ਜੀਵਨੀ
ਮੈਂ ਸੱਤਰ ਸਾਲਾਂ ਤੋਂ ਇਕ ਯਹੂਦੀ ਦਾ ਪੱਲਾ ਫੜਿਆ ਹੋਇਆ ਹੈ
ਲੈਨਡ ਸਮਿਥ ਦੀ ਜ਼ਬਾਨੀ
ਜਦੋਂ ਮੈਂ 13 ਸਾਲਾਂ ਦਾ ਸੀ, ਤਾਂ ਦੋ ਬਾਈਬਲ ਬਿਰਤਾਂਤਾਂ ਨੇ ਮੇਰੇ ʼਤੇ ਅਸਰ ਪਾਇਆ। ਸੱਤਰ ਸਾਲ ਬਾਅਦ ਅੱਜ ਵੀ ਮੈਨੂੰ ਉਹ ਸਮਾਂ ਯਾਦ ਹੈ ਜਦੋਂ ਜ਼ਕਰਯਾਹ 8:23 ਵਿਚ ਦੱਸੀ ਇਸ ਗੱਲ ਦਾ ਮਤਲਬ ਮੈਨੂੰ ਪੂਰੀ ਤਰ੍ਹਾਂ ਸਮਝ ਆਇਆ ਕਿ “ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ।” ਉਹ ਉਸ ਯਹੂਦੀ ਨੂੰ ਕਹਿਣਗੇ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!”
ਯਹੂਦੀ ਆਦਮੀ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ ਅਤੇ “ਦਸ ਆਦਮੀ” “ਹੋਰ ਭੇਡਾਂ” ਨੂੰ ਦਰਸਾਉਂਦੇ ਹਨ ਜਿਨ੍ਹਾਂ ਨੂੰ ਪਹਿਲਾਂ “ਯੋਨਾਦਾਬ”a ਕਿਹਾ ਜਾਂਦਾ ਸੀ। (ਯੂਹੰ. 10:16) ਜਦੋਂ ਮੈਨੂੰ ਇਹ ਸੱਚਾਈ ਸਮਝ ਆਈ, ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਧਰਤੀ ʼਤੇ ਹਮੇਸ਼ਾ ਰਹਿਣ ਦੀ ਮੇਰੀ ਉਮੀਦ ਤਦੇ ਪੂਰੀ ਹੋਵੇਗੀ ਜੇ ਮੈਂ ਚੁਣੇ ਹੋਏ ਮਸੀਹੀਆਂ ਦਾ ਵਫ਼ਾਦਾਰੀ ਨਾਲ ਸਾਥ ਦੇਵਾਂ।
ਮੱਤੀ 25:31-46 ਵਿਚ ਯਿਸੂ ਵੱਲੋਂ ਦਿੱਤੀ ਗਈ “ਭੇਡਾਂ” ਤੇ “ਬੱਕਰੀਆਂ” ਦੀ ਮਿਸਾਲ ਨੇ ਵੀ ਮੇਰੇ ʼਤੇ ਕਾਫ਼ੀ ਪ੍ਰਭਾਵ ਪਾਇਆ। ਅੰਤ ਦੇ ਸਮੇਂ ਦੌਰਾਨ “ਭੇਡਾਂ” ਉਨ੍ਹਾਂ ਲੋਕਾਂ ਨੂੰ ਦਰਸਾਉਂਦੀਆਂ ਹਨ ਜਿਨ੍ਹਾਂ ਦੇ ਪੱਖ ਵਿਚ ਨਿਆਂ ਕੀਤਾ ਜਾਵੇਗਾ ਕਿਉਂਕਿ ਉਹ ਧਰਤੀ ʼਤੇ ਰਹਿੰਦੇ ਮਸੀਹ ਦੇ ਭਰਾਵਾਂ ਦਾ ਸਾਥ ਦੇ ਰਹੇ ਹਨ। ਮੈਂ ਆਪਣੇ ਆਪ ਨੂੰ ਕਿਹਾ: ‘ਲੈੱਨ, ਜੇ ਤੂੰ ਚਾਹੁੰਦਾ ਹੈ ਕਿ ਤੇਰੀ ਗਿਣਤੀ ਮਸੀਹ ਦੀਆਂ ਭੇਡਾਂ ਵਿਚ ਹੋਵੇ, ਤਾਂ ਤੈਨੂੰ ਮਸੀਹ ਦੇ ਚੁਣੇ ਹੋਏ ਭਰਾਵਾਂ ਦਾ ਸਾਥ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਅਧੀਨ ਰਹਿਣਾ ਪਵੇਗਾ ਕਿਉਂਕਿ ਪਰਮੇਸ਼ੁਰ ਉਨ੍ਹਾਂ ਦੇ ਨਾਲ ਹੈ।’ ਇਹ ਸਮਝ ਅੱਜ ਤਕ ਮੇਰੀ ਮਦਦ ਕਰ ਰਹੀ ਹੈ।
‘ਮੇਰੀ ਜ਼ਿੰਮੇਵਾਰੀ ਕੀ ਹੈ?’
