ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/03 ਸਫ਼ੇ 3-6
  • ਕੀ ਤੁਸੀਂ ਆ ਸਕਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਆ ਸਕਦੇ ਹੋ?
  • ਸਾਡੀ ਰਾਜ ਸੇਵਕਾਈ—2003
  • ਮਿਲਦੀ-ਜੁਲਦੀ ਜਾਣਕਾਰੀ
  • ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਚੰਗੇ ਕੰਮ ਜੋ ਭੁਲਾਏ ਨਹੀਂ ਜਾ ਸਕਦੇ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਖੁੱਲ੍ਹਾ ਸੱਦਾ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਬੈਥਲ ਕੀ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
ਸਾਡੀ ਰਾਜ ਸੇਵਕਾਈ—2003
km 9/03 ਸਫ਼ੇ 3-6

ਕੀ ਤੁਸੀਂ ਆ ਸਕਦੇ ਹੋ?

1 ਸਾਲ 778 ਸਾ.ਯੁ.ਪੂ. ਵਿਚ ਇਕ ਬੇਮਿਸਾਲ ਘਟਨਾ ਵਾਪਰੀ। ਦਰਸ਼ਣ ਵਿਚ ਯਸਾਯਾਹ ਨਬੀ ਨੇ “[ਯਹੋਵਾਹ] ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ।” ਫਿਰ ਯਸਾਯਾਹ ਨੇ ਸਰਾਫ਼ੀਮ ਨੂੰ ਯਹੋਵਾਹ ਦੀ ਮਹਿਮਾ ਵਿਚ ਇਹ ਕਹਿੰਦੇ ਸੁਣਿਆ: “ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ, ਸੈਨਾਂ ਦਾ ਯਹੋਵਾਹ।” ਯਸਾਯਾਹ ਨੂੰ ਇਹ ਦਰਸ਼ਣ ਕਿੰਨਾ ਅਦਭੁਤ ਲੱਗਾ ਹੋਣਾ! ਇਸ ਦਰਸ਼ਣ ਵਿਚ ਯਹੋਵਾਹ ਇਹ ਚੁਣੌਤੀ ਭਰਿਆ ਸਵਾਲ ਪੁੱਛਦਾ ਹੈ: “ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ?” ਜਦੋਂ ਇਹ ਸਵਾਲ ਪੁੱਛਿਆ ਗਿਆ ਸੀ, ਉਸ ਵੇਲੇ ਇਹ ਨਹੀਂ ਦੱਸਿਆ ਗਿਆ ਸੀ ਕਿ ਕੰਮ ਕੀ ਹੋਵੇਗਾ ਜਾਂ ਇਸ ਕੰਮ ਨੂੰ ਕਰਨ ਵਾਲੇ ਵਿਅਕਤੀ ਨੂੰ ਕੋਈ ਫ਼ਾਇਦਾ ਹੋਵੇਗਾ ਜਾਂ ਨਹੀਂ। ਪਰ ਯਸਾਯਾਹ ਨੇ ਬੇਝਿਜਕ ਹੋ ਕੇ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।”—ਯਸਾ. 6:1, 3, 8.

2 ਯਹੋਵਾਹ ਦੇ ਲੋਕਾਂ ਦੀ ਇਹ ਖ਼ਾਸੀਅਤ ਹੈ ਕਿ ਉਹ ਉਸ ਦਾ ਹਰ ਕੰਮ ਕਰਨ ਲਈ ਤਿਆਰ ਰਹਿੰਦੇ ਹਨ। (ਜ਼ਬੂ. 110:3) ਜੋ ਉਸ ਦੀ ਸੇਵਾ ਕਰਨ ਲਈ ਅੱਗੇ ਆ ਸਕਦੇ ਹਨ, ਉਨ੍ਹਾਂ ਨੂੰ ਇਕ ਖ਼ਾਸ ਸੱਦਾ ਦਿੱਤਾ ਜਾ ਰਿਹਾ ਹੈ। ਕੀ ਤੁਸੀਂ ਯਸਾਯਾਹ ਵਾਂਗ ਜਵਾਬ ਦੇਣ ਲਈ ਤਿਆਰ ਹੋ?

3 ਬੈਥਲ ਵਿਚ ਸੇਵਾ ਕਰਨ ਲਈ ਭਰਾਵਾਂ ਦੀ ਬਹੁਤ ਲੋੜ ਹੈ। ਇਨ੍ਹਾਂ ਭਰਾਵਾਂ ਵਿਚ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਦੀ ਗਹਿਰੀ ਇੱਛਾ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਵਿਚ ਮਦਦ ਕਰਨ ਲਈ ਕੋਈ ਵੀ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। (ਮੱਤੀ 6:33) ਅਸਲ ਵਿਚ, ਬੈਥਲ ਪਰਿਵਾਰ ਦਾ ਮੈਂਬਰ ਬਣ ਕੇ ਸੇਵਾ ਕਰਨ ਨਾਲ ਯਹੋਵਾਹ ਦੀ ਪੂਰੇ ਮਨ ਨਾਲ ਸੇਵਾ ਕਰਨ ਦਾ ਖ਼ਾਸ ਮੌਕਾ ਮਿਲਦਾ ਹੈ। ਉਹ ਕਿਵੇਂ?

4 ਬੈਥਲ ਵਿਚ ਕੀਤਾ ਜਾਂਦਾ ਕੰਮ: ਜ਼ਰਾ ਬੰਗਲੌਰ, ਕਰਨਾਟਕ ਵਿਚ ਸਥਿਤ ਬੈਥਲ ਵਿਚ ਬਾਕਾਇਦਾ ਕੀਤੇ ਜਾਂਦੇ ਕੰਮ ਉੱਤੇ ਵਿਚਾਰ ਕਰੋ। ਬੈਥਲ ਪਰਿਵਾਰ ਦੇ 220 ਭੈਣ-ਭਰਾ ਮਾਤਬਰ ਤੇ ਬੁੱਧਵਾਨ ਨੌਕਰ ਅਤੇ ਇਸ ਦੀ ਪ੍ਰਬੰਧਕ ਸਭਾ ਨਾਲ ਮਿਲ ਕੇ ਕੰਮ ਕਰਦੇ ਹਨ। ਉਹ ਦੁਨੀਆਂ ਭਰ ਵਿਚ ਲੋਕਾਂ ਨੂੰ ਵੰਡਣ ਲਈ ਅਤੇ ਨਿੱਜੀ ਅਧਿਐਨ ਲਈ ਬਾਈਬਲ ਆਧਾਰਿਤ ਪ੍ਰਕਾਸ਼ਨ ਤਿਆਰ ਕਰਨ ਵਿਚ ਮਦਦ ਕਰਦੇ ਹਨ। (ਮੱਤੀ 24:45) ਮਿਸਾਲ ਲਈ, ਪਿਛਲੇ ਸੇਵਾ ਸਾਲ ਵਿਚ 75,207 ਕਿਤਾਬਾਂ, 2,63,784 ਪੁਸਤਿਕਾਵਾਂ ਅਤੇ ਬਰੋਸ਼ਰ, 15,665 ਕਲੰਡਰ, 20,20,021 ਰਸਾਲੇ, 33,39,239 ਟ੍ਰੈਕਟ ਅਤੇ 1,033 ਵਿਡਿਓ-ਕੈਸਟਾਂ ਤਿਆਰ ਕਰ ਕੇ ਵੱਖੋ-ਵੱਖਰੀਆਂ ਥਾਵਾਂ ਤੇ ਭੇਜੇ ਗਏ। ਇਹ ਸਾਰਾ ਕੰਮ ਬੰਗਲੌਰ ਦੇ ਬੈਥਲ ਪਰਿਵਾਰ ਨੇ ਮਿਲ ਕੇ ਕੀਤਾ ਹੈ। ਇਨ੍ਹਾਂ ਪ੍ਰਕਾਸ਼ਨਾਂ ਲਈ ‘ਮਨ ਭਾਉਂਦੇ’ ਸ਼ਬਦਾਂ ਦੀ ਖੋਜ ਤੇ ਚੋਣ ਕਰਨ ਅਤੇ ‘ਸਚਿਆਈ ਦੀਆਂ ਗੱਲਾਂ ਲਿਖਣ’ ਵਿਚ ਬਹੁਤ ਮਿਹਨਤ ਕੀਤੀ ਜਾਂਦੀ ਹੈ। (ਉਪ. 12:9, 10) ਪੱਚੀ ਨਾਲੋਂ ਜ਼ਿਆਦਾ ਭਾਸ਼ਾਵਾਂ ਵਿਚ ਸਾਹਿੱਤ ਅਨੁਵਾਦ ਕਰਨ ਵਾਲੇ ਲਗਭਗ 70 ਭੈਣ-ਭਰਾਵਾਂ ਨੂੰ ਵੀ ਸੇਧ ਦਿੱਤੀ ਜਾਂਦੀ ਹੈ। ਸਾਹਿੱਤ ਨੂੰ ਛਾਪਣ ਤੇ ਭੇਜਣ, ਬੈਥਲ ਦੀ ਸਾਫ਼-ਸਫ਼ਾਈ ਅਤੇ ਮੁਰੰਮਤ ਕਰਨ, ਖਾਣਾ ਤਿਆਰ ਕਰਨ, ਖ਼ਰੀਦਦਾਰੀ ਕਰਨ, ਬੈਥਲ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣ ਲਈ ਅਤੇ ਹੋਰ ਕਈ ਕੰਮਾਂ ਵਾਸਤੇ ਬਹੁਤ ਸਾਰੇ ਸਵੈ-ਸੇਵਕਾਂ ਦੀ ਲੋੜ ਪੈਂਦੀ ਹੈ।

