ਪਹਾੜੀ ਗੋਰਿਲਿਆਂ ਨਾਲ ਮੁਲਾਕਾਤ
ਤਨਜ਼ਾਨੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਰਵਾਂਡਾ ਅਤੇ ਕਾਂਗੋ ਲੋਕਤੰਤਰੀ ਗਣਰਾਜ ਦੀ ਸਰਹੱਦ ਦੇ ਜੁਆਲਾ-ਮੁਖੀ ਇਲਾਕੇ ਵਿਚ ਸਿਰਫ਼ 320 ਕੁ ਰਹਿੰਦੇ ਹਨ। ਹੋਰ 300 ਯੁਗਾਂਡਾ ਦੇ ਸੰਘਣੇ ਜੰਗਲ ਵਿਚ ਵੱਸਦੇ ਹਨ। ਇਹ ਪਹਾੜੀ ਗੋਰਿਲੇ ਹਨ—ਦੁਨੀਆਂ ਦਾ ਅਜਿਹਾ ਥਣਧਾਰੀ ਜੀਵ ਜਿਸ ਦੀ ਜਿਨਸ ਲੁਪਤ ਹੋਣ ਦੇ ਵੱਡੇ ਖ਼ਤਰੇ ਵਿਚ ਹੈ!
ਅਮਰੀਕੀ ਜੰਤੂ-ਵਿਗਿਆਨਣ ਡਾਇਐਨ ਫੌਸੀ ਨੇ ਲੋਕਾਂ ਦਾ ਧਿਆਨ ਇਨ੍ਹਾਂ ਜਾਨਵਰਾਂ ਦੇ ਭਵਿੱਖ ਵੱਲ ਖਿੱਚਣ ਲਈ ਬਹੁਤ ਕੁਝ ਕੀਤਾ। 1960 ਦੇ ਦਹਾਕੇ ਦੇ ਆਖ਼ਰੀ ਸਾਲਾਂ ਵਿਚ ਫੌਸੀ ਪਹਾੜੀ ਗੋਰਿਲਿਆਂ ਦਾ ਅਧਿਐਨ ਕਰਨ ਅਫ਼ਰੀਕਾ ਆਈ। ਉਨ੍ਹਾਂ ਦਿਨਾਂ ਵਿਚ ਇਹ ਜੀਵ ਨਾਜਾਇਜ਼ ਸ਼ਿਕਾਰੀਆਂ ਦੇ ਹੱਥੋਂ ਮਾਰੇ ਜਾ ਰਹੇ ਸਨ। ਇਸ ਦਲੇਰ ਵਿਗਿਆਨਣ ਨੇ ਵਰੂੰਗਾ ਪਰਬਤਾਂ ਵਿਚ ਸੰਨਿਆਸਣ ਵਾਂਗ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਝੱਟ ਉੱਥੇ ਰਹਿਣ ਵਾਲੇ ਗੋਰਿਲਿਆਂ ਨਾਲ ਦੋਸਤੀ ਕਾਇਮ ਕਰ ਲਈ। ਫੌਸੀ ਨੇ ਰਸਾਲਿਆਂ ਦਿਆਂ ਲੇਖਾਂ ਵਿਚ ਅਤੇ ਧੁੰਦ ਵਿਚ ਵੱਸਦੇ ਗੋਰਿਲੇ (ਅੰਗ੍ਰੇਜ਼ੀ) ਨਾਮਕ ਕਿਤਾਬ ਵਿਚ ਆਪਣੇ ਸਿੱਟੇ ਪ੍ਰਕਾਸ਼ਿਤ ਕੀਤੇ। ਸਮੇਂ ਦੇ ਬੀਤਣ ਨਾਲ, ਉਹ ਨਾਜਾਇਜ਼ ਸ਼ਿਕਾਰੀਆਂ ਦੇ ਖ਼ਿਲਾਫ਼ ਮਾਨੋ ਯੁੱਧ ਲੜਦੀ ਹੋਈ ਆਪਣੇ ਫਰਦਾਰ ਮਿੱਤਰਾਂ ਨੂੰ ਬਚਾਉਣ ਲਈ ਹੋਰ ਵੀ ਜ਼ਿਆਦਾ ਦ੍ਰਿੜ੍ਹ ਹੁੰਦੀ ਗਈ। ਪਰ ਉਹ ਆਪਣੀ ਹੀ ਬਚਾਅ-ਮੁਹਿੰਮ ਦੀ ਸ਼ਿਕਾਰ ਹੋ ਗਈ ਅਤੇ ਕਿਸੇ ਅਣਪਛਾਤੇ ਹਮਲਾਵਰ ਦੇ ਹੱਥੋਂ 1985 ਵਿਚ ਕਤਲ ਕੀਤੀ ਗਈ।
