ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w08 4/1 ਸਫ਼ਾ 22
  • ਹਿੰਸਾ ਦੇ ਸ਼ਿਕਾਰ ਲੋਕਾਂ ਦੀ ਜਿੱਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਿੰਸਾ ਦੇ ਸ਼ਿਕਾਰ ਲੋਕਾਂ ਦੀ ਜਿੱਤ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਮਿਲਦੀ-ਜੁਲਦੀ ਜਾਣਕਾਰੀ
  • ਮਨੁੱਖੀ ਅਧਿਕਾਰਾਂ ਦੀ ਯੂਰਪੀ ਅਦਾਲਤ ਵਿਚ ਮਿਲੀ ਜਿੱਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਜਾਰਜੀਆ—ਸੰਭਾਲ ਕੇ ਰੱਖੀ ਗਈ ਪ੍ਰਾਚੀਨ ਵਿਰਾਸਤ
    ਜਾਗਰੂਕ ਬਣੋ!—1998
  • ਯਹੋਵਾਹ ਦੇ ਲੋਕਾਂ ਨੂੰ ਮਿਲੀ ਕਾਨੂੰਨੀ ਜਿੱਤ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਜਾਰਜੀਆ ਦੇ ਇਕ ਸੰਮੇਲਨ ਵਿਚ ਦੋ-ਦੋ “ਕ੍ਰਿਸ਼ਮੇ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
w08 4/1 ਸਫ਼ਾ 22

ਹਿੰਸਾ ਦੇ ਸ਼ਿਕਾਰ ਲੋਕਾਂ ਦੀ ਜਿੱਤ

ਫਰਾਂਸ ਦੇ ਸਟ੍ਰਾਸਬੁਰਗ ਸ਼ਹਿਰ ਵਿਚ ਮਨੁੱਖੀ ਅਧਿਕਾਰਾਂ ਦੀ ਯੂਰਪੀ ਅਦਾਲਤ ਨੇ 3 ਮਈ 2007 ਨੂੰ ਆਪਣਾ ਫ਼ੈਸਲਾ ਸੁਣਾਇਆ ਕਿ ਜਾਰਜੀਆ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਨੂੰ ਆਪਣੇ ਧਰਮ ਨੂੰ ਮੰਨਣ ਦਾ ਪੂਰਾ ਹੱਕ ਹੈ। ਅਦਾਲਤ ਨੇ ਦੇਖਿਆ ਕਿ ਉੱਥੇ ਗਵਾਹਾਂ ਤੇ ਬੇਰਹਿਮ ਹਮਲੇ ਕੀਤੇ ਗਏ ਸਨ, ਨਾਲੇ ਉਨ੍ਹਾਂ ਤੋਂ ਭਗਤੀ ਕਰਨ ਦੀ ਆਜ਼ਾਦੀ ਖੋਹ ਲਈ ਗਈ ਸੀ। ਅਦਾਲਤ ਨੇ ਜਾਰਜੀਆ ਦੀ ਸਾਬਕਾ ਸਰਕਾਰ ਨੂੰ ਚੰਗਾ ਝਾੜਿਆ ਕਿਉਂਕਿ ਸਰਕਾਰ ਨੇ ਗਵਾਹਾਂ ਤੇ ਜ਼ੁਲਮ ਢਾਹੁਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਆਓ ਆਪਾਂ ਦੇਖੀਏ ਕਿ ਅਦਾਲਤ ਇਸ ਨਤੀਜੇ ਤੇ ਕਿਵੇਂ ਪਹੁੰਚੀ।