5 ਇਹ ਸਭ ਹੈ ਤਾਂ ਬਹੁਤ ਵੱਡਾ ਕੰਮ, ਪਰ ਇਸ ਨੂੰ ਕਰਨ ਨਾਲ ਅਧਿਆਤਮਿਕ ਸੰਤੁਸ਼ਟੀ ਮਿਲਦੀ ਹੈ। ਇਹ ਜਾਣ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਲੋਕਾਂ ਨੂੰ ਪ੍ਰਚਾਰ ਕਰਨ ਤੇ ਸਿੱਖਿਆ ਦੇਣ ਵਿਚ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਰਹੇ ਹਾਂ। ਬੈਥਲ ਵਿਚ ਸੇਵਾ ਕਰਨ ਨਾਲ ਅਸੀਂ ਯਹੋਵਾਹ ਦੇ ਸੰਗਠਨ ਨੂੰ ਜ਼ਿਆਦਾ ਚੰਗੀ ਤਰ੍ਹਾਂ ਜਾਣ ਸਕਦੇ ਹਾਂ। ਸਾਨੂੰ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਚੇਤੇ ਆਉਂਦੇ ਹਨ ਜਿਸ ਨੇ ਇਸਰਾਏਲੀਆਂ ਨੂੰ ਉਤਸ਼ਾਹਿਤ ਕੀਤਾ ਸੀ ਕਿ ਉਹ ਆਪਣੇ ਜ਼ਮਾਨੇ ਦੇ ਪਰਮੇਸ਼ੁਰੀ ਸ਼ਾਸਨ ਦੇ ਜ਼ਮੀਨੀ ਕੇਂਦਰ ਬਾਰੇ ਪੂਰੀ ਜਾਣਕਾਰੀ ਲੈਣ।—ਜ਼ਬੂ. 48:12, 13.

6 ਬੈਥਲ ਵਿਚ ਸੇਵਾ ਕਰਨ ਦੀਆਂ ਬਰਕਤਾਂ: ਬੈਥਲ ਵਿਚ ਸੇਵਾ ਕਰਨ ਵਾਲੇ ਭੈਣ-ਭਰਾ ਆਪਣੇ ਕੰਮ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਬੈਥਲ ਪਰਿਵਾਰ ਦੇ ਜਵਾਨ ਅਤੇ ਬਜ਼ੁਰਗ ਮੈਂਬਰਾਂ ਦੀਆਂ ਟਿੱਪਣੀਆਂ ਤੇ ਗੌਰ ਕਰੋ। ਬੈਥਲ ਵਿਚ ਤਿੰਨ ਸਾਲਾਂ ਤੋਂ ਸੇਵਾ ਕਰ ਰਹੀ ਇਕ ਭੈਣ ਕਹਿੰਦੀ ਹੈ: “ਬੈਥਲ ਆਉਣ ਨਾਲ ਯਹੋਵਾਹ ਨਾਲ ਮੇਰਾ ਰਿਸ਼ਤਾ ਗੂੜ੍ਹਾ ਹੋਇਆ ਹੈ। ਜਿੱਦਾਂ-ਜਿੱਦਾਂ ਸਮਾਂ ਬੀਤਦਾ ਜਾ ਰਿਹਾ ਹੈ ਅਤੇ ਮੈਂ ਸਿੱਖਦੀ ਜਾ ਰਹੀ ਹਾਂ ਕਿ ਬੈਥਲ ਕਿੱਦਾਂ ਚੱਲਦਾ ਹੈ, ਤਾਂ ਮੈਂ ਯਹੋਵਾਹ ਦੀ ਸ਼ਖ਼ਸੀਅਤ ਬਾਰੇ ਹੋਰ ਜ਼ਿਆਦਾ ਸਿੱਖਦੀ ਜਾ ਰਹੀ ਹਾਂ। ਬੈਥਲ ਸੇਵਾ ਨੇ ਇਹ ਦੇਖਣ ਵਿਚ ਵੀ ਮੇਰੀ ਮਦਦ ਕੀਤੀ ਹੈ ਕਿ ਯਹੋਵਾਹ ਹਰ ਤਰ੍ਹਾਂ ਦੇ ਲੋਕਾਂ ਨੂੰ ਇਸਤੇਮਾਲ ਕਰਦਾ ਹੈ। ਨਾਮੁਕੰਮਲ ਇਨਸਾਨ ਵੀ ਉਸ ਦੀ ਸੇਵਾ ਕਰ ਕੇ ਉਸ ਨੂੰ ਖ਼ੁਸ਼ ਕਰ ਸਕਦੇ ਹਨ।”

7 ਇਕ ਨੌਜਵਾਨ ਭਰਾ ਕਹਿੰਦਾ ਹੈ: “ਮੈਂ ਸੋਚਦਾ ਹੁੰਦਾ ਸੀ ਕਿ ‘ਜਦੋਂ ਮੈਂ ਨਵੀਂ ਦੁਨੀਆਂ ਵਿਚ ਪਰਮੇਸ਼ੁਰ ਦੇ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਨੂੰ ਮਿਲਾਂਗਾ, ਤਾਂ ਮੈਂ ਫ਼ਖਰ ਨਾਲ ਉਨ੍ਹਾਂ ਨੂੰ ਦੱਸ ਸਕਾਂਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਸੁਨਹਿਰੇ ਸਾਲ ਪੈਸਾ ਕਮਾਉਣ ਦੀ ਬਜਾਇ ਬੈਥਲ ਵਿਚ ਬਿਤਾਏ ਸਨ।’”

8 ਬੈਥਲ ਵਿਚ ਮਿਲੀ ਸਿਖਲਾਈ ਬਾਰੇ ਇਕ ਨੌਜਵਾਨ ਭਰਾ ਦੱਸਦਾ ਹੈ: “ਆਪਣੇ ਬਾਰੇ ਅਤੇ ਆਪਣੀਆਂ ਕਮੀਆਂ ਬਾਰੇ ਜਾਣ ਕੇ ਮੈਨੂੰ ਆਪਣੇ ਵਿਚ ਚੰਗੇ ਗੁਣ ਪੈਦਾ ਕਰਨ ਦੀ ਵੱਡੀ ਅਸੀਸ ਮਿਲੀ ਹੈ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਜ਼ਿਆਦਾ ਚੰਗੀ ਤਰ੍ਹਾਂ ਯਹੋਵਾਹ ਦੀ ਸੇਵਾ ਕਰ ਸਕਦਾ ਹਾਂ। ਮੇਰੇ ਵਿਚ ਪਹਿਲਾਂ ਨਾਲੋਂ ਜ਼ਿਆਦਾ ਧੀਰਜ, ਆਤਮ-ਸੰਜਮ ਅਤੇ ਪਿਆਰ ਵਰਗੇ ਗੁਣ ਪੈਦਾ ਹੋਏ ਹਨ।”

9 ਹੁਣ ਤਕ ਮਿਲੀਆਂ ਬਰਕਤਾਂ ਬਾਰੇ ਇਕ ਭੈਣ ਕਹਿੰਦੀ ਹੈ: “ਇੱਥੇ ਅਧਿਆਤਮਿਕ ਪ੍ਰੋਗ੍ਰਾਮਾਂ ਨੇ ਮੈਨੂੰ ਯਹੋਵਾਹ ਬਾਰੇ ਕਾਫ਼ੀ ਕੁਝ ਸਿਖਾਇਆ ਹੈ। ਮੈਂ ਇਹ ਵੀ ਸਿੱਖਿਆ ਹੈ ਕਿ ਆਪਣੀ ਸੋਚ, ਭਾਵਨਾਵਾਂ ਅਤੇ ਕੰਮਾਂ ਵਿਚ ਮੈਂ ਉਸ ਦੀ ਕਿਵੇਂ ਰੀਸ ਕਰ ਸਕਦੀ ਹਾਂ। ਲਗਾਤਾਰ ਸਿਖਲਾਈ ਮਿਲਣ ਕਾਰਨ ਇਹ ਬਰਕਤ ਵੀ ਲਗਾਤਾਰ ਮਿਲਦੀ ਰਹਿੰਦੀ ਹੈ।”

