ਕੀ ਰੱਬ ਦਾ ਕੋਈ ਨਾਂ ਹੈ?
ਆਮ ਜਵਾਬ:
▪ “ਉਹ ਪ੍ਰਭੂ ਹੈ।”
▪ “ਉਸ ਦਾ ਕੋਈ ਨਾਂ ਨਹੀਂ।”
ਯਿਸੂ ਨੇ ਕੀ ਕਿਹਾ ਸੀ?
▪ “ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਯਿਸੂ ਨੂੰ ਪਤਾ ਸੀ ਕਿ ਰੱਬ ਦਾ ਇਕ ਨਾਮ ਹੈ।
▪ “ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ ਤਾਂ ਜਿਸ ਪ੍ਰੇਮ ਨਾਲ ਤੈਂ ਮੈਨੂੰ ਪਿਆਰ ਕੀਤਾ ਸੋਈ ਓਹਨਾਂ ਵਿੱਚ ਹੋਵੇ ਅਤੇ ਮੈਂ ਓਹਨਾਂ ਵਿੱਚ ਹੋਵਾਂ।” (ਯੂਹੰਨਾ 17:26) ਯਿਸੂ ਨੇ ਰੱਬ ਦਾ ਨਾਮ ਦੂਸਰਿਆਂ ਨੂੰ ਦੱਸਿਆ ਸੀ।
▪ ਯਿਸੂ ਨੇ ਜ਼ਬੂਰ 118:26 ਦਾ ਹਵਾਲਾ ਦਿੱਤਾ ਸੀ ਜਿੱਥੇ ਲਿਖਿਆ ਹੈ: “ਮੁਬਾਰਕ ਉਹ ਹੈ ਜਿਹੜਾ ਯਹੋਵਾਹ ਦੇ ਨਾਮ ਤੇ ਆਉਂਦਾ ਹੈ।” (ਲੂਕਾ 13:35) ਸੋ ਯਿਸੂ ਨੇ ਰੱਬ ਦਾ ਨਾਂ ਵਰਤਿਆ ਸੀ।
ਪਰਮੇਸ਼ੁਰ ਖ਼ੁਦ ਸਾਨੂੰ ਆਪਣਾ ਨਾਂ ਦੱਸਦਾ ਹੈ। ਬਾਈਬਲ ਵਿਚ ਉਹ ਕਹਿੰਦਾ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।”a (ਯਸਾਯਾਹ 42:8) ਪੰਜਾਬੀ ਵਿਚ ਰੱਬ ਦਾ ਨਾਂ ਯਹੋਵਾਹ ਹੈ ਜੋ ਉਸ ਨੇ ਖ਼ੁਦ ਆਪਣੇ ਲਈ ਚੁਣਿਆ ਹੈ। ਇਹ ਨਾਂ ਇਬਰਾਨੀ ਭਾਸ਼ਾ ਤੋਂ ਲਿਆ ਗਿਆ ਹੈ। ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਨਾਮ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ ਹਜ਼ਾਰਾਂ ਵਾਰ ਪਾਇਆ ਜਾਂਦਾ ਹੈ। ਦਰਅਸਲ ਇਹ ਬਾਈਬਲ ਵਿਚ ਕਿਸੇ ਹੋਰ ਨਾਂ ਨਾਲੋਂ ਜ਼ਿਆਦਾ ਵਾਰ ਵਰਤਿਆ ਜਾਂਦਾ ਹੈ।
ਜੇ ਕੋਈ ਸਵਾਲ ਪੁੱਛੇ ਕਿ “ਰੱਬ ਦਾ ਨਾਂ ਕੀ ਹੈ?,” ਤਾਂ ਕਈ ਲੋਕ ਜਵਾਬ ਦੇਣਗੇ: “ਪ੍ਰਭੂ।” ਪਰ ਇਹ ਤਾਂ ਕੋਈ ਜਵਾਬ ਨਹੀਂ ਹੋਇਆ। ਜ਼ਰਾ ਸੋਚੋ: ਜੇ ਕੋਈ ਤੁਹਾਨੂੰ ਪੁੱਛੇ ਕਿ “ਇਲੈਕਸ਼ਨ ਕਿਹਨੇ ਜਿੱਤਿਆ?,” ਤਾਂ ਤੁਸੀਂ ਇਹ ਜਵਾਬ ਨਹੀਂ ਦਿਓਗੇ ਕਿ “ਉਮੀਦਵਾਰ ਨੇ ਜਿੱਤਿਆ।” ਇਹ ਦੋਵੇਂ ਜਵਾਬ ਸਹੀ ਨਹੀਂ ਹਨ ਕਿਉਂਕਿ “ਪ੍ਰਭੂ” ਅਤੇ “ਉਮੀਦਵਾਰ” ਨਾਂ ਨਹੀਂ ਹਨ।
