ਤੁਸੀਂ ਜ਼ਿੰਦਗੀ ਤੋਂ ਕੀ ਚਾਹੁੰਦੇ ਹੋ?
ਕੇਨੀ ਇਕ ਵੱਡੀ ਕੰਪਨੀ ਲਈ ਕੰਮ ਕਰਦਾ ਸੀ, ਮਹਿੰਗੀ ਕਾਰ ਚਲਾਉਂਦਾ ਸੀ ਤੇ ਵੱਡੇ ਸ਼ਹਿਰ ਵਿਚ ਇਕ ਆਲੀਸ਼ਾਨ ਮਕਾਨ ਵਿਚ ਰਹਿੰਦਾ ਸੀ। ਮਨੋਰੰਜਨ ਲਈ ਉਸ ਨੂੰ ਹਵਾਈ ਜਹਾਜ਼ ਵਿੱਚੋਂ ਛਾਲ ਮਾਰਨ ਦਾ ਸ਼ੌਕ ਸੀ। ਕੀ ਉਹ ਖ਼ੁਸ਼ ਸੀ? ਇਕ ਅਖ਼ਬਾਰ ਵਿਚ ਉਸ ਨੇ ਕਿਹਾ: “ਮੈਂ 45 ਸਾਲਾਂ ਦਾ ਹਾਂ ਤੇ ਮੈਨੂੰ ਨਹੀਂ ਪਤਾ ਕਿ ਮੈਂ ਜ਼ਿੰਦਗੀ ਤੋਂ ਕੀ ਚਾਹੁੰਦਾ ਹਾਂ। . . . ਮੇਰੀ ਜ਼ਿੰਦਗੀ ਖੋਖਲੀ ਹੈ।”
ਏਲਨ ਨੇ ਬਰਫ਼ ਉੱਤੇ ਸਕੇਟਿੰਗ ਕਰਨ ਵਿਚ ਮਾਹਰ ਬਣਨ ਲਈ ਸਖ਼ਤ ਮਿਹਨਤ ਕੀਤੀ। ਇੱਦਾਂ ਕਰਨ ਵਿਚ ਉਸ ਨੂੰ ਕਾਮਯਾਬੀ ਵੀ ਮਿਲੀ। ਉਹ ਮਸ਼ਹੂਰ ਬਣ ਗਈ। ਫਿਰ ਵੀ ਉਸ ਨੇ ਕਿਹਾ: “ਮੈਂ ਖ਼ੁਸ਼ ਅਜੇ ਵੀ ਨਹੀਂ। ਇਹ ਸੱਚ ਹੈ ਕਿ ਮੇਰੇ ਕੋਲ ਢੇਰ ਸਾਰਾ ਪੈਸਾ ਹੈ, ਪਰ ਇਹ ਮੇਰੀ ਤਨਹਾਈ ਨਹੀਂ ਮਿਟਾਉਂਦਾ। ਮੈਂ ਜਾਣਦੀ ਹਾਂ ਕਿ ਜਵਾਨੀ ਤਾਂ ਚਾਰ ਦਿਨਾਂ ਦੀ ਹੁੰਦੀ ਹੈ। ਜ਼ਿੰਦਗੀ ਕੀ ਹੈ ਜੇ ਬੁਢਾਪੇ ਵਿਚ ਮੇਰਾ ਕੋਈ ਸਾਥੀ ਨਾ ਹੋਵੇ? ਮੈਨੂੰ ਮੇਰੀ ਜ਼ਿੰਦਗੀ ਖਾਲੀ ਲੱਗਦੀ ਹੈ।”
ਹੀਡੇਓ ਨੂੰ ਜ਼ਿੰਦਗੀ ਵਿਚ ਇੱਕੋ-ਇਕ ਚੀਜ਼ ਪਿਆਰੀ ਸੀ, ਉਹ ਸੀ ਉਸ ਦੀ ਕਲਾ। ਉਹ ਖ਼ਾਸ ਕਰਕੇ ਰੰਗੀਨ ਤਸਵੀਰਾਂ ਬਣਾਉਣ ਲਈ ਜਾਣਿਆ ਗਿਆ। ਉਸ ਨੇ ਆਪਣੀਆਂ ਤਸਵੀਰਾਂ ਕਦੀ ਵੇਚੀਆਂ ਨਹੀਂ ਕਿਉਂਕਿ ਉਸ ਨੂੰ ਲੱਗਾ ਕਿ ਇੱਦਾਂ ਕਰਨ ਨਾਲ ਇਨ੍ਹਾਂ ਦੀ ਕੀਮਤ ਘੱਟ ਜਾਵੇਗੀ। 