10 ਇਕ ਭਰਾ ਨੇ 59 ਸਾਲ ਪੂਰੇ ਸਮੇਂ ਦੀ ਸੇਵਕਾਈ ਕੀਤੀ ਹੈ ਜਿਨ੍ਹਾਂ ਵਿਚ ਉਸ ਦੀ ਬੈਥਲ ਸੇਵਾ ਦੇ 43 ਸਾਲ ਸ਼ਾਮਲ ਹਨ। ਉਸ ਨੇ ਕਿਹਾ: “ਬੈਥਲ ਕੋਈ ਈਸਾਈ ਮੱਠ ਨਹੀਂ ਹੈ, ਜਿਵੇਂ ਕੁਝ ਲੋਕ ਸੋਚਦੇ ਹਨ। ਸਾਡੇ ਸਾਰੇ ਕੰਮਾਂ ਦਾ ਸਮਾਂ ਨਿਸ਼ਚਿਤ ਹੋਣ ਕਾਰਨ ਅਸੀਂ ਬਹੁਤ ਸਾਰੇ ਕੰਮ ਕਰ ਲੈਂਦੇ ਹਾਂ। . . . ਇੱਦਾਂ ਦਾ ਕੋਈ ਦਿਨ ਨਹੀਂ ਲੰਘਿਆ ਕਿ ਮੈਂ ਕੰਮ ਤੇ ਆਇਆ ਹੋਵਾਂ ਤੇ ਕੰਮ ਕਰ ਕੇ ਮੈਨੂੰ ਖ਼ੁਸ਼ੀ ਨਾ ਮਿਲੀ ਹੋਵੇ। ਕਿਉਂ? ਕਿਉਂਕਿ ਜਦੋਂ ਅਸੀਂ ਯਹੋਵਾਹ ਦੀ ਸੇਵਾ ਪੂਰੇ ਦਿਲ ਨਾਲ ਕਰਦੇ ਹਾਂ, ਤਾਂ ਸਾਨੂੰ ਇਹ ਜਾਣ ਕੇ ਸੰਤੁਸ਼ਟੀ ਮਿਲਦੀ ਹੈ ਕਿ ‘ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ।’”—ਲੂਕਾ 17:10.

11 ਇਕ ਹੋਰ ਭਰਾ, ਜਿਸ ਨੇ 62 ਸਾਲ ਬੈਥਲ ਵਿਚ ਸੇਵਾ ਕੀਤੀ, ਨੇ ਕਿਹਾ: “ਮੈਂ ਪੂਰੇ ਯਕੀਨ ਨਾਲ ਕਹਿੰਦਾ ਹਾਂ ਕਿ ਫਿਰਦੌਸ ਆਉਣ ਤੋਂ ਪਹਿਲਾਂ ਧਰਤੀ ਉੱਤੇ ਬੈਥਲ ਹੀ ਸਭ ਤੋਂ ਵਧੀਆ ਥਾਂ ਹੈ। ਮੈਨੂੰ ਕਦੇ ਵੀ ਪੂਰੇ ਸਮੇਂ ਦੀ ਸੇਵਕਾਈ ਨੂੰ ਆਪਣਾ ਕੈਰੀਅਰ ਬਣਾਉਣ ਦਾ ਅਫ਼ਸੋਸ ਨਹੀਂ ਹੋਇਆ। ਯਹੋਵਾਹ ਦੇ ਜ਼ਮੀਨੀ ਸੰਗਠਨ ਵਿਚ ਹੋਏ ਵੱਡੇ ਵਾਧੇ ਨੂੰ ਦੇਖਣ ਅਤੇ ਇਸ ਵਾਧੇ ਵਿਚ ਹਿੱਸਾ ਪਾਉਣ ਨਾਲ ਮੈਨੂੰ ਬਹੁਤ ਖ਼ੁਸ਼ੀ ਮਿਲੀ ਹੈ! ਮੈਂ ਇਹ ਪੱਕਾ ਇਰਾਦਾ ਕੀਤਾ ਹੈ ਕਿ ਮੈਂ ਯਹੋਵਾਹ ਦੀ ਮਦਦ ਨਾਲ ਬੈਥਲ ਵਿਚ ਰਹਿ ਕੇ ਰਾਜ ਦੇ ਕੰਮ ਕਰਨ ਵਿਚ ਆਪਣਾ ਪੂਰਾ ਤਨ-ਮਨ ਲਾ ਦੇਵਾਂਗਾ।”

12 ਬੈਥਲ ਪਰਿਵਾਰ ਦੇ ਇਨ੍ਹਾਂ ਮੈਂਬਰਾਂ ਨੇ ਸਿਰਫ਼ ਥੋੜ੍ਹੀਆਂ ਜਿਹੀਆਂ ਬਰਕਤਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਆਨੰਦ ਤੁਸੀਂ ਵੀ ਮਾਣ ਸਕਦੇ ਹੋ ਜੇ ਤੁਸੀਂ ਬੈਥਲ ਵਿਚ ਸੇਵਾ ਕਰਨ ਲਈ ਆਉਂਦੇ ਹੋ। ਪਰ ਜਿਵੇਂ ਕੋਈ ਵੀ ਜ਼ਿੰਮੇਵਾਰੀ ਹਾਸਲ ਕਰਨ ਲਈ ਸਾਨੂੰ ਉਸ ਦੇ ਯੋਗ ਬਣਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਬੈਥਲ ਸੇਵਾ ਲਈ ਵੀ ਕੁਝ ਮੰਗਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਬੈਥਲ ਪਰਿਵਾਰ ਦੇ ਮੈਂਬਰ ਵਜੋਂ ਸੇਵਾ ਕਰਨ ਲਈ ਕਿਹੜੀਆਂ ਕੁਝ ਮੰਗਾਂ ਹਨ?

13 ਬੈਥਲ ਸੇਵਾ ਲਈ ਮੰਗਾਂ: ਬੈਥਲ ਸੇਵਾ ਲਈ ਫਾਰਮ ਭਰਨ ਵਾਲਿਆਂ ਵਾਸਤੇ ਡੱਬੀ ਵਿਚ ਮੁੱਖ ਮੰਗਾਂ ਦੱਸੀਆਂ ਗਈਆਂ ਹਨ। ਇਸ ਤੋਂ ਇਲਾਵਾ, ਇਹ ਵੀ ਜ਼ਰੂਰੀ ਹੈ ਕਿ ਭਰਾ ਸਖ਼ਤ ਮਿਹਨਤ ਕਰਨ ਲਈ ਤਿਆਰ ਹੋਣ ਅਤੇ “ਭੋਗ ਬਿਲਾਸ ਦੇ ਪ੍ਰੇਮੀ” ਨਾ ਹੋਣ। (2 ਤਿਮੋ. 3:4; 1 ਕੁਰਿੰ. 13:11) ਬੈਥਲ ਪਰਿਵਾਰ ਦੇ ਮੈਂਬਰ ਅਧਿਆਤਮਿਕ ਮਨ ਵਾਲੇ ਆਦਮੀ ਅਤੇ ਔਰਤਾਂ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਨਿੱਜੀ ਅਧਿਐਨ ਕਰਨ ਦੀ ਚੰਗੀ ਆਦਤ ਹੈ ਅਤੇ ਜਿਨ੍ਹਾਂ ਨੇ ਆਪਣੀਆਂ ਗਿਆਨ ਇੰਦਰੀਆਂ “ਭਲੇ ਬੁਰੇ ਦੀ ਜਾਚ” ਕਰਨ ਲਈ ਸਾਧੀਆਂ ਹੋਈਆਂ ਹਨ। (ਇਬ. 5:14) ਉਨ੍ਹਾਂ ਦੀ ਮਸੀਹੀ ਪਰਿਪੱਕਤਾ ਪਹਿਲਾਂ ਤੋਂ ਹੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਨਜ਼ਰ ਆ ਰਹੀ ਹੋਵੇ ਜਿਸ ਵਿਚ ਉਨ੍ਹਾਂ ਦੇ ਕੱਪੜੇ, ਹਾਰ-ਸ਼ਿੰਗਾਰ ਅਤੇ ਸੰਗੀਤ ਤੇ ਮਨੋਰੰਜਨ ਸ਼ਾਮਲ ਹਨ। ਬੈਥਲ ਪਰਿਵਾਰ ਦੇ ਮਿਹਨਤੀ ਮੈਂਬਰ ਕੋਈ ਵੀ ਕੰਮ ਕਰਨ ਲਈ ਤਿਆਰ ਰਹਿੰਦੇ ਹਨ। ਨੌਜਵਾਨ ਮੈਂਬਰਾਂ ਨੂੰ ਆਮ ਤੌਰ ਤੇ ਮਿਹਨਤ ਵਾਲਾ ਕੰਮ ਕਰਨ ਲਈ ਦਿੱਤਾ ਜਾਂਦਾ ਹੈ ਜਿਸ ਵਿਚ ਸਾਹਿੱਤ ਨੂੰ ਛਾਪਣ, ਤਿਆਰ ਕਰਨ ਅਤੇ ਇਸ ਨੂੰ ਵੱਖ-ਵੱਖ ਥਾਵਾਂ ਤੇ ਭੇਜਣ, ਮੁਰੰਮਤ ਕਰਨ, ਕਮਰਿਆਂ ਅਤੇ ਹੋਰ ਥਾਵਾਂ ਦੀ ਸਾਫ਼-ਸਫ਼ਾਈ ਕਰਨ, ਕੱਪੜੇ ਧੋ ਕੇ ਪ੍ਰੈੱਸ ਕਰਨ ਅਤੇ ਭੋਜਨ ਤਿਆਰ ਕਰਨ ਦੇ ਕੰਮ ਸ਼ਾਮਲ ਹਨ। (ਕਹਾ. 20:29) ਤਨਖ਼ਾਹ ਲਈ ਕੰਮ ਕਰਨ ਦੇ ਉਲਟ, ਇਹ ਸਾਰੇ ਕੰਮ ਕਰਨ ਨਾਲ ਬਹੁਤ ਸੰਤੁਸ਼ਟੀ ਮਿਲਦੀ ਹੈ ਕਿਉਂਕਿ ਇਹ ਪਵਿੱਤਰ ਸੇਵਾ ਹੈ ਜਿਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ।—ਕੁਲੁ. 3:23.