ਇਨ੍ਹਾਂ ਸ਼ਾਂਤਮਈ ਜਾਨਵਰਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਦੀ ਆਸ ਤੋਂ ਪ੍ਰੇਰਿਤ ਹੋ ਕੇ, 1993 ਵਿਚ ਮੈਂ ਅਤੇ ਮੇਰੀ ਪਤਨੀ ਨੇ ਗੋਰਿਲਿਆਂ ਦੇ ਨਿਵਾਸ-ਸਥਾਨ ਵਿਚ ਜਾਣ ਦਾ ਫ਼ੈਸਲਾ ਕੀਤਾ। ਆਓ ਅਸੀਂ ਤੁਹਾਨੂੰ ਉਸ ਦੌਰੇ ਬਾਰੇ ਦੱਸੀਏ।
ਪਹਿਲਾਂ ਸਾਡੇ ਗਾਈਡ ਸਾਨੂੰ 3,700 ਮੀਟਰ ਉੱਚੇ ਵੀਸੋਕੇ ਜੁਆਲਾਮੁਖੀ ਦੇ ਹੇਠਲੇ ਹਿੱਸੇ ਤੋਂ ਰਵਾਂਡਾ ਵਿਚ ਵੋਲਕੇਨੋਜ਼ ਨੈਸ਼ਨਲ ਪਾਰਕ ਦੇ ਸਿਰੇ ਤੇ ਲੈ ਜਾਂਦੇ ਹਨ। ਇਸ ਚੜ੍ਹਾਈ ਲਈ ਇਕ ਘੰਟਾ ਲੱਗਦਾ ਹੈ। ਜਦ ਕਿ ਅਸੀਂ ਆਪਣੀ ਥਕਾਵਟ ਦੂਰ ਕਰਨ ਲਈ ਦੋ ਘੜੀਆਂ ਆਰਾਮ ਕਰਦੇ ਹਾਂ, ਸਾਡੇ ਗਾਈਡ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਗੋਰਿਲਿਆਂ ਦੇ ਆਲੇ-ਦੁਆਲੇ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਸਾਨੂੰ ਦੱਸਿਆ ਜਾਂਦਾ ਹੈ ਕਿ ਰੋਜ਼ਾਨਾ ਸਿਰਫ਼ ਅੱਠ ਦਰਸ਼ਕਾਂ ਨੂੰ ਹੀ ਜਾਨਵਰਾਂ ਦੇ ਇਸ ਖ਼ਾਸ ਸਮੂਹ ਨੂੰ ਮਿਲਣ ਦੀ ਇਜਾਜ਼ਤ ਹੈ। ਇਹ ਗੋਰਿਲਿਆਂ ਨੂੰ ਬੀਮਾਰੀਆਂ ਦੇ ਖ਼ਤਰੇ ਤੋਂ ਅਤੇ ਉਨ੍ਹਾਂ ਦੇ ਮਿਜ਼ਾਜ ਨੂੰ ਵਿਗੜਨ ਤੋਂ ਬਚਾਉਂਦਾ ਹੈ।