98 ਸਾਲਾਂ ਦੀ ਉਮਰ ਤੇ ਉਸ ਨੇ ਆਪਣੀਆਂ ਕਈ ਤਸਵੀਰਾਂ ਇਕ ਮਿਊਜ਼ੀਅਮ ਨੂੰ ਦਾਨ ਕਰ ਦਿੱਤੀਆਂ। ਉਸ ਨੇ ਆਪਣੀ ਪੂਰੀ ਜ਼ਿੰਦਗੀ ਕਲਾ ਦੇ ਨਾਂ ਲਾ ਦਿੱਤੀ। ਪਰ ਫਿਰ ਵੀ ਉਹ ਖ਼ੁਸ਼ ਨਹੀਂ ਸੀ। ਉਸ ਨੂੰ ਲੱਗਾ ਕਿ ਹਮੇਸ਼ਾ ਲਈ ਜੀ ਕੇ ਹੀ ਉਹ ਵਧੀਆ ਕਲਾਕਾਰ ਬਣ ਸਕਦਾ ਸੀ।
ਕੁਝ ਲੋਕ ਆਪਣੀ ਪੂਰੀ ਜ਼ਿੰਦਗੀ ਦੂਸਰਿਆਂ ਦੀ ਮਦਦ ਕਰਨ ਵਿਚ ਲਾ ਦਿੰਦੇ ਹਨ। ਹਾਲੀਵੁੱਡ ਫ਼ਿਲਮ ਇੰਡਸਟਰੀ ਵਿਚ ਕੰਮ ਕਰਨ ਵਾਲੇ ਬੰਦੇ ਦੀ ਮਿਸਾਲ ਲਓ। ਅਮਰੀਕਾ ਵਿਚ ਇਕ ਵੱਡੀ ਫ਼ਿਲਮ ਕੰਪਨੀ ਦਾ ਵਾਈਸ ਪ੍ਰੈਜ਼ੀਡੈਂਟ ਹੋਣ ਕਰਕੇ ਫ਼ਿਲਮੀ ਸਿਤਾਰਿਆਂ ਤੋਂ ਇਲਾਵਾ ਹੋਰਨਾਂ ਵੱਡੇ-ਵੱਡੇ ਲੋਕਾਂ ਨਾਲ ਉਸ ਦਾ ਉੱਠਣਾ-ਬੈਠਣਾ ਸੀ। ਉਹ ਇਕ ਸ਼ਾਨਦਾਰ ਹਵੇਲੀ ਵਿਚ ਰਹਿੰਦਾ ਸੀ। ਇਕ ਸਮੇਂ ਉਹ ਕੰਬੋਡੀਆ ਵਿਚ ਛੁੱਟੀਆਂ ਮਨਾਉਣ ਗਿਆ ਹੋਇਆ ਸੀ। ਉਹ ਨਾਮ ਪੇਨ ਸ਼ਹਿਰ ਦੇ ਇਕ ਰੈਸਤੋਰਾਂ ਵਿਚ ਬੈਠਾ ਸੀ ਜਦ ਇਕ ਕੁੜੀ ਭੀਖ ਮੰਗਦੀ ਹੋਈ ਉਸ ਦੇ ਕੋਲ ਆਈ। ਇਸ ਬੰਦੇ ਨੇ ਉਸ ਨੂੰ ਇਕ ਡਾਲਰ ਦਿੱਤਾ ਨਾਲੇ ਠੰਢਾ ਵੀ ਪਿਲਾਇਆ। ਕੁੜੀ ਬਹੁਤ ਖ਼ੁਸ਼ ਹੋਈ। ਪਰ ਅਗਲੀ ਸ਼ਾਮ ਉਹ ਫਿਰ ਉਸੇ ਰੈਸਤੋਰਾਂ ਵਿਚ ਭੀਖ ਮੰਗਣ ਆਈ। ਕੁੜੀ ਨੂੰ ਦੇਖ ਕੇ ਇਸ ਬੰਦੇ ਨੂੰ ਅਹਿਸਾਸ ਹੋਇਆ ਕਿ ਜੋ ਉਸ ਨੇ ਇਸ ਦੀ ਮਦਦ ਲਈ ਕੀਤਾ ਸੀ, ਉਹ ਕਾਫ਼ੀ ਨਹੀਂ ਸੀ।
ਇਕ ਸਾਲ ਬਾਅਦ ਇਸ ਵਾਈਸ ਪ੍ਰੈਜ਼ੀਡੈਂਟ ਨੇ ਫ਼ਿਲਮ ਇੰਡਸਟਰੀ ਛੱਡ ਕੇ ਕੰਬੋਡੀਆ ਵਿਚ ਗ਼ਰੀਬਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਉੱਥੇ ਉਸ ਨੇ ਇਕ ਨਵਾਂ ਸਕੂਲ ਖੋਲ੍ਹਿਆ ਜਿੱਥੇ ਬੱਚਿਆਂ ਨੂੰ ਪੜ੍ਹਾਈ-ਲਿਖਾਈ ਤੋਂ ਇਲਾਵਾ, ਸੌਣ ਲਈ ਜਗ੍ਹਾ ਤੇ ਪੇਟ ਭਰਨ ਲਈ ਰੋਟੀ ਵੀ ਦਿੱਤੀ ਜਾਂਦੀ ਸੀ। ਇੱਦਾਂ ਉਸ ਦੀ ਜ਼ਿੰਦਗੀ ਵਿਚ ਕੁਝ ਹੱਦ ਤਕ ਖ਼ੁਸ਼ੀਆਂ ਦੀ ਬਹਾਰ ਆਈ। ਪਰ ਫਿਰ ਵੀ ਕਈ ਵਾਰ ਉਹ ਨਿਰਾਸ਼ਾ ਵਿਚ ਡੁੱਬ ਜਾਂਦਾ ਹੈ ਕਿਉਂਕਿ ਉਸ ਦੇ ਸਾਮ੍ਹਣੇ ਮੁਸ਼ਕਲਾਂ ਦਾ ਪਹਾੜ ਖੜ੍ਹਾ ਰਹਿੰਦਾ ਹੈ।
ਇਨ੍ਹਾਂ ਚਾਰ ਵਿਅਕਤੀਆਂ ਨੂੰ ਲੱਗਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਜ਼ਿੰਦਗੀ ਤੋਂ ਕੀ ਚਾਹੁੰਦੇ ਸਨ। ਉਨ੍ਹਾਂ ਨੇ ਆਪਣੀ ਪੂਰੀ ਵਾਹ ਲਾ ਕੇ ਆਪਣੇ ਸੁਪਨੇ ਪੂਰੇ ਕੀਤੇ। ਲੇਕਿਨ ਇਨ੍ਹਾਂ ਦੇ ਪੂਰੇ ਹੋਣ ਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਜ਼ਿੰਦਗੀ ਖੋਖਲੀ ਹੈ। ਤੁਸੀਂ ਜ਼ਿੰਦਗੀ ਤੋਂ ਕੀ ਚਾਹੁੰਦੇ ਹੋ? ਤੁਸੀਂ ਜ਼ਿੰਦਗੀ ਵਿਚ ਕਿਸ ਚੀਜ਼ ਨੂੰ ਪਹਿਲ ਦਿੰਦੇ ਹੋ? ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਬਾਅਦ ਵਿਚ ਤੁਹਾਨੂੰ ਆਪਣੀ ਜ਼ਿੰਦਗੀ ਤੇ ਕੋਈ ਪਛਤਾਵਾ ਨਹੀਂ ਹੋਵੇਗਾ?