14 ਬੈਥਲ ਸੇਵਾ ਲਈ ਬੁਲਾਏ ਗਏ ਭਰਾਵਾਂ ਨੂੰ ਘੱਟੋ-ਘੱਟ ਇਕ ਸਾਲ ਲਈ ਬੈਥਲ ਵਿਚ ਰਹਿਣਾ ਪਵੇਗਾ। ਇਸ ਇਕ ਸਾਲ ਵਿਚ ਉਨ੍ਹਾਂ ਨੂੰ ਮਿਹਨਤੀ ਕਾਮੇ ਬਣਨ ਦੀ ਸਿਖਲਾਈ ਮਿਲਦੀ ਹੈ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੈਥਲ ਨੂੰ ਆਪਣਾ ਘਰ ਬਣਾਉਣਗੇ। ਯਹੋਵਾਹ ਲਈ ਪਿਆਰ ਹੋਣ ਕਰਕੇ ਬੈਥਲ ਪਰਿਵਾਰ ਦੇ ਮੈਂਬਰ ਆਪਣੇ ਨਿੱਜੀ ਹਿੱਤਾਂ ਦੀ ਬਜਾਇ ਰਾਜ ਦੇ ਕੰਮਾਂ ਨੂੰ ਪਹਿਲ ਦਿੰਦੇ ਹਨ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।—ਮੱਤੀ 16:24.

15 ਮੌਜੂਦਾ ਲੋੜ: ਮਿਹਨਤ ਵਾਲਾ ਕੰਮ ਹੋਣ ਕਰਕੇ ਮੌਜੂਦਾ ਲੋੜ ਕੁਆਰੇ ਭਰਾਵਾਂ ਦੀ ਹੈ। ਪਹਿਲ ਨਿਯਮਿਤ ਪਾਇਨੀਅਰਾਂ ਨੂੰ ਦਿੱਤੀ ਜਾਂਦੀ ਹੈ ਕਿਉਂਕਿ ਉਹ ਪਹਿਲਾਂ ਹੀ ਪੂਰੇ ਸਮੇਂ ਦੀ ਸੇਵਕਾਈ ਕਰ ਰਹੇ ਹਨ, ਹਾਲਾਂਕਿ ਇਹ ਇਕ ਜ਼ਰੂਰੀ ਮੰਗ ਨਹੀਂ ਹੈ। ਕਦੇ-ਕਦੇ ਕੁਆਰੀਆਂ ਭੈਣਾਂ ਅਤੇ ਵਿਆਹੁਤਾ ਜੋੜਿਆਂ ਨੂੰ ਵੀ ਬੁਲਾਇਆ ਜਾ ਸਕਦਾ ਹੈ ਜਿਨ੍ਹਾਂ ਦੀ ਉਮਰ 19 ਤੋਂ 35 ਸਾਲ ਹੈ ਅਤੇ ਉਨ੍ਹਾਂ ਕੋਲ ਲੋੜੀਂਦੇ ਹੁਨਰ ਹਨ। ਇਸ ਤੋਂ ਇਲਾਵਾ, 35 ਸਾਲਾਂ ਤੋਂ ਥੋੜ੍ਹੀ ਜ਼ਿਆਦਾ ਉਮਰ ਦੇ ਭੈਣ-ਭਰਾ ਵੀ ਬੈਥਲ ਲਈ ਅਰਜ਼ੀ ਭਰ ਸਕਦੇ ਹਨ ਜੇ ਉਨ੍ਹਾਂ ਕੋਲ ਖ਼ਾਸ ਹੁਨਰ ਹੈ। ਮਿਸਾਲ ਲਈ, ਦੰਦਸਾਜ਼, ਡਾਕਟਰ, ਕਾਬਲ ਅਕਾਊਂਟੈਂਟ, ਆਰਕੀਟੈਕਟ, ਇੰਜੀਨੀਅਰ, ਨਰਸਾਂ, ਮੋਟਰ ਮਕੈਨਿਕ ਜਾਂ ਇਲੈਕਟ੍ਰਾਨਿਕ ਟੈਕਨੀਸ਼ਿਅਨ ਆਦਿ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਭੈਣ-ਭਰਾਵਾਂ ਨੂੰ ਕਿਸੇ ਖ਼ਾਸ ਕੰਮ ਦੀ ਸਿਖਲਾਈ ਲੈਣ ਦਾ ਉਤਸ਼ਾਹ ਦੇ ਰਹੇ ਹਾਂ ਕਿ ਇਸ ਤਰ੍ਹਾਂ ਕਰਨ ਨਾਲ ਸ਼ਾਇਦ ਉਨ੍ਹਾਂ ਨੂੰ ਬੈਥਲ ਵਿਚ ਬੁਲਾਇਆ ਜਾ ਸਕਦਾ ਹੈ। ਜੋ ਪਹਿਲਾਂ ਹੀ ਇਹ ਖ਼ਾਸ ਸਿਖਲਾਈ ਲੈ ਚੁੱਕੇ ਹਨ, ਸ਼ਾਇਦ ਸੱਚਾਈ ਵਿਚ ਆਉਣ ਤੋਂ ਪਹਿਲਾਂ, ਉਹ ਆਪਣੀਆਂ ਯੋਗਤਾਵਾਂ ਬਾਰੇ ਪੂਰੀ ਜਾਣਕਾਰੀ ਲਿਖ ਕੇ ਇਸ ਨੂੰ ਬੈਥਲ ਫਾਰਮ ਦੇ ਨਾਲ ਨੱਥੀ ਕਰ ਕੇ ਭੇਜ ਸਕਦੇ ਹਨ।

16 ਜੇ ਫਾਰਮ ਭਰਨ ਮਗਰੋਂ ਤੁਹਾਨੂੰ ਬੈਥਲ ਸੇਵਾ ਲਈ ਨਹੀਂ ਬੁਲਾਇਆ ਜਾਂਦਾ ਹੈ, ਤਾਂ ਨਿਰਾਸ਼ ਨਾ ਹੋਣਾ। ਤੁਸੀਂ ਹਰ ਸਾਲ ਨਵਾਂ ਫਾਰਮ ਭਰ ਸਕਦੇ ਹੋ। ਕਦੇ-ਕਦੇ ਖ਼ਾਸ ਸਿਖਲਾਈ ਅਤੇ ਹੁਨਰਾਂ ਵਾਲੇ ਕੁਝ ਭਰਾ ਥੋੜ੍ਹੇ ਸਮੇਂ ਲਈ ਬੈਥਲ ਸੇਵਾ ਕਰਨੀ ਚਾਹੁੰਦੇ ਹਨ। ਉਹ ਇਕ, ਦੋ, ਤਿੰਨ ਜਾਂ ਚਾਰ ਹਫ਼ਤਿਆਂ ਜਾਂ ਤਿੰਨ ਮਹੀਨਿਆਂ ਲਈ ਬੈਥਲ ਸੇਵਾ ਵਾਸਤੇ ਅਰਜ਼ੀ ਭਰ ਸਕਦੇ ਹਨ। ਇਸ ਤਰੀਕੇ ਨਾਲ ਮਦਦ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਭਰਾ ਕਲੀਸਿਯਾ ਦੇ ਸੈਕਟਰੀ ਤੋਂ ਆਰਜ਼ੀ ਬੈਥਲ ਸੇਵਾ ਲਈ ਫਾਰਮ ਲੈ ਸਕਦੇ ਹਨ। ਇਨ੍ਹਾਂ ਆਰਜ਼ੀ ਸੇਵਾ ਫਾਰਮਾਂ ਨੂੰ ਸਾਹਿੱਤ ਦਰਖ਼ਾਸਤ ਫਾਰਮ ਤੇ ਆਰਡਰ ਕੀਤਾ ਜਾ ਸਕਦਾ ਹੈ।

17 ਬੈਥਲ ਵਿਚ ਕੰਮ ਕਰਨ ਵਾਲਿਆਂ ਲਈ ਇਹ ਇਕ ਖ਼ਾਸ ਸਨਮਾਨ ਹੈ ਕਿ ਉਹ ਮਸੀਹ ਦੇ ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਹਨ। ਪ੍ਰਬੰਧਕ ਸਭਾ ਉਨ੍ਹਾਂ ਸਾਰਿਆਂ ਦੀ ਆਤਮ-ਬਲੀਦਾਨੀ ਭਾਵਨਾ ਦੀ ਬਹੁਤ ਕਦਰ ਕਰਦੀ ਹੈ ਜੋ ਆਪਣੇ ਵਿਸ਼ਵ-ਵਿਆਪੀ ਭਾਈਚਾਰੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿਆਰ ਰਹਿੰਦੇ ਹਨ।—ਫ਼ਿਲਿ. 2:20-22; 2 ਤਿਮੋ. 4:11.

18 ਬੱਚਿਓ—ਹੁਣ ਤੋਂ ਹੀ ਆਪਣੇ ਆਪ ਨੂੰ ਬੈਥਲ ਸੇਵਾ ਲਈ ਤਿਆਰ ਕਰੋ: ਬੈਥਲ ਸੇਵਾ ਲਈ ਭੈਣਾਂ-ਭਰਾਵਾਂ ਦੀ ਉਮਰ ਘੱਟੋ-ਘੱਟ 19 ਸਾਲ ਹੋਣੀ ਚਾਹੀਦੀ ਹੈ। ਪਰ ਇਸ ਤੋਂ ਕਾਫ਼ੀ ਚਿਰ ਪਹਿਲਾਂ ਹੀ ਉਹ ਬੈਥਲ ਸੇਵਾ ਲਈ ਤਿਆਰੀ ਸ਼ੁਰੂ ਕਰ ਸਕਦੇ ਹਨ। ਬੈਥਲ ਸੇਵਾ ਦੀ ਤਿਆਰੀ ਲਈ ਬੱਚੇ ਕੀ ਕਰ ਸਕਦੇ ਹਨ? ਯਿਸੂ ਨੇ ਕਿਹਾ ਸੀ: “ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ?” (ਲੂਕਾ 14:28) ਕੋਈ ਵੀ ਉਸਾਰੀ ਦਾ ਕੰਮ ਕਰਨ ਤੋਂ ਪਹਿਲਾਂ ਉਸ ਦੇ ਲਈ ਤਿਆਰੀ ਕਰਨੀ ਅਤੇ ਯੋਜਨਾ ਬਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਉਸੇ ਤਰ੍ਹਾਂ ਬੱਚਿਆਂ ਨੂੰ ਪੂਰਾ ਧਿਆਨ ਦੇਣ ਦੀ ਲੋੜ ਹੈ ਕਿ ਭਵਿੱਖ ਵਿਚ ਯਹੋਵਾਹ ਦੀ ਸੇਵਾ ਕਰਨ ਲਈ ਉਹ ਹੁਣ ਤੋਂ ਹੀ ਕਿਵੇਂ ਤਿਆਰੀ ਕਰ ਰਹੇ ਹਨ। ਅਧਿਆਤਮਿਕ ਟੀਚੇ ਹਾਸਲ ਕਰਨ ਲਈ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਪੱਕੀ ਨੀਂਹ ਧਰਨੀ ਚਾਹੀਦੀ ਹੈ। ਬੱਚਿਓ, ਤੁਸੀਂ ਕਿੰਨੀ ਕੁ ਚੰਗੀ ਤਰ੍ਹਾਂ ਆਪਣੀ ਨੀਂਹ ਧਰ ਰਹੇ ਹੋ? ਜੇ ਤੁਸੀਂ ਬੈਥਲ ਵਿਚ ਸੇਵਾ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਹੇਠ ਲਿਖੀਆਂ ਗੱਲਾਂ ਤੇ ਧਿਆਨ ਦੇਣ ਨਾਲ ਫ਼ਾਇਦਾ ਹੋਵੇਗਾ।

19 ਸੇਵਾ ਦੇ ਇਸ ਖ਼ਾਸ ਸਨਮਾਨ ਨੂੰ ‘ਕਬੂਲ ਕਰੋ’: ਮੱਤੀ 19:12 ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਉਤਸ਼ਾਹਿਤ ਕੀਤਾ ਸੀ ਕਿ ਉਹ ਕੁਆਰੇਪਣ ਨੂੰ ‘ਕਬੂਲ ਕਰਨ।’ ਕਿਉਂ? ਆਪਣੇ ਨਿੱਜੀ ਫ਼ਾਇਦਿਆਂ ਲਈ ਨਹੀਂ, ਬਲਕਿ “ਸੁਰਗ ਦੇ ਰਾਜ ਦੇ ਕਾਰਨ।” ਇਸੇ ਤਰ੍ਹਾਂ ਪੌਲੁਸ ਨੇ ਵੀ ‘ਬਿਨਾਂ ਘਾਬਰੇ ਪ੍ਰਭੁ ਦੀ ਸੇਵਾ ਵਿੱਚ ਲੱਗੇ ਰਹਿਣ’ ਲਈ ਕੁਆਰੇ ਰਹਿਣ ਤੇ ਜ਼ੋਰ ਦਿੱਤਾ ਸੀ। (1 ਕੁਰਿੰ. 7:32-35) ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਭਰਾਵਾਂ ਨੇ ਛੋਟੀ ਉਮਰ ਵਿਚ ਹੀ ਵਿਆਹ ਕਰ ਕੇ ਬੈਥਲ ਵਿਚ ਸੇਵਾ ਕਰਨ ਦੇ ਆਪਣੇ ਸਨਮਾਨ ਨੂੰ ਗੁਆ ਦਿੱਤਾ। ਅਸੀਂ ਆਪਣੇ ਨੌਜਵਾਨ ਭਰਾਵਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਹੁਣ ਆਪਣੀ ਤਾਕਤ ਪੂਰੇ ਸਮੇਂ ਦੀ ਸੇਵਕਾਈ ਕਰਨ ਵਿਚ ਲਾਉਣ ਜਦੋਂ ਉਨ੍ਹਾਂ ਉੱਤੇ ਅਜੇ ਪਰਿਵਾਰਕ ਜ਼ਿੰਮੇਵਾਰੀਆਂ ਨਹੀਂ ਹਨ। ਫਿਰ ਜੇ ਉਹ ਬਾਅਦ ਵਿਚ ਵਿਆਹ ਕਰਾਉਣ ਦਾ ਫ਼ੈਸਲਾ ਕਰਦੇ ਹਨ, ਤਾਂ ਉਹ ਚੰਗੇ ਪਤੀ ਸਾਬਤ ਹੋ ਸਕਣਗੇ ਕਿਉਂਕਿ ਇਸ ਸਮੇਂ ਤਕ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਅਤੇ ਮਸੀਹੀ ਸੇਵਕਾਈ ਵਿਚ ਕਾਫ਼ੀ ਤਜਰਬਾ ਹੋ ਚੁੱਕਿਆ ਹੋਵੇਗਾ। ਬੈਥਲ ਵਿਚ ਕਈ ਸਾਲ ਸੇਵਾ ਕਰਨ ਤੋਂ ਬਾਅਦ, ਕੁਝ ਭਰਾਵਾਂ ਨੇ ਵਿਆਹ ਕਰਾਏ ਹਨ ਅਤੇ ਆਪਣੀਆਂ ਪਤਨੀਆਂ ਨਾਲ ਮਿਲ ਕੇ ਆਪਣੀ ਬੈਥਲ ਸੇਵਾ ਜਾਰੀ ਰੱਖ ਸਕੇ ਹਨ। ਬਾਅਦ ਵਿਚ ਜੇ ਉਨ੍ਹਾਂ ਨੂੰ ਸਰਕਟ ਜਾਂ ਜ਼ਿਲ੍ਹਾ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਦੇ ਮੌਕੇ ਮਿਲਦੇ ਹਨ, ਤਾਂ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੁੰਦੀ ਹੈ ਕਿ ਉਨ੍ਹਾਂ ਨੇ ਕਈ ਸਾਲਾਂ ਤਕ ਬੈਥਲ ਵਿਚ ਸੇਵਾ ਕੀਤੀ ਹੈ।