ਮੇਰੇ ਮੰਮੀ ਜੀ ਨੇ 1925 ਵਿਚ ਬੈਥਲ ਦੇ ਮੀਟਿੰਗ ਹਾਲ ਵਿਚ ਬਪਤਿਸਮਾ ਲਿਆ। ਇਸ ਹਾਲ ਨੂੰ ਲੰਡਨ ਟੈਬਰਨੈੱਕਲ ਕਿਹਾ ਜਾਂਦਾ ਸੀ ਤੇ ਉਸ ਇਲਾਕੇ ਦੇ ਭਰਾ ਇਸ ਨੂੰ ਵਰਤਦੇ ਸਨ। ਮੇਰਾ ਜਨਮ 15 ਅਕਤੂਬਰ 1926 ਨੂੰ ਹੋਇਆ ਸੀ। ਮਾਰਚ 1940 ਵਿਚ ਡੋਵਰ ਵਿਚ ਹੋਏ ਸੰਮੇਲਨ ਵਿਚ ਮੈਂ ਬਪਤਿਸਮਾ ਲੈ ਲਿਆ। ਮੈਨੂੰ ਬਚਪਨ ਤੋਂ ਹੀ ਸੱਚਾਈ ਨਾਲ ਪਿਆਰ ਸੀ। ਮੈਂ ਜਿਸ ਪਹਿਲੇ “ਯਹੂਦੀ ਦਾ ਪੱਲਾ” ਫੜਿਆ ਉਹ ਮੇਰੇ ਮੰਮੀ ਜੀ ਸਨ ਜਿਨ੍ਹਾਂ ਦੀ ਆਸ ਸਵਰਗ ਜਾਣ ਦੀ ਸੀ। ਉਨ੍ਹਾਂ ਨੇ ਮੇਰੇ ਲਈ ਜੋਸ਼ ਨਾਲ ਪ੍ਰਚਾਰ ਕਰਨ ਵਿਚ ਮਿਸਾਲ ਰੱਖੀ। ਉਸ ਸਮੇਂ ਮੇਰੇ ਡੈਡੀ ਤੇ ਮੇਰੀ ਵੱਡੀ ਭੈਣ ਯਹੋਵਾਹ ਦੀ ਸੇਵਾ ਨਹੀਂ ਕਰਦੇ ਸਨ। ਅਸੀਂ ਇੰਗਲੈਂਡ ਦੇ ਦੱਖਣ-ਪੂਰਬੀ ਇਲਾਕੇ ਦੀ ਜਿਲਿੰਘਮ ਮੰਡਲੀ ਵਿਚ ਸੀ ਜਿਸ ਵਿਚ ਜ਼ਿਆਦਾਤਰ ਚੁਣੇ ਹੋਏ ਭੈਣ-ਭਰਾ ਸਨ।
ਸਤੰਬਰ 1941 ਵਿਚ ਲੈਸਟਰ ਸ਼ਹਿਰ ਵਿਚ ਜ਼ਿਲ੍ਹਾ ਸੰਮੇਲਨ ਹੋਇਆ। ਉੱਥੇ ਇਕ ਭਾਸ਼ਣ ਦਿੱਤਾ ਗਿਆ ਜਿਸ ਦਾ ਵਿਸ਼ਾ ਸੀ “ਵਫ਼ਾਦਾਰੀ।” ਇਸ ਵਿਚ ਚਰਚਾ ਕੀਤੀ ਗਈ ਸੀ ਕਿ ਸ਼ੈਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ʼਤੇ ਸਵਾਲ ਖੜ੍ਹਾ ਕੀਤਾ ਸੀ। ਮੈਂ ਪਹਿਲੀ ਵਾਰ ਸਮਝਿਆ ਕਿ ਇਸ ਵਾਦ-ਵਿਵਾਦ ਵਿਚ ਅਸੀਂ ਸਾਰੇ ਸ਼ਾਮਲ ਹਾਂ। ਇਸ ਲਈ ਸਾਨੂੰ ਹਰ ਕੀਮਤ ਤੇ ਦਿਖਾਉਣਾ ਚਾਹੀਦਾ ਹੈ ਕਿ ਯਹੋਵਾਹ ਹੀ ਸਾਡਾ ਮਾਲਕ ਹੈ ਅਤੇ ਅਸੀਂ ਉਸ ਦੇ ਵਫ਼ਾਦਾਰ ਰਹਿਣ ਲਈ ਤਿਆਰ ਹਾਂ।
ਉਸ ਜ਼ਿਲ੍ਹਾ ਸੰਮੇਲਨ ਵਿਚ ਪਾਇਨੀਅਰ ਸੇਵਾ ʼਤੇ ਜ਼ੋਰ ਦਿੱਤਾ ਗਿਆ ਤੇ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਕਿ ਉਹ ਇਸ ਨੂੰ ਆਪਣਾ ਟੀਚਾ ਬਣਾਉਣ। “ਸੰਗਠਨ ਵਿਚ ਪਾਇਨੀਅਰਾਂ ਦੀ ਜ਼ਿੰਮੇਵਾਰੀ” ਨਾਂ ਦਾ ਭਾਸ਼ਣ ਸੁਣਨ ਤੋਂ ਬਾਅਦ ਮੈਂ ਸੋਚਿਆ, ‘ਮੇਰੀ ਜ਼ਿੰਮੇਵਾਰੀ ਕੀ ਹੈ?’ ਇਸ ਸੰਮੇਲਨ ਤੋਂ ਬਾਅਦ ਮੈਨੂੰ ਆਪਣੀ ਇਸ ਜ਼ਿੰਮੇਵਾਰੀ ਦਾ ਅਹਿਸਾਸ ਹੋ ਗਿਆ ਕਿ ਮੈਂ ਪ੍ਰਚਾਰ ਕਰ ਕੇ ਚੁਣੇ ਹੋਏ ਮਸੀਹੀਆਂ ਦਾ ਸਾਥ ਦੇਵਾਂ। ਲੈਸਟਰ ਵਿਚ ਹੀ ਮੈਂ ਪਾਇਨੀਅਰਿੰਗ ਦਾ ਫਾਰਮ ਭਰ ਦਿੱਤਾ।
ਦੂਜੇ ਵਿਸ਼ਵ ਯੁੱਧ ਦੌਰਾਨ ਪਾਇਨੀਅਰ ਸੇਵਾ
1 ਦਸੰਬਰ 1941 ਵਿਚ 15 ਸਾਲ ਦੀ ਉਮਰ ਵਿਚ ਮੈਨੂੰ ਸਪੈਸ਼ਲ ਪਾਇਨੀਅਰ ਬਣਾ ਦਿੱਤਾ ਗਿਆ। ਮੇਰੇ ਮੰਮੀ ਮੇਰੇ ਪਹਿਲੇ ਪਾਇਨੀਅਰ ਸਾਥੀ ਸਨ, ਪਰ ਸਿਹਤ ਨਾ ਠੀਕ ਹੋਣ ਕਾਰਨ ਲਗਭਗ ਇਕ ਸਾਲ ਬਾਅਦ ਉਨ੍ਹਾਂ ਨੂੰ ਪਾਇਨੀਅਰਿੰਗ ਛੱਡਣੀ ਪਈ। ਲੰਡਨ ਬ੍ਰਾਂਚ ਨੇ ਰੌਨ ਪਾਰਕਿਨ ਨਾਂ ਦੇ ਪਾਇਨੀਅਰ ਨੂੰ ਮੇਰਾ ਸਾਥੀ ਬਣਾਇਆ, ਜੋ ਹੁਣ ਪੋਰਟੋ ਰੀਕੋ ਦੀ ਬ੍ਰਾਂਚ ਕਮੇਟੀ ਦਾ ਮੈਂਬਰ ਹੈ।
