜ਼ਹਬ ਦੀ ਇਕ ਮੁੱਖ ਸਿੱਖਿਆ ਰਹੀ ਹੈ?
22 ਜਦ ਕਿ ਯਹੂਦੀ ਧਰਮ ਅਤੇ ਈਸਾਈ-ਜਗਤ ਵਿਚ ਅਮਰ ਆਤਮਾ ਦਾ ਵਿਚਾਰ ਅਫਲਾਤੂਨੀ ਪ੍ਰਭਾਵ ਕਰਕੇ ਸ਼ਾਮਲ ਕੀਤਾ ਗਿਆ ਸੀ, ਪਰ ਇਹ ਵਿਚਾਰ ਮੁੱਢ ਤੋਂ ਹੀ ਮੁਸਲਮ ਮਜ਼ਹਬ ਦੀ ਇਕ ਮੁੱਖ ਸਿੱਖਿਆ ਰਹੀ ਹੈ। ਮੁਸਲਮਾਨਾਂ ਦਾ ਪਵਿੱਤਰ ਗ੍ਰੰਥ, ਕੁਰਾਨ ਸ਼ਰੀਫ਼ ਸਿਖਾਉਂਦਾ ਹੈ ਕਿ ਇਨਸਾਨ ਦੇ ਅੰਦਰ ਰੂਹ ਹੁੰਦੀ ਹੈ ਜੋ ਸਰੀਰ ਦੀ ਮੌਤ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਇਹ ਦੱਸਦਾ ਹੈ ਕਿ ਆਤਮਾ ਜਾਂ ਰੂਹ ਦੀ ਆਖ਼ਰੀ ਮੰਜ਼ਲ ਜਾਂ ਤਾਂ ਜੰਨਤ ਵਿਚ ਜੀਵਨ ਹੈ ਜਾਂ ਦੋਜ਼ਖ਼ ਦੀ ਅੱਗ ਵਿਚ ਸਜ਼ਾ। ਇਸ ਦਾ ਇਹ ਮਤਲਬ ਨਹੀਂ ਹੈ ਕਿ ਅਰਬੀ ਵਿਦਵਾਨਾਂ ਨੇ ਮੁਸਲਮ ਮਜ਼ਹਬ ਦੀਆਂ ਸਿੱਖਿਆਵਾਂ ਵਿਚ ਯੂਨਾਨੀ ਫ਼ਲਸਫ਼ੇ ਨੂੰ ਰਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅਸਲ ਵਿਚ, ਅਰਬ ਦੇਸ਼ ਅਰਸਤੂ ਦੀਆਂ ਰਚਨਾਵਾਂ ਤੋਂ ਕੁਝ ਹੱਦ ਤਕ ਪ੍ਰਭਾਵਿਤ ਹੋਏ ਸਨ। ਪਰੰਤੂ, ਮੁਸਲਮਾਨ ਅਮਰ ਆਤਮਾ ਜਾਂ ਰੂਹ ਵਿਚ ਅਜੇ ਵੀ ਵਿਸ਼ਵਾਸ ਰੱਖਦੇ ਹਨ।
23. ਅਗਲੇ ਲੇਖ ਵਿਚ ਮੌਤ ਤੋਂ ਬਾਅਦ ਜੀਵਨ ਬਾਰੇ ਕਿਹੜੇ ਜ਼ਰੂਰੀ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ?