20 ਭੌਤਿਕ ਚੀਜ਼ਾਂ ਦੇ ਫੰਦੇ ਵਿਚ ਨਾ ਫਸੋ: ਹਰ ਨੌਜਵਾਨ ਭਰਾ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਕੀ ਮੇਰਾ ਟੀਚਾ ਨੌਕਰੀ ਕਰਨਾ ਹੈ ਜਾਂ ਪੂਰੇ ਸਮੇਂ ਲਈ ਯਹੋਵਾਹ ਦੀ ਸੇਵਾ ਕਰਨੀ?’ ਇਹ ਸੱਚ ਹੈ ਕਿ ਪੂਰੇ ਸਮੇਂ ਦੀ ਸੇਵਕਾਈ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਪਰ ਕੁਰਬਾਨੀਆਂ ਤਾਂ ਨੌਕਰੀ ਜਾਂ ਹੋਰ ਕੰਮ ਲਈ ਵੀ ਕਰਨੀਆਂ ਪੈਂਦੀਆਂ ਹਨ! ਪਰ ਅਖ਼ੀਰ ਵਿਚ ਕਿਸ ਕੰਮ ਤੋਂ ਜ਼ਿਆਦਾ ਸੰਤੁਸ਼ਟੀ ਮਿਲੇਗੀ ਅਤੇ ਫ਼ਾਇਦੇ ਹੋਣਗੇ? ਯਿਸੂ ਨੇ ਸਪੱਸ਼ਟ ਜਵਾਬ ਦਿੱਤਾ ਸੀ। ਮੱਤੀ 6:19-21 ਅਨੁਸਾਰ ਯਿਸੂ ਨੇ ਕਿਹਾ: “ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਸੰਨ੍ਹ ਮਾਰਦੇ ਅਤੇ ਚੁਰਾਉਂਦੇ ਹਨ। ਪਰ ਸੁਰਗ ਵਿੱਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਨਾ ਸੰਨ੍ਹ ਮਾਰਦੇ ਨਾ ਚੁਰਾਉਂਦੇ ਹਨ। ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਹੋਵੇਗਾ।” ਆਓ ਆਪਾਂ ਕਦੇ ਵੀ ਆਪਣੇ ਮਨਾਂ ਨੂੰ ਦੁਨਿਆਵੀ ਕੈਰੀਅਰ ਜਾਂ ਭੌਤਿਕ ਚੀਜ਼ਾਂ ਉੱਤੇ ਨਾ ਲਾਈਏ, ਬਲਕਿ ਤਨ-ਮਨ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਮਨ ਬਣਾਈਏ। ਸਾਨੂੰ ਸਾਰਿਆਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸਭ ਤੋਂ ਫ਼ਾਇਦੇਮੰਦ ਟੀਚਾ ਯਹੋਵਾਹ ਨਾਲ ਚੰਗਾ ਰਿਸ਼ਤਾ ਬਣਾਉਣਾ ਹੈ ਤਾਂਕਿ ਅਸੀਂ ਉਸ ਦੇ ਦਿਲ ਨੂੰ ਖ਼ੁਸ਼ ਕਰ ਸਕੀਏ। (ਕਹਾ. 27:11) ਆਪਣੀ ਜਵਾਨੀ ਵਿਚ ਯਹੋਵਾਹ ਨੂੰ ਪਹਿਲ ਦੇਣ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਮਨਾਂ ਨੂੰ ਕਿੱਥੇ ਲਾਇਆ ਹੈ ਅਤੇ ਉਸ ਦਾ ਰਾਜ ਸਾਡੇ ਲਈ ਕਿੰਨੀ ਕੁ ਅਹਿਮੀਅਤ ਰੱਖਦਾ ਹੈ। ਯਾਦ ਰੱਖੋ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” (ਕਹਾ. 10:22) ਨੌਜਵਾਨਾਂ ਕੋਲ ਇਹ ਦਿਖਾਉਣ ਦਾ ਬਹੁਤ ਵਧੀਆ ਮੌਕਾ ਹੈ ਕਿ ਉਨ੍ਹਾਂ ਨੇ ਆਪਣੇ ਮਨ ਕਿੱਥੇ ਲਾਏ ਹੋਏ ਹਨ। ਉਹ ਯਹੋਵਾਹ ਨੂੰ ਉਸ ਸਭ ਕਾਸੇ ਦੇ ਬਦਲੇ ਕੁਝ ਦੇ ਸਕਦੇ ਹਨ ਜੋ ਕੁਝ ਉਸ ਨੇ ਉਨ੍ਹਾਂ ਲਈ ਕੀਤਾ ਹੈ। ਬੈਥਲ ਸੇਵਾ ਭਰਾਵਾਂ ਲਈ ਯਹੋਵਾਹ ਦਾ ਬਦਲਾ ਚੁਕਾਉਣ ਦਾ ਇਕ ਵਧੀਆ ਮੌਕਾ ਹੈ ਜੇ ਉਹ ਬੈਥਲ ਸੇਵਾ ਲਈ ਰੱਖੀਆਂ ਮੰਗਾਂ ਪੂਰੀਆਂ ਕਰਦੇ ਹਨ।

21 ਬੈਥਲ ਵਿਚ ਸੇਵਾ ਕਰਨ ਵਾਲਿਆਂ ਦਾ ਚਾਲ-ਚਲਣ ਨੇਕ ਹੋਣਾ ਚਾਹੀਦਾ ਹੈ: ਜ਼ਬੂਰਾਂ ਦੇ ਲਿਖਾਰੀ ਨੇ ਪੁੱਛਿਆ: “ਜੁਆਨ ਕਿਦਾਂ ਆਪਣੀ ਚਾਲ ਨੂੰ ਸੁੱਧ ਰੱਖੇ?” ਉਸ ਨੇ ਜਵਾਬ ਦਿੱਤਾ: “ਉਹ [ਯਹੋਵਾਹ ਦੇ] ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ।” (ਜ਼ਬੂ. 119:9) ਇਸ ਵਿਚ ਉਨ੍ਹਾਂ ਅਨੈਤਿਕ ਕੰਮਾਂ ਤੋਂ ਦੂਰ ਰਹਿਣਾ ਸ਼ਾਮਲ ਹੈ ਜੋ ਸ਼ਤਾਨ ਦੀ ਦੁਨੀਆਂ ਵਿਚ ਕੀਤੇ ਜਾਂਦੇ ਹਨ। ਇੰਟਰਨੈੱਟ ਤੇ ਅਸ਼ਲੀਲ ਤਸਵੀਰਾਂ ਦੇਖਣੀਆਂ, ਮੁੰਡੇ ਜਾਂ ਕੁੜੀ ਦਾ ਇਕ-ਦੂਜੇ ਨਾਲ ਗ਼ਲਤ ਤਰੀਕੇ ਨਾਲ ਪੇਸ਼ ਆਉਣਾ, ਘਟੀਆ ਸੰਗੀਤ ਸੁਣਨਾ, ਭੈੜਾ ਮਨੋਰੰਜਨ ਕਰਨਾ ਅਤੇ ਛੋਟੀ ਉਮਰ ਵਿਚ ਸ਼ਰਾਬ ਪੀਣੀ ਅਜਿਹੇ ਕੁਝ ਫੰਦੇ ਹਨ ਜੋ ਸ਼ਤਾਨ ਸਾਡੇ ਨੌਜਵਾਨਾਂ ਨੂੰ ਅਧਿਆਤਮਿਕ ਟੀਚੇ ਹਾਸਲ ਕਰਨ ਤੋਂ ਰੋਕਣ ਲਈ ਵਰਤਦਾ ਹੈ। ਇਨ੍ਹਾਂ ਫੰਦਿਆਂ ਤੋਂ ਬਚਣ ਲਈ ਦ੍ਰਿੜ੍ਹ ਇਰਾਦਾ ਕਰਨ ਦੀ ਲੋੜ ਹੈ। ਨੌਜਵਾਨੋ, ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਫੰਦੇ ਵਿਚ ਫਸੇ ਹੋਏ ਹੋ, ਤਾਂ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਨਾਲ ਗੱਲ ਕਰੋ ਅਤੇ ਬੈਥਲ ਸੇਵਾ ਲਈ ਫਾਰਮ ਭਰਨ ਤੋਂ ਪਹਿਲਾਂ ਅਜਿਹੇ ਮਸਲਿਆਂ ਨੂੰ ਹੱਲ ਕਰੋ। ਯਹੋਵਾਹ ਦੀ ਦਿਲੋਂ ਸੇਵਾ ਕਰਨ ਲਈ ਸ਼ੁੱਧ ਅੰਤਹਕਰਣ ਦਾ ਹੋਣਾ ਬਹੁਤ ਜ਼ਰੂਰੀ ਹੈ।—1 ਤਿਮੋ. 1:5.

22 ਦੂਜਿਆਂ ਨਾਲ ਮਿਲ ਕੇ ਰਹਿਣਾ ਸਿੱਖੋ: ਬੈਥਲ ਸੇਵਾ ਵਿਚ ਖ਼ੁਸ਼ੀ ਹਾਸਲ ਕਰਨ ਲਈ ਦੂਜਿਆਂ ਨਾਲ ਮਿਲ ਕੇ ਰਹਿਣਾ ਸਿੱਖਣਾ ਇਕ ਜ਼ਰੂਰੀ ਮੰਗ ਹੈ। ਬੰਗਲੌਰ ਦੇ ਬੈਥਲ ਪਰਿਵਾਰ ਵਿਚ ਹਰ ਪਿਛੋਕੜ ਦੇ ਭੈਣ-ਭਰਾ ਹਨ। ਹਾਲਾਂਕਿ ਇਹ ਵੰਨ-ਸੁਵੰਨਤਾ ਬੈਥਲ ਪਰਿਵਾਰ ਦੀ ਅਧਿਆਤਮਿਕ ਸੁੰਦਰਤਾ ਨੂੰ ਵਧਾਉਂਦੀ ਹੈ, ਪਰ ਇਹ ਕਦੇ-ਕਦੇ ਚੁਣੌਤੀਆਂ ਵੀ ਪੇਸ਼ ਕਰ ਸਕਦੀ ਹੈ। ਜੇ ਤੁਸੀਂ ਬੈਥਲ ਸੇਵਾ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹੋ: ‘ਕੀ ਮੈਂ ਜਲਦੀ ਨਾਰਾਜ਼ ਹੋ ਜਾਂਦਾ ਹਾਂ ਜਦੋਂ ਦੂਜੇ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ? ਕੀ ਦੂਜਿਆਂ ਨੂੰ ਮੇਰੇ ਨਾਲ ਮਿਲਣਾ-ਗਿਲਣਾ ਚੰਗਾ ਲੱਗਦਾ ਹੈ?’ ਜੇ ਤੁਹਾਨੂੰ ਇਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਹੁਣ ਤੋਂ ਹੀ ਸੁਧਾਰ ਕਰਨਾ ਸ਼ੁਰੂ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬੈਥਲ ਪਰਿਵਾਰ ਦੇ ਮੈਂਬਰਾਂ ਨਾਲ ਰਹਿਣ ਤੇ ਕੰਮ ਕਰਨ ਵਿਚ ਜ਼ਿਆਦਾ ਆਸਾਨੀ ਹੋਵੇਗੀ।