“ਜੰਗਲ ਦੇ ਅੰਦਰ ਜਾਣ ਤੋਂ ਬਾਅਦ,” ਇਕ ਗਾਈਡ ਸਾਨੂੰ ਯਾਦ ਦਿਲਾਉਂਦਾ ਹੈ, “ਸਾਨੂੰ ਆਪਣੀਆਂ ਆਵਾਜ਼ਾਂ ਨੀਵੀਆਂ ਰੱਖਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਅਸੀਂ ਜੰਗਲ ਵਿਚ ਦੂਜੇ ਜਾਨਵਰਾਂ ਅਤੇ ਪਰਿੰਦਿਆਂ ਨੂੰ ਵੀ ਦੇਖ ਸਕਾਂਗੇ, ਕਿਉਂ ਜੋ ਪਹਾੜੀ ਗੋਰਿਲਿਆਂ ਤੋਂ ਇਲਾਵਾ, ਇੱਥੇ ਸੁਨਹਿਰੇ ਬਾਂਦਰ, ਡਿਊਕਰ ਹਿਰਨ, ਬਾਰਾਂਸਿੰਗੇ, ਹਾਥੀ, ਅਤੇ ਜੰਗਲੀ ਮੱਝਾਂ ਵੀ ਹਨ।”
ਸਾਨੂੰ ਬਿੱਛੂ ਬੂਟੀਆਂ ਅਤੇ ਕੀੜੀਆਂ ਬਾਰੇ ਵੀ ਸਾਵਧਾਨ ਕੀਤਾ ਜਾਂਦਾ ਹੈ ਅਤੇ ਕਿ ਸ਼ਾਇਦ ਸਾਨੂੰ ਧੁੰਦਲੇ ਅਤੇ ਚਿੱਕੜ-ਭਰੇ ਜੰਗਲ ਵਿਚ ਤੁਰਨਾ ਪਵੇ। ਮੈਂ ਅਤੇ ਮੇਰੀ ਪਤਨੀ ਇਕ ਦੂਜੇ ਵੱਲ ਦੇਖਦੇ ਹਾਂ। ਅਸੀਂ ਇਸ ਦੌਰੇ ਲਈ ਲੈਸ ਨਹੀਂ ਹਾਂ! ਪਰ ਸਾਡੇ ਦੋਸਤਾਨਾ ਗਾਈਡ ਸਾਨੂੰ ਵਰਖਾ ਲਈ ਸਾਜ਼-ਸਾਮਾਨ ਅਤੇ ਬੂਟ ਉਧਾਰ ਦੇ ਕੇ ਸਾਡੀ ਮਦਦ ਕਰਦੇ ਹਨ।
ਸਾਡਾ ਗਾਈਡ ਸਾਨੂੰ ਫਿਰ ਦੱਸਦਾ ਹੈ ਕਿ ਗੋਰਿਲਿਆਂ ਨੂੰ ਮਾਨਵੀ ਬੀਮਾਰੀਆਂ ਬਹੁਤ ਜਲਦੀ ਲੱਗ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਵੀ ਬੀਮਾਰ ਜਾਂ ਛੂਤ ਵਾਲਾ ਵਿਅਕਤੀ ਨਾਲ ਨਹੀਂ ਆ ਸਕਦਾ ਹੈ। “ਜਦੋਂ ਤੁਸੀਂ ਗੋਰਿਲਿਆਂ ਦੇ ਨਾਲ ਹੋਵੋਗੇ ਤਾਂ ਜੇ ਤੁਹਾਨੂੰ ਖੰਘ ਜਾਂ ਛਿੱਕ ਆਵੇ, ਤਾਂ ਜਾਨਵਰਾਂ ਤੋਂ ਆਪਣਾ ਮੂੰਹ ਪਰੇ ਕਰ ਲਓ ਅਤੇ ਆਪਣੇ ਨੱਕ ਅਤੇ ਮੂੰਹ ਨੂੰ ਢੱਕਣ ਦੀ ਕੋਸ਼ਿਸ਼ ਕਰੋ,” ਇਕ ਗਾਈਡ ਆਖਦਾ ਹੈ। “ਯਾਦ ਰੱਖੋ! ਅਸੀਂ ਇਨ੍ਹਾਂ ਦੇ ਧੁੰਦ-ਭਰੇ ਘਰ ਵਿਚ ਮਹਿਮਾਨ ਹਾਂ।”
ਉਨ੍ਹਾਂ ਨੂੰ ਹੱਥ ਲਾਉਣ ਜਿੰਨੇ ਨੇੜੇ!