ਸਾਨੂੰ ਕੈਂਟ ਇਲਾਕੇ ਦੇ ਬਰੋਡਸਟੇਅਰਜ਼ ਤੇ ਰਾਮਜ਼ਗੇਟ ਸ਼ਹਿਰਾਂ ਵਿਚ ਭੇਜਿਆ ਗਿਆ ਜਿੱਥੇ ਅਸੀਂ ਕਿਰਾਏ ʼਤੇ ਕਮਰਾ ਲੈ ਲਿਆ। ਉਸ ਸਮੇਂ ਪਾਇਨੀਅਰਾਂ ਨੂੰ ਮਹੀਨੇ ਦੇ ਖ਼ਰਚੇ-ਪਾਣੀ ਲਈ 40 ਸ਼ਲਿੰਗ (400 ਰੁਪਏ) ਮਿਲਦੇ ਸਨ। ਕਮਰੇ ਦਾ ਕਿਰਾਇਆ ਦੇਣ ਤੋਂ ਬਾਅਦ ਸਾਡੇ ਕੋਲ ਬਹੁਤ ਥੋੜ੍ਹੇ ਪੈਸੇ ਬਚਦੇ ਸਨ ਤੇ ਸਾਨੂੰ ਪਤਾ ਨਹੀਂ ਹੁੰਦਾ ਸੀ ਕਿ ਅਸੀਂ ਅਗਲੇ ਡੰਗ ਦੀ ਰੋਟੀ ਕਿੱਥੋਂ ਖਾਣੀ ਹੈ। ਪਰ ਯਹੋਵਾਹ ਕਿਸੇ-ਨਾ-ਕਿਸੇ ਤਰੀਕੇ ਨਾਲ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਰਿਹਾ।
ਅਸੀਂ ਜ਼ਿਆਦਾਤਰ ਸਾਈਕਲਾਂ ʼਤੇ ਆਉਂਦੇ-ਜਾਂਦੇ ਸੀ। ਇਕ ਤਾਂ ਸਾਡੇ ਸਾਈਕਲਾਂ ʼਤੇ ਕਿਤਾਬਾਂ-ਰਸਾਲਿਆਂ ਵਗੈਰਾ ਦਾ ਭਾਰ ਹੁੰਦਾ ਸੀ ਤੇ ਦੂਜਾ ਉੱਤਰੀ ਸਮੁੰਦਰ ਵੱਲੋਂ ਆਉਂਦੀਆਂ ਹਵਾਵਾਂ ਕਰਕੇ ਸਾਈਕਲ ਚਲਾਉਣਾ ਔਖਾ ਹੁੰਦਾ ਸੀ। ਇਸ ਦੇ ਨਾਲ-ਨਾਲ ਸਾਨੂੰ ਬੰਬਾਂ ਤੇ ਜਰਮਨ ਮਿਸਾਈਲਾਂ ਤੋਂ ਵੀ ਖ਼ਤਰਾ ਸੀ ਜੋ ਲੰਡਨ ਵੱਲ ਦਾਗੀਆਂ ਜਾਂਦੀਆਂ ਸਨ। ਇਹ ਮਿਸਾਈਲਾਂ ਕੈਂਟ ਦੇ ਇਲਾਕੇ ਤੋਂ ਬੜੀ ਘੱਟ ਉਚਾਈ ʼਤੇ ਉੱਡਦੀਆਂ ਸਨ। ਇਕ ਵਾਰ ਇਕ ਬੰਬ ਮੇਰੇ ਸਿਰ ਦੇ ਉੱਪਰੋਂ ਦੀ ਲੰਘਿਆ ਜਿਸ ਕਰਕੇ ਮੈਂ ਸਾਈਕਲ ਤੋਂ ਇਕ ਟੋਏ ਵਿਚ ਛਲਾਂਗ ਮਾਰੀ। ਇਹ ਬੰਬ ਨੇੜੇ ਇਕ ਖੇਤ ਵਿਚ ਡਿਗ ਕੇ ਫਟ ਗਿਆ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਕੈਂਟ ਵਿਚ ਕਈ ਸਾਲ ਪਾਇਨੀਅਰਿੰਗ ਕਰਨ ਦਾ ਮਜ਼ਾ ਲਿਆ।
ਬੈਥਲ ਵਿਚ ਸੇਵਾ
ਮੇਰੇ ਮੰਮੀ ਜੀ ਹਮੇਸ਼ਾ ਬੈਥਲ ਬਾਰੇ ਚੰਗੀਆਂ ਗੱਲਾਂ ਹੀ ਕਰਦੇ ਸਨ। ਉਹ ਕਿਹਾ ਕਰਦੇ ਸਨ: “ਮੈਂ ਇਸ ਤੋਂ ਇਲਾਵਾ ਕੁਝ ਨਹੀਂ ਚਾਹੁੰਦੀ ਕਿ ਤੂੰ ਬੈਥਲ ਵਿਚ ਸੇਵਾ ਕਰੇਂ।” ਸੋ ਮੇਰੀ ਖ਼ੁਸ਼ੀ ਤੇ ਹੈਰਾਨੀ ਦਾ ਅੰਦਾਜ਼ਾ ਲਗਾਓ ਜਦੋਂ ਜਨਵਰੀ 1946 ਵਿਚ ਮੈਨੂੰ ਲੰਡਨ ਬੈਥਲ ਵਿਚ ਤਿੰਨ ਹਫ਼ਤਿਆਂ ਲਈ ਕੰਮ ਕਰਨ ਦਾ ਸੱਦਾ ਮਿਲਿਆ। ਅਖ਼ੀਰਲੇ ਹਫ਼ਤੇ ਵਿਚ ਬ੍ਰਾਂਚ ਸੇਵਕ ਪਰਾਈਸ ਹਿਊਜ਼ ਨੇ ਮੈਨੂੰ ਬੈਥਲ ਵਿਚ ਰਹਿਣ ਲਈ ਪੁੱਛਿਆ। ਉੱਥੇ ਮੈਨੂੰ ਜੋ ਵੀ ਸਿਖਲਾਈ ਮਿਲੀ ਉਸ ਤੋਂ ਮੈਨੂੰ ਅੱਜ ਤਕ ਫ਼ਾਇਦਾ ਹੋ ਰਿਹਾ ਹੈ।
ਉਸ ਸਮੇਂ ਬੈਥਲ ਵਿਚ ਸਿਰਫ਼ 30 ਜਣੇ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਰਾ ਨੌਜਵਾਨ ਤੇ ਕੁਆਰੇ ਸਨ। ਨਾਲੇ ਕੁਝ ਚੁਣੇ ਹੋਏ ਭਰਾ ਵੀ ਸਨ, ਜਿਵੇਂ ਪਰਾਈਸ ਹਿਊਜ਼, ਐਡਗਰ ਕਲੇ ਅਤੇ ਜੈੱਕ ਬਾਰ ਜੋ ਬਾਅਦ ਵਿਚ ਪ੍ਰਬੰਧਕ ਸਭਾ ਦਾ ਮੈਂਬਰ ਬਣਿਆ। ਇਹ ਭਰਾ ਸੰਗਠਨ ਦੇ ‘ਥੰਮ੍ਹਾਂ’ ਵਾਂਗ ਸਨ। ਜਵਾਨੀ ਵਿਚ ਹੀ ਮੈਨੂੰ ਇਨ੍ਹਾਂ ਦੀ ਅਗਵਾਈ ਅਧੀਨ ਮਸੀਹ ਦੇ ਭਰਾਵਾਂ ਦੀ ਮਦਦ ਕਰਨ ਦਾ ਸਨਮਾਨ ਮਿਲਿਆ।—ਗਲਾ. 2:9.