23 ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਦੁਆਰਾ ਅਧਿਆਤਮਿਕ ਤੌਰ ਤੇ ਪਰਿਪੱਕ ਬਣਨ ਲਈ ਸਖ਼ਤ ਮਿਹਨਤ ਕਰੋ। ਬਾਈਬਲ ਅਧਿਐਨ ਕਰਨ ਦੀ ਚੰਗੀ ਆਦਤ ਪਾਓ ਜਿਸ ਵਿਚ ਰੋਜ਼ ਬਾਈਬਲ ਪੜ੍ਹਨੀ ਸ਼ਾਮਲ ਹੈ। ਦੂਜਿਆਂ ਨਾਲ ਬਾਕਾਇਦਾ ਖ਼ੁਸ਼ ਖ਼ਬਰੀ ਸਾਂਝੀ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਅਧਿਆਤਮਿਕ ਤਰੱਕੀ ਜ਼ਾਹਰ ਹੋਵੇਗੀ। (1 ਤਿਮੋ. 4:15) ਉਨ੍ਹਾਂ ਭਰਾਵਾਂ ਨੂੰ ਭਵਿੱਖ ਵਿਚ ਕਿੰਨੀਆਂ ਸ਼ਾਨਦਾਰ ਬਰਕਤਾਂ ਮਿਲਣਗੀਆਂ ਜੋ ਪੂਰੇ ਸਮੇਂ ਦੀ ਸੇਵਕਾਈ ਨੂੰ ਆਪਣਾ ਕੈਰੀਅਰ ਬਣਾਉਣ ਲਈ ਹੁਣ ਤੋਂ ਹੀ ਤਿਆਰੀ ਕਰਦੇ ਹਨ!

24 ਮਾਪਿਓ, ਆਪਣੇ ਬੱਚਿਆਂ ਨੂੰ ਸਿਖਾਓ: ਆਪਣੇ ਬੱਚਿਆਂ ਨੂੰ ਪੂਰੇ ਸਮੇਂ ਦੀ ਸੇਵਕਾਈ ਲਈ ਉਤਸ਼ਾਹਿਤ ਕਰਨ ਵਾਸਤੇ ਮਾਪੇ ਕੀ ਕਰ ਸਕਦੇ ਹਨ? ਯਿਸੂ ਨੇ ਕਿਹਾ: “ਸਿਖਿਆ ਲੈਣ ਪਿੱਛੋਂ [ਚੇਲਾ] ਗੁਰੂ ਵਰਗਾ ਹੋ ਜਾਂਦਾ ਹੈ।” (ਲੂਕਾ 6:40, ਪਵਿੱਤਰ ਬਾਈਬਲ ਨਵਾਂ ਅਨੁਵਾਦ) ਚੰਗੀ ਤਰ੍ਹਾਂ ਸਿੱਖਿਅਤ ਚੇਲਾ ਸੁਭਾਵਕ ਹੀ ਆਪਣੇ ਗੁਰੂ ਦੇ ਚੰਗੇ ਗੁਣਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹੀ ਸਿਧਾਂਤ ਮਸੀਹੀ ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਦੋਂ ਉਹ ‘ਪਰਮੇਸ਼ੁਰੀ ਭਗਤੀ ਨੂੰ ਆਪਣਾ ਟੀਚਾ ਬਣਾ ਕੇ’ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਸਖ਼ਤ ਮਿਹਨਤ ਕਰਦੇ ਹਨ। (1 ਤਿਮੋ. 4:7, NW) ਅਧਿਆਤਮਿਕ ਗੱਲਾਂ ਪ੍ਰਤੀ ਬੱਚੇ ਆਪਣੇ ਮਾਪਿਆਂ ਦੇ ਰਵੱਈਏ ਦੀ ਨਕਲ ਕਰਦੇ ਹਨ, ਇਸ ਲਈ ਮਾਪਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਅਸੀਂ ਯਹੋਵਾਹ ਦੀ ਸੱਚੀ ਭਗਤੀ ਨੂੰ ਅੱਗੇ ਵਧਾਉਣ ਲਈ ਬੈਥਲ ਵਿਚ ਕੀਤੇ ਜਾਂਦੇ ਕੰਮ ਦੀ ਕਦਰ ਕਰਦੇ ਹਾਂ? ਕੀ ਅਸੀਂ ਮੰਨਦੇ ਹਾਂ ਕਿ ਬੈਥਲ ਪ੍ਰਬੰਧ ਉੱਤੇ ਯਹੋਵਾਹ ਦੀ ਬਰਕਤ ਹੈ? ਕੀ ਅਸੀਂ ਮੰਨਦੇ ਹਾਂ ਕਿ ਯਹੋਵਾਹ ਦੀ ਸੇਵਾ ਵਿਚ ਜ਼ਿੰਦਗੀ ਲਾਉਣੀ ਹੀ ਸਾਡੇ ਬੱਚਿਆਂ ਲਈ ਸਭ ਤੋਂ ਵਧੀਆ ਕੈਰੀਅਰ ਹੈ?’ ਜੇ ਅਸੀਂ ਖ਼ੁਦ ਬੈਥਲ ਸੇਵਾ ਅਤੇ ਉੱਥੇ ਕੀਤੇ ਜਾਂਦੇ ਕੰਮ ਦੀ ਦਿਲੋਂ ਕਦਰ ਕਰਦੇ ਹਾਂ, ਤਾਂ ਅਸੀਂ ਆਪਣੇ ਬੱਚਿਆਂ ਵਿਚ ਵੀ ਇਹ ਕਦਰ ਪੈਦਾ ਕਰ ਸਕਾਂਗੇ।

25 ਅਲਕਾਨਾਹ ਅਤੇ ਹੰਨਾਹ ਸੱਚੀ ਭਗਤੀ ਲਈ ਗਹਿਰੀ ਸ਼ਰਧਾ ਰੱਖਦੇ ਸਨ। ਉਨ੍ਹਾਂ ਨੇ ਅੱਜ ਦੇ ਮਸੀਹੀ ਮਾਪਿਆਂ ਲਈ ਵਧੀਆ ਮਿਸਾਲ ਕਾਇਮ ਕੀਤੀ। ਪ੍ਰਾਚੀਨ ਇਸਰਾਏਲ ਵਿਚ ਸਿਰਫ਼ ਇਸਰਾਏਲੀ ਆਦਮੀਆਂ ਤੋਂ ਇਹ ਮੰਗ ਕੀਤੀ ਜਾਂਦੀ ਸੀ ਕਿ ਉਹ ਸਾਲ ਵਿਚ ਤਿੰਨ ਵਾਰ ਹੈਕਲ ਵਿਚ “ਪ੍ਰਭੁ ਯਹੋਵਾਹ ਅੱਗੇ ਹਾਜਰ ਹੋਣ।” ਪਰ ਅਲਕਾਨਾਹ “ਵਰਹੇ ਦੇ ਵਰਹੇ” ਆਪਣੇ ਪੂਰੇ ਪਰਿਵਾਰ ਨਾਲ ਯਹੋਵਾਹ ਦੀ ਭਗਤੀ ਦੇ ਕੇਂਦਰ ਵਿਚ ਭੇਟ ਚੜ੍ਹਾਉਣ ਲਈ ਲਗਭਗ 30 ਕਿਲੋਮੀਟਰ ਪੈਦਲ ਤੁਰ ਕੇ ਜਾਂਦਾ ਹੁੰਦਾ ਸੀ। (ਕੂਚ 23:17; 1 ਸਮੂ. 1:3, 4, 9, 19; 2:19) ਇਸ ਤੋਂ ਜ਼ਾਹਰ ਹੈ ਕਿ ਇਸ ਪਰਿਵਾਰ ਦਾ ਮੁਖੀ ਚਾਹੁੰਦਾ ਸੀ ਕਿ ਉਸ ਦਾ ਸਾਰਾ ਪਰਿਵਾਰ ਅਧਿਆਤਮਿਕ ਕੰਮਾਂ ਲਈ ਗਹਿਰੀ ਸ਼ਰਧਾ ਰੱਖੇ।

26 ਹੰਨਾਹ ਵੀ ਆਪਣੇ ਪਤੀ ਵਾਂਗ ਸੱਚੀ ਭਗਤੀ ਲਈ ਗਹਿਰੀ ਸ਼ਰਧਾ ਰੱਖਦੀ ਸੀ। ਉਹ ਹੈਕਲ ਵਿਚ ਸੱਚੀ ਭਗਤੀ ਦੇ ਵਾਧੇ ਵਿਚ ਯੋਗਦਾਨ ਪਾਉਣ ਨੂੰ ਆਪਣਾ ਫ਼ਰਜ਼ ਸਮਝਦੀ ਸੀ। ਹੰਨਾਹ ਨੇ ਸੁੱਖਣਾ ਸੁੱਖੀ ਕਿ ਜੇ ਯਹੋਵਾਹ ਨੇ ਉਸ ਨੂੰ ਪੁੱਤਰ ਦਿੱਤਾ, ਤਾਂ ਉਹ ਉਸ ਨੂੰ ਹੈਕਲ ਵਿਚ ਸੇਵਾ ਲਈ ਅਰਪਣ ਕਰ ਦੇਵੇਗੀ। (1 ਸਮੂ. 1:11) ਮੂਸਾ ਦੀ ਬਿਵਸਥਾ ਵਿਚ ਪਤੀ ਨੂੰ ਇਹ ਹੱਕ ਸੀ ਕਿ ਉਹ ਆਪਣੀ ਪਤਨੀ ਦੀ ਅਨੁਚਿਤ ਸੁੱਖਣਾ ਨੂੰ ਰੱਦ ਕਰ ਸਕਦਾ ਸੀ। (ਗਿਣ. 30:6-8) ਪਰ ਅਲਕਾਨਾਹ ਨੇ ਹੰਨਾਹ ਦੀ ਸੁੱਖਣਾ ਦਾ ਸਮਰਥਨ ਕਰ ਕੇ ਦਿਖਾਇਆ ਕਿ ਉਹ ਵੀ ਸੱਚੀ ਭਗਤੀ ਦੇ ਇਸ ਪ੍ਰਗਟਾਵੇ ਨਾਲ ਸਹਿਮਤ ਸੀ!—1 ਸਮੂ. 1:22, 23.