ਜਾਰਜੀਆ ਦੇ ਤਬਿਲਿਸੀ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੀ ਗਲਡਾਨੀ ਕਲੀਸਿਯਾ ਦੇ 120 ਮੈਂਬਰ 17 ਅਕਤੂਬਰ 1999 ਨੂੰ ਆਪਣੇ ਹਾਲ ਵਿਚ ਇਕੱਠੇ ਹੋ ਕੇ ਸ਼ਾਂਤੀ ਨਾਲ ਪਰਮੇਸ਼ੁਰ ਦੀ ਭਗਤੀ ਕਰ ਰਹੇ ਸਨ। ਅਚਾਨਕ ਵਾਸੀਲੀ ਮਕਾਲਾਵੀਸ਼ਵੀਲੀ ਨਾਂ ਦੇ ਇਕ ਕੱਟੜ ਪਾਦਰੀ ਅਤੇ ਗੁੰਡਿਆਂ ਨੇ ਆ ਕੇ ਸ਼ਾਂਤੀ ਭੰਗ ਕਰ ਦਿੱਤੀ। ਉਹ ਉੱਥੇ ਡਾਂਗਾਂ ਤੇ ਲੋਹੇ ਦੇ ਕ੍ਰਾਸ ਲੈ ਕੇ ਆ ਧਮਕੇ ਅਤੇ ਗਵਾਹਾਂ ਨੂੰ ਬੇਰਹਿਮੀ ਨਾਲ ਮਾਰਿਆ-ਕੁੱਟਿਆ। ਕਈਆਂ ਦੇ ਕਾਫ਼ੀ ਸੱਟਾਂ ਲੱਗੀਆਂ ਅਤੇ ਕੁਝ ਗਵਾਹਾਂ ਦੀ ਹਾਲਤ ਬਹੁਤ ਗੰਭੀਰ ਸੀ। ਸੱਟ ਲੱਗਣ ਨਾਲ ਇਕ ਔਰਤ ਦੀ ਇਕ ਅੱਖ ਦੀ ਰੌਸ਼ਨੀ ਚਲੇ ਗਈ। ਤਕਰੀਬਨ 16 ਜਣਿਆਂ ਨੂੰ ਡਾਕਟਰੀ ਇਲਾਜ ਦੀ ਲੋੜ ਪਈ। ਜਦ ਕੁਝ ਗਵਾਹ ਮਦਦ ਲਈ ਪੁਲਸ ਸਟੇਸ਼ਨ ਗਏ, ਤਾਂ ਥਾਣੇਦਾਰ ਨੇ ਉਨ੍ਹਾਂ ਨੂੰ ਕਿਹਾ, ਜੇ ਉਹ ਉੱਥੇ ਹੁੰਦਾ, ਤਾਂ ਉਹ ਉਨ੍ਹਾਂ ਦਾ ਇਸ ਤੋਂ ਵੀ ਬੁਰਾ ਹਾਲ ਕਰਦਾ। ਇਕ ਗੁੰਡੇ ਨੇ ਹਮਲੇ ਦੀ ਵਿਡਿਓ ਫ਼ਿਲਮ ਬਣਾਈ ਅਤੇ ਇਸ ਨੂੰ ਦੇਸ਼ ਦੇ ਟੀ. ਵੀ. ਸਟੇਸ਼ਨਾਂ ਤੇ ਦਿਖਾਇਆ ਗਿਆ। ਇਸ ਵਿਡਿਓ ਫ਼ਿਲਮ ਵਿਚ ਦਿਖਾਇਆ ਗਿਆ ਸੀ ਕਿ ਕਿਸ-ਕਿਸ ਨੇ ਹਮਲੇ ਕੀਤੇ ਸਨ।

ਜਿਨ੍ਹਾਂ ਗਵਾਹਾਂ ਤੇ ਹਮਲਾ ਕੀਤਾ ਗਿਆ ਸੀ, ਉਨ੍ਹਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ। ਪਰ ਇਸ ਦਾ ਕੋਈ ਫ਼ਾਇਦਾ ਨਾ ਹੋਇਆ ਕਿਉਂਕਿ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਕੇਸ ਦੀ ਛਾਣ-ਬੀਣ ਕਰਨ ਵਾਲੇ ਪੁਲਸ ਅਫ਼ਸਰ ਨੇ ਸਿੱਧਾ ਕਹਿ ਦਿੱਤਾ ਕਿ ਆਰਥੋਡਾਕਸ ਚਰਚ ਦਾ ਮੈਂਬਰ ਹੋਣ ਕਰਕੇ ਉਹ ਬਿਨਾਂ ਪੱਖਪਾਤ ਕੀਤਿਆਂ ਮਾਮਲੇ ਦੀ ਛਾਣਬੀਣ ਨਹੀਂ ਕਰ ਸਕਦਾ ਸੀ। ਸਰਕਾਰੀ ਅਫ਼ਸਰਾਂ ਨੇ ਕੁਝ ਨਹੀਂ ਕੀਤਾ ਜਿਸ ਕਰਕੇ ਧਾਰਮਿਕ ਕੱਟੜਵਾਦੀਆਂ ਨੇ ਇਸ ਦਾ ਫ਼ਾਇਦਾ ਉਠਾ ਕੇ ਗਵਾਹਾਂ ਉੱਤੇ ਸੌ ਤੋਂ ਜ਼ਿਆਦਾ ਹਮਲੇ ਕੀਤੇ।

ਯਹੋਵਾਹ ਦੇ ਗਵਾਹਾਂ ਨੇ 29 ਜੂਨ 2001 ਨੂੰ ਮਨੁੱਖੀ ਅਧਿਕਾਰਾਂ ਦੀ ਯੂਰਪੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ।a ਇਸ ਮੁਕੱਦਮੇ ਦਾ ਫ਼ੈਸਲਾ 3 ਮਈ 2007 ਨੂੰ ਸੁਣਾਇਆ ਗਿਆ ਅਤੇ ਅਦਾਲਤ ਨੇ ਸਾਫ਼ ਸ਼ਬਦਾਂ ਵਿਚ ਗਵਾਹਾਂ ਤੇ ਕੀਤੇ ਗਏ ਹਮਲਿਆਂ ਬਾਰੇ ਦੱਸਿਆ ਅਤੇ ਜਾਰਜੀਆ ਦੀ ਸਰਕਾਰ ਨੂੰ ਝਾੜਿਆ। ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ: “ਸਰਕਾਰ . . . ਦਾ ਫ਼ਰਜ਼ ਬਣਦਾ ਸੀ ਕਿ ਉਹ ਪਹਿਲੇ ਹਮਲੇ ਦੀ ਖ਼ਬਰ ਸੁਣਦਿਆਂ ਹੀ ਕਾਰਵਾਈ ਸ਼ੁਰੂ ਕਰ ਦਿੰਦੀ। ਅਜਿਹੇ ਮਾਮਲਿਆਂ ਵਿਚ ਸਰਕਾਰੀ ਅਫ਼ਸਰਾਂ ਦੀ ਲਾਪਰਵਾਹੀ ਕਾਰਨ ਸ਼ਾਂਤੀ ਤੇ ਸੁਰੱਖਿਆ ਕਾਇਮ ਰੱਖਣ ਵਿਚ ਸਰਕਾਰ ਦੀ ਕਾਬਲੀਅਤ ਤੋਂ ਲੋਕਾਂ ਦਾ ਭਰੋਸਾ ਉੱਠ ਸਕਦਾ ਹੈ। ”