ਇਕ ਦਿਨ ਬੈਥਲ ਵਿਚ ਇਕ ਭਰਾ ਨੇ ਮੈਨੂੰ ਕਿਹਾ ਕਿ ਬਾਹਰ ਤੈਨੂੰ ਕੋਈ ਭੈਣ ਮਿਲਣ ਆਈ ਹੈ। ਜਦੋਂ ਮੈਂ ਦੇਖਿਆ, ਤਾਂ ਮੈਂ ਹੈਰਾਨ ਰਹਿ ਗਿਆ। ਉਹ ਮੇਰੇ ਮੰਮੀ ਜੀ ਸਨ ਜਿਨ੍ਹਾਂ ਦੇ ਹੱਥ ਵਿਚ ਇਕ ਪੈਕਟ ਸੀ। ਉਨ੍ਹਾਂ ਨੇ ਕਿਹਾ ਕਿ ਉਹ ਅੰਦਰ ਆ ਕੇ ਮੇਰੇ ਕੰਮ ਵਿਚ ਵਿਘਨ ਨਹੀਂ ਪਾਉਣਾ ਚਾਹੁੰਦੇ ਤੇ ਉਹ ਮੈਨੂੰ ਪੈਕਟ ਦੇ ਕੇ ਬਾਹਰੋਂ ਹੀ ਚਲੇ ਗਏ। ਉਸ ਵਿਚ ਇਕ ਗਰਮ ਕੋਟ ਸੀ। ਉਨ੍ਹਾਂ ਦੇ ਇਸ ਪਿਆਰ-ਭਰੇ ਤੋਹਫ਼ੇ ਨੇ ਮੈਨੂੰ ਹੰਨਾਹ ਦੀ ਯਾਦ ਦਿਵਾਈ ਜੋ ਆਪਣੇ ਛੋਟੇ ਮੁੰਡੇ ਲਈ ਚੋਗਾ ਲੈ ਕੇ ਆਉਂਦੀ ਹੁੰਦੀ ਸੀ ਜਦੋਂ ਉਹ ਤੰਬੂ ਵਿਚ ਸੇਵਾ ਕਰਦਾ ਹੁੰਦਾ ਸੀ।—1 ਸਮੂ. 2:18, 19.
ਗਿਲਿਅਡ—ਨਾ ਭੁੱਲਣ ਵਾਲਾ ਤਜਰਬਾ
1947 ਵਿਚ ਬੈਥਲ ਵਿਚ ਸੇਵਾ ਕਰ ਰਹੇ ਸਾਨੂੰ ਪੰਜ ਭਰਾਵਾਂ ਨੂੰ ਅਮਰੀਕਾ ਵਿਚ ਗਿਲਿਅਡ ਸਕੂਲ ਲਈ ਸੱਦਾ ਮਿਲਿਆ। ਇਸ ਤੋਂ ਅਗਲੇ ਸਾਲ ਅਸੀਂ ਗਿਲਿਅਡ ਦੀ 11ਵੀਂ ਕਲਾਸ ਵਿਚ ਹਾਜ਼ਰ ਹੋਏ। ਇਹ ਸਕੂਲ ਨਿਊਯਾਰਕ ਰਾਜ ਦੇ ਉੱਤਰੀ ਭਾਗ ਵਿਚ ਸੀ। ਜਦੋਂ ਅਸੀਂ ਉੱਥੇ ਪਹੁੰਚੇ, ਉਦੋਂ ਬਹੁਤ ਹੀ ਠੰਢ ਸੀ। ਮੈਂ ਕਿੰਨਾ ਖ਼ੁਸ਼ ਸੀ ਕਿ ਮੰਮੀ ਜੀ ਵੱਲੋਂ ਦਿੱਤਾ ਗਰਮ ਕੋਟ ਆਪਣੇ ਨਾਲ ਲੈ ਕੇ ਆਇਆ ਸੀ!
ਮੈਂ ਗਿਲਿਅਡ ਵਿਚ ਬਿਤਾਏ ਛੇ ਮਹੀਨਿਆਂ ਨੂੰ ਕਦੇ ਨਹੀਂ ਭੁੱਲ ਸਕਦਾ। 16 ਦੇਸ਼ਾਂ ਤੋਂ ਆਏ ਭੈਣ-ਭਰਾਵਾਂ ਨਾਲ ਸਮਾਂ ਬਿਤਾ ਕੇ ਮੈਂ ਬਹੁਤ ਕੁਝ ਸਿੱਖਿਆ। ਇਸ ਦੇ ਨਾਲ-ਨਾਲ ਇਸ ਸਿਖਲਾਈ ਕਰਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਗੂੜ੍ਹਾ ਹੋਇਆ ਤੇ ਸੱਚਾਈ ਵਿਚ ਤਕੜੇ ਭਰਾਵਾਂ ਤੋਂ ਵੀ ਫ਼ਾਇਦਾ ਹੋਇਆ, ਜਿਵੇਂ ਮੇਰੇ ਨਾਲ ਦਾ ਵਿਦਿਆਰਥੀ ਲੋਇਡ ਬੈਰੀ, ਸਿੱਖਿਅਕ ਐਲਬਰਟ ਸ਼੍ਰੋਡਰ ਤੇ ਕਿੰਗਡਮ ਫਾਰਮ (ਜਿੱਥੇ ਗਿਲਿਅਡ ਸਕੂਲ ਸੀ) ਦਾ ਓਵਰਸੀਅਰ ਜੌਨ ਬੂਥ ਜਿਹੜੇ ਬਾਅਦ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਬਣੇ। ਮੈਂ ਇਨ੍ਹਾਂ ਭਰਾਵਾਂ ਤੋਂ ਮਿਲੀ ਸਲਾਹ ਦੀ ਬਹੁਤ ਕਦਰ ਕਰਦਾ ਹਾਂ ਤੇ ਮੈਂ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਇਨ੍ਹਾਂ ਦੀ ਵਫ਼ਾਦਾਰੀ ਦੀ ਮਿਸਾਲ ਉੱਤੇ ਚੱਲ ਰਿਹਾ ਹਾਂ।
ਸਰਕਟ ਕੰਮ ਤੇ ਦੁਬਾਰਾ ਬੈਥਲ ਵਿਚ
ਗਿਲਿਅਡ ਸਕੂਲ ਤੋਂ ਬਾਅਦ ਮੈਨੂੰ ਓਹੀਓ, ਅਮਰੀਕਾ ਵਿਚ ਸਰਕਟ ਕੰਮ ਲਈ ਭੇਜਿਆ ਗਿਆ। ਮੈਂ ਸਿਰਫ਼ 21 ਸਾਲਾਂ ਦਾ ਸੀ ਅਤੇ ਜੋਸ਼ ਨਾਲ ਭਰਿਆ ਹੋਇਆ ਸੀ ਤੇ ਭਰਾਵਾਂ ਨੇ ਮੇਰਾ ਨਿੱਘਾ ਸੁਆਗਤ ਕੀਤਾ। ਸਰਕਟ ਕੰਮ ਵਿਚ ਮੈਂ ਸਿਆਣੇ ਭਰਾਵਾਂ ਦੇ ਤਜਰਬੇ ਤੋਂ ਕਾਫ਼ੀ ਕੁਝ ਸਿੱਖਿਆ।
ਕੁਝ ਮਹੀਨਿਆਂ ਬਾਅਦ ਮੈਨੂੰ ਬਰੁਕਲਿਨ ਬੈਥਲ ਵਿਚ ਹੋਰ ਟ੍ਰੇਨਿੰਗ ਲੈਣ ਲਈ ਦੁਬਾਰਾ ਬੁਲਾਇਆ ਗਿਆ। ਇਸ ਸਮੇਂ ਦੌਰਾਨ ਮੈਨੂੰ ਸੰਗਠਨ ਵਿਚ ਥੰਮ੍ਹਾਂ ਵਰਗੇ ਕੁਝ ਭਰਾਵਾਂ ਨੂੰ ਜਾਣਨ ਦਾ ਮੌਕਾ ਮਿਲਿਆ, ਜਿਵੇਂ ਮਿਲਟਨ ਹੈੱਨਸ਼ਲ, ਕਾਰਲ ਕਲਾਈਨ, ਨੇਥਨ ਨੌਰ, ਟੀ. ਜੇ. (ਬੱਡ) ਸਲਵਨ ਤੇ ਲਾਇਮਨ ਸਵਿੰਗਲ। ਇਨ੍ਹਾਂ ਸਾਰਿਆਂ ਨੇ ਪ੍ਰਬੰਧਕ ਸਭਾ ਦੇ ਮੈਂਬਰਾਂ ਵਜੋਂ ਸੇਵਾ ਕੀਤੀ। ਮੈਂ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਤੇ ਉਨ੍ਹਾਂ ਦੇ ਮਸੀਹੀ ਗੁਣਾਂ ਤੋਂ ਬਹੁਤ ਕੁਝ ਸਿੱਖਿਆ। ਨਾਲੇ ਯਹੋਵਾਹ ਦੇ ਸੰਗਠਨ ਵਿਚ ਮੇਰਾ ਭਰੋਸਾ ਕਈ ਗੁਣਾ ਵਧ ਗਿਆ। ਮੈਨੂੰ ਫਿਰ ਤੋਂ ਯੂਰਪ ਵਿਚ ਸੇਵਾ ਕਰਨ ਲਈ ਭੇਜਿਆ ਗਿਆ।
