ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਪਰਮੇਸ਼ੁਰ ਦਾ ਨਾਂ ਕੀ ਹੈ?
ਸਾਡੇ ਪਰਿਵਾਰ ਦੇ ਮੈਂਬਰਾਂ ਦੇ ਆਪੋ-ਆਪਣੇ ਨਾਂ ਹਨ, ਇੱਥੋਂ ਤਕ ਕਿ ਪਾਲਤੂ ਜਾਨਵਰਾਂ ਦੇ ਵੀ ਨਾਂ ਹਨ! ਤਾਂ ਫਿਰ ਕੀ ਇਹ ਸਹੀ ਨਹੀਂ ਹੋਵੇਗਾ ਕਿ ਪਰਮੇਸ਼ੁਰ ਦਾ ਵੀ ਇਕ ਨਾਂ ਹੋਵੇ? ਬਾਈਬਲ ਵਿਚ ਪਰਮੇਸ਼ੁਰ ਦੇ ਬਹੁਤ ਸਾਰੇ ਖ਼ਿਤਾਬ ਹਨ ਜਿਵੇਂ ਸਰਬਸ਼ਕਤੀਮਾਨ ਪਰਮੇਸ਼ੁਰ, ਪ੍ਰਭੂ ਅਤੇ ਕਰਤਾਰ, ਪਰ ਉਸ ਦਾ ਆਪਣਾ ਵੀ ਇਕ ਨਾਂ ਹੈ।—ਯਸਾਯਾਹ 42:8 ਪੜ੍ਹੋ।
ਬਾਈਬਲ ਦੇ ਕਈ ਅਨੁਵਾਦਾਂ ਵਿਚ ਜ਼ਬੂਰਾਂ ਦੀ ਪੋਥੀ 83:18 ਵਿਚ ਪਰਮੇਸ਼ੁਰ ਦਾ ਨਾਂ ਦਿੱਤਾ ਹੈ। ਮਿਸਾਲ ਲਈ, ਪੰਜਾਬੀ ਬਾਈਬਲ ਵਿਚ ਇਹ ਆਇਤ ਕਹਿੰਦੀ ਹੈ: ‘ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!’
ਸਾਨੂੰ ਪਰਮੇਸ਼ੁਰ ਦਾ ਨਾਂ ਕਿਉਂ ਲੈਣਾ ਚਾਹੀਦਾ ਹੈ?
ਅਸੀਂ ਆਪਣੇ ਅਜ਼ੀਜ਼ਾਂ ਜਿਵੇਂ ਆਪਣੇ ਕਰੀਬੀ ਦੋਸਤਾਂ ਨਾਲ ਗੱਲ ਕਰਦਿਆਂ ਉਨ੍ਹਾਂ ਦਾ ਨਾਂ ਲੈਂਦੇ ਹਾਂ
ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਲਈਏ। ਜਦੋਂ ਅਸੀਂ ਆਪਣੇ ਅਜ਼ੀਜ਼ਾਂ ਜਿਵੇਂ ਕਿ ਸਾਡੇ ਕਰੀਬੀ ਦੋਸਤਾਂ ਨਾਲ ਗੱਲ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦਾ ਨਾਂ ਲੈਂਦੇ ਹਾਂ ਜੇ ਉਹ ਚਾਹੁੰਦੇ ਹਨ। ਤਾਂ ਫਿਰ ਕੀ ਸਾਨੂੰ ਪਰਮੇਸ਼ੁਰ ਦਾ ਨਾਂ ਨਹੀਂ ਲੈਣਾ ਚਾਹੀਦਾ ਜਦੋਂ ਅਸੀਂ ਉਸ ਨਾਲ ਗੱਲ ਕਰਦੇ ਹਾਂ? ਇਸ ਤੋਂ ਇਲਾਵਾ, ਯਿਸੂ ਮਸੀਹ ਨੇ ਪਰਮੇਸ਼ੁਰ ਦਾ ਨਾਂ ਲੈਣ ਲਈ ਕਿਹਾ ਸੀ।—ਮੱਤੀ 6:9; ਯੂਹੰਨਾ 17:26 ਪੜ੍ਹੋ।
ਪਰ ਪਰਮੇਸ਼ੁਰ ਦੇ ਦੋਸਤ ਬਣਨ ਲਈ ਸਿਰਫ਼ ਉਸ ਦਾ ਨਾਂ ਜਾਣਨਾ ਕਾਫ਼ੀ ਨਹੀਂ, ਸਗੋਂ ਸਾਨੂੰ ਉਸ ਬਾਰੇ ਹੋਰ ਵੀ ਜਾਣਨ ਦੀ ਲੋੜ ਹੈ। ਮਿਸਾਲ ਲਈ, ਪਰਮੇਸ਼ੁਰ ਕਿਹੋ ਜਿਹਾ ਹੈ? ਕੀ ਅਸੀਂ ਸੱਚ-ਮੁੱਚ ਪਰਮੇਸ਼ੁਰ ਦੇ ਨਾਲ ਕਰੀਬੀ ਰਿਸ਼ਤਾ ਜੋੜ ਸਕਦੇ ਹਾਂ? ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਜਾਣ ਸਕਦੇ ਹੋ। (w13-E 01/01)