ਸਮਾਪਤੀ ਵਿਚ ਅਦਾਲਤ ਨੇ ਕਿਹਾ: “17 ਅਕਤੂਬਰ 1999 ਨੂੰ ਯਹੋਵਾਹ ਦੇ ਗਵਾਹਾਂ ਉੱਤੇ ਬੇਰਹਿਮੀ ਨਾਲ ਕੀਤੇ ਗਏ ਪਹਿਲੇ ਹਮਲੇ ਪ੍ਰਤੀ ਸਰਕਾਰੀ ਅਫ਼ਸਰਾਂ ਦੀ ਲਾਪਰਵਾਹੀ ਕਾਰਨ ਹਮਲਾਵਰਾਂ ਨੇ ਪੂਰੇ ਜਾਰਜੀਆ ਵਿਚ ਹੋਰ ਗਵਾਹਾਂ ਉੱਤੇ ਵਧ-ਚੜ੍ਹ ਕੇ ਹਮਲੇ ਕੀਤੇ। ”

ਸਿੱਟੇ ਵਜੋਂ, ਜਿਨ੍ਹਾਂ ਉੱਤੇ ਹਮਲਾ ਕੀਤਾ ਗਿਆ ਸੀ ਉਨ੍ਹਾਂ ਨੂੰ ਨਿਆਂ ਮਿਲਿਆ ਤੇ ਅਦਾਲਤ ਨੇ ਜਾਰਜੀਆ ਦੀ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਗਲਡਾਨੀ ਕਲੀਸਿਯਾ ਦੇ ਗਵਾਹਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਅਤੇ ਕਾਨੂੰਨੀ ਕਾਰਵਾਈ ਉੱਤੇ ਆਇਆ ਖ਼ਰਚਾ ਦੇਵੇ। ਜਾਰਜੀਆ ਵਿਚ ਯਹੋਵਾਹ ਦੇ ਗਵਾਹ ਖ਼ੁਸ਼ ਹਨ ਕਿ ਬਹੁਤ ਹੱਦ ਤਕ ਹਿੰਸਾ ਘੱਟ ਗਈ ਹੈ। ਪਰ ਉਨ੍ਹਾਂ ਨੂੰ ਇਸ ਤੋਂ ਵੀ ਜ਼ਿਆਦਾ ਖ਼ੁਸ਼ੀ ਇਸ ਗੱਲ ਦੀ ਹੈ ਕਿ ਉਹ ਖੁੱਲ੍ਹੇ-ਆਮ ਇਕੱਠੇ ਹੋ ਕੇ ਪਰਮੇਸ਼ੁਰ ਦੀ ਭਗਤੀ ਕਰ ਸਕਦੇ ਹਨ। ਉਹ ਆਪਣੇ ਸਵਰਗੀ ਪਿਤਾ ਯਹੋਵਾਹ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਸ ਨੇ ਹੀ ਇਸ ਔਖੇ ਸਮੇਂ ਦੌਰਾਨ ਉਨ੍ਹਾਂ ਦੀ ਅਗਵਾਈ ਤੇ ਰੱਖਿਆ ਕੀਤੀ ਸੀ।​—⁠ਜ਼ਬੂਰਾਂ ਦੀ ਪੋਥੀ 23:⁠4. (w08 3/1)

[ਫੁਟਨੋਟ]

a ਮਨੁੱਖੀ ਅਧਿਕਾਰਾਂ ਦੀ ਯੂਰਪੀ ਅਦਾਲਤ ਯੂਰਪੀ ਕੌਂਸਲ ਦੀ ਇਕ ਏਜੰਸੀ ਹੈ। ਇਸ ਕੌਂਸਲ ਦੇ ਕਾਨੂੰਨਾਂ ਮੁਤਾਬਕ ਜਦੋਂ ਕੋਈ ਦੇਸ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ, ਤਾਂ ਇਹ ਅਦਾਲਤ ਕਾਰਵਾਈ ਕਰਦੀ ਹੈ। 20 ਮਈ 1999 ਨੂੰ ਜਾਰਜੀਆ ਦੀ ਸਰਕਾਰ ਇਸ ਸੰਧੀ ਉੱਤੇ ਦਸਤਖਤ ਕਰ ਕੇ ਇਸ ਕੌਂਸਲ ਦੀ ਮੈਂਬਰ ਬਣੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