27 ਕੀ ਸਮੂਏਲ ਉੱਤੇ ਉਸ ਦੇ ਮਾਪਿਆਂ ਦੀ ਕਦਰ ਅਤੇ ਵਧੀਆ ਰਵੱਈਏ ਦਾ ਚੰਗਾ ਅਸਰ ਪਿਆ ਸੀ? ਹਾਂ, ਜ਼ਰੂਰ। ਛੋਟੀ ਉਮਰ ਤੋਂ ਹੀ ਸਮੂਏਲ ਨੇ ਖ਼ੁਸ਼ੀ-ਖ਼ੁਸ਼ੀ ਹੈਕਲ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਫ਼ਾਦਾਰੀ ਨਾਲ ਨਿਭਾਇਆ ਅਤੇ ਇਸ ਸਿਖਲਾਈ ਨੇ ਭਵਿੱਖ ਵਿਚ ਇਕ ਨਬੀ ਦੇ ਤੌਰ ਤੇ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉਸ ਦੀ ਮਦਦ ਕੀਤੀ। ਸਮੂਏਲ ਦੁਆਰਾ ਹੈਕਲ ਵਿਚ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਬਾਅਦ ਵੀ ਅਲਕਾਨਾਹ ਤੇ ਹੰਨਾਹ ਸਮੂਏਲ ਦੀ ਸੇਵਾ ਵਿਚ ਦਿਲਚਸਪੀ ਲੈਂਦੇ ਰਹੇ। ਉਹ ਸਮੂਏਲ ਨੂੰ ਪੂਰੇ ਸਮੇਂ ਦੀ ਸੇਵਕਾਈ ਕਰਦੇ ਰਹਿਣ ਲਈ ਉਤਸ਼ਾਹ ਅਤੇ ਸਮਰਥਨ ਦੇਣ ਲਈ ਬਾਕਾਇਦਾ ਉਸ ਨੂੰ ਮਿਲਣ ਜਾਂਦੇ ਸਨ।—1 ਸਮੂ. 2:18, 19.

28 ਅਲਕਾਨਾਹ ਅਤੇ ਹੰਨਾਹ ਨੇ ਅੱਜ ਦੇ ਮਸੀਹੀ ਮਾਪਿਆਂ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਜਦੋਂ ਸਾਡੇ ਬੱਚੇ ਸਾਨੂੰ ਬੈਥਲ ਸੇਵਾ ਲਈ ਗਹਿਰੀ ਕਦਰ ਪ੍ਰਗਟਾਉਂਦੇ ਸੁਣਦੇ ਹਨ ਅਤੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਵਿਚ ਦਿਖਾਈ ਸਾਡੀ ਆਤਮ-ਬਲੀਦਾਨੀ ਭਾਵਨਾ ਦੇਖਦੇ ਹਨ, ਤਾਂ ਉਨ੍ਹਾਂ ਵਿਚ ਵੀ ਦੂਜਿਆਂ ਦੀ ਸੇਵਾ ਕਰਨ ਦੀ ਭਾਵਨਾ ਪੈਦਾ ਹੋਵੇਗੀ। ਬਹੁਤ ਸਾਰੇ ਮਾਪੇ ਕਾਮਯਾਬੀ ਨਾਲ ਆਪਣੇ ਬੱਚਿਆਂ ਵਿਚ ਇਹ ਚੰਗੀ ਭਾਵਨਾ ਪੈਦਾ ਕਰ ਰਹੇ ਹਨ। ਇਕ ਸੱਤ ਸਾਲ ਦੀ ਕੁੜੀ ਨੇ ਲਿਖਿਆ: “ਮੈਂ ਵੱਡੀ ਹੋ ਕੇ ਬੈਥਲ ਜਾਣਾ ਚਾਹੁੰਦੀ ਹਾਂ। ਮੈਂ ਉੱਥੇ ਜਾ ਕੇ ਇਹ ਕੰਮ ਕਰਨੇ ਚਾਹੁੰਦੀ ਹਾਂ। (1) ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੂੰ ਟਾਈਪ ਕਰਨਾ, (2) ਚਿੱਤਰਕਾਰੀ ਕਰਨੀ, (3) ਲਾਂਡਰੀ ਵਿਚ ਕੱਪੜਿਆਂ ਦੀਆਂ ਤਹਿਆਂ ਲਾਉਣੀਆਂ। ਜਿਹੜਾ ਮਰਜ਼ੀ ਕੰਮ ਹੋਵੇ, ਮੈਂ ਕਰਨ ਨੂੰ ਤਿਆਰ ਹਾਂ।” ਆਪਣੇ ਬੱਚਿਆਂ ਦੇ ਮਨਾਂ ਵਿਚ ਅਜਿਹੀ ਭਾਵਨਾ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ!

29 ਬੱਚਿਓ, ਯਾਦ ਰੱਖੋ ਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰ. 2:17) ਆਪਣੇ ਅਧਿਆਤਮਿਕ ਟੀਚਿਆਂ ਨੂੰ ਹਾਸਲ ਕਰਨ ਵਿਚ ਲੱਗੇ ਰਹੋ ਜਿਨ੍ਹਾਂ ਵਿਚ ਬੈਥਲ ਸੇਵਾ ਦਾ ਖ਼ਾਸ ਸਨਮਾਨ ਵੀ ਸ਼ਾਮਲ ਹੈ। ਮਾਪਿਓ, ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਲੋਕਾਂ ਦੀ ਮਿਸਾਲ ਦੀ ਰੀਸ ਕਰੋ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਭਗਤੀ ਕਰਨ ਦਾ ਉਤਸ਼ਾਹ ਦਿੱਤਾ ਸੀ। (2 ਪਤ. 3:11) ਆਓ ਆਪਾਂ ਸਾਰੇ ਆਪਣੇ ਮਹਾਨ ਸਿਰਜਣਹਾਰ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰਨ ਵਿਚ ਆਪਣੇ ਨੌਜਵਾਨ ਭੈਣ-ਭਰਾਵਾਂ ਦੀ ਮਦਦ ਕਰੀਏ ਕਿਉਂਕਿ “ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਹ ਦੇ ਨਾਲ ਹੈ।”—1 ਤਿਮੋ. 4:8; ਉਪ. 12:1.

[ਸਫ਼ੇ 4 ਉੱਤੇ ਡੱਬੀ]

ਬੈਥਲ ਸੇਵਾ ਲਈ ਜ਼ਰੂਰੀ ਮੰਗਾਂ

• ਬਪਤਿਸਮਾ ਲਏ ਘੱਟੋ-ਘੱਟ ਇਕ ਸਾਲ ਹੋਇਆ ਹੋਵੇ

• ਅਧਿਆਤਮਿਕ ਮਨ ਵਾਲਾ ਵਿਅਕਤੀ ਜੋ ਯਹੋਵਾਹ ਅਤੇ ਉਸ ਦੇ ਸੰਗਠਨ ਲਈ ਗਹਿਰਾ ਪਿਆਰ ਰੱਖਦਾ ਹੋਵੇ

• ਉਹ ਅਧਿਆਤਮਿਕ, ਮਾਨਸਿਕ, ਭਾਵਾਤਮਕ ਅਤੇ ਸਰੀਰਕ ਤੌਰ ਤੇ ਸਿਹਤਮੰਦ ਹੋਵੇ

• ਉਹ ਭਾਰਤ ਦਾ ਨਾਗਰਿਕ ਜਾਂ ਕਾਨੂੰਨੀ ਤੌਰ ਤੇ ਪੱਕਾ ਨਿਵਾਸੀ ਹੋਵੇ

• ਉਸ ਨੂੰ ਚੰਗੀ ਤਰ੍ਹਾਂ ਅੰਗ੍ਰੇਜ਼ੀ ਪੜ੍ਹਨੀ, ਲਿਖਣੀ ਅਤੇ ਬੋਲਣੀ ਆਉਂਦੀ ਹੋਵੇ

• ਉਮਰ 19-35 ਸਾਲ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