23 ਸਪੱਸ਼ਟ ਤੌਰ ਤੇ, ਸੰਸਾਰ ਭਰ ਵਿਚ ਧਰਮਾਂ ਨੇ ਮੌਤ ਤੋਂ ਬਾਅਦ ਜੀਵਨ ਬਾਰੇ ਤਰ੍ਹਾਂ-ਤਰ੍ਹਾਂ ਦੇ ਵਿਚਾਰਾਂ ਨੂੰ ਪੈਦਾ ਕੀਤਾ ਹੈ, ਜੋ ਇਸ ਵਿਚਾਰ ਉੱਤੇ ਆਧਾਰਿਤ ਹਨ ਕਿ ਇਨਸਾਨ ਦੇ ਅੰਦਰ ਅਮਰ ਆਤਮਾ ਹੁੰਦੀ ਹੈ। ਅਤੇ ਅਜਿਹੇ ਵਿਸ਼ਵਾਸਾਂ ਨੇ ਅਰਬਾਂ ਹੀ ਲੋਕਾਂ ਉੱਤੇ ਪ੍ਰਭਾਵ ਪਾਇਆ ਹੈ ਅਤੇ ਉਨ੍ਹਾਂ ਨੂੰ ਆਪਣੇ ਗ਼ੁਲਾਮ ਬਣਾਇਆ ਹੈ। ਜਦੋਂ ਅਸੀਂ ਇਨ੍ਹਾਂ ਸਾਰੇ ਵਿਚਾਰਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਅਸੀਂ ਇਹ ਸਵਾਲ ਪੁੱਛਣ ਲਈ ਮਜਬੂਰ ਹੁੰਦੇ ਹਾਂ: ਕੀ ਇਸ ਬਾਰੇ ਸੱਚਾਈ ਜਾਣਨਾ ਮੁਮਕਿਨ ਹੈ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ? ਕੀ ਮੌਤ ਤੋਂ ਬਾਅਦ ਜੀਵਨ ਹੈ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ? ਇਸ ਬਾਰੇ ਅਸੀਂ ਅਗਲੇ ਲੇਖ ਵਿਚ ਚਰਚਾ ਕਰਾਂਗੇ।
[ਫੁਟਨੋਟ]
a ਐੱਲ-ਅਮਾਰਨਾ ਉਹ ਜਗ੍ਹਾ ਹੈ ਜਿੱਥੇ ਮਿਸਰ ਦੇ ਆਕੇਤਾਤਨ ਸ਼ਹਿਰ ਦੇ ਖੰਡਰਾਤ ਹਨ, ਅਤੇ ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਨੂੰ 14ਵੀਂ ਸਦੀ ਸਾ.ਯੁ.ਪੂ. ਵਿਚ ਉਸਾਰਿਆ ਗਿਆ ਸੀ।
ਕੀ ਤੁਸੀਂ ਸਮਝਾ ਸਕਦੇ ਹੋ?
◻ ਮੌਤ ਤੋਂ ਬਾਅਦ ਜੀਵਨ ਬਾਰੇ ਜ਼ਿਆਦਾਤਰ ਧਰਮਾਂ ਵਿਚ ਕਿਹੜਾ ਇਕ ਸਾਂਝਾ ਵਿਚਾਰ ਪਾਇਆ ਜਾਂਦਾ ਹੈ?
◻ ਇਤਿਹਾਸ ਅਤੇ ਬਾਈਬਲ, ਅਮਰ ਆਤਮਾ ਦੀ ਸਿੱਖਿਆ ਦੇ ਜਨਮ-ਸਥਾਨ ਵਜੋਂ ਪ੍ਰਾਚੀਨ ਬਾਬਲ ਵੱਲ ਕਿਵੇਂ ਇਸ਼ਾਰਾ ਕਰਦੇ ਹਨ?
◻ ਅਮਰ ਆਤਮਾ ਬਾਰੇ ਬਾਬਲੀ ਲੋਕਾਂ ਦੇ ਵਿਸ਼ਵਾਸ ਤੋਂ ਪੂਰਬੀ ਦੇਸ਼ਾਂ ਦੇ ਧਰਮ ਕਿਵੇਂ ਪ੍ਰਭਾਵਿਤ ਹੋਏ?
◻ ਅਮਰ ਆਤਮਾ ਦੀ ਸਿੱਖਿਆ ਯਹੂਦੀ ਧਰਮ, ਈਸਾਈ-ਜਗਤ ਅਤੇ ਮੁਸਲਮ ਮਜ਼ਹਬ ਵਿਚ ਕਿਵੇਂ ਦਾਖ਼ਲ ਹੋਈ?
[ਸਫ਼ੇ 12, 13 ਉੱਤੇ ਤਸਵੀਰਾਂ]
ਸਿਕੰਦਰ ਮਹਾਨ ਦੀ ਜਿੱਤ ਮਗਰੋਂ ਯੂਨਾਨੀ ਅਤੇ ਯਹੂਦੀ ਸਭਿਆਚਾਰ ਆਪਸ ਵਿਚ ਰਲ-ਮਿਲ ਗਏ
ਆਗਸਤੀਨ ਨੇ ਮਸੀਹੀਅਤ ਵਿਚ ਅਫਲਾਤੂਨੀ ਫ਼ਲਸਫ਼ੇ ਨੂੰ ਰਲਾਉਣ ਦੀ ਕੋਸ਼ਿਸ਼ ਕੀਤੀ
[ਕ੍ਰੈਡਿਟ ਲਾਈਨਾਂ]
Alexander: Musei Capitolini, Roma; Augustine: From the book Great Men and Famous Women