ਜਾਰਜੀਆ—ਸੰਭਾਲ ਕੇ ਰੱਖੀ ਗਈ ਪ੍ਰਾਚੀਨ ਵਿਰਾਸਤ
ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਤੁਸੀਂ ਉਪਜਾਉ ਵਾਦੀਆਂ ਵਾਲੇ ਅਜਿਹੇ ਦੇਸ਼ ਵਿਚ ਜੀਉਣਾ ਕਿਵੇਂ ਪਸੰਦ ਕਰੋਗੇ, ਜੋ 4,600 ਮੀਟਰ ਉੱਚੇ ਬਰਫ਼ ਨਾਲ ਢਕੇ ਪਹਾੜਾਂ ਦੇ ਵਿਚਕਾਰ ਸਥਿਤ ਹੈ, ਅਤੇ ਜਿੱਥੇ ਕੁਝ ਲੋਕ 100 ਸਾਲ ਅਤੇ ਇਸ ਤੋਂ ਵੀ ਵੱਧ ਉਮਰ ਤਕ ਜੀਉਂਦੇ ਹਨ? ਜਾਰਜੀਆ ਦੇ ਵਾਸੀਆਂ ਲਈ, ਇਹ ਸਿਰਫ਼ ਇਕ ਸੁਪਨਾ ਹੀ ਨਹੀਂ ਹੈ। ਇਹ ਹਕੀਕਤ ਹੈ।
ਜਾਰਜੀਆ ਯੂਰਪ ਅਤੇ ਏਸ਼ੀਆ ਦੇ ਦਰਮਿਆਨ ਭੂਗੋਲਕ ਅਤੇ ਸਭਿਆਚਾਰਕ ਸਰਹੱਦ ਤੇ ਸਥਿਤ ਹੈ। ਪ੍ਰਾਚੀਨ ਸਮਿਆਂ ਵਿਚ, ਜਾਰਜੀਆ ਮਸ਼ਹੂਰ ਸਿਲਕ ਰੋਡ ਉੱਤੇ ਇਕ ਮਹੱਤਵਪੂਰਣ ਪੜਾਅ ਸੀ, ਉਹੀ ਰਸਤਾ ਜਿਸ ਰਾਹੀਂ ਮਾਰਕੋ ਪੋਲੋ ਚੀਨ ਗਿਆ। ਪੂਰਬ ਅਤੇ ਪੱਛਮ ਵਿਚਕਾਰ ਇਸ ਰਸਤੇ ਦੇ ਕਾਰਨ ਜਾਰਜੀਆ ਨੂੰ ਮਾਇਕ ਅਤੇ ਸਭਿਆਚਾਰਕ ਤੌਰ ਤੇ ਲਾਭ ਮਿਲਿਆ, ਲੇਕਿਨ ਕਦੀ-ਕਦੀ ਹਮਲਾਵਰਾਂ ਨੇ ਵੀ ਇਸ ਰਸਤੇ ਤੋਂ ਲੰਘਣਾ ਫ਼ਾਇਦੇਮੰਦ ਪਾਇਆ। ਇਕ ਅੰਦਾਜ਼ੇ ਦੇ ਅਨੁਸਾਰ, ਜਾਰਜੀਆ ਦੀ ਰਾਜਧਾਨੀ, ਤਬਿਲਿਸੀ, 29 ਵਾਰੀ ਨਸ਼ਟ ਕੀਤੀ ਜਾ ਚੁੱਕੀ ਹੈ! ਅੱਜ, ਤਬਿਲਿਸੀ ਇਕ ਦੌੜ-ਭੱਜ ਵਾਲਾ ਅਤੇ ਰੌਣਕੀ ਸ਼ਹਿਰ ਹੈ, ਜਿਸ ਵਿਚ ਸੁਰੰਗ ਰੇਲ ਹੈ ਅਤੇ ਪੁਰਾਣੀਆਂ ਮਸ਼ਹੂਰ ਇਮਾਰਤਾਂ ਦੇ ਨਾਲ-ਨਾਲ ਨਵੇਂ ਮਕਾਨ ਵੀ ਹਨ।
ਜਾਰਜੀਆ ਦਾ ਖੇਤਰ ਤਕਰੀਬਨ 87 ਫੀ ਸਦੀ ਪਹਾੜੀ ਇਲਾਕਾ ਹੈ। 25,000 ਨਦੀਆਂ ਬਰਫ਼ੀਲੇ ਅਤੇ ਵਿਰਾਨ ਉੱਚ ਇਲਾਕਿਆਂ ਤੋਂ ਨੀਵੇਂ ਇਲਾਕਿਆਂ ਦੇ ਵਿਚ ਦੀ ਵਹਿੰਦੀਆਂ ਹਨ, ਜਿਨ੍ਹਾਂ ਵਿੱਚੋਂ ਕਈ ਟ੍ਰਾਊਟ ਮੱਛੀਆਂ ਨਾਲ ਭਰੀਆਂ ਹੋਈਆਂ ਹਨ। ਦੇਸ਼ ਦਾ ਇਕ ਤਿਹਾਈ ਤੋਂ ਜ਼ਿਆਦਾ ਹਿੱਸਾ ਜੰਗਲ ਜਾਂ ਝਾੜੀਆਂ ਨਾਲ ਢਕਿਆ ਹੋਇਆ ਹੈ। ਜਾਰਜੀਆ ਦੀ ਉੱਤਰੀ ਸਰਹੱਦ ਤੇ ਕਾਕੇਸ਼ਸ ਪਹਾੜਾਂ ਦੀ ਲੜੀ ਦੇਸ਼ ਦੇ ਅੰਦਰੂਨੀ ਇਲਾਕੇ ਨੂੰ ਉੱਤਰ ਤੋਂ ਆਉਂਦੀ ਠੰਢ ਤੋਂ ਬਚਾਉਂਦੀ ਹੈ। ਇਸ ਕਾਰਨ ਕਾਲੇ ਸਾਗਰ ਤੋਂ ਆਉਂਦੀ ਸਿੱਲ੍ਹੀ ਹਵਾ ਪੱਛਮੀ ਜਾਰਜੀਆ ਨੂੰ ਗਰਮ ਕਰਦੀ ਹੈ—ਜਿਸ ਕਾਰਨ ਛੁੱਟੀ ਮਨਾਉਣ ਵਾਲਿਆਂ ਲਈ ਜਾਰਜੀਆ ਇਕ ਸਭ ਤੋਂ ਮਨ-ਪਸੰਦ ਜਗ੍ਹਾ ਹੈ। ਇਸ ਸੁਹਾਵਣੇ ਮੌਸਮ ਨੇ ਵਾਇਨ ਬਣਾਉਣ ਦੇ ਸੰਸਾਰ ਦੇ ਇਕ ਸਭ ਤੋਂ ਪੁਰਾਣੇ ਅਤੇ ਵਧੀਆ ਰਿਵਾਜ ਵਿਚ ਵੀ ਯੋਗਦਾਨ ਪਾਇਆ ਹੈ। ਦਰਅਸਲ, ਜਾਰਜੀਆ 500 ਤੋਂ ਜ਼ਿਆਦਾ ਵੱਖ-ਵੱਖ ਕਿਸਮਾਂ ਦੇ ਅੰਗੂਰ ਅਤੇ ਵਾਇਨ ਦਾ ਉਤਪਾਦਨ ਕਰਦਾ ਹੈ!
ਫਿਰ ਵੀ, ਜਾਰਜੀਆ ਦੀ ਸਭ ਤੋਂ ਵੱਡੀ ਸੰਪਤੀ ਉਸ ਦੇ ਲੋਕ ਹਨ। ਸਦੀਆਂ ਦੌਰਾਨ ਉਹ ਆਪਣੀ ਬਹਾਦਰੀ, ਬੁੱਧੀ ਅਤੇ ਉਦਾਰ ਪਰਾਹੁਣਚਾਰੀ, ਅਤੇ ਆਪਣੇ ਹਸਮੁਖ ਸੁਭਾਅ ਅਤੇ ਜ਼ਿੰਦਗੀ ਲਈ ਪ੍ਰੇਮ ਕਾਰਨ ਜਾਣੇ ਗਏ ਹਨ। ਉਨ੍ਹਾਂ ਦਾ ਸਭਿਆਚਾਰ ਨਾਚ-ਗਾਣੇ ਨਾਲ ਭਰਪੂਰ ਹੈ, ਅਤੇ ਜਾਰਜੀਆਈ ਘਰਾਂ ਵਿਚ ਲੋਕ-ਗੀਤ ਅਜੇ ਵੀ ਖਾਣੇ ਤੋਂ ਬਾਅਦ ਮੇਜ਼ ਦੇ ਆਲੇ-ਦੁਆਲੇ ਗਾਏ ਜਾਂਦੇ ਹਨ।
ਜਾਰਜੀਆ ਦਾ ਇਕ ਲੰਬਾ ਸਾਹਿੱਤਕ ਇਤਿਹਾਸ ਵੀ ਹੈ, ਜੋ ਪੰਜਵੀਂ ਸਦੀ ਤੋਂ ਆਰੰਭ ਹੁੰਦਾ ਹੈ। ਅਨੋਖੀ ਅਤੇ ਸੁੰਦਰ ਜਾਰਜੀਅਨ ਵਰਣਮਾਲਾ ਇਸਤੇਮਾਲ ਕਰਦੇ ਹੋਏ, ਜਾਰਜੀਅਨ ਉਨ੍ਹਾਂ ਪਹਿਲੀਆਂ ਭਾਸ਼ਾਵਾਂ ਵਿੱਚੋਂ ਇਕ ਸੀ ਜਿਨ੍ਹਾਂ ਵਿਚ ਬਾਈਬਲ ਦਾ ਅਨੁਵਾਦ ਕੀਤਾ ਗਿਆ ਸੀ। ਇਹ ਸਾਰਾ ਸਭਿਆਚਾਰ ਜਾਰਜੀਆ ਦੇ ਅਤੀਤ ਨਾਲ ਇਕ ਜੀਉਂਦਾ ਸੰਬੰਧ ਜੋੜਦਾ ਹੈ, ਜੋ ਇਕ ਆਧੁਨਿਕ ਦੇਸ਼ ਵਿਚ ਸੰਭਾਲ ਕੇ ਰੱਖੀ ਗਈ ਪ੍ਰਾਚੀਨ ਵਿਰਾਸਤ ਹੈ।
[ਸਫ਼ੇ 25 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Pat O’Hara/Corbis
[ਸਫ਼ੇ 26 ਉੱਤੇ ਤਸਵੀਰਾਂ]
1. ਜਾਰਜੀਅਨ ਬਾਈਬਲ
2. ਕੁਝ ਨਿਵਾਸੀ 100 ਸਾਲ ਅਤੇ ਇਸ ਤੋਂ ਵੀ ਵੱਧ ਉਮਰ ਤਕ ਜੀਉਂਦੇ ਹਨ!
3. ਤਬਿਲਿਸੀ ਵਿਚ ਇਕ ਰੌਣਕੀ ਸੜਕ
[ਕ੍ਰੈਡਿਟ ਲਾਈਨ]
Dean Conger/Corbis