ਚੜ੍ਹਾਈ ਸਿੱਧੀ ਹੁੰਦੀ ਜਾਂਦੀ ਹੈ। ਅਸੀਂ 3,000 ਮੀਟਰ ਦੀ ਉਚਾਈ ਤੇ ਪਹੁੰਚਦੇ ਹਾਂ। ਰਾਹ ਤੰਗ ਹਨ, ਅਤੇ ਹਵਾ ਹਲਕੀ ਹੋਣ ਕਰਕੇ ਸਾਹ ਲੈਣਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਪਰ ਅਸੀਂ ਹਜੀਨੀਆ ਦਰਖ਼ਤ ਦੀ ਸੁੰਦਰਤਾ ਦਾ ਆਨੰਦ ਲੈ ਸਕਦੇ ਹਾਂ ਜਿਸ ਦੀਆਂ ਲੰਮੇ ਦਾਅ ਟਾਹਣੀਆਂ ਕਾਈ, ਫਰਨ, ਅਤੇ ਓਰਕਿਡ ਫੁੱਲਾਂ ਦੀ ਭਰਪੂਰ ਉਪਜ ਨਾਲ ਭਰੀਆਂ ਹੋਈਆਂ ਹਨ। ਇਹ ਜੰਗਲ ਨੂੰ ਇਕ ਬਾਗ਼ ਵਰਗੀ ਸੁੰਦਰਤਾ ਦਿੰਦਾ ਹੈ।
ਸਾਡੇ ਗਾਈਡ ਹੁਣ ਉਸ ਸਥਾਨ ਦੀ ਖੋਜ ਕਰਨ ਲੱਗਦੇ ਹਨ ਜਿੱਥੇ ਗੋਰਿਲੇ ਕੱਲ੍ਹ ਹੀ ਦੇਖੇ ਗਏ ਸਨ, ਭਾਵੇਂ ਕਿ ਗੋਰਿਲੇ ਤਾਜ਼ੇ ਚਾਰੇ ਦੀ ਭਾਲ ਵਿਚ ਲਗਾਤਾਰ ਚੱਲਦੇ-ਫਿਰਦੇ ਰਹਿੰਦੇ ਹਨ। “ਉੱਧਰ ਦੇਖੋ!” ਕੋਈ ਪੁਕਾਰਦਾ ਹੈ। ਚਿੱਟੀ ਪਿੱਠ ਵਾਲੇ ਗੋਰਿਲੇ ਦਾ ਗੁੱਛਾ-ਮੁੱਛਾ ਬਿਸਤਰਾ, ਜਾਂ ਬਸੇਰਾ ਨਰਮ ਘਾਹ ਵਿਚ ਪਿਆ ਨਜ਼ਰ ਆਉਂਦਾ ਹੈ।
“ਇਸ ਦਾ ਨਾਂ ਊਮੂਗੋਮੇ ਹੈ,” ਗਾਈਡ ਸਾਨੂੰ ਦੱਸਦਾ ਹੈ। “ਜਦੋਂ ਨਰ ਗੋਰਿਲਾ ਤਕਰੀਬਨ 14 ਸਾਲਾਂ ਦਾ ਹੁੰਦਾ ਹੈ, ਤਾਂ ਉਸ ਦੀ ਪਿੱਠ ਧੌਲਿਆਂ ਵਾਂਗ ਚਿੱਟੀ ਹੋ ਜਾਂਦੀ ਹੈ। ਉਦੋਂ ਉਹ ਝੁੰਡ ਦਾ ਮੋਹਰੀ ਮੰਨਿਆ ਜਾਂਦਾ ਹੈ। ਸਿਰਫ਼ ਚਿੱਟੀ ਪਿੱਠ ਵਾਲਾ ਗੋਰਿਲਾ ਹੀ ਸਾਰੇ ਨਾਰੀ ਗੋਰਿਲਿਆਂ ਨਾਲ ਮੇਲ ਕਰਦਾ ਹੈ। ਜਦੋਂ ਛੋਟੇ ਗੋਰਿਲੇ ਮੇਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਇਕਦਮ ਠੁਕਰਾ ਦਿੱਤਾ ਜਾਂਦਾ ਹੈ! ਪਰ ਜੇ ਇਕ ਵਿਰੋਧੀ ਚਿੱਟੀ ਪਿੱਠ ਵਾਲੇ ਨੂੰ ਮਾਰ ਸੁੱਟੇ, ਤਾਂ ਉਹ ਸਾਰੇ ਬੱਚਿਆਂ ਨੂੰ ਵੀ ਮਾਰ ਦਿੰਦਾ ਹੈ। ਇਸ ਮਗਰੋਂ ਨਵਾਂ ਮੋਹਰੀ ਚਾਰਜ ਸੰਭਾਲਦਾ ਹੈ ਅਤੇ ਝੁੰਡ ਦੇ ਨਾਰੀ ਗੋਰਿਲਿਆਂ ਤੋਂ ਔਲਾਦ ਪੈਦਾ ਕਰਦਾ ਹੈ।”
“ਇਕ ਗੋਰਿਲਾ ਕਿੰਨਾ ਚਿਰ ਜੀ ਸਕਦਾ ਹੈ?” ਸਾਡੇ ਸਮੂਹ ਵਿੱਚੋਂ ਕੋਈ ਪੁੱਛਦਾ ਹੈ ਜਿਉਂ-ਜਿਉਂ ਅਸੀਂ ਆਪਣੇ ਗਾਈਡਾਂ ਦੇ ਮਗਰ-ਮਗਰ ਬਾਸ ਦੇ ਇਕ ਸੁੰਦਰ ਜੰਗਲ ਵਿਚ ਤੁਰਦੇ ਹਾਂ।
“40 ਸਾਲਾਂ ਤਕ,” ਧੀਮਾ ਜਿਹਾ ਜਵਾਬ ਆਉਂਦਾ ਹੈ।
ਡੂੰਘੀ ਹੂੰਗ ਦੀ ਆਵਾਜ਼ ਆਉਣ ਤੇ ਕੋਈ ਧੀਮੀ ਆਵਾਜ਼ ਵਿਚ “ਚੁੱਪ! ਚੁੱਪ!” ਕਹਿੰਦਾ ਹੈ। “ਇਹ ਕੀ ਸੀ? ਇਕ ਗੋਰਿਲਾ?” ਨਹੀਂ-ਨਹੀਂ, ਪਰ ਇਕ ਗਾਈਡ ਗੋਰਿਲਿਆਂ ਤੋਂ ਜਵਾਬ ਹਾਸਲ ਕਰਨ ਲਈ, ਉਨ੍ਹਾਂ ਵਾਂਗ ਹੂੰਗਦਾ ਹੈ। ਅਸੀਂ ਜ਼ਰੂਰ ਬਹੁਤ ਨੇੜੇ ਹੋਵਾਂਗੇ!
ਵਾਕਈ ਹੀ, ਸਾਡੇ ਤੋਂ ਬੱਸ ਪੰਜ ਮੀਟਰ ਦੂਰ, ਤਕਰੀਬਨ 30 ਗੋਰਿਲੇ ਹਨ! ਸਾਨੂੰ ਥੱਲੇ ਬੈਠਣ ਨੂੰ ਅਤੇ ਚੁੱਪ ਰਹਿਣ ਨੂੰ ਕਿਹਾ ਜਾਂਦਾ ਹੈ। “ਉਨ੍ਹਾਂ ਵੱਲ ਉਂਗਲੀਆਂ ਨਾਲ ਇਸ਼ਾਰਾ ਨਾ ਕਰੋ,” ਸਾਡਾ ਗਾਈਡ ਮਿੰਨਤ ਕਰਦਾ ਹੈ, “ਉਹ ਸ਼ਾਇਦ ਸੋਚਣ ਕਿ ਤੁਸੀਂ ਉਨ੍ਹਾਂ ਵੱਲ ਕੁਝ ਸੁੱਟ ਰਹੇ ਹੋ। ਕਿਰਪਾ ਕਰ ਕੇ ਸ਼ੋਰ ਨਾ ਮਚਾਓ। ਫੋਟੋਆਂ ਲੈਣ ਵੇਲੇ, ਹੌਲੀ-ਹੌਲੀ ਅਤੇ ਸਾਵਧਾਨੀ ਨਾਲ ਚਲੋ, ਅਤੇ ਕੈਮਰੇ ਨਾਲ ਫਲੈਸ਼ ਨਾ ਵਰਤੋ।”