ਪਰਮੇਸ਼ੁਰ ਨੇ ਆਪਣਾ ਨਾਂ ਸਾਨੂੰ ਕਿਉਂ ਦੱਸਿਆ ਹੈ? ਤਾਂਕਿ ਅਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕੀਏ। ਮਿਸਾਲ ਲਈ, ਕਿਸੇ ਨੂੰ ਸਾਹਬ, ਬਾਸ, ਪਿਤਾ ਜਾਂ ਬਾਬਾ ਕਿਹਾ ਜਾ ਸਕਦਾ ਹੈ। ਇਨ੍ਹਾਂ ਤੋਂ ਸਾਨੂੰ ਉਸ ਬਾਰੇ ਕੁਝ ਪਤਾ ਲੱਗਦਾ ਹੈ। ਪਰ ਜਦੋਂ ਅਸੀਂ ਕਿਸੇ ਦਾ ਨਾਂ ਸੁਣਦਾ ਹਾਂ, ਤਾਂ ਸਾਨੂੰ ਉਸ ਬਾਰੇ ਸਾਰਾ ਕੁਝ ਚੇਤੇ ਆਉਂਦਾ ਹੈ। ਇਸੇ ਤਰ੍ਹਾਂ ਪ੍ਰਭੂ, ਸਰਬਸ਼ਕਤੀਮਾਨ, ਪਿਤਾ ਅਤੇ ਕਰਤਾਰ ਵਰਗੇ ਖ਼ਿਤਾਬਾਂ ਤੋਂ ਸਾਨੂੰ ਰੱਬ ਦੇ ਕੰਮਾਂ ਬਾਰੇ ਕੁਝ ਪਤਾ ਲੱਗਦਾ ਹੈ। ਪਰ ਸਿਰਫ਼ ਉਸ ਦੇ ਨਾਂ ਯਹੋਵਾਹ ਤੋਂ ਸਾਨੂੰ ਉਸ ਬਾਰੇ ਸਾਰਾ ਕੁਝ ਚੇਤੇ ਆਉਂਦਾ ਹੈ। ਤੁਸੀਂ ਰੱਬ ਦਾ ਨਾਂ ਜਾਣੇ ਬਿਨਾਂ ਉਸ ਨੂੰ ਕਿਵੇਂ ਜਾਣ ਸਕਦੇ ਹੋ?
ਇਹ ਜ਼ਰੂਰੀ ਹੈ ਕਿ ਅਸੀਂ ਨਾ ਸਿਰਫ਼ ਰੱਬ ਦਾ ਨਾਂ ਜਾਣੀਏ, ਲੇਕਿਨ ਉਸ ਨੂੰ ਵਰਤੀਏ ਵੀ। ਕਿਉਂ? ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ।”—ਯੋਏਲ 2:32; ਰੋਮੀਆਂ 10:13. (w09 2/1)
[ਫੁਟਨੋਟ]
a ਰੱਬ ਦੇ ਨਾਂ ਦਾ ਮਤਲਬ ਜਾਣਨ ਲਈ ਅਤੇ ਇਹ ਪਤਾ ਕਰਨ ਲਈ ਕਿ ਬਾਈਬਲ ਦੇ ਕੁਝ ਤਰਜਮੇ ਇਸ ਨੂੰ ਕਿਉਂ ਨਹੀਂ ਵਰਤਦੇ ਤੁਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ 195-197 ਸਫ਼ੇ ਦੇਖ ਸਕਦੇ ਹੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 6 ਉੱਤੇ ਸੁਰਖੀ]
ਕਿਸੇ ਨੂੰ ਸਾਹਬ, ਬਾਸ, ਪਿਤਾ ਜਾਂ ਬਾਬਾ ਕਿਹਾ ਜਾ ਸਕਦਾ ਹੈ। ਪਰ ਜਦੋਂ ਅਸੀਂ ਕਿਸੇ ਦਾ ਨਾਂ ਸੁਣਦਾ ਹਾਂ, ਤਾਂ ਸਾਨੂੰ ਉਸ ਬਾਰੇ ਸਾਰਾ ਕੁਝ ਚੇਤੇ ਆਉਂਦਾ ਹੈ