ਫਰਵਰੀ 1950 ਵਿਚ ਮੇਰੇ ਮੰਮੀ ਜੀ ਨਹੀਂ ਰਹੇ। ਸੰਸਕਾਰ ਤੋਂ ਬਾਅਦ ਮੈਂ ਆਪਣੇ ਡੈਡੀ ਜੀ ਤੇ ਆਪਣੀ ਭੈਣ ਡੋਰਾ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਮੰਮੀ ਜੀ ਗੁਜ਼ਰ ਗਏ ਸਨ ਤੇ ਮੈਂ ਵੀ ਘਰ ਛੱਡ ਦਿੱਤਾ ਸੀ, ਇਸ ਲਈ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਹੁਣ ਸੱਚਾਈ ਬਾਰੇ ਗੰਭੀਰਤਾ ਨਾਲ ਸੋਚਣਗੇ ਕਿ ਨਹੀਂ। ਉਹ ਇਕ ਚੁਣੇ ਹੋਏ ਮਸੀਹੀ ਭਰਾ ਹੈਰੀ ਬਰਾਊਨਿੰਗ ਨੂੰ ਜਾਣਦੇ ਸਨ ਤੇ ਉਨ੍ਹਾਂ ਦੀ ਇੱਜ਼ਤ ਕਰਦੇ ਸਨ। ਡੈਡੀ ਜੀ ਉਸ ਨਾਲ ਬਾਈਬਲ ਦਾ ਅਧਿਐਨ ਕਰਨ ਲਈ ਮੰਨ ਗਏ। ਇਕ ਸਾਲ ਦੇ ਅੰਦਰ-ਅੰਦਰ ਡੈਡੀ ਜੀ ਤੇ ਡੋਰਾ ਨੇ ਬਪਤਿਸਮਾ ਲੈ ਲਿਆ। ਡੈਡੀ ਜੀ ਨੂੰ ਬਾਅਦ ਵਿਚ ਜਿਲਿੰਘਮ ਮੰਡਲੀ ਵਿਚ ਸਹਾਇਕ ਸੇਵਕ ਬਣਾਇਆ ਗਿਆ। ਡੈਡੀ ਜੀ ਦੀ ਮੌਤ ਤੋਂ ਬਾਅਦ ਡੋਰਾ ਨੇ ਵਫ਼ਾਦਾਰ ਬਜ਼ੁਰਗ ਰੌਏ ਮੋਰਟਨ ਨਾਲ ਵਿਆਹ ਕਰਵਾ ਲਿਆ। ਉਹ 2010 ਵਿਚ ਆਪਣੀ ਮੌਤ ਤਕ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਦੀ ਰਹੀ।
ਫਰਾਂਸ ਵਿਚ ਸੇਵਾ
ਮੈਂ ਸਕੂਲ ਵਿਚ ਫ੍ਰੈਂਚ, ਜਰਮਨ ਤੇ ਲਾਤੀਨੀ ਭਾਸ਼ਾਵਾਂ ਸਿੱਖੀਆਂ ਸਨ। ਇਨ੍ਹਾਂ ਤਿੰਨਾਂ ਵਿੱਚੋਂ ਮੈਨੂੰ ਫ੍ਰੈਂਚ ਸਭ ਤੋਂ ਔਖੀ ਲੱਗਦੀ ਸੀ। ਸੋ ਜਦੋਂ ਮੈਨੂੰ ਫਰਾਂਸ ਦੇ ਪੈਰਿਸ ਬੈਥਲ ਵਿਚ ਸੇਵਾ ਕਰਨ ਲਈ ਕਿਹਾ ਗਿਆ, ਤਾਂ ਮੈਂ ਖ਼ੁਸ਼ ਵੀ ਸੀ ਤੇ ਮੈਨੂੰ ਡਰ ਵੀ ਲੱਗ ਰਿਹਾ ਸੀ। ਉੱਥੇ ਮੈਨੂੰ ਬ੍ਰਾਂਚ ਸੇਵਕ ਓਂਰੀ ਗਾਈਗਰ, ਜੋ ਚੁਣਿਆ ਹੋਇਆ ਬਜ਼ੁਰਗ ਭਰਾ ਸੀ, ਨਾਲ ਕੰਮ ਕਰਨ ਦਾ ਸਨਮਾਨ ਮਿਲਿਆ। ਉੱਥੇ ਮੇਰੇ ਲਈ ਕੰਮ ਕਰਨਾ ਹਮੇਸ਼ਾ ਸੌਖਾ ਨਹੀਂ ਸੀ ਤੇ ਬਿਨਾਂ ਸ਼ੱਕ ਮੈਂ ਕਾਫ਼ੀ ਗ਼ਲਤੀਆਂ ਵੀ ਕੀਤੀਆਂ, ਪਰ ਮੈਂ ਇਹ ਸਿੱਖਿਆ ਕਿ ਕਿਸ ਤਰ੍ਹਾਂ ਦੂਸਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ।
ਯੁੱਧ ਤੋਂ ਬਾਅਦ 1951 ਵਿਚ ਪੈਰਿਸ ਵਿਚ ਪਹਿਲੀ ਵਾਰ ਅੰਤਰਰਾਸ਼ਟਰੀ ਸੰਮੇਲਨ ਕਰਨ ਦੀ ਯੋਜਨਾ ਬਣਾਈ ਗਈ। ਮੈਂ ਵੀ ਇਸ ਦਾ ਪ੍ਰਬੰਧ ਕਰਨ ਵਿਚ ਹੱਥ ਵਟਾਇਆ। ਇਕ ਨੌਜਵਾਨ ਸਫ਼ਰੀ ਨਿਗਾਹਬਾਨ ਲਿਓਪੋਲਡ ਜ਼ੌਂਟੇਸ ਮੇਰੀ ਮਦਦ ਕਰਨ ਲਈ ਬੈਥਲ ਆਇਆ। ਬਾਅਦ ਵਿਚ ਲਿਓਪੋਲਡ ਬ੍ਰਾਂਚ ਓਵਰਸੀਅਰ ਬਣਿਆ। ਸੰਮੇਲਨ ਆਈਫਲ ਟਾਵਰ ਦੇ ਨੇੜੇ ਇਕ ਵੱਡੇ ਸਟੇਡੀਅਮ ਵਿਚ ਹੋਇਆ। 28 ਦੇਸ਼ਾਂ ਤੋਂ ਭੈਣ-ਭਰਾ ਆਏ। ਅਖ਼ੀਰਲੇ ਦਿਨ ਫਰਾਂਸ ਦੇ 6,000 ਗਵਾਹ ਸੰਮੇਲਨ ਵਿਚ 10,456 ਲੋਕਾਂ ਨੂੰ ਦੇਖ ਕੇ ਬਹੁਤ ਹੀ ਖ਼ੁਸ਼ ਹੋਏ।