ਅਸੀਂ ਉਨ੍ਹਾਂ ਨੂੰ ਹੱਥ ਲਾਉਣ ਜਿੰਨੇ ਨੇੜੇ ਹਾਂ! ਇਸ ਤੋਂ ਪਹਿਲਾਂ ਕਿ ਕੋਈ ਇਸ ਤਰ੍ਹਾਂ ਕਰੇ, ਸਾਡਾ ਗਾਈਡ ਧੀਮੀ ਆਵਾਜ਼ ਵਿਚ ਕਹਿੰਦਾ ਹੈ: “ਉਨ੍ਹਾਂ ਨੂੰ ਹੱਥ ਨਾ ਲਾਇਓ!” ਤੁਰੰਤ ਹੀ, ਦੋ ਛੋਟੇ ਗੋਰਿਲੇ ਸਾਨੂੰ ਜਾਂਚਣ ਲਈ ਨੇੜੇ ਆਉਂਦੇ ਹਨ। ਸਾਡਾ ਗਾਈਡ ਇਕ ਛੋਟੀ ਟਾਹਣੀ ਨਾਲ ਉਨ੍ਹਾਂ ਨੂੰ ਸਹਿਜੇ-ਸਹਿਜੇ ਹਟਾਉਂਦਾ ਹੈ, ਅਤੇ ਉਹ ਜਿਗਿਆਸੂ ਛੋਟੇ ਗੋਰਿਲੇ ਨਿਆਣਿਆਂ ਵਾਂਗ ਘੋਲ ਕਰਦੇ ਹੋਏ ਥੱਲੇ ਨੂੰ ਰਿੜ੍ਹ ਜਾਂਦੇ ਹਨ। ਜਦ ਖੇਡ ਖੇਡ ਨਹੀਂ ਰਹਿੰਦੀ, ਤਾਂ “ਮਾਂ” ਦਖ਼ਲ ਦਿੰਦੀ ਹੈ।
ਚਿੱਟੀ ਪਿੱਠ ਵਾਲਾ ਗੋਰਿਲਾ ਸਾਨੂੰ ਦੂਰੋਂ ਬੈਠਾ ਦੇਖ ਰਿਹਾ ਹੈ। ਅਚਾਨਕ ਹੀ, ਉਹ ਉੱਠ ਕੇ ਸਾਡੇ ਵੱਲ ਆਉਂਦਾ ਹੈ ਅਤੇ ਸਾਡੇ ਤੋਂ ਕੁਝ ਹੀ ਮੀਟਰ ਦੂਰ ਆ ਕੇ ਬੈਠ ਜਾਂਦਾ ਹੈ। ਉਹ ਬਹੁਤ ਹੀ ਹੱਟਾ-ਕੱਟਾ ਹੈ ਅਤੇ ਇਵੇਂ ਜਾਪਦਾ ਹੈ ਕਿ ਉਸ ਦਾ ਭਾਰ ਤਕਰੀਬਨ 200 ਕਿਲੋਗ੍ਰਾਮ ਤਾਂ ਜ਼ਰੂਰ ਹੋਵੇਗਾ! ਭਾਵੇਂ ਕਿ ਉਹ ਸਾਡੇ ਉੱਤੇ ਨਜ਼ਰ ਰੱਖ ਰਿਹਾ ਹੈ, ਉਹ ਖਾਣ ਵਿਚ ਇੰਨਾ ਮਸਤ ਹੈ ਕਿ ਸਾਡੇ ਵੱਲ ਬਾਹਲਾ ਧਿਆਨ ਨਹੀਂ ਦਿੰਦਾ। ਅਸਲ ਵਿਚ, ਖਾਣਾ ਗੋਰਿਲੇ ਦਾ ਮੁੱਖ ਕੰਮ ਹੈ! ਚਿੱਟੀ ਪਿੱਠ ਵਾਲਾ ਗੋਰਿਲਾ ਰੋਜ਼ਾਨਾ ਤਕਰੀਬਨ 30 ਕਿਲੋਗ੍ਰਾਮ ਭੋਜਨ ਖਾ ਸਕਦਾ ਹੈ। ਅਤੇ ਝੁੰਡ ਦਾ ਹਰ ਜਾਨਵਰ ਸਵੇਰ ਤੋਂ ਸ਼ਾਮ ਤਕ ਖਾਣੇ ਦੀ ਭਾਲ ਵਿਚ ਰਹਿੰਦਾ ਹੈ। ਕਦੇ-ਕਦੇ ਇਹ ਕਿਸੇ ਲੱਭੀ ਗਈ “ਸੁਆਦਲੀ ਚੀਜ਼” ਲਈ ਲੜਦੇ ਨਜ਼ਰ ਆਉਂਦੇ ਹਨ।
ਇਨ੍ਹਾਂ ਦਾ ਸਭ ਤੋਂ ਮਨ-ਪਸੰਦ ਭੋਜਨ ਹੈ ਵੱਡੇ ਸਿਨਿਸੀਓ ਪੌਦੇ ਦਾ ਗੁੱਦਾ। ਇਹ ਜੰਗਲੀ ਅਜਮੂਦ, ਖ਼ਾਸ ਪੌਦਿਆਂ ਦੀਆਂ ਜੜ੍ਹਾਂ, ਅਤੇ ਪੁੰਗਰਦੇ ਬਾਂਸ ਖਾਣਾ ਵੀ ਪਸੰਦ ਕਰਦੇ ਹਨ। ਕਦੇ-ਕਦੇ ਇਹ ਪੁੰਗਰਦੇ ਬਾਂਸ ਨੂੰ ਪੋਹਲੀ, ਬਿੱਛੂ ਬੂਟੀ, ਗੇਲੀਉਮ ਜੜ੍ਹੀ-ਬੂਟੀ ਦੇ ਹਰੇ ਪੱਤਿਆਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਹੋਰ ਜੜ੍ਹਾਂ ਅਤੇ ਵੇਲਾਂ ਨਾਲ ਰਲਾ-ਮਿਲਾ ਕੇ “ਸਲਾਦ” ਵੀ ਬਣਾਉਂਦੇ ਹਨ। “ਗੋਰਿਲਿਆਂ ਨੂੰ ਬਿੱਛੂ ਬੂਟੀ ਕਿਉਂ ਨਹੀਂ ਲੜਦੀ ਜਦੋਂ ਉਹ ਇਸ ਨੂੰ ਫੜਦੇ ਅਤੇ ਸਾਫ਼ ਕਰਦੇ ਹਨ?” ਕੋਈ ਪੁੱਛਦਾ ਹੈ। ਸਾਡਾ ਗਾਈਡ ਸਮਝਾਉਂਦਾ ਹੈ: “ਇਨ੍ਹਾਂ ਦੀਆਂ ਤਲੀਆਂ ਦੀ ਚਮੜੀ ਮੋਟੀ ਹੁੰਦੀ ਹੈ।”
ਅਸੀਂ ਇਸ ਸ਼ਾਂਤਮਈ ਦ੍ਰਿਸ਼ ਦਾ ਆਨੰਦ ਮਾਣ ਹੀ ਰਹੇ ਹਾਂ ਕਿ ਅਚਾਨਕ, ਉਹ ਵੱਡਾ ਨਰ ਗੋਰਿਲਾ ਆਪਣੇ ਪਿਛਲੇ ਦੋ ਪੈਰਾਂ ਤੇ ਖੜ੍ਹਾ ਹੋ ਜਾਂਦਾ ਹੈ ਅਤੇ ਘਸੁੰਨਿਆਂ ਨਾਲ ਆਪਣੀ ਛਾਤੀ ਪਿੱਟਦਾ ਹੋਇਆ ਇਕ ਡਰਾਉਣੀ ਅਤੇ ਭਿਆਨਕ ਚੀਕ ਮਾਰਦਾ ਹੈ! ਉਹ ਫਰਾਟੇ ਮਾਰਦਾ ਇਕ ਗਾਈਡ ਵੱਲ ਨੱਸਦਾ ਅਤੇ ਐਨ ਉਸ ਦੇ ਸਾਮ੍ਹਣੇ ਆ ਕੇ ਰੁਕ ਜਾਂਦਾ ਹੈ। ਉਹ ਗਾਈਡ ਨੂੰ ਤਿੱਖੀ ਨਜ਼ਰ ਨਾਲ ਘੂਰਦਾ ਹੈ! ਪਰ ਸਾਡਾ ਗਾਈਡ ਘਬਰਾਉਂਦਾ ਨਹੀਂ। ਸਗੋਂ ਉਹ ਪੈਰਾਂ ਭਾਰ ਬੈਠ ਜਾਂਦਾ ਹੈ, ਹੂੰਗਦਾ ਹੈ, ਅਤੇ ਹੌਲੀ-ਹੌਲੀ ਪਿੱਛੇ ਜਾਣ ਲੱਗ ਪੈਂਦਾ ਹੈ। ਲਓ, ਚਿੱਟੀ ਪਿੱਠ ਵਾਲਾ ਗੋਰਿਲਾ ਤਾਂ ਸਿਰਫ਼ ਸਾਨੂੰ ਆਪਣੀ ਤਾਕਤ ਅਤੇ ਸ਼ਕਤੀ ਹੀ ਦਿਖਾਉਣੀ ਚਾਹੁੰਦਾ ਸੀ। ਸੱਚ ਕਹਾਂ ਤਾਂ ਉਹ ਕਾਮਯਾਬ ਰਿਹਾ!
ਗਾਈਡ ਹੁਣ ਸਾਨੂੰ ਵਾਪਸ ਜਾਣ ਦਾ ਇਸ਼ਾਰਾ ਕਰਦੇ ਹਨ। ਅਸੀਂ ਇਨ੍ਹਾਂ ਅਨੋਖੇ ਅਤੇ ਸ਼ਾਂਤਮਈ ਜਾਨਵਰਾਂ ਨਾਲ ਇਕ ਘੰਟੇ ਤੋਂ ਥੋੜ੍ਹਾ ਜ਼ਿਆਦਾ ਸਮਾਂ “ਧੁੰਦ ਵਿਚ” ਮਹਿਮਾਨਾਂ ਵਜੋਂ ਬਤੀਤ ਕੀਤਾ ਹੈ। ਭਾਵੇਂ ਕਿ ਸਾਡੀ ਮੁਲਾਕਾਤ ਥੋੜ੍ਹੇ ਸਮੇਂ ਦੀ ਹੀ ਸੀ, ਪਰ ਇਹ ਸਾਨੂੰ ਕਦੀ ਨਹੀਂ ਭੁੱਲੇਗੀ। ਅਸੀਂ ਭਾਵੀ ਨਵੇਂ ਸੰਸਾਰ ਦੇ ਬਾਈਬਲ ਦੇ ਵਾਅਦੇ ਬਾਰੇ ਸੋਚਣ ਤੋਂ ਰਹਿ ਨਹੀਂ ਸਕਦੇ ਜਿੱਥੇ ਮਨੁੱਖਾਂ ਅਤੇ ਪਸ਼ੂਆਂ ਦਰਮਿਆਨ ਸਦਾ ਲਈ ਸ਼ਾਂਤੀ ਹੋਵੇਗੀ!—ਯਸਾਯਾਹ 11:6-9.
[ਸਫ਼ੇ 24 ਉੱਤੇ ਨਕਸ਼ੇ]
(ਪੂਰੀ ਤਰ੍ਹਾਂ ਫਾਰਮੈਟ ਕੀਤੇ ਹੋਏ ਟੈਕਸਟ ਲਈ ਪ੍ਰਕਾਸ਼ਨ ਦੇਖੋ)
ਪਹਾੜੀ ਗੋਰਿਲਿਆਂ ਦਾ ਖੇਤਰ
ਕਾਂਗੋ ਲੋਕਤੰਤਰੀ ਗਣਰਾਜ
ਕੀਵੂ ਝੀਲ
ਯੁਗਾਂਡਾ
ਰਵਾਂਡਾ
ਅਫ਼ਰੀਕਾ
ਵੱਡਾ ਦਿਖਾਇਆ ਖੇਤਰ
[ਸਫ਼ੇ 24 ਉੱਤੇ ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.