ਜਦੋਂ ਮੈਂ ਪਹਿਲੀ ਵਾਰ ਫਰਾਂਸ ਆਇਆ ਸੀ, ਉਦੋਂ ਮੈਂ ਚੰਗੀ ਤਰ੍ਹਾਂ ਫ੍ਰੈਂਚ ਨਹੀਂ ਬੋਲ ਸਕਦਾ ਸੀ। ਨਾਲੇ ਮੈਂ ਇਕ ਗ਼ਲਤੀ ਕੀਤੀ। ਮੈਂ ਉਦੋਂ ਹੀ ਫ੍ਰੈਂਚ ਬੋਲਦਾ ਸੀ ਜਦੋਂ ਮੈਨੂੰ ਪਤਾ ਹੁੰਦਾ ਸੀ ਕਿ ਮੈਂ ਜੋ ਕਹਿਣਾ ਹੈ ਉਹ ਠੀਕ ਹੈ। ਪਰ ਜਦੋਂ ਤਕ ਤੁਸੀਂ ਗ਼ਲਤੀਆਂ ਨਹੀਂ ਕਰਦੇ ਉਦੋਂ ਤਕ ਤੁਹਾਨੂੰ ਕੋਈ ਨਹੀਂ ਸੁਧਾਰੇਗਾ ਤੇ ਤੁਸੀਂ ਕਦੀ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖ ਸਕੋਗੇ।
ਮੈਂ ਫ੍ਰੈਂਚ ਸਿੱਖਣ ਲਈ ਉਸ ਸਕੂਲ ਵਿਚ ਦਾਖ਼ਲਾ ਲੈ ਲਿਆ ਜਿੱਥੇ ਵਿਦੇਸ਼ੀਆਂ ਨੂੰ ਫ੍ਰੈਂਚ ਸਿਖਾਈ ਜਾਂਦੀ ਸੀ। ਮੈਂ ਉਨ੍ਹਾਂ ਦਿਨਾਂ ਤੇ ਸ਼ਾਮ ਨੂੰ ਕਲਾਸਾਂ ਲਾਉਂਦਾ ਸੀ ਜਦੋਂ ਮੀਟਿੰਗ ਨਹੀਂ ਹੁੰਦੀ ਸੀ। ਮੈਨੂੰ ਫ੍ਰੈਂਚ ਭਾਸ਼ਾ ਚੰਗੀ ਲੱਗਣ ਲੱਗੀ। ਫ੍ਰੈਂਚ ਸਿੱਖਣੀ ਮੇਰੇ ਲਈ ਫ਼ਾਇਦੇਮੰਦ ਸਾਬਤ ਹੋਈ ਕਿਉਂਕਿ ਮੈਂ ਫਰਾਂਸ ਦੇ ਬੈਥਲ ਵਿਚ ਅਨੁਵਾਦ ਦੇ ਕੰਮ ਵਿਚ ਮਦਦ ਕਰ ਸਕਿਆ। ਸਮੇਂ ਦੇ ਬੀਤਣ ਨਾਲ ਮੈਂ ਅਨੁਵਾਦਕ ਬਣ ਗਿਆ ਤੇ ਅੰਗ੍ਰੇਜ਼ੀ ਤੋਂ ਫ੍ਰੈਂਚ ਵਿਚ ਅਨੁਵਾਦ ਕਰਨ ਲੱਗਾ। ਦੁਨੀਆਂ ਭਰ ਵਿਚ ਫ੍ਰੈਂਚ ਭਾਸ਼ਾ ਬੋਲਣ ਵਾਲੇ ਭੈਣਾਂ-ਭਰਾਵਾਂ ਨੂੰ “ਸਮਝਦਾਰ ਨੌਕਰ” ਵੱਲੋਂ ਪਰਮੇਸ਼ੁਰ ਦਾ ਗਿਆਨ ਦੇਣ ਵਿਚ ਮਦਦ ਕਰਨੀ ਕਿੰਨਾ ਹੀ ਵੱਡਾ ਸਨਮਾਨ ਹੈ!—ਮੱਤੀ 24:45-47.
ਵਿਆਹ ਤੇ ਹੋਰ ਸਨਮਾਨ
ਮੈਂ 1956 ਵਿਚ ਐਸਤਰ ਨਾਲ ਵਿਆਹ ਕਰਵਾ ਲਿਆ। ਇਹ ਸਵਿਟਜ਼ਰਲੈਂਡ ਦੀ ਰਹਿਣ ਵਾਲੀ ਪਾਇਨੀਅਰ ਭੈਣ ਸੀ ਜਿਸ ਨੂੰ ਮੈਂ ਕੁਝ ਸਾਲ ਪਹਿਲਾਂ ਮਿਲਿਆ ਸੀ। ਸਾਡਾ ਵਿਆਹ ਲੰਡਨ ਬੈਥਲ ਦੇ ਨਾਲ ਲੱਗਦੇ ਕਿੰਗਡਮ ਹਾਲ ਵਿਚ ਹੋਇਆ ਸੀ (ਇਸ ਨੂੰ ਪਹਿਲਾਂ ਲੰਡਨ ਟੈਬਰਨੈੱਕਲ ਕਿਹਾ ਜਾਂਦਾ ਸੀ ਜਿੱਥੇ ਮੇਰੇ ਮੰਮੀ ਜੀ ਦਾ ਬਪਤਿਸਮਾ ਹੋਇਆ ਸੀ)। ਭਰਾ ਹਿਊਜ਼ ਨੇ ਸਾਡੇ ਵਿਆਹ ਦਾ ਭਾਸ਼ਣ ਦਿੱਤਾ ਸੀ। ਐਸਤਰ ਦੇ ਮੰਮੀ ਵੀ ਵਿਆਹ ਵਿਚ ਆਏ ਸਨ ਤੇ ਉਨ੍ਹਾਂ ਦੀ ਵੀ ਸਵਰਗ ਜਾਣ ਦੀ ਆਸ ਸੀ। ਐਸਤਰ ਇਕ ਪਿਆਰੀ ਤੇ ਵਫ਼ਾਦਾਰ ਜੀਵਨ ਸਾਥੀ ਸਾਬਤ ਹੋਈ। ਨਾਲੇ ਕਈ ਵਾਰ ਮੈਨੂੰ ਆਪਣੀ ਸੱਸ ਨਾਲ ਸਮਾਂ ਬਿਤਾਉਣ ਦਾ ਮੌਕਾ ਵੀ ਮਿਲਿਆ ਜੋ ਸੱਚਾਈ ਵਿਚ ਬਹੁਤ ਹੀ ਮਜ਼ਬੂਤ ਸਨ। ਉਹ ਸੰਨ 2000 ਵਿਚ ਗੁਜ਼ਰ ਗਏ।
ਵਿਆਹ ਤੋਂ ਬਾਅਦ ਮੈਂ ਤੇ ਐਸਤਰ ਪੈਰਿਸ ਦੇ ਬੈਥਲ ਤੋਂ ਬਾਹਰ ਰਹਿਣ ਲੱਗ ਪਏ। ਮੈਂ ਬੈਥਲ ਲਈ ਅਨੁਵਾਦ ਦਾ ਕੰਮ ਕਰਦਾ ਰਿਹਾ ਤੇ ਐਸਤਰ ਪੈਰਿਸ ਵਿਚ ਸਪੈਸ਼ਲ ਪਾਇਨੀਅਰ ਦੇ ਤੌਰ ਤੇ ਸੇਵਾ ਕਰਦੀ ਰਹੀ। ਉਸ ਨੇ ਕਈ ਲੋਕਾਂ ਦੀ ਯਹੋਵਾਹ ਦੇ ਗਵਾਹ ਬਣਨ ਵਿਚ ਮਦਦ ਕੀਤੀ। ਸਾਨੂੰ 1964 ਵਿਚ ਬੈਥਲ ਆਉਣ ਦਾ ਸੱਦਾ ਮਿਲਿਆ। ਫਿਰ ਜਦੋਂ 1976 ਵਿਚ ਬ੍ਰਾਂਚ ਕਮੇਟੀਆਂ ਦਾ ਪ੍ਰਬੰਧ ਸ਼ੁਰੂ ਹੋਇਆ, ਤਾਂ ਮੈਨੂੰ ਫਰਾਂਸ ਦੀ ਬ੍ਰਾਂਚ ਕਮੇਟੀ ਦਾ ਮੈਂਬਰ ਬਣਾਇਆ ਗਿਆ। ਇਨ੍ਹਾਂ ਸਾਰੇ ਸਾਲਾਂ ਦੌਰਾਨ ਐਸਤਰ ਨੇ ਯਹੋਵਾਹ ਦੀ ਸੇਵਾ ਕਰਨ ਵਿਚ ਹਮੇਸ਼ਾ ਮੇਰਾ ਸਾਥ ਦਿੱਤਾ।
“ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ”
ਮੈਨੂੰ ਨਿਊਯਾਰਕ ਵਿਚ ਵਰਲਡ ਹੈੱਡ-ਕੁਆਰਟਰ ਜਾਣ ਦਾ ਮੌਕਾ ਮਿਲਦਾ ਰਿਹਾ। ਇਨ੍ਹਾਂ ਮੌਕਿਆਂ ਦੌਰਾਨ ਮੈਨੂੰ ਪ੍ਰਬੰਧਕ ਸਭਾ ਦੇ ਅਲੱਗ-ਅਲੱਗ ਮੈਂਬਰਾਂ ਤੋਂ ਵਧੀਆ ਸਲਾਹ ਮਿਲਦੀ ਸੀ। ਮਿਸਾਲ ਲਈ, ਇਕ ਵਾਰ ਕੋਈ ਕੰਮ ਸਮੇਂ ਸਿਰ ਖ਼ਤਮ ਕਰਨਾ ਮੁਸ਼ਕਲ ਲੱਗ ਰਿਹਾ ਸੀ ਤੇ ਇਸ ਪ੍ਰਤੀ ਮੈਂ ਭਰਾ ਨੌਰ ਨੂੰ ਆਪਣੀ ਚਿੰਤਾ ਜ਼ਾਹਰ ਕੀਤੀ। ਉਸ ਨੇ ਮੁਸਕਰਾਉਂਦਿਆਂ ਕਿਹਾ: “ਘਬਰਾ ਨਾ। ਕੰਮ ਕਰੀ ਜਾ!” ਬਹੁਤ ਵਾਰੀ ਜਦੋਂ ਕਿੰਨਾ ਕੰਮ ਜਮ੍ਹਾ ਹੋ ਜਾਂਦਾ ਹੈ, ਤਾਂ ਮੈਂ ਘਬਰਾਉਣ ਦੀ ਬਜਾਇ ਇਕ ਤੋਂ ਬਾਅਦ ਇਕ ਕੰਮ ਕਰਦਾ ਰਹਿੰਦਾ ਹਾਂ। ਇਸ ਤਰ੍ਹਾਂ ਸਮੇਂ ਸਿਰ ਤਕਰੀਬਨ ਸਾਰੇ ਕੰਮ ਖ਼ਤਮ ਹੋ ਹੀ ਜਾਂਦੇ ਹਨ।
ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ।” (ਮੱਤੀ 26:11) ਅਸੀਂ ਹੋਰ ਭੇਡਾਂ ਦੇ ਲੋਕ ਵੀ ਇਹ ਗੱਲ ਜਾਣਦੇ ਹਾਂ ਕਿ ਮਸੀਹ ਦੇ ਚੁਣੇ ਹੋਏ ਭਰਾ ਹਮੇਸ਼ਾ ਸਾਡੇ ਨਾਲ ਇਸ ਧਰਤੀ ʼਤੇ ਨਹੀਂ ਰਹਿਣਗੇ। ਮੈਂ ਸਮਝਦਾ ਹਾਂ ਕਿ 70 ਸਾਲਾਂ ਦੌਰਾਨ ਬਹੁਤ ਸਾਰੇ ਚੁਣੇ ਹੋਏ ਭੈਣਾਂ-ਭਰਾਵਾਂ ਨਾਲ ਕੰਮ ਕਰਨਾ ਬੜੇ ਸਨਮਾਨ ਦੀ ਗੱਲ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਂ 70 ਸਾਲਾਂ ਤੋਂ ਇਕ ਯਹੂਦੀ ਦਾ ਪੱਲਾ ਫੜਿਆ ਹੋਇਆ ਹੈ।
[ਫੁਟਨੋਟ]
[ਸਫ਼ਾ 21 ਉੱਤੇ ਸੁਰਖੀ]
ਭਰਾ ਨੌਰ ਨੇ ਮੁਸਕਰਾਉਂਦਿਆਂ ਕਿਹਾ: “ਘਬਰਾ ਨਾ। ਕੰਮ ਕਰੀ ਜਾ!”
[ਸਫ਼ਾ 19 ਉੱਤੇ ਤਸਵੀਰਾਂ]
(ਖੱਬੇ) ਮੇਰੇ ਮਾਤਾ-ਪਿਤਾ
(ਸੱਜੇ) 1948 ਵਿਚ ਗਿਲਿਅਡ ਕੈਂਪਸ ਵਿਚ ਆਪਣੇ ਮੰਮੀ ਜੀ ਵੱਲੋਂ ਦਿੱਤਾ ਗਰਮ ਕੋਟ ਪਾਇਆ ਹੋਇਆ
[ਸਫ਼ਾ 20 ਉੱਤੇ ਤਸਵੀਰ]
1997 ਵਿਚ ਫਰਾਂਸ ਦੀ ਬ੍ਰਾਂਚ ਦੇ ਸਮਰਪਣ ਵਾਲੇ ਦਿਨ ਭਰਾ ਲੋਇਡ ਬੈਰੀ ਦੇ ਭਾਸ਼ਣ ਦਾ ਅਨੁਵਾਦ ਕਰਦਾ ਹੋਇਆ
[ਸਫ਼ਾ 21 ਉੱਤੇ ਤਸਵੀਰਾਂ]
(ਖੱਬੇ) ਐਸਤਰ ਨਾਲ ਵਿਆਹ ਵਾਲੇ ਦਿਨ
(ਸੱਜੇ) ਇਕੱਠੇ ਪ੍ਰਚਾਰ ਕਰਦਿਆਂ